Monday, April 9, 2018

"ਦੁੱਲੇ ਦੀ ਬਾਤ"

ਮੁੱਕ ਜਾਵੇਗਾ ਕੁੱਲੀਆਂ ਤੇ ਮਹਿਲਾਂ ਵਿਚਲਾ ਫ਼ਾਸਲਾ 



ਬਲਵੰਤ ਭਾਟੀਆ ਜੀ ਦਾ ਕਾਵਿ ਸੰਗ੍ਰਹਿ "ਦੁੱਲੇ ਦੀ ਬਾਤ" ਸਚਮੁੱਚ ਵੱਖ-ਵੱਖ ਫੁੱਲਾਂ ਦਾ ਗੁਲਦਸਤਾ ਹੈ। ਅਸਲ ਵਿੱਚ ਇੱਕ ਲੇਖਕ ਲਈ ਸਭ ਤੋਂ ਵੱਡਾ ਸਨਮਾਨ ਲੋਕਾਂ ਦਾ ਪਿਆਰ ਹੁੰਦਾ ਹੈ। ਲੇਖਕ ਨੂੰ ਵਿਕਣ ਤੋਂ ਰੋਕਦਾ ਹੈ ਕਲਮ ਨੂੰ ਤਲਵਾਰ ਬਨਾਉਣ ਦੀ ਗੱਲ ਕਰਦਾ ਹੈ  ਬਲਵੰਤ ਭਾਟੀਆ ਇੱਕ ਚੇਤਨ ਲੇਖਕ ਹਨ। ਇਸ ਕਾਵਿ ਪੁਸਤਕ ਵਿੱਚ ਲੇਖਕ ਹੱਕਾਂ ਲਈ ਲੜਨ ਦਾ ਸੁਨੇਹਾ ਦਿੰਦਾ ਹੈ। ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਦੀ ਪੇਸ਼ਕਾਰੀ ਸਹਿਤ ਪੇਸ਼ ਕਰਦਾ ਹੈ।

          "ਦੁੱਲੇ ਦੀ ਬਾਤ" ਕਾਵਿ -ਪੁਸਤਕ  ਪੜ੍ਹਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਉਸਦੀਆਂ ਕਵਿਤਾਵਾਂ ਪਾਠਕਾਂ ਨਾਲ ਸੰਵਾਦ ਰਚਾਉਣ ਲਈ ਤਤਪਰ ਨੇ.. ਤੇ ਜਿਹੜੀ ਕਵਿਤਾ ਉਂਗਲ ਫੜ੍ਹਕੇ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੋਵੇ, ਅੱਜ ਦੇ ਸਮਿਆਂ  'ਚ ਉਹ ਬਿਹਤਰੀਨ ਕਵਿਤਾ ਹੈ ਬਲਵੰਤ ਭਾਟੀਆ ਜੀ ਬਹੁਤ ਖ਼ੂਬਸੂਰਤੀ  ਨਾਲ ਕਵਿਤਾ ਦਾ ਤਾਣਾ-ਬਾਣਾ ਬੁਣਦਾ ਹੈ ਕਿਉਂਕਿ ਉਸ ਕੋਲ ਸ਼ਬਦਾਂ ਦਾ ਭੰਡਾਰ ਹੈ ਆਪਣੀ ਗੱਲ ਕਹਿਣ ਦਾ ਸਲੀਕਾ ਤੇ ਹਰਫ਼ਾ ਦੀ ਪੇਸ਼ਕਾਰੀ ਦੀ ਜਾਦੂਗਰੀ ਵਿਸ਼ੇਸ਼ ਹਾਸਲ ਹੈ ਉਹ ਕੂੜ ਅਤੇ ਭਰਿਸ਼ਟਾਚਾਰ ਦੇ ਹਨੇਰੇ ਬਦਲਣ ਦੀ ਗੱਲ ਕਰਦਾ ਹੈ ਸਵਾਰਥ ਤਿਆਗ ਕੇ ਸਮਾਜਕ ਹਿੱਤਾਂ ਵਾਸਤੇ ਜੀਉਣ ਦਾ ਸੁਨੇਹਾ ਦਿੰਦਾ ਹੈ ਕਾਵਿ-ਸੰਗ੍ਰਹਿ "ਦੁੱਲੇ ਦੀ ਬਾਤ" ਵਿਚਲੀਆਂ ਸਾਰੀਆਂ ਹੀ ਕਵਿਤਾਵਾਂ  ਪੜਨ ਤੇ ਵਿਚਾਰਨ ਯੋਗ ਹਨ। ਇਨਸਾਨੀ  ਜ਼ਿੰਦਗੀ ਦੇ ਹਰ ਵਿਸ਼ੇ ਨੂੰ ਉਨ੍ਹਾਂ ਬਾ ਖ਼ੂਬੀ ਆਪਣੇ ਹਰਫ਼ਾਂ ਵਿੱਚ ਕਲਮ ਵਧ ਕੀਤਾ ਹੈ।ਭਾਵੇਂ ਉਹ ਕਿਸੇ  ਕਿਰਤੀ ਦੀ ਗੱਲ ਹੋਵੇਂ, ਔਰਤ ਜਾਂ ਫੇਰ ਸਿਆਸਤ ਦੀ ਗੱਲ ਹੋਵੇਂ ਹਰ ਰਚਨਾ ਦੇ ਕਿਰਦਾਰ ਦਾ ਬਾ ਖ਼ੂਬੀ ਚਿਤਰਨ ਕੀਤਾ ਹੈ।

          ਭਵਿੱਖ ਵਿਚ ਉਹਨਾ ਤੋਂ ਸਮਾਜ ਨੂੰ ਸੇਧ ਦੇਣ ਵਾਲੀਆਂ ਹੋਰ ਨਜ਼ਮਾ ਦੀ ਆਸ ਬੱਝਦੀ ਹੈ। ਦੁਆ ਕਰਦੀ ਹਾਂ ਬਲਵੰਤ ਭਾਟੀਆ ਜੀ ਦੀ ਕਲਮ ਨਿਰੰਤਰ ਕਾਰਜਸ਼ੀਲ ਰਹੇ। ਸ਼ਾਲਾ ਇਹ ਵਹਿਣ ਇਸੇ ਤਰਾਂ ਵਹਿੰਦਾ ਰਹੇ। ਅੰਤ ਵਿੱਚ ਸ਼ੁੱਭ-ਕਾਮਨਾਵਾਂ ਦੇ ਨਾਲ ''ਦੁੱਲੇ ਦੀ ਬਾਤ'' ਚੋਂ ਨਜ਼ਰ ਕਰਦੀ ਹਾਂ:


ਉਹ ਪੁੱਛਣੋ ਨਹੀਂ ਹਟਦੇ ਮੇਰੀ ਔਕਾਤ 
ਮੈਂ ਪਾਉਣੋ ਨਹੀਂ ਹਟਦਾ ਦੁੱਲੇ ਦੀ ਬਾਤ।
ਨਿੱਤ ਲਾਹੁੰਦੇ ਨੇ ਧੜ ਨਾਲੋਂ ਸਿਰ ਮੇਰਾ
ਉੱਗ ਆਂਉਦਾ ਹੈ ਮੁੜ ਇਹ ਰਾਤੋ ਰਾਤ।

ਆਖੋ ਜਮਨਾ ਨੂੰ ਐਵੇਂ ਨਾ ਵਹਿਮ ਕਰੇ
ਉਹਦੇ ਕੰਢੇ ਤੇ ਉੱਗਿਆ ਹੈ ਤਾਜ ਮਹਿਲ।
ਇੱਥੇ ਕੱਚਿਆਂ ਦੀ ਯਾਦ ਵੀ ਸਾਂਭੀਦੀ
ਰਤਾ ਪੁੱਛ  ਕੇ ਤਾਂ ਵੇਖੋ ਝਨਾਂ ਦੀ ਜ਼ਾਤ।

ਸਾਡੇ ਹੱਥਾਂ ਚ ਹੁਨਰ ਦੀ ਤਾਕਤ ਹੈ
ਉਹ ਪੁੱਛਦੇ ਨੇ ਸਾਡੀ ਜ਼ਮੀਰ ਦਾ ਮੁੱਲ।
ਅਸੀਂ ਵੇਚਣਾ ਨਹੀਂ ਸਾਡੇ  'ਮੱਥੇ ਦਾ ਸੂਰਜ '
ਭਾਵੇਂ ਗਿਣ ਗਿਣ ਕੇ ਤਾਰੇ ਲੰਘਾਈਏ ਰਾਤ।


ਤੁਸੀਂ ਕਹਿੰਦੇ ਹੋ ਲੋਕਾਂ ਦੀ ਅਣਖ ਮਾਰੀ
ਸਿਰ ਸੁੱਟ ਕੇ ਜੀਵੀ ਜਾਂਦੇ ਨੇ ਜੋ।
ਇਹ ਤਾਂ ਕਬਰਾਂ  ਚੋਂ  ਉੱਠ ਉੱਠ ਗੱਜਣਗੇ
ਰਤਾ ਇਹਨਾਂ ਨੂੰ ਚੇਤੇ ਕਰਾਵੋ ਜਮਾਤ।

ਮੱਥਾ ਬਰਫ, ਬਾਰੂਦ ਤੇ ਪੱਥਰਾਂ ਦੇ ਨਾਲ਼
ਹਾਲੇ ਕੱਲ੍ਹ ਹੀ ਲਾ ਕੇ ਮੁੜਿਆ ਹੈ ਉਹ।
ਉਹਦੀ ਲਾਸ਼ ਇਹ ਚੋਣਾਂ  ਚ ਵੇਚਣਗੇ
ਉਹਨੇ ਚੜ੍ਹਕੇ ਨਹੀਂ ਵੇਖੀ ਹਾਲੇ ਬਰਾਤ।

ਅਰਵਿੰਦਰ  ਸੰਧੂ 
ਸਿਰਸਾ (ਹਰਿਆਣਾ)

No comments:

Post a Comment

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...