ਸ਼ਾਇਦ
ਮਨੁੱਖ ਅੰਦਰ ਜਦੋਂ ਤੋਂ ਚੇਤਨਾ ਦਾ ਵਿਕਾਸ ਹੋਇਆ ਹੈ, ਉਸ ਸਮੇਂ ਤੋਂ ਹੀ ਇਹ ਇਸ ਸਵਾਲ ਦਾ ਉੱਤਰ ਲੱਭਣ
ਦੀ ਕੋਸ਼ਿਸ਼ ਵਿਚ ਹੈ ਕਿ ਉਹ ਕੌਣ ਹੈ? ਕਿੱਥੋਂ ਆਇਆ ਹੈ? ਉਸ ਦੇ ਆਉਣ ਦਾ ਮਕਸਦ ਕੀ ਹੈ? ਇਸ ਦਿਖਾਈ ਦੇ
ਰਹੇ ਪਾਸਾਰੇ ਨਾਲ ਉਸ ਦਾ ਕੀ ਸਬੰਧ ਹੈ? ਤੇ ਸਭ ਤੋਂ ਵੱਡੀ ਗੱਲ ਇਸ ਪਾਸਾਰੇ ਨੂੰ ਸਮਝਿਆ ਕਿਸ ਪ੍ਰਕਾਰ
ਜਾ ਸਕਦਾ ਹੈ? ਕਿਉਂਕਿ ਜਿਵੇਂਕਿ ਅਸੀਂ ਜਾਣਦੇ ਹਾਂ, ਇਸ ਪਾਸਾਰੇ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਸਾਇੰਸ
ਦੀ ਦਿਨੋਂ-ਦਿਨ ਵੱਧ ਰਹੀ ਤਰੱਕੀ ਦਾ ਬਾਵਜੂਦ ਵੀ ਅਸੀਂ ਅਜੇ ਤੱਕ ਇਹ ਨਿਰਧਾਰਿਤ ਨਹੀਂ ਕਰ ਪਾਏ ਹਾਂ
ਕਿ ਇਸ ਬ੍ਰਹਿਮੰਡ ਅੰਦਰ ਅਸੀਂ ਕਿੱਥੇ ’ਕੁ ਖਲੋਤੇ ਹਾਂ. ਜਾਂ ਕੀ ਇਸ ਖਲੋਤ ਅੰਦਰ ਅਸੀਂ ਇਕੱਲੇ ਹੀ
ਹਾਂ?
ਜੇਕਰ ਹਾਂ, ਤਾਂ ਇਸ ਪਾਸਾਰੇ ਦਾ ਸਾਡੀ ਹੋਂਦ ਤੋਂ ਬਗ਼ੈਰ ਮਤਲਬ ਕੀ ਹੈ? ਤੇ ਜੇਕਰ ਨਹੀਂ,
ਤਾਂ ਹੋਰ ਕੌਣ ਹੈ, ਜੋ ਸਾਡੇ ਸਮਾਨ ਹੀ ਇਸ ਬ੍ਰਹਿੰਮਡ ਅੰਦਰ ਵੱਸ ਰਿਹਾ ਹੈ?
ਹਾਂਲਾਕਿ ਓਪਰੀ ਨਜ਼ਰੇ ਇਹ ਧਾਰਮਿਕ ਜਾਂ ਦਾਰਸ਼ਨਿਕ ਕਿਸਮ
ਦੇ ਸਵਾਲ ਹਨ, ਪਰ ਆਧੁਨਿਕ ਸਾਇੰਸ ਲਗਾਤਾਰ ਇਨ੍ਹਾਂ ਦਾ ਉੱਤਰ ਲੱਭਣ ਲਈ ਯਤਨਸ਼ੀਲ ਹੈ। ਅਲਬਰਟ ਆਈਨਸਟਾਈਨ
ਦੁਆਰਾ ਪ੍ਰਤਿਪਾਦਿਤ ਸਾਪੇਖਤਾ ਦਾ ਸਿਧਾਂਤ ਅਤੇ ਕੁਆਂਟਮ ਥਿਊਰੀ ਇਨ੍ਹਾਂ ਸਵਾਲਾਂ ਨੂੰ ਹੱਲ ਕਰਨ ਲਈ
ਇਕ ਠੋਸ ਔਜ਼ਾਰ ਵਜੋਂ ਅਜੇ ਤੱਕ ਸਾਡੇ ਸਾਹਮਣੇ ਸਨ, ਪਰ ਸਾਇੰਸਦਾਨਾਂ ਨੂੰ ਇਨ੍ਹਾਂ ਦੋਵਾਂ ਆਧੁਨਿਕ ਥਿਊਰੀਆਂ
ਦੇ ਰਾਹੀਂ ਉਹ ਉੱਤਰ ਨਾ ਪ੍ਰਾਪਤ ਹੋ ਸਕੇ, ਜਿਨ੍ਹਾਂ ਦੀ ਉਹ ਤਾਲਾਸ਼ ਕਰ ਰਹੇ ਸਨ, ਭਾਵੇਂਕਿ ਇਨ੍ਹਾਂ ਥਿਊਰੀਆਂ ਨੇ ਉਨ੍ਹਾਂ ਦੇ ਕਈ ਸਾਰੇ ਸਵਾਲਾਂ ਨੂੰ ਹੱਲ ਕਰਨ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ, ਪਰ
ਫਿਰ ਵੀ ਵਿਗਿਆਨੀਆਂ ਦੀ ਇਕ ਦਿਲੀ ਤਾਂਘ ਸੀ ਕਿ ਇਕ ਅਜਿਹੀ ਥਿਊਰੀ ਦਾ ਹੋਣਾ ਬੇਹੱਦ ਲਾਜ਼ਮੀ ਹੈ, ਜਿਸ
ਇਕੱਲੀ ਥਿਊਰੀ ਦੇ ਰਾਹੀਂ ਹੀ ਇਸ ਸੰਸਾਰ ਜਾਂ ਬ੍ਰਹਿਮੰਡ ਦੀ ਵਿਆਖਿਆ ਹੋ ਸਕੇ. ਇਸ ਤਾਂਘ ਵਿਚੋਂ ਹੀ
‘ਸਟਰਿੰਗ ਥਿਊਰੀ’ ਦਾ ਜਨਮ ਹੁੰਦਾ ਹੈ. ਇਸ ਨੂੰ ਅਸੀਂ ਇਸ ਪ੍ਰਕਾਰ ਵੀ ਆਖ ਸਕਦੇ ਹਾਂ ਕਿ ਬ੍ਰਹਿਮੰਡ
ਦੀ ਹਰ ਇਕ ਘਟਨਾ ਨੂੰ ਇਕ ਹੀ ਥਿਊਰੀ ਰਾਹੀਂ ਸਮਝਣ ਦੀ ਕੋਸ਼ਿਸ਼ ਦਾ ਨਾਮ ਸਟਰਿੰਗ ਥਿਊਰੀ ਹੈ. ਹਾਲਾਂਕਿ
ਹਟੀਫਨ ਹਾਕਿੰਗ ਅਨੁਸਾਰ ਇਸ ਪ੍ਰਕਾਰ ਦੀ ਕਿਸੇ ਇਕ ਥਿਊਰੀ ਦੀ ਧਾਰਨਾ ਦੀ ਲੱਭਤ ਧੁੰਧਲੀ ਜਿਹੀ ਕਿਸਮ
ਦੀ ਹੈ, ਪਰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ. ਸ਼ਾਇਦ ਇਸ ਲਈ ਹੀ ਇਹ ਥਿਊਰੀ ਅਜੇ ਤੱਕ ਪੂਰੀ ਤਰ੍ਹਾਂ
ਮਾਨਤਾ ਪ੍ਰਾਪਤ ਨਹੀਂ ਕਰ ਪਾਈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਬਿਲਕੁਲ ਆਧਾਰਹੀਣ ਜਾਂ ਮਹੱਤਵਹੀਣ
ਹੋਣ ਦੇ ਨਾਲ-ਨਾਲ ਨਿਰ-ਹੋਂਦ ਵੀ ਹੈ.
ਇਸ ਦੇ ਭਵਿੱਖ ਵਿਚ ਕੀ ਨਤੀਜੇ ਜਾਂ ਮਾਨਤਾਵਾਂ ਆਉਂਦੀਆਂ
ਹਨ, ਉਹ ਤਾਂ ਭਵਿੱਖ ਹੀ ਦੱਸੇਗਾ, ਪਰ ਜੋ ਕੁਝ ਸਟਰਿੰਗ ਥਿਊਰੀ ਦੱਸਦੀ ਹੈ, ਅਸੀਂ ਉਸ ਦਾ ਇਕ ਨਮੂਨਾ
ਇੱਥੇ ਜਰੂਰ ਵੇਖਾਂਗੇ..
ਪਰਮ ਮੁੰਡੇ ਆਪਣੀ ਕਿਤਾਬ ‘ਕੁਆਂਟਮ ਵਾਸਤਵਿਕਤਾ’ ਅੰਦਰ
ਲਿਖਦੇ ਹਨ ਕਿ, “ਸਟਰਿੰਗ ਥਿਊਰੀ ਕੁਆਂਟਮ ਫੀਲਡ ਥਿਊਰੀ ਅਤੇ ਜਨਰਲ ਰਿਲੇਟੀਵਿਟੀ ਦਾ ਹੋਰ ਅੱਗੇ ਅਡਵਾਂਸ ਵਿਸ਼ਲੇਸ਼ਣ ਹੈ ਜੋ ਗਰੈਵੀਟੇਨਲ ਫੀਲਡ
ਵਾਸਤੇ ਜਿੰਮੇਵਾਰ ਕਣ ਗ੍ਰੈਵੀਟੋਣ ਨੂੰ ਸਮਝਾ ਸਕਣ ਦੇ ਸਮਰੱਥ ਹੈ.” ਮੁੱਖ ਤੌਰ ’ਤੇ ਇਹ ਥਿਊਰੀ ਕੁਆਂਟਮ
ਗ੍ਰੈਵਿਟੀ ਦੀ ਗੱਲ ਕਰਦੀ ਹੈ. ਜਿਸ ਦੇ ਕਾਰਨ ਹੀ ਇਸ ਕੋਲ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਵੀ ਹਨ, ਜਿਹੜੇ
ਸਾਡੀ ਹੁਣ ਤੱਕ ਦੀ ਕਲਾਸਿਕ ਫਿਜ਼ਿਕਸ ਲਈ ਇਕ ਅਬੁੱਝ ਪਹੇਲੀ ਵਾਂਗ ਸਾਹਮਣੇ ਖੜ੍ਹੇ ਸਨ. ਜਿਵੇਂ ਕਿ ਸਾਇੰਸ
ਦਾ ਹਰ ਇਕ ਵਿਦਿਆਰਥੀ ਜਾਣਦਾ ਹੈ ਕਿ ਪਦਾਰਥ ਦਾ ਸਭ ਤੋਂ ਛੋਟਾ ਰੂਪ ਕੁਆਰਕ ਹੁੰਦਾ ਹੈ, ਇਸ ਲਈ ਇਸ
ਨੂੰ ਹੋਰ ਅੱਗੇ ਨਹੀਂ ਤੋੜਿਆ ਜਾ ਸਕਦਾ, ਪਰ ਸਟਰਿੰਗ ਥਿਊਰੀ ਦਾ ਅਜਿਹਾ ਕੋਈ ਵਿਸ਼ਵਾਸ਼ ਨਹੀਂ ਹੈ. ਉਸ
ਦਾ ਮੰਨਣਾ ਹੈ ਕਿ ਕੁਆਰਕ ਅੰਦਰ ਵੀ ਇਕ ਐਨਰਜੀ ਹਮੇਸ਼ਾ ਵਾਇਬਰੇਟ ਕਰਦੀ ਰਹਿੰਦੀ ਹੈ, ਜਿਸ ਕਾਰਨ ਇਹ
ਇਕ ਸਟਰਿੰਗ ਜਿਹਾ ਦਿਖਾਈ ਦਿੰਦਾ ਹੈ, ਪਰ ਇਹ ਵੀ ਜਰੂਰੀ ਨਹੀਂ ਹੈ ਕਿ ਇਹ ਇਵੇਂ ਹੀ ਦਿਖਾਈ ਦਿੰਦਾ
ਰਹੇ, ਕਿਉਂਕਿ ਇਹ ਦੋਵੇਂ ਪਾਸਿਓਂ ਖੁੱਲ੍ਹਾ, ਖਿੱਚਿਆ ਹੋਇਆ ਜਾਂ ਸਿੱਧਾ ਵੀ ਹੋ ਸਕਦਾ ਹੈ. ਜਿਸ ਕਾਰਨ
ਸਾਨੂੰ ਇਸ ਦੇ ਰਾਹੀਂ ਮਿਲਣ ਵਾਲੇ ਉੱਤਰਾਂ ਦੀ ਇਕ ਵੱਡੀ ਆਸ ਬੱਝ ਜਾਂਦੀ ਹੈ, ਪਰ ਇੱਥੇ ਜੋ ਮੁਖ ਧਿਆਨ
ਦੇਣ ਯੋਗ ਗੱਲ ਹੈ, ਉਹ ਇਹ ਹੈ ਕਿ ਇਹ ਥਿਊਰੀ ਤਿੰਨ ਜਾਂ ਚਾਰ ਆਯਾਮੀ ਬ੍ਰਹਿਮੰਡ (ਜਿਹਾ ਕਿ ਮੌਜੂਦਾ
ਸਾਇੰਸ ਹੁਣ ਤੱਕ ਸਵੀਕਾਰਦੀ ਹੈ) ਅੰਦਰ ਕੰਮ ਨਹੀਂ ਕਰਦੀ, ਬਲਕਿ ਇਸ ਲਈ 10 ਆਯਾਮ ਚਾਹੀਦੇ ਹਨ. ਤੁਹਾਡੇ
ਵਿਚੋਂ ਬਹੁਤਿਆਂ ਨੂੰ ਇਹ 10 ਆਯਾਮ ਵਾਲੀ ਗੱਲ ਕਾਲਪਨਿਕ ਲੱਗ ਸਕਦੀ ਹੈ, ਪਰ ਜਦੋਂ ਅਸੀਂ ਸਾਇੰਸ ਦੇ
ਨਿਯਮਾਂ ਤੇ ਵਰਤਾਰਿਆਂ ਦੀ ਚਰਚਾ ਕਰਦੇ ਹਾਂ, ਉਸ ਸਮੇਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਬ੍ਰਹਿਮੰਡ ਤਿੰਨ
ਜਾਂ ਚਾਰ ਆਯਾਮੀ ਨਹੀਂ ਸਗੋਂ ਇਨ੍ਹਾਂ ਦੀ ਗਿਣਤੀ ਇਸ ਤੋਂ ਕਿਤੇ ਵਧੇਰੇ ਹੈ. ਉਦਾਹਰਨ ਵਜੋਂ 10 ਆਯਾਮਾਂ
ਦੀ ਗੱਲ ਕਰਦੀ ਇਕ ਕਿਤਾਬ ਦਾ ਅਨੁਵਾਦ ਤਾਂ ਸਾਡੇ ਪੰਜਾਬ ਅੰਦਰ ਹੀ ਸਤਿਕਾਰਯੋਗ ਪਰਮ ਮੁੰਡੇ ਦੁਆਰਾ
ਕੀਤਾ ਗਿਆ ਹੈ, ਜਦੋਂ ਕਿ ਐੱਮ ਥਿਊਰੀ 11 ਆਯਾਮਾਂ ਦੀ ਹੋਂਦ ਸਵੀਕਾਰਦੀ ਹੈ. ਇਸ ਤੋਂ ਵੀ ਅਗਾਂਹ ਜਦੋਂ
ਅਸੀਂ ਵੇਖਦੇ ਹਾਂ ਤਾਂ ਸਾਨੂੰ ਬੌਸਨਿਕ ਸਟਰਿੰਗ ਥਿਊਰੀ ਵਿਚ 26 ਸਪੇਸ ਡਾਇਮੈਨਸ਼ਨਜ਼ ਦੀ ਗੱਲ ਪ੍ਰਾਪਤ
ਹੁੰਦੀ ਹੈ ਤੇ ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਵੇਦ ਸਾਹਿੱਤ ਅੰਦਰ 64 ਆਯਾਮਾਂ ਦੀ ਗੱਲ ਕੀਤੀ ਗਈ
ਹੈ, ਜਿਹੜੀ ਕਿ ਮੌਜੂਦਾ ਸਾਇੰਸ ਲਈ ਅਜੇ ਦੂਰ ਦੀ ਕੌਡੀ ਸਾਬਤ ਹੋ ਰਹੀ ਹੈ. ਪਰ ਜਦੋਂ ਅਸੀਂ ਇਸ ਤੱਥ
ਨੂੰ ਜਾਣਦੇ ਹਾਂ ਕਿ ਖੁਦ ਸਟੀਫਨ ਹਾਕਿੰਗ ਅਨੁਸਾਰ ਇਸ ਪਾਸਾਰੇ ਅੰਦਰ ਏਨੇ ਕੁ ਬ੍ਰਹਿਮੰਡ ਹੋ ਸਕਦੇ
ਹਨ ਕਿ ਸਾਨੂੰ ਉਨ੍ਹਾਂ ਦਾ ਇਕ ਅੰਦਾਜ਼ਾ ਲਗਾਉਣ ਹਿਤ 1 ਅੱਖਰ ਦੇ ਨਾਲ 500 ਸਿਫਰਾਂ ਲਗਾਉਣੀਆਂ ਪੈ ਸਕਦੀਆਂ
ਹਨ ਤਾਂ ਇਸ ਗੱਲ ਤੋਂ ਇਨਕਾਰੀ ਹੋਣ ਲਈ ਸਾਡੇ ਕੋਲ ਹੋਰ ਕੋਈ ਆਧਾਰ ਨਹੀਂ ਬੱਚਦਾ ਕਿ ਅਸੀਂ ਇਕ ਅਨੰਤ
ਆਯਾਮੀ ਬ੍ਰਹਿਮੰਡ ਅੰਦਰ ਆਪਣਾ ਵਾਸ ਕਰ ਰਹੇ ਹਾਂ. ਇਸ ਦੀ ਇਕ ਨਿੱਕੀ ਜਿਹੀ ਉਦਾਹਰਨ ਇਸ ਪ੍ਰਕਾਰ ਦੇਖੀ
ਜਾ ਸਕਦੀ ਹੈ.
ਮੌਜੂਦਾ ਸਾਇੰਸਦਾਨਾਂ ਅੰਦਰ ਇਕ ਖ਼ਿਆਲ ਇਹ ਪ੍ਰਗਟ ਹੋਇਆ
ਹੈ ਕਿ ਅਸੀਂ ਇਕ ਅਜਿਹੇ ਆਯਾਮ ਅੰਦਰ ਰਹਿ ਰਹੇ ਹਾਂ ਜਿਹੜਾ ਆਯਾਮ ਦੂਜਿਆਂ ਆਯਾਮਾਂ ਨਾਲ ਆਪਣੇ-ਆਪ ਨੂੰ
0. ਐਨਰਜੀ ਜਾਂ 0.ਫੀਲਡ ਜਾਂ ਕਿਸੇ ਦੂਜੇ ਆਯਾਮ ਦੇ ਰਾਹੀਂ ਜੁੜਿਆ ਹੋਇਆ ਹੈ, ਜਾਂ ਜੋੜਦਾ ਹੈ. ਇਸ
0.ਫੀਲਡ ਅੰਦਰ ਅਤੀਤ, ਵਰਤਮਾਨ ਤੇ ਭਵਿੱਖ ਦੇ ਸਾਰੇ ਵਿਚਾਰਾਂ, ਕਰਮਾਂ ਅਤੇ ਘਟਨਾਵਾਂ ਦੇ ਇਲੈਕਟ੍ਰਿਕ
ਚਾਰਜ ਸਟੋਰ ਹੋ ਜਾਂਦੇ ਹਨ. 0.ਫੀਲਡ ਨੂੰ ਇਕ ਅਜਿਹੀ ਚੀਜ਼ ਮੰਨਿਆ ਜਾਂਦਾ ਹੈ, ਜਿੱਥੇ ਹਰ ਵਿਚਾਰ, ਹਰ
ਹਰਕਤ ਅਤੇ ਹਰ ਉਹ ਚੀਜ਼ ਜਿਸ ਵਿਚ ਊਰਜਾ ਸ਼ਾਮਲ ਹੈ, ਉਸ ਫੀਲਡ ਦਾ ਹਿੱਸਾ ਬਣ ਜਾਂਦੀ ਹੈ ਤੇ ਹਮੇਸ਼ਾ ਉੱਥੇ
ਹੀ ਰਹਿੰਦੀ ਹੈ. ਇਸ ਦਾ ਭਾਵ ਇਹ ਹੋਇਆ ਕਿ 0.ਫੀਲਡ ਉਹ ਸ਼ੈਅ ਹੈ, ਜਿਸ ਵਿਚ ਇਨਸਾਨੀ ਵਜੂਦ ਦੀਆਂ ਹੁਣ
ਤੱਕ ਦੀਆਂ ਸਾਰੀਆਂ ਜਾਣਕਾਰੀਆਂ ਮੌਜੂਦ ਹਨ. 0.ਫੀਲਡ ਦੀ ਅਵਧਾਰਨਾ ਇਕ ਅਜਿਹੇ ਸਿਧਾਂਤ ਉੱਪਰ ਆਧਾਰਿਤ
ਹੈ, ਜਿਸ ਮੁਤਾਬਿਕ ਬ੍ਰਹਿਮੰਡ ਵਿਚ ਤਿੰਨ ਆਯਾਮਾਂ ਲੰਬਾਈ, ਚੌੜਾਈ ਤੇ ਉਚਾਈ ਤੋ ਇਲਾਵਾ ਵੀ ਹੋਰ ਕਈ
ਆਯਾਮ ਹਨ. ਜਿਹੜੇ ਕਿ ਸਾਡੀ ਚਰਚਾ ਅਧੀਨ ਸਟਰਿੰਗ ਥਿਊਰੀ ਦਾ ਹੀ ਇਕ ਹਿੱਸਾ ਹਨ.
ਸਟਰਿੰਗ ਥਿਊਰੀ ਅੰਦਰ ਵਿਗਿਆਨੀਆਂ ਵੱਲੋਂ 11 ਆਯਾਮਾਂ
ਦਾ ਅਨੁਮਾਨ ਲਗਾਇਆ ਗਿਆ ਹੈ ਤੇ ਇਨ੍ਹਾਂ ਨੂੰ ਬਹੁਤ ਹੀ ਛੋਟਾ, ਜੁੜਿਆ ਹੋਇਆ ਤੇ ਕੰਪੈਕਟ ਮੰਨਿਆ ਗਿਆ
ਹੈ. ਇਸ ਲਈ ਜੇਕਰ ਇਹ ਆਯਾਮ ਬਹੁਤ ਹੀ ਘੁਮਾਓਦਾਰ, ਛੋਟੇ ਤੇ ਕੌਪੈਕਟ ਹੋਣਗੇ ਤਾਂ ਸਾਨੂੰ ਇਨ੍ਹਾਂ ਨਾਲ
ਅੱਗੇ ਵੱਧਣ ਦਾ ਨਾ ਪਤਾ ਲੱਗੇਗਾ ਤੇ ਨਾ ਹੀ ਇਨ੍ਹਾਂ ਦੀ ਮੌਜੂਦਗੀ ਦੀ ਜਾਣਕਾਰੀ ਹੋਵੇਗੀ. ਹੁਣ ਸਵਾਲ
ਇਹ ਉੱਠਦਾ ਹੈ ਕਿ ਜੇਕਰ ਸਟਰਿੰਗ ਥਿਊਰੀ ਮਾਨਤਾ ਪ੍ਰਾਪਤ ਕਰਦੀ ਹੈ ਤਾਂ ਕੀ ਇਹ ਯਕੀਨੀ ਬਣ ਜਾਵੇਗਾ
ਕਿ 0.ਫੀਲਡ ਕਿਸੇ ਦੂਜੇ ਆਯਾਮ ਅੰਦਰ ਸਥਾਪਿਤ ਹੈ. ਜਿਹੜਾ ਕਿ ਅਜੇ ਸਾਡੀ ਪਹੁੰਚ ਵਿਚ ਨਹੀਂ ਆਇਆ ਹੈ.
ਇਸ ਤੋਂ ਫਿਲਹਾਲ ਇਨਕਾਰੀ ਨਹੀਂ ਹੋਇਆ ਜਾ ਸਕਦਾ. ਉਨ੍ਹਾ ਹਾਲਤਾਂ ਵਿਚ ਤਾਂ ਬਿਲਕੁਲ ਵੀ ਨਹੀਂ, ਜਦੋਂ
ਅਸੀਂ ਜਾਣਦੇ ਹੋਈਏ ਕਿ ਸੰਸਾਰ ਦੀਆਂ ਕਈ ਪ੍ਰਾਚੀਨ ਸੰਸਕ੍ਰਿਤੀਆਂ ਅੰਦਰ ਇਕ ਅਜਿਹੇ ਗਿਆਨ ਦੇ ਖੂਹ ਦੀ
ਗੱਲ ਕੀਤੀ ਗਈ ਸਾਹਮਣੇ ਆਉਂਦੀ ਹੈ, ਜਿੱਥੇ ਪੁੱਜਣ ਦੇ ਲਈ ਪ੍ਰਾਪਤ ਯੋਗਤਾ ਚੁਣਵੇਂ ਲੋਕਾਂ ਤੱਕ ਹੀ
ਸੀਮਤ ਹੁੰਦੀ ਸੀ. ਭਾਰਤ ਅੰਦਰ ਅਸੀਂ ਇਸ ਨੂੰਹਿੰਦੂ ਸੰਸਕ੍ਰਿਤੀ ਦੇ ਆਕਾਸ਼ੀ ਰਿਕਾਰਡ ਨਾਮ ਦੀ ਧਾਰਨਾ
ਵਿਚੋਂ ਦੇਖ ਸਕਦੇ ਹਾਂ. ਜਿਸ ਦਾ ਆਖਣਾ ਹੈ ਕਿ ਬ੍ਰਹਿਮੰਡ ਅੰਦਰ ਪਹਿਲਾਂ ਹੀ ਹਰ ਕਿਸਮ ਦੀ ਜਾਣਕਾਰੀ
ਮੌਜੂਦ ਹੈ ਤੇ ਇਸ ਨੂੰ ਕੋਈ ਵੀ ਆਪਣੀ ਯੋਗਤਾ ਦੇ ਰਾਹੀਂ ਪ੍ਰਾਪਤ ਕਰ ਸਕਦਾ ਹੈ. ਇਸ ਤੋਂ ਇਨਕਾਰੀ ਹੋਣਾ
ਏਨਾ ਆਸਾਨ ਨਹੀਂ ਹੈ, ਖਾਸ ਕਰ ਉਨ੍ਹਾਂ ਹਾਲਤਾਂ ਵਿਚ ਜਦੋਂ ਆਈਨਸਟਾਈਨ ਖੁਦ ਆਖ ਗਏ ਹਨ ਕਿ ਸਪੇਸ ਤੇ ਟਾਈਮ ਆਪਣ ਵਿਚ ਜੁੜੇ ਹੋਏ ਹਨ ਤੇ ਇਨ੍ਹਾਂ ਨੂੰ ਮੋੜਿਆ ਜਾ
ਸਕਦਾ ਹੈ. ਇਸ ਦੇ ਨਾਲ ਹੀ ਆਈਨਸਟਾਈਨ ਦੁਆਰਾ ਪ੍ਰਤਿਪਾਦਿਤ ਵਰਮ ਹੋਲ ਦੀ ਸੰਕਲਪਨਾ ਇਸ ਮਾਨਤਾ ਨੂੰ ਹੋਰ ਠੋਸ ਆਧਾਰ ਪ੍ਰਦਾਨ ਕਰਦੇ ਹਨ ਕਿ ਅਸੀਂ ਕਿਸੇ ਹੋਰਨਾਂ ਆਯਾਮਾਂ
ਨਾਲ ਜੁੜਨ ਦੇ ਸਮਰੱਥ ਹਾਂ ਤੇ ਇਨ੍ਹਾਂ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ. ਪਰ ਫਿਲਹਾਲ ਸਾਇੰਸ
ਅੰਦਰ ਇਹ ਆਪਣੇ ਆਰੰਭਿਕ ਪੜਾਅ ਉੱਪਰ ਹਨ. ਇਹ ਭਵਿੱਖ ਦੇ ਗਰਭ ਵਿਚ ਹੀ ਪਿਆ ਹੈ ਕਿ ਅਸੀਂ ਪੁਲਾੜ ਯਾਤਰਾ
ਤੋਂ ਆਯਾਮ ਯਾਤਰਾ ਵਿਚ ਕਦੋਂ ਜਾਣ ਦਾ ਕਾਬਿਲ ਹੋਵਾਂਗੇ. ਸਾਇੰਸ ਕਿਸੇ ਵੀ ਤਰ੍ਹਾਂ ਇਸ ਤੋਂ ਮੁਨਕਰ
ਨਹੀ ਹੈ. ਸ਼ਾਇਦ ਸਾਡੀਆਂ ਆਉਣ ਵਾਲੀਆਂ ਨਸਲਾਂ/ਪੀੜ੍ਹੀਆਂ ਇਸ ਬਹੁ-ਆਯਾਮੀ ਸੰਸਾਰ ਦੀ ਯਾਤਰਾ ਕਰ ਸਕਣਗੀਆਂ,
ਜਾਂ ਸ਼ਾਇਦ ਅਤੀਤ ਵਿਚ ਕਰ ਵੀ ਚੁੱਕੀਆਂ ਹੋਣ. ਇਸ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ. ਕਿਉਂ? ਇਸ
ਦਾ ਉੱਤਰ ਫਿਰ ਕਦੀ ਸਾਂਝਾ ਕਰਾਂਗੇ.
ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ
Bhut Vdia jankari
ReplyDeleteਸ਼ੁਕਰੀਆ ਜੀ
Deleteਧੰਨਵਾਦ ਜੀ
ReplyDeleteਅਗਲੇ ਉੱਤਰ ਦੀ ਉਡੀਕ।
ReplyDeleteਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਮਿਲ ਜਾਵੇਗੀ ਜੀ.
ReplyDelete