Showing posts with label ਵਿਗਿਆਨ-ਚਿੰਤਨ. Show all posts
Showing posts with label ਵਿਗਿਆਨ-ਚਿੰਤਨ. Show all posts

Sunday, August 5, 2018

ਸਟਰਿੰਗ ਥਿਊਰੀ ਅਤੇ 0.ਫੀਲਡ ਦੀ ਗਾਥਾ




ਸ਼ਾਇਦ ਮਨੁੱਖ ਅੰਦਰ ਜਦੋਂ ਤੋਂ ਚੇਤਨਾ ਦਾ ਵਿਕਾਸ ਹੋਇਆ ਹੈ, ਉਸ ਸਮੇਂ ਤੋਂ ਹੀ ਇਹ ਇਸ ਸਵਾਲ ਦਾ ਉੱਤਰ ਲੱਭਣ ਦੀ ਕੋਸ਼ਿਸ਼ ਵਿਚ ਹੈ ਕਿ ਉਹ ਕੌਣ ਹੈ? ਕਿੱਥੋਂ ਆਇਆ ਹੈ? ਉਸ ਦੇ ਆਉਣ ਦਾ ਮਕਸਦ ਕੀ ਹੈ? ਇਸ ਦਿਖਾਈ ਦੇ ਰਹੇ ਪਾਸਾਰੇ ਨਾਲ ਉਸ ਦਾ ਕੀ ਸਬੰਧ ਹੈ? ਤੇ ਸਭ ਤੋਂ ਵੱਡੀ ਗੱਲ ਇਸ ਪਾਸਾਰੇ ਨੂੰ ਸਮਝਿਆ ਕਿਸ ਪ੍ਰਕਾਰ ਜਾ ਸਕਦਾ ਹੈ? ਕਿਉਂਕਿ ਜਿਵੇਂਕਿ ਅਸੀਂ ਜਾਣਦੇ ਹਾਂ, ਇਸ ਪਾਸਾਰੇ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਸਾਇੰਸ ਦੀ ਦਿਨੋਂ-ਦਿਨ ਵੱਧ ਰਹੀ ਤਰੱਕੀ ਦਾ ਬਾਵਜੂਦ ਵੀ ਅਸੀਂ ਅਜੇ ਤੱਕ ਇਹ ਨਿਰਧਾਰਿਤ ਨਹੀਂ ਕਰ ਪਾਏ ਹਾਂ ਕਿ ਇਸ ਬ੍ਰਹਿਮੰਡ ਅੰਦਰ ਅਸੀਂ ਕਿੱਥੇ ’ਕੁ ਖਲੋਤੇ ਹਾਂ. ਜਾਂ ਕੀ ਇਸ ਖਲੋਤ ਅੰਦਰ ਅਸੀਂ ਇਕੱਲੇ ਹੀ ਹਾਂ? ਜੇਕਰ ਹਾਂ, ਤਾਂ ਇਸ ਪਾਸਾਰੇ ਦਾ ਸਾਡੀ ਹੋਂਦ ਤੋਂ ਬਗ਼ੈਰ ਮਤਲਬ ਕੀ ਹੈ? ਤੇ ਜੇਕਰ ਨਹੀਂ, ਤਾਂ ਹੋਰ ਕੌਣ ਹੈ, ਜੋ ਸਾਡੇ ਸਮਾਨ ਹੀ ਇਸ ਬ੍ਰਹਿੰਮਡ ਅੰਦਰ ਵੱਸ ਰਿਹਾ ਹੈ?

ਹਾਂਲਾਕਿ ਓਪਰੀ ਨਜ਼ਰੇ ਇਹ ਧਾਰਮਿਕ ਜਾਂ ਦਾਰਸ਼ਨਿਕ ਕਿਸਮ ਦੇ ਸਵਾਲ ਹਨ, ਪਰ ਆਧੁਨਿਕ ਸਾਇੰਸ ਲਗਾਤਾਰ ਇਨ੍ਹਾਂ ਦਾ ਉੱਤਰ ਲੱਭਣ ਲਈ ਯਤਨਸ਼ੀਲ ਹੈ। ਅਲਬਰਟ ਆਈਨਸਟਾਈਨ ਦੁਆਰਾ ਪ੍ਰਤਿਪਾਦਿਤ ਸਾਪੇਖਤਾ ਦਾ ਸਿਧਾਂਤ ਅਤੇ ਕੁਆਂਟਮ ਥਿਊਰੀ ਇਨ੍ਹਾਂ ਸਵਾਲਾਂ ਨੂੰ ਹੱਲ ਕਰਨ ਲਈ ਇਕ ਠੋਸ ਔਜ਼ਾਰ ਵਜੋਂ ਅਜੇ ਤੱਕ ਸਾਡੇ ਸਾਹਮਣੇ ਸਨ, ਪਰ ਸਾਇੰਸਦਾਨਾਂ ਨੂੰ ਇਨ੍ਹਾਂ ਦੋਵਾਂ ਆਧੁਨਿਕ ਥਿਊਰੀਆਂ ਦੇ ਰਾਹੀਂ ਉਹ ਉੱਤਰ ਨਾ ਪ੍ਰਾਪਤ ਹੋ ਸਕੇ, ਜਿਨ੍ਹਾਂ ਦੀ ਉਹ ਤਾਲਾਸ਼ ਕਰ ਰਹੇ ਸਨ, ਭਾਵੇਂਕਿ ਇਨ੍ਹਾਂ ਥਿਊਰੀਆਂ ਨੇ ਉਨ੍ਹਾਂ ਦੇ ਕਈ ਸਾਰੇ ਸਵਾਲਾਂ ਨੂੰ ਹੱਲ ਕਰਨ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ, ਪਰ ਫਿਰ ਵੀ ਵਿਗਿਆਨੀਆਂ ਦੀ ਇਕ ਦਿਲੀ ਤਾਂਘ ਸੀ ਕਿ ਇਕ ਅਜਿਹੀ ਥਿਊਰੀ ਦਾ ਹੋਣਾ ਬੇਹੱਦ ਲਾਜ਼ਮੀ ਹੈ, ਜਿਸ ਇਕੱਲੀ ਥਿਊਰੀ ਦੇ ਰਾਹੀਂ ਹੀ ਇਸ ਸੰਸਾਰ ਜਾਂ ਬ੍ਰਹਿਮੰਡ ਦੀ ਵਿਆਖਿਆ ਹੋ ਸਕੇ. ਇਸ ਤਾਂਘ ਵਿਚੋਂ ਹੀ ‘ਸਟਰਿੰਗ ਥਿਊਰੀ’ ਦਾ ਜਨਮ ਹੁੰਦਾ ਹੈ. ਇਸ ਨੂੰ ਅਸੀਂ ਇਸ ਪ੍ਰਕਾਰ ਵੀ ਆਖ ਸਕਦੇ ਹਾਂ ਕਿ ਬ੍ਰਹਿਮੰਡ ਦੀ ਹਰ ਇਕ ਘਟਨਾ ਨੂੰ ਇਕ ਹੀ ਥਿਊਰੀ ਰਾਹੀਂ ਸਮਝਣ ਦੀ ਕੋਸ਼ਿਸ਼ ਦਾ ਨਾਮ ਸਟਰਿੰਗ ਥਿਊਰੀ ਹੈ. ਹਾਲਾਂਕਿ ਹਟੀਫਨ ਹਾਕਿੰਗ ਅਨੁਸਾਰ ਇਸ ਪ੍ਰਕਾਰ ਦੀ ਕਿਸੇ ਇਕ ਥਿਊਰੀ ਦੀ ਧਾਰਨਾ ਦੀ ਲੱਭਤ ਧੁੰਧਲੀ ਜਿਹੀ ਕਿਸਮ ਦੀ ਹੈ, ਪਰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ. ਸ਼ਾਇਦ ਇਸ ਲਈ ਹੀ ਇਹ ਥਿਊਰੀ ਅਜੇ ਤੱਕ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਨਹੀਂ ਕਰ ਪਾਈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਬਿਲਕੁਲ ਆਧਾਰਹੀਣ ਜਾਂ ਮਹੱਤਵਹੀਣ ਹੋਣ ਦੇ ਨਾਲ-ਨਾਲ ਨਿਰ-ਹੋਂਦ ਵੀ ਹੈ.

ਇਸ ਦੇ ਭਵਿੱਖ ਵਿਚ ਕੀ ਨਤੀਜੇ ਜਾਂ ਮਾਨਤਾਵਾਂ ਆਉਂਦੀਆਂ ਹਨ, ਉਹ ਤਾਂ ਭਵਿੱਖ ਹੀ ਦੱਸੇਗਾ, ਪਰ ਜੋ ਕੁਝ ਸਟਰਿੰਗ ਥਿਊਰੀ ਦੱਸਦੀ ਹੈ, ਅਸੀਂ ਉਸ ਦਾ ਇਕ ਨਮੂਨਾ ਇੱਥੇ ਜਰੂਰ ਵੇਖਾਂਗੇ..

ਪਰਮ ਮੁੰਡੇ ਆਪਣੀ ਕਿਤਾਬ ‘ਕੁਆਂਟਮ ਵਾਸਤਵਿਕਤਾ’ ਅੰਦਰ ਲਿਖਦੇ ਹਨ ਕਿ, “ਸਟਰਿੰਗ ਥਿਊਰੀ ਕੁਆਂਟਮ ਫੀਲਡ ਥਿਊਰੀ ਅਤੇ ਜਨਰਲ ਰਿਲੇਟੀਵਿਟੀ  ਦਾ ਹੋਰ ਅੱਗੇ ਅਡਵਾਂਸ ਵਿਸ਼ਲੇਸ਼ਣ ਹੈ ਜੋ ਗਰੈਵੀਟੇਨਲ ਫੀਲਡ ਵਾਸਤੇ ਜਿੰਮੇਵਾਰ ਕਣ ਗ੍ਰੈਵੀਟੋਣ ਨੂੰ ਸਮਝਾ ਸਕਣ ਦੇ ਸਮਰੱਥ ਹੈ.” ਮੁੱਖ ਤੌਰ ’ਤੇ ਇਹ ਥਿਊਰੀ ਕੁਆਂਟਮ ਗ੍ਰੈਵਿਟੀ ਦੀ ਗੱਲ ਕਰਦੀ ਹੈ. ਜਿਸ ਦੇ ਕਾਰਨ ਹੀ ਇਸ ਕੋਲ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਵੀ ਹਨ, ਜਿਹੜੇ ਸਾਡੀ ਹੁਣ ਤੱਕ ਦੀ ਕਲਾਸਿਕ ਫਿਜ਼ਿਕਸ ਲਈ ਇਕ ਅਬੁੱਝ ਪਹੇਲੀ ਵਾਂਗ ਸਾਹਮਣੇ ਖੜ੍ਹੇ ਸਨ. ਜਿਵੇਂ ਕਿ ਸਾਇੰਸ ਦਾ ਹਰ ਇਕ ਵਿਦਿਆਰਥੀ ਜਾਣਦਾ ਹੈ ਕਿ ਪਦਾਰਥ ਦਾ ਸਭ ਤੋਂ ਛੋਟਾ ਰੂਪ ਕੁਆਰਕ ਹੁੰਦਾ ਹੈ, ਇਸ ਲਈ ਇਸ ਨੂੰ ਹੋਰ ਅੱਗੇ ਨਹੀਂ ਤੋੜਿਆ ਜਾ ਸਕਦਾ, ਪਰ ਸਟਰਿੰਗ ਥਿਊਰੀ ਦਾ ਅਜਿਹਾ ਕੋਈ ਵਿਸ਼ਵਾਸ਼ ਨਹੀਂ ਹੈ. ਉਸ ਦਾ ਮੰਨਣਾ ਹੈ ਕਿ ਕੁਆਰਕ ਅੰਦਰ ਵੀ ਇਕ ਐਨਰਜੀ ਹਮੇਸ਼ਾ ਵਾਇਬਰੇਟ ਕਰਦੀ ਰਹਿੰਦੀ ਹੈ, ਜਿਸ ਕਾਰਨ ਇਹ ਇਕ ਸਟਰਿੰਗ ਜਿਹਾ ਦਿਖਾਈ ਦਿੰਦਾ ਹੈ, ਪਰ ਇਹ ਵੀ ਜਰੂਰੀ ਨਹੀਂ ਹੈ ਕਿ ਇਹ ਇਵੇਂ ਹੀ ਦਿਖਾਈ ਦਿੰਦਾ ਰਹੇ, ਕਿਉਂਕਿ ਇਹ ਦੋਵੇਂ ਪਾਸਿਓਂ ਖੁੱਲ੍ਹਾ, ਖਿੱਚਿਆ ਹੋਇਆ ਜਾਂ ਸਿੱਧਾ ਵੀ ਹੋ ਸਕਦਾ ਹੈ. ਜਿਸ ਕਾਰਨ ਸਾਨੂੰ ਇਸ ਦੇ ਰਾਹੀਂ ਮਿਲਣ ਵਾਲੇ ਉੱਤਰਾਂ ਦੀ ਇਕ ਵੱਡੀ ਆਸ ਬੱਝ ਜਾਂਦੀ ਹੈ, ਪਰ ਇੱਥੇ ਜੋ ਮੁਖ ਧਿਆਨ ਦੇਣ ਯੋਗ ਗੱਲ ਹੈ, ਉਹ ਇਹ ਹੈ ਕਿ ਇਹ ਥਿਊਰੀ ਤਿੰਨ ਜਾਂ ਚਾਰ ਆਯਾਮੀ ਬ੍ਰਹਿਮੰਡ (ਜਿਹਾ ਕਿ ਮੌਜੂਦਾ ਸਾਇੰਸ ਹੁਣ ਤੱਕ ਸਵੀਕਾਰਦੀ ਹੈ) ਅੰਦਰ ਕੰਮ ਨਹੀਂ ਕਰਦੀ, ਬਲਕਿ ਇਸ ਲਈ 10 ਆਯਾਮ ਚਾਹੀਦੇ ਹਨ. ਤੁਹਾਡੇ ਵਿਚੋਂ ਬਹੁਤਿਆਂ ਨੂੰ ਇਹ 10 ਆਯਾਮ ਵਾਲੀ ਗੱਲ ਕਾਲਪਨਿਕ ਲੱਗ ਸਕਦੀ ਹੈ, ਪਰ ਜਦੋਂ ਅਸੀਂ ਸਾਇੰਸ ਦੇ ਨਿਯਮਾਂ ਤੇ ਵਰਤਾਰਿਆਂ ਦੀ ਚਰਚਾ ਕਰਦੇ ਹਾਂ, ਉਸ ਸਮੇਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਬ੍ਰਹਿਮੰਡ ਤਿੰਨ ਜਾਂ ਚਾਰ ਆਯਾਮੀ ਨਹੀਂ ਸਗੋਂ ਇਨ੍ਹਾਂ ਦੀ ਗਿਣਤੀ ਇਸ ਤੋਂ ਕਿਤੇ ਵਧੇਰੇ ਹੈ. ਉਦਾਹਰਨ ਵਜੋਂ 10 ਆਯਾਮਾਂ ਦੀ ਗੱਲ ਕਰਦੀ ਇਕ ਕਿਤਾਬ ਦਾ ਅਨੁਵਾਦ ਤਾਂ ਸਾਡੇ ਪੰਜਾਬ ਅੰਦਰ ਹੀ ਸਤਿਕਾਰਯੋਗ ਪਰਮ ਮੁੰਡੇ ਦੁਆਰਾ ਕੀਤਾ ਗਿਆ ਹੈ, ਜਦੋਂ ਕਿ ਐੱਮ ਥਿਊਰੀ 11 ਆਯਾਮਾਂ ਦੀ ਹੋਂਦ ਸਵੀਕਾਰਦੀ ਹੈ. ਇਸ ਤੋਂ ਵੀ ਅਗਾਂਹ ਜਦੋਂ ਅਸੀਂ ਵੇਖਦੇ ਹਾਂ ਤਾਂ ਸਾਨੂੰ ਬੌਸਨਿਕ ਸਟਰਿੰਗ ਥਿਊਰੀ ਵਿਚ 26 ਸਪੇਸ ਡਾਇਮੈਨਸ਼ਨਜ਼ ਦੀ ਗੱਲ ਪ੍ਰਾਪਤ ਹੁੰਦੀ ਹੈ ਤੇ ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਵੇਦ ਸਾਹਿੱਤ ਅੰਦਰ 64 ਆਯਾਮਾਂ ਦੀ ਗੱਲ ਕੀਤੀ ਗਈ ਹੈ, ਜਿਹੜੀ ਕਿ ਮੌਜੂਦਾ ਸਾਇੰਸ ਲਈ ਅਜੇ ਦੂਰ ਦੀ ਕੌਡੀ ਸਾਬਤ ਹੋ ਰਹੀ ਹੈ. ਪਰ ਜਦੋਂ ਅਸੀਂ ਇਸ ਤੱਥ ਨੂੰ ਜਾਣਦੇ ਹਾਂ ਕਿ ਖੁਦ ਸਟੀਫਨ ਹਾਕਿੰਗ ਅਨੁਸਾਰ ਇਸ ਪਾਸਾਰੇ ਅੰਦਰ ਏਨੇ ਕੁ ਬ੍ਰਹਿਮੰਡ ਹੋ ਸਕਦੇ ਹਨ ਕਿ ਸਾਨੂੰ ਉਨ੍ਹਾਂ ਦਾ ਇਕ ਅੰਦਾਜ਼ਾ ਲਗਾਉਣ ਹਿਤ 1 ਅੱਖਰ ਦੇ ਨਾਲ 500 ਸਿਫਰਾਂ ਲਗਾਉਣੀਆਂ ਪੈ ਸਕਦੀਆਂ ਹਨ ਤਾਂ ਇਸ ਗੱਲ ਤੋਂ ਇਨਕਾਰੀ ਹੋਣ ਲਈ ਸਾਡੇ ਕੋਲ ਹੋਰ ਕੋਈ ਆਧਾਰ ਨਹੀਂ ਬੱਚਦਾ ਕਿ ਅਸੀਂ ਇਕ ਅਨੰਤ ਆਯਾਮੀ ਬ੍ਰਹਿਮੰਡ ਅੰਦਰ ਆਪਣਾ ਵਾਸ ਕਰ ਰਹੇ ਹਾਂ. ਇਸ ਦੀ ਇਕ ਨਿੱਕੀ ਜਿਹੀ ਉਦਾਹਰਨ ਇਸ ਪ੍ਰਕਾਰ ਦੇਖੀ ਜਾ ਸਕਦੀ ਹੈ.

ਮੌਜੂਦਾ ਸਾਇੰਸਦਾਨਾਂ ਅੰਦਰ ਇਕ ਖ਼ਿਆਲ ਇਹ ਪ੍ਰਗਟ ਹੋਇਆ ਹੈ ਕਿ ਅਸੀਂ ਇਕ ਅਜਿਹੇ ਆਯਾਮ ਅੰਦਰ ਰਹਿ ਰਹੇ ਹਾਂ ਜਿਹੜਾ ਆਯਾਮ ਦੂਜਿਆਂ ਆਯਾਮਾਂ ਨਾਲ ਆਪਣੇ-ਆਪ ਨੂੰ 0. ਐਨਰਜੀ ਜਾਂ 0.ਫੀਲਡ ਜਾਂ ਕਿਸੇ ਦੂਜੇ ਆਯਾਮ ਦੇ ਰਾਹੀਂ ਜੁੜਿਆ ਹੋਇਆ ਹੈ, ਜਾਂ ਜੋੜਦਾ ਹੈ. ਇਸ 0.ਫੀਲਡ ਅੰਦਰ ਅਤੀਤ, ਵਰਤਮਾਨ ਤੇ ਭਵਿੱਖ ਦੇ ਸਾਰੇ ਵਿਚਾਰਾਂ, ਕਰਮਾਂ ਅਤੇ ਘਟਨਾਵਾਂ ਦੇ ਇਲੈਕਟ੍ਰਿਕ ਚਾਰਜ ਸਟੋਰ ਹੋ ਜਾਂਦੇ ਹਨ. 0.ਫੀਲਡ ਨੂੰ ਇਕ ਅਜਿਹੀ ਚੀਜ਼ ਮੰਨਿਆ ਜਾਂਦਾ ਹੈ, ਜਿੱਥੇ ਹਰ ਵਿਚਾਰ, ਹਰ ਹਰਕਤ ਅਤੇ ਹਰ ਉਹ ਚੀਜ਼ ਜਿਸ ਵਿਚ ਊਰਜਾ ਸ਼ਾਮਲ ਹੈ, ਉਸ ਫੀਲਡ ਦਾ ਹਿੱਸਾ ਬਣ ਜਾਂਦੀ ਹੈ ਤੇ ਹਮੇਸ਼ਾ ਉੱਥੇ ਹੀ ਰਹਿੰਦੀ ਹੈ. ਇਸ ਦਾ ਭਾਵ ਇਹ ਹੋਇਆ ਕਿ 0.ਫੀਲਡ ਉਹ ਸ਼ੈਅ ਹੈ, ਜਿਸ ਵਿਚ ਇਨਸਾਨੀ ਵਜੂਦ ਦੀਆਂ ਹੁਣ ਤੱਕ ਦੀਆਂ ਸਾਰੀਆਂ ਜਾਣਕਾਰੀਆਂ ਮੌਜੂਦ ਹਨ. 0.ਫੀਲਡ ਦੀ ਅਵਧਾਰਨਾ ਇਕ ਅਜਿਹੇ ਸਿਧਾਂਤ ਉੱਪਰ ਆਧਾਰਿਤ ਹੈ, ਜਿਸ ਮੁਤਾਬਿਕ ਬ੍ਰਹਿਮੰਡ ਵਿਚ ਤਿੰਨ ਆਯਾਮਾਂ ਲੰਬਾਈ, ਚੌੜਾਈ ਤੇ ਉਚਾਈ ਤੋ ਇਲਾਵਾ ਵੀ ਹੋਰ ਕਈ ਆਯਾਮ ਹਨ. ਜਿਹੜੇ ਕਿ ਸਾਡੀ ਚਰਚਾ ਅਧੀਨ ਸਟਰਿੰਗ ਥਿਊਰੀ ਦਾ ਹੀ ਇਕ ਹਿੱਸਾ ਹਨ.

ਸਟਰਿੰਗ ਥਿਊਰੀ ਅੰਦਰ ਵਿਗਿਆਨੀਆਂ ਵੱਲੋਂ 11 ਆਯਾਮਾਂ ਦਾ ਅਨੁਮਾਨ ਲਗਾਇਆ ਗਿਆ ਹੈ ਤੇ ਇਨ੍ਹਾਂ ਨੂੰ ਬਹੁਤ ਹੀ ਛੋਟਾ, ਜੁੜਿਆ ਹੋਇਆ ਤੇ ਕੰਪੈਕਟ ਮੰਨਿਆ ਗਿਆ ਹੈ. ਇਸ ਲਈ ਜੇਕਰ ਇਹ ਆਯਾਮ ਬਹੁਤ ਹੀ ਘੁਮਾਓਦਾਰ, ਛੋਟੇ ਤੇ ਕੌਪੈਕਟ ਹੋਣਗੇ ਤਾਂ ਸਾਨੂੰ ਇਨ੍ਹਾਂ ਨਾਲ ਅੱਗੇ ਵੱਧਣ ਦਾ ਨਾ ਪਤਾ ਲੱਗੇਗਾ ਤੇ ਨਾ ਹੀ ਇਨ੍ਹਾਂ ਦੀ ਮੌਜੂਦਗੀ ਦੀ ਜਾਣਕਾਰੀ ਹੋਵੇਗੀ. ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਸਟਰਿੰਗ ਥਿਊਰੀ ਮਾਨਤਾ ਪ੍ਰਾਪਤ ਕਰਦੀ ਹੈ ਤਾਂ ਕੀ ਇਹ ਯਕੀਨੀ ਬਣ ਜਾਵੇਗਾ ਕਿ 0.ਫੀਲਡ ਕਿਸੇ ਦੂਜੇ ਆਯਾਮ ਅੰਦਰ ਸਥਾਪਿਤ ਹੈ. ਜਿਹੜਾ ਕਿ ਅਜੇ ਸਾਡੀ ਪਹੁੰਚ ਵਿਚ ਨਹੀਂ ਆਇਆ ਹੈ. ਇਸ ਤੋਂ ਫਿਲਹਾਲ ਇਨਕਾਰੀ ਨਹੀਂ ਹੋਇਆ ਜਾ ਸਕਦਾ. ਉਨ੍ਹਾ ਹਾਲਤਾਂ ਵਿਚ ਤਾਂ ਬਿਲਕੁਲ ਵੀ ਨਹੀਂ, ਜਦੋਂ ਅਸੀਂ ਜਾਣਦੇ ਹੋਈਏ ਕਿ ਸੰਸਾਰ ਦੀਆਂ ਕਈ ਪ੍ਰਾਚੀਨ ਸੰਸਕ੍ਰਿਤੀਆਂ ਅੰਦਰ ਇਕ ਅਜਿਹੇ ਗਿਆਨ ਦੇ ਖੂਹ ਦੀ ਗੱਲ ਕੀਤੀ ਗਈ ਸਾਹਮਣੇ ਆਉਂਦੀ ਹੈ, ਜਿੱਥੇ ਪੁੱਜਣ ਦੇ ਲਈ ਪ੍ਰਾਪਤ ਯੋਗਤਾ ਚੁਣਵੇਂ ਲੋਕਾਂ ਤੱਕ ਹੀ ਸੀਮਤ ਹੁੰਦੀ ਸੀ. ਭਾਰਤ ਅੰਦਰ ਅਸੀਂ ਇਸ ਨੂੰਹਿੰਦੂ ਸੰਸਕ੍ਰਿਤੀ ਦੇ ਆਕਾਸ਼ੀ ਰਿਕਾਰਡ ਨਾਮ ਦੀ ਧਾਰਨਾ ਵਿਚੋਂ ਦੇਖ ਸਕਦੇ ਹਾਂ. ਜਿਸ ਦਾ ਆਖਣਾ ਹੈ ਕਿ ਬ੍ਰਹਿਮੰਡ ਅੰਦਰ ਪਹਿਲਾਂ ਹੀ ਹਰ ਕਿਸਮ ਦੀ ਜਾਣਕਾਰੀ ਮੌਜੂਦ ਹੈ ਤੇ ਇਸ ਨੂੰ ਕੋਈ ਵੀ ਆਪਣੀ ਯੋਗਤਾ ਦੇ ਰਾਹੀਂ ਪ੍ਰਾਪਤ ਕਰ ਸਕਦਾ ਹੈ. ਇਸ ਤੋਂ ਇਨਕਾਰੀ ਹੋਣਾ ਏਨਾ ਆਸਾਨ ਨਹੀਂ ਹੈ, ਖਾਸ ਕਰ ਉਨ੍ਹਾਂ ਹਾਲਤਾਂ ਵਿਚ ਜਦੋਂ ਆਈਨਸਟਾਈਨ ਖੁਦ ਆਖ ਗਏ ਹਨ ਕਿ ਸਪੇਸ ਤੇ  ਟਾਈਮ ਆਪਣ ਵਿਚ ਜੁੜੇ ਹੋਏ ਹਨ ਤੇ ਇਨ੍ਹਾਂ ਨੂੰ ਮੋੜਿਆ ਜਾ ਸਕਦਾ ਹੈ. ਇਸ ਦੇ ਨਾਲ ਹੀ ਆਈਨਸਟਾਈਨ ਦੁਆਰਾ ਪ੍ਰਤਿਪਾਦਿਤ ਵਰਮ ਹੋਲ ਦੀ ਸੰਕਲਪਨਾ ਇਸ ਮਾਨਤਾ ਨੂੰ ਹੋਰ ਠੋਸ ਆਧਾਰ ਪ੍ਰਦਾਨ ਕਰਦੇ ਹਨ ਕਿ ਅਸੀਂ ਕਿਸੇ ਹੋਰਨਾਂ ਆਯਾਮਾਂ ਨਾਲ ਜੁੜਨ ਦੇ ਸਮਰੱਥ ਹਾਂ ਤੇ ਇਨ੍ਹਾਂ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ. ਪਰ ਫਿਲਹਾਲ ਸਾਇੰਸ ਅੰਦਰ ਇਹ ਆਪਣੇ ਆਰੰਭਿਕ ਪੜਾਅ ਉੱਪਰ ਹਨ. ਇਹ ਭਵਿੱਖ ਦੇ ਗਰਭ ਵਿਚ ਹੀ ਪਿਆ ਹੈ ਕਿ ਅਸੀਂ ਪੁਲਾੜ ਯਾਤਰਾ ਤੋਂ ਆਯਾਮ ਯਾਤਰਾ ਵਿਚ ਕਦੋਂ ਜਾਣ ਦਾ ਕਾਬਿਲ ਹੋਵਾਂਗੇ. ਸਾਇੰਸ ਕਿਸੇ ਵੀ ਤਰ੍ਹਾਂ ਇਸ ਤੋਂ ਮੁਨਕਰ ਨਹੀ ਹੈ. ਸ਼ਾਇਦ ਸਾਡੀਆਂ ਆਉਣ ਵਾਲੀਆਂ ਨਸਲਾਂ/ਪੀੜ੍ਹੀਆਂ ਇਸ ਬਹੁ-ਆਯਾਮੀ ਸੰਸਾਰ ਦੀ ਯਾਤਰਾ ਕਰ ਸਕਣਗੀਆਂ, ਜਾਂ ਸ਼ਾਇਦ ਅਤੀਤ ਵਿਚ ਕਰ ਵੀ ਚੁੱਕੀਆਂ ਹੋਣ. ਇਸ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ. ਕਿਉਂ? ਇਸ ਦਾ ਉੱਤਰ ਫਿਰ ਕਦੀ ਸਾਂਝਾ ਕਰਾਂਗੇ.

ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ

Monday, February 12, 2018

ਚੰਦ ਉੱਪਰ ਜਾਣ ਦਾ ਕੱਚ-ਸੱਚ



ਮਨੁੱਖ ਵੱਲੋਂ ਚੰਨ ਅਤੇ ਮੰਗਲ ਗ੍ਰਹਿਆਂ ਵੱਲ ਉਡਾਰੀਆਂ ਤੇ ਹੋਰ ਪੁਲਾੜੀ ਖੋਜਾਂ ਬੇਹੱਦ ਹੈਰਾਨ ਕਰਨ ਵਾਲੀਆਂ ਹਨ। ਯੂਰੀ ਗਾਗਰਿਨ, ਨੀਲ ਆਰਮਸਟਰਾਂਗ, ਐਡਵਿਨ ਐਲਡਰਿਨ ਅਤੇ ਉਨ੍ਹਾਂ ਦੇ ਸਾਥੀਆਂ ਦੀ ਹਿੰਮਤ ਨੂੰ ਸਲਾਮ ਜਿਨ੍ਹਾਂ ਨੇ ਮਨੁੱਖਤਾ ਲਈ ਪੁਲਾੜ ਦੇ ਪ੍ਰਵੇਸ਼- ਦਵਾਰ ਖੋਲ੍ਹੇ। ਆਰਮਸਟਰਾਂਗ ਨੇ ਅਪੋਲੋ-99’ ਰਾਹੀਂ 20 ਜੁਲਾਈ 1969 ਨੂੰ ਚੰਨ ਤੇ ਉਤਰਕੇ ਧਰਤੀ ਤੇ ਅੰਬਰ ਵਿਚਲੀ ਦੂਰੀ ਦੇ ਫ਼ਰਕ ਨੂੰ ਮਿਟਾ ਦਿੱਤਾ ਭਾਵੇਂ ਇਸ ਮੁੱਦੇ ਤੇ ਕੁਝ ਕਾਫਿਰਾਂ ਵੱਲੋਂ ਕਿੰਤੂ-ਪ੍ਰੰਤੂ ਕੀਤੇ ਜਾ ਰਹੇ ਹਨ।
ਹਾਲ ਹੀ ਵਿੱਚ ਹੋਈ ਨੀਲ ਆਰਮਸਟਰਾਂਗ ਦੀ ਮੌਤ ਤੋਂ ਬਾਅਦ ਅਜਿਹੀਆਂ ਦੰਦ ਕਥਾਵਾਂ ਮੁੜ ਚਰਚਾ ਵਿੱਚ ਆ ਗਈਆਂ ਹਨ। ਪੁਲਾੜੀ ਖੋਜ ਖੇਤਰ ਵਿੱਚ ਹੁਣ ਤੱਕ ਦੀ ਇਸ ਅਹਿਮ ਪ੍ਰਾਪਤੀ ਦੇ ਕੱਚ-ਸੱਚ ਨੂੰ ਨੰਗਾ ਕਰਨ ਲਈ ਕੁਝ ਖੋਜੀ ਪੱਤਰਕਾਰਾਂ ਅਤੇ ਸਨਕੀ ਸੁਭਾਅ ਦੇ ਵਿਗਿਆਨੀਆਂ ਨੇ ਮੂਨ ਕਾਂਸਪੀਰੇਸੀਨਾਂ ਦੀ ਦਸਤਾਵੇਜ਼ੀ ਫ਼ਿਲਮ ਜਾਰੀ ਕੀਤੀ ਹੈ ਜਿਸ ਵਿੱਚ ਅਮਰੀਕਾ ਦੁਆਰਾ ਨੀਲ ਆਰਮਸਟਰਾਂਗ ਨੂੰ ਚੰਨ ਤੇ ਉਤਾਰੇ ਜਾਣ ਦੇ ਰਹੱਸ ਤੋਂ ਪਰਦਾ ਹਟਾਉਂਦਿਆਂ ਕਈ ਸਵਾਲ ਖੜ੍ਹੇ ਕੀਤੇ ਗਏ ਹਨ।
ਇਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਆਰਮਸਟਰਾਂਗ ਆਪਣੀ ਯਾਤਰਾ ਦੌਰਾਨ ਚੰਨ ਤੇ ਇੱਕ ਮਿੰਟ ਵਿੱਚ ਹੀ ਪ੍ਰਯੋਗਸ਼ਾਲਾ ਸਥਾਪਤ ਕਰ ਆਇਆ- ਜਿਸ ਵਿੱਚ ਇੱਕ ਲੇਜ਼ਰ ਸੈੱਟ ਅਤੇ ਸੀਸਮੋਗ੍ਰਾਫ ਸ਼ਾਮਲ ਸੀ। ਇਸ ਤੋਂ ਇਲਾਵਾ ਲੂਨਰ ਲੈਂਡਰ, ਝੰਡੇ ਆਦਿ ਵੀ ਚੰਨ ਉਪਰ ਹੀ ਛੱਡ ਦਿੱਤੇ ਗਏ ਪਰ ਸ਼ਕਤੀਸ਼ਾਲੀ ਤੋਂ ਸ਼ਕਤੀਸ਼ਾਲੀ ਟੈਲੀਸਕੋਪ, ਪੁਲਾੜ ਵਿੱਚ ਸਥਿਤ ਕੈਮਰੇ, ਦੂਰਬੀਨਾਂ ਕੋਈ ਵੀ ਇਨ੍ਹਾਂ ਦੀ ਹੋਂਦ ਨੂੰ ਨਹੀਂ ਦਰਸਾਉਂਦੀਆਂ।
ਜੇ ਚੰਨ ਤੇ ਪਹੁੰਚਣ ਦੀ ਘਟਨਾ ਨੇ ਕਦੇ ਸਾਕਾਰ ਨਾ ਹੋ ਸਕਣ ਵਾਲਾ ਸੁਪਨਾ ਪੂਰਾ ਕੀਤਾ ਹੁੰਦਾ ਤਾਂ ਉÎੱਥੇ ਜਾ ਵਸਣ ਲਈ ਮਨੁੱਖੀ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਅਤੇ ਸਵਾਲਾਂ ਦੇ ਜਵਾਬ ਲੱਭਣ ਦੇ ਹੀਲੇ ਵਰਤੇ ਜਾਂਦੇ ਪਰ ਇਸ ਘਟਨਾ ਤੋਂ ਬਾਅਦ ਇਹ ਮੁੱਦਾ ਠੱਪ ਹੀ ਹੋ ਗਿਆ। ਪ੍ਰਾਪਤ ਰਿਪੋਰਟ ਮੁਤਾਬਕ ਆਰਮਸਟਰਾਂਗ ਨੇ ਚੰਨ ਤੇ ਕਦਮ ਰੱਖਦੇ ਹੋਏ ਕਿਹਾ, ‘‘ਮਨੁੱਖ ਦਾ ਇਹ ਛੋਟਾ ਜਿਹਾ ਕਦਮ ਮਨੁੱਖਤਾ ਲਈ ਬਹੁਤ ਵੱਡੀ ਛਲਾਂਗ ਹੈ।’’ ਉਸ ਨੇ ਸ਼ਾਇਦ ਸੱਚ ਹੀ ਕਿਹਾ ਸੀ ਕਿ ਇਹ ਇੱਕ ਛੋਟਾ ਜਿਹਾ ਕਦਮ ਸੀ ਪਰ ਬਹੁਤ ਵੱਡਾ ਫਰੇਬ ਜੋ ਮਨੁੱਖ ਨੂੰ ਕਈ ਪੁਲਾਂਘਾਂ ਦੇ ਬਰਾਬਰ ਪਿਆ। ਫ਼ਰਕ ਬਸ ਇਹੀ ਹੈ ਕਿ ਦਿਸ਼ਾ ਅੱਗੇ ਲਿਜਾਣ ਦੀ ਬਜਾਇ ਪਿੱਛੇ ਧੱਕਣ ਵਾਲੀ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਨਾਸਾ ਨੂੰ ਇਹ ਸਾਜ਼ਿਸ਼ ਘੜਨ ਦੀ ਲੋੜ ਕਿਉਂ ਪਈ?
ਇਹ ਸਾਰਾ ਵਰਤਾਰਾ ਸਮਝਣ ਲਈ ਉਸ ਸਮੇਂ ਦੇ ਰਾਜਨੀਤਕ ਸਮੀਕਰਨਾਂ ਵੱਲ ਝਾਤ ਮਾਰਨਾ ਜ਼ਰੂਰੀ ਹੈ। 1950 ਦੇ ਮੱਧ ਤੀਕ ਰੂਸ ਅਤੇ ਅਮਰੀਕਾ ਪੁਲਾੜ ਖੋਜਾਂ ਦੇ ਮੋਹਰੀ ਮੁਲਕਾਂ ਵਜੋਂ ਦੁਨੀਆਂ ਦੇ ਸਾਹਮਣੇ ਆਏ। ਰੂਸ 14 ਸਤੰਬਰ 1959 ਨੂੰ ਨਿਊਸਿਕ-2 ਨਾਂ ਦਾ ਪੁਲਾੜੀ ਵਾਹਨ ਚੰਨ ਤੇ ਉਤਾਰ ਕੇ ਅਮਰੀਕਾ ਨਾਲੋਂ ਇੱਕ ਕਦਮ ਮੂਹਰੇ ਹੋ ਗਿਆ। ਇਸ ਤੋਂ ਪਹਿਲਾਂ 4 ਅਕਤੂਬਰ 1957 ਨੂੰ ਪਹਿਲਾ ਬਨਾਉਟੀ ਉਪਗ੍ਰਹਿ ਸਪੂਤਨਿਕਵੀ ਪੁਲਾੜ ਵਿੱਚ ਪਹਿਲਾਂ ਰੂਸ ਨੇ ਹੀ ਛੱਡਿਆ ਸੀ। 12 ਅਪਰੈਲ 1961 ਨੂੰ ਯੂਰੀ ਗਾਗਰਿਨ ਨੇ ਪੁਲਾੜ ਯਾਤਰਾ ਕਰਕੇ ਅਮਰੀਕਾ ਨੂੰ ਤਿੰਨ ਕਦਮ ਪਿੱਛੇ ਛੱਡ ਦਿੱਤਾ। ਰੂਸ ਦੀਆਂ ਇਨ੍ਹਾਂ ਪ੍ਰਾਪਤੀਆਂ ਕਾਰਨ ਅਮਰੀਕਾ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਦਾ ਅੰਦਾਜ਼ਾ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੇ.ਐਫ. ਕੈਨੇਡੀ ਦੇ ਬਿਆਨ ਕਿ, ‘‘ਚੰਨ ਤੇ ਤਾਂ ਸਭ ਤੋਂ ਪਹਿਲਾਂ ਅਮਰੀਕੀ ਹੀ ਉਤਰੇਗਾ।’’ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਸ਼ਾਇਦ ਅਮਰੀਕਾ ਵੱਲੋਂ ਸ਼ੁਰੂ ਕੀਤੇ ਗਏ ਅਪੋਲੋ ਮਿਸ਼ਨ ਦਾ ਟੀਚਾ ਵੀ ਇਹੋ ਸੀ।
1950-60 ਦੇ ਦਹਾਕੇ ਦੌਰਾਨ ਅਮਰੀਕਾ ਅਤੇ ਸੋਵੀਅਤ ਰੂਸ ਵਿੱਚ ਠੰਢੀ ਜੰਗ ਸਿਖ਼ਰ ਤੇ ਸੀ। ਰੂਸ ਦੀ ਇੱਕ ਤੋਂ ਬਾਅਦ ਇੱਕ ਪ੍ਰਾਪਤੀ ਨੇ ਅਮਰੀਕਾ ਨੂੰ ਬੌਖਲਾ ਦਿੱਤਾ ਸੀ। ਉਸ ਨੂੰ ਡਰ ਸੀ ਕਿ ਹੁਣ ਰੂਸ ਅਮਰੀਕਾ ਤੇ ਹਮਲੇ ਲਈ ਪੁਲਾੜ ਦੀ ਵਰਤੋਂ ਕਰੇਗਾ। ਇਸ ਦੀ ਸ਼ਾਹਦੀ ਉਸ ਸਮੇਂ ਨਿਊਯਾਰਕ ਟਾਈਮਜ਼ ਵਿੱਚ ਛਪਿਆ ਵੱਡਾ ਲੇਖ ਭਰਦਾ ਹੈ, ਜਿਹੜਾ ਅਮਰੀਕੀ ਸੰਸਦ ਵੱਲੋਂ ਨਾਗਰਿਕਾਂ ਦੀ ਤਸੱਲੀ ਲਈ ਛਪਵਾਇਆ ਗਿਆ ਸੀ।
ਦੁਨੀਆਂ ਭਰ ਦੇ ਹਜ਼ਾਰਾਂ, ਲੱਖਾਂ ਲੋਕਾਂ ਦੇ ਨਾਲ-ਨਾਲ ਰਾਕੇਟ ਨਿਰਮਾਤਾ ਕੰਪਨੀ ਦਾ ਚੀਫ਼ ਇੰਜਨੀਅਰ ਅਤੇ ਸਮੀਖਿਅਕ ਬਿਲਕੇਸਿੰਗ ਵੀ ਇਸ ਇਤਿਹਾਸਕ ਨਜ਼ਾਰੇ ਨੂੰ ਸਿੱਧੇ ਪ੍ਰਸਾਰਨ ਰਾਹੀਂ ਦੇਖ ਰਿਹਾ ਸੀ ਪਰ ਆਲੇ-ਦੁਆਲੇ ਤਾਰਿਆਂ ਦੀ ਗ਼ੈਰ-ਮੌਜੂਦਗੀ, ਹਵਾ ਰਹਿਤ ਵਾਤਾਵਰਨ ਦੇ ਬਾਵਜੂਦ ਝੂਲਦਾ ਹੋਇਆ ਅਮਰੀਕੀ ਝੰਡਾ ਅਤੇ ਲੂਨਰ ਲੈਂਡਰ ਦੇ ਚੰਨ ਤੇ ਉਤਰਨ ਨਾਲ ਤਲ ਤੇ ਖੱਡੇ ਦਾ ਨਾ ਬਣਨਾ ਆਦਿ ਤੱਥਾਂ ਨੇ ਉਸ ਦੇ ਮਨ ਵਿੱਚ ਸ਼ੰਕੇ ਖੜ੍ਹੇ ਕਰ ਦਿੱਤੇ ਕਿ ਕੀ ਇਹ ਸਭ ਕੁਝ ਸੱਚਮੁੱਚ ਹੀ ਚੰਦ ਦੇ ਧਰਾਤਲ ਤੇ ਹੋ ਰਿਹਾ ਹੈ?
ਇੱਕ ਅਧਿਐਨ ਮੁਤਾਬਕ ਲਗਪਗ 20 ਫ਼ੀਸਦੀ ਅਮਰੀਕੀ ਨਾਗਰਿਕਾਂ ਦਾ ਅਜੇ ਵੀ ਇਹ ਮੰਨਣਾ ਹੈ ਕਿ ਅਸੀਂ ਕਦੇ ਵੀ ਚੰਨ ਤੇ ਪੈਰ ਨਹੀਂ ਧਰਿਆ ਅਤੇ ਮਨੁੱਖ ਦੀ ਇਹ ਸਰਬੋਤਮ ਪ੍ਰਾਪਤੀ ਇੱਕ ਸਾਜ਼ਿਸ਼ ਤੋਂ ਵੱਧ ਹੋਰ ਕੁਝ ਨਹੀਂ ਸੀ। ਕੀ ਨਾਸਾ ਨੇ ਦੁਨੀਆਂ ਨੂੰ ਧੋਖਾ ਦਿੱਤਾ? ਇਸ ਬਾਰੇ ਨਾਸਾ ਦਾ ਇੱਕ 1960 ਦਾ ਪੁਲਾੜ ਯਾਤਰੀ ਬਰਾਇਮ ਲੀਅਰੀ ਕਹਿੰਦਾ ਹੈ ਕਿ ਅਮਰੀਕਾ ਨੇ ਸੋਵੀਅਤ ਰੂਸ ਤੋਂ ਠੰਢੀ ਜੰਗ ਜਿੱਤਣ ਲਈ ਇਹ ਪ੍ਰਪੰਚ ਰਚਿਆ ਹੋ ਸਕਦਾ ਹੈ। ਕਈ ਵਿਗਿਆਨੀਆਂ ਮੁਤਾਬਕ ਚੰਨ ਤੇ ਪਹੁੰਚਣਾ ਅਜੇ ਤੱਕ ਵੀ ਅਸੰਭਵ ਹੈ। ਇਸ ਦਾ ਮੁੱਖ ਕਾਰਨ ਚੰਨ ਦੁਆਲੇ ਮੌਜੂਦ ਬੇਹੱਦ ਖ਼ਤਰਨਾਕ ਵੈਨ ਐਲਨ ਰੇਡੀਏਸ਼ਨ ਬੈਲਟਾਂ ਹਨ। ਇਹ ਬੈਲਟਾਂ ਜਾਂ ਪਰਤਾਂ ਕਈ ਹਜ਼ਾਰ ਮੀਲ ਮੋਟੀਆਂ ਹਨ। ਭੌਤਿਕ ਵਿਗਿਆਨੀਆਂ ਮੁਤਾਬਕ ਜੇ ਇਨ੍ਹਾਂ ਪਰਤਾਂ ਨੂੰ ਪਾਰ ਕਰਨਾ ਹੋਵੇ ਤਾਂ ਮਨੁੱਖ ਨੂੰ ਆਪਣੇ ਦੁਆਲੇ ਛੇ ਫੁੱਟ ਮੋਟੀ ਸਿੱਕੇ ਦੀ ਪਰਤ ਚਾਹੀਦੀ ਹੈ ਪਰ ਨੀਲ ਆਰਮਸਟਰਾਂਗ ਅਤੇ ਉਸ ਦੇ ਸਾਥੀਆਂ ਨੇ ਸਿਰਫ਼ ਇੱਕ ਪਤਲੀ ਜਿਹੀ ਐਲੂਮੀਨੀਅਮ ਦੀ ਪਰਤ ਵਾਲਾ ਸਪੇਸ ਸੂਟ ਪਾਇਆ ਹੋਇਆ ਸੀ। ਇੱਕ ਗੱਲ ਹੋਰ ਚੰਨ ਉਪਰ ਦਿਨ ਅਤੇ ਰਾਤ ਵਿੱਚ 500 ਡਿਗਰੀ ਸੈਂਟੀਗਰੇਡ ਦਾ ਫ਼ਰਕ ਹੈ। ਹੁਣ ਸੋਚਣਾ ਬਣਦਾ ਹੈ ਕਿ ਕੀ ਉਹ ਪਤਲਾ ਜਿਹਾ ਸਪੇਸ ਸੂਟ 0 ਤੋਂ 250 ਡਿਗਰੀ ਸੈਂਟੀਗਰੇਡ ਤੋਂ ਉਪਰ ਅਤੇ 250 ਡਿਗਰੀ ਸੈਂਟੀਗਰੇਡ ਥੱਲੇ ਦਾ ਤਾਪਮਾਨ ਸਹਿ ਸਕਦਾ ਸੀ? ਵਿਗਿਆਨੀ ਸੂਰਜ ਵੱਲੋਂ ਆਉਂਦੀਆਂ ਚੁੰਬਕੀ ਹਨੇਰੀਆਂ ਬਾਰੇ ਕਹਿੰਦੇ ਹਨ ਕਿ ਇਹ ਚੁੰਬਕੀ ਹਨੇਰੀਆਂ ਵੈਨ ਐਲਨ ਰੇਡੀਏਸ਼ਨ ਬੈਲਟਾਂ ਨੂੰ ਕਈ ਹਜ਼ਾਰ ਗੁਣਾਂ ਹੋਰ ਘਾਤਕ ਬਣਾ ਦਿੰਦੀਆਂ ਹਨ। ਵਿਗਿਆਨੀਆਂ ਮੁਤਾਬਕ ਇਹ ਵੀ ਸਬੱਬ ਹੀ ਸਮਝੋ ਕਿ ਇਤਿਹਾਸ ਦੀ ਹੁਣ ਤਕ ਦੀ ਸਭ ਤੋਂ ਭਿਆਨਕ  ਚੁੰਬਕੀ ਹਨੇਰੀਅਪੋਲੋ-99 ਦੀ ਲੈਂਡਿੰਗ ਸਮੇਂ ਆਈ। ਸੋਵੀਅਤ ਰੂਸ ਦੇ ਇੱਕ ਚੀਫ ਕੋਸਮੋਨੋਟ ਬੋਰਿਸ ਬੋਲੀਸੋਵ ਨੇ ਮੰਨਿਆ ਹੇ ਕਿ ਇਹ ਕਿਰਨਾਂ ਏਨੀਆ ਘਾਤਕ ਹੁੰਦੀਆਂ ਹਨ ਕਿ ਸਪੇਸ ਕਰਾਫਟ ਨੂੰ ਆਸਾਨੀ ਨਾਲ ਪਾਰ ਕਰ ਸਕਦੀਆਂ ਹਨ। ਇਸੇ ਕਾਰਨ ਸੋਵੀਅਤ ਸੰਘ ਨੇ ਕਦੀ ਕਿਸੇ ਮਨੁੱਖ ਨੂੰ ਮੌਤ ਦੇ ਮੂੰਹ ਵੱਲ ਨਹੀਂ ਧੱਕਿਆ। ਕਿਹਾ ਜਾਂਦਾ ਹੈ ਕਿ ਅਮਰੀਕੀ ਸਰਕਾਰ ਨੇ ਨਾਸਾ ਨੂੰ ਨਿਰਦੇਸ਼ ਦਿੱਤਾ ਸੀ ਕਿ ਜਾਓ ਜਾਂ ਫਿਰ ਬਣਾਓਤੇ ਇੰਜ ਨਾਸਾ ਨੇ ਨੇਵਾਦਾ ਸਥਿਤ ਏਰੀਆ ਵਿੱਚ ਇੱਕ ਪੁਲਾੜਨੁਮਾ ਸੈੱਟ ਸਥਾਪਤ ਕੀਤਾ ਅਤੇ ਅਪੋਲੋ ਸੀਰੀਜ਼ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ। ਇਸ ਏਰੀਆ 51 ’ਤੇ ਅਜੇ ਤਕ ਵੀ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਹਨ।
ਨੀਲ ਆਰਮਸਟਰਾਂਗ ਅਤੇ ਐਡਵਿਨ ਐਲਡਰਿਨ ਅਪੋਲੋ-99 ਵਿੱਚ ਸਵਾਰ ਹੋ ਕੇ ਧਰਤੀ ਤੋਂ ਤਾਂ ਜ਼ਰੂਰ ਉÎੱਡੇ ਪਰ ਕਦੇ ਚੰਨ ਦੇ ਕਰੀਬ ਨਹੀਂ ਪਹੁੰਚੇ, ਪੈਰ ਧਰਨਾ ਤਾਂ ਇੱਕ ਪਾਸੇ ਰਿਹਾ। ਉਹ ਅੱਠ ਦਿਨ ਧਰਤੀ ਦੁਆਲੇ ਪੁਲਾੜ ਵਿੱਚ ਹੀ ਚੱਕਰ ਲਾਉਂਦੇ ਰਹੇ ਅਤੇ ਫਿਰ ਨੌਵੇਂ ਦਿਨ ਪੈਰਾਸ਼ੂਟ ਰਾਹੀਂ ਸਮੁੰਦਰ ਵਿੱਚ ਆ ਉਤਰੇ।
ਇਸ ਥਿਊਰੀ ਤੇ 1978 ਵਿੱਚ ਇੱਕ ਹਾਲੀਵੁੱਡ ਫ਼ਿਲਮ ਕੇਪਰੀਕਾਰਨ ਵੰਨਵੀ ਬਣੀ ਜਿਸ ਵਿੱਚ ਸਰਕਾਰ ਮੰਗਲ ਗ੍ਰਹਿ ਤੇ ਜਾਣ ਦਾ ਨਾਟਕ ਕਰਦੀ ਹੈ। ਇਸ ਦੇ ਸੈੱਟ, ਕਿਰਦਾਰਾਂ ਦੇ ਕੱਪੜੇ, ਡਾਇਲਾਗ ਹੂ-ਬ-ਹੂ ਅਪੋਲੋ-99 ਵਰਗੇ ਸਨ। ਇਸ ਫ਼ਿਲਮ ਦਾ ਡਾਇਰੈਕਟਰ ਪਾਲ ਲੈਜ਼ਰਸ ਇਸ ਕਾਂਸਪੀਰੇਸੀ ਥਿਊਰੀਵਿੱਚ ਪੂਰਾ ਯਕੀਨ ਰੱਖਦਾ ਸੀ। ਉਸ ਨੇ ਸਿਨੇਮਾ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੁਲਾੜ ਦਾ ਸੈੱਟ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਫ਼ਿਲਮ ਦਾ ਬਜਟ ਚਾਲੀ ਲੱਖ ਡਾਲਰ ਸੀ। ਲੈਜ਼ਰਸ ਮੁਤਾਬਕ ਨਾਸਾ ਦੇ ਅਪੋਲੋ-99 ਦੇ 40 ਅਰਬ ਡਾਲਰ ਦੇ ਬਜਟ ਨਾਲ ਤਾਂ ਇਸ ਸਾਜ਼ਿਸ਼ ਨੂੰ ਆਸਾਨੀ ਨਾਲ ਅੰਜ਼ਾਮ ਦਿੱਤਾ ਜਾ ਸਕਦਾ ਸੀ। ਲੂਨਰ ਲੈਂਡਰ ਦੇ ਚਲਦੇ ਇੰਜਣ ਦੀ ਆਵਾਜ਼ 140-150 ਹਰਟਜ਼ ਹੁੰਦੀ ਹੈ, ਭਾਵ ਬਹੁਤ ਜ਼ਿਆਦਾ। ਇੰਜਣ ਦੀ ਇੰਨੀ ਖੜਕੇ ਵਾਲੀ ਆਵਾਜ਼ ਵਿੱਚ ਪੁਲਾੜ ਯਾਤਰੀਆਂ ਦੀ ਆਵਾਜ਼ ਦਾ ਸਾਫ਼-ਸਾਫ਼  ਸੁਣਨਾ ਵੀ ਸ਼ੱਕੀ ਪ੍ਰਤੀਤ ਹੁੰਦਾ ਹੈ।
ਡੇਵਿਡ ਪਰਸੀ ਵਰਗੇ ਫੋਟੋਗ੍ਰਾਫੀ ਮਾਹਿਰਾਂ ਮੁਤਾਬਕ ਇਸ ਸਾਰੀ ਫੁਟੇਜ ਵਿੱਚ ਕਈ ਸਾਰੀਆਂ ਊੁਣਤਾਈਆਂ ਸਪਸ਼ਟ ਦਿਸਦੀਆਂ ਹਨ ਜਿਵੇਂ ਲੂਨਰ ਲੈਂਡਰ ਦੇ ਚੰਨ ਦੇ ਧਰਾਤਲ ਤੇ ਉਤਰਨ ਨਾਲ ਕੋਈ ਖੱਡਾ ਨਾ ਪੈਣਾ ਤੇ ਉਸ ਉÎੱਪਰ ਰੇਤ ਦਾ ਇੱਕ ਕਣ ਵੀ ਮੌਜੂਦ ਨਾ ਹੋਣਾ ਜਦੋਂਕਿ ਆਰਮਸਟਰਾਂਗ ਦੇ ਪੈਰਾਂ ਦੇ ਚੰਨ ਦੇ ਧਰਾਤਲ ਤੇ ਨਿਸ਼ਾਨ ਪੈ ਰਹੇ ਸਨ ਤੇ ਬੂਟਾਂ ਤੇ ਮਿੱਟੀ, ਫੋਟੋਆਂ ਵਿੱਚ ਤਾਰਿਆਂ ਦੀ ਅਣਹੋਂਦ, ਪਰਛਾਵਿਆਂ ਦੀ ਦਿਸ਼ਾ, ਪਹਿਲੇ ਅਤੇ ਦੂਜੇ ਦਿਨ ਲਈਆਂ ਗਈਆਂ ਫੋਟੋਆਂ ਵਿੱਚ ਇੱਕੋ ਜਿਹੀ ਪਿੱਠਭੂਮੀ ਜਦੋਂਕਿ ਨਾਸਾ ਮੁਤਾਬਕ ਇਹ ਇੱਕ-ਦੂਜੇ ਤੋਂ ਤਕਰੀਬਨ 230 ਮੀਲ ਦੂਰੀ ਤੇ ਲਈਆਂ ਗਈਆਂ ਸਨ; ਆਰਮਸਟਰਾਂਗ ਤੇ ਸ਼ੀਸ਼ੇ ਵਾਲੇ ਹੈਲਮਟ ਵਿੱਚ ਰੋਸ਼ਨੀ ਦਾ ਇੱਕ ਸ੍ਰੋਤ ਦਿਸਣਾ ਆਦਿ ਸਾਬਿਤ ਕਰਦੇ ਹਨ ਕਿ ਇਹ ਸਾਰਾ ਪ੍ਰਪੰਚ ਨੇਵਾਦਾ ਦੇ ਏਰੀਆ 51 ਵਿੱਚ ਰਚਿਆ ਗਿਆ। ਅਸਲ ਚ ਨਾਸਾ ਵੱਲੋਂ ਨੇਵਾਦਾ ਦਾ ਰੇਗਿਸਤਾਨ ਹੀ ਚੰਨ ਦੀ ਧਰਤੀ ਦਿਖਾਇਆ ਗਿਆ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਸਭ ਕੁਝ ਝੂਠ ਸੀ ਤਾਂ ਨਾਸਾ ਵਿੱਚੋਂ ਕਿਸੇ ਨੇ ਇਸ ਬਾਰੇ ਆਵਾਜ਼ ਕਿਉਂ ਨਾ ਉਠਾਈ? ਗਰਿਸਮ ਨਾਸਾ ਦੇ ਸੱਤ ਮੋਹਰੀ ਪੁਲਾੜੀਆਂ ਵਿੱਚੋਂ ਇੱਕ ਸੀ ਅਤੇ ਸ਼ਾਇਦ ਸਭ ਤੋਂ ਪਹਿਲਾਂ ਆਰਮਸਟਰਾਂਗ ਦੀ ਥਾਂ ਉਸ ਨੇ ਅਪੋਲੋ-99 ਵਿੱਚ ਜਾਣਾ ਸੀ ਪਰ ਇੱਕ ਇੰਟਰਵਿਊ ਦੌਰਾਨ ਗਰਿਸਮ ਨੇ ਨਾਸਾ ਵਿਰੁੱਧ ਇੱਕ ਟਿੱਪਣੀ ਕੀਤੀ ਅਤੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਜਲਦ ਹੀ ਕੋਈ ਮਾਰਿਆ ਜਾਵੇਗਾ। ਕੁਝ ਹੀ ਦਿਨਾਂ ਬਾਅਦ ਤਿੰਨ ਪੁਲਾੜੀ ਯਾਤਰੀ ਧਰਤੀ ਉਪਰ ਖੜ੍ਹੇ ਅਪੋਲੋ-9 ਵਿੱਚ ਅੱਗ ਲੱਗਣ ਕਰਕੇ ਮਰ ਗਏ। ਅਜਿਹੇ ਹਾਦਸੇ ਦੀ ਆਸ ਪੁਲਾੜ ਵਿੱਚ ਤਾਂ ਕੀਤੀ ਜਾ ਸਕਦੀ ਹੈ ਪਰ ਧਰਤੀ ਤੇ ਖੜ੍ਹੇ ਜਹਾਜ਼ ਵਿੱਚ ਇਹ ਸਭ ਹੋਣਾ ਬੇਹੱਦ ਹੈਰਾਨੀਜਨਕ ਸੀ। ਗਰਿਸਮ ਦੀ ਪਤਨੀ ਅਤੇ ਬੇਟਾ ਸ਼ਰੇਆਮ ਇਸ ਦਾ ਇਲਜ਼ਾਮ ਨਾਸਾ ਅਤੇ ਅਮਰੀਕੀ ਏਜੰਸੀ ਸੀ.ਆਈ.ਏ. ਦੇ ਸਿਰ ਮੜ੍ਹਦੇ ਹੋਏ ਇਸ ਘਟਨਾ ਨੂੰ ਸਾਜ਼ਿਸ਼ੀ ਕਤਲ ਦੱਸਦੇ ਹਨ। ਥਾਮਸ ਰੇਨਾਲਡ ਬੇਅਰਨ ਅਪੋਲੋ-9 ਦਾ ਸੇਫਟੀ ਸੁਪਰਵਾਈਜ਼ਰ ਸੀ ਜਿਸ ਨੇ ਇੱਕ ਟੀ.ਵੀ. ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਅਪੋਲੋ ਪ੍ਰੋਜੈਕਟ ਅਜੇ ਬੇਹੱਦ ਕਮਜ਼ੋਰ ਹੈ ਅਤੇ ਅਗਲੇ 25-30 ਸਾਲ ਤੱਕ ਚੰਦ ਤੇ ਜਾਣ ਦੇ ਕੋਈ ਆਸਾਰ ਨਹੀਂ। ਉਸ ਨੇ ਆਪਣੀ ਰਿਪੋਰਟ ਕਾਂਗਰਸ ਨੂੰ ਵੀ ਸੌਂਪੀ। ਕੁਝ ਹੀ ਦਿਨਾਂ ਬਾਅਦ ਬੇਅਰਨ ਆਪਣੀ ਪਤਨੀ ਅਤੇ ਬੇਟੀ ਨਾਲ ਇੱਕ ਸੜਕ ਹਾਦਸੇ ਵਿੱਚ ਮਾਰਿਆ ਗਿਆ। ਉਸ ਦੀ ਰਿਪੋਰਟ ਦਾ ਅਜੇ ਤਕ ਕੋਈ ਅਤਾ-ਪਤਾ ਨਹੀਂ ਲੱਗ ਸਕਿਆ ਜੋ ਗੁੰਮ ਹੋਈਕਰਾਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਵੀ ਅਪੋਲੋ ਪ੍ਰੋਜੈਕਟ ਜਾਰੀ ਰਿਹਾ ਅਤੇ ਨਾਲ ਹੀ ਜਾਰੀ ਰਿਹਾ ਅਣਿਆਈਆਂ ਮੌਤਾਂ ਦਾ ਸਿਲਸਿਲਾ ਵੀ। 1964 ਤੋਂ 1967 ਤਕ ਦਸ ਪੁਲਾੜ ਯਾਤਰੀ ਅਜੀਬੋ-ਗਰੀਬ ਹਾਦਸਿਆਂ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਠੇ। ਇਹ ਨਾਸਾ ਦੇ ਕੋਰ ਪੁਲਾੜ ਗਰੁੱਪ ਦਾ 50 ਫ਼ੀਸਦੀ ਹੈ। ਜਿਸ ਨੇ ਵੀ ਨਾਸਾ ਦੀ ਪੋਲ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਉਸ ਦੀ ਜੀਵਨ ਲੀਲਾ ਹੀ ਖ਼ਤਮ ਕਰ ਦਿੱਤੀ ਗਈ।
ਇੱਕ ਹੋਰ ਸਵਾਲ ਜੋ ਵਾਰ-ਵਾਰ ਦਿਮਾਗ਼ ਨੂੰ ਪ੍ਰੇਸ਼ਾਨ ਕਰਦਾ ਹੈ ਕਿ 1972 ਤੋਂ ਲੈ ਕੇ ਹੁਣ ਤੱਕ ਵਿਗਿਆਨ ਬਹੁਤ ਤਰੱਕੀ ਕਰ ਚੁੱਕਿਆ ਹੈ। ਇਸ ਦੇ ਬਾਵਜੂਦ 1972 ਤੋਂ ਬਾਅਦ ਹੁਣ ਤੱਕ ਕੋਈ ਚੰਨ ਯਾਤਰਾ ਕਿਉਂ ਨਹੀਂ ਹੋਈ। ਜੇ ਉਸ ਸਮੇਂ ਨੀਲ ਆਰਮਸਟਰਾਂਗ ਚੰਨ ਤੇ ਪਹੁੰਚ ਗਿਆ ਸੀ ਤਾਂ ਹੁਣ ਤਕ ਤਾਂ ਵਿਗਿਆਨੀਆਂ ਨੇ ਚੰਨ ਤੇ ਕਾਲੋਨੀਆਂ ਵਸਾ ਕੇ ਕਾਫ਼ੀ ਵਿਅਕਤੀ ਉੱਥੇ ਭੇਜ ਦੇਣੇ ਸਨ। ਇਸ ਤੋਂ ਇਲਾਵਾ ਇਸ ਖੇਤਰ ਵਿੱਚ ਹੋਰ ਵੀ ਕਾਫ਼ੀ ਕੁਝ ਕਰ ਵਿਖਾਉਣਾ ਸੀ।
ਇਹ ਤੱਥ ਵੀ ਹੈਰਾਨੀ ਭਰਿਆ ਹੈ ਕਿ ਅੱਜ-ਕੱਲ੍ਹ ਮੀਡੀਆ ਖੂਹ ਵਿੱਚ ਡਿੱਗੇ ਬੱਚੇ ਦਾ ਵੀ ਦੋ-ਦੋ ਦਿਨ ਲਗਾਤਾਰ ਸਿੱਧਾ ਪ੍ਰਸਾਰਨ ਕਰਦਾ ਹੈ, ਛੋਟੇ-ਛੋਟੇ ਵਿਗਿਆਨੀਆਂ ਦੇ ਯੂਨੀਵਰਸਿਟੀਆਂ ਵਿੱਚ ਅਨੇਕਾਂ ਲੈਕਚਰ ਅਤੇ ਟੀ.ਵੀ. ਤੇ ਸ਼ੋਅ ਹੁੰਦੇ ਹਨ, ਉਨ੍ਹਾਂ ਬਾਰੇ ਕਿਤਾਬਾਂ ਲਿਖੀਆਂ ਜਾਂਦੀਆਂ ਹਨ, ਟਾਕ ਸ਼ੋਅ ਪ੍ਰਸਾਰਤ ਹੁੰਦੇ ਹਨ ਪਰ ਨੀਲ ਆਰਮਸਟਰਾਂਗ ਦੀ ਕੋਈ ਇੰਟਰਵਿਊ, ਟੀ.ਵੀ. ਟਾਕ ਜਾਂ ਸੈਮੀਨਾਰ, ਲੈਕਚਰ ਆਦਿ ਹੋਣ ਬਾਰੇ ਕਦੇ ਕੋਈ ਖੁਲਾਸਾ ਨਹੀਂ ਹੋਇਆ। ਕਿਤੇ ਉਸ ਨੂੰ ਜਾਣ-ਬੁੱਝ ਕੇ ਹੀ ਗੁੰਮਨਾਮੀ ਦੀ ਜ਼ਿੰਦਗੀ ਚ ਰਹਿਣ ਲਈ ਮਜਬੂਰ ਤਾਂ ਨਹੀਂ ਕੀਤਾ ਗਿਆ? ਹੋਰ ਤਾਂ ਹੋਰ ਅਮਰੀਕੀਆਂ ਨੇ ਕਦੇ ਮਨੁੱਖ ਦੇ ਚੰਨ ਤੇ ਪੈਰ ਧਰਨ ਦੇ ਦਿਨ ਦੀ ਵਰ੍ਹੇਗੰਢ ਵੀ ਨਹੀਂ ਮਨਾਈ ਜਦੋਂਕਿ 9/11 ਅਤੇ ਹਿਰੋਸ਼ਿਮਾ ਵਰਗੇ ਅਨੇਕਾਂ ਦਿਹਾੜੇ ਕੌਮਾਂਤਰੀ ਪੱਧਰ ਤੇ ਮਨਾਏ ਜਾਂਦੇ ਹਨ।
ਜੇ ਇਹ ਅਪੋਲੋ ਹੌਕਸਸੱਚ ਹੈ ਤਾਂ ਅਪੋਲੋ-99’ 40 ਅਰਬ ਡਾਲਰ ਨਾਲ ਬਣਾਈ ਗਈ ਹੁਣ ਤਕ ਦੀ ਸਭ ਤੋਂ ਮਹਿੰਗੀ ਫ਼ਿਲਮ ਸੀ, ਜਿਸ ਦੀ ਸ਼ੂਟਿੰਗ ਅਮਰੀਕਾ ਦੇ ਨੇਵਾਦਾ ਰੇਗਿਸਤਾਨ ਵਿੱਚ ਸਥਿਤ ਏਰੀਆ 51 ਵਿੱਚ ਹੋਈ ਜਿਸ ਵਿੱਚ ਨੀਲ ਆਰਮਸਟਰਾਂਗ ਅਤੇ ਐਡਵਿਨ ਐਲਡਰਿਨ ਨੇ ਮੁੱਖ ਭੂਮਿਕਾ ਨਿਭਾਈ ਅਤੇ ਇਸ ਫ਼ਿਲਮ ਦਾ ਡਾਇਰੈਕਟਰ ਨਾਸਾ ਅਤੇ ਨਿਰਮਾਤਾ ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਸੀ।
ਡਾ.ਗਗਨਦੀਪ ਸਿੰਘ,
ਮੋਬਾਈਲ: 76960-97115

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...