Wednesday, March 7, 2018

ਸਮਕਾਲੀ ਸੰਦਰਭਾਂ ਅੰਦਰ ਔਰਤ ਦਿਵਸ ਦੀ ਪ੍ਰਾਸੰਗਿਕਤਾ




ਮਾਨਵੀ ਸਮਾਜ ਅੰਦਰ ਔਰਤ ਨਾਲ ਹੋਣ ਵਾਲੇ ਵਿਤਕਰੇ ਦੀ ਸ਼ੁਰੂਆਤ ਔਰਤ ਅਤੇ ਮਰਦ ਦੀ ਹੋਈ ਪੱਖਪਾਤੀ ਵੰਡ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਇਨਸਾਨੀ ਨਸਲ ਅੰਦਰ ਪੈਦਾ ਹੋਈ ਇਹ ਵੰਡ ਨਾਰੀ ਵਾਦੀ ਚਿੰਤਕਾਂ ਦੇ ਨਾਲ-ਨਾਲ ਮਾਨਵਵਾਦੀਆਂ ਅਨੁਸਾਰ ਵੀ ਪੂਰੀ ਤਰ੍ਹਾਂ ਗ਼ਲਤ ਅਤੇ ਕੁਦਰਤ ਵਿਰੋਧੀ ਹੈ, ਕਿਉਂਕਿ ਲਿੰਗ ਦੇ ਆਧਾਰ ਉੱਪਰ ਕੀਤੀ ਗਈ ਇਹ ਵੰਡ ਕਿਸੇ ਵੀ ਤਰ੍ਹਾਂ ਤਰਕ-ਪੂਰਨ ਅਤੇ ਵਾਜਬ ਨਹੀਂ ਠਹਿਰਾਈ ਜਾ ਸਕਦੀ। ਕੁਦਰਤ ਨੇ ਸਿਰਫ਼ ਮਨੁੱਖ ਦੀ ਸਿਰਜਣਾ ਕੀਤੀ ਹੈ। ਉਸ ਨੂੰ ਔਰਤਮਰਦ ਦੇ ਆਧਾਰ 'ਤੇ ਵੰਡ ਕੇ ਮਰਦ ਨੂੰ ਔਰਤ ਦੀ ਬਜਾਏ ਜ਼ਿਆਦਾ ਅਹਿਮੀਅਤ ਦੇਣਾ ਸਿਰਫ਼ ਮਨੁੱਖੀ ਸਮਾਜ ਅੰਦਰ ਮਰਦ ਦੀ ਸੌੜੀ ਅਤੇ ਈਰਖਾਲੂ ਸੋਚ ਤੋ ਇਲਾਵਾ ਹੋਰ ਕੁੱਝ ਵੀ ਨਹੀਂ ਹੈ। ਧਰਮ ਗ੍ਰੰਥਾਂ ਦੀ ਗਵਾਹੀ ਅਨੁਸਾਰ ਭਾਵੇਂ ਬਹੁ-ਗਿਣਤੀ ਮਰਦ ਪ੍ਰਧਾਨ ਸਮਾਜ ਇਹ ਦਾਅਵਾ ਕਰਦਾ ਹੈ ਕਿ ਰੱਬ ਜਾਂ ਕੁਦਰਤ ਵੱਲੋਂ ਮਰਦ ਦੀ ਸਿਰਜਣਾ ਔਰਤ ਤੋਂ ਪਹਿਲਾਂ ਕੀਤੀ ਗਈ ਸੀ ਪਰ ਇਹਨਾਂ ਮਿਥਿਹਾਸਿਕ ਗੱਲਾਂ ਦੀ ਕੁਦਰਤ ਦੇ ਨਿਯਮਾਂ ਅੰਦਰ ਕੋਈ ਪ੍ਰਾਸੰਗਿਕਤਾ ਨਹੀਂ ਹੈ ਅਤੇ ਨਾ ਹੀ ਧਰਮ ਦੀ ਮੂਲ ਭਾਵਨਾ ਅਨੁਸਾਰ ਅਜਿਹੀਆਂ ਗੱਲਾਂ ਨੂੰ ਕਿਸੇ ਵੀ ਤਰ੍ਹਾਂ ਸਹੀ ਸਵੀਕਾਰ ਕੀਤਾ ਜਾ ਸਕਦਾ ਹੈ। ਧਰਮ ਗ੍ਰੰਥਾਂ ਦੀਆਂ ਅਜਿਹੀਆਂ ਵਾਰਤਾਵਾਂ ਦੀ ਸਹਾਇਤਾ ਨਾਲ ਹੀ ਮਰਦ ਵੱਲੋਂ ਹਜ਼ਾਰਾਂ ਸਾਲਾਂ ਤੋਂ ਔਰਤ ਦਾ ਦਮਨ ਕੀਤਾ ਜਾ ਰਿਹਾ ਹੈ। ਜਿਸ ਦੇ ਪ੍ਰਤਿਰੋਧ ਫਲਸਰੂਪ ਹੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਵਰਗੇ ਦਿਨ ਮਨਾਉਣ ਦੀ ਸ਼ੁਰੂਆਤ ਹੋਈ ਸੀ।
              ਇਸ ਦਿਨ ਦੀ ਆਰੰਭਤਾ ਸੰਯੁਕਤ ਰਾਸ਼ਟਰ ਸੰਘ ਵੱਲੋਂ ਭਾਵੇਂ 1975 ਈਸਵੀ ਵਿਚ ਕੀਤੀ ਗਈ ਸੀ ਪਰ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਕੁੱਝ ਸੰਸਥਾਵਾਂ ਅਤੇ ਨਾਰੀਆਂ ਵੱਲੋਂ ਇਸ ਸਬੰਧੀ ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਦੌਰਾਨ ਹੀ ਲਹਿਰਾਂ ਆਰੰਭ ਕਰ ਦਿੱਤੀਆਂ ਗਈਆਂ ਸਨ। ਜਿਨ੍ਹਾਂ ਦੀ ਵਜ੍ਹਾ ਕਾਰਨ ਔਰਤ ਦਿਵਸ ਵੱਖ-ਵੱਖ  ਦਿਨਾਂ ਦੌਰਾਨ ਮਨਾਇਆ ਜਾਣ ਲੱਗਾ। ਇਸ ਦਿਨ ਦੀ ਸ਼ੁਰੂਆਤੀ ਆਰੰਭਤਾ ਦਾ ਜ਼ਿਕਰ ਸਭ ਤੋਂ ਪਹਿਲਾਂ ਸਾਨੂੰ  8 ਮਾਰਚ 1857 ਈਸਵੀ ਨੂੰ ਹੋਇਆ ਮਿਲਦਾ ਹੈ, ਜਦੋਂ ਨਿਊਯਾਰਕ ਵਿਖੇ ਬੁਣਕਰ ਔਰਤਾਂ ਵੱਲੋਂ ਇੱਕ 'ਖ਼ਾਲੀ ਪਤੀਲਾ ਜਲੂਸ' ਦਾ ਆਯੋਜਨ ਕੀਤਾ ਗਿਆ ਅਤੇ ਕੱਪੜਾ ਮਿੱਲਾਂ ਵਿਚ ਪ੍ਰਾਪਤ ਅਤਿ ਤਰਸਯੋਗ ਹਾਲਤਾਂ ਵਿਚ ਸੁਧਾਰਾਂ ਦੀ ਮੰਗ ਕੀਤੀ ਗਈ। ਇਸ ਉਪਰੰਤ 17 ਅਗਸਤ 1907 ਈਸਵੀ ਨੂੰ ਕਮਿਊਨਿਸਟ ਆਗੂ ਕਲਾਰਾ ਜੈਟਕਿਨ ਨੇ ਔਰਤਾਂ ਦੀ ਅੰਤਰ-ਰਾਸ਼ਟਰੀ ਕਾਨਫ਼ਰੰਸ ਬੁਲਾਉਣ ਦਾ ਐਲਾਨ ਕੀਤਾ। ਜਿਸ ਵਿਚ ਵਿਸ਼ਵ ਦੇ ਵੱਖੋਵੱਖਰੇ ਭਾਗਾਂ ਤੋਂ ਕਰੀਬ 58 ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਔਰਤਾਂ ਦੇ ਵੋਟ ਅਧਿਕਾਰ ਸੰਬੰਧੀ ਇੱਕ ਪ੍ਰਸਤਾਵ ਨੂੰ ਮਨਜ਼ੂਰ ਕੀਤਾ। ਸੰਨ 1910 ਨੂੰ ਕੋਪਨਹੈਗਨ ਵਿਚ ਹੋਣ ਵਾਲੀ ਔਰਤਾਂ ਦੀ ਦੂਸਰੀ ਇੰਟਰਨੈਸ਼ਨਲ ਤੋਂ ਪਹਿਲਾਂ ਇੱਕ ਵੱਖਰੀ ਅੰਤਰਰਾਸ਼ਟਰੀ ਕਾਨਫ਼ਰੰਸ ਕੀਤੀ ਗਈ। ਜਿਸ ਵਿਚ ਸੋਸ਼ਲ ਡੈਮੋਕਰੈਟਿਕ ਪਾਰਟੀ ਜਰਮਨੀ ਦੀ ਆਗੂ ਲੂਈਸ ਜ਼ੇਟਜ਼ ਨੇ ਇੱਕ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਸੀ। ਜਿਸ ਦਾ ਮਹਿਲਾ ਆਗੂ ਕਲਾਰਾ ਜੈਟਕਿਨ ਦੁਆਰਾ ਭਰਪੂਰ ਸਮਰਥਨ ਕੀਤਾ ਗਿਆ। ਇਸ ਕਾਨਫ਼ਰੰਸ ਵਿਚ 17 ਦੇਸ਼ਾਂ ਦੀਆਂ 100 ਦੇ ਕਰੀਬ ਮਹਿਲਾਵਾਂ ਨੇ ਹਿੱਸਾ ਲਿਆ ਸੀ ਪਰ ਔਰਤ ਦਿਵਸ ਨੂੰ ਲੈ ਕੇ ਕੋਈ ਨਿਸ਼ਚਿਤ ਤਾਰੀਖ਼ ਨਿਰਧਾਰਿਤ ਨਹੀਂ ਸੀ ਕੀਤੀ ਗਈ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਮਹਿਲਾ ਦਿਵਸ 18 ਮਾਰਚ 1911 ਈਸਵੀ ਨੂੰ ਉਸ ਸਮੇਂ ਮਨਾਇਆ ਗਿਆ ਜਦੋਂ ਪੂਰੇ ਯੂਰਪੀ ਮਹਾਂਦੀਪ ਵਿਚ ਇੱਕ ਲੱਖ ਦੇ ਕਰੀਬ ਔਰਤਾਂ ਨੇ ਆਪਣੇ ਹੱਕਾਂ ਨੂੰ ਲੈ ਕੇ ਮੁਜ਼ਾਹਰੇ ਕੀਤੇ ਸਨ। ਵਿਸ਼ਵ ਦੇ ਹੋਰਨਾਂ ਮੁਲਕਾਂ ਤੋਂ ਇਲਾਵਾ ਰੂਸ ਵਿਚ ਫਰਵਰੀ 1913 ਈਸਵੀ ਨੂੰ ਆਖ਼ਰੀ ਐਤਵਾਰ ਵਾਲੇ ਦਿਨ ਅਪਣਾ ਪਹਿਲਾ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਨੂੰ ਬਾਅਦ ਵਿਚ ਬਦਲ ਕੇ 8 ਮਾਰਚ ਵਾਲੇ ਦਿਨ ਕਰ ਦਿੱਤਾ ਗਿਆ, ਜੋ ਕੇ ਇੱਕ ਸਰਬ ਪ੍ਰਵਾਨਿਤ ਤਾਰੀਖ਼ ਬਣ ਗਈ ਤੇ ਪੂਰੇ ਵਿਸ਼ਵ ਭਰ ਵਿਚ ਇਸ ਤਾਰੀਖ਼ ਨੂੰ ਹੀ ਇਹ ਦਿਹਾੜਾ ਮਨਾਇਆ ਜਾਣ ਲੱਗਾ।
              ਹਰ ਸਾਲ ਮਹਿਲਾ ਦਿਵਸ ਸਮੇਤ ਅਨੇਕਾਂ ਜਾਗਰੂਕਤਾ ਭਰਪੂਰ ਪ੍ਰੋਗਰਾਮਾਂ ਦੇ ਬਾਵਜੂਦ ਵੀ ਵਿਸ਼ਵ ਦੇ ਵੱਡੇ ਭਾਗ ਵਿਚ ਔਰਤਾਂ ਦੀ ਹਾਲਤ ਬਹੁਤ ਤਰਸਯੋਗ ਹੈ। ਸੰਯੁਕਤ ਰਾਸ਼ਟਰ ਸੰਘ ਅਤੇ ਯੂਨੀਸੈੱਫ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਕਰਵਾਏ ਗਏ ਸਰਵੇਖਣਾਂ ਅਨੁਸਾਰ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਵਿਚ ਔਰਤਾਂ ਨਾਲ ਸੰਬੰਧਿਤ ਅਪਰਾਧਾਂ ਦਾ ਅੰਕੜਾ ਕਾਫ਼ੀ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਜਿਨ੍ਹਾਂ ਵਿਚ ਬਲਾਤਕਾਰ, ਘਰੇਲੂ ਹਿੰਸਾ, ਵੇਸ਼ਵਾਗਮਨ, ਭਰੂਣ-ਹੱਤਿਆ ਆਦਿ  ਵਰਗੀਆਂ ਗੈਰ-ਮਨੁੱਖੀ ਕਿਰਿਆਵਾਂ ਸ਼ਾਮਿਲ ਹਨ। ਇਹਨਾਂ ਮਾਮਲਿਆਂ ਵਿਚ ਭਾਰਤ ਔਰਤ ਨਾਲ ਸੰਬੰਧਿਤ ਅਪਰਾਧਾਂ ਦੇ ਮਾਮਲੇ ਵਿਚ ਆਪਣੇ ਗੁਆਂਢੀ ਅਤੇ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਦੇ ਮਾਮਲੇ ਵਿਚ ਕਾਫ਼ੀ ਅੱਗੇ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਨੁਸਾਰ ਦੇਸ਼ ਵਿਚ ਹਰ ਸਾਲ ਕਰੀਬ 50 ਲੱਖ ਕੁੜੀਆਂ ਭਰੂਣਹੱਤਿਆ ਕਾਰਨ ਜਨਮ ਤੋਂ ਪਹਿਲਾਂ ਹੀ ਮਾਰ ਦਿੱਤੀਆਂ ਜਾਂਦੀਆਂ ਹਨ। ਜਿਸ ਕਾਰਨ ਦੇਸ਼ ਅੰਦਰ 6 ਸਾਲ ਤੋਂ ਘੱਟ ਉਮਰ ਦਾ ਲਿੰਗ-ਅਨੁਪਾਤ ਮਹਿਜ਼ 914 ਦੇ ਆਸਪਾਸ ਰਹਿਣ ਲੱਗਾ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਭਾਰਤ ਵਿਚ ਲਿੰਗ-ਅਨੁਪਾਤ ਦਾ ਅੰਕੜਾ ਸਿਰਫ਼ 940 ਹੈ। ਭਾਵੇਂ ਕਿ ਬੀਤੇ 20 ਸਾਲਾਂ ਦੌਰਾਨ ਇਹ ਅਨੁਪਾਤਕ ਅੰਕੜਾ ਸਰਬੋਤਮ ਹੈ ਪਰ ਜਦੋਂ ਇਸ ਦੀ ਤੁਲਨਾ ਅਸੀਂ ਆਪਣੇ ਗੁਆਂਢੀ ਦੇਸ਼ਾਂ ਨਾਲ ਕਰਦੇ ਹਾਂ ਤਾਂ ਇਹ ਕਾਫ਼ੀ ਦੁਖਦਾਈ ਪ੍ਰਤੀਤ ਹੁੰਦਾ ਹੈ। ਭਾਰਤ ਦੇ  ਗੁਆਂਢੀ ਦੇਸ਼ ਨੇਪਾਲ ਵਿਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ 1041 ਮਹਿਲਾਵਾਂ ਹਨ ਜਦੋਂਕਿ ਇੰਡੋਨੇਸ਼ੀਆ ਵਿਚ 1000 ਪੁਰਸ਼ਾਂ ਤੇ 1004, ਚੀਨ ਵਿਚ 1000 ਪੁਰਸ਼ਾਂ ਦੇ ਮੁਕਾਬਲੇ 944 ਅਤੇ ਪਾਕਿਸਤਾਨ ਵਿਚ ਇਹ ਅੰਕੜਾ 1000 ਪੁਰਸ਼ਾਂ ਦੇ ਮੁਕਾਬਲੇ 938 ਮਹਿਲਾਵਾਂ ਦਾ ਹੈ। ਵਰਲਡ ਫੈਕਟ ਬੁੱਕ ਅਨੁਸਾਰ ਜ਼ਿਆਦਾਤਰ ਵਿਕਸਿਤ ਦੇਸ਼ਾਂ ਵਿਚ ਮਹਿਲਾਵਾਂ ਦੀ ਗਿਣਤੀ ਪੁਰਸ਼ਾਂ ਤੋਂ ਅਧਿਕ ਪਾਈ ਗਈ ਹੈ। ਵਿਸ਼ਵ ਭਰ ਵਿਚ ਔਸਤ 1000 ਪੁਰਸ਼ਾਂ ਦੇ ਮੁਕਾਬਲੇ 990 ਔਰਤਾਂ ਹਨ। ਬਰਾਜ਼ੀਲ, ਰੂਸ, ਅਮਰੀਕਾ, ਜਾਪਾਨ, ਨਾਈਜੀਰੀਆ, ਫਰਾਂਸ, ਵੀਅਤਨਾਮ ਅਤੇ ਇਜ਼ਰਾਇਲ ਆਦਿ ਦੇਸ਼ਾਂ ਵਿਚ ਸਾਨੂੰ ਮਰਦ ਦੇ ਮੁਕਾਬਲੇ ਇਸਤਰੀ ਲਿੰਗ ਅਨੁਪਾਤ ਜ਼ਿਆਦਾ ਪ੍ਰਾਪਤ ਹੁੰਦਾ ਹੈ।
              ਭਾਰਤ ਦੀ ਗਿਣਤੀ ਵਿਸ਼ਵ ਦੇ ਪ੍ਰਮੁੱਖ ਧਾਰਮਿਕ ਦੇਸ਼ਾਂ ਵਿਚ ਹੁੰਦੀ ਹੈ। ਧਾਰਮਿਕ ਸੰਤਾਂਮਹਾਂਪੁਰਸ਼ਾਂ ਨੇ ਵੀ ਔਰਤ ਦੀ ਅਹਿਮੀਅਤ ਨੂੰ ਸਵੀਕਾਰਦਿਆਂ ਉਸ ਦੀ ਮਹੱਤਤਾ ਸੰਬੰਧੀ ਆਪਣੇ ਵਿਚਾਰ ਸਾਡੇ ਸਨਮੁੱਖ ਰੱਖੇ ਹਨ ਪਰ ਅਫ਼ਸੋਸ ਮਈ ਗੱਲ ਇਹ ਹੈ ਕਿ ਅਸੀਂ ਉਨ੍ਹਾਂ ਵਿਚਾਰਾਂ ਨੂੰ ਜੀਵਨ ਵਿਚ ਲਾਗੂ ਨਹੀਂ ਕਰ ਸਕੇ, ਸ਼ਾਇਦ ਇਸੇ ਵਜ੍ਹਾ ਕਾਰਨ ਦੇਸ਼ ਵਿਚ ਪ੍ਰਾਪਤ ਵੱਖਵੱਖ ਧਰਮਾਂ ਦੇ ਲੋਕਾਂ ਅੰਦਰ ਔਰਤ ਨਾਲ ਸੰਬੰਧਿਤ ਅਪਰਾਧਾਂ ਬਾਬਤ ਪਾਇਆ ਜਾਣ ਵਾਲਾ ਅੰਕੜਾ ਵੀ ਕਾਫ਼ੀ ਤਰਸਯੋਗ ਹੈ। ਭਾਰਤ ਵਿਚ ਪ੍ਰਾਪਤ ਪ੍ਰਮੁੱਖ ਧਾਰਮਿਕ ਸਮੁਦਾਇਆਂ ਵਿਚ ਈਸਾਈ ਧਰਮ ਦੇ ਅਨੁਆਈਆਂ ਦਾ ਲਿੰਗ-ਅਨੁਪਾਤ ਸਭ ਤੋਂ ਵਧੇਰੇ ਹੈ, ਜਦੋਂ ਕਿ ਦੂਜੇ ਨੰਬਰ 'ਤੇ ਮੁਸਲਮਾਨ ਅਤੇ ਤੀਸਰੇ ਦਰਜੇ 'ਤੇ ਹਿੰਦੂ ਹਨ। ਬੱਚਿਆਂ ਦਾ ਲਿੰਗ ਅਨੁਪਾਤ ਈਸਾਈਆਂ ਵਿਚ ਪ੍ਰਤੀ 1000 ਦੇ ਮੁਕਾਬਲੇ 964 ਹੈ। ਮੁਸਲਮਾਨਾਂ ਅੰਦਰ ਪ੍ਰਾਪਤ ਇਹ ਅੰਕੜਾ ਉਨ੍ਹਾਂ ਦੀ ਸਥਿਤੀ ਰਾਸ਼ਟਰੀ ਔਸਤ ਤੋਂ ਥੋੜ੍ਹੀ ਬਿਹਤਰ ਬਣਾ ਦਿੰਦਾ ਹੈ। ਪਿਛਲੀ ਜਨਗਣਨਾ ਅਨੁਸਾਰ ਮੁਸਲਮਾਨਾਂ ਵਿਚ 1000 ਪੁਰਸ਼ਾਂ ਦੇ ਮੁਕਾਬਲੇ 950 ਮਹਿਲਾਵਾਂ ਹਨ, ਜਦੋਂ ਕਿ ਸਿੱਖਾਂ ਵਿਚ ਇਹ ਅੰਕੜਾ ਸਭ ਤੋ ਘੱਟ ਅਰਥਾਤ 786 ਹੈ। ਸਿੱਖ ਧਰਮ ਤੋਂ ਇਲਾਵਾ ਜੈਨੀਆਂ ਵਿਚ ਇਹ ਅਨੁਪਾਤ 870ਦਾ ਹੈ। ਦੇਸ਼ ਦੀ 80.5% ਆਬਾਦੀ ਹਿੰਦੂਆਂ ਦੀ ਹੈ ਅਤੇ ਇੱਥੇ ਇਹ ਅਨੁਪਾਤ 925 ਹੈ। ਇਹ ਸਭ ਸਪਸ਼ਟ ਕਰਦਾ ਹੈ ਕਿ ਦੇਸ਼ ਵਿਚ ਲਿੰਗ ਅਨੁਪਾਤ ਰਾਸ਼ਟਰੀ ਔਸਤ ਤੋਂ ਘੱਟ ਹੈ ਪਾਇਆ ਜਾਂਦਾ ਹੈ।
ਔਰਤ ਨਾਲ ਹੋ ਰਹੇ ਅਪਰਾਧਾਂ ਦੇ ਮਾਮਲੇ ਵਿਚ ਵੀ ਭਾਰਤ ਮੋਹਰੀ ਦੇਸ਼ਾਂ ਵਿਚ ਸ਼ੁਮਾਰ ਹੁੰਦਾ ਹੈ। ਇੱਥੇ ਸੰਨ 2011 ਦੇ ਅੰਕੜਿਆਂ ਅਨੁਸਾਰ ਔਰਤਾਂ ਨਾਲ 2.28 ਲੱਖ ਤੋਂ ਵੀ ਜ਼ਿਆਦਾ ਅਪਰਾਧ ਹੋਏ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਮਹਿਲਾਵਾਂ ਵਿਰੁੱਧ ਅਪਰਾਧਾਂ ਵਿਚ ਬੀਤੇ ਇੱਕ ਸਾਲ ਦੌਰਾਨ ਕਰੀਬ 7.1% ਦਾ ਵਾਧਾ ਹੋਇਆ। ਦੇਸ਼ ਭਰ ਵਿਚ ਸੰਨ 2011 ਦੌਰਾਨ 24206 ਦੇ ਲਗਭਗ ਬਲਾਤਕਾਰ ਦੇ ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਸਾਨੂੰ 51503 ਮਾਮਲੇ ਛੇੜਛਾੜ ਅਤੇ ਯੌਨ-ਉਤਪੀੜਣ ਆਦਿ ਦੇ ਵੀ ਪ੍ਰਾਪਤ ਹੁੰਦੇ ਹਨ। ਮਹਿਲਾਵਾਂ ਦੇ ਅਗਵਾ ਕੇਸਾਂ ਦੀ ਗਿਣਤੀ 35565 ਹਜ਼ਾਰ ਦੇ ਕਰੀਬ ਦਰਜ਼ ਕੀਤੀ ਗਈ ਹੈ। ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ ਸੀ.ਬੀ.ਆਈ. ਦੁਆਰਾ ਸੰਨ 2009 ਦੌਰਾਨ ਪੇਸ਼ ਕੀਤੀ ਗਈ ਆਪਣੀ ਇੱਕ ਰਿਪੋਰਟ ਅਨੁਸਾਰ ਦੇਸ਼ ਵਿਚੋਂ ਕਰੀਬ 30 ਲੱਖ ਲੜਕੀਆਂ ਦੀ ਤਸਕਰੀ ਕੀਤੀ ਗਈ ਸੀ। ਜਿਨ੍ਹਾਂ ਦੀ 90 ਫ਼ੀਸਦੀ ਗਿਣਤੀ ਦੇਹ ਵਪਾਰ ਵਰਗੇ ਕਿੱਤਿਆਂ ਅੰਦਰ ਧੱਕ ਦਿੱਤੀ ਗਈ ਸੀ। ਨੈਸ਼ਨਲ ਕ੍ਰਾਈਮ ਬਿਊਰੋ ਦਾ ਆਖਣਾ ਹੈ ਕਿ ਸੰਨ 1971 ਤੋਂ ਲੈ ਕਿ 2012 ਈਸਵੀ ਤੱਕ ਔਰਤ ਨਾਲ ਹੋਏ ਬਲਾਤਕਾਰਾਂ ਦੀ ਗਿਣਤੀ ਵਿਚ 880 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ। ਜਿਸ ਦੀ ਬਦੌਲਤ ਹੀ ਭਾਰਤ ਅੰਦਰ 56 ਫ਼ੀਸਦੀ ਔਰਤਾਂ ਸਕੂਲ ਜਾਂ ਕਾਲਜ ਵਿਚ ਉਚੇਰੀ ਸਿੱਖਿਆ ਪ੍ਰਾਪਤੀ ਲਈ ਪਹੁੰਚਣ ਤੋਂ ਡਰਨ ਲੱਗੀਆਂ ਹਨ। ਇਸ ਸਭ ਤੋਂ ਇਲਾਵਾ ਦਾਜ ਪ੍ਰਥਾ ਦੇ ਕਾਰਨ ਵੀ ਭਾਰਤ ਅੰਦਰ ਕੁਰਬਾਨ ਹੋਣ ਵਾਲੀਆਂ ਔਰਤਾਂ ਦੀ ਸਾਲਾਨਾ ਦਰ 9000 ਦੇ ਕਰੀਬ ਜਾ ਪਹੁੰਚੀ ਹੈ। ਐਮਨੇਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਿਕ 40 ਫ਼ੀਸਦੀ ਭਾਰਤੀ ਔਰਤਾਂ ਆਪਣੇ ਪਤੀ ਦੁਆਰਾ ਕੀਤੀ ਜਾਂਦੀ ਕੁੱਟਮਾਰ ਦਾ ਲਗਾਤਾਰ ਸ਼ਿਕਾਰ ਹੋ ਰਹੀਆਂ ਹਨ। ਇੱਥੇ ਇਹ ਵੀ ਦੱਸਣਾ ਮੁਨਾਸਬ ਰਹੇਗਾ ਕਿ ਇਹ ਅੰਕੜਾ ਉਨ੍ਹਾਂ ਹਾਲਤਾਂ ਵਿਚ ਹੈ ਜਦੋਂ ਘਰੇਲੂ ਹਿੰਸਾ ਦੇ 50 ਕੇਸਾਂ ਵਿਚੋਂ ਸਿਰਫ਼ ਇੱਕ ਕੇਸ ਹੀ ਪੁਲਿਸ ਪਾਸ ਆਪਣੀ ਪਹੁੰਚ ਕਰਦਾ ਹੈ। ਇਸ ਲਈ ਇਹ ਸਾਰੇ ਅੰਕੜੇ ਭਾਵੇਂ ਕਿ ਗਿਣਾਤਮਿਕ ਪੱਧਰ 'ਤੇ ਇੱਧਰ ਉੱਧਰ ਹੋ ਸਕਦੇ ਹਨ ਪਰ ਇਸ ਤੱਥ ਤੋਂ ਕਿਤੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ ਕਿ ਔਰਤਾਂ ਨਾਲ ਸਬੰਧਿਤ ਅਪਰਾਧਾਂ ਦੀ ਗਿਣਤੀ ਇਹਨਾਂ ਸਰਕਾਰੀ ਅੰਕੜਿਆਂ ਦੀ ਯਥਾਰਥਿਕਤਾ ਤੋਂ ਕਿਤੇ ਜ਼ਿਆਦਾ ਵਧੇਰੇ ਹੁੰਦੀ ਹੈ। ਇਸ ਸਮੁੱਚੇ ਪ੍ਰਸੰਗ ਵਿਚ ਸਾਡੇ ਲਈ ਇਹ ਸਮਝਣਾ ਬਿਲਕੁਲ ਵੀ ਮੁਸ਼ਕਿਲ ਨਹੀਂ ਹੋ ਸਕਦਾ ਕੇ ਮਾਨਵੀ ਸਭਿਅਤਾ ਦੇ ਇਸ ਕਥਿਤ 'ਵਿਕਸਿਤ ਦੌਰ' ਅੰਦਰ ਔਰਤ ਦੀ ਹੋਂਦ ਕਿੱਥੇ 'ਕੁ ਖੜੀ ਹੈ।
                ਇਸ ਸਮੁੱਚੇ ਵਰਤਾਰੇ ਦੇ ਸੰਦਰਭ ਵਿਚ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਅਸਲ ਵਿਚ ਔਰਤ ਦੀ ਇਸ ਦਸ਼ਾ ਵਿਚ ਕਿਤੇ ਨਾ ਕਿਤੇ ਉਹ ਖ਼ੁਦ ਵੀ ਘੱਟ ਗੁਨਾਹਗਾਰ ਨਹੀਂ ਹੈ। ਮਰਦ ਸਿਰਜਿਤ ਸਭਿਆਚਾਰ ਅਨੁਸਾਰੀ ਹੋਣ ਕਾਰਨ ਔਰਤ ਨੇ ਖ਼ੁਦ ਨੂੰ ਮਰਦ ਦੀ ਦਾਸੀ ਪ੍ਰਵਾਨ ਕਰ ਰੱਖਿਆ ਹੈ ਅਤੇ ਅਪਣਾ ਭਵਿੱਖ ਸਿਰਫ਼ ਤੇ ਸਿਰਫ਼ ਮਰਦ ਦੀ ਰਹਿਨੁਮਾਈ ਵਿਚ ਹੀ ਸੁਰੱਖਿਅਤ ਸਮਝਿਆ ਹੈ। ਔਰਤ ਨੇ ਮਰਦ ਦੁਆਰਾ ਆਪਣੇ ਆਲ਼ੇ-ਦੁਆਲੇ ਬੁਣੇ ਗਏ ਇਸ ਜਾਲ ਨੂੰ ਮਜ਼ਬੂਤ ਕਰਨ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਪਣਾ ਸਾਰਾ ਜੀਵਨ ਜਿਵੇਂ ਕੇ ਉਸ ਨੂੰ ਜਨਮ ਤੋਂ ਹੀ ਸਿਖਾਇਆ ਜਾਂਦਾ ਹੈ,  ਮਰਦ ਦੀ ਸੇਵਾ ਵਿਚ ਗੁਜ਼ਾਰ ਕਿ ਹੀ ਉਹ ਆਪਣੀ ਖ਼ੁਸ਼ੀ ਪ੍ਰਾਪਤ ਕਰਨਾ ਚਾਹੁੰਦੀ ਹੈ। ਇੱਥੇ ਇਹ ਵੀ ਸਪਸ਼ਟ ਕਰਨ ਯੋਗ ਗੱਲ ਹੈ ਕਿ ਇਸ ਦਾ ਭਾਵ ਇਹ ਨਹੀਂ ਕੇ ਮਰਦ ਪੂਰੀ ਤਰ੍ਹਾਂ ਗ਼ਲਤ ਜਾਂ ਨਫ਼ਰਤ ਕਰਨ ਯੋਗ ਪ੍ਰਾਣੀ ਹੈ। ਸਾਡੇ ਕਹਿਣ ਦਾ ਭਾਵ ਸਿਰਫ਼ ਇਹ ਹੈ ਕਿ ਔਰਤ ਵੱਲੋਂ ਆਪਣੇ-ਆਪ ਦੀ ਪਛਾਣ ਕਰਨਾ ਸਮੇਂ ਦੀ ਇੱਕ ਜ਼ਰੂਰੀ ਮੰਗ ਹੈ। ਕੁਦਰਤ ਨੇ ਇਨਸਾਨ ਨੂੰ ਬਰਾਬਰ ਦੇ ਪੈਦਾ ਕੀਤਾ ਹੈ। ਇਸ ਲਈ ਔਰਤ ਵੱਲੋਂ ਖ਼ੁਦ ਨੂੰ ਮਰਦ ਦੇ ਬਰਾਬਰ ਮਹਿਸੂਸ ਕਰਨਾ ਅਤਿ ਜ਼ਰੂਰੀ ਹੈ ਕਿਉਂਕਿ ਮਰਦ ਦੀ ਸੇਵਾ ਕਰਨਾ ਜਾਂ ਇਸ ਅਨੁਸਾਰੀ ਹੋ ਕਿ ਹੀ ਅਪਣਾ ਜੀਵਨ ਬਤੀਤ ਕਰਨ ਵਾਲਾ ਫ਼ਲਸਫ਼ਾ ਮਰਦ ਪ੍ਰਧਾਨ ਸਮਾਜ ਵੱਲੋਂ ਸਿਰਫ਼ ਔਰਤ ਨੂੰ ਲਿਤਾੜਨ ਹਿਤ ਹੀ ਹੋਂਦ ਵਿਚ ਲਿਆਂਦਾ ਗਿਆ ਹੈ। ਔਰਤ ਜਦੋਂ ਇਸ ਫ਼ਲਸਫ਼ੇ ਅਨੁਸਾਰੀ ਹੋ ਕਿ ਅਪਣਾ ਜੀਵਨ ਬਤੀਤ ਕਰਦੀ ਹੈ, ਅਸਲ ਸਮੱਸਿਆ ਉਸੇ ਵਕਤ ਸ਼ੁਰੂ ਹੁੰਦੀ ਹੈ। ਜਿਸ ਤੋਂ ਬਚਣ ਲਈ ਔਰਤ ਨੂੰ ਆਪਣੀ ਹੋਂਦ ਅਤੇ ਅਪਣਾ ਮੂਲ ਪਛਾਣਨਾ ਪਵੇਗਾ। ਇਸ ਪਹਿਚਾਣ ਤੋਂ ਬਾਅਦ ਹੀ ਔਰਤ ਆਪਣੇ ਪ੍ਰਤੀ ਹੋ ਰਹੇ ਅਪਰਾਧਾਂ ਦੀ ਗਿਣਤੀ 'ਤੇ ਲਗਾਮ ਲਗਾ ਸਕਣ ਵਿਚ ਕਾਮਯਾਬ ਹੋ ਸਕਦੀ ਹੈ। 'ਨਜ਼ਰ ਤੇਰੀ ਗੰਦੀ ਤੇ ਪਰਦਾ ਮੈਂ ਕਰਾਂ' ਵਰਗੇ ਸਲੋਗਨ ਉਸ ਦੀ ਇਸ ਸਮਾਜ ਅੰਦਰ ਸਥਿਤੀ ਸੁਧਾਰਨ ਵਿਚ ਜ਼ਿਆਦਾ ਲਾਭਕਾਰੀ ਨਹੀਂ ਹੋ ਸਕਦੇ ।

ਪਰਮਿੰਦਰ ਸਿੰਘ ਸ਼ੌਂਕੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ।


No comments:

Post a Comment

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...