ਸੰਸਾਰ ਪ੍ਰਸਿੱਧ ਚਿੱਤਰਕਾਰ ਵਿਨਸੈੱਟ ਵਾਨਗਾਗ ਨੇ ਅਨੇਕਾਂ ਚਿੱਤਰਾਂ ਦੀ ਰਚਨਾ ਕੀਤੀ । ਉਸ ਦਾ ਬਣਇਆਂ ਚਿੱਤਰ ਦੁੱਖ (Sorrow) ਆਪਣੇ-ਆਪ ਵਿੱਚ ਵਿਲੱਖਣ ਹੈ। ਪੂਰੀ ਉਮਰ ਵਿੱਚ ਬਦਕਿਸਮਤੀ ਨੇ ਵਾਨਗਾਗ ਦਾ ਖਹਿੜਾ ਨਹੀ ਛੱਡਿਆ । ਅੱਜ ਦੇ ਸਮੇਂ ਵਿੱਚ ਉਸਦੇ ਇਸ ਇਕੱਲੇ ਚਿੱਤਰ ਦੀ ਕੀਮਤ ਹੀ 9੦,੦੦੦ ਬ੍ਰਿਟਿਸ਼ ਪੌਂਡ ਹੈ । ਜਿਹੜੀ ਭਰਾਤੀ ਕਰੰਸੀ ਵਿੱਚ 81 ਲੱਖ ਰੁਪਏ ਦੇ ਕਰੀਬ ਬਣਦੀ ਹੈ । ਪਰੰਤੂ ਉਸਦੇ ਜੀਵਨ ਕਾਲ ਵਿੱਚ ਉਸਦਾ ਇਕ ਵੀ ਚਿੱਤਰ ਨਹੀ ਵਿਕ ਸਕਿਆ ਸੀ । ਵਿਨਸੈੱਟ ਹਾਲੈਂਡ ਦੇ ਪ੍ਰਸਿੱਧ ਵਾਨਗਾਗ ਖਾਨਦਾਨ ਨਾਲ ਸਬੰਧ ਰੱਖਦਾ ਸੀ । ਉਸਦੇ ਤਿੰਨ ਚਾਚੇ ਅਤੇ ਭਰਾ ਕਲਾ ਜਗਤ ਵਿੱਚ ਵੱਡੀ ਪਛਾਣ ਰੱਖਦੇ ਸੀ । ਜਦੋਂ ਕਿ ਇਕ ਚਾਚਾ ਉਸ ਸਮੇਂ ਜਰਨਲ ਸੀ । ਪ੍ਰੰਤੂ ਉਸਨੂੰ ਖਾਨਦਾਨ ਦਾ ਨਾਲਾਇਕ ਮੈਂਬਰ ਹੀ ਸਮਝਿਆਂ ਜਾਂਦਾ ਸੀ । ਕਈ ਕਿੱਤਿਆਂ ਵਿੱਚ ਅਸਫਲ ਹੋਣ ਤੋਂ ਬਾਅਦ ਜਦੋਂ ਬੋਰੀਨਾਜ ਦੀਆਂ ਕੋਲਾਂ ਖਾਨਾ ਵਿੱਚ ਉਸ ਨੂੰ ਚਰਚ ਦੇ ਅਧਿਕਾਰੀਆਂ ਨੇ ਦੁਤਕਾਰ ਦਿੱਤਾ ਤਾਂ ਉਹ ਬਹੁਤ ਨਿਰਾਸ਼ ਤੇ ਹਤਾਸ਼ ਹੋ ਗਿਆ । ਇੱਥੇ ਵਿਹਲੇ ਸਮੇਂ ਵਿੱਚ ਸਬੱਬ ਨਾਲ ਉਸਨੇ ਰੇਖਾ ਚਿੱਤਰ ਬਣਾਉਣੇ ਸ਼ੁਰੂ ਕੀਤੇ ਤਾਂ ਉਸਨੂੰ ਇਲਮ ਹੋਇਆ ਕਿ ਉਸਨੂੰ ਆਪਣੀ ਮੰਜਿਲ ਤੱਕ ਜਾਣ ਦਾ ਰਸਤਾ ਮਿਲ ਗਿਆ ਹੈ ।ਚਰਚ ਦੇ ਅਧਿਕਾਰੀ ਪੀਟਰਸਨ ਜੋ ਕਿ ਖੁਦ ਚਿੱਤਰਕਾਰੀ ਦਾ ਸ਼ੌਕੀਨ ਸੀ ਤੋਂ ਉਸਨੂੰ ਕਾਫੀ ਪ੍ਰੇਰਨਾ ਮਿਲੀ । ਮਾਇਕ ਤੰਗੀ ਦੇ ਬਾਵਜੂਦ ਉਹ ਚਿੱਤਰ ਬਣਾਂਉਦਾ ਰਿਹਾ । ਉਹ ਪੂਰੀ ਤਨਦੇਹੀ ਨਾਲ ਆਪਣੇ ਕੰੰਮ ਵਿੱਚ ਜੁੱਟ ਗਿਆ । ਉਹ ਬੋਰੀਨਾਜ ਤੋਂ ਈਟਨ ਆਪਣੇ ਘਰ ਵਾਪਸ ਆ ਕੇ ਵੀ ਚਿੱਤਰ ਬਣਾਉਦਾ ਰਿਹਾ। ਉਸਨੂੰ ਇਹ ਕਰਦਾ ਦੇਖ ਕੇ ਉਸਦੇ ਪਿਤਾ ਨੁੰ ਬਹੁਤ ਨਿਰਾਸ਼ਾ ਹੋਈ । ਪਰ ਉਸਦਾ ਛੋਟਾ ਭਰਾ ਥੀa ਉਸਨੂੰ ਲਗਾਤਾਰ ਪੈਸੇ ਭੇਜਦਾ ਰਿਹਾ ।
ਈਟਨ ਉਸ ਨਾਲ ਇਕ ਹੋਰ ਘਟਨਾ ਘਟ ਗਈ । ਉਸਦੀ ਮਾਸੀ ਦੀ ਵਿਧਵਾ ਧੀ ਕੇ ਵੀ ਈਟਨ ਆ ਗਈ । ਉਸਦੇ ਸੁਨੇਹ ਭਰੇ ਵਤੀਰੇ ਨੇ ਵਾਨਗਾਗ ਦੇ ਦਿਲ ਵਿੱਚ ਉਸ ਲਈ ਪਿਆਰ ਭਰ ਦਿੱਤਾ । ਉਹ ਉਸਨੂੰ ਆਪਣੇ ਨਾਲ ਚਿੱਤਰ ਬਣਾਂਉਣ ਲਈ ਲੈ ਜਾਂਦਾ । ਉਸਦੇ ਪੁੱਤਰ ਜਾਨ ਉਪੱਰ ਆਪਣਾ ਪਿਆਰ ਲੁਟਾਂਉਦਾ । ਪਰੰਤੂ ਵਾਨਗਾਗ ਦਾ ਪਿਆਰ ਇਕ ਤਰਫਾ ਹੀ ਸੀ । ਕੇ ਸਿਰਫ ਉਸਦੀ ਨਿਰਛਲ ਸ਼ਖਸ਼ੀਅਤ ਨੂੰ ਭੈਣਾਂ ਵਾਲੇ ਵਤੀਰੇ ਨਾਲ ਹੀ ਪਿਆਰਦੀ ਸੀ । ਜਦੋਂ ਵਿਨਸੈਟ ਨੇ ਉਸਦੇ ਸਾਹਮਣੇ ਆਪਣੇ ਪਿਆਰ ਦਾ ਇਜਹਾਰ ਕੀਤਾ ਤਾਂ ਉਹ ਭੋਚੱਕੀ ਰਹਿ ਗਈ । ਉਸ ਨੇ ਵਿਨਸੈੱਟ ਦੇ ਪਿਆਰ ਨੂੰ ਨਾ ਸਿਰਫ ਠੁਕਰਾ ਦਿੱਤਾ ਸਗੋਂ ਈਟਨ ਛੱਡ ਕੇ ਵਾਪਿਸ ਆਪਣੇ ਪਿਤਾ ਕੋਲ ਐਮਸਟਰਡਮ ਚਲੀ ਗਈ । ਜਦੋਂ ਵਾਨਗਾਗ ਉਸਨੂੰ ਮਿਲਣ ਗਿਆ ਤਾਂ ਉਸਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਉਸਦੇ ਪਿਤਾ ਰੈਵਰੈਡ ਸਟਿਰਕਰ ਨੇ ਉਸਨੂੰ ਬੇਇੱਜਤ ਕਰਕੇ ਘਰੋਂ ਕੱਢ ਦਿੱਤਾ ।
ਇਸ ਘਟਨਾ ਨੇ ਵਾਨਗਾਗ ਤੇ ਬੜਾ ਡੂੰਘਾ ਅਸਰ ਛੱਡਿਆ । ਉਸਦੀ ਮਾਂ ਅਤੇ ਪਿਤਾ ਨੇ ਵੀ ਬਹੁਤ ਭਾਰੀ ਰੋਸ਼ ਜਤਾਂਉਦੇ ਹੋਏ ਵਾਨਗਾਗ ਨੁੰ ਦੋਸ਼ੀ ਠਹਿਰਾਇਆ ।ਪਰੰਤੂ ਉਸ ਲਈ ਚੰਗੀ ਗੱਲ ਇਹ ਹੋ ਗਈ ਸੀ ਕਿ ਥੌੜੇ ਦਿਨ ਪਹਿਲਾਂ ਉਸਦੀ ਇਕ ਹੋਰ ਮਸ਼ੇਰੀ ਭੈਣ ਜੈਟ ਦੇ ਪਤੀ ਐਨਟੋਨ ਮਾਵ ਨੇ ਉਸਨੂੰ ਸਿਖਲਾਈ ਦੇਣ ਦੀ ਹਾਮੀ ਭਰ ਦਿੱਤੀ ਸੀ , ਜਿਹੜਾ ਉਸ ਸਮੇਂ ਦਾ ਪ੍ਰੁਸਿੱਧ ਚਿੱਤਰਕਾਰ ਸੀ । ਥਿਓ ਵੱਲੋਂ ਭੇਜੇ ਪੈਸਿਆਂ ਨਾਲ ਉਹ ਤੁਰੰਤ ਹੇਗ ਲਈ ਰਵਾਨਾ ਹੋ ਗਿਆ ।
ਹੇਗ ਪਹੁੰਚ ਕਿ ਵਾਨਗਾਗ ਆਪਣੀ ਮਸੇਰੀ ਭੈਣ ਜੈਟ ਦੇ ਘਰ ਗਿਆ । ਉੱਥੇ ਉਸਦਾ ਸਵਾਗਤ ਹੋਇਆ ।ਉਸਦਾ ਪਤੀ ਐਨਟੋਨ ਮਾਵ ਮੂਡੀ ਕਿਸਮ ਦਾ ਚਿੱਤਰਕਾਰ ਸੀ । ਉਸਨੇ ਵਾਨਗਾਗ ਦੀ ਮਾਇਕ ਮਦਦ ਕੀਤੀ ਅਤੇ ਨਾਲ ਨਾਲ ਇਕ ਕਿਰਾਏ ਦੇ ਘਰ ਵਿੱਚ ਸਟੂਡੀਓ ਵੀ ਬਣਵਾਇਆ । ਵਾਨਗਾਗ ਉਸ ਕੋਲੋਂ ਚਿੱਤਰਕਾਰੀ ਦੀਆਂ ਬਾਰੀਕੀਆਂ ਵੀ ਸਮਝਣ ਜਾਂਦਾ ਰਿਹਾ । ਥੀਓ ਨੇ ਗੁਪਿਲ ਆਰਟ ਗੈਲਰੀ ਦੇ ਮੈਨੇਜਰ ਤੇਰੇਸਟਿੰਗ ਨੂੰ ਵੀ ਵਾਨਗਾਗ ਦੀ ਮਦਦ ਲਈ ਆਖਿਆ । ਵਾਨਗਾਗ ਕੰਮ ਵਿੱਚ ਜੁੱਟ ਗਿਆ । ਮਾਵ ਮੂਡ ਅਨੁਸਾਰ ਕਦੇ ਕਦੇ ਮਦਦ ਅਤੇ ਕਦੇ ਕਦੇ ਉਸਨੂੰ ਅਣਦੇਖਿਆ ਕਰ ਦਿੰਦਾ ਸੀ । ਤੇਰੇਸਟਿੰਗ ਵੀ ਉਸਦੇ ਸਟੂਡੀਓ ਵਿੱਚ ਚੱਕਰ ਮਾਰਦਾ । ਪਰ ਅਕਸਰ ਉਸਦਾ ਰਵੱਈਆਂ ਤਨਜ਼ੀਆਂ ਹੀ ਰਹਿੰਦਾ । ਹੇਗ ਵਿੱਚ ਵਿਨਸੈਟ ਨੇ ਡੀ ਵਾਕ ਵਰਗੇ ਚਿੱਤਰਕਾਰਾਂ ਨਾਲ ਵੀ ਦੋਸਤੀ ਕਰ ਲਈ ਸੀ । ਉਸਦੇ ਸਟੂਡੀਓ ਵਿੱਚ ਵੀ ਵਾਨਗਾਗ ਅਕਸਰ ਜਾਂਦਾ ਰਹਿੰਦਾ ਸੀ । ਇਸ ਸਮੇ ਦੋਰਾਨ ਹੇਗ ਦੀਆਂ ਗਲੀਆਂ ਵਿੱਚ ਕਲਸਾਨੀਆਂ ਮਾਰੀਆ ਹੁਰਨਿਕ ਨਾਲ ਹੋਈ ਜਿਸਨੂੰ ਸੀਅਨ ਦੇ ਛੋਟੇ ਨਾਮ ਨਾਲ ਬੁਲਾਇਆ ਜਾਂਦਾ ਸੀ । ਭਾਵੇਂ ਪ੍ਰਸਿੱਧ ਲੇਖਕ ਇਰਵਿਨ ਸਟੋਨ ਵਾਨਗਾਗ ਦੀ ਜੀਵਨੀ ਵਾਲੀ ਆਪਣੀ ਕ੍ਰਿਤ 'ਲਸਟ ਫਾਰ ਲਾਈਫ' ਵਿੱਚ ਦੋਵਾਂ ਦੀ ਮੁਲਾਕਾਤ ਇਕ ਰੇਸਤਰਾਂ ਵਿੱਚ ਦਿਖਾਂਉਦਾ ਹੈ । ਪ੍ਰੰਤੂ ਥੀਊ ਨੁੰ ਲਿਖੇ ਆਪਣੇ ਪੱਤਰਾਂ ਵਿੱਚ ਵਾਨਗਾਗ ਵੱਲੋਂ ਪਹਿਲੀ ਮੁਲਾਕਾਤ ਦਾ ਕੋਈ ਜਿਕਰ ਨਹੀ ਹੈ । ਸੀਅਨ ਪੇਸ਼ੇ ਵਜੋਂ ਲਾਂਡਰੀ ਵਿੱਚ ਕੰਮ ਕਰਦੀ ਸੀ ਪ੍ਰੰਤੂ ਉਸਦਾ ਅਸਲ ਪੇਸ਼ਾ ਆਪਣਾ ਜਿਸਮ ਵੇਚਣਾ ਸੀ । 1850 ਈ: ਵਿੱਚ ਪੀਟਰ ਹੁਰਨਿਕ ਦੇ ਘਰ ਜਨਮੀ ਸੀਅਨ ਉਸਦੇ 10 ਬੱਚਿਆਂ ਵਿੱਚੋਂ ਸਭ ਤੋਂ ਵੱਡੀ ਸੀ । ਸ਼ਰਾਬ ਤੇ ਸਿਗਰਟ ਦੀ ਰਸੀਆਂ ਸੀਅਨ ਦਾ ਪੂਰਾ ਪਰਿਵਾਰ ਹੀ ਵੇਸ਼ਵਾ ਬਿਰਤੀ ਨਾਲ ਜੁੜਿਆ ਹੋਇਆ ਸੀ । ਉਸਦੀ ਮਾਂ ਅਤੇ ਭਰਾ ਉਸ ਲਈ ਗਾਹਕ ਲੱਭ ਕੇ ਲਿਆਂਉਦੇ ਸਨ । 1882 ਵਿੱਚ ਜਦੋਂ ਵਾਨਗਾਗ ਨੂੰ ਮਿਲੀ ਤਾਂ ਉਹ ਗਰਭਵਤੀ ਸੀ ।ਪਰੰਤੂ ਉਸਨੂੰ ਬੱਚੇ ਦੇ ਬਾਪ ਦਾ ਪਤਾ ਨਹੀ ਸੀ । ਵਾਨਗਾਗ ਉਸ ਵੱਲ ਖਿੱਚਿਆ ਗਿਆ । ਸੀਅਨ ਨੂੰ ਵੀ ਡਾਕਟਰਾਂ ਨੇ ਸਖਤੀ ਨਾਲ ਜਾਨ ਦਾ ਜੋਖਿਮ ਦੱਸਦੇ ਹੋਏ ਧੰਦਾ ਕਰਨ ਤੋਂ ਮਨਾ ਕੀਤਾ ਹੋਇਆ ਸੀ । ਇਸ ਲਈ ਉਹ ਵੀ ਵਾਨਗਾਗ ਵੱਲ ਆਕਰਸ਼ਿਤ ਹੋ ਗਈ । ਉਹ ਵਾਨਗਾਗ ਦੀ ਮਾਡਲ ਬਣਨ ਲਈ ਉਸਦੇ ਸਟੂਡੀa ਵਿੱਚ ਆਂਉਣ ਲੱਗੀ । ਇਹ ਸਿਲਸਿਲਾ ਪਹਿਲਾਂ ਰਾਤਾਂ ਰੁਕਣ ਤੋਂ ਸ਼ੁਰੂ ਹੋ ਕੇ ਪੱਕੇ ਇਕੱਠੇ ਰਹਿਣ ਤੱਕ ਚਲਾ ਗਿਆ । ਸੀਅਨ ਨੇ ਇਸ ਸਮੇਂ ਦੋਰਾਨ ਆਪਣੇ ਆਪ ਵਿੱਚ ਵਰਣਨ ਯੋਗ ਸੁਧਾਰ ਲਿਆਂਦਾ । ਉਸ ਨੇ ਸ਼ਰਾਬ ਅਤੇ ਵੇਸਵਾ ਵਿਰਤੀ ਤੌਂ ਤੋਬਾ ਕਰ ਲਈ । ਇਕ ਵਾਰ ਤਾਂ ਉਸਨੂੰ ਸੱਚਮੁੱਚ ਵਾਨਗਾਗ ਨਾਲ ਲਗਾਵ ਹੋ ਗਿਆ ਸੀ । ਪਿਆਰ ਤੋਂ ਦੁਤਕਾਰੇ ਵਾਨਗਾਗ ਲਈ ਇਹ ਖੁਸ਼ੀ ਭਰਿਆ ਅਦੁੱਤੀ ਤਜਰਬਾ ਸੀ । ਵਾਨਗਾਗ ਨੇ ਉਸ ਨਾਲ ਵਿਆਹ ਕਰਵਾਉਣ ਦਾ ਮਨ ਬਣਾ ਲਿਆ ।
ਇਕ ਵੇਸਵਾ ਨਾਲ ਰਹਿਣ ਤੇ ਵਾਨਗਾਗ ਦੇ ਸਮਾਜਿਕ ਰੁੱਤਬੇ ਨੂੰ ਜਬਰਦਸਤ ਝਟਕਾ ਲੱਗਿਆ । ਉਸਦੀ ਮਸੇਰੀ ਭੈਣ ਜੈਟ , ਉਸਦੇ ਪਤੀ ਮਾਵ ਅਤੇ ਮੈਨੇਜਰ ਤੇਰੇਸਟਿੰਗ ਨੇ ਇਸਦਾ ਬਹੁਤ ਬੁਰਾ ਮਨਾਇਆ । ਵਾਨਗਾਗ ਦੇ ਵਿਆਹ ਸਬੰਧੀ ਫੈਸਲੇ ਦਾ ਉਸਦੇ ਮਾਤਾ ਪਿਤਾ ਅਤੇ ਭੈਣਾ ਨੇ ਪੁਰਜੋਰ ਵਿਰੋਧ ਕੀਤਾ । ਪਰੰਤੂ ਥੀਓ ਉਸਨੂੰ ਉਸੇ ਤਰਾਂ ਧਨ ਭੇਜਦਾ ਰਿਹਾ । ਇਸ ਸਮੇਂ ਦੋਰਾਨ ਥੀਓ ਉਸਨੂੰ ਮਿਲਣ ਹੇਗ ਵੀ ਆਇਆ ਤੇ ਉਸਨੇ ਸਿਆਣਪ ਨਾਲ ਵਾਨਗਾਗ ਨੂੰ ਆਰਥਿਕ ਤੋਰ ਤੇ ਪੈਰਾ ਸਿਰ ਹੋਣ ਤੱਕ ਵਿਆਹ ਨਾਂ ਕਰਾਉਣ ਲਈ ਮਨਾ ਲਿਆ । ਇਸ ਸਮੇਂ ਦੋਰਾਨ ਵਾਨਗਾਗ ਨੇ ਸੀਅਨ ਦੇ ਕਈ ਚਿੱਤਰ ਬਣਾਏ । ਉਸ ਸਮੇਂ ਨਿਊਡ (ਨੰਗੇ) ਮਾਡਲ ਲੈ ਕੇ ਚਿੱਤਰ ਬਣਾਉਣ ਦੀ ਪਰੰਪਰਾ ਪੂਰੇ ਜ਼ੋਬਨ ਤੇ ਸੀ । ਵਾਨਗਾਗ ਦੇ ਦਿਮਾਗ ਵਿੱਚ ਵੀ ਇਹ ਵਿਚਾਰ ਘੁੰਮ ਰਿਹਾ ਸੀ । ਉਸਨੇ ਸੀਅਨ ਨੂੰ ਲੈ ਕੇ ਇਸੇ ਤਰਾਂ ਦਾ ਇਕ ਚਿੱਤਰ ਬਣਾਉਣ ਦਾ ਵਿਚਾਰ ਬਣਾਇਆ ।
1882 ਦੀ ਬਸੰਤ ਸਮੇਂ ਜਦੋਂ ਉਸਨੂੰ ਚਿੱਤਰ ਬਣਾਂਉਦੇ ਦੋ ਵਰ੍ਹੇ ਹੋ ਚੁੱਕੇ ਸਨ ਤਾਂ ਬਤੌਰ ਮਾਡਲ ਗਰਭਵਤੀ ਸੀਅਨ ਦਾ ਨਿਊਡ ਚਿੱਤਰ ਬਣਾਂਉਣ ਦਾ ਫੈਸਲਾ ਕੀਤਾ । ਇਸ ਲਈ ਉਸਨੇ ਸਫੇਦ ਕਾਗਜ ਉੱਪਰ ਪੈਨਸਲ, ਪੈਨ ਅਤੇ ਸਿਆਹੀ ਨਾਲ ਕਲਾਕ੍ਰਿਤ ਚਿੱਤਰਨ ਦੀ ਤਿਆਰੀ ਕੀਤੀ । ਉਸਨੇ ਉਸਦਾ ਕਈ ਵਾਰ ਚਿੱਤਰ ਬਣਾਇਆ । ਕਈ ਸਕੈੱਚਾਂ ਤੋਂ ਬਾਅਦ ਉਹ ਉਸਦੇ ਸਰੀਰ ਦੀ ਹਰ ਇੱਕ ਰੇਖਾ ਤੋਂ ਜਾਣੂ ਹੋ ਗਿਆ ਸੀ । ਮਿਸ਼ੇਲ ਦਾ ਕਿਹਾ ਇਕ ਵਾਕ ਹਮੇਸ਼ਾ ਉਸਦੇ ਦਿਮਾਗ ਗੂੰਜਦਾ ਰਹਿੰਦਾ ਸੀ, "ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕੋਈ ਔਰਤ ਇਸ ਧਰਤੀ ਤੇ ਇਕੱਲੀ ਰਹਿੰਦੀ ਹੋਵੇ?" ਇਸ ਚਿਤਰ ਲਈ ਉਸਨੇ ਆਪਣੇ ਸਟੂਡੀਓ ਵਿੱਚ ਇਕ ਲੱਕੜੀ ਦੇ ਬਲਾਕ ਉੱਪਰ ਸੀਅਨ ਨੂੰ ਨਿਰਵਸਤਰ ਬਿਠਾਇਆ । ਉਸਨੇ ਲੱਕੜੀ ਦੇ ਬਲਾਕ ਨੂੰ ਦਰੱਖਤ ਦੇ ਕੱਟੇ ਹੋਏ ਮੁੱਢ ਦੇ ਰੂਪ ਵਿੱਚ ਚਿਤਰਿਆ । ਆਸੇ ਪਾਸੇ ਦੇ ਦ੍ਰਿਸ਼ ਵਿੱਚ ਕੁਝ ਦਰੱਖਤ ਤੇ ਪੋਦੇ ਬਣਾਏ । ਜਿਸ ਨਾਲ ਦ੍ਰਿਸ਼ ਕੁਦਰਤੀ ਬਣ ਗਿਆ । ਇਸ ਤੋਂ ਬਾਅਦ ਉਸਨੇ ਸੀਅਨ ਦਾ ਸਕੈੱਚ ਬਣਾਇਆ । ਗੋਡਿਆ ਉੱਪਰ ਰੱਖੇ ਸੁੱਕੇ ਹੱਥ, ਮਨੁੱਖੀ ਕੰਕਾਲ ਵਰਗੀਆਂ ਬਾਹਾਂ ਵਿੱਚ ਲੁਕਿਆ ਹੋਇਆ ਚਿਹਰਾ, ਪਿੱਠ ਤੇ ਵਿਰਲੇ ਖਿਲੱਰੇ ਹੋਏ ਵਾਲ, ਪਸਲੀਆਂ ਨੂੰ ਛੂੰਹਦੀਆਂ ਨਿਰਜੀਵ ਛਾਤੀਆਂ , ਜਮੀਨ ਤੇ ਬੇਢੰਗੇ ਤਰੀਕੇ ਨਾਲ ਰੱਖੇ ਪੈਰ।ਉਸਨੇ ਬਾਰੀਕੀ ਨਾਲ ਸੀਅਨ ਦੇ ਦੁੱਖ ਭਰੇ ਸ਼ਰੀਰ ਨੂੰ ਰੂਹ ਨਾਲ ਚਿਤਰਿਆ। ਉਸਨੇ ਇਸ ਚਿੱਤਰ ਨੂੰ ਨਾਮ ਦਿੱਤਾ 'ਦੁੱਖ' (ਸੋਰਰਾ). ਇਹ ਇਕ ਅਜਿਹੀ ਇਸਤਰੀ ਦਾ ਚਿੱਤਰ ਸੀ ਜਿਸਦਾ ਅੰਦਰਲਾ ਜੀਵਨ ਹਾਲਾਤਾਂ ਅਤੇ ਦੁੱਖਾ ਨੇ ਨਚੋੜ ਕੇ ਉਸਨੂੰ ਜਿਉਂਦੇ ਨਿਰਜੀਵ ਬਣਾ ਦਿੱਤਾ ਹੋਵੇ ।ਗਰੀਬੀ ਅਤੇ ਕਸ਼ਟਾਂ ਤੋਂ ਕਦੇ ਵੀ ਮੁਕੰਮਲ ਨਿਜ਼ਾਤ ਨਹੀਂ ਪ੍ਰਾਪਤ ਹੁੰਦੀ। ਗੁਰਬਤ, ਦੁੱਖ ਅਤੇ ਕਠਿਨਤਾ ਵਿੱਚ ਪਿਸ ਰਹੀ ਮਨੁੱਖਤਾ ਦੇ ਦਰਦ ਦੀ ਇਹ ਚਿਤਰ ਪ੍ਰਤੀਨਿਧਤਾ ਕਰਦਾ ਹੈ। ਵਾਨ ਗਾਗ ਨੇ ਆਪਣੇ ਦਿਲ ਦੇ ਨਜ਼ਰੀਏ ਨਾਲ ਮਨੁੱਖੀ ਦੁਖਾਂਤ ਨੂੰ ਪੇਸ਼ ਕੀਤਾ।ਇਹ ਚਿਤਰ 135 ਸਾਲ ਬਾਅਦ ਵੀ ਅਜੋਕੇ ਹਾਲਾਤਾਂ ਵਿੱਚ ਪੂਰਾ ਢੁਕਵਾਂ ਹੈ।ਉਸਦੇ ਹੇਠਾਂ ਉਸਨੇ ਮਿਸ਼ੇਲ ਦੇ ਸ਼ਬਦਾ ਨੂੰ ਲਿਖਿਆ । ਚਿੱਤਰ ਬਣਾਉਣ ਵਿੱਚ ਉਸਨੂੰ ਪੂਰਾ ਇਕ ਹਫਤਾ ਲੱਗ ਗਿਆ । ਉਸ ਕੋਲ ਸੀਅਨ ਨੂੰ ਦੇਣ ਲਈ ਪੈਸੇ ਵੀ ਨਹੀ ਸਨ । ਸੀਅਨ ਬਿਨਾਂ ਪੈਸਿਆਂ ਤੋਂ ਵੀ ਆਂਉਦੀ ਹੀ ਰਹੀ । ਉਸਨੇ ਆਪਣੇ ਭਰਾ ਨੂੰ ਲਿਖਿਆ ਕਿ ਉਸਨੇ ਦੋ ਵੱਡੀਆਂ ਡਰਾਂਇੰਗਾ ਬਣਾਈਆਂ ਹਨ । ਇਸ ਦੀਆਂ ਉਸਨੇ ਹੋਰ ਵੀ ਦੋ ਕਾਪੀਆਂ ਬਣਵਾਈਆਂ । ਉਸਦੇ ਚਿੱਤਰ ਬਾਰੇ ਲਿਖਿਆ ਕਿ ਮੇਰਾ ਇਸਨੂੰ ਡਰਾਇੰਗ ਵੀ ਬਣਾਉਣਾ ਇਹ ਦੱਸਦਾ ਹੈ ਕਿ ਦੁੱਖ ਤਾਂ ਬਹੁਤ ਛੋਟੀ ਸ਼ੁਰੂਆਤ ਹੈ , ਇਹ ਮੇਰੇ ਦਿਲ ਤੋਂ ਸਿੱਧੀ ਸਕੈੱਚ ਦੇ ਰੂਪ ਵਿੱਚ ਆਈ ਹੈ ।
ਅਕਤੂਬਰ 1882 ਵਿੱਚ ਸੀਅਨ ਨੇ ਇਕ ਪੁੱਤਰ ਨੂੰ ਜਨਮ ਦਿੱਤਾ । ਵਾਨਗਾਗ ਨੇ ਉਸਦੀ ਬਹੁਤ ਸੇਵਾ ਕੀਤੀ । ਪ੍ਰੰਤੂ 1883 ਤੱਕ ਉਹ ਫੇਰ ਆਪਣੇ ਪੁਰਾਣੇ ਚਾਲਿਆਂ ਤੇ ਆ ਗਈ । ਉਸਨੇ ਸ਼ਰਾਬ ਪੀਣੀ ਅਤੇ ਵੇਸਵਾ ਬਿਰਤੀ ਵੱਲ ਫੇਰ ਮੋੜਾ ਪਾ ਲਿਆ । ਵਾਨਗਾਗ ਵੱਲੋਂ ਉਸਦੇ ਵਿਸ਼ਵਾਸ ਤੋੜਨ ਤੇ ਉਸਦਾ ਮੋਹ ਭੰਗ ਹੋ ਗਿਆ । ਉਸਨੇ ਆਪਣੇ ਮਾਂ ਬਾਪ ਕੋਲ ਨੂਨੀਆਂ ਜਾਣ ਦਾ ਫੈਸਲਾ ਕਰ ਲਿਆ । ਇਹ ਸਮਾਂ ਉਸਨੇ ਆਪਣੇ ਜੀਵਨ ਦੇ ਸਭ ਤੋਂ ਸੁਖਦ ਸਮੇਂ ਦੇ ਰੂਪ ਵਿੱਚ ਬਿਤਾਇਆ । ਵਾਨਗਾਗ ਦੇ ਜਾਣ ਤੋਂ ਬਾਅਦ ਸੀਅਨ ਬੱਚਿਆਂ ਤੇ ਜਿੰਦਗੀ ਤੋਂ ਬੇਪਰਵਾਹ ਹੋ ਗਈ । 1904 ਵਿੱਚ 54 ਸਾਲ ਦੀ ਉਮਰ ਵਿੱਚ ਜਿਵੇਂ ਉਹ ਅਕਸਰ ਭਵਿੱਖਬਾਣੀ ਕਰਦੀ ਸੀ ਸੈਂਡਲੇ ਦਰਿਆ ਵਿੱਚ ਆਪਣੇ ਆਪ ਨੂੰ ਡਬੋ ਲਿਆ । ਪਰੰਤੂ ਉਸਦੇ ਅਤੇ ਵਾਨਗਾਗ ਦੇ ਮੇਲ ਨੇ ਕਲਾ ਜਗਤ ਨੂੰ ਦੁੱਖ (ਸੌਰੋ) ਵਰਗੀ ਮਹਾਨ ਕਲਾ ਕਿਰਤ ਦੇ ਦਿੱਤੀ ਸੀ ।
ਭੁਪਿੰਦਰ ਸਿੰਘ ਮਾਨ
ਮੋ. 94170-81419
No comments:
Post a Comment