Friday, April 13, 2018

ਸੰਪਾਦਕੀ: ਅਪ੍ਰੈਲ-ਜੂਨ, 2018



ਮੌਜੂਦਾ ਦੌਰ ਵਿਚ ਸੋਸ਼ਲ ਮੀਡੀਆ ਇੱਕ ਅਜਿਹੇ ਮੰਚ ਵਜੋਂ ਸਾਡੇ ਸਾਹਮਣੇ ਆਇਆ ਹੈ, ਜਿਸ ਨੇ ਸਾਡੇ ਸਮਿਆਂ ਦੀ ਹਰ ਇੱਕ ਧਾਰਾ ਅਤੇ ਪੱਖ ਉੱਪਰ ਅਪਣਾ ਇੱਕ ਅਹਿਮ ਰੋਲ ਨਿਭਾਉਂਦੇ ਹੋਏ, ਉਸ ਨੂੰ ਸਿੱਧੇ/ਅਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਸਾਹਿੱਤ ਇਸ ਦਾ ਅਪਵਾਦ ਨਹੀਂ ਹੈ. ਇਸ ਲਈ ਸਾਡੇ ਵੱਲੋਂ ਸੋਸ਼ਲ ਮੀਡੀਆ ਉੱਪਰ ਕਿਸੇ ਕਿਸਮ ਦੀ ਉੱਠੀ ਸਾਹਿੱਤਿਕ ਚਰਚਾ ਜਾਂ ਬਹਿਸ ਆਦਿ ਨੂੰ ਮਨਫ਼ੀ ਜਾਂ ਘੱਟ ਕਰ ਕੇ ਦੇਖਣਾ, ਸਥਿਤੀਆਂ ਦੀ ਗੰਭੀਰਤਾ ਜਾਂ ਨਾਜ਼ੁਕਤਾ ਤੋਂ ਪਾਸਾ ਵੱਟਣਾ ਹੈ. ਮੈਂ ਸੋਸ਼ਲ ਮੀਡੀਆ ਦਾ ਇੱਕ ਸਰਗਰਮ ਪਾਠਕ ਹਾਂ. ਇਸ ਲਈ ਕਈ ਵਾਰ ਅਜਿਹੀਆਂ ਗੱਲਾਂ ਵੀ ਮੇਰੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਪ੍ਰਤੀ ਗੰਭੀਰਤਾ ਨਾਲ ਸੋਚਣਾ ਸਾਡੇ ਲਈ ਬੇਹੱਦ ਜ਼ਰੂਰੀ ਹੋ ਜਾਂਦਾ ਹੈ. ਸੋਸ਼ਲ ਮੀਡੀਆ ਅੰਦਰ ਵਰਤਿਆ ਗਿਆ ਸ਼ਬਦ 'ਸਾਹਿੱਤਿਕ ਮਾਫ਼ੀਆ' ਉਨ੍ਹਾਂ ਵਿਚੋਂ ਇੱਕ ਹੈ. ਜਿਹੜਾ ਸਾਹਿੱਤਿਕ ਖੇਤਰ ਅਤੇ ਉਸ ਨਾਲ ਜੁੜੇ ਲੋਕਾਂ ਲਈ ਆਪਾ-ਚੀਨਣ ਦੀ ਇੱਕ ਅਹਿਮ ਲੋੜ ਵਜੋਂ ਪ੍ਰਗਟ ਹੁੰਦਾ ਹੈ.

ਇਹ ਸ਼ਬਦ ਕਿਸੀ ਖ਼ਲਾਅ 'ਚੋਂ ਪੈਦਾ ਨਹੀਂ ਹੋਇਆ, ਬਲਕਿ ਇਸ ਪਿੱਛੇ ਸਾਡੇ ਬਹੁਤ ਸਾਰੇ ਸਾਹਿਤਕਾਰਾਂ/ਬੁੱਧੀਜੀਵੀਆਂ ਦੀਆਂ ਗ਼ੈਰ-ਜਿੰਮੇਵਾਰੀਆਂ ਅਤੇ ਨੈਤਿਕ ਕੁਹਜ ਦਾ ਇੱਕ ਭਰਵਾਂ ਇਤਿਹਾਸ ਪਿਆ ਹੈ. ਇਹ ਉਹ ਇਤਿਹਾਸ ਹੈ, ਜਿਹੜਾ ਸਾਡੇ ਸਾਹਿਤਕਾਰਾਂ ਦੇ ਇੱਕ ਹਿੱਸੇ ਨੂੰ ਲੋਕ-ਮਨ ਦੇ ਵੱਡੇ ਹਿੱਸੇ ਨਾਲੋਂ ਤੋੜਨ ਵਿਚ ਆਪਣੀ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ, ਪਰ ਜਿਸ ਦਾ ਸ਼ਾਇਦ ਅਜੇ ਤੱਕ ਸਾਡੇ ਸਾਹਿਤਕਾਰਾਂ ਨੇ ਜ਼ਿਆਦਾ ਨੋਟਿਸ ਨਹੀਂ ਲਿਆ ਹੈ ਅਤੇ ਜਾਂ ਫਿਰ ਉਹ ਇਹ ਭੁੱਲ ਚੁੱਕੇ ਹਨ ਕਿ ਸਾਹਿੱਤਕਾਰੀ ਸਿਰਫ਼ ਸ਼ਬਦੀ ਰਚਨਾਤਮਿਕਤਾ ਦਾ ਪ੍ਰਗਟਾਵਾ ਹੀ ਨਹੀਂ, ਸਗੋਂ ਲੇਖਕ ਦੀ ਅੰਦਰੂਨੀ ਤੇ ਬਾਹਰੀ ਵਿਵਹਾਰਿਕਤਾ ਦਾ ਸੁਮੇਲ ਵੀ ਹੈ.

ਸਾਹਿੱਤਕਾਰ ਹੋਣ ਦਾ ਮਤਲਬ ਸ਼ਾਬਦਿਕ ਬੁਣਤੀਆਂ ਦੇ ਰਾਹੀਂ ਜਨ-ਸਾਧਾਰਨ ਉੱਪਰ ਆਪਣਾ ਬੌਧਿਕ ਦਬਦਬਾ ਕਾਇਮ ਕਰਨਾ ਨਹੀਂ ਹੁੰਦਾ, ਸਗੋਂ ਇਹ ਜਨ-ਸਾਧਾਰਨ ਦੀ ਪੀੜ ਨੂੰ ਮਹਿਸੂਸ ਕਰਦੇ ਹੋਏ, ਉਸ ਦੇ ਹਾਣ ਦਾ ਬਣਦਿਆਂ, ਉਸ ਨੂੰ ਆਪਣੀ ਆਵਾਜ਼ ਦੇਣ ਦਾ ਕਾਰਜ ਹੁੰਦਾ ਹੈ. ਜੇਕਰ ਕੋਈ ਸਾਹਿੱਤਕਾਰ ਆਪਣੀ ਇਸ ਭੂਮਿਕਾ ਵਿਚ ਅਸਫਲ ਰਹਿੰਦਾ ਹੈ, ਫਿਰ ਉਹ ਸਾਹਿੱਤਕਾਰ ਨਹੀਂ, ਮਾਤਰ ਸ਼ਬਦਾਂ ਦੀ ਬੁਣਤੀ ਕਰਨ ਵਾਲਾ ਇੱਕ 'ਸੁਆਰਥੀ' ਕਾਮਾ ਹੈ. ਉਹ ਉਸ ਪੀੜ ਤੋਂ, ਉਸ ਨੈਤਿਕਤਾ ਤੋਂ ਕੋਹਾਂ ਦੂਰ ਵਸਦਾ ਹੈ, ਜਿੱਥੇ ਸਾਹਿੱਤਕਾਰ ਦਾ ਅਸਤਿਤਵ ਪਾਇਆ ਜਾਂਦਾ ਹੈ. ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ, ਅਜਿਹੇ 'ਸਾਹਿਤਕਾਰਾਂ' ਤੋਂ ਆਪਣਾ ਪਿੱਛਾ ਛਡਾਉਂਦੇ ਹੋਏ, ਉਸ ਨੂੰ ਜਨ-ਸਾਧਾਰਨ ਵਿਚ ਨੰਗਾ ਕਰ ਦੇਣ.

ਅਸਲ ਵਿਚ ਸਾਹਿੱਤਕਾਰ/ਬੁੱਧੀਜੀਵੀ ਕੀ ਹੁੰਦਾ ਹੈ, ਇਸ ਦੀ ਉਦਾਹਰਨ ਦਿੰਦਿਆਂ ਨਾਈਜੀਰੀਆ ਦੇ ਨਾਮਵਰ ਬੁੱਧੀਜੀਵੀ ਕੇਨ ਸਾਰੋ ਵੀਵਾ ਨੇ ਆਪਣੀ ਜੇਲ੍ਹ-ਡਾਇਰੀ ਵਿਚ ਅਫ਼ਰੀਕੀ ਦੇਸ਼ਾਂ ਦੇ ਲੇਖਕਾਂ ਦੀ ਭੂਮਿਕਾ ਸਬੰਧੀ ਲਿਖਿਆ ਹੈ ਕਿ, "ਲੇਖਕ ਨੂੰ ਇੱਕ ਸਰਗਰਮ ਬੁੱਧੀਜੀਵੀ ਦੀ ਭੂਮਿਕਾ ਵਿਚ ਹੋਣਾ ਚਾਹੀਦਾ ਹੈ. ਉਸ ਨੂੰ ਜਨ-ਸੰਗਠਨਾਂ ਵਿਚ ਭਾਗ ਲੈਣਾ ਅਤੇ ਜਨਤਾ ਨਾਲ ਸਿੱਧਾ ਸਬੰਧ ਸਥਾਪਿਤ ਕਰਨਾ ਚਾਹੀਦਾ ਹੈ." ਕੇਨ ਨੇ ਆਪਣੇ ਜੀਵਨ ਵਿਚ ਇਸ ਦੀ ਉਦਾਹਰਨ ਵੀ ਪੇਸ਼ ਕੀਤੀ, ਜਦੋਂ ਉਸ ਨੇ ਅਪਣੇ ਇਲਾਕੇ ਦੀ ਜਨਤਾ ਨੂੰ ਬਹੁ-ਰਾਸ਼ਟਰੀ ਤੇਲ ਕੰਪਨੀ 'ਸ਼ੇਲ' ਦੇ ਸ਼ੋਸ਼ਣ ਖ਼ਿਲਾਫ਼ ਲੋਕਾਂ ਨੂੰ ਇਕੱਠਾ ਕਰਨ ਬਦਲੇ ਮਿਲੀ ਸਜਾ ਦੇ ਫਲਸਰੂਪ ਫਾਂਸੀ ਦਾ ਰੱਸਾ ਚੁੰਮਿਆ. ਇਸ ਤੋਂ ਇਲਾਵਾ ਬੈਂਡਾ ਦੀ ਪਰਿਭਾਸ਼ਾ ਮੁਤਾਬਿਕ, "ਸੱਚੇ ਬੁੱਧੀ-ਜੀਵੀਆਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਜਲਾ ਦਿੱਤੇ ਜਾਣ, ਸੂਲੀ 'ਤੇ ਟੰਗ ਦਿੱਤੇ ਜਾਣ ਜਾਂ ਦੇਸ਼ ਨਿਕਾਲਾ ਦੇ ਦਿੱਤੇ ਜਾਣ ਦਾ ਜੋਖ਼ਮ ਉਠਾ ਸਕਣਗੇ।"

ਚੈਕੇਸਲੋਵਾਕੀਆ ਦੇ ਮਹਾਨ ਸਾਹਿਤਕਾਰਾਂ ਵਿਚ ਸ਼ਾਮਿਲ ਈਵਾਨ ਕਲੀਮਾ ਦੀਆਂ ਲਿਖਤਾਂ ਤੇ ਸੰਘਰਸ਼ ਇਸ ਦੀ ਇੱਕ ਵੱਡੀ ਉਦਾਹਰਨ ਹੈ ਕਿ ਸਾਹਿੱਤਕਾਰ ਕੀ ਹੁੰਦਾ ਹੈ, ਤੇ ਉਸ ਨੂੰ ਕਿਸ ਤਰਾਂ ਦਾ ਹੋਣਾ ਚਾਹੀਦਾ ਹੈ? ਜਨ-ਸਾਧਾਰਨ ਪ੍ਰਤੀ ਉਸ ਦੇ ਕੀ ਫ਼ਰਜ਼ ਅਤੇ ਭੂਮਿਕਾਵਾਂ ਹੁੰਦੀਆਂ ਹਨ ਤੇ ਜਾਂ ਫਿਰ ਜਨਤਾ ਦੀਆਂ ਸਾਹਿੱਤਕਾਰ ਪ੍ਰਤੀ ਕੀ-ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ. ਸ਼ਾਇਦ ਇਹ ਸਭ ਸਾਨੂੰ ਚੈੱਕ ਲੋਕਾਂ ਤੋਂ ਸਿੱਖਣ ਦੀ ਲੋੜ ਸੀ, ਪਰ ਅਸੀਂ ਅਜੇ ਤੱਕ ਇਸ ਸਭ ਨੂੰ ਸਿੱਖੇ ਹੀ ਨਹੀਂ ਹਾਂ. ਇਸ ਲਈ ਸਾਡੇ ਸਾਹਿੱਤਕਾਰ ਇੱਕ ਸੀਮਤ ਘੇਰੇ ਵਿਚ ਬੰਦ ਹੋ ਕੇ ਰਹਿ ਚੁੱਕੇ ਹਨ. ਉਨ੍ਹਾਂ ਦਾ ਅਪਣਾ ਧੜਾ ਜਾਂ ਗਰੁੱਪ ਹੈ. ਜਿੱਥੇ ਸਿਰਫ਼ ਉਨ੍ਹਾਂ ਦੇ ਹੀ ਸੋਹਲੇ ਗਾਏ ਜਾਂਦੇ ਹਨ. ਇਸ ਧੜੇ-ਬਾਹਰੀ ਦੁਨੀਆ ਵਿਚ ਉਨ੍ਹਾਂ ਦਾ ਕੋਈ ਅਜਿਹਾ ਅਸਤਿਤਵ ਨਹੀਂ ਦਿਖਾਈ ਦਿੰਦਾ, ਜਿਸ ਉੱਪਰ ਇੱਕ ਪੂਰਾ ਖ਼ਿੱਤਾ ਮਾਣ ਕਰ ਸਕੇ. ਇਹ ਸਾਡੇ ਸਮਿਆਂ ਦੇ, ਸਾਡੇ ਖ਼ਿੱਤੇ ਦੇ ਸਾਹਿਤਕਾਰਾਂ ਦਾ ਸਭ ਤੋਂ ਵੱਡਾ ਦੁਖਾਂਤ ਹੈ. ਜਿਨ੍ਹਾਂ ਨੇ ਅਪਣੇ ਗਰੁੱਪਾਂ ਦੀਆਂ ਸਾਹਿੱਤਿਕ ਸਭਾਵਾਂ/ਸੈਮੀਨਾਰਾਂ/ਸੰਮੇਲਨਾਂ ਆਦਿ ਵਿਚ ਮਿਲ ਰਹੀ ਫੋਕੀ ਵਾਹ-ਵਾਹ ਨੂੰ ਹੀ ਅਪਣੇ ਕਾਰਜ ਦਾ 'ਸਰਬੋਤਮ' ਉਦੇਸ਼ ਸਵੀਕਾਰ ਕੀਤਾ ਹੋਇਆ ਹੈ.

ਇਨ੍ਹਾਂ ਘਟਨਾਕ੍ਰਮਾਂ ਵੱਲ ਦੇਖਦਿਆਂ ਮੇਰੇ ਦਿਮਾਗ਼ ਅੰਦਰ ਅੱਜ ਉਸ ਤਰ੍ਹਾਂ ਦੇ ਖਿਆਲ ਆ ਰਹੇ ਹਨ, ਜਿਸ ਤਰ੍ਹਾਂ ਦੇ ਖ਼ਿਆਲਾਂ ਦਾ ਸਾਹਮਣਾ ਕਿਸੇ ਸਮੇਂ ਵਿਸ਼ਵ ਪ੍ਰਸਿੱਧ ਦਾਰਸ਼ਨਿਕ ਬਰਟ੍ਰੈਂਡ ਰੱਸਲ ਨੂੰ ਕਰਨਾ ਪਿਆ ਸੀ. ਅੱਜ ਮੈਂ ਉਸ ਵਾਂਗ ਹੀ ਸੋਚਦਾ ਹਾਂ (ਹੋ ਸਕਦਾ ਹੈ ਤੁਸੀਂ ਵੀ ਇੰਞ ਹੀ ਸੋਚਦੇ ਹੋਵੋ) ਕਿ ਆਧੁਨਿਕ ਯੁੱਗ ਅੰਦਰ ਬੁੱਧੀਜੀਵੀ/ਸਾਹਿੱਤਕਾਰ ਦੀ ਕੀ ਭੂਮਿਕਾ ਹੈ ਜਾਂ ਕੀ ਇਨ੍ਹਾਂ ਦੀ ਇਹ ਭੂਮਿਕਾ ਫਿੱਕੀ ਪੈ ਚੁੱਕੀ ਹੈ? ਇਹ ਸਵਾਲ ਸਾਡੇ ਸਾਰਿਆਂ ਦੇ ਸਨਮੁੱਖ ਹੀ ਰਹਿਣਾ ਚਾਹੀਦਾ ਹੈ. ਇਸ ਦੇ ਜੁਆਬ ਅਸੀਂ ਤਲਾਸ਼ਣੇ ਹਨ. ਇਹ ਸਾਡੇ ਸਮਿਆਂ ਦੀ ਇੱਕ ਵੱਡੀ ਲੋੜ ਅਤੇ ਪ੍ਰਸ਼ਨ ਹੈ. ਜਿਸ ਦਾ ਸਾਹਮਣਾ ਸਾਨੂੰ ਕਰਨਾ ਹੀ ਪਵੇਗਾ. 


ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ 
ਅਨਹਦ ਈ-ਮੈਗਜ਼ੀਨ

No comments:

Post a Comment

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...