ਅਰਚਨਾ ਮੇਜ਼ ਤੇ ਰੌਸ਼ਨੀ ਦੇ
ਵਿਚਕਾਰ ਖੜ੍ਹੀ ਹੋ ਗਈ, ਉਦੋਂ ਅਹਿਸਾਸ ਹੋਇਆ ਕਿ ਫ਼ੋਨ ਲੈ ਕੇ ਆਈ ਹੈ.
“ਤੁਸੀਂ ਅਰਜਨ
ਕੁਮਾਰ ਬੋਲ ਰਹੇ ਹੋ?”
ਆਵਾਜ਼ ’ਚ ਹਰਿਆਣਵੀ
ਵੇਗ (ਚੁਸਤੀ,
ਜਲਦਬਾਜ਼ੀ) ਸੀ. ਉਸ
ਜਲਦਬਾਜ਼ੀ ਦੇ ਪਿੱਛੇ ਮੈਨੂੰ ਘਬਰਾਹਟ ਦਾ ਅਹਿਸਾਸ ਹੋਇਆ. ਜਿਵੇਂ ਕੁਝ ਕਹਿ ਗੁਜ਼ਰਨ ਦੀ ਉਤੇਜਨਾ
ਹੋਵੇ. “ਜੀ. ਤੁਸੀਂ?” ਅਰਚਨਾ
ਸਾਹਮਣੇ ਖੜ੍ਹੀ ਸੀ. ਰਾਤ ਦੀ ਚੁੱਪੀ ’ਚ ਫ਼ੋਨ ਦੀ ਆਵਾਜ਼ ਛਣ ਕੇ ਬਾਹਰ ਆ
ਰਹੀ ਸੀ. ਇਕ ਔਰਤ ਦੀ ਆਵਾਜ਼, ਜਿਸ ਨੂੰ ਅਰਚਨਾ ਸੁਣ ਰਹੀ ਸੀ. ਉਧਰੋਂ ਆਵਾਜ਼ ਆਈ, “ਜੀ, ਮੈਂ ਅਨਸੂਆ.” ਬੋਲਣ ਨੂੰ ਤਾਂ ਮੈਂ ਬੋਲ ਗਿਆ ‘ਕੌਣ ਅਨਸੂਆ’ ਪਰ ਜਿਵੇਂ ਆਪਣੀ ਹੀ ਕੱਟੀ ਹੋਈ ਪਤੰਗ ਦੀ ਡੋਰ ਆਪਣੇ ਹੱਥ ’ਚ ਆ ਜਾਵੇ,
ਉਸੇ ਤਰ੍ਹਾਂ ਯਾਦ ਆਇਆ, “ਓਹ…!” ਅਰਚਨਾ
ਮੇਰੇ ਚਿਹਰੇ ਉੱਤੇ ਮੱਚੀ ਹਲਚਲ ਦੇਖ ਰਹੀ ਸੀ. “ਤੂੰ!” ਜ਼ਰਾ ’ਕੁ ਦੇਰ ਦੀ
ਚੁੱਪੀ ਤੋਂ ਬਾਅਦ ਮੈਂ ਪੁੱਛਿਆ, “ਕਿਵੇਂ ਯਾਦ ਕੀਤਾ?”
ਫ਼ੋਨ ਦੇ ਇੱਧਰ ਜੋ ਮੈਂ ਸਮਝ ਸਕਿਆ
ਕਿ ਉਸ ਨੂੰ
ਭੁੱਲਿਆ ਨਹੀਂ ਹਾਂ, ਇਸ ਭਾਵਨਾ ਨੇ ਉਸ ਨੂੰ ਤਸੱਲੀ ਬਖ਼ਸ਼ੀ ਹੋਵੇਗੀ. ਸ਼ਾਇਦ ਇਸ ਲਈ ਹੀ ਉਸ ਨੇ ਅਗਲੇ ਵਾਕ ਤੋਂ
ਤੁਸੀਂ ਦਾ ਸੰਬੋਧਨ ਹਟਾ ਲਿਆ ਸੀ, “ਤੂੰ ਹੀ ਲੇਖਕ ਅਰਜੁਨ ਕੁਮਾਰ ਹੈਂ
ਨਾ?”
“ਹਾਂ, ਜੇਕਰ ਕੋਈ ਲੇਖਕ
ਮੰਨਦਾ ਹੋਵੇ ਤਾਂ.” ਮੈਨੂੰ
ਨਹੀਂ ਪਤਾ ਸੀ ਕਿ ਇਹ ਵਾਕ ਮੈਂ ਅਨਸੂਆ ਦੇ ਲਈ ਕਿਹਾ ਸੀ ਜਾਂ ਸਾਹਮਣੇ ਖੜ੍ਹੀ ਆਪਣੀ ਘਰਵਾਲੀ ਦੇ
ਲਈ ਜਾਂ ਉਸ ਦੁਨੀਆ ਦੇ ਲਈ ਜਿਸ ਦਾ ਭਾਸ਼ਾ ਉੱਤੇ ਬੇਨਾਮੀ ਕਬਜ਼ਾ ਸੀ. ਇਹ ਤਾਂ ਫਿਰ ਵੀ
ਵੱਡਾ ਪ੍ਰਸ਼ਨ ਸੀ,
ਉਸ ਵਕਤ
ਤਾਂ ਇਹ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਫ਼ੋਨ ਕਿਉਂ ਆਇਆ ਤੇ ਇੰਨੀ ਰਾਤ ਨੂੰ ਕਿਵੇਂ ਆਇਆ?
“ਵਰ੍ਹਿਆਂ
ਪਹਿਲਾਂ ਇਕ ਅਖ਼ਬਾਰ ’ਚ, ਸ਼ਾਇਦ ਜਾਗ੍ਰਿਤੀ ਅਖ਼ਬਾਰ ’ਚ ਤੇਰੀ
ਕਹਾਣੀ ਪੜ੍ਹੀ ਸੀ, ਉਸੇ ਵਿੱਚ ਇਹ ਨੰਬਰ ਸੀ.”
“ਉਹ ਪੰਜ ’ਕੁ ਸਾਲ
ਪਹਿਲਾਂ ਛਪੀ ਸੀ,” ਮੈਨੂੰ ਸੰਕੋਚ ਵੀ ਹੋਇਆ ਕਿ ਕਿਤੇ
ਉਸ ਨੇ ਮਹਿਜ਼
ਉਹੀ ਕਹਾਣੀ ਪੜ੍ਹ ਰੱਖੀ ਹੋਵੇ ਤਾਂ ਮੇਰਾ ਕਿਹੋ ਜਿਹਾ ਵਿਅਕਤੀਤਵ ਉਸ ਦੇ ਮਨ ’ਚ ਬਣਿਆ ਹੋਵੇਗਾ.
ਉਸ ਦੀ ਚੁੱਪੀ ਤੋਂ ਲੱਗਾ ਉਹ ਰੋ ਰਹੀ ਹੈ. ਅਰਚਨਾ ਉੱਥੇ ਹੀ ਖੜ੍ਹੀ ਸੀ, ਸ਼ੈਲਫ ਨਿਹਾਰਦੀ ਹੋਈ.
“ਅਰਜੁਨ, ਮੇਰੇ ਪਤੀ
ਕੱਲ੍ਹ ਸਵੇਰ ਤੋਂ ਘਰ ਨਹੀਂ ਆਏ.”
ਦੱਸ ਦੇਵਾਂ ਕਿ ਇਹ ਵਾਕ ਮੈਂ
ਪੂਰਾ ਕੀਤਾ ਹੈ,
ਨਹੀਂ ਤਾਂ
ਸਵੇਰ ਸ਼ਬਦ ਤੱਕ ਆਉਂਦੇ-ਆਉਂਦੇ ਉਹ ਫਿੱਸ ਪਈ ਸੀ. ਫ਼ੋਨ ਤੋਂ ਬਾਹਰ ਫੈਲਦੀ ਉਸ ਦੀ ਰੋਣ ਦੀ ਆਵਾਜ਼ ਸੁਣ ਕੇ ਅਰਚਨਾ
ਨੇ ਫ਼ੋਨ ਨੂੰ ਸਪੀਕਰ ਮੋਡ ’ਤੇ ਕਰਨ ਦਾ ਇਸ਼ਾਰਾ ਕੀਤਾ.
“ਕੀ ਗੱਲ ਕਰ
ਰਹੀ ਹੈਂ ?” ਪੁੱਛਣ ਨੂੰ ਤਾਂ ਮੈਂ ਪੁੱਛ ਲਿਆ ਸੀ ਪਰ ਆਪਣੇ ਉਸ ਬੇਤੁਕੇ ਪ੍ਰਸ਼ਨ ਉੱਤੇ ਮੈਨੂੰ ਗ਼ੁੱਸਾ
ਆਇਆ. ਉਹ ਆਪਣੀ ਹਕੀਕਤ ਦੱਸ ਰਹੀ ਸੀ.
“ਸਵੇਰ ਤੋਂ
ਦੋ ਵਾਰ ਥਾਣੇ ਤੱਕ ਜਾ ਚੁੱਕੀ ਹਾਂ, ਕੋਈ ਕੁਝ ਨਹੀਂ ਦੱਸ ਰਿਹਾ.” ਇੱਥੇ ਉਹ ਰੁਕੀ, ਜਿਵੇਂ ਗਲ਼ਾ ਭਰ ਜਾਣ ’ਤੇ ਆਪਾਂ ਰੁਕਦੇ ਹਾਂ. ਸਾਹ ਲੈਣ
ਦੀ ਇਕ ਲੰਮੀ ਆਵਾਜ਼ ਆਈ, ਫਿਰ ਕਹਿਣ ਲੱਗੀ, “ਹੁਣੇ ਤਿੰਨ ਪੁਲਿਸ ਵਾਲੇ ਘਰ ਆ
ਗਏ ਸਨ, ਮਕਾਨ ਮਾਲਕ ਨੇ ਮਿੰਨਤਾਂ ਕਰ ਕੇ ਉਨ੍ਹਾਂ ਨੂੰ ਵਾਪਸ ਭੇਜਿਆ, ਤਲਾਸ਼ੀ ਦੇ
ਨਾਮ ’ਤੇ ਦੋ ਵਾਰ ਪਹਿਲਾਂ ਵੀ ਆਏ ਸੀ ਤੇ ਪੂਰਾ ਘਰ ਛਾਣ ਮਾਰਿਆ ਹੈ.”
“ਕਿੱਥੇ ਹੈਂ
ਤੂੰ?”
ਕਿੰਨਾ ਅਜੀਬ ਸੀ ਇਹ ਪ੍ਰਸ਼ਨ. ਜਿਸ ਦੇ ਨਾਲ
ਆਪਣੇ ਜੀਵਨ ਦਾ ਇਕ ਲੰਮਾ ਸਮਾਂ ਗੁਜ਼ਾਰਿਆ ਹੋਵੇ, ਕੁਝ ਸਮੇਂ ਬਾਅਦ ਉਸ ਦੇ ਹੋਣ ਜਾਂ
ਨਾ ਹੋਣ ਦਾ ਪਤਾ ਵੀ ਨਹੀਂ ਲੱਗਦਾ.
“ਨੋਮਾ,”
ਉਹ ਬੋਲੀ
ਪਰ ਉਸ ਨੂੰ ਲੱਗਿਆ ਕਿ ਨੋਮਾ ਬਾਰੇ ਮੈਂ ਜਾਣਦਾ ਸੀ, ਇਸ ਲਈ ਉਸ ਨੇ ਕਿਹਾ, “ਸਲੇਮਪੁਰ,”
ਫਿਰ ਕਿਹਾ, “ਦੇਵਰੀਆ.” ਇਹ ਕਹਿ ਕੇ ਵੀ ਉਹ ਸ਼ਾਇਦ ਸੰਤੁਸ਼ਟ ਨਹੀਂ ਹੋਈ ਤਾਂ ਇਸ ਲਈ ਫਿਰ ਬੋਲੀ, “ਗੋਰਖਪੁਰ
ਦੇ ਕੋਲ ਹੈ.”
“ਉਹ ਆ
ਜਾਣਗੇ, ਤੂੰ ਕਿਸੇ
ਦੋਸਤ ਦੇ ਘਰ ਚਲੀ ਜਾ, ਸਵੇਰੇ ਤੱਕ ਇੰਤਜ਼ਾਰ ਕਰ ਲੈ.” ਪੁੱਛਣ ਦੀ ਇੱਛਾ ਹੋਈ ਕਿ ਕੀ ਤੇਰਾ ਪਤੀ ਨਸ਼ਾ ਵਗ਼ੈਰਾ ਕਰਦਾ ਸੀ? ਪਰ ਪੁੱਛਣ
ਦੀ ਹਿੰਮਤ ਨਾ ਕਰ ਸਕਿਆ. ਅਜਿਹੇ ਸਵਾਲ ਜ਼ਖ਼ਮ ਦੀ ਤਰ੍ਹਾਂ ਲੱਗਦੇ ਹਨ. ਜੇਕਰ ਨਸ਼ਾ ਕਰਦਾ ਹੋਵੇ ਤਾਂ
ਵੀ ਤੇ ਨਾ ਕਰਦਾ ਹੋਵੇ ਤਾਂ ਵੀ. ਦੋਵੇਂ ਹੀ ਸਥਿਤੀਆਂ ’ਚ ਇਹ
ਪ੍ਰਸ਼ਨ ਮਾਰਕ ਹੋ ਸਕਦਾ ਸੀ.
“ਪੁਲਿਸ
ਪ੍ਰਸ਼ਾਸਨ ’ਚ ਕੋਈ ਮੇਰੀ ਸੁਣ ਨਹੀਂ ਰਿਹਾ,”
ਉਹ ਫਿਰ
ਰੋਣ ਲੱਗੀ, ਪਰ ਇਸ ਵਾਰ ਉਸ ਦੀ ਰੋਣ ਦੀ
ਆਵਾਜ਼ ’ਚ ਇਹ ਦਫ਼ਤਰ-ਨੁਮਾ ਮੇਰਾ ਕਮਰਾ ਗੂੰਜ ਰਿਹਾ ਸੀ. ਮੇਰੇ ਕੋਲ ਇਸ
ਵਿਰਲਾਪ ਲਈ ਇਕ ਹੀ ਸ਼ਬਦ ਸੀ, ਗੱਲ ਨੂੰ ਗੋਲ਼ ਕਰ ਦੇਣਾ. ਅਜਿਹਾ ਵਿਰਲਾਪ ਜਿਸ ’ਚ ਸਭ ਤੋਂ
ਪਹਿਲਾਂ ਤੁਸੀਂ ਆਪਣੇ-ਆਪ ਨੂੰ ਭੁੱਲਦੇ ਹੋ.
“ਸਵੇਰੇ ਤੱਕ
ਉਡੀਕ ਕਰ ਲੈ,” ਇਹ ਮੈਂ ਦੋ ਵਾਰ ਕਿਹਾ.
“ਤੂੰ ਸਮਝ
ਨਹੀਂ ਰਿਹਾ, ਅਰਜੁਨ.
ਬਹੁਤ ਮੁਸ਼ਕਿਲ ’ਚ ਹਾਂ. ਮੈਂ ਅਜਿਹੇ ਕਿਸੇ ਵਿਅਕਤੀ ਨੂੰ ਨਹੀਂ ਜਾਣਦੀ ਜਿਸ ਦੀ ਪੁਲਿਸ ’ਚ ਚੱਲਦੀ
ਹੋਵੇ, ਇਹ ਲੋਕ
ਗੁੰਮਸ਼ੁਦਗੀ ਤੱਕ ਦੀ ਰਪਟ ਨਹੀਂ ਲਿਖ ਰਹੇ”, ਤੇ ਫ਼ੋਨ
ਕੱਟ ਗਿਆ.
***
ਫ਼ੋਨ ਕੱਟਿਆ ਉਦੋਂ ਅਹਿਸਾਸ ਹੋਇਆ, ਅਜਿਹੇ
ਵਾਕਾਂ ਨਾਲ ਮੇਰਾ ਸਾਹਮਣਾ ਹੁਣ ਵਿਰਲਾ ਹੀ ਹੁੰਦਾ ਹੈ ਕਿ ‘ਤੂੰ ਸਮਝ
ਨਹੀਂ ਰਿਹਾ’ ਜਾਂ ‘ਸਮਝਣ ਦੀ
ਕੋਸ਼ਿਸ਼ ਕਰ.’ ਇਨ੍ਹਾਂ ਵਾਕੰਸ਼ਾਂ ਤੋਂ ਬਾਅਦ
ਅਕਸਰ ਮੈਂ ਚੁੱਪ ਹੋ ਜਾਇਆ ਕਰਦਾ ਹਾਂ. ਸਮਝਣ ਦੀ ਰਹੀ-ਸਹੀ ਕੋਸ਼ਿਸ਼ ਛੱਡ ਦਿੰਦਾ ਹਾਂ.
ਅਰਚਨਾ ਦੇ ਮਨ ’ਚ ਕੁਝ
ਦੂਜਾ ਹੀ ਚੱਲ ਰਿਹਾ ਹੋਵੇਗਾ. ਅਸੀਂ ਦੋਵੇਂ ਚੁੱਪ ਰਹੇ. ਥੋੜ੍ਹੀ
ਦੇਰ ਬਾਅਦ ਵੀ ਚੁੱਪੀ ਜਿਉਂ ਦੀ ਤਿਉਂ ਰਹੀ, ਪਰ ਹੁਣ ਅਸੀਂ ਇਕ-ਦੂਜੇ ਨੂੰ ਦੇਖਦੇ ਹੋਏ ਚੁੱਪ ਸੀ. ਮੈਂ ਹੀ ਪੁੱਛਿਆ, “ਕੀ ਲੱਗਦਾ
ਹੈ?” ਇਹ ਪ੍ਰਸ਼ਨ ਮੈਂ ਚੁੱਪੀ ਦੇ ਕ੍ਰਮ ਨੂੰ ਭੰਗ ਕਰਨ ਦੇ ਲਿਹਾਜ਼ ਨਾਲ ਕੀਤਾ ਸੀ. ਉਸ ਦਾ ਖ਼ਿਆਲ
ਜਾਣਨਾ ਉਦੇਸ਼ ਨਹੀਂ ਸੀ ਪਰ ਉਸ ਨੇ ਤੁਰੰਤ ਕਿਹਾ, “ਤੈਨੂੰ
ਜਾਣਾ ਚਾਹੀਦਾ ਹੈ.” ਇਹ ਵੀ
ਕਿਹਾ, “ਭਾਈ ਨਾਲ
ਗੱਲ ਕਰਦੀ ਹਾਂ.”
***
ਕੋਈ ਪਾਗਲ ਹੀ ਹੋਵੇਗਾ ਜੋ
ਰਿਸ਼ਤੇਦਾਰਾਂ ਦੇ ਘਰ ਵਾਪਸ ਨਾ ਆਉਣ ’ਤੇ ਪਰੇਸ਼ਾਨ ਨਾ ਹੋਵੇ. ਆਪਣੇ
ਘਰਵਾਲੇ ਦੀ ਅਚਾਨਕ ਗੁੰਮਸ਼ੁਦਗੀ ਤੋਂ ਘਬਰਾ ਨਾ ਜਾਵੇ. ਅਨਸੂਆ ਦੀ ਪਰੇਸ਼ਾਨੀ ਖਿੜਕੀ ਤੋਂ ਬਾਹਰ
ਫੈਲੇ ਹਨੇਰੇ ਦੀ ਤਰ੍ਹਾਂ ਸਪਸ਼ਟ ਹੋ ਰਹੀ ਸੀ ਤੇ ਅਸੀਂ ਕੇਵਲ ਜਾਣੂ ਵੀ ਨਹੀਂ ਸੀ. ਮੈਨੂੰ ਉਸ ਦੀ
ਫ਼ਿਕਰ ਹੋ ਰਹੀ ਸੀ, ਪਰ ਕਿਸੇ
ਦੂਜੇ ਦੀ ਮਦਦ ਲਈ ਘਰ ਤੋਂ ਬਾਹਰ ਜਾਣ ਦਾ ਵਿਚਾਰ ਕਦੇ ਨਹੀਂ ਆਉਂਦਾ ਸੀ, ਇਸ ਲਈ ਹੁਣ ਵੀ ਇਹ ਗੱਲ
ਗਲ਼ੇ ਨਹੀਂ ਉੱਤਰ ਰਹੀ ਸੀ ਕਿ ਮੈਨੂੰ ਜਾਣਾ ਚਾਹੀਦਾ ਹੈ. ਖ਼ੁਦ ਮੈਨੂੰ ਵੀ ਯਾਦ ਨਹੀਂ ਆ ਰਿਹਾ ਸੀ
ਕਿ ਪਿਛਲੀ ਵਾਰ ਮੈਂ ਕਦੋਂ ਕਿਸੇ ਦੀ ਅਜਿਹੀ ਮਦਦ ਕੀਤੀ ਹੋਵੇਗੀ ਜਿਸ ਵਿੱਚ ਮੇਰਾ ਸਮਾਂ ਲੱਗਿਆ
ਹੋਵੇ ਜਾਂ ਊਰਜਾ ਲੱਗੀ ਹੋਵੇ. ਮਦਦ ਮੇਰੇ ਲਈ ਹੁਣ ਕੇਵਲ ਚੰਦੇ ਤੱਕ ਸੀਮਤ ਰਹਿ ਗਈ ਸੀ.
ਅਰਚਨਾ ਨੇ ਇਸ ਵਿਚਕਾਰ ਮੋਬਾਈਲ
ਦੀ ਸਕਰੀਨ ਮੈਨੂੰ ਦਿਖਾਈ. ਮੇਕ ਮਾਇ ਟ੍ਰਿਪ ਦਾ ਐਪ ਖੁੱਲ੍ਹਿਆ ਹੋਇਆ ਸੀ. ਉਹ ਏਅਰ-ਇੰਡੀਆ ਦਾ ਇਕ
ਜਹਾਜ਼ ਦਿਖਾ ਰਿਹਾ ਸੀ. ਅਰਚਨਾ ਨੇ ਦੱਸਿਆ, “ਸਵੇਰੇ ਸਵਾ
ਪੰਜ ਵਜੇ ਹੈ. ਡੇਢ ਘੰਟੇ ’ਚ ਗੋਰਖਪੁਰ ਉਤਾਰ ਦੇਵੇਗਾ.”
ਇੰਨਾ ਦੱਸ ਕੇ ਉਹ ਕਮਰੇ ਵੱਲ ਚਲੀ
ਗਈ. ਮੈਂ ਇਸ ਜਹਾਜ਼-ਨੁਮਾ ਫ਼ਿਲਾਸਫ਼ੀ ਦੇ ਪੱਖ ’ਚ ਭੋਰਾ ਵੀ
ਨਹੀਂ ਸੀ. ਜੇਕਰ ਜਾਵਾਂਗਾ ਤਾਂ ਵੀ ਰੇਲਗੱਡੀ ’ਤੇ
ਜਾਵਾਂਗਾ, ਪਰ ਕੁਝ ਦੂਰ ਅੱਗੇ ਜਾ ਕੇ ਅਰਚਨਾ
ਨੇ ਫ਼ੈਸਲਾਕੁੰਨ ਅੰਦਾਜ਼ ’ਚ ਕਿਹਾ, “ਰੇਲਗੱਡੀਆਂ
ਕੱਲ੍ਹ ਦੀਆਂ ਹਨ ਤੇ ਟਿਕਟ ਮਿਲਣਾ ਅਸੰਭਵ ਹੈ.”
***
ਦੋਵੇਂ ਹੀ ਗੱਲਾਂ ਸਨ. ਮੈਂ ਜਾਣਦਾ
ਸੀ ਕਿ ਨੋਮਾ ਨਾਮਕ ਇਹ ਕਸਬਾ ਕਿੱਥੇ ਹੈ ਤੇ ਦੂਜੀ ਗੱਲ ਇਹ ਕਿ ਇਸੇ ਅਨਸੂਆ ਦੇ ਕਾਰਨ ਕੁਝ ਵਰ੍ਹੇ
ਪਹਿਲਾਂ ਅਰਚਨਾ ਤੇ ਮੇਰੇ ਵਿਚਕਾਰ ਦਸ-ਬਾਰ੍ਹਾਂ ਦਿਨਾਂ ਤੱਕ ਚੱਲਣ ਵਾਲਾ ਬੇਹੱਦ ਦੀ ਹੱਦ ਤੱਕ
ਝਗੜਾ ਹੋਇਆ ਸੀ. ਸਾਡੇ ਵਿਚਕਾਰ ਤਲਾਕ ਸ਼ਬਦ ਦਾ ਜ਼ਿਕਰ ਪਹਿਲੀ ਵਾਰ ਉਸੇ ਝਗੜੇ ’ਚ ਆਇਆ ਸੀ,
ਬਾਅਦ ਦੇ ਦਿਨਾਂ ’ਚ ਕਈ ਵਾਰ ਮੈਂ ਖ਼ੁਦ ਨੂੰ ਇਹ
ਸੋਚਦੇ ਹੋਏ ਫੜਿਆ, ਕੀ ਸਾਡੇ ਵਿਚਕਾਰ ਤਲਾਕ ਵੀ ਸੰਭਵ ਹੈ?
ਪੁਰਾਣੀਆਂ ਅਲਮਾਰੀਆਂ ਦੇ
ਰੱਖ-ਰਖਾਓ ਵਰਗਾ ਕੋਈ ਮਾਮਲਾ ਸੀ. ਹੁਣ ਇਹ ਵੀ ਯਾਦ ਨਹੀਂ ਕਿ ਅਲਮਾਰੀ ਦੀ ਜਗ੍ਹਾ ਬਾਰੇ ਗੱਲ ਹੋ
ਰਹੀ ਸੀ ਜਾਂ ਕਿਤਾਬਾਂ ਸਜਾਉਣ ਦੇ ਕ੍ਰਮ ਬਾਰੇ ਪਰ ਹੋਇਆ ਇਹ ਕਿ ਅਸ਼ਵਮੇਧ ਯੱਗ ਵਾਲੇ ਗੁਟਕੇ ’ਚੋਂ ਇਕ
ਤਸਵੀਰ ਡਿਗ ਗਈ. ਤਸਵੀਰ ਕਈ ਸਾਲ ਪਹਿਲਾਂ ਦੀ ਸੀ. ਇਕ ਕੁੜੀ ਆਪਣੀ ਨੀਲੀ-ਚਿੱਟੀ ਕਾਲਜ ਡਰੈੱਸ ’ਚ ਹੈ,
ਖੱਬੇ ਪੈਰ ਦੇ ਪੰਜੇ ਉੱਤੇ ਉੱਪਰ ਵੱਲ ਹੋਰ ਉੱਡਣ ਦੇ ਅੰਦਾਜ਼ ’ਚ ਖੜੀ ਹੈ,
ਸੱਜਾ ਪੈਰ ਮੁੜਿਆ ਹੋਇਆ ਹੈ, ਏਨਾ ਮੁੜਿਆ ਹੈ ਕਿ ਜੁੱਤੀ ਦਾ ਪਿਛਲਾ ਹਿੱਸਾ ਉਸ ਦੇ ਕੁਲ੍ਹਿਆਂ ਨੂੰ
ਛੂਹ ਰਿਹਾ ਹੈ ਤੇ ਇਹ ਜੋ ਉੱਪਰ ਵੱਲ ਉੱਡਣ ਦਾ ਉਸ ਦਾ ਅੰਦਾਜ਼ ਹੈ, ਉਸ ’ਚ ਉਸ ਦੇ ਬੁੱਲ੍ਹ
ਚੁੰਮਣ ਲਈ ਉੱਪਰ ਉੱਠੇ ਹੋਏ ਹਨ. ਇਕ ਮੁੰਡਾ ਹੈ ਜੋ ਸਾਹਮਣੇ ਦੇਖ ਰਿਹਾ ਹੈ, ਖੱਬੇ ਮੋਢੇ ਨੂੰ ਜ਼ਰਾ
ਝੁਕਾ ਕੇ ਉਹ ਹੱਸ ਰਿਹਾ ਹੈ, ਦੋਵੇਂ ਕੈਮਰਾ ਦੇਖ ਰਹੇ ਹਨ.
ਉਸ ਨੇ ਪੁੱਛਿਆ ਸੀ, “ਇਹ ਕੌਣ ਹੈ ?”
“ਮੈਂ ਹਾਂ.”
“ਏਨੀ
ਪਹਿਚਾਣ ਤਾਂ ਮੈਨੂੰ ਵੀ ਹੈ. ਕੋਲ ਜੋ ਮੁਹਤਰਮਾ ਖੜ੍ਹੀ ਹੈ, ਉਸ ਦੇ ਬਾਰੇ ਦੱਸੋ.”
ਮੈਨੂੰ ਨਾਮ ਯਾਦ ਨਹੀਂ ਆ ਰਿਹਾ
ਸੀ. ਜਦੋਂ ਸਾਰਾ ਮਾਮਲਾ ਵਿਗੜ ਗਿਆ ਤਦ ਨਾਮ ਯਾਦ ਆਇਆ ਸੀ ਤੇ ਜਦੋਂ ਸੁਲਾਹ ਹੋਈ ਯਾਨੀ
ਦਸ-ਬਾਰ੍ਹਾਂ ਦਿਨਾਂ ਬਾਅਦ ਜਦੋਂ ਅਸੀਂ ਸ਼ਾਮ ਦੀ ਚਾਹ ਪੀ ਰਹੇ ਸੀ. ਮੈਂ ਉਸ ਨੂੰ ਬੱਸ ਹੀ ਇਕ ਹੀ
ਸ਼ਬਦ ਕਿਹਾ ਸੀ,
“ਅਨਸੂਆ.” ਅਜਿਹਾ ਕਈ ਵਾਰ ਹੋਇਆ ਕਿ ਦੂਜੀਆਂ ਕੁੜੀਆਂ ਦਾ ਜ਼ਿਕਰ ਕਈ ਵਾਰ ਸਾਡੇ ਵਿਚਕਾਰ ਹੋਇਆ, ਪਰ ਉਸ ਝਗੜੇ ਦਾ ਸਾਡੇ ਉੱਤੇ ਜੋ ਅਸਰ ਪਿਆ ਸੀ ਉਸ ਦੇ
ਕਾਰਨ ਅਨਸੂਆ ਦਾ ਜ਼ਿਕਰ ਸਾਡੇ ਵਿਚਕਾਰ ਕਦੇ ਨਾ ਹੋਇਆ.
ਉਸ ਵਕਤ ਅਰਚਨਾ ਦੀ ਅਸਲ ਨਾਰਾਜ਼ਗੀ
ਜੋ ਵੀ ਰਹੀ ਹੋਵੇ, ਜ਼ਾਹਿਰ ਰੂਪ ’ਚ ਇਹ ਸੀ ਕਿ ਤੂੰ ਇਸ ਕੁੜੀ ਦੇ
ਬਾਰੇ ਕਦੇ ਦੱਸਿਆ ਨਹੀਂ. ਮੈਂ ਇਸ ਹਮਲੇ ਲਈ ਤਿਆਰ ਨਹੀਂ ਸੀ. ਤਸਵੀਰ ਤੇ ਚਿੱਠੀਆਂ ਰੱਖਣ ਦੀ
ਬਿਮਾਰੀ ਹੀ ਮੈਨੂੰ ਅਜੀਬ ਲੱਗਦੀ ਹੈ, ਪਰ ਮੈਨੂੰ
ਇਹ ਬਿਮਾਰੀ ਹੈ. ਦੂਜਾ, ਜੇਕਰ ਤਸਵੀਰ ਮਿਲ ਵੀ ਗਈ ਤਾਂ ਕਿਹੜਾ ਆਸਮਾਨ ਟੁੱਟ ਪਿਆ? ਹਰ ਪਲ ਸਾਵਧਾਨ ਰਹਿਣਾ ਹੁੰਦਾ ਤਾਂ ਉਸ ਵਕਤ ਕਿਸੇ ਵੀ
ਮਿੱਤਰ ਦਾ ਨਾਮ ਦੱਸ ਦਿੰਦਾ ਜਿਸ ਦਾ ਜ਼ਿਕਰ ਸਾਡੇ ਵਿਚਕਾਰ ਹੋ ਚੁੱਕਾ ਹੋਵੇ.
ਮੈਂ ਕੁਝ ਹੋਰ ਵਿਚਾਰ ਕਰਦਾ ਉਸ
ਤੋਂ ਪਹਿਲਾਂ ਹੀ ਅਰਚਨਾ ਪ੍ਰਤੱਖ ਸਾਹਮਣੇ ਆਈ, “ਅਨਸੂਆ ਨੂੰ
ਫ਼ੋਨ ਮਿਲਾਓ, ਉਸ
ਨੂੰ ਦੱਸੋ,
ਤੁਸੀਂ ਆ ਰਹੇ ਹੋ, ਉਹ ਪਰੇਸ਼ਾਨ ਹੋਣੀ.” ਫਿਰ ਜ਼ਰਾ ਠਹਿਰ ਕੇ ਸ਼ਾਂਤ ਸੁਰ ’ਚ ਕਿਹਾ, “ਤੈਨੂੰ
ਇਤਰਾਜ਼ ਨਾ ਹੋਵੇ ਤਾਂ ਮੈਂ ਉਸ ਨਾਲ ਗੱਲ ਕਰਾਂ.”
ਮੈਂ ਸਮਝ
ਗਿਆ ਕਿ ਮੁਹਤਰਮਾ ਦੇ ਦਿਲੋਂ-ਦਿਮਾਗ਼ ’ਚ ਹੋਰ ਹੀ ਕੋਈ ਵਿਚਾਰ ਚੱਲ ਰਹੇ
ਹਨ. ਹੋਵੇ ਜਾਂ ਨਾ ਹੋਵੇ, ਉਸ ਦੇ ਮਨ ’ਚ ਹੋਵੇ ਨਾ ਹੋਵੇ ਇਹ ਚੱਲ ਰਿਹਾ
ਸੀ ਕਿ ਅਤੀਤ ਦੀ ਉਸ ਘਟਨਾ ਦੇ ਕਾਰਨ ਮੈਂ ਅਨਸੂਆ ਤੋਂ ਦੂਰੀ ਵਰਤ ਰਿਹਾ ਹਾਂ. ਅਸਲੀਅਤ ਇਹ ਸੀ ਕਿ
ਮੈਂ ਨੋਮਾ ਨਹੀਂ ਜਾਣਾ ਚਾਹੁੰਦਾ ਸੀ. ਇਹ ਆਪਣੇ-ਆਪ ’ਚ ਅਜੀਬ
ਹੈ, ਤੁਸੀਂ ਅਚਾਨਕ ਇਕ ਦਿਨ ਫ਼ੋਨ ਕਰੋਂ ਤੇ ਬੁਲਾਉਣ ਲੱਗੋਂ. ਸਫ਼ਰ ਤੋਂ ਮੈਂ ਘਬਰਾਉਂਦਾ ਹਾਂ ਇਹ
ਅਰਚਨਾ ਜਾਣਦੀ ਹੈ.
ਦੇਵਰੀਆ ਮੇਰੇ ਜ਼ਿਹਨ ’ਚ ਦੋ-ਤਿੰਨ
ਘਟਨਾਵਾਂ ਕਰ ਕੇ ਵਸਿਆ ਰਹਿ ਗਿਆ ਸੀ. ਪਹਿਲੀ ਦੇਵਰਹਿਵਾ ਬਾਬਾ ਦੀ ਕਥਾ ਸੀ ਜਿਸ ਤੋਂ ਮੇਰੇ ਪਿਤਾ
ਜੀ ਪ੍ਰਭਾਵਿਤ ਰਹੇ. ਉਸੇ ਬਾਬਾ ਦੇ ਨਾਮ ’ਤੇ ਦੇਵਰੀਆ
ਨਾਮ ਪਿਆ ਸੀ ਅਜਿਹਾ ਲੋਕ ਕਹਿੰਦੇ ਹਨ, ਅਜਿਹਾ ਮੇਰਾ ਪਿਤਾ ਕਹਿੰਦੇ ਰਹੇ ਹਨ. ਦੂਜੀ, ਪਿਛਲੇ
ਦਿਨੀਂ ਇਕ ਖ਼ਬਰ ਬੜੀ ਚਰਚਾ ’ਚ ਰਹੀ ਸੀ ਕਿ ਦੇਵਰੀਆ ਦੇ ਕਿਸੇ
ਕਸਬੇ ’ਚ ਹਮਲਾਵਰ ਭੀੜ ਤੋਂ ਪ੍ਰੇਮੀ ਜੋੜੇ ਨੂੰ ਕਿਸੇ ਪੁਲਿਸ ਵਾਲੇ ਨੇ
ਬਚਾਇਆ ਸੀ. ਤੀਜੀ ਤੇ ਮੁੱਖ ਵਜ੍ਹਾ ਇਹ ਸੀ ਕਿ ਜਿਨ੍ਹਾਂ ਸਿਆਸਤਦਾਨਾਂ ਉੱਤੇ ਮੈਂ ਆਪਣੀ ਕਹਾਣੀ
ਲਿਖ ਰਿਹਾ ਸੀ ਉਨ੍ਹਾਂ ’ਚ ਦੇਵਰੀਆ ਜ਼ਿਲ੍ਹੇ ਦੇ ਇਕ ਵਿਧਾਨ
ਸਭਾ ਖੇਤਰ ਦਾ ਵਿਧਾਇਕ ਅੰਜਨ ਅਗਰਵਾਲ ਵੀ ਸੀ ਜਿਸ ਨੇ ਫ਼ਰਾਰ ਰਹਿੰਦੇ ਹੋਏ ਵਿਧਾਇਕੀ ਦੀ ਚੋਣ ਜਿੱਤ
ਲਈ ਸੀ. ਪੁਲਿਸ ਤੇ ਸਿਆਸਤਦਾਨਾਂ ਦਾ ਗੱਠਜੋੜ ਹਮੇਸ਼ਾ ਖਿੱਚ ਪਾਉਂਦਾ ਹੈ. ਇਸ ਮਾਮਲੇ ’ਚ ਪੁਲਿਸ
ਦੀ ਇਹ ਲਾਚਾਰੀ ਬੇਹੱਦ ਮਜ਼ੇਦਾਰ ਲੱਗ ਰਹੀ ਸੀ ਕਿ ਇਕ ਘੋਰ ਅਪਰਾਧੀ ਨੂੰ ਉਹ, ਜੋ ਭਗੌੜਾ
ਸੀ, ਕਾਗ਼ਜ਼ ਦਾਖਲ
ਕਰਨ ਵਾਲੇ ਦਿਨ ਵੀ ਗ੍ਰਿਫ਼ਤਾਰ ਨਹੀਂ ਕਰ ਸਕੇ ਸਨ. ਜੇਕਰ ਕੱਲ੍ਹ ਸਵੇਰੇ ਜਾਣਾ ਹੀ
ਪਿਆ ਤਾਂ ਉਸ ਵਿਧਾਇਕ ਨਾਲ ਜਾਂ ਉਸ ਨਾਲ ਸੰਬੰਧਿਤ ਲੋਕਾਂ ਨਾਲ ਮਿਲਣ ਦੀ ਕੋਸ਼ਿਸ਼ ਕਰਾਂਗਾ.
ਜਦੋਂ ਤੱਕ ਅਰਚਨਾ ਟਿਕਟ ਵਗ਼ੈਰਾ
ਬਣਾਉਂਦੀ ਉਦੋਂ ਤੱਕ ਮੈਂ ਲਾਪਤਾ ਹੋਣ ਸੰਬੰਧਿਤ ਮੌਜੂਦ ਵੱਖ-ਵੱਖ ਨਾਵਾਂ ਨਾਲ ਦੇਵਰੀਆ, ਨੋਮਾ ਜਾਂ
ਗੋਰਖਪੁਰ ਦੀਆਂ ਖ਼ਬਰਾਂ ਨੂੰ ‘ਗੂਗਲ’ ਕਰਦਾ ਰਿਹਾ. ਜ਼ਿਆਦਾਤਰ ਖ਼ਬਰਾਂ ਇਸ ਵਿਧਾਇਕ ਅੰਜਨ ਅਗਰਵਾਲ ਜਾਂ ਉਸ ਦੇ ਵਪਾਰਾਂ ਦੀ ਸੀ.
ਨੋਮਾ ਨਾਮਕ ਕਸਬੇ ਦੀਆਂ ਕੁਝ ’ਕੁ ਖ਼ਬਰਾਂ ਕਿਸੇ ਡੀਮਡ
ਯੂਨੀਵਰਸਿਟੀ ਨਾਲ ਸੰਬੰਧਿਤ ਸੀ. ਇਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਵਿਗਿਆਪਨਾਂ ਨੂੰ ਖ਼ਬਰ ਦੀ
ਸ਼ਕਲ-ਸੂਰਤ ਦੇ ਦਿੱਤੀ ਗਈ ਹੈ. ਇਕ ਖ਼ਬਰ ਨੋਮਾ ਨਗਰ ’ਚ ਕੇਂਦਰੀ
ਮੰਤਰੀ ਦੇ ਪਹੁੰਚਣ ਨਾਲ ਸੰਬੰਧਿਤ ਸੀ. ਉਹ ਨੋਮਾ ਦੇ ਪ੍ਰਸਿੱਧ ਦੋਲ ਮੇਲੇ ਦਾ ਉਦਘਾਟਨ ਕਰਨ ਵਾਲੇ
ਸੀ. ਬਾਕੀ ਖ਼ਬਰਾਂ ਤੋਂ ਇਹ ਖ਼ਬਰ ਇਨ੍ਹਾਂ ਅਰਥਾਂ ’ਚ ਵੱਖਰੀ
ਸੀ ਕਿ ਇਸ ਵਿੱਚ ਤਸਵੀਰਾਂ ਦੀ ਭਰਮਾਰ ਸੀ. ਵੱਖ-ਵੱਖ ਅਖ਼ਬਾਰਾਂ ਦੀ ਵੈੱਬਸਾਈਟ ਫਰੋਲ੍ਹਦਾ ਰਿਹਾ.
ਕੁਝ ਵੀ ਅਜਿਹਾ ਨਹੀਂ ਦਿਖ ਰਿਹਾ ਸੀ ਜਿਸ ’ਚ ਕਿਸੇ
ਗੁੰਮਸ਼ੁਦਗੀ ਦੀ ਖ਼ਬਰ ਹੋਵੇ. ਜਦੋਂ ਕੁਝ ਨਹੀਂ ਮਿਲਿਆ ਤਾਂ ਯਾਦ ਆਇਆ ਕਿ ਅਨਸੂਆ ਦੇ ਘਰਵਾਲੇ ਦਾ
ਨਾਮ ਪੁੱਛ ਲੈਣਾ ਚਾਹੀਦਾ ਸੀ.
***
ਜਹਾਜ਼ ਫੜਨ ਦੀ ਚਹਿਲ-ਪਹਿਲ ਤੇ ਇਸ ਤੋਂ ਪੈਦਾ ਹੋਈ ਬੇਚੈਨੀ
ਦੇ ਆਲਮ ’ਚ ਇਕ ਗ਼ਲਤੀ ਕਰ ਬੈਠਾ ਸੀ.
ਸਵੇਰੇ-ਸਵੇਰੇ ਗੁੜਗਾਂਓਂ ਤੋਂ ਹਵਾਈ ਅੱਡੇ ’ਤੇ ਆਉਣਾ
ਔਖਾ ਕੰਮ ਬਣ ਗਿਆ ਹੈ. ਹਰਿਆਣਾ ਸਰਕਾਰ ਨੇ ਸੜਕ-ਟੈਕਸ ਇਸ ਹੱਦ ਤੱਕ ਵਧਾ ਦਿੱਤੇ ਹਨ ਕਿ ਹਰਿਆਣਾ
ਨੰਬਰ-ਪਲੇਟ ਦੀ ਗੱਡੀ ਗੁੜਗਾਂਵ ਸੀਮਾ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੀ ਤੇ ਦਿੱਲੀ ਤੇ ਉੱਤਰ
ਪ੍ਰਦੇਸ਼ ਨੰਬਰ-ਪਲੇਟ ਵਾਲੀਆਂ ਗੱਡੀਆਂ ਗੁੜਗਾਂਵ ਨਹੀਂ ਆਉਣਾ ਚਾਹੁੰਦੀਆਂ. ਇਸੇ ਕਾਰਨ ਜੇਕਰ ਊਬਰ
ਜਾਂ ਓਲਾ ਨੇ ਦੋ ਵਾਰ ਗੱਡੀਆਂ ਦੀ ਬੁਕਿੰਗ ਖ਼ਾਰਜ ਕਰ ਦਿੱਤੀ ਤਾਂ ਸਮਝੋ ਜਹਾਜ਼ ਛੁੱਟਣ ਦਾ ਖ਼ਤਰਾ
ਸਾਹਮਣੇ ਮੰਡਰਾਅ ਰਿਹਾ ਹੈ.
ਅੱਜ ਵੀ ਇਹੀ ਹੋਇਆ. ਉਹ ਬਿਪਤਾ
ਹੀ ਕੀ ਜੋ ਮੈਨੂੰ ਪੇਸ਼ ਨਾ ਆਵੇ.
ਤੁਰਤ-ਫੁਰਤ ਤੈਅ ਹੋਇਆ ਕਿ ਅਰਚਨਾ
ਹੀ ਹਵਾਈ-ਅੱਡੇ ਤੱਕ ਛੱਡਣ ਚੱਲੇ. 25 ਤੋਂ 30 ਮਿੰਟ ਦਾ ਰਾਹ ਅਸੀਂ ਦੋਵਾਂ ਨੇ ਖ਼ਾਮੋਸ਼ੀ ਦੇ ਹਨੇਰੇ ’ਚ ਤਹਿ
ਕੀਤਾ. ਉਸ ਨੇ ਇਕ
ਮਹਿਜ਼ ਜ਼ਿਕਰ ਜਿਹਾ ਕਰ ਦਿੱਤਾ ਕਿ ਦਿਨ ’ਚ ਉਹ ਆਪਣੇ ਭਾਈ ਰਵੀ ਨਾਲ ਗੱਲ
ਕਰੇਗੀ.
ਇਹ ਮੇਰੀ ਦੁਖਦੀ ਰਗ ਸੀ. ਅਰਚਨਾ
ਦੇ ਵੱਡੇ ਭਾਈ ਗ੍ਰਹਿ ਮੰਤਰਾਲੇ ’ਚ ਰੋਹਬ ਵਾਲੀ ਪਦਵੀ ’ਤੇ ਤਾਇਨਾਤ
ਸੀ. ਮੈਨੂੰ ਪਸੰਦ ਨਹੀਂ ਕਰਦੇ ਸੀ. ਅਜਿਹਾ ਕਈ ਵਾਰ ਹੋਇਆ ਹੋਵੇਗਾ ਕਿ ਕਿਸੇ ਮਾਮੂਲੀ ਜਿਹੀ ਗੱਲ
ਉੱਤੇ ਜਾਂ ਬਹਿਸ
’ਚ ਅਸੀਂ ਆਹਮੋ-ਸਾਹਮਣੇ ਹੋ ਗਏ ਹੋਈਏ. ਉਹ ਮੈਨੂੰ ਪਸੰਦ ਨਹੀਂ
ਕਰਦੇ ਸੀ ਤੇ ਇਹ ਜ਼ਾਹਿਰ ਕਰਦੇ ਰਹਿਣ ’ਚ ਉਨ੍ਹਾਂ ਨੂੰ ਕੋਈ ਹਰਜ ਨਹੀਂ
ਸੀ. ਮੈਂ ਵੀ ਉਨ੍ਹਾਂ ਨੂੰ ਘੱਟ ਪਸੰਦ ਕਰਦਾ ਸੀ ਪਰ ਘਨਘੋਰ ਅਸਫਲਤਾਵਾਂ ਨੇ ਮੈਨੂੰ ਇਸ ਲਾਇਕ
ਛੱਡਿਆ ਨਹੀਂ ਸੀ ਕਿ ਆਪਣੀ ਨਾ-ਪਸੰਦਗੀ ਜ਼ਾਹਿਰ ਕਰਾਂ. ਹਾਲਾਂਕਿ ਉਨ੍ਹਾਂ ਦੇ ਅਹਿਸਾਨ ਬਹੁਤ ਸਨ. ਅਰਚਨਾ ਨੇ ਤਾਂ ਆਪਣੇ ਦਮ ’ਤੇ ਲਈ ਸੀ ਪਰ ਮੈਨੂੰ ਨੌਕਰੀ
ਉਨ੍ਹਾਂ ਨੇ ਹੀ ਦਿਵਾਈ ਸੀ. ਉਨ੍ਹਾਂ ਦਿਨਾਂ ’ਚ,
ਸੱਤ-ਅੱਠ ਸਾਲ ਪਹਿਲਾਂ ਦੀ ਗੱਲ ਹੈ, ਸਾਡਾ ਵਿਆਹ ਨਵਾਂ-ਨਵਾਂ ਹੋਇਆ ਸੀ, ਮੇਰੀਆਂ ਕਵਿਤਾਵਾਂ
ਉਨ੍ਹਾਂ ਨੂੰ ਪਸੰਦ ਸਨ ਅਜਿਹਾ ਉਹ ਕਹਿੰਦੇ ਸਨ ਤੇ ਉਨ੍ਹਾਂ ਨੂੰ ਉਮੀਦ ਸੀ ਕਿ ਜੇਕਰ ਉਨ੍ਹਾਂ ਦੀ
ਭੈਣ ਨੇ ਮੈਨੂੰ ਪਸੰਦ ਕੀਤਾ ਹੈ ਤਾਂ ਮੇਰੇ ’ਚ ਕੁਝ ਨਾ
ਕੁਝ ਗੱਲ ਜ਼ਰੂਰ ਹੋਵੇਗੀ ਪਰ ਸਮੇਂ ਦੇ ਨਾਲ ਮੈਂ ਪਿਛੜਦਾ ਗਿਆ.
ਹਵਾਈ-ਅੱਡੇ ’ਤੇ ਮੈਨੂੰ
ਛੱਡਦੇ ਹੋਏ ਜਦੋਂ ਅਰਚਨਾ ਨੇ ਉਹੀ ਗੱਲ ਦੁਹਰਾਈ ਕਿ ਰਵੀ ਭਾਈ ਨਾਲ ਗੱਲ ਕਰੇਗੀ ਤਦ ਮੇਰੀ ਸਮਝ ’ਚ ਆਇਆ ਕਿ
ਇਸ ਤੋਂ ਪਹਿਲਾਂ ਜਦੋਂ ਉਸ ਨੇ ਕਿਹਾ ਸੀ ਉਦੋਂ ਉਹ ਮੇਰੀ ਸਹਿਮਤੀ ਮੰਗ ਰਹੀ ਸੀ ਪਰ ਹੁਣ ਉਹ ਮੈਨੂੰ
ਸੂਚਿਤ ਕਰ ਰਹੀ ਸੀ. ਉਸ ਨੇ ਇਹ ਵੀ ਕਿਹਾ, “ਸ਼ਾਮ ਦੇ ਜਹਾਜ਼ ਜਾਂ ਕੱਲ੍ਹ ਸਵੇਰੇ
ਦੇ ਜਹਾਜ਼ ’ਤੇ ਹੀ ਵਾਪਸ ਆ ਜਾਣਾ. ਜੇਕਰ ਅਨਸੂਆ ਮੁਸ਼ਕਿਲ ’ਚ ਹੋਵੇ
ਤਾਂ ਉਸ ਨੂੰ ਵੀ ਨਾਲ ਲੈ ਆਉਣਾ. ਉੱਥੇ ਜਾ ਕੇ ਜੋ ਸਥਿਤੀ ਦੱਸੋਗੇ ਉਸ ਦੇ ਹਿਸਾਬ ਨਾਲ ਟਿਕਟ ਬਣਵਾ
ਦੇਵਾਂਗੀ.”
ਮੈਂ ਇਸ ਖ਼ਿਆਲ ’ਚ ਡੁੱਬਦਾ
ਜਿਹਾ ਰਹਿ ਗਿਆ ਕਿ ਰੌਸ਼ਨੀ ਦੇ ਦਾਇਰਿਆਂ ’ਚ ਜੋ
ਦੂਰੀਆਂ ਅਸੀਂ ਆਪਸ ’ਚ ਖਿੱਚ ਲਈਆਂ ਹਨ ਜੇਕਰ ਉਹ
ਦੂਰੀਆਂ ਨਾ ਹੁੰਦੀਆਂ ਤਾਂ ਅੱਜ ਇੱਥੇ ਹੀ, ਹਵਾਈ-ਅੱਡੇ ’ਤੇ ਉਸ ਨੂੰ
ਗਲ਼ੇ ਨਾਲ ਲਗਾ ਲੈਂਦਾ, ਪਰ ਦੂਰੀਆਂ
ਨੇ ਇਹ ਬਹਾਨਾ ਮੁਹੱਈਆ ਕਰਵਾਇਆ ਕਿ ਪਾਰਕਿੰਗ ਨਹੀਂ ਹੈ ਇਸ ਲਈ ਜੇਕਰ ਉਹ ਗੱਡੀ ’ਚੋਂ
ਉੱਤਰਦੀ ਹੈ ਤਾਂ ਚਲਾਨ ਕੱਟ ਸਕਦਾ ਹੈ.
ਉਂਜ ਵੀ ਮੇਰੇ ਖ਼ਿਆਲਾਂ ਦੀ ਰਫ਼ਤਾਰ
ਏਨੀ ਘੱਟ ਸੀ ਕਿ ਜਦੋਂ ਮੈਂ ਸੁਸਤੀ ’ਚੋਂ ਵਾਪਸ ਪਰਤਿਆ ਤਦ ਆਪਣੀ ਕਾਰ
ਵਾਪਸ ਜਾਂਦੀ ਦਿਖ ਰਹੀ ਸੀ.
***
ਗ਼ਲਤੀ ਮੈਥੋਂ ਇਹ ਨਹੀਂ ਹੋਈ ਸੀ
ਕਿ ਮੈਂ ਆਪਣੀ ਘਰਵਾਲੀ ਨੂੰ ਗਲ਼ੇ ਨਹੀਂ ਲਗਾਇਆ ਸੀ. ਗ਼ਲਤੀ ਇਹ ਹੋਈ ਕਿ ਮੈਂ ਅਨਸੂਆ ਤੋਂ ਉਸ ਦੇ ਘਰਵਾਲੇ
ਦਾ ਨਾਂ ਮੈਸੇਜ ’ਚ ਪੁੱਛ ਲਿਆ ਸੀ. ਜਹਾਜ਼ ਚੜ੍ਹਦੇ
ਹੋਏ ਮੈਂ ਉਸ ਨੂੰ ਇਕ ਸੰਦੇਸ਼ ਭੇਜ ਦਿੱਤਾ ਸੀ, “ਕੀ ਨਾਂ ਸੀ
ਤੇਰੇ ਘਰਵਾਲੇ ਦਾ?”
ਇਹ ਸੰਦੇਸ਼ ਭੇਜਣ ਦੇ ਕਾਰਨ ਜਾਂ
ਹਵਾਈ ਜਹਾਜ਼ ਤੱਕ ਸਮੇਂ ’ਤੇ ਪਹੁੰਚ ਜਾਣ ਨਾਲ ਜੋ ਰਾਹਤ
ਮਿਲੀ ਉਸ ਦੇ ਕਾਰਨ, ਪਤਾ ਨਹੀਂ ਕਿਵੇਂ, ਬੇਖ਼ਿਆਲ-ਨੁਮਾ ਇਕ ਖ਼ਿਆਲ ਆਇਆ ਕਿ ਕਾਸ਼ ਕੁਝ ਜਾਣ-ਪਹਿਚਾਣ
ਵਾਲੇ ਉੱਥੇ ਦੇਵਰੀਆ, ਗੋਰਖਪੁਰ, ਸਲੇਮਪੁਰ ਜਾਂ ਨੋਮਾ ’ਚ ਮਿਲ ਜਾਣ.
ਜਦੋਂ ਦੋ ਸਤਰਾਂ ਦੀ ਸੂਚਨਾ ਫੇਸਬੁੱਕ ਤੇ ਟਵਿੱਟਰ ਹੈਂਡਲ ਉੱਤੇ ਪਾਉਣ ਦਾ ਵਿਚਾਰ ਆਇਆ ਤਾਂ ਭਾਸ਼ਾ
ਨੇ ਅਣ-ਬੁੱਝੀ ਜਿਹੀ ਇਕ ਰੁਕਾਵਟ ਖੜ੍ਹੀ ਕਰ ਦਿੱਤੀ.
ਭਾਸ਼ਾ ਸਾਨੂੰ ਕਿਵੇਂ ਲਾਚਾਰ ਕਰ
ਦਿੰਦੀ ਹੈ ਇਹ ਭਾਸ਼ਾ ’ਚ ਹੀ ਦੱਸਿਆ ਜਾਣਾ ਸੰਭਵ ਹੈ.
ਕਦੇ-ਕਦੇ, ਲਾਚਾਰੀ ਦੇ ਕਿਸੇ ਗੂੜ੍ਹੇ ਸਮੇਂ ’ਚ, ਭਾਸ਼ਾ
ਤੁਹਾਡਾ ਸਾਥ ਛੱਡ ਕੇ ਦੂਰ ਜਾ ਖੜ੍ਹੀ ਹੁੰਦੀ ਹੈ. ਤੁਸੀਂ ਚੁੱਪ ਹੋ ਜਾਂਦੇ ਹੋ. ਮੈਂ ਲਿਖਦਾ ਵੀ
ਤਾਂ ਕੀ ਲਿਖਦਾ. ਇਹ ਕਿ ਮੇਰੀ ਸਾਬਕਾ ਪ੍ਰੇਮਿਕਾ ਦਾ ਘਰਵਾਲਾ ਤਿੰਨ ਦਿਨਾਂ ਤੋਂ ਘਰ ਨਹੀਂ ਪਰਤਿਆ
ਹੈ ਜਾਂ ਇਹ ਕਿ ਜਿਸ ਬੇਮਿਸਾਲ ਔਰਤ ਨੂੰ ਮੈਂ ਸ਼ਰੇਆਮ ਛੱਡ ਦਿੱਤਾ ਸੀ ਉਸ ਦਾ ਘਰਵਾਲਾ ਲਾਪਤਾ ਹੈ, ਕੀ ਲਿਖਦਾ?
ਜੇਕਰ ਅਰਚਨਾ ਹਕੀਕਤ ਤੋਂ ਜਾਣੂ
ਨਾ ਹੁੰਦੀ ਤਾਂ ਸ਼ਾਇਦ ਝੂਠ ਲਿਖ ਸਕਦਾ ਸੀ ਪਰ ਕਿਸੇ ਆਪਣੇ, ਸਕੇ ਦੇ ਜਾਣਦੇ ਹੋਏ ਵੀ ਝੂਠ ਬੋਲਣਾ
ਸ਼ਰਮਸਾਰੀ ਦਾ ਆਲਮ ਬਣ ਜਾਂਦਾ ਹੈ. ਇਸ ਲਈ ‘ਟ੍ਰੈਵਲਿੰਗ
ਟੂ’ ’ਚ ਨੋਮਾ
ਨੂੰ ਨਕਸ਼ੇ ਉੱਤੇ ਟਰੈਕ ਕਰ ਕੇ ਦੇਰ ਤੱਕ ਸੋਚਦਾ ਰਿਹਾ, ਫਿਰ ਅਰਚਨਾ ਦੇ ਹਾਸੇ ਦਾ ਖ਼ਿਆਲ ਛੱਡ ਕੇ
ਇਹ ਲਿਖਿਆ, “ਸਾਡੇ
ਪਰਿਵਾਰਿਕ ਮਿੱਤਰ ਪਿਛਲੇ ਤਿੰਨ ਦਿਨਾਂ ਤੋਂ ਘਰ ਨਹੀਂ ਪਰਤੇ. ਉਹ ਨੋਮਾ ਨਾਮਕ ਜਗ੍ਹਾ ਦੇ ਰਹਿਣ
ਵਾਲੇ ਹਨ ਜੋ ਦੇਵਰੀਆ ਜਾਂ ਗੋਰਖਪੁਰ ਦੇ ਕੋਲ ਹੈ. ਮੇਰੀ ਮਿੱਤਰ ਸੂਚੀ ’ਚ ਕੋਈ
ਇਨ੍ਹਾਂ ਥਾਵਾਂ ਜਾਂ ਇਨ੍ਹਾਂ ਦੇ ਨੇੜੇ ਦਾ ਰਹਿਣ ਵਾਲਾ ਹੋਵੇ ਤਾਂ ਸੰਪਰਕ ਕਰੇ. ਮੈਂ ਉੱਥੇ ਹੀ ਜਾ
ਰਿਹਾ ਹਾਂ.”
ਫੇਸਬੁੱਕ ਤੇ ਟਵਿੱਟਰ ਹੈਂਡਲ ਉੱਤੇ ਇਸ ਨੂੰ ਲਿਖਣ ਤੋਂ
ਬਾਅਦ ਦੇਰ ਤੱਕ ਦੁਹਰਾ-ਦੁਹਰਾ ਕੇ ਪੜ੍ਹਦਾ ਰਿਹਾ. ਆਪਣੇ ਨਹੀਂ, ਅਰਚਨਾ ਦੇ ਅੰਦਾਜ਼ ’ਚ. ਉਹ
ਦੁਪਹਿਰ ਨੂੰ ਫੇਸਬੁੱਕ ’ਤੇ ਹੁੰਦੀ ਹੈ. ਜਦੋਂ ਉਹ ਇਸ
ਸਟੇਟਸ ਨੂੰ ਪੜ੍ਹੇਗੀ ਤਾਂ ਕਿਵੇਂ ਹੱਸੇਗੀ. ਜਦੋਂ ਮੇਰੇ ਨਾਲ ਗੱਲ ਕਰੇਗੀ ਤਾਂ ਇਸ ਸਟੇਟਸ ਦੇ
ਬਾਰੇ ਕਿਵੇਂ ਗੱਲ ਕਰੇਗੀ. ਪਰਿਵਾਰਿਕ ਮਿੱਤਰ ਦੇ ਨਾਮ ’ਤੇ ਮੇਰਾ
ਮਖ਼ੌਲ ਉਡਾਏਗੀ. ਇਸ ਲਈ ਅਰਚਨਾ ਦੀ ਨਜ਼ਰ ਨਾਲ ਪੜ੍ਹਦਾ ਰਿਹਾ. ਇਸ ਪੜ੍ਹਨ ਦੇ ਕ੍ਰਮ ’ਚ ਮੈਨੂੰ
ਆਪਣੀ ਗ਼ਲਤੀ ਦਾ ਅਹਿਸਾਸ ਹੋਇਆ.
ਜਦੋਂ ਜਹਾਜ਼ ਉੱਡਣ ਵਾਲਾ ਸੀ ਤਦ
ਅਨਸੂਆ ਨੂੰ ਭੇਜੇ ਸੰਦੇਸ਼ ਦਾ ‘ਸੀ’ ਮੈਨੂੰ ਕਿੱਲ ਦੀ ਤਰ੍ਹਾਂ ਚੁੱਭਿਆ. ਜੇਕਰ ਆਤਮਾ ’ਚ ਖ਼ੂਨ
ਹੁੰਦਾ ਹੋਵੇ ਤਾਂ ਉਸ ਦਾ ਫੁਆਰਾ ਫੁੱਟ ਪੈਂਦਾ. ਬੀਤੀ ਰਾਤ ਤੋਂ ਇਹ ਪਹਿਲਾ ਮੌਕਾ
ਸੀ ਜਦੋਂ ਮੈਨੂੰ ਅਨਸੂਆ ਦੀ ਫ਼ਿਕਰ ਹੋਈ. ਉਸ ਦੀ ਯਾਦ ਆਈ. ਕੀ ਨਾਮ ਸੀ ਤੇਰੇ ਘਰਵਾਲੇ ਦਾ. ‘ਸੀ’ ਲਿਖਣ ਵਾਲਾ ਮੈਂ ਹੁੰਦਾ ਕੌਣ ਹਾਂ? ਮੈਂ ਦੂਜੀ ਗ਼ਲਤੀ ਇਹ ਕੀਤੀ ਕਿ
ਅਨਜਾਣੇ ’ਚ ਗ਼ਲਤੀ ਦਾ ਅਹਿਸਾਸ ਕਰਵਾਇਆ. ਮੈਂ ਸਿਤਾਰੇ ਦੇ ਚਿੰਨ੍ਹ ਦੇ
ਨਾਲ ‘ਹੈ’ ਲਿਖ ਕੇ ਭੇਜ ਦਿੱਤਾ. ਤੀਜੀ ਗ਼ਲਤੀ ਇਹ ਸੀ ਕਿ ਇਨ੍ਹਾਂ ਸਾਰਿਆਂ ਨੂੰ ਸੁਧਾਰਦੇ ਹੋਏ
ਲਿਖਿਆ, ਕੀ ਨਾਮ ਹੈ ਤੇਰੇ ਘਰਵਾਲੇ ਦਾ? ਜਦੋਂ ਤੱਕ ਜਵਾਬ ਆਉਂਦਾ ਤਦ ਤੱਕ ਏਅਰ ਹੋਸਟੈਸ ਨੇ ਫ਼ੋਨ
ਬੰਦ ਕਰਨ ਦੀ ਸੂਚਨਾ ਪ੍ਰਸਾਰਿਤ ਕਰ ਦਿੱਤੀ ਸੀ. ਮੈਂ ਦੇਖਿਆ ਕਿ ਜਹਾਜ਼ ’ਚ ਕਈ ਲੋਕ
ਖਿੜਕੀ ਤੋਂ ਬਾਹਰ ਦੇ ਆਸਮਾਨ ਦੀ, ਆਪਣੀ, ਸਾਥੀਆਂ ਦੀ ਫ਼ੋਟੋ ਖਿੱਚੀ ਜਾ ਰਹੇ ਸੀ. ਮੈਂ ਦੇਖਿਆ ਕਿ ਇਕ
ਬਜ਼ੁਰਗ ਔਰਤ ਫ਼ੋਨ ’ਤੇ ਕਿਸੇ ਨੂੰ ਉੱਚੀ-ਉੱਚੀ ਦੱਸ
ਰਹੀ ਸੀ ਕਿ ਉਨ੍ਹਾਂ ਨੂੰ ਲੈਣ ਆ ਜਾਣਾ. ਮੈਂ ਇਹ ਵੀ ਦੇਖਿਆ ਕਿ ਏਅਰ ਹੋਸਟੈਸ ਹਰ ਸੀਟ ਤੱਕ ਜਾ-ਜਾ
ਕੇ ਲੋਕਾਂ ਨੂੰ ਫ਼ੋਨ ਬੰਦ ਕਰਨ ਦੀ ਬੇਨਤੀ ਕਰ ਰਹੀ ਸੀ. ਮੈਂ ਇਹ
ਨਹੀਂ ਦੇਖਿਆ ਕਿ ਇਨ੍ਹਾਂ ਤਿੰਨ ਸੰਦੇਸ਼ਾਂ ਨੂੰ ਅਨਸੂਆ ਕਿਵੇਂ ਪੜ੍ਹੇਗੀ.
***
ਜਹਾਜ਼ ਦੇ ਉੱਤਰਦੇ ਹੀ ਮੈਂ ਫ਼ੋਨ
ਚਾਲੂ ਕੀਤਾ. ਦੋ ਸੰਦੇਸ਼, ਇਕ ਤੋਂ ਬਾਅਦ ਇਕ, ਆਏ.
“ਭਾਈ ਜੀ
ਤੇਰੇ ਨਾਲ ਗੱਲ ਕਰਨਗੇ, ਮੇਰੇ ’ਤੇ ਗ਼ੁੱਸੇ ਹੋ ਰਹੇ ਸੀ. ਜਿਵੇਂ
ਹੋਵੇਗਾ, ਦੱਸ ਦੇਣਾ.”
“ਰਫ਼ੀਕ ਨੀਲ.”
***
ਉਹ ਸਟੇਅਰਿੰਗ ਉੱਤੇ ਪੈਰ ਰੱਖ ਕੇ
ਸੌਂ ਰਿਹਾ ਸੀ. ਨੀਲਾ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ. ਕਾਰ ’ਚ ਸੌਣ ਕਰ
ਕੇ ਪਹਿਲਾਂ-ਪਹਿਲਾਂ ਤਾਂ ਉਹ ਲੰਬਾਈ ’ਚ ਛੋਟਾ ਲੱਗਿਆ ਸੀ. ਜਦੋਂ ਕਾਰ ’ਚੋਂ ਬਾਹਰ
ਆਇਆ ਤਦ ਉਸ ਦੀ ਉਚਾਈ ਦਾ ਪਤਾ ਚੱਲਿਆ. ਸਾਢੇ ਛੇ ਫੁੱਟ ਤੋਂ ਘੱਟ ਹੋਣਾ. ਪੁੱਛਿਆ, “ਨੋਮਾ
ਚੱਲੋਗੇ ?”
“ਅਠਾਈ ਸੌ.”
“ਆਉਣਾ-ਜਾਣਾ
ਦੋਵੇਂ.”
“ਰੁਕਣਾ ਵੀ
ਹੈ.”
“ਵੱਧ ਤੋਂ
ਵੱਧ ਕੱਲ੍ਹ ਤੱਕ.”
ਇਸ ਬੇਤਰਤੀਬ ਵਾਕ ਉੱਤੇ ਉਸ ਨੇ
ਮੈਨੂੰ ਗ਼ੌਰ ਨਾਲ ਦੇਖਿਆ, “ਹਰ ਦਿਨ ਦੇ ਤਿੰਨ ਹਜ਼ਾਰ, ਟੋਲ
ਟੈਕਸ ਤੁਹਾਨੂੰ ਦੇਣੇ ਪੈਣਗੇ.”
“ਮਰਜ਼ੀ
ਤੁਹਾਡੀ.”
ਉਸ ਨੇ ਆਪਣਾ ਨਾਮ ਸਹਿਦੇਵ ਦੱਸਿਆ ਤੇ
ਸਮਾਨ ਰੱਖਣ ’ਚ ਮਦਦ ਕੀਤੀ. ਜਦੋਂ ਚੱਲਣ ਲਈ ਤਿਆਰ ਹੋ ਗਿਆ ਤਦ ਸਟੇਅਰਿੰਗ
ਨੂੰ ਪ੍ਰਣਾਮ ਕਰਦੇ ਹੋਏ ਚਾਬੀ ਘੁਮਾਈ. ਕੁਝ ਦੇਰ ਇੰ ਚਾਲੂ ਹੀ ਛੱਡੀਂ ਰੱਖਿਆ ਤੇ ਸਰਸਰੀ ਨਜ਼ਰ ਨਾਲ
ਅਖ਼ਬਾਰ ਪਲਟਣ ਲੱਗਾ. “ਦੈਨਿਕ ਜਾਗ੍ਰਿਤੀ ਇੱਥੇ ਵੀ ਚੱਲ
ਰਿਹਾ ਹੈ”, ਉੱਚੀ ਆਵਾਜ਼
’ਚ ਬੋਲਦਾ ਹੋਇਆ ਇਹ ਮੈਂ ਸੀ. ਉਸ ਨੇ
ਬਿਨਾਂ ਦੇਖੇ ਮੇਰੇ ਵੱਲ ਅਖ਼ਬਾਰ ਵਧਾ ਦਿੱਤਾ.
ਆਪਣੀ ਆਦਤ ਅਖ਼ਬਾਰ ਨੂੰ ਪਿੱਛੇ
ਤੋਂ ਪੜ੍ਹਨ ਦੀ ਚੱਲਦੀ ਆਈ. ਉਹੀ-ਉਹੀ ਸਰਕਾਰੀ ਖ਼ਬਰਾਂ ਸਨ. ਖੇਡ ਦਾ ਪੰਨਾ ਛੱਡ ਦੇਈਏ ਤਾਂ ਸ਼ਾਇਦ
ਹੀ ਕੋਈ ਖ਼ਬਰ ਅਜਿਹੀ ਸੀ ਜਿਸ ਦਾ ਅੰਦਾਜ਼ਾ ਤੁਹਾਨੂੰ ਪਹਿਲਾਂ ਤੋਂ ਹੀ ਨਾ ਹੋਵੇ. ਸੰਪਾਦਕੀ ਨਹੀਂ
ਸੀ, ਉਸ ਦੀ ਥਾਂ ’ਤੇ ਅਰੋਗ-ਦਰਸ਼ਨ ਛਪਿਆ ਹੋਇਆ ਸੀ.
ਚੌਥਾ ਪੰਨਾ ਦੇਵਰੀਆ ਜਾਗ੍ਰਿਤੀ ਦੇ ਨਾਮ ਤੋਂ ਸੀ. ਇਸ ’ਚ ਪੰਜ
ਹਿੱਸੇ ਸਨ. ਉੱਪਰ ਲਿਖਿਆ ਸੀ, ਰੁਦਰਪੁਰ ਤੇ ਨੇੜੇ-ਤੇੜੇ, ਜਿਸ ’ਚ ਪੈਟਰੋਲ
ਪੰਪ ਉੱਤੇ ਲੱਗੀ ਅੱਗ ਦਾ ਜ਼ਿਕਰ ਸੀ ਜਿਸ ਨੂੰ ਸਮਾਂ ਰਹਿੰਦੇ ਬੁਝਾ ਦਿੱਤਾ ਗਿਆ ਸੀ. ਵਿਚਲਾ ਹਿੱਸਾ
ਬਰਹਜ ਤੇ ਨੇੜੇ-ਤੇੜੇ ਸੀ.
ਇਸੇ ਵਿਚਕਾਰ ਫ਼ੋਨ ਦੀ ਘੰਟੀ ਵੱਜੀ.
ਇਹ ਦਿਖਿਆ ਕਿ ‘ਰਵੀ ਭਾਈ ਕਾਲਿੰਗ’ ਲਿਖਿਆ ਹੋਇਆ ਹੈ, ਪਰ ਨਜ਼ਰ
ਅਖ਼ਬਾਰ ਦੇ ਉਸ ਪੰਨੇ ਦੀ ਆਦੀ ਹੋ ਗਈ ਸੀ. ਫ਼ੋਨ ਚੁੱਕਦੇ ਹੋਏ, “ਹੈਲੋ ਭਾਈ
ਜੀ, ਪ੍ਰਣਾਮ’ ਕਹਿੰਦੇ ਹੋਏ, ਉਨ੍ਹਾਂ ਦਾ
ਆਸ਼ੀਰਵਾਦ ਸੁਣਦੇ ਹੋਏ, ਗੱਲ ਸ਼ੁਰੂ ਕਰਦੇ ਹੋਏ ਅਖ਼ਬਾਰੀ ਪੰਨੇ ’ਚ ਥੱਲੇ ਦੇ
ਹੋ ਹਿੱਸਿਆਂ ਉੱਤੇ ਧਿਆਨ ਗਿਆ. ਖੱਬੇ ਪਾਸੇ ਤੇ ਸੱਜੇ ਪਾਸੇ ਕ੍ਰਮਵਾਰ: ‘ਤਮਕੁਹੀ ਤੇ
ਨੇੜੇ-ਤੇੜੇ’ ਤੇ ‘ਸਲੇਮਪੁਰ
ਤੇ ਨੇੜੇ-ਤੇੜੇ’ ਲਿਖਿਆ ਹੋਇਆ ਸੀ.
ਭਾਈ ਜੀ ਝਿੜਕ ਰਹੇ ਸਨ. ਅਗਲੀ ਫਲਾਈਟ ਤੋਂ ਵਾਪਸ ਪਰਤਣ ਦੀ ਗੱਲ ਕਰ ਰਹੇ ਸਨ.
ਮੈਂ ਕਿਹਾ, “ਬਿਲਕੁਲ,
ਭਾਈ ਜੀ.”
ਅਖ਼ਬਾਰ ’ਚ ਸਲੇਮਪੁਰ
ਤੇ ਨੇੜੇ-ਤੇੜੇ ਵਾਲੇ ਭਾਗ ’ਚ ਪੰਜ ਖ਼ਬਰਾਂ ਸਨ. ਇਕ ਖ਼ਬਰ
ਰੰਗੀਨ ਚਿੱਤਰਾਂ ਦੇ ਨਾਲ ਵਿਚਕਾਰ ਲੱਗੀ ਹੋਈ ਸੀ. ਦੇਖ ਕੇ ਹੀ ਲੱਗ ਰਿਹਾ ਸੀ ਮੁੱਖ ਖ਼ਬਰ ਹੈ.
ਸਿਰਲੇਖ ਸੀ ‘ਨੋਮਾ ਦੇ ਦੋਲ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ.’ ਦੋ ਚਿੱਤਰ ਸੀ. ਪਹਿਲਾ ਚਿੱਤਰ ਜਿਸ ਨੂੰ ਜ਼ਿਆਦਾ ਥਾਂ ਮਿਲੀ ਹੋਈ ਸੀ, ਉਸ ’ਚ ਇਕ ਖ਼ਾਲੀ
ਮੈਦਾਨ ਦਿਖ ਰਿਹਾ ਸੀ. ਦੂਜਾ ਚਿੱਤਰ ਕਿਸੇ ਬੈਠਕ ਦਾ ਲੱਗ ਰਿਹਾ ਸੀ, ਥੱਲੇ ਲਿਖਿਆ ਹੋਇਆ ਸੀ,
ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ ਤੇ ਇਨਸੈੱਟ ’ਚ ਮੇਲਾ
ਕਮੇਟੀ ਚੇਅਰਮੈਨ ਐਸ.ਪੀ. ਮਾਲਵੀਆ (ਦਾਦਾ) ਦੀ ਤਸਵੀਰ ਸੀ. ਸੱਜੇ ਕਿਨਾਰੇ ਉੱਤੇ ਦੋਲ ਮੇਲੇ ਦੇ
ਉਦਘਾਟਨ ਦੇ ਲਈ ਆ ਰਹੇ ਕੇਂਦਰੀ ਮੰਤਰੀ ਦੇ ਸਵਾਗਤ ਹਿਤ ਇਕ ਵਿਗਿਆਪਨ ਸੀ ਜਿਸ ਦਾ ਆਭਾਰ ਮੰਗਲ
ਮੋਰਚਾ ਨੂੰ ਭੇਜਿਆ ਗਿਆ ਸੀ. ਖੂੰਜੇ ’ਚ ਇਕ ਖ਼ਬਰ ਸੀ, ਵਿਦਿਆਰਥਣ ਲਾਪਤਾ.
ਸਿਰਲੇਖ ਦੇ ਹੇਠਾਂ ਪਾਸਪੋਰਟ ਆਕਾਰ ਦੀ ਧੁੰਦਲੀ ਇਕ ਤਸਵੀਰ ਸੀ, ਬਾਵਜੂਦ ਇਸ ਦੇ ਜੋ ਸਮਝ ਆ ਰਿਹਾ
ਸੀ ਉਹ ਇਹ ਕਿ ਉਸ ਦਾ ਮੱਥਾ ਚੌੜਾ, ਨੱਕ ਸਿੱਧਾ, ਅੱਖਾਂ ਦੇ ਥੱਲੇ ਇਕ ਨਿਸ਼ਾਨ ਸੀ, ਚਿਹਰੇ ਦਾ ਰੰਗ
ਇਸ ਚਿੱਟੀ-ਸਿਆਹ ਪੰਨੇ ਉੱਤੇ ਸਪਸ਼ਟ ਨਹੀਂ ਪਰ ਚਿਹਰੇ ਦਾ ਪਾਣੀ ਸਮਝ ’ਚ ਆ ਰਿਹਾ
ਸੀ.
ਨੋਮਾ, ਮਿਤੀ ਤਿੰਨ ਅਗਸਤ: ਸਵਾਮੀ ਹਰਦੇਵਾਨੰਦ ਕਾਲਜ ਦੀ
ਵਿਦਿਆਰਥਣ ਜਾਨਕੀ ਦੁਬੇ ਪਿਛਲੇ ਦੋ ਦਿਨਾਂ ਤੋਂ ਘਰ ਨਹੀਂ ਪਰਤੀ ਹੈ. ਪਿਛਲੇ ਸ਼ਨੀਵਾਰ ਨੂੰ ਕਾਲਜ
ਗਈ ਸੀ. ਸ਼ਾਮ ਨੂੰ ਜਦੋਂ ਉਸ ਦੇ ਆਉਣ ’ਚ ਦੇਰੀ ਹੋਈ ਤਾਂ ਉਸ ਦੇ ਪਿਤਾ
ਕਾਲਜ ਗਏ. ਉੱਥੇ ਵਿਦਿਆਰਥੀਆਂ ਤੋਂ ਪਤਾ ਲੱਗਿਆ ਕਿ ਉਹ ਕਾਲਜ ਆਈ ਹੀ ਨਹੀਂ ਸੀ.
ਭਾਈ ਜੀ ਨੇ ਫ਼ੋਨ ਮਾਲਤੀ ਭਾਬੀ
ਨੂੰ ਦੇ ਦਿੱਤਾ ਸੀ. ਉਨ੍ਹਾਂ ਕੋਲ ਵੀ ਹਿਦਾਇਤਾਂ ਦੀ ਸੂਚੀ ਸੀ. ਅਸਫਲਤਾਵਾਂ ਬਹੁਤ ਸਾਰੇ ਦੇਖਭਾਲ
ਕਰਨ ਵਾਲੇ ਵੀ ਦਿੰਦੀਆਂ ਹਨ. ਮੈਂ ਫ਼ੋਨ ਮਿਊਟ ’ਤੇ ਲਾ ਕੇ
ਪਰ੍ਹੇ ਕਰ ਦਿੱਤਾ. ਬੋਲਦੇ ਰਹੋ. ਸਹਿਦੇਵ ਨੂੰ ਪੁੱਛਿਆ, “ਨੋਮਾ ਹਾਲੇ
ਕਿੰਨੀ ਦੂਰ ਹੈ?” ਉਸ ਨੇ ਕਿਹਾ, “ਬਹੁਤ ਦੂਰ,” ਫਿਰ ਥੋੜ੍ਹਾ ਹੱਸਦੇ ਹੋਏ ਕਿਹਾ, “ਸੱਤਰ
ਕਿੱਲੋਮੀਟਰ.” ਉਸ ਨੂੰ ਬੇਨਤੀ ਕੀਤੀ ਕਿ ਕਾਰ ਦੀ
ਖਿੜਕੀ ਖੋਲ੍ਹ ਦੇਵੇ.
ਇਕ ਬਹੁਤ ਵੱਡਾ ਜੰਗਲ ਸ਼ੁਰੂ ਹੋ
ਚੁੱਕਾ ਸੀ. ਚਾਰੇ ਪਾਸੇ ਟੀਕ ਦੇ ਦਰਖ਼ਤ ਸਨ ਤੇ ਵਿਚਾਲੇ ਇਹ ਕਾਲੀ ਸੜਕ ਚੱਲ ਰਹੀ ਸੀ. ਸੂਰਜ ਹਾਲੇ
ਸਿਖਰ ’ਤੇ ਨਹੀਂ ਸੀ ਇਸ ਲਈ ਇਨ੍ਹਾਂ ਦਰਖ਼ਤਾਂ ਦੇ ਪਰਛਾਵੇਂ ਲੰਮੇ ਬਣ
ਰਹੇ ਸੀ ਤੇ ਇਸ ਨਾਤੇ ਇਕ ਉੱਤੇ ਇਕ ਪਰਛਾਵਾਂ ਤੇਜ਼ੀ ਨਾਲ ਗੁਜ਼ਰ ਰਿਹਾ ਸੀ. ਕਿਤੇ-ਕਿਤੇ ਸੜਕ ਤੋਂ
ਜੰਗਲ ਦੇ ਵਿਚਾਲੇ ਪਾਟਦੀਆਂ ਪਗਡੰਡੀਆਂ ਦਿਖਦੀਆਂ ਤਦ ਅਹਿਸਾਸ ਹੁੰਦਾ ਕਿ ਇੱਥੇ ਆਬਾਦੀ ਵੀ ਸੰਭਵ
ਹੈ. ਡਰਾਈਵਰ ਨੇ ਬਿਨਾਂ ਪੁੱਛੇ ਦੱਸਿਆ, “ਕੁਸਮੀ ਦਾ
ਜੰਗਲ ਹੈ, ਇਕ ਸਮੇਂ ਇਹ ਜੰਗਲ ਇੱਥੋਂ ਲੈ ਕੇ ਆਸਾਮ ਤੱਕ ਫੈਲਿਆ ਹੋਇਆ ਸੀ ਪਰ ਹੁਣ ਸਿਮਟ ਗਿਆ ਹੈ.”
ਮੈਂ ਇਸ ਜੰਗਲ ਨੂੰ ਜਾਣਦਾ ਸੀ. ਪੜ੍ਹ ਰੱਖਿਆ ਸੀ ਕਿ ਪਹਿਲਾਂ ਇਹ ਆਸਾਮ ਤੱਕ ਨਹੀਂ ਫੈਲਿਆ ਸੀ. ਕਿਸੇ ਜ਼ਮਾਨੇ ’ਚ ਇਹ ਨੇਪਾਲ ਤੱਕ ਫੈਲਿਆ ਹੋਇਆ ਸੀ.
ਨੋਟ: ਇਸ ਨਾਵਲ ਨੂੰ ਜਲਦ ਹੀ Rethink Publisher
ਦੁਆਰਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।