ਭਾਰਤ ਇਕ ਤਿਉਹਾਰ ਪ੍ਰਧਾਨ ਦੇਸ਼ ਹੈ ਅਤੇ ਦਿਵਾਲੀ ਇੱਥੇ ਮਨਾਏ ਜਾਣ ਵਾਲੇ ਸਮੂਹ ਤਿਉਹਾਰਾਂ ਵਿਚ ਖ਼ਾਸ ਅਹਿਮੀਅਤ ਰੱਖਣ ਵਾਲਾ ਇਕ ਅਜਿਹਾ ਤਿਉਹਾਰ ਹੈ। ਜਿਸ ਨੂੰ ਭਾਰਤ ਦੇ ਸਮੁੱਚੇ ਤਿਉਹਾਰਾਂ ਅੰਦਰ ਸ਼੍ਰੋਮਣੀ ਸਥਾਨ ਪ੍ਰਾਪਤ ਹੈ। ਇਹ ਉਨ੍ਹਾਂ ਕੁਝ 'ਕੁ ਚੋਣਵੇਂ ਤਿਉਹਾਰਾਂ ਵਿਚ ਸ਼ੁਮਾਰ ਹੈ, ਜਿਨ੍ਹਾਂ ਨੂੰ ਭਾਰਤ ਅੰਦਰ ਵੱਸਣ ਵਾਲੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਅਤੇ ਫ਼ਿਰਕਿਆਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਬੜੇ ਉਤਸ਼ਾਹ ਅਤੇ ਚਾਅ ਨਾਲ ਮਨਾਉਂਦੇ ਹਨ। ਹਰ ਉਮਰ ਦੇ ਇਨਸਾਨਾਂ ਅੰਦਰ ਇਸ ਤਿਉਹਾਰ ਲਈ ਵਿਸ਼ੇਸ਼ ਹੁਲਾਸ ਅਤੇ ਉਮਾਹ ਠਾਠਾਂ ਮਾਰਦੇ ਹਨ। ਲੋਕਾਂ ਅੰਦਰ ਕਈ-ਕਈ ਦਿਨ ਪਹਿਲਾਂ ਹੀ ਇਸ ਦਿਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਵੱਲ ਤੱਕਿਆਂ ਇਹ ਗੱਲ ਸਮਝਣੀ ਜਰਾ ਵੀ ਮੁਸ਼ਕਿਲ ਨਹੀਂ ਜਾਪਦੀ ਕੇ ਇਸ ਦਿਨ ਦੀ ਭਾਰਤੀ ਲੋਕ ਮਨਾਂ ਅੰਦਰ ਕਿੰਨੀ ਵੱਡੀ ਥਾਂ ਹੈ ਤੇ ਜਦ ਇਹ ਥਾਂ ਇਕ ਧਾਰਮਿਕ ਅਕੀਦੇ ਨਾਲ ਜੁੜ ਜਾਵੇ ਤਾਂ ਇਸ ਦੀ ਅਹਿਮੀਅਤ ਹੋਰ ਵੀ ਵਧੇਰੇ ਪ੍ਰਪੱਕਤਾ ਨੂੰ ਪ੍ਰਾਪਤ ਹੋ ਜਾਂਦੀ ਹੈ।
ਦਿਵਾਲੀ ਇਕ ਪ੍ਰਾਚੀਨ ਤਿਉਹਾਰ ਹੈ। ਭਾਰਤ ਅੰਦਰ ਪ੍ਰਾਪਤ ਹੋਣ ਵਾਲੇ ਲਗਭਗ ਹਰ ਇਕ ਧਰਮ ਅੰਦਰ ਇਸ ਤਿਉਹਾਰ ਨਾਲ ਜੁੜੀਆਂ ਹੋਈਆਂ ਆਪਣੀਆਂ ਰਵਾਇਤਾਂ ਅਤੇ ਯਾਦਗਾਰਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਰਵਾਇਤਾਂ ਵਿਚ ਜੋ ਰਵਾਇਤ ਸਭ ਤੋਂ ਵਧੇਰੇ ਚਰਚਿਤ ਅਤੇ ਪ੍ਰਸਿੱਧ ਹੈ, ਉਹ ਸਨਾਤਨ ਧਰਮ ਅੰਦਰ ਪ੍ਰਾਪਤ ਹੋਣ ਵਾਲੀ ਰਵਾਇਤ ਹੈ। ਜਿਸ ਦਾ ਸਿੱਧਾ ਸਬੰਧ ਹਿੰਦੂ ਮਨਾਂ ਅੰਦਰ ਵਿਸ਼ੇਸ ਸਤਿਕਾਰ ਪ੍ਰਾਪਤ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਦੀ ਇਕ ਪ੍ਰਮੁੱਖ ਨਾਲ ਜੋ ਘਟਨਾ ਨਾਲ ਜੋੜਿਆ ਜਾਂਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਅੰਦਰ ਇਸ ਤਿਉਹਾਰ ਦੀਆਂ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨਾਲ ਜੋੜਨ ਵਾਲੀਆਂ ਕਥਾਵਾਂ ਵੀ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਸ ਸਮੇਂ ਅਸੀਂ ਇਹਨਾਂ ਦੋਵਾਂ ਵਾਰਤਾਵਾਂ ਦੀ ਹੀ ਸੰਖੇਪ ਇਤਿਹਾਸਿਕ ਪੜਚੋਲ ਕਰਾਂਗੇ, ਤਾਂ ਜੋ ਇਨ੍ਹਾਂ ਨਾਲ ਸਬੰਧਿਤ ਕਥਾਵਾਂ ਦੇ ਅਸਲੇ ਬਾਰੇ ਪਾਠਕਾਂ ਨੂੰ ਜਾਣੂੰ ਕਰਵਾਇਆ ਜਾ ਸਕੇ।
ਵੈਦਿਕ ਧਰਮ ਅੰਦਰ ਦਿਵਾਲੀ
ਦਿਵਾਲੀ ਨਾਲ ਸਬੰਧਿਤ ਇਤਿਹਾਸ/ਮਿਥਿਹਾਸ ਦੀ ਪੁਣ-ਛਾਣ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਤਿਉਹਾਰ ਦੀ ਉਤਪਤੀ ਕਿਵੇਂ ਅਤੇ ਕਦੋਂ ਹੋਈ? ਇਸ ਸਬੰਧੀ ਸਾਨੂੰ ਕੋਈ ਇਤਿਹਾਸਿਕ ਪ੍ਰਮਾਣ ਪ੍ਰਾਪਤ ਨਹੀਂ ਹਨ। ਇਹ ਸਿਰਫ਼ ਇਕ ਮਿੱਥ ਹੀ ਹੈ ਕਿ ਦਿਵਾਲੀ ਅਯੁੱਧਿਆ ਦੇ ਰਾਜਾ ਰਾਮ ਚੰਦਰ ਜੀ ਦੁਆਰਾ ਲੰਕਾ ਦੇ ਰਾਜਾ ਰਾਵਣ ਨੂੰ ਮਾਰਨ ਉਪਰੰਤ ਅਯੁੱਧਿਆ ਮੁੜ ਪਰਤਣ ਦੀ ਖ਼ੁਸ਼ੀ ਦੇ ਸੰਦਰਭ ਵਿਚ ਮਨਾਇਆ ਜਾਂਦਾ ਹੈ। ਵਾਸਤਵ ਵਿਚ ਦਿਵਾਲੀ ਕਿਸੇ ਖ਼ਾਸ ਦਿਨ ਜਾਂ ਤਿੱਥ ਨੂੰ ਸਮਰਪਿਤ ਦਿਵਸ ਨਹੀਂ, ਸਗੋਂ ਸਮੇਂ ਦੇ ਇਕ ਲੰਮੇ ਗੇੜ ਅਤੇ ਵਿਕਾਸ ਦੇ ਫਲਸਰੂਪ ਸਾਡੇ ਸਾਹਮਣੇ ਆਇਆ ਤਿਉਹਾਰ ਹੈ। ਜਿਸ ਦੀ ਆਰੰਭਤਾ ਦੀ ਖੋਜ ਕਰਦਿਆਂ ਅਸੀਂ ਪ੍ਰਾਚੀਨ ਵੈਦਿਕ ਸਾਹਿੱਤ ਵਿਚ ਪ੍ਰਾਪਤ "ਗ੍ਰਹਿ ਸੂਤਰ ਸਾਹਿੱਤ" ਤੱਕ ਪਹੁੰਚ ਜਾਂਦੇ ਹਾਂ। ਇਸ ਗ੍ਰਹਿ ਸੂਤਰ ਸਾਹਿੱਤ ਦਾ ਸਿਰਜਣਾ ਕਾਲ ਇਤਿਹਾਸਕਾਰਾਂ ਨੇ ਈਸਾ ਪੂਰਵ ਅੱਠਵੀਂ ਸਦੀ ਤੋਂ ਲੈ ਕਿ 200 ਈਸਾ ਪੂਰਵ ਤੱਕ ਨਿਰਧਾਰਿਤ ਕੀਤਾ ਹੈ। ਇਸ ਸਾਹਿੱਤ ਦਾ ਅਧਿਐਨ ਕਰਨ ਉਪਰੰਤ ਸਮੁੱਚੇ ਵਿਦਵਾਨ ਜਿਸ ਇਕ ਗੱਲ ਨਾਲ ਸਰਬ ਸੰਮਤੀ ਰੱਖਦੇ ਹਨ, ਉਹ ਇਹ ਹੈ ਕਿ ਇਸ ਪੂਰੇ ਕਾਲ ਦੌਰਾਨ ਦਿਵਾਲੀ ਨਾਮ ਦਾ ਕੋਈ ਵੀ ਤਿਉਹਾਰ ਭਾਰਤ ਅੰਦਰ ਨਹੀਂ ਮਨਾਇਆ ਜਾਂਦਾ ਸੀ, ਸਗੋਂ ਜਿਸ ਦਿਨ ਅਰਥਾਤ ਕੱਤਕ ਦੀ ਮੱਸਿਆ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ, ਉਸ ਦਿਨ ਭਾਰਤ ਅੰਦਰ "ਨਵੀਂ ਫ਼ਸਲ ਦਾ ਯੱਗ", "ਨਵੇਂ ਅਨਾਜ ਦਾ ਯੱਗ" ਜਾਂ "ਨਵੇਂ ਚੌਲ ਦੇਵਤਿਆਂ ਨੂੰ ਦੇਣ ਦਾ ਯੱਗ" ਆਦਿ ਨਾਮ ਵਾਲਾ ਇਕ ਮੌਸਮੀ ਤਿਉਹਾਰ ਮਨਾਇਆ ਜਾਂਦਾ ਸੀ। ਜਿਸ ਦਾ ਵਾਸਤਵਿਕ ਨਾਮ ਸੰਸਕ੍ਰਿਤ ਦੇ ਗ੍ਰੰਥਾਂ ਅਨੁਸਾਰ "ਨਵਸ਼ੇਸ਼ਟਿ", "ਨਵਾਂਨੇਸ਼ਟਿ" ਜਾਂ "ਆਗ੍ਰਯਣਕਰਮ" ਸੀ। ਇਸ ਤਿਉਹਾਰ ਦੀ ਆਰੰਭਤਾ ਦਾ ਮਕਸਦ ਉਸ ਸਮੇਂ ਦੇ ਸਮਾਜ ਵਿਚ ਸਰਬੋਤਮ ਦਰਜਾ ਪ੍ਰਾਪਤ ਬ੍ਰਾਹਮਣ ਲੋਕਾਂ ਦੁਆਰਾ ਘਰ ਬੈਠਿਆਂ ਹੀ ਅਨਾਜ ਦੀ ਪ੍ਰਾਪਤੀ ਕਰਨਾ ਸੀ ਤਾਂ ਜੋ ਉਨ੍ਹਾਂ ਨੂੰ ਅਗਲੇਰੇ ਮਹੀਨਿਆਂ ਲਈ ਭੁੱਖ ਤੋਂ ਬਚਣ ਵਾਸਤੇ ਲੋੜੀਂਦਾ ਖਾਣ ਪਦਾਰਥ ਪ੍ਰਾਪਤ ਹੋ ਸਕੇ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਅੰਦਰ ਪ੍ਰਾਪਤ ਬ੍ਰਾਹਮਣਵਾਦੀ ਤਬਕਾ ਹਮੇਸ਼ਾ ਤੋਂ ਆਪਣੇ ਮੁਫ਼ਾਦਾਂ ਹਿਤ ਆਮ ਲੋਕਾਂ ਨੂੰ ਗੁਮਰਾਹ ਕਰਦੇ ਹੋਏ ਨਿੱਤ-ਨਵੇਂ ਢੰਗ ਤਰੀਕਿਆਂ ਰਾਹੀਂ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਆ ਰਿਹਾ ਹੈ। ਇਸ ਜ਼ਰੂਰਤ ਦੀ ਪੂਰਤੀ ਹਿਤ ਹੀ ਬ੍ਰਾਹਮਣਵਾਦ ਦੇ ਸਰਬੋਤਮ ਸਮਰਥਕ ਮਨੂੰ ਨੇ ਆਪਣੀ ਰਚਨਾ ਅੰਦਰ ਕਿਹਾ ਹੈ ਕਿ, "ਪਹਿਲਾਂ ਦੀ ਕਮਾਈ ਹੋਈ ਫ਼ਸਲ ਦੇ ਸਮਾਪਤ ਹੋਣ ਜਾਂ ਥੋੜ੍ਹਾ ਹਿੱਸਾ ਰਹਿਣ ਤੇ ਜਦੋਂ ਨਵੀਂ ਫ਼ਸਲ ਆਵੇ ਤਾਂ ਨਵਾਂਨੇਸ਼ਟਿ ਕੀਤੀ ਜਾਵੇ।" ਜਿਸ ਦਾ ਸਪਸ਼ਟ ਅਰਥ ਇਹ ਸੀ ਕਿ ਫ਼ਸਲ ਦਾ ਇਕ ਹਿੱਸਾ ਪੁਰੋਹਿਤਾਂ ਨੂੰ ਦਾਨ ਕੀਤਾ ਜਾਵੇ। ਵੈਦਿਕ ਧਰਮ ਅੰਦਰ ਪ੍ਰਾਪਤ ਇਸ ਗ੍ਰਹਿ ਸੂਤਰ ਸਾਹਿੱਤ ਵਿਚ ਕੱਤਕ ਦੀ ਮੱਸਿਆ ਵਾਲੇ ਦਿਨ ਚੌਲ ਜਾਂ ਦੁੱਧ ਨੂੰ ਪਕਾ ਕਿ ਹਵਨ ਕਰਨ ਦਾ ਇਕ ਪੁਰਾਤਨ ਨਿਯਮ ਵੀ ਸਾਨੂੰ ਪ੍ਰਾਪਤ ਹੁੰਦਾ ਹੈ। ਇਨ੍ਹਾਂ ਗ੍ਰਹਿ ਸੂਤਰਾਂ ਦੇ ਆਧਾਰ 'ਤੇ ਹੀ ਵੈਦਿਕ ਸਾਹਿੱਤ ਦੀ ਖੋਜ ਕਰਨ ਵਾਲੇ ਵਿਦਵਾਨਾਂ ਅਨੁਸਾਰ ਨਵਾਂਨੇਸ਼ਟਿ ਦਾ ਤਿਉਹਾਰ ਸਮਾਂ ਬੀਤਣ ਤੇ ਦਿਵਾਲੀ ਦੇ ਰੂਪ ਵਿਚ ਰੂਪਾਂਤਰਿਤ ਹੋ ਗਿਆ ਹੈ।
ਦਿਵਾਲੀ ਬਾਬਤ ਜੋ ਕਥਾ ਸਾਨੂੰ ਆਮ ਸੁਣਨ ਵਿਚ ਮਿਲਦੀ ਹੈ, ਉਹ ਇਹ ਹੈ ਕਿ ਇਸ ਦਿਨ ਅਯੁੱਧਿਆ ਦੇ ਰਾਜਾ ਰਾਮ ਚੰਦਰ ਜੀ ਲੰਕਾ ਦੇ ਰਾਜਾ ਰਾਵਣ ਨੂੰ ਮੌਤ ਦੇ ਘਾਟ ਉਤਾਰ ਕਿ ਵਾਪਸ ਅਯੁੱਧਿਆ ਪਰਤੇ ਸਨ।ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿਚ ਹੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅਸਲ ਵਿਚ ਇਹ ਸਮੁੱਚੀ ਕਹਾਣੀ ਸਿਰਫ਼ ਮਨਘੜਤ ਅਤੇ ਕਲਪਿਤ ਹੋਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਰਾਮ ਚੰਦਰ ਜੀ ਦੇ ਜੀਵਨ ਬਿਰਤਾਂਤ ਨੂੰ ਘੋਖਿਆਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਦਿਵਾਲੀ ਦਾ ਰਾਮ ਚੰਦਰ ਜੀ ਦੇ ਅਯੁੱਧਿਆ ਪਰਤਣ ਨਾਲ ਕੋਈ ਸਬੰਧ ਨਹੀਂ ਹੈ। ਵਾਲਮੀਕੀ ਰਾਮਾਇਣ ਅਨੁਸਾਰ ਰਾਮ ਚੰਦਰ ਜੀ ਦੇ ਅਯੁੱਧਿਆ ਪਰਤਣ 'ਤੇ ਅਯੁੱਧਿਆ ਵਾਸੀਆਂ ਨੇ ਕੋਈ ਖ਼ਾਸ ਸਵਾਗਤ ਨਹੀਂ ਕੀਤਾ ਸੀ। ਦੂਸਰੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਜਿਸ ਵਕਤ ਰਾਮ ਚੰਦਰ ਜੀ ਅਪਣਾ ਚੌਦਾਂ ਸਾਲਾਂ ਦਾ ਬਣਵਾਸ ਕੱਟ ਕਿ ਅਤੇ ਰਾਵਣ ਨੂੰ ਮਾਰਨ ਉਪਰੰਤ ਮੁੜ ਅਯੁੱਧਿਆ ਪਰਤੇ ਸਨ, ਉਸ ਦਿਨ ਜਾਂ ਰਾਤ ਨੂੰ ਅਯੁੱਧਿਆ ਵਾਸੀਆਂ ਨੇ ਨਾ ਤਾਂ ਕੋਈ ਦੀਪ ਜਲਾਏ ਸਨ ਅਤੇ ਨਾ ਹੀ ਕੋਈ ਹੋਰ ਉਚੇਚਾ ਪ੍ਰਬੰਧ ਜਾਂ ਸਵਾਗਤ ਕੀਤਾ ਸੀ। ਇਹ ਗੱਲ ਅਸੀਂ ਇਸ ਲਈ ਕਹਿ ਸਕਦੇ ਹਾਂ ਕਿ ਰਾਮਾਇਣ ਅੰਦਰ ਅਜਿਹਾ ਕੋਈ ਪ੍ਰਮਾਣ ਸਾਨੂੰ ਪ੍ਰਾਪਤ ਨਹੀਂ ਹੁੰਦਾ। ਦੂਸਰੀ ਗੱਲ ਰਾਮਾਇਣ ਅਨੁਸਾਰ ਰਾਮ ਚੰਦਰ ਜੀ ਰਾਵਣ ਨੂੰ ਮਾਰਨ ਉਪਰੰਤ ਜਲਦੀ ਹੀ ਅਯੁੱਧਿਆ ਪਰਤ ਆਏ ਸਨ ਤੇ ਵਿਦਵਾਨਾਂ ਅਨੁਸਾਰ ਰਾਵਣ ਦੀ ਮੌਤ ਫੱਗਣ ਜਾਂ ਵੈਸਾਖ ਦੇ ਮਹੀਨੇ ਹੋਈ ਸੀ। ਜਿਸ ਦਾ ਮਤਲਬ ਇਹ ਹੋਇਆ ਕਿ ਰਾਮ ਚੰਦਰ ਜੀ ਇਹਨਾਂ ਮਹੀਨਿਆਂ ਦੇ ਆਸ-ਪਾਸ ਹੀ ਅਯੁੱਧਿਆ ਪਰਤੇ ਸਨ, ਨਾ ਕਿ ਉਨ੍ਹਾਂ ਦਾ ਪੁਨਰ ਅਯੁੱਧਿਆ ਆਗਮਨ ਕੱਤਕ ਦੇ ਮਹੀਨੇ ਵਾਲੀ ਮੱਸਿਆ ਦੇ ਦਿਨ ਹੋਇਆ। ਰਾਮ ਚੰਦਰ ਜੀ ਦੇ ਜੀਵਨ ਦੀ ਇਹ ਘਟਨਾ ਕੱਤਕ ਦੀ ਮੱਸਿਆ ਵਾਲੇ ਦਿਨ ਨਾਲ ਬਹੁਤ ਸਮਾਂ ਬਾਅਦ ਵਿਚ ਜੋੜੀ ਗਈ ਨਜ਼ਰੀਂ ਪੈਂਦੀ ਹੈ।
ਸਮੇਂ ਦੇ ਗੇੜ ਨਾਲ ਦਿਵਾਲੀ ਦਾ ਸਬੰਧ ਅੰਨ ਤੋਂ ਸਫ਼ਰ ਕਰਦਾ ਹੋਇਆ ਧਨ ਤੱਕ ਪਹੁੰਚ ਜਾਂਦਾ ਹੈ। ਜਿਸ ਦੀ ਪ੍ਰਾਪਤੀ ਲਈ ਬ੍ਰਾਹਮਣ ਇਕ ਨਵੀਂ ਦੇਵੀ "ਲਕਸ਼ਮੀ" ਦੀ ਸਿਰਜਣਾ ਕਰਦਾ ਹੈ। ਇਹ ਦੇਵੀ ਲਕਸ਼ਮੀ, ਜਿਸ ਦੀ ਕਿ ਪੁਰਾਣ ਸਾਹਿੱਤ ਤੋਂ ਪਹਿਲਾਂ ਕੋਈ ਹੋਂਦ ਹੀ ਨਹੀਂ ਸੀ ਇਕ-ਦਮ ਪੁਰੋਹਿਤ ਵਰਗ ਲਈ ਧਨ ਮੁਹੱਈਆ ਕਰਾਉਣ ਵਾਲੇ ਸਾਧਨ ਦੇ ਰੂਪ ਵਿਚ ਉੱਭਰ ਆਉਂਦੀ ਹੈ। ਜਿਸ ਦੀ ਦਿਵਾਲੀ ਵਾਲੇ ਦਿਨ ਵਿਸ਼ੇਸ਼ ਪੂਜਾ ਕਰਨੀ ਇਸ ਤਿਉਹਾਰ ਦਾ ਮਹੱਤਵਪੂਰਨ ਅੰਗ ਬਣ ਜਾਂਦੀ ਹੈ। ਇਸ ਸਮੁੱਚੇ ਘਟਨਾਕ੍ਰਮ ਦਾ ਵਿਰੋਧਾਭਾਸ ਇਸ ਗੱਲ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਜਿਸ ਰਾਮ ਚੰਦਰ ਜੀ ਨਾਲ ਦਿਵਾਲੀ ਦਾ ਤਥਾ-ਕਥਿਤ ਸਬੰਧ ਜੋੜਿਆ ਜਾਂਦਾ ਹੈ, ਉਨ੍ਹਾਂ ਦੀ ਪੂਜਾ ਇਸ ਦਿਨ ਕੋਈ ਵੀ ਨਹੀਂ ਕਰਦਾ ਅਤੇ ਧਨ ਦੀ ਦੇਵੀ ਲਕਸ਼ਮੀ ਨੂੰ ਇਸ ਦਿਨ ਖ਼ਾਸ ਤਵੱਜੋਂ ਨਾਲ ਪੂਜਿਆ ਜਾਂਦਾ ਹੈ।
ਸਿੱਖ ਧਰਮ ਅੰਦਰ ਦਿਵਾਲੀ
ਦਿਵਾਲੀ ਦਾ ਤਿਉਹਾਰ ਸਿੱਖ ਧਰਮ ਅੰਦਰ ਵੀ ਖ਼ਾਸ ਉਤਸ਼ਾਹ ਅਤੇ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ। ਸਿੱਖ ਭਾਈਚਾਰੇ ਅੰਦਰ ਪ੍ਰਾਪਤ ਕਥਾਵਾਂ ਅਨੁਸਾਰ ਇਸ ਦਿਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲ ਸ਼ਹਿਨਸ਼ਾਹ ਜਹਾਂਗੀਰ ਦੀ ਕੈਦ ਕੱਟਣ ਤੋਂ ਬਾਅਦ ਬਵੰਜਾਂ ਰਾਜਿਆਂ ਨੂੰ ਰਿਹਾਅ ਕਰਵਾ ਕੇ ਵਾਪਸ ਇਸ ਦਿਨ ਅੰਮ੍ਰਿਤਸਰ ਸਾਹਿਬ ਪਰਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇਲਾਵਾ ਇਸ ਦਿਨ ਨੂੰ ਗੁਰੂ ਅਮਰਦਾਸ ਜੀ ਨਾਲ ਵੀ ਸਬੰਧਿਤ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਅੰਦਰ ਵੀ ਇਸ ਦਿਨ ਦੀ ਖ਼ਾਸ ਮਹੱਤਤਾ ਹੈ, ਕਿਉਂਕਿ ਇਸ ਦਿਨ ਹੀ ਸਮੁੱਚਾ ਸਿੱਖ ਭਾਈਚਾਰਾ ਦੂਰੋਂ-ਨੇੜਿਉਂ ਚੱਲ ਕਿ ਹਰ ਹਾਲਾਤ ਵਿਚ ਅੰਮ੍ਰਿਤਸਰ ਸਾਹਿਬ ਪੰਥਕ ਮੁੱਦਿਆਂ ਦੇ ਵਿਚਾਰ ਵਿਸ਼ਲੇਸ਼ਣ ਹਿਤ ਇਕੱਤਰ ਹੁੰਦਾ ਸੀ, ਪਰ ਇਸ ਸਭ ਦੇ ਬਾਵਜੂਦ ਇਸ ਤਿਉਹਾਰ ਦੀ ਵਧੇਰੇ ਮਾਨਤਾ ਸਿੱਖਾਂ ਅੰਦਰ ਸਿਰਫ਼ ਗੁਰੁੂ ਹਰਗੋਬਿੰਦ ਸਾਹਿਬ ਜੀ ਕਾਰਨ ਹੀ ਪ੍ਰਾਪਤ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵਾਲੀ ਇਹ ਕਹਾਣੀ ਕਿੰਨੀ 'ਕੁ ਸੱਚ ਹੈ ਇਸ ਸਬੰਧੀ ਸਿੱਖ ਇਤਿਹਾਸ ਪੂਰੀ ਤਰ੍ਹਾਂ ਇਕ ਮੱਤ ਨਹੀਂ ਹੈ। ਜੇਕਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਤੋਂ ਆਪਣੀ ਗੱਲ ਸ਼ੁਰੂ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਸਿੱਧ ਸਿੱਖ ਇਤਿਹਾਸਕਾਰ ਸ. ਕਿਰਪਾਲ ਸਿੰਘ ਅਤੇ ਸ. ਖੜਕ ਸਿੰਘ ਤੋਂ ਲਿਖਵਾਈ ਗਈ ਸਿੱਖ ਹਿਸਟਰੀ ਦੇ ਪੰਨਾ 175 ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ 28 ਨਵੰਬਰ 1619 ਲਿਖੀ ਹੈ। ਇਸ ਦੇ ਨਾਲ ਹੀ ਉਪਰੋਕਤ ਲੇਖਕ ਇਹ ਵੀ ਆਖਦੇ ਹਨ ਕੇ ਸ਼ਾਇਦ ਇਹ ਰਿਹਾਈ 28 ਜਨਵਰੀ 1620 ਨੂੰ ਦੇ ਦਿੱਤੀ ਗਈ ਹੋਵੇ। ਸ਼੍ਰੋਮਣੀ ਕਮੇਟੀ ਦੀ ਹੀ 'ਹਿਸਟਰੀ ਆਫ਼ ਦਾ ਸਿਖਸ' ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਪਰਤਣਾ 28 ਜਨਵਰੀ 1620 ਦੱਸਿਆ ਗਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ-ਬ੍ਰਿਤਾਂਤ ਨੂੰ ਵਰਣਨ ਕਰਨ ਦਾ ਠੋਸ ਆਧਾਰ ਦੱਸੀ ਜਾਂਦੀ ਵਿਵਾਦਿਤ ਪੁਸਤਕ "ਗੁਰਬਿਲਾਸ ਪਾਤਸ਼ਾਹੀ ਛੇਵੀਂ" ਤਾਂ ਇਸ ਬਾਬਤ ਚੁੱਪ ਹੀ ਹੈ ਕੇ ਗੁਰੂ ਸਾਹਿਬ ਕਿਸ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਵਾਲੀਅਰ ਦੀ ਕੈਦ ਤੋਂ ਵਾਪਸ ਪਰਤੇ ਸਨ ਅਤੇ ਉਨ੍ਹਾਂ ਦੇ ਅੰਮ੍ਰਿਤਸਰ ਸਾਹਿਬ ਆਉਣ 'ਤੇ ਸਿੱਖਾਂ ਨੇ ਉਨ੍ਹਾਂ ਦਾ ਸਵਾਗਤ ਕਿਸ ਤਰ੍ਹਾਂ ਅਤੇ ਕਿਹੜੇ ਤਰੀਕਿਆਂ ਰਾਹੀਂ ਕੀਤਾ ਸੀ। ਸਾਡੇ ਸਮਿਆਂ ਦੇ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਵੀ ਆਪਣੀ ਪੁਸਤਕ "ਅਕਾਲ ਤਖ਼ਤ ਸਾਹਿਬ" ਵਿਚ ਹਰਮਿੰਦਰ ਸਾਹਿਬ ਦੀ ਦੀਪਮਾਲਾ ਜਾਂ ਦਿਵਾਲੀ ਵਾਲੇ ਦਿਨ ਦਾ ਕੋਈ ਜ਼ਿਕਰ ਨਹੀਂ ਕੀਤਾਹੈ। ਸਿੱਖ ਵਿਦਵਾਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਇਤਿਹਾਸ ਲਿਖਣ ਵਾਲੇ "ਗੁਰੁ ਭਾਰੀ" ਦੇ ਕਰਤਾ ਪ੍ਰਿੰ. ਸਤਬੀਰ ਸਿੰਘ ਜੀ ਅਨੁਸਾਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਈ ਹੋਈ ਤਾਂ ਉਸ ਸਮੇਂ ਨਾ ਦਿਵਾਲੀ ਸੀ ਅਤੇ ਨਾ ਹੀ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਉਸ ਵਕਤ ਦਿਵਾਲੀ ਦਾ ਤਿਉਹਾਰ ਸੀ। ਇਸ ਦੇ ਨਾਲ ਇਹ ਵੀ ਇਕ ਦਿਲਚਸਪ ਤੱਥ ਹੈ ਕਿ "ਗੁਰਦੁਆਰਾ ਸ਼੍ਰੀ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ" ਜਿੱਥੇ ਗੁਰੂ ਸਾਹਿਬ ਬਾਦਸ਼ਾਹ ਜਹਾਂਗੀਰ ਦੀ ਕੈਦ ਅਧੀਨ ਰਹੇ ਸਨ, ਉੱਥੇ ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ਦਿਵਾਲੀ ਅਤੇ ਦੁਸ਼ਿਹਰੇ ਤੋਂ ਪਹਿਲਾਂ ਮਨਾਈ ਜਾਂਦੀ ਹੈ। ਇਨ੍ਹਾਂ ਸਾਰੀਆਂ ਗਵਾਹੀਆਂ ਦੇ ਆਧਾਰ 'ਤੇ ਅਸੀਂ ਆਖ ਸਕਦੇ ਹਾਂ ਕਿ ਦਿਵਾਲੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਨਾਲ ਸਬੰਧਿਤ ਕਰਦੇ ਹੋਏ ਇਸ ਨੂੰ "ਬੰਦੀ ਛੋੜ ਦਿਵਸ" ਦੇ ਰੂਪ ਵਿਚ ਕੱਤਕ ਦੀ ਮੱਸਿਆ ਵਾਲੇ ਦਿਨ ਮਨਾਉਣਾ ਬਿਲਕੁਲ ਉਸੀ ਪ੍ਰਕਾਰ ਦੀ ਅਗਿਆਨਤਾ ਦਾ ਪ੍ਰਤੀਕ ਹੈ, ਜਿਸ ਤਰ੍ਹਾਂ ਦੀ ਅਗਿਆਨਤਾ ਵੈਦਿਕ ਧਰਮ ਦੇ ਅਨੁਆਈਆਂ ਅੰਦਰ ਅਪਣਾ ਘਰ ਕਰ ਬੈਠੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਇਸ ਇਤਿਹਾਸਿਕ ਘਟਨਾ ਦੀ ਆਪਣੀ ਅਹਿਮੀਅਤ ਹੈ, ਪਰ ਇਹ ਆਖਣਾ ਕਿ ਦਿਵਾਲੀ ਵਾਲੇ ਦਿਨ ਹੀ ਗੁਰੂ ਸਾਹਿਬ ਵਾਪਸ ਅੰਮ੍ਰਿਤਸਰ ਸਾਹਿਬ ਪਰਤੇ ਸਨ, ਆਪਣੇ ਇਤਿਹਾਸ ਤੋਂ ਅਗਿਆਨਤਾ ਦੀ ਨਿਸ਼ਾਨੀ ਸਾਬਿਤ ਹੁੰਦਾ ਹੈ। ਜੇਕਰ ਅਸੀਂ ਇਕ ਪਲ ਲਈ ਇਹ ਸਵੀਕਾਰ ਵੀ ਕਰ ਲਈਏ ਕਿ ਇਸ ਦਿਨ ਹੀ ਗੁਰੂ ਸਾਹਿਬ ਰਿਹਾਅ ਹੋ ਕਿ ਅੰਮ੍ਰਿਤਸਰ ਸਾਹਿਬ ਪਰਤੇ ਸਨ ਤਾਂ ਵੀ ਇਸ ਦਿਨ ਨੂੰ ਸਿੱਖਾਂ ਵੱਲੋਂ ਏਨੇ ਵੱਡੇ ਪੱਧਰ 'ਤੇ ਮਨਾਉਣਾ ਕੋਈ ਤਰਕ-ਪੂਰਨ ਗੱਲ ਨਹੀਂ ਜਾਪਦੀ, ਕਿਉਂ ਕਿ ਗੁਰੂ ਸਾਹਿਬ ਦਾ ਰਿਹਾਅ ਹੋਣਾ ਇਕ ਸਵਾਗਤ ਯੋਗ ਘਟਨਾ ਜ਼ਰੂਰ ਸੀ, ਪਰ ਇਹ ਸਿੱਖ ਇਤਿਹਾਸ ਦੀ ਸਰਬੋਤਮ ਘਟਨਾ ਨਹੀਂ ਸੀ। ਜਿਸ ਨੂੰ ਸਿੱਖ ਸਭ ਤੋਂ ਵਡੇਰੇ ਦਿਨ ਦੇ ਰੂਪ ਵਿਚ ਮਨਾਉਂਦੇ ਹੋਏ ਆਪਣੀਆਂ ਖ਼ੁਸ਼ੀਆਂ ਦਾ ਪ੍ਰਗਟਾਵਾ ਕਰ ਸਕਣ। ਦਰਅਸਲ ਬੰਦੀ ਛੋੜ ਦਿਵਸ ਨੂੰ ਦਿਵਾਲੀ ਵਾਲੇ ਦਿਨ ਨਾਲ ਅੰਤਰ-ਸਬੰਧਿਤ ਕਰਨ ਦੀ ਗੱਲ ਸਿੱਖਾਂ ਦੇ ਬੌਧਿਕ ਦਿਵਾਲੀਆਪਣ ਅਤੇ ਆਪਣੇ ਸਿਧਾਂਤਾਂ ਤੋਂ ਅਨਜਾਣੇ ਹੋਣ ਦੀਆਂ ਸ਼ਾਹਦੀਆਂ ਦੀ ਨਿਸ਼ਾਨੀ ਹੈ।
ਇਸ ਤੋਂ ਇਲਾਵਾ ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਸਿੱਖ ਸੰਗਤਾਂ ਨੂੰ ਦਿਵਾਲੀ ਦਾ ਤਿਉਹਾਰ ਮਨਾਉਣ ਦੀ ਤਾਕੀਦ ਗੁਰੂ ਪਰਿਵਾਰ ਦੇ ਅਤਿ ਕਰੀਬੀ ਅਤੇ ਮਹਾਨ ਗੁਰਬਾਣੀ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕੀਤੀ ਹੈ। ਅਜਿਹੇ ਵਿਚਾਰਾਂ ਦੇ ਹਮਾਇਤੀਆਂ ਮੁਤਾਬਿਕ ਆਪ ਜੀ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ:
ਦਿਵਾਲੀ ਕੀ ਰਾਤ ਦੀਵੇ ਬਾਲੀਅਨਿ॥
ਭਾਈ ਗੁਰਦਾਸ ਜੀ ਨੇ ਇਸ ਪੰਕਤੀ ਦੀ ਸਿਰਜਣਾ ਕਿਉਂ ਅਤੇ ਕਿਹੜੇ ਪ੍ਰਸੰਗਾਂ ਅਧੀਨ ਕੀਤੀ ਸੀ? ਇਸ ਲਈ ਲਾਜ਼ਮੀ ਬਣ ਜਾਂਦਾ ਹੈ ਕਿ ਅਸੀਂ ਇਸ ਵਾਰ ਦੇ ਸਮੁੱਚੇ ਪ੍ਰਸੰਗ ਨੂੰ ਵੇਖੀਏ ਤਾਂ ਜੋ ਇਹ ਸਮਝਣ ਵਿਚ ਆਸਾਨੀ ਪ੍ਰਾਪਤ ਹੋ ਸਕੇ ਕਿ ਭਾਈ ਸਾਹਿਬ ਅਸਲ ਵਿਚ ਕਹਿਣਾ ਕੀ ਚਾਹੁੰਦੇ ਹਨ । ਆਪ ਜੀ ਆਖਦੇ ਹਨ:
ਦਿਵਾਲੀ ਕੀ ਰਾਤ ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਫੂਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਤੀਰਥਿ ਜਾਤੀ ਜਾਤਿ ਨੈਣਿ ਨਿਹਾਲੀਅਨਿ॥
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮਾਲੀਅਨਿ॥
ਇਸ ਸ਼ਬਦ ਦੇ ਅਰਥ ਕਰਦਿਆਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਖਦੇ ਹਨ- ਦਿਵਾਲੀ ਦੀ ਰਾਤ ਨੂੰ (ਘਰੋ-ਘਰੀਂ) ਦੀਵੇ ਬਾਲੀਂਦੇੇ ਹਨ (ਥੋੜ੍ਹੇ ਚਿਰ ਮਗਰੋਂ ਇਹ ਦੀਪਮਾਲਾ ਗੁੰਮ ਹੋ ਜਾਂਦੀ ਹੈ)। ਰਾਤ ਨੂੰ ਤਾਰੇ ਵੱਡੇ ਛੋਟੇ ਆਕਾਸ਼ ਵਿਚ ਚਮਕਦੇ ਹਨ (ਦਿਨੇ ਉਨ੍ਹਾਂ ਦਾ ਖੁਰਾ ਖੋਜ ਨਹੀਂ ਦਿਸਦਾ)।ਫੁੱਲਾਂ ਦੀਆਂ ਬਗੀਚੀਆਂ (ਕੁੱਝ ਚਿਰ ਅਚਰਜ ਖਿੜਦੀਆਂ ਹਨ, ਪਰ ਝੱਟ ਹੀ ਉਨ੍ਹਾਂ ਚੋਂ) ਫੁੱਲ ਚੁਣ ਚੁਣ ਕਿ ਤੋੜ ਲਏ ਜਾਂਦੇ ਹਨ।ਯਾਤਰੀ ਤੀਰਥਾਂ ਪੁਰ ਜਾਂਦੇ (ਬੜੇ ਟੋਲਿਆਂ ਵਿਚ) ਅੱਖੀਂ ਦੇਖੀਦੇ ਹਨ, (ਪਰ ਛੇਤੀ ਹੀ ਤੀਰਥਾਂ ਪੁਰ ਉਨ੍ਹਾਂ ਦਾ ਮੁਸ਼ਕ ਨਹੀਂ ਰਹਿੰਦਾ)।ਹਰੀ ਚੰਦਉਰੀ ਦੇ (ਨਗਰ) ਦਿਖਲਾਵੇ ਮਾਤਰ ਦਿਖਾ ਕਿ (ਆਪ ਹੀ) ਉਜਾੜੀਦੇਂ ਹਨ।ਗੁਰਮੁਖਾਂ ਨੂੰ (ਆਤਮਨੰਤ ਰੂਪੀ) ਸੁਖ ਫਲ ਦੀ ਦਾਤ ਹੋਈ ਹੈ, (ਕਿਉਂ ਜੋ ਉਹ ਗੁਰੂ ਦੇ) ਸ਼ਬਦ ਨੂੰ ਯਾਦ ਕਰਦੇ ਹਨ।
ਇਸ ਸਮੁੱਚੇ ਅਰਥ ਦੇ ਭਾਵ ਕਰਦਿਆਂ ਆਪ ਜੀ ਆਖਦੇ ਹਨ, "ਗੁਰਮੁਖ ਲੋਕ ਦਿਵਾਲੀ ਦੀ ਰਾਤ ਦੀ ਖ਼ੁਸ਼ੀ, ਤਾਰੇ, ਫੁੱਲ ਅਰ ਤੀਰਥ ਦੇ ਮੇਲਿਆਂ ਵਾਂਗੂੰ ਜਗਤ ਨੂੰ ਅਲਪ ਕਾਲ ਦੀ ਖ਼ੁਸ਼ੀ ਮੰਨ ਕਿ ਚਿੱਤ ਕਰ ਕੇ ਉਪਰਾਮ ਰਹਿੰਦੇ ਅਰ ਗੁਰੂ ਜੀ ਦੇ ਸ਼ਬਦਾਂ ਸਿਮਰਨ ਕਰਦੇ ਰਹਿੰਦੇ ਹਨ।"ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਸ਼ਬਦ ਦਾ ਅਰਥ ਕਰਨ ਤੋਂ ਪਹਿਲਾਂ ਭਾਈ ਸਾਹਿਬ ਨੇ ਇਸ ਸ਼ਬਦ ਦੇ ਉੱਪਰ ਸਿਰਲੇਖ 'ਚੱਲਣ ਜੁਗਤ' ਦਿੱਤਾ ਹੈ, ਜਿਹੜਾ ਸਪਸ਼ਟ ਕਰਦਾ ਹੈ ਕਿ ਇਸ ਸ਼ਬਦ ਵਿਚ ਭਾਈ ਗੁਰਦਾਸ ਜੀ ਇਕ ਜੀਵਨ ਜਾਚ ਦੀ ਗੱਲ ਕਰ ਰਹੇ ਹਨ ਨਾ ਕਿ ਸਿੱਖਾਂ ਨੂੰ ਦਿਵਾਲੀ ਵਾਲੇ ਦਿਨ ਦੀਵੇ ਬਾਲਣ ਦੀ ਤਾਕੀਦ ਕਰਦੇ ਹਨ।"
ਇਸ ਸ਼ਬਦ ਦੇ ਸਾਰੇ ਅਰਥ ਪੜ੍ਹਨ ਉਪਰੰਤ ਪਤਾ ਲੱਗਦਾ ਹੈ ਕੇ ਦਿਵਾਲੀ ਵਾਲੀ ਰਾਤ ਦਾ ਸਿੱਖ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ,ਸਗੋਂ ਭਾਈ ਗੁਰਦਾਸ ਜੀ ਨੇ ਤਾਂ ਦਿਵਾਲੀ ਨੂੰ "ਹਰਚੰਦਉਰੀ" ਕਹਿ ਕਿ ਸੰਬੋਧਿਤ ਕੀਤਾ ਹੈ।ਇਹਨਾਂ ਪੰਗਤੀਆਂ ਵਿਚ ਭਾਈ ਸਾਹਿਬ ਜੀ ਨੇ ਮਨੁੱਖ ਨੂੰ ਦਿਵਾਲੀ ਦੇ ਦ੍ਰਿਸ਼ਟਾਂਤ ਰਾਹੀਂ ਸਮਝਾ ਕਿ ਫੋਕਟ ਕਰਮਾਂ ਤੋਂ ਹਟਾਉਂਦੇ ਹੋਏ ਗੁਰਮੁਖ ਜੀਵਨ ਜਿਊਣ ਵੱਲ ਪ੍ਰੇਰਿਤ ਕੀਤਾ ਹੈ, ਪਰ ਕਿੰਨੀ ਵੱਡੀ ਮੂਰਖਤਾ ਦੀ ਗੱਲ ਹੈ ਕਿ ਅਸੀਂ ਸਮੁੱਚੇ ਸ਼ਬਦ ਦਾ ਭਾਵ ਅਰਥ ਸਮਝਣ ਦੀ ਥਾਂ ਤੇ ਆਪਣੇ ਮਤਲਬਾਂ ਅਨੁਸਾਰ ਅਰਥ ਦੇ ਅਨਰਥ ਕਰਦੇ ਹੋਏ ਇਕ ਦੁਨਿਆਵੀ ਤਿਉਹਾਰ ਨੂੰ ਮਨਾਉਣ ਵੱਲ ਖ਼ੁਦ ਨੂੰ ਖੋਭ ਦਿੱਤਾ ਹੈ ਅਤੇ ਇਹ ਬਿਲਕੁਲ ਭੁੱਲ ਚੁੱਕੇ ਹਾਂ ਕਿ ਜਿਸ ਸ਼ਬਦ ਦੀ ਵਰਤੋਂ ਸਿਰਫ਼ ਜਨ ਸਾਧਾਰਨ ਨੂੰ ਸਮਝਾਉਣ ਹਿਤ ਕੀਤੀ ਗਈ ਸੀ, ਉਸ ਦਾ ਇਸ ਤਿਉਹਾਰ ਨਾਲ ਅਸਲ ਵਿਚ ਕੋਈ ਸਬੰਧ ਹੀ ਨਹੀਂ ਹੈ।
ਜੇਕਰ ਉਪਰੋਕਤ ਗੱਲਾਂ ਪੂਰੀ ਤਰ੍ਹਾਂ ਸਹੀ ਹਨ ਤਾਂ ਸਾਡੇ ਮਨ ਵਿਚ ਇਹ ਸਵਾਲ ਵੀ ਉਤਪੰਨ ਹੋ ਸਕਦਾ ਹੈ ਕਿ ਫਿਰ ਸਿੱਖ ਦਿਵਾਲੀ ਵਾਲੇ ਦਿਨ ਦੀਪਮਾਲਾ ਕਿਉਂ ਕਰਨ ਲੱਗ ਪਏ ਹਨ?ਇਸ ਸਬੰਧੀ ਇਤਿਹਾਸ ਸਾਨੂੰ ਦੱਸਦਾ ਹੈ ਕਿ ਮੁਗ਼ਲ ਸ਼ਹਿਨਸ਼ਾਹ ਬਾਦਸ਼ਾਹ ਜਹਾਂਗੀਰ ਜਿਨ੍ਹਾਂ ਦਿਨਾਂ ਦੌਰਾਨ ਦਿਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਸੀ, ਉਨ੍ਹਾਂ ਦਿਨਾਂ ਦੌਰਾਨ ਹੀ ਪੰਜਾਬ ਦੇ ਦੌਰੇ 'ਤੇ ਆਇਆ ਸੀ।ਬਾਦਸ਼ਾਹ ਦੇ ਪੰਜਾਬ ਆਉਣ ਦਾ ਇਹ ਸਾਲ ਵਿਦਵਾਨਾਂ ਨੇ 1619 ਈਸਵੀ ਸਵੀਕਾਰ ਕੀਤਾ ਹੈ।ਇਸ ਸਮੇਂ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਹਿਬ ਵੱਸ ਰਹੇ ਸਨ, ਪਰ ਕੁੱਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਜਿਸ ਸਮੇਂ ਬਾਦਸ਼ਾਹ ਪੰਜਾਬ ਦੇ ਦੌਰੇ ਤੇ ਆਇਆ ਉਹ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੀ ਕੈਦ ਵਿਚੋਂ ਰਿਹਾਅ ਕਰ ਕਿ ਆਪਣੇ ਨਾਲ ਲੈ ਕਿ ਆਇਆ ਸੀ, ਜਿਹੜਾ ਕਿ ਇਕ ਦੋਸ਼ ਪੂਰਨ ਤੱਥ ਹੈ।ਜਹਾਂਗੀਰ ਦੇ ਪੰਜਾਬ ਆਉਣ ਦੀ ਖ਼ੁਸ਼ੀ ਵਿਚ ਹੀ ਉਸ ਦੇ ਖ਼ਾਸਮ-ਖ਼ਾਸ ਇਤਮਾਦ-ਉਦ-ਦਉਲਾ ਨੇ ਪੰਜਾਬ ਦੇ ਹਰ ਇਕ ਪਿੰਡ, ਸ਼ਹਿਰ, ਗਲੀ-ਮੁਹੱਲੇ ਆਦਿ ਨੂੰ ਦੁਲਹਨ ਵਾਂਗ ਸਜਾ ਦਿੱਤਾ ਸੀ।ਜਿਸ ਕਾਰਜ ਲਈ ਉਸ ਨੇ ਮਾਹਿਰ ਕਲਾਕਾਰਾਂ ਨੂੰ ਯੂਰਪ ਤੋਂ ਵਿਸ਼ੇਸ਼ ਤੌਰ ਤੇ ਮੰਗਵਾਇਆ ਸੀ।ਉਨ੍ਹਾਂ ਸਮਿਆਂ ਦੌਰਾਨ ਇਤਮਾਦ-ਉਦ-ਦਉਲਾ ਨੇ ਇਸ ਸਮੁੱਚੀ ਸਜਾਵਟ ਅਤੇ ਕਾਰਜ ਵਿਹਾਰ ਲਈ ਸਾਢੇ ਚਾਰ ਲੱਖ ਰੁਪਏ ਦੇ ਕਰੀਬ ਦਾ ਖਰਚਾ ਕੀਤਾ ਸੀ।ਸਿੱਖ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਅਦਭੁਤ ਸਜਾਵਟ ਤੋਂ ਪ੍ਰਭਾਵਿਤ ਅਤੇ ਉਤਸ਼ਾਹਿਤ ਹੋ ਕਿ ਹੀ ਪੰਜਾਬ ਵਿਚ ਇਹ ਤਿਉਹਾਰ ਮਨਾਇਆ ਜਾਣ ਲੱਗਾ।
ਸੰਖੇਪ ਵਿਚ ਅਸੀਂ ਆਖ ਸਕਦੇ ਹਾਂ ਕਿ ਦਿਵਾਲੀ ਸਿਰਫ਼ ਇਕ ਮੌਸਮੀ ਤਿਉਹਾਰ ਹੈ। ਜਿਸ ਅੰਦਰ ਸਮੇਂ ਦੇ ਵੱਖ-ਵੱਖ ਪੜਾਵਾਂ 'ਤੇ ਵੱਖਰੀਆਂ-ਵੱਖਰੀਆਂ ਕਥਾ-ਕਹਾਣੀਆਂ, ਮਿੱਥਾਂ-ਰਵਾਇਤਾਂ ਆਦਿ ਸ਼ਾਮਿਲ ਹੁੰਦੀਆਂ ਰਹੀਆਂ ਹਨ, ਪਰ ਇਹ ਵੀ ਇਕ ਇਤਿਹਾਸਿਕ ਤੱਥ ਹੈ ਕਿ ਜਿਨ੍ਹਾਂ ਕਥਾ ਕਹਾਣੀਆਂ ਕਾਰਨ ਅਸੀਂ ਵਰਤਮਾਨ ਸਮਿਆਂ ਅੰਦਰ ਇਸ ਤਿਉਹਾਰ ਨੂੰ ਮਨਾਉਂਦੇ ਹਾਂ ਉਨ੍ਹਾਂ ਦੀ ਇਤਿਹਾਸਿਕ ਤੰਦ ਕਿਸੇ ਵੀ ਤਰ੍ਹਾਂ ਇਸ ਤਿਉਹਾਰ ਨਾਲ ਨਹੀਂ ਜੁੜਦੀ, ਸਗੋਂ ਅਜਿਹਾ ਕਰਨਾ ਸਾਡੀ ਅਲਪ ਬੁੱਧੀ ਅਤੇ ਇਤਿਹਾਸਿਕ ਸੋਝੀ ਤੋਂ ਅਗਿਆਨਤਾ ਦਾ ਪ੍ਰਤੀਕ ਬਣ ਜਾਂਦਾ ਹੈ। ਜਿਸ ਦਾ ਸਿੱਧਾ ਫ਼ਾਇਦਾ ਵਰਤਮਾਨ ਸਮਿਆਂ ਵਿਚ ਉਪਭੋਗੀ ਸਭਿਆਚਾਰ ਕਾਰਨ ਪਸਰੇ ਪੂੰਜੀਵਾਦ ਪ੍ਰਬੰਧਾਂ ਨੂੰ ਜਾ ਪਹੁੰਚਦਾ ਹੈ।
ਪਰਮਿੰਦਰ ਸਿੰਘ ਸ਼ੌਂਕੀ,
ਮੋ. 94643-46677