Thursday, August 15, 2019

ਪਹਿਲੂ ਖ਼ਾਨ ਦੇ ਬਹਾਨੇ







ਪਿਛਲੇ ਕਈ ਸਾਲਾਂ ਤੋਂ ਵੇਖ ਰਿਹਾ ਹਾਂ, ਦੇਸ਼ ਅੰਦਰ ਇਕ ਅਜੀਬ ਜਿਹਾ ਮਾਹੌਲ ਪਸਰਿਆ ਹੋਇਆ ਹੈ. ਅਜਿਹਾ ਨਹੀਂ ਕਿ ਇਹ ਸਭ ਕੁਝ ਇੱਥੇ ਪਹਿਲੀ ਵਾਰ ਹੋ ਰੜਾ ਹੈ, ਪਰ ਹਾਂ ਜੋ ਹੋ ਰਿਹਾ ਹੈ ਉਸ ਵਿਚ ਕਾਫ਼ੀ ਕੁਝ ਨਵਾਂ ਹੈ.

ਦੰਗਿਆਂ/ਨਸਲਕੁਸ਼ੀਆਂ ਆਦਿ ਦਾ ਭਾਰਤੀ ਇਤਿਹਾਸ ਬਹੁਤ ਲੰਮਾ ਹੈ. ਦੇਸ਼ ਵਿਚ ਜਿਸ ਮਰਜੀ ਰਾਜਨੀਤਕ ਪਾਰਟੀ ਦੀ ਸਰਕਾਰ ਹੋਵੇ, ਇੱਥੇ ਦੰਗੇ ਹੋਣੇ ਆਮ ਜਿਹੀ ਗੱਲ ਮੰਨੀ ਜਾਂਦੀ ਹੈ. ਦੰਗਿਆਂ ਦੀ ਇਕ ਖ਼ਾਸੀਅਤ ਇਹ ਹੁੰਦੀ ਹੈ ਕਿ ਇਹ ਕੁਝ ਵਕਤ ਲਈ ਹੁੰਦੇ ਹਨ. ਬੰਦਿਆਂ ਨੂੰ ਮਾਰਿਆ ਜਾਂਦਾ ਹੈ. ਔਰਤਾਂ ਬੇਪੱਤ ਹੁੰਦੀਆਂ ਨੇ ਤੇ ਜੋ ਆਰਥਿਕ ਨੁਕਸਾਨ ਹੋਣ ਦੇ ਨਾਲ਼-ਨਾਲ਼ ਸਮਾਜਿਕ ਰਿਸ਼ਤਿਆਂ ਦਾ ਤਾਣਾ-ਬਾਣਾ ਢਹਿ-ਢੇਰੀ ਹੁੰਦਾ ਹੈ, ਉਹ ਜਲਦੀ ਹੀ ਆਪਣੀ ਪ੍ਰਤੱਖ ਹੋਂਦ ਪੁਗਾ ਕੇ ਖ਼ਤਮ ਹੋ ਜਾਂਦਾ ਹੈ. ਬਾਅਦ ਚ ਜੋ ਬਾਕੀ ਬਚ ਜਾਂਦਾ ਹੈ, ਉਹ ਸਦੀਆਂ ਤੱਕ ਨਹੀਂ ਭਰ ਹੁੰਦਾ, ਪਰ ਅਸੀਂ ਭੁੱਲ-ਭੁਲਾ ਜਾਂਦੇ ਹਾਂ.

ਇਸ ਵਾਰ ਅਜਿਹਾ ਨਹੀਂ ਹੈ. ਭਾਰਤ ਅੰਦਰ ਇਕ ਦਹਿਸ਼ਤ ਦਾ ਮਾਹੌਲ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਬਾਦਸਤੂਰ ਜਾਰੀ ਹੈ. ਇਹ ਦਹਿਸ਼ਤ ਸਿਰਫ ਜਾਨ-ਮਾਲ ਦੇ ਨੁਕਸਾਨ ਤੱਕ ਹੀ ਸੀਮਿਤ ਨਹੀਂ, ਬਲਕਿ ਇਹ ਬਹੁ-ਆਯਾਮੀ ਹੈ. ਜਿਸ ਨੂੰ ਵੱਡੇ ਪੱਧਰ 'ਤੇ ਇਕ ਖ਼ਾਸ ਤਬਕੇ ਵੱਲੋਂ ਮਾਣਿਆ ਜਾ ਰਿਹਾ ਹੈ. ਅਜਿਹੀ ਗੱਲ ਨਹੀਂ ਕਿ ਇਸ ਪਿੱਛੇ ਕੁਝ ਵਕਤੀ ਕਾਰਨ ਹੀ ਕਾਰਜਸ਼ੀਲ ਹਨ, ਸਗੋਂ ਇਹ ਕਹਿਣਾ ਜ਼ਿਆਦਾ ਸਹੀ ਰਹੇਗਾ ਕਿ ਇਸ ਪਿੱਛੇ ਸਦੀਆਂ ਦੇ ਅਵਚੇਤਨ ਦਾ ਪ੍ਰਗਟਾਅ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ. ਭਾਰਤ ਬੇਸ਼ੱਕ ਕਾਗ਼ਜ਼ੀ ਰੂਪ 'ਚ ਇਕ ਲੋਕਤੰਤਰੀ ਜਾਂ ਵਿਭਿੰਨਤਾਵਾਂ ਭਰਿਆ ਦੇਸ਼ ਹੈ, ਪਰ ਵਾਸਤਵ ਵਿਚ ਇਸ ਅੰਦਰ ਪਿਛਕੇ ਕੁਝ ਸਾਲਾਂ ਤੋੰ ਅਜਿਹਾ ਵਿਵਹਾਰ ਸਾਹਮਣੇ ਆਇਆ ਹੈ, ਜਿਸ ਰਾਹੀਂ ਇਸ ਨੂੰ ਸਿਰਫ਼ ਇਕ ਖ਼ਾਸ ਬਹੁ-ਗਿਣਤੀ ਦਾ ਦੇਸ਼ ਸਮਝਿਆ ਜਾ ਰਿਹਾ ਹੈ. ਇਸ ਗੱਲ ਦੀਆਂ ਬਹੁਤ ਸਾਰੀਆਂ ਵਿਆਖਿਆਵਾਂ ਹੋ ਸਕਦੀਆਂ ਹਨ, ਪਰ ਮੈਂ ਸਮਝਦਾ ਹਾਂ ਕਿ ਜੇਕਰ ਇਹ ਵਾਕਈ ਇਕ ਖ਼ਾਸ ਬਹੁ-ਗਿਣਤੀ ਦਾ ਦੇਸ਼ ਹੈ ਤਾਂ ਉਹ ਰਹੇ ਇੱਥੇ, ਹੋਰਨਾਂ ਨੂੰ ਇੱਥੇ ਰਹਿਣ ਲਈ ਕਿਉਂ ਮਜ਼ਬੂਰ ਕੀਤਾ ਜਾ ਰਿਹਾ ਹੈ.

ਜਿਹੜੇ ਲੋਕ ਇੱਥੇ ਨਹੀਂ ਰਹਿਣਾ ਚਾਹੁੰਦੇ ਉਨ੍ਹਾਂ ਨੂੰ ਵੱਖ ਕਰ ਦੇਣਾ ਚਾਹੀਦਾ ਹੈ. ਵੈਸੇ ਵੀ ਇਸ ਦੇਸ਼ ਨੂੰ ਬਣਾਉਣ ਵਿਚ ਉਨ੍ਹਾਂ ਸਾਰਿਆਂ ਦਾ ਵੱਡਾ ਯੋਗਦਾਨ ਹੈ. ਉਸ ਯੋਗਦਾਨ ਦੇ ਅਧਾਰ ਤੇ ਇਸ ਦੀ ਜ਼ਮੀਨ ਉੱਪਰ ਉਨ੍ਹਾਂ ਦਾ ਵੀ ਹੱਕ ਹੈ. ਖ਼ਾਸ ਕਰ ਸਿੱਖਾਂ ਤੇ ਮੁਸਲਮਾਨਾਂ ਦਾ. ਉਸ ਅਨੁਪਾਤ ਵਿਚ ਇਨ੍ਹਾਂ ਨੂੰ ਭਾਰਤ ਤੋਂ ਵੱਖ ਕਰ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਵੇ, ਇਸ ਚ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ. ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸ ਦੇਸ਼ ਨੂੰ ਇਸ ਗੱਲ ਵੱਲ ਦੁਬਾਰਾ ਧਿਆਨ ਦੇਣ ਦੀ ਲੋੜ ਹੈ ਕਿ ਉਹ ਕੀ ਚਾਹੁੰਦਾ ਹੈ.

ਸੱਤਾ ਜਾਂ ਤਥਾਕਥਿਤ ਧਾਰਮਿਕ ਉਥਾਨ ਦੇ ਬਹਾਨੇ ਘੱਟ ਗਿਣਤੀਆਂ ਨੂੰ ਦਬਾਉਣ ਜਾਂ ਉਨ੍ਹਾਂ ਉਪਰ ਜ਼ੁਲਮ ਕਰਕੇ ਅਦਾਲਤਾਂ ਦੇ ਰਾਹੀਂ ਆਜ਼ਾਦੀ ਪਾਉਣ ਦਾ ਜੋ ਰਿਵਾਜ ਇਸ ਦੇਸ਼ ਅੰਦਰ ਚੱਲ ਰਿਹਾ ਹੈ, ਮੈਂ ਨਹੀਂ ਸਮਝਦਾ ਕਿ ਉਹ ਇਸ ਦੇਸ਼ ਨੂੰ ਨੇੜਲੇ ਭਵਿੱਖ ਵਿਚ ਰਹਿਣ ਦੇ ਕਾਬਲ ਰਹਿਣ ਦਵੇਗਾ.

ਇਹ ਠੀਕ ਹੈ ਕਿ ਅੱਜ ਘੱਟ ਗਿਣਤੀਆਂ ਆਪਸੀ ਝਮੇਲਿਆਂ ਕਾਰਨ ਇਸ ਸਾਰੇ ਵਰਤਾਰੇ ਖ਼ਿਲਾਫ਼ ਇਕ ਸੰਗਠਿਤ ਪ੍ਰਤੀਰੋਧ ਕਰਨ ਦੀ ਸਥਿਤੀ ਵਿਚ ਨਹੀਂ ਹਨ, ਪਰ ਅਜਿਹੀਆਂ ਸਥਿਤੀਆਂ ਸਦਾ ਹੀ ਰਹਿਣਗੀਆਂ, ਇਸ ਗੱਲ ਦੀ ਕੋਈ ਪੁਖ਼ਤਾ ਸੰਭਾਵਨਾ ਨਹੀਂ ਹੈ. ਬੀਤੇ ਦਿਨੀਂ ਭੀੜ ਦੁਆਰਾ ਇਕੱਠੇ ਹੋ ਜਿਸ ਇਕ ਮੁਸਲਮਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਨੇ ਉਲਟਾ ਭੀੜ ਵਿਚੋਂ ਹੀ ਜਿਸ ਪ੍ਰਕਾਰ ਇਕ ਵਿਅਕਤੀ ਨੂੰ ਮਾਰ ਸੁੱਟਿਆ, ਉਸ ਘਟਨਾ ਨੂੰ ਇਸੇ ਪ੍ਰਤੀਰੋਧ ਦਾ ਇਕ ਉਦਾਹਰਣ ਮੰਨਿਆ ਜਾ ਸਕਦਾ ਹੈ. ਤੁਸੀਂ ਵੇਖਿਆ ਹੋਣਾ ਸਿਰਫ ਇਸੇ ਇਕ ਘਟਨਾ ਨੇ ਕਿਵੇਂ ਇਕ ਵੱਖਰੀ ਚਰਚਾ ਨੂੰ ਜਨਮ ਦਿੱਤਾ ਸੀ.

ਇਸ ਲਈ ਇਹ ਆਖਿਆ ਜਾ ਸਕਦਾ ਹੈ ਕਿ ਜੇਕਰ ਅੱਜ ਪਹਿਲੂ ਖ਼ਾਨ ਦੇ ਕਾਤਲ ਰਿਹਾਅ ਹੋਏ ਹਨ, ਤਾਂ ਜ਼ਰੂਰੀ ਨਹੀਂ ਉਹ ਹਰ ਵਾਰ ਰਿਹਾਅ ਹੀ ਹੋਣਗੇ, ਉਹ ਵੀ ਮਾਰੇ ਜਾ ਸਕਦੇ ਹਨ.  ਇਹ ਇਕ ਸਾਧਾਰਨ ਜਿਹਾ ਨਿਯਮ ਹੈ ਤੁਸੀਂ ਜਿਸ ਵਸਤੂ ਨੂੰ ਜਿੰਨੀ ਤੇਜ਼ੀ ਨਾਲ਼ ਦਬਾਉਗੇ ਉਹ ਓਨੀ ਹੀ ਤੇਜ਼ੀ ਨਾਲ਼ ਮੁੜ ਉਠੇਗੀ. ਬੱਸ ਉਸ ਤੇਜੀ ਦਾ ਹੀ ਇੰਤਜਾਰ ਹੈ. ਇਸ ਤੋਂ ਪਹਿਲਾਂ ਕਿ ਭੀੜ ਸਾਡੇ ਤੱਕ ਪਹੁੰਚੇ.

ਇਹ ਹਿੰਸਾ ਨਹੀਂ, ਪ੍ਰਾਕਿਤੀ ਦਾ ਨਿਯਮ ਹੈ. ਤੇ ਜੇਕਰ ਅਸੀਂ ਇਸ ਲਈ ਇਕੱਠੇ ਹੁੰਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਸਾਡੀ ਚੋਣ ਹੈ. ਸਗੋਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਜੋ ਸਾਡੇ ਉਪਰ ਲੱਦਿਆ ਜਾ ਰਿਹਾ ਹੈ, ਉਸ ਨੂੰ ਅਸੀਂ ਬਰਦਾਸ਼ਤ ਕਰਨਾ ਹੈ, ਜਾਂ ਉਤਾਰਨਾ ਹੈ.

ਮੇਰਾ ਖ਼ਿਆਲ ਹੈ ਇਸ ਵਿਚ ਬਹੁਤਾ ਕੁਝ ਸੋਚਣ ਵਾਲਾ ਨਹੀਂ ਹੈ. ਸਾਡੀ ਚੋਣ ਸਾਡੀ ਨਹੀਂ, ਬਲਕਿ ਸਾਨੂੰ ਇਹੀ ਚੋਣ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ. ਪੰਜਾਬ ਤੇ ਕਸ਼ਮੀਰ ਸਮੇਤ ਪੂਰੇ ਦੇਸ਼ ਅੰਦਰ ਭਾਰਤ ਦੇ ਇਸ ਅਖੌਤੀ ਪੁਨਰ-ਜਾਗਰਣ ਦਾ ਦੁਖਾਂਤ ਭੋਗ ਰਹੇ ਲੋਕ ਇਸ ਨੂੰ ਬਿਹਤਰ ਸਮਝਦੇ ਹਨ. ਸਾਨੂੰ ਸਿਖਾਇਆ ਵੀ ਇਹੀ ਗਿਆ ਹੈ.

ਭੈ ਕਾਹੂ ਕਉ ਦੇਤਿ ਨਹਿ ਨਹਿ ਭੈ ਮਾਨਤ ਆਨ।।
(ਗੁਰੂ ਤੇਗ਼ ਬਹਾਦੁਰ ਸਾਹਿਬ)




                                                              ਪਰਮਿੰਦਰ ਸਿੰਘ ਸ਼ੌਂਕੀ.

1 comment:

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...