ਸਿਗਮੰਡ ਫਰਾਇਡ ਦਾ ਨਾਂ ਅਧੁਨਿਕ ਸੰਸਾਰ ਦੇ ਉਨ੍ਹਾਂ ਮਹਾਨ ਚਿੰਤਕਾਂ ਵਿੱਚ ਗਿਣਿਆਂ ਜਾਂਦਾ ਹੈ, ਜਿੰਨਾਂ ਨੇ ਮਨੁੱਖ ਨੂੰ ਨਵੀਂ ਚਿੰਤਨ-ਦ੍ਰਿਸ਼ਟੀ ਦਿੱਤੀ ਹੈ। ਜੇਕਰ ਆਧੁਨਿਕ ਸੰਸਾਰ ਦੇ ਤਿੰਨ ਮਹਾਨ ਚਿੰਤਕਾਂ ਦੀ ਚੋਣ ਕਰਨੀ ਹੋਵੇ ਤਾਂ ਫਰਾਇਡ ਤਾਂ ਉਨ੍ਹਾਂ ਵਿਚ ਹੋਵੇਗਾ ਹੀ, ਦੂਜੇ ਦੋ ਚਿੰਤਕ ਡਾਰਵਿਨ ਅਤੇ ਆਈਨਸਟੀਨ ਗਿਣੇ ਜਾ ਸਕਦੇ ਹਨ। ਆਧੁਨਿਕ ਸੰਸਾਰ ਵਿਗਿਆਨ ਅਤੇ ਵਿਗਿਆਨਿਕਾਂ ਦਾ ਰਿਣੀ ਹੈ, ਪਰ ਫਰਾਇਡ, ਡਾਰਵਿਨ ਅਤੇ ਆਈਨਸਟੀਨ ਦਾ ਸਥਾਨ ਵਿਗਿਆਨ ਅਤੇ ਵਿਗਿਆਨਿਕਾਂ ਨਾਲੋਂ ਇਸ ਕਰ ਕੇ ਉੱਚਾ ਹੈ, ਕਿਉਂਕਿ ਇਨ੍ਹਾਂ ਯੁੱਗ-ਪੁਰਸ਼ਾਂ ਨੇ ਉਸ ਸੋਚ-ਵਿਧੀ ਅਤੇ ਗਿਆਨ-ਦ੍ਰਿਸ਼ਟੀ ਨੂੰ ਜਨਮ ਦਿੱਤਾ ਹੈ, ਜਿਸ ਦੀ ਲੋਅ ਵਿਚ ਵਿਗਿਆਨ ਗਿਆਨ ਬਣਿਆ ਅਤੇ ਵਿਗਿਆਨਕ ਅਨੇਕਾਂ ਕਾਢਾਂ ਕੱਢਣ ਦੇ ਯੋਗ ਹੋਏ ਅਤੇ ਸੰਸਾਰ ਆਧੁਨਿਕ ਲੀਹਾਂ ਉੱਤੇ ਢਲ਼ਨ ਲੱਗਿਆ। ਉਪਰੋਕਤ ਤਿੰਨੇ ਚਿੰਤਕ ਆਧੁਨਿਕ ਯੁੱਗ ਦੇ ਦਾਰਸ਼ਨਿਕ ਸਨ, ਜਿਨ੍ਹਾਂ ਨੇ ਅਪਣੇ ਮਨ-ਮਸਤਕ ਵਿਚ ਨਵੇਂ ਸੰਸਾਰ ਦੀ ਕਲਪਨਾ ਕੀਤੀ ਅਤੇ ਆਪਣੇ ਆਪਣੇ ਖੇਤਰ ਵਿਚ ਅਜਿਹੇ ਤਰਕ ਪੇਸ਼ ਕੀਤੇ ਜਿਨ੍ਹਾਂ ਨਾਲ ਵਿਸ਼ਵ ਦੀ ਨੁਹਾਰ ਬਦਲ ਗਈ ਹੈ।
ਫ਼ਰਾਇਡ ਦੀ ਜੀਵਨ ਕਥਾ ਉਸ ਦੇ ਜਨਮ ਨਾਲ ਆਰੰਭ ਕਰਨ ਦੀ ਥਾਂ ਉਸ ਦੀ ਮੌਤ ਨਾਲ ਸ਼ੁਰੂ ਕਰਨੀ ਵਧੇਰੇ ਉਪਯੋਗੀ ਪ੍ਰਤੀਤ ਹੁੰਦੀ ਹੈ। ਅੱਜ ਤੋਂ ਲਗਭਗ ਅੱਧੀ ਸਦੀ ਪਹਿਲਾਂ, 1939 ਦੇ ਸਤੰਬਰ ਮਹੀਨੇ ਵਿਚ, ਬਿਆਸੀ ਸਾਲਾਂ ਦੀ ਉਮਰ ਵਿੱਚ ਇਹ ਮਹਾਨ ਮਨੋ-ਵਿਗਿਆਨੀ ਇਸ ਸੰਸਾਰ ਨੂੰ ਤਿਆਗ ਕਰ ਗਿਆ, ਪਰ ਸਾਰੇ ਸੰਸਾਰ ਨੇ ਅਪਣਾ ਲਿਆ। ਫਰਾਇਡ ਦਾ ਅਧਿਐਨ ਕੀਤੇ ਬਿਨਾਂ ਨਾ ਕੋਈ ਵਿਅਕਤੀ ਵਿਦਵਾਨ ਕਹਾ ਸਕਦਾ ਹੈ ਨਾ ਹੀ ਆਧੁਨਿਕ। ਮਹਾਨ ਪੁਰਸ਼ਾਂ ਵਾਲੀ ਰਵਾਇਤ ਨੂੰ ਪਾਲਦੇ ਹੋਏ ਫਰਾਇਡ ਨੂੰ ਆਪਣੇ ਵਿਚਾਰਾਂ ਕਾਰਨ ਆਪਣਾ ਜਰਮਨੀ ਵਿਚਲਾ ਨਿਵਾਸ ਸਥਾਨ ਤਿਆਗਣਾ ਪਿਆ ਅਤੇ ਨਾਜ਼ੀ ਫ਼ੌਜੀਆਂ ਦੇ ਕ੍ਰੋਧ ਕਾਰਨ ਉਸ ਨੂੰ ਅਪਣਾ ਸਭ ਕੁੱਝ ਛੱਡ ਕੇ ਇੰਗਲੈਂਡ ਵਿਚ ਸ਼ਰਨ ਲੈਣੀ ਪਈ। ਉਸ ਦੇ ਅਜਿਹਾ ਕਰਨ ਕਰ ਕੇ ਉਸ ਦੀਆਂ ਸੱਤਰ ਵਰ੍ਹਿਆਂ ਦੀ ਵੱਡੀ ਉਮਰ ਵਾਲੀਆਂ ਤਿੰਨ ਭੈਣਾਂ ਨੂੰ ਨਾਜ਼ੀਆਂ ਨੇ ਗੈਸ ਸੁੰਘਾ ਕੇ ਮਾਰ ਦਿੱਤਾ। ਇਸ ਸਮੇਂ ਤੱਕ ਕੈਂਸਰ ਕਾਰਨ ਫਰਾਇਡ ਦਾ ਵੀ ਦੋ ਵਾਰੀ ਓਪਰੇਸ਼ਨ ਹੋ ਚੁੱਕਾ ਸੀ। ਅਪਣੇ ਜੀਵਨ ਦੇ ਅੰਤਲੇ ਪੰਦਰਾਂ ਵਰ੍ਹੇ ਫਰਾਇਡ ਨੂੰ ਆਪਣੇ ਜਬਾੜੇ ਦਾ ਅੰਤਾਂ ਦਾ ਦਰਦ ਹੰਢਾਉਣਾ ਪਿਆ ਅਤੇ ਉਸ ਦਾ ਇੱਕ ਹੱਥ ਜਬਾੜ੍ਹੇ ਦੀ ਦਰਦ ਨੂੰ ਘਟਾਉਣ ਦੇ ਆਹਰ ਵਿਚ ਲੱਗਿਆ ਰਿਹਾ। ਅਜਿਹੀ ਅਵਸਥਾ ਦੇ ਬਾਵਜੂਦ ਉਹ ਪ੍ਰਯੋਗ ਕਰਦਾ ਰਿਹਾ, ਸੰਕਲਪ ਉਸਾਰਦਾ ਰਿਹਾ ਅਤੇ ਮਨੋ-ਵਿਸ਼ਲੇਸ਼ਣ ਦੇ ਸਿਧਾਂਤਾਂ ਨੂੰ ਨਿਖਾਰਦਾ ਰਿਹਾ। ਜਬਾੜੇ ਦੇ ਦਰਦ ਤੋਂ ਨਿਜਾਤ ਕੇਵਲ ਮੌਤ ਵਿੱਚ ਸੀ, ਪਰ ਫਰਾਇਡ ਨੇ ਆਪਣੇ-ਆਪ ਨੂੰ ਆਪਣੇ ਕੰਮ ਵਿਚ ਇਸ ਹੱਦ ਤੱਕ ਰੁਝਾ ਲਿਆ ਕਿ ਉਸ ਦਾ ਦਰਦ ਸਿਰਜਣਾਤਮਿਕ ਹੋ ਨਿੱਬੜਿਆ।
ਫਰਾਇਡ ਇੱਕ ਨਿਪੁੰਨ ਲੇਖਕ ਸੀ ਅਤੇ ਆਪਣੀ ਲੇਖਣੀ ਨਾਲ ਉਸ ਨੇ ਅਪਣੇ ਵਿਚਾਰਾਂ ਨੂੰ ਆਧੁਨਿਕ ਯੁੱਗ ਦਾ ਇਕ ਵਾਦ ਬਣਾ ਦਿੱਤਾ। ਉਹ ਆਪ ਹੀ ਆਪਣਾ ਵਿਸ਼ਾ ਸੀ। ਉਸ ਦਾ ਮਨੋ-ਵਿਸ਼ਲੇਸ਼ਣ ਉਸ ਦੇ ਆਪਣੇ ਮਨ, ਮਨ ਵਿਚਲੇ ਡਰਾਂ ਅਤੇ ਭੈਣਾਂ, ਅਤ੍ਰਿਪਤ ਇੱਛਾਵਾਂ, ਦੱਬੀਆਂ-ਘੁੱਟੀਆਂ ਖ਼ਾਹਿਸ਼ਾਂ, ਹਾਰ ਗਈਆਂ ਤਾਂਘਾਂ-ਉਮੰਗਾਂ ਦਾ ਹੀ ਵਿਸ਼ਲੇਸ਼ਣ ਹੈ। ਉਸ ਦੇ ਬਚਪਨ ਵਿਚ ਅਨੇਕਾਂ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਮਾਤਾ-ਪਿਤਾ, ਭੈਣਾਂ-ਭਰਾਵਾਂ ਅਤੇ ਆਲ਼ੇ-ਦੁਆਲ਼ੇ ਦੇ ਇਸਤਰੀ-ਪੁਰਸ਼ਾਂ ਨਾਲ ਉਸ ਦੇ ਸਬੰਧ ਜਟਿਲ ਅਤੇ ਗੁੰਝਲਦਾਰ ਹੁੰਦੇ ਗਏ। ਉਸ ਨੇ ਆਪਣੇ ਨਿੱਜੀ ਅਨੁਭਵਾਂ ਨੂੰ ਤਰਕਸੰਗਤ ਢੰਗ ਨਾਲ ਪੇਸ਼ ਕਰ ਕੇ ਮਨੋਵਿਸ਼ਲੇਸ਼ਨ ਦੇ ਨਾਂ ਨਾਲ ਜਾਣੀ ਜਾਣ ਵਾਲੀ ਵਿਧੀ ਦਾ ਨਿਰਮਾਣ ਕੀਤਾ। ਭਾਵੇ ਉਸ ਦੇ ਆਪਣੇ ਸਮਕਾਲੀਆਂ ਅਤੇ ਸਾਥੀਆਂ ਨਾਲ ਵਿਚਾਰਾਂ ਦੇ ਪੱਖੋਂ ਮਤਭੇਦ ਪੈਦਾ ਹੋਏ ਅਤੇ ਐਡਲਰ, ਯੁੰਗ, ਰੈਂਕ, ਸਟੈਕਲ ਆਦਿ ਉਸ ਦਾ ਸਾਥ ਛੱਡ ਗਏ ਅਤੇ ਭਿੰਨ-ਭਿੰਨ ਪ੍ਰਕਾਰ ਦਾ ਮਨੋ-ਵਿਗਿਆਨ ਉਧਾਰਨ ਲੱਗ ਪਏ, ਪਰ ਫਰਾਇਡ ਆਪਣੇ ਵਿਚਾਰਾਂ ਦੇ ਪੱਖੋਂ ਦ੍ਰਿੜ ਰਿਹਾ। ਹਰ ਨਵੇਂ ਮਨੋ-ਵਿਗਿਆਨੀ ਪਹਿਲਾਂ ਇਹ ਸਪਸ਼ਟ ਕਰਨਾ ਪੈਂਦਾ ਹੈ ਕਿ ਉਹ ਫਰਾਇਡ ਦੇ ਪੱਖ ਵਿਚ ਖਲੋਤਾ ਹੈ ਜਾਂ ਵਿਰੋਧ ਵਿਚ। ਇਹ ਦੋਵੇਂ ਸਥਿਤੀਆਂ ਫਰਾਇਡ ਦੇ ਵਿਸ਼ਾਲ ਅਤੇ ਡੂੰਘੇ ਪ੍ਰਭਾਵ ਦਾ ਪ੍ਰਮਾਣ ਹਨ।
ਫਰਾਇਡ ਨੂੰ ਹੁਣ ਉਸ ਦੇ ਮਰਨ ਤੋਂ ਪੰਜਾਹ ਵਰ੍ਹੇ ਉਪਰੰਤ ਨਿਰਪੱਖ ਅਤੇ ਸੁਤੰਤਰ ਦ੍ਰਿਸ਼ਟੀ ਤੋਂ ਨਿਰਖਣਾ ਪਰਖਣਾ ਸੰਭਵ ਹੋਇਆ। ਉਸ ਨਾਲ ਸਬੰਧਿਤ ਅਨੇਕਾਂ ਵਾਦ-ਵਿਵਾਦ ਮੁੱਕ ਗਏ। ਸੋ ਨਿਰਸੰਦੇਹ ਅਸੀਂ ਉਸ ਦੇ ਯੋਗਦਾਨ ਦਾ ਨਿਰਪੱਖ ਲੇਖਾ-ਜੋਖਾ ਕਰ ਸਕਦੇ ਹਾਂ। ਫਰਾਇਡ ਤੋਂ ਪਹਿਲਾਂ ਮਨੋਵਿਗਿਆਨ ਅਕਾਦਮਿਕ ਖੇਤਰਾਂ ਤੱਕ ਸੀਮਤ ਸੀ ਅਤੇ ਇਸ ਦਾ ਅਧਿਐਨ ਯੂਨੀਵਰਸਿਟੀਆਂ ਦੇ ਅੰਦਰ ਹੀ ਹੁੰਦਾ ਸੀ। ਮਨੁੱਖ ਦੇ ਵਿਹਾਰ ਨੂੰ ਵੇਖ ਕੇ ਕੁੱਝ ਨਿਰਣੇ-ਸਿੱਟੇ ਸਾਹਮਣੇ ਆ ਚੁੱਕੇ ਸਨ, ਪਰ ਇਹ ਸਾਰੇ ਨਿਰਣੇ ਮਨੁੱਖ ਦੇ ਤਾਰਕਿਕ ਵਿਹਾਰ ਅਤੇ ਮੂਲ ਪ੍ਰਵਿਰਤੀਆਂ ਦੇ ਉਪਜਾਏ ਵਿਹਾਰ ਉੱਤੇ ਆਧਾਰਿਤ ਸਨ। ਮਨੁੱਖ ਦੇ ਵਿਹਾਰ ਨੂੰ ਇਕ ਸਿੱਧੀ ਰੇਖਾ ਵਿਚ ਸਮਝਣ ਦਾ ਯਤਨ ਕੀਤਾ ਜਾਂਦਾ ਸੀ। ਮਨੁੱਖੀ ਵਿਹਾਰ ਨੂੰ ਦੋ ਮੁੱਖ ਵੰਨਗੀਆਂ ਵਿਚ ਵੰਡਣ ਦੀ ਰੀਤ ਅਨੁਸਾਰ ਪਹਿਲੀ ਵੰਨਗੀ ਵਿਚ ਉਸ ਨੂੰ ਗਿਣਿਆ ਜਾਂਦਾ ਸੀ, ਜਿਸ ਦੇ ਕਾਰਣ ਸਪਸ਼ਟ ਅਤੇ ਪ੍ਰਤੱਖ ਸਨ। ਦੂਜੀ ਵੰਨਗੀ ਵਿਚ ਉਸ ਵਿਹਾਰ ਨੂੰ ਗਿਣਿਆ ਜਾਂਦਾ ਸੀ, ਜਿਸ ਦੇ ਕਾਰਣ ਅਸਪਸ਼ਟ ਅਤੇ ਗੁੱਝੇ ਸਨ। ਅਜਿਹੇ ਵਿਹਾਰ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਮਹੱਤਵਹੀਣ ਸਮਝੇ ਜਾਣ ਕਾਰਨ ਅਜਿਹੇ ਵਿਹਾਰ ਦਾ ਵਿਸ਼ਲੇਸ਼ਣ ਵੀ ਨਹੀਂ ਕੀਤਾ ਜਾਂਦਾ ਸੀ। ਅਜਿਹੇ ਵਿਹਾਰ ਨੂੰ ਪਹਿਲੀ ਵੰਨਗੀ ਦੇ ਤਾਰਕਿਕ ਵਿਹਾਰ ਦੇ ਮੁਕਾਬਲੇ ਨੀਵੀਂ ਪੱਧਰ ਦਾ ਦੱਸ ਕੇ ਅਣਡਿੱਠ ਕਰਨ ਦੀ ਪ੍ਰਵਿਰਤੀ ਦਾਰਸ਼ਨਿਕਾਂ ਅਤੇ ਮਨੋ-ਵਿਗਿਆਨੀਆਂ ਵਿਚ ਸਾਂਝੀ ਸੀ।
ਫਰਾਇਡ ਦੀ ਮਹਾਨ ਦੇਣ ਇਹ ਹੈ ਕਿ ਉਸ ਨੇ ਅਪਣਾ ਧਿਆਨ ਮਨੁੱਖੀ ਵਿਹਾਰ ਦੇ ਨਿਗੂਣੇ ਪੱਖਾਂ ਉੱਤੇ ਕੇਂਦ੍ਰਿਤ ਕੀਤਾ ਅਤੇ ਮਨੁੱਖ ਦੇ ਅਤਾਰਕਿਕ ਵਿਹਾਰ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ। ਅਜਿਹਾ ਕਰਨ ਨਾਲ ਉਸ ਦੇ ਮਨੋਵਿਗਿਆਨ ਦੇ ਅਰਥ ਅਤੇ ਇਸ ਦੇ ਅਧਿਐਨ-ਖੇਤਰ ਨੂੰ ਬਦਲ ਦਿੱਤਾ। ਉਸ ਨੇ ਮਨੁੱਖੀ ਮਨ ਵਿਚ ਬੰਦ ਬੂਹੇ-ਬਾਰੀਆਂ ਨੂੰ ਖੋਲ੍ਹਿਆ ਅਤੇ ਮਨੁੱਖੀ ਮਨ ਦੀ ਵਿਆਖਿਆ ਦੀ ਥਾਂ 'ਵਿਸ਼ਲੇਸ਼ਣ' ਕਰਨਾ ਆਰੰਭ ਕੀਤਾ। ਫਰਾਇਡ ਤੋਂ ਪਹਿਲਾਂ ਵਿਆਖਿਆ ਉੱਤੇ ਜ਼ੋਰ ਸੀ, ਫਰਾਇਡ ਤੋਂ ਮਗਰੋਂ ਵਿਸ਼ਲੇਸ਼ਣ ਗਿਆਨ ਦੇ ਹਰ ਖੇਤਰ ਵਿਚ ਮੁੱਖ ਪ੍ਰਵਿਰਤੀ ਬਣ ਗਿਆ। ਫਰਾਇਡ ਨੇ ਮਨੁੱਖ ਦੇ ਅਤਾਰਕਿਕ ਵਿਹਾਰ ਨੂੰ ਆਪਣੇ ਅਧਿਐਨ ਦਾ ਕੇਂਦਰ ਬਣਾਇਆ ਸੀ, ਸੋ ਤਾਰਕਿਕ ਵਿਹਾਰ ਦਾ ਅਧਿਐਨ ਕਰਨ ਵਾਲੇ ਮਨੋ-ਵਿਗਿਆਨੀ ਉਸ ਦੇ ਸੰਕਲਪਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਰਹੇ, ਪਰ ਸਹਿਜੇ-ਸਹਿਜੇ ਫਰਾਇਡ ਨੇ ਵਿਸ਼ਲੇਸ਼ਣ ਦੇ ਆਧਾਰਾਂ ਨੂੰ ਏਨਾ ਤਾਰਕਿਕ ਬਣਾ ਦਿੱਤਾ ਕਿ ਸਾਰੇ ਉਸ ਦੇ ਸ਼ਰਧਾਲੂ ਹੋ ਨਿੱਬੜੇ। ਇਵੇਂ ਫਰਾਇਡ ਨੇ ਮਨੁੱਖੀ ਵਿਹਾਰ ਦੇ ਨਿਗੂਣੇ ਪੱਖਾਂ ਦੇ ਮਹੱਤਵ ਨੂੰ ਉਜਾਗਰ ਕਰ ਕੇ ਅਧਿਐਨ ਦੀ ਇਕ ਅਸਲੋਂ ਹੀ ਮੌਲਿਕ ਵਿਧੀ ਨੂੰ ਜਨਮ ਦਿੱਤਾ, ਨਿਰਮਾਣ ਕੀਤਾ ਅਤੇ ਪ੍ਰਪੱਕ ਕੀਤਾ।
ਫਰਾਇਡ ਦੀ ਇਹ ਧਾਰਨਾ ਸੀ ਕਿ ਪਾਗਲਪਣ ਦੇ ਵੀ ਤਾਰਕਿਕ ਆਧਾਰ ਹੁੰਦੇ ਹਨ। ਜਦੋਂ ਮਨ ਵਿਚ ਉੱਠਦੀਆਂ ਤਾਂਘਾਂ-ਉਮੰਗਾਂ ਨੂੰ ਸਮਾਜਿਕ ਦਬਾਵਾਂ ਅਧੀਨ ਕੁਚਲਨਾ ਪੈਂਦਾ ਹੈ ਤਾਂ ਇਹ ਸਾਡੇ ਅਚੇਤ ਵਿਚ ਦੱਬੀ- ਘੁੱਟੀ ਅਵਸਥਾ ਵਿਚ ਵਿਚਰਦੀਆਂ ਉਮੰਗਾਂ ਵੀ ਪੂਰਤੀ ਲਈ ਤਾਂਘਦੀਆਂ ਰਹਿੰਦੀਆਂ ਹਨ। ਜਦੋਂ ਵਾਸਤਵਿਕ ਸੰਸਾਰ ਵਿਚ ਇਨ੍ਹਾਂ ਦੀ ਪੂਰਤੀ ਸੰਭਵ ਨਾ ਹੋਵੇ ਤਾਂ ਇਹ ਸੁਪਨਿਆਂ ਵਿਚ ਤ੍ਰਿਪਤ ਹੁੰਦੀਆਂ ਪ੍ਰਤੀਤ ਹੁੰਦੀਆਂ ਹਨ। ਜਦੋਂ ਮੂਲ ਤਾਂਘਾਂ ਅਤੇ ਉਮੰਗਾਂ ਦਾ ਨਿਰੰਤਰ ਦਮਨ ਕੀਤਾ ਜਾਵੇ ਤਾਂ ਵਿਅਕਤੀ ਦੀ ਮਨ ਅੰਦਰਲੀ ਸਥਿਤੀ ਸਮਾਜ ਦੀ ਬਾਹਰੀ ਸਥਿਤੀ ਨਾਲ ਇੱਕ-ਸੁਰ ਨਹੀਂ ਰਹਿੰਦੀਆਂ ਅਤੇ ਸਬੰਧਿਤ ਵਿਅਕਤੀ ਲਈ ਸਾਵਾਂ-ਸੁਖਾਵਾਂ ਜੀਵਨ ਜਿਊਣਾ ਅਸੰਭਵ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਵਿਅਕਤੀ ਪਾਗਲਪਣ ਜਾਂ ਡੁੱਲ੍ਹ-ਪਣੇ ਦੇ ਲੱਛਣ ਪ੍ਰਗਟਾਉਣ ਲੱਗ ਪੈਂਦਾ ਹੈ। ਅਜਿਹੇ ਵਿਅਕਤੀ ਦੇ ਮੂੰਹੋਂ ਅਚਾਨਕ ਕੁੱਝ ਬੋਲਿਆ ਜਾਂਦਾ ਹੈ, ਉਸ ਨੂੰ ਅਜੀਬ ਸੁਪਨੇ ਆਉਣ ਲੱਗ ਪੈਂਦੇ ਹਨ, ਉਸ ਤੋਂ ਚੀਜ਼ਾਂ ਟੁੱਟਣ ਲੱਗ ਪੈਂਦੀਆਂ ਹਨ ਅਤੇ ਗੱਲਾਂ ਭੁੱਲਣ ਲੱਗ ਪੈਂਦੀਆਂ ਹਨ। ਉਸ ਦਾ ਵਿਹਾਰ ਹਾਸੋਹੀਣਾ ਅਤੇ ਅਤਾਰਕਿਕ ਹੋ ਜਾਂਦਾ ਹੈ, ਪਰ ਅਜਿਹੇ ਵਿਹਾਰ ਦੇ ਕਾਰਨ ਉਸ ਵਿਅਕਤੀ ਦੇ ਅਚੇਤ ਮਨ ਵਿਚ ਛੁਪੇ ਹੋਏ ਹਨ। ਫਰਾਇਡ ਤੋਂ ਪਹਿਲਾਂ ਦੇ ਮਨੋਵਿਗਿਆਨੀ ਅਚੇਤ ਮਨ ਨੂੰ ਕੂੜੇ ਦੀ ਟੋਕਰੀ ਜਾਂ ਨਿਰਾਰਥਕ ਅਨੁਭਵਾਂ ਦਾ ਭੰਡਾਰ ਸਮਝਦੇ ਸਨ, ਪਰ ਫਰਾਇਡ ਨੇ ਇਹ ਸਥਾਪਿਤ ਕਰਨ ਦਾ ਯਤਨ ਕੀਤਾ ਕਿ ਮਨੁੱਖ ਦਾ ਅਚੇਤ-ਮਨ ਹੀ ਸਭ ਤੋਂ ਮਹੱਤਵਪੂਰਨ ਹੈ ਅਤੇ ਮਨੁੱਖ ਦੇ ਸੁਚੇਤ ਵਿਹਾਰ ਪਿੱਛੇ ਵੀ ਅਚੇਤ ਮਨ ਕਾਰਜਸ਼ੀਲ ਹੁੰਦਾ ਹੈ। ਇਵੇਂ ਫਰਾਇਡ ਨੇ ਯਾਦਾਂ, ਬਚਪਨ ਦੇ ਅਨੁਭਵਾਂ, ਅਤ੍ਰਿਪਤ ਤਾਂਘਾਂ, ਦੁਖਦਾਈ ਘਟਨਾਵਾਂ ਅਤੇ ਭੁੱਲੇ-ਵਿਸਰੇ ਤਜਰਬਿਆਂ ਦੇ ਵਿਸ਼ਾਲ ਸਮੁੰਦਰ ਅਰਥਾਤ ਅਚੇਤ ਮਨ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਇਸੇ ਦਾ ਅਧਿਐਨ ਕਰਨ ਲਈ ਮਨੋਵਿਸ਼ਲੇਸ਼ਨ ਦੀ ਵਿਧੀ ਦਾ ਨਿਰਮਾਣ ਕੀਤਾ।
ਹਰ ਇਕ ਵਿਅਕਤੀ ਆਪਣੇ ਅਨੁਭਵ ਦੇ ਅਨੇਕਾਂ ਅਜਿਹੇ ਪੱਖਾਂ ਨੂੰ ਪ੍ਰਗਟਾਉਣ ਤੋਂ ਝਿਜਕਦਾ ਹੈ, ਜਿਨ੍ਹਾਂ ਨੂੰ ਪ੍ਰਗਟਾਉਣ ਨਾਲ ਉਸ ਦੀ ਹਉਂ ਨੂੰ ਸੱਟ ਵਜਦੀ ਹੋਵੇ। ਅਨੁਭਵ ਦੇ ਅਜਿਹੇ ਪੱਖਾਂ ਨੂੰ ਮਨੁੱਖ ਆਪਣੇ ਮਨ ਦੇ ਸੰਦੂਕ ਵਿਚ ਜਿੰਦਰਾ ਮਾਰ ਕੇ ਰਖਦਾ ਹੈ ਅਤੇ ਆਪਣੀ ਮਾਨਸਿਕ ਸ਼ਕਤੀ ਦਾ ਬਹੁਤ ਵੱਡਾ ਭਾਗ ਉਹ ਇਸ ਸੰਦੂਕ ਦੀ ਚੌਕੀਦਾਰੀ ਵਿਚ ਖ਼ਰਾਬ ਕਰ ਦਿੰਦਾ ਹੈ। ਭਾਵੇਂ ਇਹ ਅਨੁਭਵ ਉਹ ਪ੍ਰਗਟਾਉਂਦਾ ਨਹੀਂ, ਪਰ ਇਸ ਅਨੁਭਵ ਦੇ ਹਵਾਲੇ ਉਸ ਦੇ ਵਿਹਾਰ ਵਿਚੋਂ ਨਿਰੰਤਰ ਚਲਦੇ ਰਹਿੰਦੇ ਹਨ। ਦੱਬੇ-ਘੁੱਟੇ ਅਨੁਭਵ ਕਈ ਮਨੋ-ਗ੍ਰੰਥੀਆਂ, ਸਮਾਜਿਕ-ਗੁੰਝਲਾਂ ਅਤੇ ਮਾਨਸਿਕ-ਪੱਖਪਾਤਾਂ ਨੂੰ ਜਨਮ ਦਿੰਦੇ ਹਨ। ਇਵੇਂ ਮਨੁੱਖ ਦਾ ਸਮੁੱਚਾ ਵਿਹਾਰ ਉਸ ਦੇ ਮੁੱਢਲੇ ਅਨੁਭਵਾਂ ਦੇ ਪ੍ਰਭਾਵ ਅਧੀਨ ਵਿਚਰਦਾ ਹੈ। ਮਨੁੱਖ ਨੂੰ ਇਹ ਭੁਲੇਖਾ ਹੈ ਕਿ ਉਹ ਆਜ਼ਾਦ ਹੈ ਜਦੋਂ ਕਿ ਵਾਸਤਵਿਕਤਾ ਇਹ ਹੈ ਕਿ ਉਹ ਆਪਣੇ ਅਚੇਤ ਮਨ ਦਾ ਚਲਾਇਆ ਚਲਦਾ ਹੈ ਅਤੇ ਅਚੇਤ ਮਨ ਵਿਚ ਸਮੁੱਚੀ ਮਾਨਵ ਜਾਤੀ ਦਾ ਸਮੁੱਚਾ ਅਨੁਭਵ ਅਤੇ ਵਿਹਾਰ ਉਸ ਦੇ ਅਚੇਤ ਮਨ ਦੇ ਇਸ ਹੱਦ ਤੱਕ ਪ੍ਰਭਾਵ ਅਧੀਨ ਹੈ ਕਿ ਉਸ ਦੇ ਵਿਹਾਰ ਦਾ ਕੋਈ ਅਜਿਹਾ ਪੱਖ ਪ੍ਰਤੀਤ ਹੀ ਨਹੀਂ ਹੁੰਦਾ, ਜਿਸ ਨੂੰ ਸੁਚੇਤ ਵਿਹਾਰ ਕਿਹਾ ਜਾ ਸਕੇ। ਇਵੇਂ ਫਰਾਇਡ ਨੇ ਸਾਨੂੰ ਆਪਣੇ ਆਪ ਨੂੰ ਵੇਖਣ, ਨਿਰਖਣ, ਪਰਖਣ ਅਤੇ ਸਮਝਣ ਦੀ ਨਵੀਂ ਸ੍ਰਿਸ਼ਟੀ ਦਿੱਤੀ ਹੈ।
ਸੰਯੋਗ ਵੱਸ ਜਦੋਂ ਫਰਾਇਡ ਮਨੋ-ਵਿਸ਼ਲੇਸ਼ਣ ਵਿਧੀ ਦਾ ਨਿਰਮਾਣ ਕਰ ਰਿਹਾ ਸੀ ਤਾਂ ਉਸੇ ਸਮੇਂ ਉਸ ਦੇ ਸਮਕਾਲੀ ਵੀ ਨਵੀਆਂ ਦ੍ਰਿਸ਼ਟੀਆਂ ਪ੍ਰਦਾਨ ਕਰ ਰਹੇ ਸਨ। ਫਰਾਇਡ ਤੋਂ ਢੇਰ ਪਹਿਲਾਂ ਕਾਪਰਨੀਕਸ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਸੂਰਜ ਧਰਤੀ ਦੁਆਲੇ ਨਹੀਂ ਸਗੋਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਇਵੇਂ ਧਰਤੀ ਅਤੇ ਧਰਤੀ ਤੇ ਵੱਸਣ ਵਾਲੇ ਜੀਵਾਂ ਦਾ ਮਹੱਤਵ ਘਟਿਆ ਪ੍ਰਤੀਤ ਹੋਇਆ। ਡਾਰਵਿਨ ਨੇ ਸਾਬਤ ਕਰ ਦਿੱਤਾ ਸੀ ਕਿ ਜੀਵ-ਜੰਤੂ ਜਗਤ ਰੱਬ ਦੇ ਕਹੇ ਅਨੁਸਾਰ ਅਚਾਨਕ ਹੋਂਦ ਵਿਚ ਨਹੀਂ ਸੀ ਆਇਆ, ਸਗੋਂ ਕਰੋੜਾਂ ਸਾਲਾਂ ਦੇ ਨਿਰੰਤਰ ਵਿਕਾਸ ਨਾਲ ਹੋਂਦ ਵਿਚ ਆਇਆ ਹੈ। ਇਸ ਸੰਕਲਪ ਨਾਲ ਰੱਬ ਦੀ ਹਸਤੀ ਅਤੇ ਬਾਈਬਲ ਵਿਚ ਪੇਸ਼ ਕਹਾਣੀਆਂ ਮਹੱਤਵ ਗੁਆ ਬੈਠੀਆਂ। ਮਨੋਵਿਗਿਆਨ ਅਤੇ ਜੀਵ-ਵਿਗਿਆਨ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਮਨੁੱਖ ਦੇ ਪਿਤਾ-ਪੁਰਖੇ ਦੇਵਤੇ ਜਾਂ ਰੱਬ ਨਹੀਂ ਸਨ, ਸਗੋਂ ਜੰਗਲੀ ਜਾਨਵਰ ਸਨ। ਅਜਿਹੇ ਸੰਕਲਪਾਂ ਨੇ ਮਨੁੱਖੀ ਮਹੱਤਵ ਨੂੰ ਸਥਾਪਿਤ ਕਰਨ ਵਾਲੀਆਂ ਦੈਵੀ ਸ਼ਕਤੀਆਂ ਦੀ ਥਾਂ ਉਸ ਦੇ ਅੰਦਰ ਛੁਪੀਆਂ ਪਾਸ਼ਵਿਕ ਸ਼ਕਤੀਆਂ ਨੂੰ ਉਜਾਗਰ ਕੀਤਾ। ਭੌਤਿਕ ਵਿਗਿਆਨ ਨੇ ਸਾਬਤ ਕਰ ਦਿੱਤਾ ਸੀ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਨਹੀਂ ਸਗੋਂ ਬ੍ਰਹਿਮੰਡਾਂ ਵਿਚੋਂ ਇੱਕ ਨਿੱਕੇ ਜਿਹੇ ਬ੍ਰਹਿਮੰਡ ਦਾ ਕਿਣਕਾ-ਮਾਤਰ ਸੀ। ਇਸ ਸੰਕਲਪ ਨਾਲ ਮਨੁੱਖ ਨੂੰ ਆਪਣੇ ਨਿਗੁਣੇਪਨ ਦਾ ਅਹਿਸਾਸ ਹੋਇਆ। ਇਵੇਂ ਸਪਸ਼ਟ ਹੈ ਕਿ ਜਦੋਂ ਫਰਾਇਡ ਮਨੋਵਿਸ਼ਲੇਸ਼ਨ ਵਿਧੀ ਦਾ ਨਿਰਮਾਣ ਕਰ ਰਿਹਾ ਸੀ ਤਾਂ ਗਿਆਨ ਦੇ ਦੂਜੇ ਖੇਤਰਾਂ ਵਿਚ ਵੀ ਇਨਕਲਾਬ ਵਾਪਰ ਰਿਹਾ ਸੀ। ਇਸੇ ਆਧਾਰ ਤੇ ਫਰਾਇਡ ਨੂੰ ਅਧੁਨਿਕ ਯੁੱਗ ਦਾ ਉਸਰੱਈਆ ਕਿਹਾ ਜਾਂਦਾ ਹੈ। ਉਸ ਨੇ ਆਧੁਨਿਕ ਮਨੁੱਖ ਨੂੰ ਸਮਝਣ ਦੇ ਵੀ ਨਵੇਂ ਅਤੇ ਮੌਲਿਕ ਅਤੇ ਵਿਗਿਆਨਕ ਆਧਾਰ ਸਥਾਪਿਤ ਕੀਤੇ ਹਨ।
ਫਰਾਇਡ ਦੇ ਮਨੋਵਿਗਿਆਨਕ ਸਿਧਾਤਾਂ ਨੂੰ ਸਮਝਣ ਵਾਸਤੇ ਉਸ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਆਵੱਸ਼ਕ ਹੈ, ਕਿਉਂਕਿ ਉਸ ਦੇ ਜੀਵਨ ਦੀਆਂ ਨਿੱਜੀ ਘਟਨਾਵਾਂ ਉਸ ਦੇ ਸੰਕਲਪਾਂ ਨੂੰ ਉਭਾਰਨ ਅਤੇ ਨਿਖਾਰਨ ਵਿਚ ਸਹਾਈ ਹੋਈਆਂ ਹਨ। ਫਰਾਇਡ ਦਾ ਜਨਮ 6 ਮਈ, 1856 ਨੂੰ ਆਸਟ੍ਰੀਆ-ਹੰਗਰੀ ਰਾਜ-ਇਲਾਕੇ ਦੇ ਮੋਰਵੀਆ ਕਸਬੇ ਵਿਚ ਹੋਇਆ। ਅੱਜ-ਕੱਲ੍ਹ ਇਹ ਕਸਬਾ ਚੈਕੋਸਲੋਵਾਕੀਆ ਵਿਚ ਹੈ। ਫਰਾਇਡ ਨੇ ਇਕ ਮੱਧ-ਸ਼੍ਰੇਣਿਕ ਯਹੂਦੀ ਪਰਿਵਾਰ ਵਿਚ ਜਨਮ ਲਿਆ। ਉਸ ਦੀ ਮਾਂ ਉਸ ਦੇ ਪਿਤਾ ਦੀ ਦੂਜੀ ਪਤਨੀ ਸੀ ਅਤੇ ਜਦੋਂ ਫਰਾਇਡ ਦਾ ਜਨਮ ਹੋਇਆ ਤਾਂ ਉਸ ਦੇ ਪਿਤਾ ਦੀ ਪਹਿਲੀ ਪਤਨੀ ਵਿਚੋਂ ਦੋ ਜਵਾਨ ਪੁੱਤਰ ਉਸ ਦੇ ਮਤਰੇਏ ਭਰਾ ਬਣੇ। ਇਨ੍ਹਾਂ ਦੋ ਪੁੱਤਰਾਂ ਵਿਚੋਂ ਇਕ ਵਿਆਹਿਆ ਹੋਇਆ ਸੀ ਅਤੇ ਉਸ ਦਾ ਇਕ ਬੱਚਾ ਵੀ ਸੀ। ਜਾਨ ਨਾਂ ਦਾ ਇਹ ਬੱਚਾ ਫਰਾਇਡ ਦਾ ਬਚਪਨ ਦਾ ਸਾਥੀ ਬਣਿਆ। ਫਰਾਇਡ ਉਪਰੰਤ ਉਸ ਦੀ ਮਾਂ ਨੇ ਸੱਤ ਹੋਰ ਪੁੱਤਰਾਂ ਧੀਆਂ ਨੂੰ ਜਨਮ ਦਿੱਤਾ। ਜਦੋਂ ਫਰਾਇਡ ਦਾ ਜਨਮ ਹੋਇਆ ਤਾਂ ਉਸ ਦਾ ਪਿਤਾ, ਜੈਬਰ ਫਰਾਇਡ, ਚਾਲੀ ਸਾਲਾਂ ਤੋਂ ਵੱਡਾ ਸੀ ਅਤੇ ਉਸ ਦੇ ਵਪਾਰੀ ਵਜੋਂ ਉਸ ਦੀ ਆਮਦਨ ਸਧਾਰਨ ਪ੍ਰਕਾਰ ਦੀ ਸੀ, ਦਿਲਚਸਪ ਪੱਖ ਇਹ ਸੀ ਕਿ ਫਰਾਇਡ ਦੀ ਮਾਂ ਦੀ ਉਮਰ ਫਰਾਇਡ ਦੇ ਜਨਮ ਸਮੇਂ ਅੱਧੀ ਸੀ ਅਰਥਾਤ ਕੇਵਲ ਵੀਹ ਵਰ੍ਹੇ ਸੀ। ਫਰਾਇਡ ਦੀ ਮਾਂ ਦੀ ਓੁਮਰ ਫਰਾਇਡ ਦੇ ਮਤਰੇਏ ਭਰਾ ਜਿੰਨੀ ਸੀ। ਇਸ ਸਥਿਤੀ ਨੇ ਆਪਸੀ ਸੰਬੰਧਾਂ ਨੂੰ ਜਟਿਲ ਬਣਾ ਦਿੱਤਾ ਸੀ। ਫਰਾਇਡ ਦੇ ਮਨ ਵਿਚ ਆਪਣੇ ਪਿਤਾ ਪ੍ਰਤੀ ਸਾੜੇ, ਨਫ਼ਰਤ, ਤਰਸ ਅਤੇ ਪਿਆਰ ਦੇ ਮਿਲੇ-ਜੁਲੇ ਭਾਵ ਸਨ। ਉਹ ਆਪਣੀ ਮਾਂ ਵੱਲ ਵਧੇਰੇ ਝੁਕਿਆ ਹੋਇਆ ਸੀ ਅਤੇ ਅਪਣੇ ਮਤਰੇਏ ਭਰਾਵਾਂ ਦੇ ਆਪਣੀ ਮਾਂ ਵੱਲ ਝੁਕਾੳ ਨੂੰ ਸਦਾ ਸੰਦੇਹ ਦੀ ਦ੍ਰਿਸ਼ਟੀ ਨਾਲ ਵੇਖਦਾ ਰਿਹਾ। ਉਹ ਆਪਣੀ ਮਾਂ ਦਾ ਵਧੇਰੇ ਤੋਂ ਵਧੇਰੇ ਧਿਆਨ ਖਿੱਚਣ ਲਈ ਆਪਣੇ ਸਕੇ ਭੈਣਾਂ-ਭਰਾਵਾਂ ਨਾਲ ਈਰਖਾ ਅਤੇ ਸਾੜੇ ਵਾਲਾ ਵਿਹਾਰ ਕਰਦਾ ਸੀ। ਉਹ ਆਪਣੇ ਪਿਤਾ ਪ੍ਰਤੀ ਗ਼ੁੱਸਾ ਆਪਣੇ ਮਤਰੇਏ ਭਰਾਵਾਂ ਤੇ ਕੱਢਦਾ ਸੀ। ਜੀਵਨ ਦੇ ਇਹ ਮੁੱਢਲੇ ਅਨੁਭਵ ਉਸ ਦੇ ਕਈ ਸੰਕਲਪਾਂ ਅਤੇ ਸਿਧਾਤਾਂ ਦੇ ਆਧਾਰ ਬਣੇ ਸਨ।
ਉਸ ਦੇ ਮੁੱਢਲੇ ਜੀਵਨ ਦੀ ਇੱਕ ਮਹੱਤਵਪੂਰਨ ਘਟਨਾ ਤਿੰਨ-ਚਾਰ ਵਰ੍ਹੇ ਦੀ ਉਮਰ ਵਿਚ ਉਹ ਲੰਮੀ ਅਤੇ ਥਕਾ ਦੇਣ ਵਾਲੀ ਰੇਲ ਯਾਤਰਾ ਸੀ, ਜਿਹੜੀ ਉਸ ਨੂੰ ਆਪਣੀ ਜਨਮ-ਭੋਇੰ ਤਿਆਗ ਕੇ ਵਿਆਨਾ ਤੱਕ ਕਰਨੀ ਪਈ ਸੀ। ਇਸ ਯਾਤਰਾ ਦੌਰਾਨ ਉਸ ਨੇ ਭਾਫ਼ ਦੇ ਇੰਜਨ ਤੋਂ ਫੁਆਰੇ ਵੇਖੇ ਅਤੇ ਇਨ੍ਹਾਂ ਫੁਹਾਰਿਆਂ ਨੇ ਉਸ ਦੇ ਮਨ ਵਿਚ 'ਨਰਕ ਦਾ ਸੰਕਲਪ' ਉਸਾਰਿਆ, ਜਿੱਥੋਂ ਉਸ ਦੇ ਮਨ ਵਿਚ ਮਨੁੱਖ ਦੀ ਅਸ਼ਾਂਤ ਭਟਕਣ ਦਾ ਵਿਚਾਰ ਉਪਜਿਆ। ਪਰਿਵਾਰ ਦਾ ਖਿੰਡਾਓ, ਯਹੂਦੀਆਂ ਦੇ ਸਦੀਆਂ ਤੋਂ ਖਿੰਡੇ ਅਤੇ ਉੱਜੜੇ ਹੋਣ ਦੇ ਅਰਥਾਂ ਵਿਚ ਉਸ ਦੇ ਮਨ-ਮਸਤਕ ਵਿਚ ਵੱਸ ਗਿਆ।
ਆਰਥਿਕ ਮਜਬੂਰੀਆਂ ਕਾਰਨ ਫਰਾਇਡ ਦਾ ਪਿਤਾ ਨੂੰ ਵਿਆਨਾ ਵਿਚ ਟਿਕਣ ਲਈ ਮਜਬੂਰ ਹੋਣਾ ਪਿਆ। ਭਾਵੇਂ ਸਥਿਤੀ ਕਿਹੋ ਜਿਹੀ ਵੀ ਸੀ, ਫਰਾਇਡ ਦਾ ਪਿਤਾ ਸਦਾ ਹੀ ਇਸ ਗੱਲ ਤੇ ਦ੍ਰਿੜ ਰਿਹਾ ਕਿ ਫਰਾਇਡ ਨੂੰ ਚੰਗੇ ਸਕੂਲ ਵਿਚ ਦਾਖਿਲ ਕਰਵਾਇਆ ਜਾਵੇ। ਆਪਣੇ ਸਕੂਲ ਵਿਚਲੇ ਅੱਠਾਂ ਸਾਲਾਂ ਵਿਚੋਂ ਅੰਤਲੇ ਛੇ ਵਰ੍ਹੇ ਫਰਾਇਡ ਸਦਾ ਆਪਣੀ ਜਮਾਤ ਵਿਚ ਪਹਿਲੇ ਨੰਬਰ ਤੇ ਰਿਹਾ। ਵਿਆਨਾ ਵਿਚ ਯਹੂਦੀਆਂ ਲਈ ਕੰਮ ਧੰਦਿਆਂ ਦੀ ਚੋਣ ਬੜੀ ਸੀਮਤ ਸੀ। ਫਰਾਇਡ ਨੇ ਚਕਿਤਸਾ-ਵਿਗਿਆਨ ਦਾ ਖੇਤਰ ਚੁਣਿਆ। ਬਚਪਨ ਵਿਚ ਫਰਾਇਡ ਦੇ ਮਨ ਵਿਚ ਮਾਨਵ ਜਾਤੀ ਦੇ ਦੁੱਖਾਂ-ਕਲੇਸ਼ਾਂ ਪ੍ਰਤੀ ਧਿਆਨ ਦੇਣ ਦੀ ਬਿਰਤੀ ਨਹੀਂ ਸੀ, ਪਰ ਜਵਾਨੀ ਵਿਚ ਇਹ ਭਾਵਨਾ ਉਤਪੰਨ ਹੋ ਚੁਕੀ ਸੀ ਅਤੇ ਉਸ ਦੇ ਮਨ ਵਿਚ ਮਾਨਵ ਜਾਤੀ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਦੀ ਜਗਿਆਸਾ ਸੀ ਇਸ ਜਗਿਆਸਾ ਨਾਲ ਉਹ 1873 ਤੋਂ 1881 ਤਕ ਅੱਠ ਸਾਲ ਚਕਿਤਸਾ-ਵਿਗਿਆਨ ਦਾ ਅਧਿਐਨ ਕਰਦਾ ਰਿਹਾ। ਇਸ ਸਮੇਂ ਡਾਰਵਿਨ ਅਤੇ ਹੈਮਹੋਲਟਜ਼ ਆਦਿ ਜੀਵ-ਵਿਗਿਆਨੀਆਂ ਅਤੇ ਸਰੀਰ-ਕ੍ਰਿਆ-ਵਿਗਿਆਨੀਆਂ ਦੀਆਂ ਲੱਭਤਾਂ ਨਾਲ ਵਿਸ਼ਵ-ਦ੍ਰਿਸ਼ਟੀਕੋਣ ਵਿਚ ਤਬਦੀਲੀ ਵਾਪਰ ਰਹੀ ਸੀ। ਵਿਗਿਆਨ ਦੇ ਖੇਤਰ ਵਿਚ ਰਹੱਸਵਾਦ ਅਤੇ ਰੁਮਾਂਸ ਵਾਦ ਦੀ ਥਾਂ ਵਿਗਿਆਨਕ ਸਪਸ਼ਟਤਾ ਅਤੇ ਸੁਨਿਸ਼ਚਿਤਤਾ ਦਾ ਬੋਲ-ਬਾਲਾ ਹੋ ਰਿਹਾ ਸੀ। ਫਰਾਇਡ ਨੇ ਚਕਿਤਸਾ-ਵਿਗਿਆਨ ਦੀ ਪੜ੍ਹਾਈ ਦੌਰਾਨ ਪਹਿਲਾਂ ਜੀਵ-ਵਿਗਿਆਨ ਅਤੇ ਸਰੀਰ-ਕ੍ਰਿਆ ਵਿਗਿਆਨ ਨੂੰ ਆਪਣੇ ਡੂੰਘੇ ਅਧਿਐਨ ਦਾ ਵਿਸ਼ਾ ਨਿਰਧਾਰਿਤ ਕੀਤਾ। ਉਸ ਦੀ ਮੁੱਢਲੀ ਖੋਜ ਤੰਤੂ-ਪ੍ਰਬੰਧ ਸੰਬੰਧੀ ਹੈ। ਇਸ ਖੋਜ ਉਪਰੰਤ ਹੀ ਉਹ ਚਕਿਤਸਾ-ਵਿਗਿਆਨ ਨੂੰ ਗੰਭੀਰਤਾ ਨਾਲ ਲੈਣ ਲੱਗਾ। ਅਗਲੇਰੀ ਪੜ੍ਹਾਈ ਲਈ ਉਹ ਇਕ ਸਾਲ ਲਈ ਪੈਰਿਸ ਗਿਆ, ਜਿੱਥੇ ਪ੍ਰਸਿੱਧ ਸਰੀਰ-ਵਿਗਿਆਨੀ ਚਾਰਕੋਟ ਦੀ ਨਿਗਰਾਨੀ ਅਧੀਨ ਉਹ ਹਿਸਟੀਰੀਆ ਅਤੇ ਹਿਪਨੋਟਿਜ਼ਮ ਦੇ ਅਧਿਐਨ ਵਲ ਪ੍ਰੇਰਿਆ ਗਿਆ। ਇੱਥੇ ਹੀ ਉਸ ਨੂੰ ਮਾਨਸਿਕ ਕਿਰਿਆਵਾਂ ਦਾ ਅਧਿਐਨ ਕਰਨ ਦੀ ਜਾਗ ਲੱਗੀ। ਉਸ ਨੇ ਵੇਖਿਆ ਕਿ ਉਸ ਦਾ ਨਿਗਰਾਨ ਆਪਣੇ ਮਰੀਜ਼ਾਂ ਨੂੰ ਜਾਣ-ਬੁਝ ਕੇ ਸੰਮੋਹਨ ਜਾਂ ਹਿਪਨੋਟਿਜ਼ਮ ਦੀ ਸਥਿਤੀ ਵਿਚ ਲਿਆਉਂਦਾ ਸੀ ਅਤੇ ਇਸ ਸਥਿਤੀ ਵਿਚ ਮਰੀਜ਼ ਆਪਣੇ ਮਨ ਵਿਚਲੇ ਦੱਬੇ-ਕੁਚਲੇ ਅਨੁਭਵਾਂ, ਡਰ-ਭੈਅ ਅਤੇ ਅਤ੍ਰਿਪਤ ਇੱਛਾਵਾਂ ਸੰਬੰਧੀ ਬੋਲਦਾ ਸੀ। ਮਤਭੇਦਾਂ ਕਾਰਨ ਫਰਾਇਡ ਨੇ ਆਪਣੇ ਨਿਗਰਾਨ ਨਾਲ ਤੋੜ-ਵਿਛੋੜਾ ਕਰ ਲਿਆ ਅਤੇ ਆਪਣਾ ਸਾਰਾ ਜੀਵਤ ਪ੍ਰਯੋਗਸ਼ਾਲਾ ਵਾਲੀ ਵਿਧੀ ਦੀ ਥਾਂ ਵਿਸ਼ਲੇਸ਼ਣ ਵਾਲੀ ਵਿਧੀ ਦੀ ਥਾਂ ਵਿਸ਼ਲੇਸ਼ਣ ਵਾਲੀ ਵਿਧੀ ਪ੍ਰਤੀ ਲਾਉਣ ਦਾ ਨਿਸ਼ਚਾ ਕੀਤਾ। ਇਵੇਂ ਮਨੋਵਿਗਿਆਨ ਦੇ ਖੇਤਰ ਵਿਚ ਵਿਸ਼ਲੇਸ਼ਣ ਦੀ ਵਿਧੀ ਦਾ ਪ੍ਰਵੇਸ਼ ਹੋਇਆ। ਜਿਹੜੀ ਮਨੋ-ਵਿਸ਼ਲੇਸ਼ਣ ਦੇ ਨਾਂ ਨਾਲ ਪ੍ਰਸਿੱਧ ਹੋਈ।
ਵਿਆਨਾ ਵਿਚ ਮੁੜ ਆਉਣ ਉਪਰੰਤ ਉਸ ਨੇ 1886 ਵਿਚ ਵਿਆਹ ਕਰਵਾ ਲਿਆ ਅਤੇ ਇਸੇ ਵਰ੍ਹੇ ਤੰਤੂ-ਪ੍ਰਬੰਧ ਦੇ ਵਿਕਾਰਾਂ ਦਾ ਇਲਾਜ ਕਰਨ ਦਾ ਕੰਮ ਆਰੰਭ ਕੀਤਾ। ਬੱਚਿਆਂ ਦੇ ਦਿਮਾਗੀ-ਅਧਰੰਗ ਦਾ ਉਹ ਮਾਹਿਰ ਬਣ ਗਿਆ। ਸਥਿਤੀ ਦਾ ਵਿਅੰਗ ਇਹ ਸੀ ਕਿ ਫਰਾਇਡ ਦੀ ਮੁੱਢਲੀ ਦਿਲਚਸਪੀ ਖੋਜ ਵਿਚ ਸੀ, ਪਰ ਆਰਥਿਕ ਮਜਬੂਰੀਆਂ ਕਾਰਨ ਉਸ ਨੂੰ ਡਾਕਟਰੀ ਵੀ ਕਰਨੀ ਪਈ। ਇਸ ਸਮੇਂ ਦੌਰਾਨ ਉਹ ਬ੍ਰਿਉਰ ਦੇ ਸੰਪਰਕ ਵਿਚ ਆਇਆ, ਜਿਹੜਾ ਹਿਪਨੋਟਿਜ਼ਮ ਦੀ ਵਿਧੀ ਰਾਹੀਂ ਮਾਨਸਿਕ ਮਰੀਜ਼ਾਂ ਨੂੰ ਆਪਣੇ ਭੁੱਲੇ-ਵਿਸਰੇ ਅਨੁਭਵ ਯਾਦ ਕਰਾ ਕੇ ਮਾਨਸਿਕ ਰੋਗਾਂ ਤੋਂ ਮੁਕਤ ਕਰਾਉਣ ਦਾ ਇਲਾਜ ਕਰਦਾ ਸੀ। ਆਪਣੇ ਅਨੁਭਵਾਂ ਨੂੰ ਯਾਦ ਕਰ ਕੇ ਮਰੀਜ਼ਾਂ ਨੂੰ ਇਕ ਵਿਸ਼ੇਸ਼ ਪ੍ਰਕਾਰ ਦਾ ਸੁਖ ਪ੍ਰਾਪਤ ਹੁੰਦਾ ਸੀ। ਇਵੇਂ ਇਸ ਵਿਧੀ ਦਾ ਵਿਕਾਸ ਕਰ ਕੇ ਫਰਾਇਡ ਨੇ ਬੋਰੋਕ-ਇਕਾਤਰਤਾ ਦਾ ਸੰਕਲਪ ਉਸਾਰਿਆ। ਇਸ ਵਿਧੀ ਅਨੁਸਾਰ ਮਰੀਜ਼ਾਂ ਨੂੰ ਸੋਫ਼ੇ ਉੱਤੇ ਲੇਟਣ ਅਤੇ ਆਪਣੇ ਮਨ ਵਿਚ ਆਉਂਦੇ ਭਾਵਾਂ-ਵਿਚਾਰਾਂ ਨੂੰ ਨਿਸ਼ੰਗ ਹੋ ਕੇ ਕਹਿਣ ਲਈ ਕਿਹਾ ਜਾਂਦਾ। ਵੇਖਿਆ ਗਿਆ ਕਿ ਇਨ੍ਹਾਂ ਭਾਵਾਂ-ਵਿਚਾਰਾਂ ਨੂੰ ਪ੍ਰਗਟਾ ਕੇ ਮਰੀਜ਼ ਨੂੰ ਆਪਣੇ ਮਨ 'ਤੇ ਪਏ ਬੋਝ ਦੇ ਉਤਰ ਜਾਣ ਦਾ ਅਹਿਸਾਸ ਹੁੰਦਾ। ਫਰਾਇਡ ਨੇ ਵੇਖਿਆ ਕਿ ਉਸ ਦੇ ਮਰੀਜ਼ ਆਪਣੇ ਬਚਪਨ ਦੀਆਂ ਗੱਲਾਂ ਵਧੇਰੇ ਕਰਦੇ ਸਨ ਅਤੇ ਇਨ੍ਹਾਂ ਵਿਚੋਂ ਬਹੁਤੀਆਂ ਗੱਲਾਂ ਕਾਮ-ਇੱਛਾ, ਕਾਮ-ਖਿੱਚ, ਕਾਮ-ਅਤ੍ਰਿਪਤ ਆਦਿ ਨਾਲ ਸੰਬੰਧਿਤ ਹੁੰਦੀਆਂ। ਇਸ ਪ੍ਰਵਿਰਤੀ ਤੋਂ ਫਰਾਇਡ ਨੇ ਇਹ ਸੰਕਲਪ ਉਸਾਰਿਆ ਕਿ ਸਾਡੇ ਮਾਨਸਿਕ ਉਲਾਰਾਂ-ਵਿਕਾਰਾਂ ਦਾ ਸਰੋਤ ਅਤ੍ਰਿਪਤ ਕਾਮ-ਇੱਛਾਵਾਂ ਹਨ। ਉਸ ਦਾ ਇਹ ਸੰਕਲਪ ਉਸ ਦੀਆਂ ਲੱਭਤਾਂ ਦਾ ਕੇਂਦਰੀ ਨੁਕਤਾ ਹੈ ਅਤੇ ਇਹ ਨੁਕਤਾ ਹੀ ਉਸ ਦੀ ਆਲੋਚਨਾ ਦਾ ਕੇਂਦਰ ਬਣਿਆ ਹੈ ਅਤੇ ਇਸੇ ਨੁਕਤੇ ਕਾਰਨ ਉਸ ਦੇ ਕਈ ਸਹਿਯੋਗੀ ਉਸ ਦੇ ਵਿਰੋਧੀ ਹੋ ਨਿੱਬੜੇ।
ਫਰਾਇਡ ਨੇ ਮਾਨਸਿਕ-ਉਲਾਰਾਂ-ਵਿਕਾਰਾਂ ਦਾ ਅਧਿਐਨ ਕਰਨ ਦੀ ਆਪਣੀ ਵਿਧੀ ਦਾ ਨਾਂ 1896 ਵਿਚ 'ਮਨੋਵਿਸ਼ਲੇਸ਼ਨ' ਰਖਿਆ। ਉਸ ਨੇ ਇਹ ਵਿਚਾਰ ਵੀ ਪੇਸ਼ ਕੀਤਾ ਕਿ ਮਾਨਸਿਕ-ਵਿਕਾਰਾਂ-ਉਲਾਰਾਂ ਤੋਂ ਬਚਣ ਲਈ ਮਨ ਪੇਸ਼ ਅਨੇਕਾਂ ਸੁਰੱਖਿਆਤਮਿਕ ਵਿਧੀਆਂ ਦੀ ਵਰਤੋਂ ਕਰਦਾ ਹੈ ਅਤੇ ਇਹ ਵੀ ਮੱਤ ਪੇਸ਼ ਕੀਤਾ ਕਿ ਜਦੋਂ ਕਾਮ-ਇੱਛਾਵਾਂ-ਤਾਂਘਾਂ ਜਦੋਂ ਸਮਾਜਿਕ-ਆਪੇ ਨਾਲ ਟਕਰਾਉਂਦੀਆਂ ਹਨ ਇਹ ਟਕਰਾੳ ਮਾਨਸਿਕ-ਉਲਾਰਾਂ ਵਿਕਾਰਾਂ ਨੂੰ ਜਨਮ ਦਿੰਦਾ ਹੈ। ਅਗਲੇ ਵਰ੍ਹੇ ਅਰਥਾਤ 1897 ਵਿਚ ਫਰਾਇਡ ਨੇ ਸਵੈ-ਵਿਸ਼ਲੇਸ਼ਣ ਕੀਤਾ ਅਤੇ ਬਾਲ-ਕਾਮੁਕਤਾ ਅਤੇ ਮਾਂ ਦੀ ਪੁੱਤਰ ਵੱਲ ਅਤੇ ਧੀ ਦੀ ਪਿਤਾ ਵੱਲ ਖਿੱਚ ਅਰਥਾਤ ਈਡੀਪਸ ਗ੍ਰੰਥੀ ਦਾ ਸੰਕਲਪ ਉਸਾਰਿਆ। ਇਨ੍ਹਾਂ ਸੰਕਲਪਾਂ ਤੋਂ ਇਲਾਵਾ ਫਰਾਇਡ ਨੇ ਅਚੇਤ-ਪ੍ਰੇਰਨਾ, ਇੱਛਾ ਦਮਨ, ਇੱਛਾ-ਪੂਰਤੀ ਦੇ ਬਦਲ ਅਤੇ ਮਾਨਸਿਕ-ਉਲਾਰਾਂ-ਵਿਕਾਰਾਂ ਦੇ ਕਾਰਨ ਕਾਰਜ ਦੇ ਸਿਧਾਂਤ ਵੀ ਉਸਾਰੇ। ਇਨ੍ਹਾਂ ਵਰ੍ਹਿਆਂ ਵਿਚ ਹੀ ਉਸ ਨੇ ਸੁਪਨਿਆਂ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਸੰਬੰਧੀ ਇਕ ਪੁਸਤਕ ਵੀ ਛਪਵਾਈ ਅਤੇ ਨਿਤਾ-ਪ੍ਰਤੀ ਦੀਆਂ ਮਾਨਸਿਕ ਸਮੱਸਿਆਵਾਂ ਦੇ ਕਾਰਨਾਂ ਸੰਬੰਧੀ ਵੀ ਲਿਖਿਆ।
ਆਰੰਭ ਵਿਚ ਕਿਸੇ ਨੇ ਵੀ ਫਰਾਇਡ ਦੀ ਖੋਜ ਅਤੇ ਉਸ ਦੀਆਂ ਪ੍ਰਕਾਸ਼ਨਾਵਾਂ ਵੱਲ ਕੋਈ ਧਿਆਨ ਨਾ ਦਿੱਤਾ। ਲਗਭਗ 1902 ਵਿਚ ਉਸ ਨੇ ਆਪਣੇ ਪ੍ਰਸ਼ੰਸਕਾਂ ਦਾ ਇੱਕ ਘੇਰਾ ਉਸਾਰਿਆ ਅਤੇ ਉਸ ਦੀ ਚਰਚਾ ਹੋਣ ਲੱਗ ਪਈ। ਇਸ ਚਰਚਾ ਦੇ ਨਤੀਜੇ ਵੱਸ 1906 ਵਿਚ ਕੁੱਝ ਸਵਿਸ ਮਾਨਸਿਕ-ਚਕਿਤਸਿਕਾਂ ਨੇ ਉਸ ਦੇ ਵਿਚਾਰਾਂ ਅਤੇ ਸਿਧਾਂਤਾਂ ਦੀ ਪ੍ਰੋੜ੍ਹਤਾ ਕਰਨੀ ਆਰੰਭ ਕੀਤੀ, ਪਰ ਇਸ ਸਮੇਂ ਤਕ ਉਸ ਦੀ ਖੋਜ ਕਾਮ-ਇੱਛਾਵਾਂ ਦੀ ਪੂਰਤੀ-ਅਪੂਰਤੀ ਤੱਕ ਹੀ ਸੀਮਤ ਸੀ। ਸਾਲ 1908 ਵਿਚ ਪਹਿਲੀ ਵਾਰ ਮਨੋਵਿਸ਼ਲੇਸ਼ਨ ਦੇ ਵਿਸ਼ੇ ਤੇ ਅੰਤਰ-ਰਾਸ਼ਟਰੀ ਮੀਟਿੰਗ ਹੋਈ ਅਤੇ ਅਗਲੇ ਵਰ੍ਹੇ ਫਰਾਇਡ ਨੂੰ ਯੁੰਗ ਨਾਲ ਅਮਰੀਕਾ ਵਿਚ ਇੱਕ ਭਾਸ਼ਣ ਲੜੀ ਲਈ ਇਕ ਸੱਦਾ-ਪੱਤਰ ਪ੍ਰਾਪਤ ਹੋਇਆ। ਆਪਣੀ ਖੋਜ ਨੂੰ ਜਾਰੀ ਰੱਖਦਿਆਂ 1910 ਵਿਚ ਫਰਾਇਡ ਨੇ ਨਾਰਸੀ ਰੁਚੀ ਦਾ ਸੰਕਲਪ ਉਸਾਰਿਆ। ਇਸ ਦੌਰਾਨ ਫਰਾਇਡ ਨੇ ਮਨੋ-ਵਿਸ਼ਲੇਸ਼ਣ ਵਿਧੀ ਨੂੰ ਹੋਰ ਨਿਖਾਰਿਆ ਅਤੇ ਸਪਸ਼ਟ ਕੀਤਾ। ਉਸ ਦੇ ਯਤਨਾਂ ਸਦਕਾ ਮਨੋ-ਵਿਸ਼ਲੇਸ਼ਣ ਦੇ ਸੰਕਲਪ ਨੂੰ ਵਿਸ਼ਵ-ਵਿਆਪੀ ਪ੍ਰਵਾਨਗੀ ਮਿਲ ਗਈ, ਪਰ ਇਸ ਦੇ ਨਾਲ ਹੀ ਕਈ ਮਨੋ-ਵਿਗਿਆਨੀਆਂ ਨੇ ਉਸ ਦੇ ਸੰਕਲਪਾਂ-ਸਿਧਾਂਤਾਂ ਦੀ ਵਿਰੋਧਤਾ ਕਰਨੀ ਆਰੰਭ ਕਰ ਦਿੱਤੀ ਅਤੇ ਉਸ ਅਤੇ ਉਸ ਦੇ ਪੱਕੇ ਸਾਥੀ ਬ੍ਰਿਉਰ, ਯੰਗ, ਐਡਲਰ ਆਦਿ ਨੇ ਉਸ ਨਾਲ ਤੋੜ-ਵਿਛੋੜਾ ਕਰ ਕੇ ਆਪਣੇ ਵੱਖਰੇ ਸਿਧਾਂਤ ਉਸਾਰਨੇ ਆਰੰਭ ਕੀਤੇ। ਫਰਾਇਡ ਦੇ ਸਿਧਾਂਤਾਂ ਕਾਮ-ਅਤ੍ਰਿਪਤੀ ਉੱਤੇ ਅਧਿਕ ਬਲ ਹੈ। ਐਲਡਰ ਨੇ ਵਿਅਕਤੀਗਤ-ਮਨੋਗਿਆਨ ਦਾ ਸਿਧਾਂਤ ਉਸਾਰਿਆ, ਜਿਸ ਅਨੁਸਾਰ ਮਨੁੱਖ ਆਪਣੀ ਹੀਣਤਾ-ਭਾਵਨਾ ਨੂੰ ਛੁਪਾਉਣ ਲਈ ਵਧੇਰੇ ਤੋਂ ਵਧੇਰੇ ਸੱਤਾ, ਚੜ੍ਹਤ ਜਾਂ ਅਧਿਕਾਰ ਪ੍ਰਾਪਤ ਕਰਨਾ ਚਾਹੁੰਦਾ ਹੈ। ਐਲਡਰ ਅਨੁਸਾਰ ਮਨੋਤਾਪ ਉਪਜਾਉਣ ਵਿਚ ਵਧੇਰੇ ਮਹੱਤਵਪੂਰਨ ਰੋਲ ਨਿਭਾਉਂਦੀ ਹੈ ਅਤੇ ਕਾਮ ਬਾਹਰੇ ਪੱਖ ਵੀ ਟਕਰਾਓ ਨੂੰ ਜਨਮ ਦੇ ਸਕਦੇ ਹਨ। ਨਿਰਸੰਦੇਹ ਐਡਲਰ ਦੇ ਇਨ੍ਹਾਂ ਵਿਚਾਰਾਂ ਦਾ ਮਨੋ-ਵਿਸ਼ਲੇਸ਼ਣਾਤਮਕ ਸੰਕਲਪਾਂ ਦੇ ਵਿਕਾਸ ਉੱਤੇ ਡੂੰਘਾ ਪ੍ਰਭਾਵ ਪਿਆ। ਮਨੋਵਿਗਿਆਨੀਆਂ ਨੂੰ ਐਲਡਰ ਦੇ ਯੋਗਦਾਨ ਦੇ ਮਹੱਤਵ ਪ੍ਰਤੀ ਸੰਦੇਹ ਨਹੀਂ।
ਐਲਡਰ ਨਾਲ਼ ਤੋੜ-ਵਿਛੋੜੇ ਉਪਰੰਤ ਫਰਾਇਡ ਦੇ ਯੁੰਗ ਨਾਲ ਵੀ ਸੰਬੰਧ ਵੀ ਸੁਖਾਲੇ ਨਾ ਰਹੇ ਅਤੇ ਯੁੰਗ ਨੇ ਵਿਸ਼ਲੇਸ਼ਣੀ-ਮਨੋਵਿਗਿਆਨ ਦੀ ਨਵੀਂ ਧਾਰਾ ਦਾ ਐਲਾਨ ਕੀਤਾ। ਵਿਸ਼ਲੇਸ਼ਣੀ ਮਨੋਵਿਗਿਆਨ ਦਾ ਬਹੁਤਾ ਪ੍ਰਭਾਵ ਨਾ ਪਿਆ, ਕਿਉਂਕਿ ਇਹ ਵਧੇਰੇ ਗੂੜ੍ਹ-ਗਿਆਨ ਵਾਲੀ ਸ਼ਬਦਾਵਲੀ ਸੀ। ਯੁੰਗ ਦਾ ਵਿਚਾਰ ਸੀ ਕਿ ਫਰਾਇਡ ਅਤੇ ਐਡਲਰ ਦੋਵੇਂ ਮਨੁੱਖੀ ਸ਼ਖ਼ਸੀਅਤ ਦੇ ਸਮੁੱਚ ਨੂੰ ਨਹੀਂ ਸਮਝ ਸਕੇ ਅਤੇ ਦੋਹਾਂ ਨੇ ਅਚੇਤ ਮਨ ਦੇ ਸਿਧਾਂਤ ਨੂੰ ਸਮਝਣ ਵਿਚ ਟਪਲਾ ਖਾਧਾ ਹੈ। ਯੁੰਗ ਨੇ ਫਰਾਇਡ ਦੇ ਸਿਧਾਂਤ ਨੂੰ ਬਾਹਰਮੁੱਖਤਾ ਅਤੇ ਐਡਗਰ ਦੇ ਸਿਧਾਂਤ ਨੂੰ ਅੰਤਰਮੁੱਖਤਾ ਕਿਹਾ। ਯੁੰਗ ਨੇ ਸਮੂਹਿਕ-ਅਵਚੇਤਨ ਦਾ ਸਿਧਾਂਤ ਸਿਰਜਿਆ, ਜਿਸ ਅਨੁਸਾਰ ਸਾਰੀ ਮਾਨਵ ਜਾਤੀ ਦਾ ਅਵਚੇਤਨ ਸਾਂਝਾ ਹੈ। ਇਵੇਂ ਫਰਾਇਡ ਦੇ ਸਮਕਾਲੀ ਇਕ ਇਕ ਕਰ ਕੇ ਉਸ ਨਾਲੋਂ ਵਿੱਛੜਦੇ ਗਏ ਅਤੇ ਆਪਣੇ ਵੱਖਰੇ ਸਿਧਾਂਤ ਉਸਾਰਦੇ ਗਏ, ਪਰ ਜਿਹੜੀ ਪ੍ਰਸਿੱਧੀ ਫਰਾਇਡ ਨੂੰ ਮਿਲੀ ਉਹ ਕਿਸੇ ਹੋਰ ਨੂੰ ਪ੍ਰਾਪਤ ਨਾ ਹੋਈ।
ਪਹਿਲੇ ਵਿਸ਼ਵ ਯੁੱਗ ਦੇ ਆਰੰਭ ਹੋਣ ਨਾਲ ਫਰਾਇਡ ਨੂੰ ਅਨੇਕਾਂ ਦੁਖਦਾਈ ਅਨੁਭਵਾਂ ਵਿਚੋਂ ਲੰਘਣਾ ਪਿਆ। ਉਸ ਨੂੰ ਅਨੁਭਵ ਹੋਇਆ ਕਿ ਦੋਹਾਂ ਪਾਸਿਆਂ ਦੇ ਫ਼ੌਜੀਆਂ ਵਲ ਮਰਨ-ਮਾਰਨ ਦੀ ਪ੍ਰਵਿਰਤੀ ਉਸ ਦੇ ਕਾਮ-ਅਤ੍ਰਿਪਤੀ ਵਾਲੇ ਸਿਧਾਤਾਂ ਨਾਲ ਮੇਚ ਨਹੀਂ ਸੀ ਖਾਂਦੀ। ਇਸੇ ਦੌਰਾਨ ਉਸ ਨੇ ਜੀਵਨ-ਵ੍ਰਿਤੀ ਅਤੇ ਮੌਤ-ਵ੍ਰਿਤੀ ਦੇ ਸੰਕਲਪ ਉਸਾਰੇ। ਇਨ੍ਹਾਂ ਦਿਨਾਂ ਦੌਰਾਨ ਸਤਾਈ ਸਾਲਾਂ ਦੀ ਉਮਰ ਵਿਚ ਹੀ ਉਸ ਦੀ ਧੀ ਸੋਫੀਆ ਸੁਰਗਵਾਸ ਹੋ ਗਈ। ਇਸ ਦੁਖਾਂਤ ਵਿਚ ਹੀ ਉਹ ਨਵੇਂ ਸੰਕਲਪ ਉਸਾਰਦਾ ਰਿਹਾ ਅਤੇ ਉਸ ਨੇ ਸ਼ਖ਼ਸੀਅਤ ਅਤੇ ਮਨ ਦੇ ਤਿੰਨ ਮੱਖ ਆਧਾਰਾਂ ਇਦ, ਈਗੋ ਅਤੇ ਸੁਪਰ ਈਗੋ ਦਾ ਸੰਕਲਪ ਉਸਾਰਿਆ। ਇਹ ਸੰਕਲਪ ਉਸ ਦੇ ਪਹਿਲੇ ਚੇਤਨ-ਪੂਰਵਚੇਤਨ-ਅਵਚੇਤਨ ਦੇ ਸੰਕਲਪ ਦਾ ਨਿਰਾਸ਼ਾਵਾਦੀ ਹੈ। ਇਸ ਦਾ ਇਕ ਕਾਰਨ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਇਸ ਸਮੇਂ ਧੀ ਦੀ ਮੌਤ, ਹਰਮਨ ਪਿਆਰੇ ਦੋਹਤੇ, ਦੋਹਤੀ ਦੀ ਮੌਤ ਅਤੇ ਆਪਣੇ ਜਬਾੜੇ ਦੇ ਕੈਂਸਰ ਨਾਲ ਪੀੜਤ ਸੀ। ਇਸੇ ਮਾਨਸਿਕ ਅਵਸਥਾ ਵਿਚ ਫਰਾਇਡ ਨੇ ਮਨੁੱਖ ਵਿਚ ਵਿਨਾਸ਼ਕਾਰੀ ਭਾਵਨਾਵਾਂ ਦਾ ਅਧਿਐਨ ਕੀਤਾ। ਇਸ ਅਧਿਐਨ ਵਿਚ ਉਸ ਨੇ ਹਿਟਲਰ ਜਿਹੇ ਵਿਅਕਤੀ ਦੀ ਸੰਭਾਵੀ ਚੜ੍ਹਤ ਦਾ ਉੱਲੇਖ ਵੀ ਕੀਤਾ ਅਤੇ ਉਸ ਦੇ ਅਜਿਹੇ ਵਿਚਾਰਾਂ ਦੇ ਵਿਰੋਧ ਵਜੋਂ ਬਰਲਿਨ ਵਿਚ ਉਸ ਦੀਆ ਪੁਸਤਕਾਂ ਸਾੜੀਆਂ ਗਈਆਂ। ਅਪਣੇ ਜੀਵਨ ਦੇ ਅੰਤਲੇ ਵਰ੍ਹਿਆਂ ਵਿਚ ਉਸ ਨੇ ਧਰਮ ਅਤੇ ਵਿਸ਼ੇਸ਼ ਕਰ ਕੇ ਯਹੂਦੀ ਧਰਮ ਦੇ ਸੰਕਲਪਾਂ ਦਾ ਵਿਸ਼ਲੇਸ਼ਣ ਕੀਤਾ। ਉਸ ਦਾ ਇਹ ਵਿਸ਼ਲੇਸ਼ਣ 'ਪ੍ਰੇਰਨਾਵਾਂ ਅਤੇ ਮਨਾਹੀਆਂ' ਦੇ ਵਿਸ਼ਲੇਸ਼ਣ ਜਿੰਨਾ ਹੀ ਮਹੱਤਵਪੂਰਨ ਹੈ। ਅੰਤ ਵਿਚ ਫਰਾਇਡ ਸਮਾਜ ਅਤੇ ਸਭਿਅਤਾ ਦਾ ਅਧਿਐਨ ਕਰਨ ਵਿਚ ਰੁੱਝਿਆ ਰਿਹਾ।
ਫਰਾਇਡ ਅਨੁਸਾਰ ਸਮਾਜ ਦੀ ਉਸਾਰੀ ਦਾ ਉਦੇਸ਼ ਮਨੁੱਖ ਦੀਆਂ ਬੇਮੁਹਾਰ ਕਾਮ-ਇੱਛਾਵਾਂ ਨੂੰ ਨਿਯੰਤਰਨ ਵਿਚ ਰੱਖਣਾ ਹੈ। ਸੋ ਸਮਾਜ ਦਾ ਰੋਲ ਵਾਸਤਵ ਵਿਚ ਮਨੁੱਖੀ ਸ਼ਖ਼ਸੀਅਤ ਨੂੰ ਕੁਚਲਨਾ ਹੈ। ਧਰਮ, ਰਸਮਾਂ-ਰੀਤਾਂ ਕਾਨੂੰਨ ਆਦਿ ਮਨੁੱਖ ਦੀਆਂ ਪਾਸ਼ਵਿਕ ਅਤੇ ਆਕਰਮਣਕਾਰੀ ਸ਼ਕਤੀਆਂ ਨੂੰ ਠੱਲ੍ਹ ਪਾਉਣ ਅਤੇ ਨਿਯੰਤਰਨ ਵਿਚ ਰਖਣ ਦਾ ਕਾਰਜ ਕਰਦੇ ਹਨ। ਸਮਾਜ ਮਨੁੱਖ ਨੂੰ ਆਪਣੀਆਂ ਅਤ੍ਰਿਪਤ ਇੱਛਾਵਾਂ ਦੀ ਪੂਰਤੀ ਕਈ ਬਦਲ ਪ੍ਰਦਾਨ ਕਰਦਾ ਹੈ ਅਤੇ ਉਦਾਤੀਕਰਨ ਦੀਆਂ ਸੰਭਾਵਨਾਵਾਂ ਉਜਾਗਰ ਕਰਦਾ ਹੈ। ਸਾਹਿੱਤ ਅਤੇ ਵਿਭਿੰਨ ਪ੍ਰਕਾਰ ਦੀ ਕਲਾ ਉਦਾਤੀਕਰਨ ਦੀਆਂ ਉਦਾਹਰਨਾਂ ਹਨ। ਫਰਾਇਡ ਅਨੁਸਾਰ ਸਮਾਜ ਮਨੁੱਖ ਉੱਤੇ ਬੰਧਨ ਲਾ ਕੇ ਉਸ ਨੂੰ ਮਨੋਤਾਪੀ ਬਣਾਉਂਦਾ ਹੈ। ਉਸ ਅਨੁਸਾਰ ਮਨੁੱਖ ਜਿਉਂ ਜਿਉਂ ਵਧੇਰੇ ਸਭਿਅਕ ਹੁੰਦਾ ਜਾਵੇਗਾ ਤਿਉਂ-ਤਿਉਂ ਉਹ ਮਨੋਤਾਪ ਤੋਂ ਛੁਟਕਾਰਾ ਪਾਉਂਦਾ ਜਾਵੇਗਾ। ਸਮਾਜ ਦਾ ਰੋਲ ਮਨੁੱਖ ਨੂੰ ਉਦਾਸ ਕਰਨ ਦਾ ਹੈ। ਉਦਾਸੀ ਨੂੰ ਦੂਰ ਕਰਨ ਲਈ ਮਨੁੱਖ ਨਸ਼ਿਆਂ ਦੀ ਬੁੱਕਲ ਵਿਚ ਆ ਜਾਂਦਾ ਹੈ। ਨਸ਼ੇ ਅਸਲ ਵਿਚ ਉਸ ਦੇ ਮਨ ਉੱਤੇ ਪਏ ਸਮਾਜਿਕ ਦਬਾਵਾਂ ਨੂੰ ਕੁੱਝ ਚਿਰ ਲਈ ਦੂਰ ਕਰਨ ਦਾ ਰੋਲ ਨਿਭਾਉਂਦੇ ਹਨ। ਉਦਾਤੀਕਰਨ ਦੀ ਸੰਭਾਵਨਾ ਕੇਵਲ ਕੁੱਝ ਪਤਵੰਤਿਆਂ ਤੱਕ ਹੀ ਸੀਮਤ ਹੈ। ਨਸ਼ੇ ਕਰਨ ਨਾਲ ਮਨੁੱਖ ਆਪਣੇ ਅਸਲ ਰੂਪ ਵਿਚ ਪ੍ਰਗਟ ਹੁੰਦਾ ਹੈ, ਉਸ ਦੇ ਦੱਬੇ-ਘੁੱਟੇ ਭਾਵ ਪੂਰੇ ਜਲੋ ਵਿਚ ਪ੍ਰਗਟ ਹੁੰਦੇ ਹਨ ਅਤੇ ਜਾਨਵਰਾਂ ਵਾਲੀਆਂ ਹਰਕਤਾਂ ਕਰਨ ਲੱਗ ਪੈਂਦਾ ਹੈ।
ਜਦੋਂ ੧੯੩੮ ਵਿਚ ਹਿਟਲਰ ਨੇ ਆਸਟਰੀਆ ਉੱਤੇ ਹਮਲਾ ਕਰ ਦਿੱਤਾ ਤਾਂ ਇਕ ਯਹੂਦੀ ਹੋਣ ਕਰ ਕੇ ਉਸ ਨੂੰ ਉੱਥੋਂ ਨਿਕਲਣਾ ਪਿਆ। ਇਸ ਸਮੇਂ ਉਹ 'ਮਨੋ-ਵਿਸ਼ਲੇਸ਼ਣ ਦੀ ਰੂਪ-ਰੇਖਾ' ਨਾਂ ਦੀ ਪੁਸਤਕ ਤੇ ਕੰਮ ਕਰ ਰਿਹਾ ਸੀ। ਅਗਲੇ ਸਾਲ ੧੯੩੯ ਵਿਚ ਲੰਡਨ ਵਿਚ ਫਰਾਇਡ ਨੂੰ ਮਹਾਨ ਕਹਿਣਾ ਵਿਦਵਾਨਾਂ ਦੀ ਆਦਤ ਜਿਹੀ ਬਣ ਗਈ। ਉਸ ਦਾ ਨਾਂ ਹੋਰ ਮਹਾਨ ਚਿੰਤਕਾਂ ਨਾਲ ਜੋੜਨਾ ਇਕ ਰਿਵਾਜ ਬਣ ਗਿਆ ਹੈ। ਫਰਾਇਡ ਸੰਬੰਧੀ ਮਹਾਨ ਗੱਲ ਇਹ ਸੀ ਕਿ ਉਸ ਨੇ ਆਪਣਾ ਸਾਰਾ ਜੀਵਨ ਮਨੋ-ਵਿਸ਼ਲੇਸ਼ਣ ਦੇ ਉਪ-ਸਿਧਾਂਤ ਨੂੰ ਉਸਾਰਨ ਵਿਚ ਲਾ ਦਿੱਤਾ ਜਿਸ ਨੇ ਸਮੁੱਚੀ ਮਾਨਵ ਜਾਤੀ ਦੀ ਸੋਚ ਨੂੰ ਪ੍ਰਭਾਵਿਤ ਨਹੀਂ ਕੀਤਾ, ਉਸ ਨੂੰ ਬਦਲ ਵੀ ਦਿੱਤਾ ਉਹ ਆਪਣੇ ਵਿਚਾਰਾਂ ਅਤੇ ਸਿਧਾਤਾਂ ਵਿਚ ਕੱਟੜ ਨਹੀਂ ਸੀ, ਜਿਉਂ-ਜਿਉਂ ਨਵੇਂ ਤੱਥ ਉੱਘੜਦੇ ਗਏ, ਉਨ੍ਹਾਂ ਦੀ ਲੋਅ ਵਿਚ ਉਹ ਆਪਣੇ ਸਿਧਾਤਾਂ ਨੂੰ ਰੱਦ ਕਰਦਾ, ਬਦਲਦਾ ਅਤੇ ਨਿਖਾਰਦਾ ਗਿਆ। ਸਮੁੱਚੇ ਰੂਪ ਵਿਚ ਉਹ ਵਿਸ਼ਵ ਦੇ ਪਹਿਲੀ ਕਤਾਰ ਦੇ ਚਿੰਤਕਾਂ ਵਿਚ ਹੀ ਗਿਣਿਆ ਜਾਂਦਾ ਹੈ ਅਤੇ ਇਨ੍ਹਾਂ ਵਿਚ ਹੀ ਗਿਣਿਆ ਜਾਣਾ ਚਾਹੀਦਾ ਹੈ।
ਜੇ ਫਰਾਇਡ ਦੇ ਮੁੱਖ ਸਿਧਾਂਤਾਂ ਦਾ ਸੰਖੇਪ ਵਰਣਨ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਬੇਰੋਕ-ਇਕਤਾਰਤਾ ਦਾ ਸਿਧਾਂਤ ਆਉਂਦਾ ਹੈ। ਇਸ ਸਿਧਾਂਤ ਦਾ ਅਰਥ ਇਹ ਹੈ ਕਿ ਅਸੀਂ ਆਪਣੇ ਅਨੁਭਵਾਂ ਅਤੇ ਯਾਦਾਂ ਨੂੰ ਪ੍ਰਗਟਾਉਣ ਸਮੇਂ ਅਕਸਰ ਕਈ ਪੱਖਾਂ ਅਤੇ ਤੱਥਾਂ ਨੂੰ ਛੁਪਾ ਲੈਂਦੇ ਹਾਂ। ਫਰਾਇਡ ਆਪਣੇ ਮਰੀਜ਼ਾਂ ਨੂੰ ਕਿਹਾ ਕਰਦਾ ਸੀ ਕਿ ਜਿਉਂ-ਜਿਉਂ, ਜਿਵੇਂ-ਜਿਵੇਂ ਵਿਚਾਰ ਅਤੇ ਭਾਵ ਉਨ੍ਹਾਂ ਦੇ ਮਨ ਵਿਚ ਆਉਂਦੇ ਜਾਂਦੇ ਹਨ, ਤਿਉਂ-ਤਿਉਂ, ਤਿਵੇਂ-ਤਿਵੇਂ ਉਹ ਉਨ੍ਹਾਂ ਨੂੰ ਪ੍ਰਗਟਾਈ ਜਾਣ। ਉਹ ਇਸ ਹੱਕ ਦੀ ਪ੍ਰਵਾਹ ਨਾ ਕਰਨ ਕਿ ਕੀ ਅਸ਼ਲੀਲ, ਭੱਦਾ, ਗੰਦਾ ਜਾਂ ਨਿਗੂਣਾ ਜਾਂ ਨਿਰਾਰਥਕ ਹੈ। ਅਜਿਹਾ ਕਰਨ ਨਾਲ ਮਾਨਸਿਕ ਰੋਗੀ ਆਪਣੇ ਆਪ ਨੂੰ ਹਲਕਾ-ਫੁਲਕਾ ਮਹਿਸੂਸ ਕਰਦਾ ਹੈ ਅਤੇ ਉਹ ਮਾਨਸਿਕ ਸੰਤੁਲਨ ਮੁੜ ਪ੍ਰਾਪਤ ਕਰ ਲੈਂਦਾ ਹੈ। ਫਰਾਇਡ ਨੇ ਵੇਖਿਆ ਕਿ ਪ੍ਰੇਰਨਾ ਦੇ ਬਾਵਜੂਦ ਕਈ ਮਾਨਸਿਕ ਰੋਗੀ ਆਪਣੇ ਭਾਵ ਅਤੇ ਵਿਚਾਰ ਨਿਸ਼ੰਗ ਹੋ ਕੇ ਪ੍ਰਗਟਾਉਣ ਤੋਂ ਝਿਜਕਦੇ ਸਨ। ਉਸ ਨੇ ਇਹ ਮੱਤ ਪੇਸ਼ ਕੀਤਾ ਕਿ ਜਦੋਂ ਤੱਕ ਇਹ ਝਿਜਕ ਦੂਰ ਨਹੀਂ ਕੀਤੀ ਜਾਂਦੀ, ਇਲਾਜ ਸੰਭਵ ਨਹੀਂ ਹੁੰਦਾ। ਹਰ ਵਿਅਕਤੀ ਵਿਚ ਘੱਟ ਜਾਂ ਵੱਧ ਝਿਜਕ ਹੁੰਦੀ ਹੈ।
ਫਰਾਇਡ ਦਾ ਸਿਧਾਂਤ ਸੀ ਕਿ ਸਾਡੀਆਂ ਇੱਛਾਵਾਂ ਦਾ ਜਿੰਨਾ ਵਧੇਰੇ ਦਮਨ ਹੋਵੇਗਾ, ਓਨਾ ਹੀ ਅਸੀਂ ਵਧੇਰੇ ਮਨੋਤਾਪੀ ਹੋਵਾਂਗੇ। ਫਰਾਇਡ ਅਨੁਸਾਰ ਝਿਜਕ ਵਿਅਕਤੀ ਨੂੰ ਆਪਣੇ ਭਾਵ-ਵਿਚਾਰ ਪ੍ਰਗਟਾਉਣ ਤੋਂ ਰੋਕਦੀ ਨਹੀਂ, ਸਗੋਂ ਅਗਲੇਰੇ ਦਮਨ ਦਾ ਵੀ ਕਾਰਨ ਬਣਦੀ ਹੈ। ਇੱਛਾਵਾਂ ਦਾ ਦਮਨ ਦਾ ਵੀ ਕਾਰਨ ਬਣਦੀ ਹੈ। ਇੱਛਾਵਾਂ ਦਾ ਦਮਨ ਇੱਛਾਵਾਂ ਨੂੰ ਕੁਚਲਨ ਨਾਲੋਂ ਵੱਖਰੇ ਅਰਥ ਰਖਦਾ ਹੈ, ਕਿਉਂਕਿ ਦਮਨ ਪ੍ਰਤੀ ਵਿਅਕਤੀ ਸੁਚੇਤ ਨਹੀਂ ਹੁੰਦਾ, ਜਦੋਂ ਕਿ ਕੁਚਲਣ ਪ੍ਰਤੀ ਉਹ ਸੁਚੇਤ ਹੁੰਦਾ ਹੈ। ਦਮਨ ਕੀਤੀਆਂ ਇੱਛਾਵਾਂ ਨੂੰ ਯਾਦ ਕਰਨ ਵਿਚ ਝਿਜਕ ਹੁੰਦੀ ਹੈ, ਜਦੋਂ ਕਿ ਕੁਚਲੀਆਂ ਇੱਛਾਵਾਂ ਨੂੰ ਯਾਦ ਕਰਨ ਵਿਚ ਮਰਜ਼ੀ ਵਰਤੀ ਜਾਂਦੀ ਹੈ।
ਫ਼ਰਾਇਡ ਨੇ ਮਨੁੱਖੀ ਮਨ ਵਿਚ ਕਾਮ-ਇੱਛਾ ਸ਼ਕਤੀ ਨੂੰ ਲਿਬਿਡੋ ਦਾ ਨਾਂ ਦਿੱਤਾ ਹੈ। ਇਸ ਇੱਛਾ ਸ਼ਕਤੀ ਦਾ ਵਿਕਾਸ ਬੜੇ ਜਟਿਲ ਢੰਗ ਨਾਲ ਹੁੰਦਾ ਰਹਿੰਦਾ ਹੈ ਅਤੇ ਅੰਤ ਵਿਚ ਇਹ ਕਾਮ-ਪ੍ਰਵਿਰਤੀ ਦੇ ਰੂਪ ਵਿਚ ਚੜ੍ਹਦੀ ਜਵਾਨੀ ਦੇ ਵਿਚ ਪ੍ਰਗਟ ਹੁੰਦੀ ਹੈ। ਕਾਮ ਇੱਛਾ-ਸ਼ਕਤੀ ਦਾ ਵਿਕਾਸ ਬਚਪਨ ਵਿਚ ਹੀ ਆਰੰਭ ਹੋ ਜਾਂਦਾ ਹੈ ਅਤੇ ਇਹ ਕਈ ਰੂਪ ਧਾਰਦੀ ਤੇ ਕਈ ਪੜ੍ਹਾਵਾਂ ਵਿਚੋਂ ਲੰਘਦੀ ਹੈ। ਫਰਾਇਡ ਨੇ ਲਿਬਿਡੋ ਦੇ ਸੰਕਲਪ ਨੂੰ ਬੜੇ ਵਿਸਥਾਰ ਵਿਚ ਪੇਸ਼ ਕੀਤਾ ਹੈ ਅਤੇ ਇਸ ਸੰਕਲਪ ਨੂੰ ਪੇਸ਼ ਕਰਦਿਆਂ ਉਸ ਨੇ ਅਨੇਕਾਂ ਹੋਰ ਸੰਕਲਪ ਵੀ ਪੇਸ਼ ਕੀਤੇ ਹਨ ਜਿਨ੍ਹਾਂ ਵਿਚ ਵਿਭਿੰਨ ਮਨੋ-ਗ੍ਰੰਥੀਆਂ ਦਾ ਉੱਲੇਖ ਵੀ ਹੋਇਆ ਹੈ।
ਸੁਪਨਿਆਂ ਦਾ ਵਿਸ਼ਲੇਸ਼ਣ ਕਰਨ ਸਮੇਂ ਫਰਾਇਡ ਨੇ ਮਨ ਦੀਆਂ ਤਿੰਨ ਮੁੱਖ ਅਵਸਥਾਵਾਂ ਦਾ ਉੱਲੇਖ ਕੀਤਾ ਹੈ, ਜਿਨ੍ਹਾਂ ਨੂੰ ਉਸ ਨੇ ਚੇਤਨ ਅਤੇ ਅਵਚੇਤਨ ਦਾ ਨਾਂ ਦਿੱਤਾ ਹੈ। ਅਵਚੇਤਨ ਸਭ ਤੋਂ ਵੱਧ ਅਮੀਰ ਹੈ, ਕਿਉਂਕਿ ਇਸ ਵਿਚ ਸਭ ਪ੍ਰਕਾਰ ਦੀਆਂ ਅਤ੍ਰਿਪਤ ਇੱਛਾਵਾਂ ਦਫ਼ਨ ਹੋਈਆਂ ਪਈਆਂ ਹਨ। ਅਵਚੇਤਨ ਚੇਤਨ ਦੀ ਪਹੁੰਚ ਤੋਂ ਪਰ੍ਹੇ ਹੈ। ਚੇਤਨ ਮਨ ਅਵਚੇਤਨ ਮਨ ਤੱਕ ਤਾਂ ਪਹੁੰਚ ਸਕਦਾ ਹੈ ਜੇਕਰ ਪੂਰਵ ਚੇਤਨ ਦਾ ਬੰਧਨ ਹਟਾ ਦਿੱਤਾ ਜਾਵੇ। ਸੁਪਨਿਆਂ ਵਿਚ ਅਜਿਹਾ ਕੋਈ ਬੰਧਨ ਨਹੀਂ ਹੁੰਦਾ ਸੋ ਸਾਡਾ ਅਵਚੇਤਨ ਇਵੇਂ ਪ੍ਰਗਟ ਹੁੰਦਾ ਹੈ ਜਿਵੇਂ ਸਭ ਕੁੱਝ ਚੇਤਨ ਪੱਧਰ ਤੇ ਵਾਪਰ ਰਿਹਾ ਹੋਵੇ। ਅਸ਼ਲੀਲ ਚੁਟਕਲੇ ਸੁਣਾਉਣ ਸਮੇਂ ਅਸੀਂ ਇਕ ਪ੍ਰਕਾਰ ਨਾਲ਼ ਅਪਣਾ ਅਵਚੇਤਨ ਹੀ ਪ੍ਰਗਟਾ ਰਹੇ ਹੁੰਦੇ ਹਾਂ। ਅਵਚੇਤਨ ਦਾ ਮੀਰੀ ਕਾਰਜ ਇੱਛਾ-ਪੂਰਤੀ ਹੈ, ਸੋ ਅਵਚੇਤਨ ਉਨ੍ਹਾਂ ਢੰਗਾਂ-ਤਰੀਕਿਆਂ ਬਾਰੇ ਸੋਚਦਾ ਰਹਿੰਦਾ ਹੈ, ਜਿਨ੍ਹਾਂ ਰਾਹੀਂ ਅਤ੍ਰਿਪਤ ਇੱਛਾਵਾਂ ਦੀ ਪੂਰਤੀ ਸੰਭਵ ਹੋ ਸਕੇ। ਅਵਚੇਤਨ ਵਾਸਤਵਿਕਤਾ ਤੋਂ ਬੇਮੁਖ ਹੋ ਕੇ ਅਨੰਦ ਪ੍ਰਾਪਤੀ ਦੇ ਯਤਨ ਵਿਚ ਰਹਿੰਦਾ ਹੈ। ਸਾਡਾ ਅਵਚੇਤਨ ਸਾਡੀ ਮੁੱਢਲੀ ਸੋਚ ਸ਼ਕਤੀ ਨਾਲ ਸੰਬੰਧਿਤ ਹੈ, ਜਿਸ ਦਾ ਖੇਤਰ ਇੱਛਾਵਾਂ ਦੀ ਪੂਰਤੀ ਕਰਨਾ ਹੈ। ਪੂਰਵ-ਚੇਤਨ (ਫਰeਚੋਨਸਚੁਸ) ਸਾਡੇ ਮਨ ਦੀ ਉਹ ਅਵਸਥਾ ਹੈ, ਜਿਹੜੀ ਆਲੇ-ਦੁਆਲੇ ਅਰਥਾਤ ਸਮਾਜ ਨੂੰ ਧਿਆਨ ਵਿਚ ਰਖ ਕੇ ਦੁਖਦਾਈ ਅਨੁਭਵਾਂ ਤੋਂ ਬਚਦੀ ਅਤੇ ਇੱਛਾਵਾਂ ਦੀ ਪੂਰਤੀ ਦੇ ਸਾਧਨ ਸੋਚਦੀ ਹੈ। ਚੇਤਨ ਉਹ ਅਵਸਥਾ ਹੈ ਜਿਸ ਵਿਚ ਇੱਛਾਵਾਂ ਦੀ ਪੂਰਤੀ ਦੀ ਮਾਣ-ਮਰਿਆਦਾ ਵਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਇਹ ਅਵਚੇਤਨ ਤੋਂ ਵਿਪਰੀਤ ਅਵਸਥਾ ਹੈ।
ਫਰਾਇਡ ਨੇ ਮਨ ਦੀ ਸੰਰਚਨਾ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਇਹ ਮਨ ਦਾ ਉਹ ਭਾਗ ਹੈ ਜਿਸ ਵਿਚ ਅੱਥਰੇ ਜਜ਼ਬੇ ਹਰ ਹੀਲੇ ਤ੍ਰਿਪਤੀ ਲਈ ਜ਼ੋਰ ਪਾਉਂਦੇ ਹਨ। ਇਹ ਅੱਥਰੇ ਜਜ਼ਬੇ ਸਾਡੇ ਅਚੇਤ ਮਨ ਦੀਆਂ ਧੁਰ ਅੰਦਰਲੀਆਂ ਤਹਿਆਂ ਵਿਚ ਹੁੰਦੇ ਹਨ। ਇਹਨਾਂ ਨੂੰ ਭਾਵੇਂ ਕਿੰਨਾ ਹੀ ਕੁਚਲੀਏ-ਦਬਾਈਏ ਇਹ ਪੂਰਤੀ ਲਈ ਸਿਰ ਚੁੱਕਦੇ ਹੀ ਰਹਿੰਦੇ ਹਨ। ਇਹ ਉਹ ਜਜ਼ਬੇ ਹਨ ਜਿਹੜੇ ਮਨੁੱਖਾਂ ਅਤੇ ਜਾਨਵਰਾਂ ਵਿਚ ਸਾਂਝੇ ਹਨ। ਹਉਂ ਜਾਂ ਈਗੋ ਸ਼ਕਤੀ ਜਾਂ ਅਵਸਥਾ ਹੈ, ਜਿਹੜੀ ਇਦ ਦੀ ਸੰਤੁਸ਼ਟੀ ਦੇ ਸਾਧਨ ਜੁਟਾਉਂਦੀ ਹੈ, ਪਰ ਨਾਲ ਹੀ ਇਹ ਵਿਵਸਥਾ ਵੀ ਕਰਦੀ ਹੈ ਕਿ ਸੰਤੁਸ਼ਟੀ ਸਮਾਜ-ਪ੍ਰਵਾਨਿਤ ਢੰਗ ਨਾਲ ਹੀ ਹੋਵੇਗੀ। ਉਦਾਹਰਨ ਵਜੋਂ ਕਾਮ ਦੀ ਅਥਾਹ ਇੱਛਾ ਇਦ ਦਾ ਖੇਤਰ ਹੈ, ਪਰ ਵਿਆਹ ਦੀ ਸਮਾਜਿਕ ਵਿਵਸਥਾ ਈਗੋ ਦਾ ਖੇਤਰ ਹੈ। ਇਨ੍ਹਾਂ ਦੋਹਾਂ ਵਿਚ ਸੰਤੁਲਨ ਅਤੇ ਸਮਝੌਤਾ ਬਣਾਈ ਰਖਣ ਲਈ ਉਪਦੇਸ਼, ਧਰਮ, ਰੀਤੀ-ਰਿਵਾਜ ਆਦਿ ਸੁਪਰ ਈਗੋ ਦਾ ਰੋਲ ਨਿਭਾਉਂਦੇ ਹਨ। ਧਰਮ ਕਾਮ-ਇੱਛਾ ਨੂੰ ਭੰਡਦੇ ਹਨ, ਤਾਂ ਕਿ ਇਸ ਦਾ ਬੇਮੁਹਾਰਾ ਪ੍ਰਗਟਾਵਾ ਰੋਕਿਆ ਜਾਂ ਅਤੇ ਕਾਮ-ਸ਼ਕਤੀ ਨੂੰ ਉਸਾਰੂ ਅਤੇ ਰਚਨਾਤਮਿਕ ਕਾਰਜਾਂ ਵਿਚ ਲਾਇਆ ਜਾ ਸਕੇ। ਕਲਾ ਦਾ ਵਿਕਾਸ ਕਾਮ-ਇੱਛਾ ਦੇ ਉਦਾਤੀਕਰਨ ਨਾਲ ਹੀ ਸੰਭਵ ਹੁੰਦਾ ਹੈ।
ਫਰਾਇਡ ਨੇ ਇਹ ਸਿਧਾਂਤ ਪੇਸ਼ ਕੀਤਾ ਸੀ ਕਿ ਜਦੋਂ ਕਾਮ-ਇੱਛਾ ਸ਼ਕਤੀ ਦੀ ਸੰਤੁਸ਼ਟੀ ਦੀ ਸੰਭਾਵਨਾ ਨਾ ਹੋਵੇ ਤਾਂ ਇਸ ਦੀ ਦਿਸ਼ਾ ਦੂਜੀ ਧਿਰ ਤੋਂ ਹਟਾ ਕੇ ਆਪਣੇ ਆਪ ਤੇ ਕੇਂਦਰਿਤ ਕਰ ਲਈ ਜਾਂਦੀ ਹੈ। ਇਸ ਰੁਚੀ ਅਧੀਨ ਹੀ ਵਿਅਕਤੀ ਸ਼ੀਸ਼ੇ ਵਿਚ ਆਪਣੇ ਆਪ ਨੂੰ ਨਿਹਾਰਦਾ-ਨਿਹਾਰਦਾ ਆਪਣੇ ਆਪ ਨੂੰ ਪਿਆਰ ਕਰਨ ਲੱਗ ਪੈਂਦਾ ਹੈ। ਇਸੇ ਰੁਚੀ ਅਧੀਨ ਹਰ ਕੋਈ ਆਪਣੇ ਆਪ ਨੂੰ ਸੋਹਣਾ ਸਮਝਦਾ ਹੈ। ਇਹ ਰੁਚੀ ਸਾਡੇ ਵਿਚ ਆਤਮ-ਵਿਸ਼ਵਾਸ ਜਗਾਉਂਦੀ ਹੈ। ਇਸੇ ਰੁਚੀ ਦਾ ਵਿਕਸਿਤ ਰੂਪ ਦੂਜੀ ਧਿਰ ਨਾਲ ਪਿਆਰ ਵਿਚ ਪ੍ਰਗਟ ਹੁੰਦਾ ਹੈ। ਪਿਆਰ ਵਿਚ ਇੱਛਾ ਸਵੈ-ਪਿਆਰ ਦੀ ਹੀ ਹੁੰਦੀ ਹੈ। ਅਸੀਂ ਦੂਜੀ ਧਿਰ ਰਾਹੀਂ ਆਪਣੇ ਆਪ ਨੂੰ ਹੀ ਪਿਆਰ ਕਰਦੇ ਹਾਂ। ਸਮਲਿੰਗੀ ਰੁਚੀਆਂ ਵੀ ਸਵੈ-ਪਿਆਰ ਦੀ ਭਾਵਨਾ ਵਿਚੋਂ ਉਪਜਦੀਆਂ ਹਨ।
ਫਰਾਇਡ ਨੇ ਇਹ ਧਾਰਨਾ ਪੇਸ਼ ਕੀਤੀ ਹੈ ਕਿ ਤੀਬਰ ਹਉਂ ਅਤੇ ਉਤੇਜਿਤ ਕਾਮ-ਇੱਛਾ ਸ਼ਕਤੀ ਰਲ ਕੇ ਮਨੁੱਖ ਵਿਚ ਪਰ-ਪੀੜਣ ਅਰਥਾਤ ਆਕਰਮਣ ਦੀ ਰੁਚੀ ਉਪਜਾਉਂਦਿਆਂ ਹਨ। ਇਹ ਰੁਚੀ ਵਧ ਕੇ ਕਈ ਵਾਰੀ ਯੁੱਧ ਦਾ ਰੂਪ ਵੀ ਧਾਰ ਲੈਂਦੀ ਹੈ। ਕਈ ਵਿਅਕਤੀਆਂ ਵਿਚ ਇਹ ਰੁਚੀ ਜਦੋਂ ਬੇਮੁਹਾਰ ਹੋ ਜਾਵੇ ਤਾਂ ਇਹ ਕਿਸੇ ਦਾ ਕਤਲ ਕਰਨ ਦੀ ਭਾਵਨਾ ਵਿਚ ਪ੍ਰਗਟ ਹੁੰਦੀ ਹੈ। ਕਈ ਵਿਅਕਤੀਆਂ ਵਿਚ ਇਹ ਰੁਚੀ ਸਵੈ-ਪੀੜਨ ਵਿਚ ਅਤੇ ਖ਼ੁਦਕੁਸ਼ੀ ਵਿਚ ਪ੍ਰਗਟ ਹੁੰਦੀ ਹੈ। ਕਤਲ ਅਤੇ ਆਤਮਘਾਤ ਆਕਰਮਣਕਾਰੀ ਰੁਚੀਆਂ ਦੇ ਪ੍ਰਮਾਣ ਹਨ, ਪਹਿਲੀ ਕਿਸੇ ਹੋਰ ਵਲ ਅਤੇ ਦੂਜੀ ਆਪਣੇ ਵਲ ਸੇਧੀ ਹੋਈ ਹੁੰਦੀ ਹੈ। ਆਕਰਮਣਕਾਰੀ ਰੁਚੀ ਦਾ ਉਦੇਸ਼ ਵਿਨਾਸ਼ ਕਰਨਾ ਹੁੰਦਾ ਹੈ।
ਹਰ ਇਕ ਵਿਅਕਤੀ ਵਿਚ ਮੌਤ ਦੀ ਰੁਚੀ ਵੀ ਹੁੰਦੀ ਹੈ ਜਿਸ ਨੂੰ ਫਰਾਇਡ ਨੇ ਮੌਤ ਵਿਤ੍ਰੀ ਕਿਹਾ ਹੈ। ਇਸ ਰੁਚੀ ਦਾ ਉਦੇਸ਼ ਜਨਮ ਤੋਂ ਪਹਿਲੇ ਦੀ ਹਾਲਤ ਵਲ ਮੁੜਨਾ ਹੁੰਦਾ ਹੈ। ਦੂਜੇ ਪਾਸੇ ਜੀਵਨ-ਵ੍ਰਿਤੀ ਦਾ ਉਦੇਸ਼ ਦੂਜਿਆ ਨਾਲ ਸਾਂਝ ਉਪਜਾ ਕੇ, ਕਾਮ-ਸੰਬੰਧ ਸਥਾਪਿਤ ਕਰ ਕੇ, ਸੰਤਾਨ ਉਪਜਾਉਣਾ ਹੁੰਦਾ ਹੈ। ਫਰਾਇਡ ਅਨੁਸਾਰ ਮੌਤ-ਵ੍ਰਿਤੀ ਜੀਵਨ-ਵ੍ਰਿਤੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ। ਇਵੇਂ ਜੀਵਨ ਇਕ ਪ੍ਰਕਾਰ ਉਹ ਪਲ ਹਨ ਜਿਹੜੇ ਅਸੀਂ ਮੌਤ ਤੋਂ ਖੋਂਹਦੇ ਹਾਂ ਜਾਂ ਚੁਰਾਉਂਦੇ ਹਾਂ।
ਫਰਾਇਡ ਦੇ ਮੁੱਖ ਸਿਧਾਂਤਾਂ ਵਿਚ ਆਨੰਦ ਦਾ ਸਿਧਾਂਤ ਅਤੇ ਯਥਾਰਥ ਦਾ ਵੀ ਸਿਧਾਂਤ ਹਨ। ਹਰ ਜੀਵ ਵਿਚ ਦੁੱਖ-ਦਰਦ ਤੋਂ ਬਚਣ ਅਤੇ ਆਨੰਦ ਮਾਣਨ ਦੀ ਜਨਮ-ਜਾਤ ਪ੍ਰਵਿਰਤੀ ਹੁੰਦੀ ਹੈ। ਹਰ ਜੀਵ ਤਣਾਓ-ਮੁਕਤ ਹੋ ਕੇ ਆਨੰਦ ਮਾਣਨ ਦਾ ਅਭਿਲਾਸ਼ੀ ਹੁੰਦਾ ਹੈ। ਸਭ ਤੋਂ ਵੱਡਾ ਆਨੰਦ ਕਾਮ-ਤ੍ਰਿਪਤੀ ਵਿਚ ਹੈ, ਸੋ ਹਰ ਕੋਈ ਇਸ ਵਲ ਆਪ-ਮੁਹਾਰੇ ਹੀ ਪ੍ਰੇਰਿਆ ਜਾਂਦਾ ਹੈ। ਸਾਡਾ ਸਮਾਜ ਸਾਡੀਆਂ ਸਾਰੀਆਂ ਲੋੜਾਂ ਘੱਟ-ਵੱਧ ਰੂਪ ਵਿਚ ਪੂਰੀਆਂ ਕਰਦਾ ਹੈ, ਪਰ ਇਹ ਬੇਰੋਕ ਕਾਮ-ਤ੍ਰਿਪਤੀ ਤੇ ਰੋਕਾਂ ਲਗਾਉਂਦਾ ਹੈ। ਇਵੇਂ ਆਨੰਦ ਦੀ ਇੱਛਾ ਸਮਾਜਿਕ ਨੇਮਾਂ-ਬੰਧਨਾਂ ਨਾਲ ਟਕਰਾਉਂਦੀ ਹੈ ਅਰਥਾਤ ਆਨੰਦ ਦੀ ਇੱਛਾ ਯਥਾਰਥ ਵਿਵਸਥਾ ਨਾਲ ਟਕਰਾਉਂਦੀ ਹੈ ਸਮਾਜ ਸਾਨੂੰ ਆਨੰਦ-ਪ੍ਰਾਪਤੀ ਦੀ ਇੱਛਾ ਨੂੰ ਮੁਲਤਵੀ ਕਰਨ ਲਈ ਕਹਿੰਦਾ ਹੈ ਜਦੋਂ ਕਿ ਸਾਡੇ ਜਜ਼ਬੇ ਆਨੰਦ ਦੀ ਪ੍ਰਾਪਤੀ ਲਈ ਤਾਂਘਦੇ ਹਨ। ਭਾਵੇਂ ਸਮਾਜਕ ਵਿਵਸਥਾ ਇਹ ਭਰੋਸਾ ਦਿਵਾਉਂਦੀ ਹੈ ਕਿ ਭਵਿਖ ਵਿਚ ਵਧੇਰੇ ਆਨੰਦ ਦੀ ਪ੍ਰਾਪਤੀ ਹੋਵੇਗੀ ਪਰ ਕਈ ਵਾਰੀ ਸਾਡੇ ਜਜ਼ਬੇ ਇਹ ਭਰੋਸਾ ਸਵੀਕਾਰ ਨਹੀਂ ਕਰਦੇ। ਇਸ ਅਵਸਥਾ ਵਿਚ ਇਦ ਅਤੇ ਈਗੋ ਵਿਚਾਰ ਟਕਰਾੳ ਉਪਜਦਾ ਹੈ। ਇਦ ਸਾਡੇ ਉਹ ਅੱਥਰੇ ਜਜ਼ਬੇ ਹਨ ਜਿਹੜੇ ਸਮਾਜਿਕ ਵਿਵਸਥਾ ਨੂੰ ਸਵੀਕਾਰ ਨਹੀਂ ਕਰਦੇ ਅਤੇ ਇਕ ਸੀਮਾ ਤੋਂ ਬਹਾਰ ਇਹ ਟਕਰਾਓ ਮਾਨਸਿਕ ਵਿਕਾਰ ਬਣ ਜਾਂਦਾ ਹੈ ਅਤੇ ਅਜਿਹਾ ਵਿਅਕਤੀ ਮਾਨਸਿਕ ਸੰਤੁਲਨ ਗੁਆ ਬੈਠਦਾ ਹੈ।
ਫਰਾਇਡ ਦੇ ਸਿਧਾਂਤ ਭਾਵੇ ਮੁੱਖ ਤੌਰ ਤੇ ਮਨੋ-ਵਿਗਿਆਨ ਅਤੇ ਚਕਿਤਸਾ-ਵਿਗਿਆਨ ਨਾਲ ਸੰਬੰਧਿਤ ਹਨ ਪਰ ਇਨ੍ਹਾਂ ਦਾ ਸਾਹਿੱਤ ਉੱਤੇ ਬਹੁਤ ਹੀ ਵਿਆਪਕ ਪ੍ਰਭਾਵ ਪਿਆ ਹੈ। ਇਸ ਪ੍ਰਭਾਵ ਸਦਕਾ ਸਾਹਿੱਤ ਦੀ ਪਰਿਭਾਸ਼ਾ, ਸਾਰ, ਸੁਭਾਅ, ਪ੍ਰਕਾਰ ਆਦਿ ਸਭ ਦਾ ਕਾਇਆ-ਕਲਪ ਹੋ ਗਿਆ। ਸਾਹਿੱਤ ਹੁਣ ਮਨੁੱਖ ਦੇ ਬਾਹਰੀ ਜਗਤ ਨੂੰ ਨਹੀਂ ਉਸ ਦੇ ਅੰਤਰੀਵ ਜਗਤ ਨੂੰ ਪੇਸ਼ ਕਰਦਾ ਹੈ। ਸਾਹਿੱਤ ਆਲੋਚਨਾ ਰਾਹੀਂ ਹੁਣ ਅਸੀਂ ਲੇਖਕ ਜਾਂ ਕਵੀ ਦੇ ਅਚੇਤ ਮਨ ਤਕ ਅੱਪੜਦੇ ਹਾਂ। ਹੁਣ ਘਟਨਾਵਾਂ ਨਾਲੋਂ ਘਟਨਾਵਾਂ ਪ੍ਰਤੀ ਪ੍ਰਤੀਕਰਮ ਵਧੇਰੇ ਮਹੱਤਵਪੂਰਨ ਹੋ ਗਏ ਹਨ। ਸਾਹਿੱਤ ਵਿਚ ਸਮੇਂ ਦਾ ਸੰਕਲਪ ਵੀ ਬਦਲ ਗਿਆ ਹੈ। ਹੁਣ ਪਾਤਰ-ਉਸਾਰੀ ਦਾ ਮਹੱਤਵ ਪਲਾਟ ਨਾਲੋਂ ਵਧ ਗਿਆ ਹੈ, ਕਿਉਂਕਿ ਘਟਨਾਵਾਂ ਪਾਤਰਾਂ ਪ੍ਰਭਾਵਿਤ ਨਹੀਂ ਕਰਦੀਆਂ, ਸਗੋਂ ਪਾਤਰ ਘਟਨਾਵਾਂ ਨੂੰ ਪ੍ਰਭਾਵਿਤ ਅਤੇ ਪਰਿਭਾਸ਼ਿਤ ਕਰਦੇ ਹਨ। ਦਿਸਦੇ ਦੀ ਥਾਂ ਅਪ੍ਰਤੱਖ, ਕਹੇ ਦੀ ਥਾਂ ਅਣਕਹੇ, ਪ੍ਰਗਟਾਏ ਦੀ ਥਾਂ ਸੁਝਾਏ, ਦਿਖਾਏ ਦੀ ਥਾਂ ਛੁਪਾਏ ਦਾ ਮਹੱਤਵ ਵਧ ਗਿਆ ਹੈ। ਹੁਣ ਲੇਖਕ ਸਭ ਕੁੱਝ ਆਪ ਬਿਆਨ ਕਰਨ ਦੀ ਥਾਂ ਪਾਤਰਾਂ ਦੇ ਵਾਰਤਾਲਾਪ ਰਾਹੀਂ ਉਨ੍ਹਾਂ ਦੇ ਮਨ ਦੀ ਸਥਿਤੀ ਨੂੰ ਉਘਾੜਦਾ ਹੈ। ਯਾਦਾਂ, ਸੁਪਨੇ, ਨਿੱਕੀਆਂ-ਨਿੱਕੀਆਂ ਸ਼ਾਬਦਿਕ ਛੋਹਾਂ, ਟਿੱਪਣੀਆਂ, ਸੰਕੇਤਾਂ, ਹਰਕਤਾਂ, ਬਿੰਬਾਂ, ਪ੍ਰਤੀਕਾਂ, ਚਿੰਨ੍ਹਾਂ ਆਦਿ ਦਾ ਮਹੱਤਵ ਵਧ ਗਿਆ। ਸੁਚੇਤ ਦੇ ਮੁਕਾਬਲੇ ਹੁਣ ਪਾਤਰਾਂ ਦਾ ਅਚੇਤ ਮਨ ਪ੍ਰਗਟਾਉਣ ਲਈ ਬਿੰਬਾਂ ਅਤੇ ਪ੍ਰਤੀਕਾਂ ਦਾ ਪ੍ਰਬੰਧ ਸਿਰਜਿਆ ਜਾਂਦਾ ਹੈ। ਮਨੋ-ਵਿਗਿਆਨ ਲੇਖਕ-ਕਵੀ ਨੂੰ ਇਕ ਮਨੋਤਾਪੀ ਦੇ ਰੂਪ ਵਿਚ ਵੇਖਦਾ ਹੈ ਜਿਹੜਾ ਆਪਣੇ ਮਨੋਤਾਪ ਤੋਂ ਛੁਟਕਾਰਾ ਪਾਉਣ ਲਈ ਇਕ ਸੁਪਨ-ਸੰਸਾਰ ਸਿਰਜਦਾ ਹੈ। ਇਸ ਸੁਪਨ ਸੰਸਾਰ ਵਿਚ ਘਟਨਾਵਾਂ ਉਸ ਦੀ ਇੱਛਾ ਅਨੁਸਾਰ ਵਾਪਰਦੀਆਂ ਹਨ। ਇਵੇਂ ਸਾਹਿੱਤ ਲੇਖਕ ਦੀ ਆਪਣੀ ਮੈਂ ਦੀ ਗੂੰਜ ਹੋ ਨਿੱਬੜਦਾ ਹੈ। ਸਾਹਿੱਤ ਦੇ ਖੇਤਰ ਵਿਚ ਮਨੋ-ਵਿਸ਼ਲੇਸ਼ਣ ਦਾ ਮਹੱਤਵ ਨਿਰਵਿਵਾਦ ਹੈ।
ਨਰਿੰਦਰ ਸਿੰਘ ਕਪੂਰ
ਪਟਿਆਲਾ।
No comments:
Post a Comment