Tuesday, November 6, 2018

ਦਿਵਾਲੀ: ਇਕ ਇਤਿਹਾਸਕ ਵਿਸ਼ਲੇਸ਼ਣ



ਭਾਰਤ ਇਕ ਤਿਉਹਾਰ ਪ੍ਰਧਾਨ ਦੇਸ਼ ਹੈ ਅਤੇ ਦਿਵਾਲੀ ਇੱਥੇ ਮਨਾਏ ਜਾਣ ਵਾਲੇ ਸਮੂਹ ਤਿਉਹਾਰਾਂ ਵਿਚ ਖ਼ਾਸ ਅਹਿਮੀਅਤ ਰੱਖਣ ਵਾਲਾ ਇਕ ਅਜਿਹਾ ਤਿਉਹਾਰ ਹੈ। ਜਿਸ ਨੂੰ ਭਾਰਤ ਦੇ ਸਮੁੱਚੇ ਤਿਉਹਾਰਾਂ ਅੰਦਰ ਸ਼੍ਰੋਮਣੀ ਸਥਾਨ ਪ੍ਰਾਪਤ ਹੈ। ਇਹ ਉਨ੍ਹਾਂ ਕੁਝ 'ਕੁ ਚੋਣਵੇਂ ਤਿਉਹਾਰਾਂ ਵਿਚ ਸ਼ੁਮਾਰ ਹੈ, ਜਿਨ੍ਹਾਂ ਨੂੰ ਭਾਰਤ ਅੰਦਰ ਵੱਸਣ ਵਾਲੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਅਤੇ ਫ਼ਿਰਕਿਆਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਬੜੇ ਉਤਸ਼ਾਹ ਅਤੇ ਚਾਅ ਨਾਲ ਮਨਾਉਂਦੇ ਹਨ। ਹਰ ਉਮਰ ਦੇ ਇਨਸਾਨਾਂ ਅੰਦਰ ਇਸ ਤਿਉਹਾਰ ਲਈ ਵਿਸ਼ੇਸ਼ ਹੁਲਾਸ ਅਤੇ ਉਮਾਹ ਠਾਠਾਂ ਮਾਰਦੇ ਹਨ। ਲੋਕਾਂ ਅੰਦਰ ਕਈ-ਕਈ ਦਿਨ ਪਹਿਲਾਂ ਹੀ ਇਸ ਦਿਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਵੱਲ ਤੱਕਿਆਂ ਇਹ ਗੱਲ ਸਮਝਣੀ ਜਰਾ ਵੀ ਮੁਸ਼ਕਿਲ ਨਹੀਂ ਜਾਪਦੀ ਕੇ ਇਸ ਦਿਨ ਦੀ ਭਾਰਤੀ ਲੋਕ ਮਨਾਂ ਅੰਦਰ ਕਿੰਨੀ ਵੱਡੀ ਥਾਂ ਹੈ ਤੇ ਜਦ ਇਹ ਥਾਂ ਇਕ ਧਾਰਮਿਕ ਅਕੀਦੇ ਨਾਲ ਜੁੜ ਜਾਵੇ ਤਾਂ ਇਸ ਦੀ ਅਹਿਮੀਅਤ ਹੋਰ ਵੀ ਵਧੇਰੇ ਪ੍ਰਪੱਕਤਾ ਨੂੰ ਪ੍ਰਾਪਤ ਹੋ ਜਾਂਦੀ ਹੈ।

ਦਿਵਾਲੀ ਇਕ ਪ੍ਰਾਚੀਨ ਤਿਉਹਾਰ ਹੈ। ਭਾਰਤ ਅੰਦਰ ਪ੍ਰਾਪਤ ਹੋਣ ਵਾਲੇ ਲਗਭਗ ਹਰ ਇਕ ਧਰਮ ਅੰਦਰ ਇਸ ਤਿਉਹਾਰ ਨਾਲ ਜੁੜੀਆਂ ਹੋਈਆਂ ਆਪਣੀਆਂ ਰਵਾਇਤਾਂ ਅਤੇ ਯਾਦਗਾਰਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਰਵਾਇਤਾਂ ਵਿਚ ਜੋ ਰਵਾਇਤ ਸਭ ਤੋਂ ਵਧੇਰੇ ਚਰਚਿਤ ਅਤੇ ਪ੍ਰਸਿੱਧ ਹੈ, ਉਹ ਸਨਾਤਨ ਧਰਮ ਅੰਦਰ ਪ੍ਰਾਪਤ ਹੋਣ ਵਾਲੀ ਰਵਾਇਤ ਹੈ। ਜਿਸ ਦਾ ਸਿੱਧਾ ਸਬੰਧ ਹਿੰਦੂ ਮਨਾਂ ਅੰਦਰ ਵਿਸ਼ੇਸ ਸਤਿਕਾਰ ਪ੍ਰਾਪਤ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਦੀ ਇਕ ਪ੍ਰਮੁੱਖ ਨਾਲ ਜੋ ਘਟਨਾ ਨਾਲ ਜੋੜਿਆ ਜਾਂਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਅੰਦਰ ਇਸ ਤਿਉਹਾਰ ਦੀਆਂ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨਾਲ ਜੋੜਨ ਵਾਲੀਆਂ ਕਥਾਵਾਂ ਵੀ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਸ ਸਮੇਂ ਅਸੀਂ ਇਹਨਾਂ ਦੋਵਾਂ ਵਾਰਤਾਵਾਂ ਦੀ ਹੀ ਸੰਖੇਪ ਇਤਿਹਾਸਿਕ ਪੜਚੋਲ ਕਰਾਂਗੇ, ਤਾਂ ਜੋ ਇਨ੍ਹਾਂ ਨਾਲ ਸਬੰਧਿਤ ਕਥਾਵਾਂ ਦੇ ਅਸਲੇ ਬਾਰੇ ਪਾਠਕਾਂ ਨੂੰ ਜਾਣੂੰ ਕਰਵਾਇਆ ਜਾ ਸਕੇ।

ਵੈਦਿਕ ਧਰਮ ਅੰਦਰ ਦਿਵਾਲੀ
ਦਿਵਾਲੀ ਨਾਲ ਸਬੰਧਿਤ ਇਤਿਹਾਸ/ਮਿਥਿਹਾਸ ਦੀ ਪੁਣ-ਛਾਣ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਤਿਉਹਾਰ ਦੀ ਉਤਪਤੀ ਕਿਵੇਂ ਅਤੇ ਕਦੋਂ ਹੋਈ? ਇਸ ਸਬੰਧੀ ਸਾਨੂੰ ਕੋਈ ਇਤਿਹਾਸਿਕ ਪ੍ਰਮਾਣ ਪ੍ਰਾਪਤ ਨਹੀਂ ਹਨ। ਇਹ ਸਿਰਫ਼ ਇਕ ਮਿੱਥ ਹੀ ਹੈ ਕਿ ਦਿਵਾਲੀ ਅਯੁੱਧਿਆ ਦੇ ਰਾਜਾ ਰਾਮ ਚੰਦਰ ਜੀ ਦੁਆਰਾ ਲੰਕਾ ਦੇ ਰਾਜਾ ਰਾਵਣ ਨੂੰ ਮਾਰਨ ਉਪਰੰਤ ਅਯੁੱਧਿਆ ਮੁੜ ਪਰਤਣ ਦੀ ਖ਼ੁਸ਼ੀ ਦੇ ਸੰਦਰਭ ਵਿਚ ਮਨਾਇਆ ਜਾਂਦਾ ਹੈ। ਵਾਸਤਵ ਵਿਚ ਦਿਵਾਲੀ ਕਿਸੇ ਖ਼ਾਸ ਦਿਨ ਜਾਂ ਤਿੱਥ ਨੂੰ ਸਮਰਪਿਤ ਦਿਵਸ ਨਹੀਂ, ਸਗੋਂ ਸਮੇਂ ਦੇ ਇਕ ਲੰਮੇ ਗੇੜ ਅਤੇ ਵਿਕਾਸ ਦੇ ਫਲਸਰੂਪ ਸਾਡੇ ਸਾਹਮਣੇ ਆਇਆ ਤਿਉਹਾਰ ਹੈ। ਜਿਸ ਦੀ ਆਰੰਭਤਾ ਦੀ ਖੋਜ ਕਰਦਿਆਂ ਅਸੀਂ ਪ੍ਰਾਚੀਨ ਵੈਦਿਕ ਸਾਹਿੱਤ ਵਿਚ ਪ੍ਰਾਪਤ "ਗ੍ਰਹਿ ਸੂਤਰ ਸਾਹਿੱਤ" ਤੱਕ ਪਹੁੰਚ ਜਾਂਦੇ ਹਾਂ। ਇਸ ਗ੍ਰਹਿ ਸੂਤਰ ਸਾਹਿੱਤ ਦਾ ਸਿਰਜਣਾ ਕਾਲ ਇਤਿਹਾਸਕਾਰਾਂ ਨੇ ਈਸਾ ਪੂਰਵ ਅੱਠਵੀਂ ਸਦੀ ਤੋਂ ਲੈ ਕਿ 200 ਈਸਾ ਪੂਰਵ ਤੱਕ ਨਿਰਧਾਰਿਤ ਕੀਤਾ ਹੈ। ਇਸ ਸਾਹਿੱਤ ਦਾ ਅਧਿਐਨ ਕਰਨ ਉਪਰੰਤ ਸਮੁੱਚੇ ਵਿਦਵਾਨ ਜਿਸ ਇਕ ਗੱਲ ਨਾਲ ਸਰਬ ਸੰਮਤੀ ਰੱਖਦੇ ਹਨ, ਉਹ ਇਹ ਹੈ ਕਿ ਇਸ ਪੂਰੇ ਕਾਲ ਦੌਰਾਨ ਦਿਵਾਲੀ ਨਾਮ ਦਾ ਕੋਈ ਵੀ ਤਿਉਹਾਰ ਭਾਰਤ ਅੰਦਰ ਨਹੀਂ ਮਨਾਇਆ ਜਾਂਦਾ ਸੀ, ਸਗੋਂ ਜਿਸ ਦਿਨ ਅਰਥਾਤ ਕੱਤਕ ਦੀ ਮੱਸਿਆ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ, ਉਸ ਦਿਨ ਭਾਰਤ ਅੰਦਰ "ਨਵੀਂ ਫ਼ਸਲ ਦਾ ਯੱਗ", "ਨਵੇਂ ਅਨਾਜ ਦਾ ਯੱਗ" ਜਾਂ "ਨਵੇਂ ਚੌਲ ਦੇਵਤਿਆਂ ਨੂੰ ਦੇਣ ਦਾ ਯੱਗ" ਆਦਿ ਨਾਮ ਵਾਲਾ ਇਕ ਮੌਸਮੀ ਤਿਉਹਾਰ ਮਨਾਇਆ ਜਾਂਦਾ ਸੀ। ਜਿਸ ਦਾ ਵਾਸਤਵਿਕ ਨਾਮ ਸੰਸਕ੍ਰਿਤ ਦੇ ਗ੍ਰੰਥਾਂ ਅਨੁਸਾਰ "ਨਵਸ਼ੇਸ਼ਟਿ", "ਨਵਾਂਨੇਸ਼ਟਿ" ਜਾਂ "ਆਗ੍ਰਯਣਕਰਮ" ਸੀ। ਇਸ ਤਿਉਹਾਰ ਦੀ ਆਰੰਭਤਾ ਦਾ ਮਕਸਦ ਉਸ ਸਮੇਂ ਦੇ ਸਮਾਜ ਵਿਚ ਸਰਬੋਤਮ ਦਰਜਾ ਪ੍ਰਾਪਤ ਬ੍ਰਾਹਮਣ ਲੋਕਾਂ ਦੁਆਰਾ ਘਰ ਬੈਠਿਆਂ ਹੀ ਅਨਾਜ ਦੀ ਪ੍ਰਾਪਤੀ ਕਰਨਾ ਸੀ ਤਾਂ ਜੋ ਉਨ੍ਹਾਂ ਨੂੰ ਅਗਲੇਰੇ ਮਹੀਨਿਆਂ ਲਈ ਭੁੱਖ ਤੋਂ ਬਚਣ ਵਾਸਤੇ ਲੋੜੀਂਦਾ ਖਾਣ ਪਦਾਰਥ ਪ੍ਰਾਪਤ ਹੋ ਸਕੇ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਅੰਦਰ ਪ੍ਰਾਪਤ ਬ੍ਰਾਹਮਣਵਾਦੀ ਤਬਕਾ ਹਮੇਸ਼ਾ ਤੋਂ ਆਪਣੇ ਮੁਫ਼ਾਦਾਂ ਹਿਤ ਆਮ ਲੋਕਾਂ ਨੂੰ ਗੁਮਰਾਹ ਕਰਦੇ ਹੋਏ ਨਿੱਤ-ਨਵੇਂ ਢੰਗ ਤਰੀਕਿਆਂ ਰਾਹੀਂ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਆ ਰਿਹਾ ਹੈ। ਇਸ ਜ਼ਰੂਰਤ ਦੀ ਪੂਰਤੀ ਹਿਤ ਹੀ ਬ੍ਰਾਹਮਣਵਾਦ ਦੇ ਸਰਬੋਤਮ ਸਮਰਥਕ ਮਨੂੰ ਨੇ ਆਪਣੀ ਰਚਨਾ ਅੰਦਰ ਕਿਹਾ ਹੈ ਕਿ, "ਪਹਿਲਾਂ ਦੀ ਕਮਾਈ ਹੋਈ ਫ਼ਸਲ ਦੇ ਸਮਾਪਤ ਹੋਣ ਜਾਂ ਥੋੜ੍ਹਾ ਹਿੱਸਾ ਰਹਿਣ ਤੇ ਜਦੋਂ ਨਵੀਂ ਫ਼ਸਲ ਆਵੇ ਤਾਂ ਨਵਾਂਨੇਸ਼ਟਿ ਕੀਤੀ ਜਾਵੇ।" ਜਿਸ ਦਾ ਸਪਸ਼ਟ ਅਰਥ ਇਹ ਸੀ ਕਿ ਫ਼ਸਲ ਦਾ ਇਕ ਹਿੱਸਾ ਪੁਰੋਹਿਤਾਂ ਨੂੰ ਦਾਨ ਕੀਤਾ ਜਾਵੇ। ਵੈਦਿਕ ਧਰਮ ਅੰਦਰ ਪ੍ਰਾਪਤ ਇਸ ਗ੍ਰਹਿ ਸੂਤਰ ਸਾਹਿੱਤ ਵਿਚ ਕੱਤਕ ਦੀ ਮੱਸਿਆ ਵਾਲੇ ਦਿਨ ਚੌਲ ਜਾਂ ਦੁੱਧ ਨੂੰ ਪਕਾ ਕਿ ਹਵਨ ਕਰਨ ਦਾ ਇਕ ਪੁਰਾਤਨ ਨਿਯਮ ਵੀ ਸਾਨੂੰ ਪ੍ਰਾਪਤ ਹੁੰਦਾ ਹੈ। ਇਨ੍ਹਾਂ ਗ੍ਰਹਿ ਸੂਤਰਾਂ ਦੇ ਆਧਾਰ 'ਤੇ ਹੀ ਵੈਦਿਕ ਸਾਹਿੱਤ ਦੀ ਖੋਜ ਕਰਨ ਵਾਲੇ ਵਿਦਵਾਨਾਂ ਅਨੁਸਾਰ ਨਵਾਂਨੇਸ਼ਟਿ ਦਾ ਤਿਉਹਾਰ ਸਮਾਂ ਬੀਤਣ ਤੇ ਦਿਵਾਲੀ ਦੇ ਰੂਪ ਵਿਚ ਰੂਪਾਂਤਰਿਤ ਹੋ ਗਿਆ ਹੈ।

ਦਿਵਾਲੀ ਬਾਬਤ ਜੋ ਕਥਾ ਸਾਨੂੰ ਆਮ ਸੁਣਨ ਵਿਚ ਮਿਲਦੀ ਹੈ, ਉਹ ਇਹ ਹੈ ਕਿ ਇਸ ਦਿਨ ਅਯੁੱਧਿਆ ਦੇ ਰਾਜਾ ਰਾਮ ਚੰਦਰ ਜੀ ਲੰਕਾ ਦੇ ਰਾਜਾ ਰਾਵਣ ਨੂੰ ਮੌਤ ਦੇ ਘਾਟ ਉਤਾਰ ਕਿ ਵਾਪਸ ਅਯੁੱਧਿਆ ਪਰਤੇ ਸਨ।ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿਚ ਹੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅਸਲ ਵਿਚ ਇਹ ਸਮੁੱਚੀ ਕਹਾਣੀ ਸਿਰਫ਼ ਮਨਘੜਤ ਅਤੇ ਕਲਪਿਤ ਹੋਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਰਾਮ ਚੰਦਰ ਜੀ ਦੇ ਜੀਵਨ ਬਿਰਤਾਂਤ ਨੂੰ ਘੋਖਿਆਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਦਿਵਾਲੀ ਦਾ ਰਾਮ ਚੰਦਰ ਜੀ ਦੇ ਅਯੁੱਧਿਆ ਪਰਤਣ ਨਾਲ ਕੋਈ ਸਬੰਧ ਨਹੀਂ ਹੈ। ਵਾਲਮੀਕੀ ਰਾਮਾਇਣ ਅਨੁਸਾਰ ਰਾਮ ਚੰਦਰ ਜੀ ਦੇ ਅਯੁੱਧਿਆ ਪਰਤਣ 'ਤੇ ਅਯੁੱਧਿਆ ਵਾਸੀਆਂ ਨੇ ਕੋਈ ਖ਼ਾਸ ਸਵਾਗਤ ਨਹੀਂ ਕੀਤਾ ਸੀ। ਦੂਸਰੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਜਿਸ ਵਕਤ ਰਾਮ ਚੰਦਰ ਜੀ ਅਪਣਾ ਚੌਦਾਂ ਸਾਲਾਂ ਦਾ ਬਣਵਾਸ ਕੱਟ ਕਿ ਅਤੇ ਰਾਵਣ ਨੂੰ ਮਾਰਨ ਉਪਰੰਤ ਮੁੜ ਅਯੁੱਧਿਆ ਪਰਤੇ ਸਨ, ਉਸ ਦਿਨ ਜਾਂ ਰਾਤ ਨੂੰ ਅਯੁੱਧਿਆ ਵਾਸੀਆਂ ਨੇ ਨਾ ਤਾਂ ਕੋਈ ਦੀਪ ਜਲਾਏ ਸਨ ਅਤੇ ਨਾ ਹੀ ਕੋਈ ਹੋਰ ਉਚੇਚਾ ਪ੍ਰਬੰਧ ਜਾਂ ਸਵਾਗਤ ਕੀਤਾ ਸੀ। ਇਹ ਗੱਲ ਅਸੀਂ ਇਸ ਲਈ ਕਹਿ ਸਕਦੇ ਹਾਂ ਕਿ ਰਾਮਾਇਣ ਅੰਦਰ ਅਜਿਹਾ ਕੋਈ ਪ੍ਰਮਾਣ ਸਾਨੂੰ ਪ੍ਰਾਪਤ ਨਹੀਂ ਹੁੰਦਾ। ਦੂਸਰੀ ਗੱਲ ਰਾਮਾਇਣ ਅਨੁਸਾਰ ਰਾਮ ਚੰਦਰ ਜੀ ਰਾਵਣ ਨੂੰ ਮਾਰਨ ਉਪਰੰਤ ਜਲਦੀ ਹੀ ਅਯੁੱਧਿਆ ਪਰਤ ਆਏ ਸਨ ਤੇ ਵਿਦਵਾਨਾਂ ਅਨੁਸਾਰ ਰਾਵਣ ਦੀ ਮੌਤ ਫੱਗਣ ਜਾਂ ਵੈਸਾਖ ਦੇ ਮਹੀਨੇ ਹੋਈ ਸੀ। ਜਿਸ ਦਾ ਮਤਲਬ ਇਹ ਹੋਇਆ ਕਿ ਰਾਮ ਚੰਦਰ ਜੀ ਇਹਨਾਂ ਮਹੀਨਿਆਂ ਦੇ ਆਸ-ਪਾਸ ਹੀ ਅਯੁੱਧਿਆ ਪਰਤੇ ਸਨ, ਨਾ ਕਿ ਉਨ੍ਹਾਂ ਦਾ ਪੁਨਰ ਅਯੁੱਧਿਆ ਆਗਮਨ ਕੱਤਕ ਦੇ ਮਹੀਨੇ ਵਾਲੀ ਮੱਸਿਆ ਦੇ ਦਿਨ ਹੋਇਆ। ਰਾਮ ਚੰਦਰ ਜੀ ਦੇ ਜੀਵਨ ਦੀ ਇਹ ਘਟਨਾ ਕੱਤਕ ਦੀ ਮੱਸਿਆ ਵਾਲੇ ਦਿਨ ਨਾਲ ਬਹੁਤ ਸਮਾਂ ਬਾਅਦ ਵਿਚ ਜੋੜੀ ਗਈ ਨਜ਼ਰੀਂ ਪੈਂਦੀ ਹੈ।

ਸਮੇਂ ਦੇ ਗੇੜ ਨਾਲ ਦਿਵਾਲੀ ਦਾ ਸਬੰਧ ਅੰਨ ਤੋਂ ਸਫ਼ਰ ਕਰਦਾ ਹੋਇਆ ਧਨ ਤੱਕ ਪਹੁੰਚ ਜਾਂਦਾ ਹੈ। ਜਿਸ ਦੀ ਪ੍ਰਾਪਤੀ ਲਈ ਬ੍ਰਾਹਮਣ ਇਕ ਨਵੀਂ ਦੇਵੀ "ਲਕਸ਼ਮੀ" ਦੀ ਸਿਰਜਣਾ ਕਰਦਾ ਹੈ। ਇਹ ਦੇਵੀ ਲਕਸ਼ਮੀ, ਜਿਸ ਦੀ ਕਿ ਪੁਰਾਣ ਸਾਹਿੱਤ ਤੋਂ ਪਹਿਲਾਂ ਕੋਈ ਹੋਂਦ ਹੀ ਨਹੀਂ ਸੀ ਇਕ-ਦਮ ਪੁਰੋਹਿਤ ਵਰਗ ਲਈ ਧਨ ਮੁਹੱਈਆ ਕਰਾਉਣ ਵਾਲੇ ਸਾਧਨ ਦੇ ਰੂਪ ਵਿਚ ਉੱਭਰ ਆਉਂਦੀ ਹੈ। ਜਿਸ ਦੀ ਦਿਵਾਲੀ ਵਾਲੇ ਦਿਨ ਵਿਸ਼ੇਸ਼ ਪੂਜਾ ਕਰਨੀ ਇਸ ਤਿਉਹਾਰ ਦਾ ਮਹੱਤਵਪੂਰਨ ਅੰਗ ਬਣ ਜਾਂਦੀ ਹੈ। ਇਸ ਸਮੁੱਚੇ ਘਟਨਾਕ੍ਰਮ ਦਾ ਵਿਰੋਧਾਭਾਸ ਇਸ ਗੱਲ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਜਿਸ ਰਾਮ ਚੰਦਰ ਜੀ ਨਾਲ ਦਿਵਾਲੀ ਦਾ ਤਥਾ-ਕਥਿਤ ਸਬੰਧ ਜੋੜਿਆ ਜਾਂਦਾ ਹੈ, ਉਨ੍ਹਾਂ ਦੀ ਪੂਜਾ ਇਸ ਦਿਨ ਕੋਈ ਵੀ ਨਹੀਂ ਕਰਦਾ ਅਤੇ ਧਨ ਦੀ ਦੇਵੀ ਲਕਸ਼ਮੀ ਨੂੰ ਇਸ ਦਿਨ ਖ਼ਾਸ ਤਵੱਜੋਂ ਨਾਲ ਪੂਜਿਆ ਜਾਂਦਾ ਹੈ।

ਸਿੱਖ ਧਰਮ ਅੰਦਰ ਦਿਵਾਲੀ
ਦਿਵਾਲੀ ਦਾ ਤਿਉਹਾਰ ਸਿੱਖ ਧਰਮ ਅੰਦਰ ਵੀ ਖ਼ਾਸ ਉਤਸ਼ਾਹ ਅਤੇ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ। ਸਿੱਖ ਭਾਈਚਾਰੇ ਅੰਦਰ ਪ੍ਰਾਪਤ ਕਥਾਵਾਂ ਅਨੁਸਾਰ ਇਸ ਦਿਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲ ਸ਼ਹਿਨਸ਼ਾਹ ਜਹਾਂਗੀਰ ਦੀ ਕੈਦ ਕੱਟਣ ਤੋਂ ਬਾਅਦ ਬਵੰਜਾਂ ਰਾਜਿਆਂ ਨੂੰ ਰਿਹਾਅ ਕਰਵਾ ਕੇ ਵਾਪਸ ਇਸ ਦਿਨ ਅੰਮ੍ਰਿਤਸਰ ਸਾਹਿਬ ਪਰਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇਲਾਵਾ ਇਸ ਦਿਨ ਨੂੰ ਗੁਰੂ ਅਮਰਦਾਸ ਜੀ ਨਾਲ ਵੀ ਸਬੰਧਿਤ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਅੰਦਰ ਵੀ ਇਸ ਦਿਨ ਦੀ ਖ਼ਾਸ ਮਹੱਤਤਾ ਹੈ, ਕਿਉਂਕਿ ਇਸ ਦਿਨ ਹੀ ਸਮੁੱਚਾ ਸਿੱਖ ਭਾਈਚਾਰਾ ਦੂਰੋਂ-ਨੇੜਿਉਂ ਚੱਲ ਕਿ ਹਰ ਹਾਲਾਤ ਵਿਚ ਅੰਮ੍ਰਿਤਸਰ ਸਾਹਿਬ ਪੰਥਕ ਮੁੱਦਿਆਂ ਦੇ ਵਿਚਾਰ ਵਿਸ਼ਲੇਸ਼ਣ ਹਿਤ ਇਕੱਤਰ ਹੁੰਦਾ ਸੀ, ਪਰ ਇਸ ਸਭ ਦੇ ਬਾਵਜੂਦ ਇਸ ਤਿਉਹਾਰ ਦੀ ਵਧੇਰੇ ਮਾਨਤਾ ਸਿੱਖਾਂ ਅੰਦਰ ਸਿਰਫ਼ ਗੁਰੁੂ ਹਰਗੋਬਿੰਦ ਸਾਹਿਬ ਜੀ ਕਾਰਨ ਹੀ ਪ੍ਰਾਪਤ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵਾਲੀ ਇਹ ਕਹਾਣੀ ਕਿੰਨੀ 'ਕੁ ਸੱਚ ਹੈ ਇਸ ਸਬੰਧੀ ਸਿੱਖ ਇਤਿਹਾਸ ਪੂਰੀ ਤਰ੍ਹਾਂ ਇਕ ਮੱਤ ਨਹੀਂ ਹੈ। ਜੇਕਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਤੋਂ ਆਪਣੀ ਗੱਲ ਸ਼ੁਰੂ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਸਿੱਧ ਸਿੱਖ ਇਤਿਹਾਸਕਾਰ ਸ. ਕਿਰਪਾਲ ਸਿੰਘ ਅਤੇ ਸ. ਖੜਕ ਸਿੰਘ ਤੋਂ ਲਿਖਵਾਈ ਗਈ ਸਿੱਖ ਹਿਸਟਰੀ ਦੇ ਪੰਨਾ 175 ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ 28 ਨਵੰਬਰ 1619 ਲਿਖੀ ਹੈ। ਇਸ ਦੇ ਨਾਲ ਹੀ ਉਪਰੋਕਤ ਲੇਖਕ ਇਹ ਵੀ ਆਖਦੇ ਹਨ ਕੇ ਸ਼ਾਇਦ ਇਹ ਰਿਹਾਈ 28 ਜਨਵਰੀ 1620 ਨੂੰ ਦੇ ਦਿੱਤੀ ਗਈ ਹੋਵੇ। ਸ਼੍ਰੋਮਣੀ ਕਮੇਟੀ ਦੀ ਹੀ 'ਹਿਸਟਰੀ ਆਫ਼ ਦਾ ਸਿਖਸ' ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਪਰਤਣਾ 28 ਜਨਵਰੀ 1620 ਦੱਸਿਆ ਗਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ-ਬ੍ਰਿਤਾਂਤ ਨੂੰ ਵਰਣਨ ਕਰਨ ਦਾ ਠੋਸ ਆਧਾਰ ਦੱਸੀ ਜਾਂਦੀ ਵਿਵਾਦਿਤ ਪੁਸਤਕ "ਗੁਰਬਿਲਾਸ ਪਾਤਸ਼ਾਹੀ ਛੇਵੀਂ" ਤਾਂ ਇਸ ਬਾਬਤ ਚੁੱਪ ਹੀ ਹੈ ਕੇ ਗੁਰੂ ਸਾਹਿਬ ਕਿਸ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਵਾਲੀਅਰ ਦੀ ਕੈਦ ਤੋਂ ਵਾਪਸ ਪਰਤੇ ਸਨ ਅਤੇ ਉਨ੍ਹਾਂ ਦੇ ਅੰਮ੍ਰਿਤਸਰ ਸਾਹਿਬ ਆਉਣ 'ਤੇ ਸਿੱਖਾਂ ਨੇ ਉਨ੍ਹਾਂ ਦਾ ਸਵਾਗਤ ਕਿਸ ਤਰ੍ਹਾਂ ਅਤੇ ਕਿਹੜੇ ਤਰੀਕਿਆਂ ਰਾਹੀਂ ਕੀਤਾ ਸੀ। ਸਾਡੇ ਸਮਿਆਂ ਦੇ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਵੀ ਆਪਣੀ ਪੁਸਤਕ "ਅਕਾਲ ਤਖ਼ਤ ਸਾਹਿਬ" ਵਿਚ ਹਰਮਿੰਦਰ ਸਾਹਿਬ ਦੀ ਦੀਪਮਾਲਾ ਜਾਂ ਦਿਵਾਲੀ ਵਾਲੇ ਦਿਨ ਦਾ ਕੋਈ ਜ਼ਿਕਰ ਨਹੀਂ ਕੀਤਾਹੈ। ਸਿੱਖ ਵਿਦਵਾਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਇਤਿਹਾਸ ਲਿਖਣ ਵਾਲੇ "ਗੁਰੁ ਭਾਰੀ" ਦੇ ਕਰਤਾ ਪ੍ਰਿੰ. ਸਤਬੀਰ ਸਿੰਘ ਜੀ ਅਨੁਸਾਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਈ ਹੋਈ ਤਾਂ ਉਸ ਸਮੇਂ ਨਾ ਦਿਵਾਲੀ ਸੀ ਅਤੇ ਨਾ ਹੀ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਉਸ ਵਕਤ ਦਿਵਾਲੀ ਦਾ ਤਿਉਹਾਰ ਸੀ। ਇਸ ਦੇ ਨਾਲ ਇਹ ਵੀ ਇਕ ਦਿਲਚਸਪ ਤੱਥ ਹੈ ਕਿ "ਗੁਰਦੁਆਰਾ ਸ਼੍ਰੀ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ" ਜਿੱਥੇ ਗੁਰੂ ਸਾਹਿਬ ਬਾਦਸ਼ਾਹ ਜਹਾਂਗੀਰ ਦੀ ਕੈਦ ਅਧੀਨ ਰਹੇ ਸਨ, ਉੱਥੇ ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ਦਿਵਾਲੀ ਅਤੇ ਦੁਸ਼ਿਹਰੇ ਤੋਂ ਪਹਿਲਾਂ ਮਨਾਈ ਜਾਂਦੀ ਹੈ। ਇਨ੍ਹਾਂ ਸਾਰੀਆਂ ਗਵਾਹੀਆਂ ਦੇ ਆਧਾਰ 'ਤੇ ਅਸੀਂ ਆਖ ਸਕਦੇ ਹਾਂ ਕਿ ਦਿਵਾਲੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਨਾਲ ਸਬੰਧਿਤ ਕਰਦੇ ਹੋਏ ਇਸ ਨੂੰ "ਬੰਦੀ ਛੋੜ ਦਿਵਸ" ਦੇ ਰੂਪ ਵਿਚ ਕੱਤਕ ਦੀ ਮੱਸਿਆ ਵਾਲੇ ਦਿਨ ਮਨਾਉਣਾ ਬਿਲਕੁਲ ਉਸੀ ਪ੍ਰਕਾਰ ਦੀ ਅਗਿਆਨਤਾ ਦਾ ਪ੍ਰਤੀਕ ਹੈ, ਜਿਸ ਤਰ੍ਹਾਂ ਦੀ ਅਗਿਆਨਤਾ ਵੈਦਿਕ ਧਰਮ ਦੇ ਅਨੁਆਈਆਂ ਅੰਦਰ ਅਪਣਾ ਘਰ ਕਰ ਬੈਠੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਇਸ ਇਤਿਹਾਸਿਕ ਘਟਨਾ ਦੀ ਆਪਣੀ ਅਹਿਮੀਅਤ ਹੈ, ਪਰ ਇਹ ਆਖਣਾ ਕਿ ਦਿਵਾਲੀ ਵਾਲੇ ਦਿਨ ਹੀ ਗੁਰੂ ਸਾਹਿਬ ਵਾਪਸ ਅੰਮ੍ਰਿਤਸਰ ਸਾਹਿਬ ਪਰਤੇ ਸਨ, ਆਪਣੇ ਇਤਿਹਾਸ ਤੋਂ ਅਗਿਆਨਤਾ ਦੀ ਨਿਸ਼ਾਨੀ ਸਾਬਿਤ ਹੁੰਦਾ ਹੈ। ਜੇਕਰ ਅਸੀਂ ਇਕ ਪਲ ਲਈ ਇਹ ਸਵੀਕਾਰ ਵੀ ਕਰ ਲਈਏ ਕਿ ਇਸ ਦਿਨ ਹੀ ਗੁਰੂ ਸਾਹਿਬ ਰਿਹਾਅ ਹੋ ਕਿ ਅੰਮ੍ਰਿਤਸਰ ਸਾਹਿਬ ਪਰਤੇ ਸਨ ਤਾਂ ਵੀ ਇਸ ਦਿਨ ਨੂੰ ਸਿੱਖਾਂ ਵੱਲੋਂ ਏਨੇ ਵੱਡੇ ਪੱਧਰ 'ਤੇ ਮਨਾਉਣਾ ਕੋਈ ਤਰਕ-ਪੂਰਨ ਗੱਲ ਨਹੀਂ ਜਾਪਦੀ, ਕਿਉਂ ਕਿ ਗੁਰੂ ਸਾਹਿਬ ਦਾ ਰਿਹਾਅ ਹੋਣਾ ਇਕ ਸਵਾਗਤ ਯੋਗ ਘਟਨਾ ਜ਼ਰੂਰ ਸੀ, ਪਰ ਇਹ ਸਿੱਖ ਇਤਿਹਾਸ ਦੀ ਸਰਬੋਤਮ ਘਟਨਾ ਨਹੀਂ ਸੀ। ਜਿਸ ਨੂੰ ਸਿੱਖ ਸਭ ਤੋਂ ਵਡੇਰੇ ਦਿਨ ਦੇ ਰੂਪ ਵਿਚ ਮਨਾਉਂਦੇ ਹੋਏ ਆਪਣੀਆਂ ਖ਼ੁਸ਼ੀਆਂ ਦਾ ਪ੍ਰਗਟਾਵਾ ਕਰ ਸਕਣ। ਦਰਅਸਲ ਬੰਦੀ ਛੋੜ ਦਿਵਸ ਨੂੰ ਦਿਵਾਲੀ ਵਾਲੇ ਦਿਨ ਨਾਲ ਅੰਤਰ-ਸਬੰਧਿਤ ਕਰਨ ਦੀ ਗੱਲ ਸਿੱਖਾਂ ਦੇ ਬੌਧਿਕ ਦਿਵਾਲੀਆਪਣ ਅਤੇ ਆਪਣੇ ਸਿਧਾਂਤਾਂ ਤੋਂ ਅਨਜਾਣੇ ਹੋਣ ਦੀਆਂ ਸ਼ਾਹਦੀਆਂ ਦੀ ਨਿਸ਼ਾਨੀ ਹੈ।

ਇਸ ਤੋਂ ਇਲਾਵਾ ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਸਿੱਖ ਸੰਗਤਾਂ ਨੂੰ ਦਿਵਾਲੀ ਦਾ ਤਿਉਹਾਰ ਮਨਾਉਣ ਦੀ ਤਾਕੀਦ ਗੁਰੂ ਪਰਿਵਾਰ ਦੇ ਅਤਿ ਕਰੀਬੀ ਅਤੇ ਮਹਾਨ ਗੁਰਬਾਣੀ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕੀਤੀ ਹੈ। ਅਜਿਹੇ ਵਿਚਾਰਾਂ ਦੇ ਹਮਾਇਤੀਆਂ ਮੁਤਾਬਿਕ ਆਪ ਜੀ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ:
ਦਿਵਾਲੀ ਕੀ ਰਾਤ ਦੀਵੇ ਬਾਲੀਅਨਿ॥
ਭਾਈ ਗੁਰਦਾਸ ਜੀ ਨੇ ਇਸ ਪੰਕਤੀ ਦੀ ਸਿਰਜਣਾ ਕਿਉਂ ਅਤੇ ਕਿਹੜੇ ਪ੍ਰਸੰਗਾਂ ਅਧੀਨ ਕੀਤੀ ਸੀ? ਇਸ ਲਈ ਲਾਜ਼ਮੀ ਬਣ ਜਾਂਦਾ ਹੈ ਕਿ ਅਸੀਂ ਇਸ ਵਾਰ ਦੇ ਸਮੁੱਚੇ ਪ੍ਰਸੰਗ ਨੂੰ ਵੇਖੀਏ ਤਾਂ ਜੋ ਇਹ ਸਮਝਣ ਵਿਚ ਆਸਾਨੀ ਪ੍ਰਾਪਤ ਹੋ ਸਕੇ ਕਿ ਭਾਈ ਸਾਹਿਬ ਅਸਲ ਵਿਚ ਕਹਿਣਾ ਕੀ ਚਾਹੁੰਦੇ ਹਨ । ਆਪ ਜੀ ਆਖਦੇ ਹਨ:
ਦਿਵਾਲੀ ਕੀ ਰਾਤ ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਫੂਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਤੀਰਥਿ ਜਾਤੀ ਜਾਤਿ ਨੈਣਿ ਨਿਹਾਲੀਅਨਿ॥
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮਾਲੀਅਨਿ॥

ਇਸ ਸ਼ਬਦ ਦੇ ਅਰਥ ਕਰਦਿਆਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਖਦੇ ਹਨ-  ਦਿਵਾਲੀ ਦੀ ਰਾਤ ਨੂੰ (ਘਰੋ-ਘਰੀਂ) ਦੀਵੇ ਬਾਲੀਂਦੇੇ ਹਨ (ਥੋੜ੍ਹੇ ਚਿਰ ਮਗਰੋਂ ਇਹ ਦੀਪਮਾਲਾ ਗੁੰਮ ਹੋ ਜਾਂਦੀ ਹੈ)।  ਰਾਤ ਨੂੰ ਤਾਰੇ ਵੱਡੇ ਛੋਟੇ ਆਕਾਸ਼ ਵਿਚ ਚਮਕਦੇ ਹਨ (ਦਿਨੇ ਉਨ੍ਹਾਂ ਦਾ ਖੁਰਾ ਖੋਜ ਨਹੀਂ ਦਿਸਦਾ)।ਫੁੱਲਾਂ ਦੀਆਂ ਬਗੀਚੀਆਂ (ਕੁੱਝ ਚਿਰ ਅਚਰਜ ਖਿੜਦੀਆਂ ਹਨ, ਪਰ ਝੱਟ ਹੀ ਉਨ੍ਹਾਂ ਚੋਂ) ਫੁੱਲ ਚੁਣ ਚੁਣ ਕਿ ਤੋੜ ਲਏ ਜਾਂਦੇ ਹਨ।ਯਾਤਰੀ ਤੀਰਥਾਂ ਪੁਰ ਜਾਂਦੇ (ਬੜੇ ਟੋਲਿਆਂ ਵਿਚ) ਅੱਖੀਂ ਦੇਖੀਦੇ ਹਨ, (ਪਰ ਛੇਤੀ ਹੀ ਤੀਰਥਾਂ ਪੁਰ ਉਨ੍ਹਾਂ ਦਾ ਮੁਸ਼ਕ ਨਹੀਂ ਰਹਿੰਦਾ)।ਹਰੀ ਚੰਦਉਰੀ ਦੇ (ਨਗਰ) ਦਿਖਲਾਵੇ ਮਾਤਰ ਦਿਖਾ ਕਿ (ਆਪ ਹੀ) ਉਜਾੜੀਦੇਂ ਹਨ।ਗੁਰਮੁਖਾਂ ਨੂੰ (ਆਤਮਨੰਤ ਰੂਪੀ) ਸੁਖ ਫਲ ਦੀ ਦਾਤ ਹੋਈ ਹੈ, (ਕਿਉਂ ਜੋ ਉਹ ਗੁਰੂ ਦੇ) ਸ਼ਬਦ ਨੂੰ ਯਾਦ ਕਰਦੇ ਹਨ।
ਇਸ ਸਮੁੱਚੇ ਅਰਥ ਦੇ ਭਾਵ ਕਰਦਿਆਂ ਆਪ ਜੀ ਆਖਦੇ ਹਨ, "ਗੁਰਮੁਖ ਲੋਕ ਦਿਵਾਲੀ ਦੀ ਰਾਤ ਦੀ ਖ਼ੁਸ਼ੀ, ਤਾਰੇ,  ਫੁੱਲ ਅਰ ਤੀਰਥ ਦੇ ਮੇਲਿਆਂ ਵਾਂਗੂੰ ਜਗਤ ਨੂੰ ਅਲਪ ਕਾਲ ਦੀ ਖ਼ੁਸ਼ੀ ਮੰਨ ਕਿ ਚਿੱਤ ਕਰ ਕੇ ਉਪਰਾਮ ਰਹਿੰਦੇ ਅਰ ਗੁਰੂ ਜੀ ਦੇ ਸ਼ਬਦਾਂ ਸਿਮਰਨ ਕਰਦੇ ਰਹਿੰਦੇ ਹਨ।"ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਸ਼ਬਦ ਦਾ ਅਰਥ ਕਰਨ ਤੋਂ ਪਹਿਲਾਂ ਭਾਈ ਸਾਹਿਬ ਨੇ ਇਸ ਸ਼ਬਦ ਦੇ ਉੱਪਰ ਸਿਰਲੇਖ 'ਚੱਲਣ ਜੁਗਤ' ਦਿੱਤਾ ਹੈ, ਜਿਹੜਾ ਸਪਸ਼ਟ ਕਰਦਾ ਹੈ ਕਿ ਇਸ ਸ਼ਬਦ ਵਿਚ ਭਾਈ ਗੁਰਦਾਸ ਜੀ ਇਕ ਜੀਵਨ ਜਾਚ ਦੀ ਗੱਲ ਕਰ ਰਹੇ ਹਨ ਨਾ ਕਿ ਸਿੱਖਾਂ ਨੂੰ ਦਿਵਾਲੀ ਵਾਲੇ ਦਿਨ ਦੀਵੇ ਬਾਲਣ ਦੀ ਤਾਕੀਦ ਕਰਦੇ ਹਨ।"

ਇਸ ਸ਼ਬਦ ਦੇ ਸਾਰੇ ਅਰਥ ਪੜ੍ਹਨ ਉਪਰੰਤ ਪਤਾ ਲੱਗਦਾ ਹੈ ਕੇ ਦਿਵਾਲੀ ਵਾਲੀ ਰਾਤ ਦਾ ਸਿੱਖ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ,ਸਗੋਂ ਭਾਈ ਗੁਰਦਾਸ ਜੀ ਨੇ ਤਾਂ ਦਿਵਾਲੀ ਨੂੰ "ਹਰਚੰਦਉਰੀ" ਕਹਿ ਕਿ ਸੰਬੋਧਿਤ ਕੀਤਾ ਹੈ।ਇਹਨਾਂ ਪੰਗਤੀਆਂ ਵਿਚ ਭਾਈ ਸਾਹਿਬ ਜੀ ਨੇ ਮਨੁੱਖ ਨੂੰ ਦਿਵਾਲੀ ਦੇ ਦ੍ਰਿਸ਼ਟਾਂਤ ਰਾਹੀਂ ਸਮਝਾ ਕਿ ਫੋਕਟ ਕਰਮਾਂ ਤੋਂ ਹਟਾਉਂਦੇ ਹੋਏ ਗੁਰਮੁਖ ਜੀਵਨ ਜਿਊਣ ਵੱਲ ਪ੍ਰੇਰਿਤ ਕੀਤਾ ਹੈ, ਪਰ ਕਿੰਨੀ ਵੱਡੀ ਮੂਰਖਤਾ ਦੀ ਗੱਲ ਹੈ ਕਿ ਅਸੀਂ ਸਮੁੱਚੇ ਸ਼ਬਦ ਦਾ ਭਾਵ ਅਰਥ ਸਮਝਣ ਦੀ ਥਾਂ ਤੇ ਆਪਣੇ ਮਤਲਬਾਂ ਅਨੁਸਾਰ ਅਰਥ ਦੇ ਅਨਰਥ ਕਰਦੇ ਹੋਏ ਇਕ ਦੁਨਿਆਵੀ ਤਿਉਹਾਰ ਨੂੰ ਮਨਾਉਣ ਵੱਲ ਖ਼ੁਦ ਨੂੰ ਖੋਭ ਦਿੱਤਾ ਹੈ ਅਤੇ ਇਹ ਬਿਲਕੁਲ ਭੁੱਲ ਚੁੱਕੇ ਹਾਂ ਕਿ ਜਿਸ ਸ਼ਬਦ ਦੀ ਵਰਤੋਂ ਸਿਰਫ਼ ਜਨ ਸਾਧਾਰਨ ਨੂੰ ਸਮਝਾਉਣ ਹਿਤ ਕੀਤੀ ਗਈ ਸੀ, ਉਸ ਦਾ ਇਸ ਤਿਉਹਾਰ ਨਾਲ ਅਸਲ ਵਿਚ ਕੋਈ ਸਬੰਧ ਹੀ ਨਹੀਂ ਹੈ।

ਜੇਕਰ ਉਪਰੋਕਤ ਗੱਲਾਂ ਪੂਰੀ ਤਰ੍ਹਾਂ ਸਹੀ ਹਨ ਤਾਂ ਸਾਡੇ ਮਨ ਵਿਚ ਇਹ ਸਵਾਲ ਵੀ ਉਤਪੰਨ ਹੋ ਸਕਦਾ ਹੈ ਕਿ ਫਿਰ ਸਿੱਖ ਦਿਵਾਲੀ ਵਾਲੇ ਦਿਨ ਦੀਪਮਾਲਾ ਕਿਉਂ ਕਰਨ ਲੱਗ ਪਏ ਹਨ?ਇਸ ਸਬੰਧੀ ਇਤਿਹਾਸ ਸਾਨੂੰ ਦੱਸਦਾ ਹੈ ਕਿ ਮੁਗ਼ਲ ਸ਼ਹਿਨਸ਼ਾਹ ਬਾਦਸ਼ਾਹ ਜਹਾਂਗੀਰ ਜਿਨ੍ਹਾਂ ਦਿਨਾਂ ਦੌਰਾਨ ਦਿਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਸੀ, ਉਨ੍ਹਾਂ ਦਿਨਾਂ ਦੌਰਾਨ ਹੀ ਪੰਜਾਬ ਦੇ ਦੌਰੇ 'ਤੇ ਆਇਆ ਸੀ।ਬਾਦਸ਼ਾਹ ਦੇ ਪੰਜਾਬ ਆਉਣ ਦਾ ਇਹ ਸਾਲ ਵਿਦਵਾਨਾਂ ਨੇ 1619 ਈਸਵੀ ਸਵੀਕਾਰ ਕੀਤਾ ਹੈ।ਇਸ ਸਮੇਂ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਹਿਬ ਵੱਸ ਰਹੇ ਸਨ, ਪਰ ਕੁੱਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਜਿਸ ਸਮੇਂ ਬਾਦਸ਼ਾਹ ਪੰਜਾਬ ਦੇ ਦੌਰੇ ਤੇ ਆਇਆ ਉਹ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੀ ਕੈਦ ਵਿਚੋਂ ਰਿਹਾਅ ਕਰ ਕਿ ਆਪਣੇ ਨਾਲ ਲੈ ਕਿ ਆਇਆ ਸੀ, ਜਿਹੜਾ ਕਿ ਇਕ ਦੋਸ਼ ਪੂਰਨ ਤੱਥ ਹੈ।ਜਹਾਂਗੀਰ ਦੇ ਪੰਜਾਬ ਆਉਣ ਦੀ ਖ਼ੁਸ਼ੀ ਵਿਚ ਹੀ ਉਸ ਦੇ ਖ਼ਾਸਮ-ਖ਼ਾਸ ਇਤਮਾਦ-ਉਦ-ਦਉਲਾ ਨੇ ਪੰਜਾਬ ਦੇ ਹਰ ਇਕ ਪਿੰਡ, ਸ਼ਹਿਰ, ਗਲੀ-ਮੁਹੱਲੇ ਆਦਿ ਨੂੰ ਦੁਲਹਨ ਵਾਂਗ ਸਜਾ ਦਿੱਤਾ ਸੀ।ਜਿਸ ਕਾਰਜ ਲਈ ਉਸ ਨੇ ਮਾਹਿਰ ਕਲਾਕਾਰਾਂ ਨੂੰ ਯੂਰਪ ਤੋਂ ਵਿਸ਼ੇਸ਼ ਤੌਰ ਤੇ ਮੰਗਵਾਇਆ ਸੀ।ਉਨ੍ਹਾਂ ਸਮਿਆਂ ਦੌਰਾਨ ਇਤਮਾਦ-ਉਦ-ਦਉਲਾ ਨੇ ਇਸ ਸਮੁੱਚੀ ਸਜਾਵਟ ਅਤੇ ਕਾਰਜ ਵਿਹਾਰ ਲਈ ਸਾਢੇ ਚਾਰ ਲੱਖ ਰੁਪਏ ਦੇ ਕਰੀਬ ਦਾ ਖਰਚਾ ਕੀਤਾ ਸੀ।ਸਿੱਖ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਅਦਭੁਤ ਸਜਾਵਟ ਤੋਂ ਪ੍ਰਭਾਵਿਤ ਅਤੇ ਉਤਸ਼ਾਹਿਤ ਹੋ ਕਿ ਹੀ ਪੰਜਾਬ ਵਿਚ ਇਹ ਤਿਉਹਾਰ ਮਨਾਇਆ ਜਾਣ ਲੱਗਾ।

ਸੰਖੇਪ ਵਿਚ ਅਸੀਂ ਆਖ ਸਕਦੇ ਹਾਂ ਕਿ ਦਿਵਾਲੀ ਸਿਰਫ਼ ਇਕ ਮੌਸਮੀ ਤਿਉਹਾਰ ਹੈ। ਜਿਸ ਅੰਦਰ ਸਮੇਂ ਦੇ ਵੱਖ-ਵੱਖ ਪੜਾਵਾਂ 'ਤੇ ਵੱਖਰੀਆਂ-ਵੱਖਰੀਆਂ ਕਥਾ-ਕਹਾਣੀਆਂ, ਮਿੱਥਾਂ-ਰਵਾਇਤਾਂ ਆਦਿ ਸ਼ਾਮਿਲ ਹੁੰਦੀਆਂ ਰਹੀਆਂ ਹਨ, ਪਰ ਇਹ ਵੀ ਇਕ ਇਤਿਹਾਸਿਕ ਤੱਥ ਹੈ ਕਿ ਜਿਨ੍ਹਾਂ ਕਥਾ ਕਹਾਣੀਆਂ ਕਾਰਨ ਅਸੀਂ ਵਰਤਮਾਨ ਸਮਿਆਂ ਅੰਦਰ ਇਸ ਤਿਉਹਾਰ ਨੂੰ ਮਨਾਉਂਦੇ ਹਾਂ ਉਨ੍ਹਾਂ ਦੀ ਇਤਿਹਾਸਿਕ ਤੰਦ ਕਿਸੇ ਵੀ ਤਰ੍ਹਾਂ ਇਸ ਤਿਉਹਾਰ ਨਾਲ ਨਹੀਂ ਜੁੜਦੀ, ਸਗੋਂ ਅਜਿਹਾ ਕਰਨਾ ਸਾਡੀ ਅਲਪ ਬੁੱਧੀ ਅਤੇ ਇਤਿਹਾਸਿਕ ਸੋਝੀ ਤੋਂ ਅਗਿਆਨਤਾ ਦਾ ਪ੍ਰਤੀਕ ਬਣ ਜਾਂਦਾ ਹੈ। ਜਿਸ ਦਾ ਸਿੱਧਾ ਫ਼ਾਇਦਾ ਵਰਤਮਾਨ ਸਮਿਆਂ ਵਿਚ ਉਪਭੋਗੀ ਸਭਿਆਚਾਰ ਕਾਰਨ ਪਸਰੇ ਪੂੰਜੀਵਾਦ ਪ੍ਰਬੰਧਾਂ ਨੂੰ ਜਾ ਪਹੁੰਚਦਾ ਹੈ।

ਪਰਮਿੰਦਰ ਸਿੰਘ ਸ਼ੌਂਕੀ, 
ਮੋ. 94643-46677

Thursday, October 11, 2018

ਰਾਵਣ: ਇਤਿਹਾਸਿਕ ਪਿਛੋਕੜ ਅਤੇ ਬਦਲਦੇ ਪਰਿਪੇਖ




ਦਸਹਿਰਾ ਵੈਦਿਕ ਪਰੰਪਰਾ ਦੇ ਉਨ੍ਹਾਂ ਕੁਝ ’ਕੁ ਵਿਸ਼ਵ ਪ੍ਰਸਿੱਧ ਤਿਉਹਾਰਾਂ ਵਿਚ ਸ਼ਾਮਿਲ ਇਕ ਮਹੱਤਵਪੂਰਨ ਤਿਉਹਾਰ ਹੈ, ਜਿਸ ਨੇ ਵਰਤਮਾਨ ਸਮਿਆਂ ਅੰਦਰ ਵੀ ਆਪਣੀ ਹੋਂਦ ਨੂੰ ਨਾਂ ਸਿਰਫ਼ ਬਰਕਰਾਰ ਹੀ ਰੱਖਿਆ ਹੋਇਆ ਹੈ, ਸਗੋਂ ਇਹ ਸਮੇਂ ਦੇ ਬੀਤਣ ਨਾਲ ਹੋਰ ਵਧੇਰੇ ਪ੍ਰਪੱਕ ਅਤੇ ਪਸਾਰਮਈ ਵੀ ਬਣਦਾ ਜਾ ਰਿਹਾ ਹੈ। ਇਸ ਤਿਉਹਾਰ ਦਾ ਆਧਾਰਭੂਤ ਸਬੰਧ ਜਿੱਥੇ ਵੈਦਿਕ ਧਰਮ/ਮਿਥਿਹਾਸ ਨਾਲ ਜੋੜਿਆ ਜਾਂਦਾ ਹੈ, ਉੱਥੇ ਹੀ ਇਸ ਨੂੰ ਭਾਰਤੀ ਸਮਾਜ ਅੰਦਰ ਪ੍ਰਾਪਤ ਨੈਤਿਕਤਾ ਅਤੇ ਨਿਆਂ ਬਹਾਲੀ ਵਰਗੇ ਸੰਕਲਪਾਂ ਨਾਲ ਵੀ ਸਬੰਧਿਤ ਕੀਤਾ ਜਾਂਦਾ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜਿਹੜਾ ਸਾਨੂੰ ਭਾਰਤੀ ਉਪ-ਮਹਾਂਦੀਪ ਅੰਦਰ ਦਾਖਿਲ ਹੋਣ ਵਾਲੇ ਸਭ ਤੋਂ ਪਹਿਲੇ ਗੈਰ-ਭਾਰਤੀ ਲੋਕਾਂ “ਆਰੀਆ” ਅਤੇ ਇੱਥੋਂ ਦੇ ਮੂਲ ਵਾਸੀ “ਦਰਾਵੜਾਂ” ਵਿਚਕਾਰ ਹੋਈਆਂ ਲੜਾਈਆਂ ਉਪਰੰਤ ਉਪਜੇ ਦੁਖਾਂਤਾਂ ਅਤੇ ਵਖਰੇਵਿਆਂ ਦੀ ਦੱਸ ਪਾਉਂਦਾ ਹੈ। ਅਸਲ ਵਿਚ ਦਸਹਿਰਾ ਆਰੀਆ ਦੀ ਜਿੱਤ ਅਤੇ ਦਰਾਵੜਾਂ ਦੀ ਹਾਰ ਦੀ ਉਹ ਦਾਸਤਾਨ ਹੈ, ਜਿਹੜੀ ਕੇ ਇੱਕੀਵੀਂ ਸਦੀ ਤੱਕ ਪਹੁੰਚਣ ਦੇ ਬਾਵਜੂਦ ਵੀ ਭਾਰਤੀ ਲੋਕਾਂ ਅੰਦਰ ਆਪਸੀ ਪਿਆਰ ਅਤੇ ਸਦਭਾਵਨਾ ਦੀ ਪੈਦਾਇਸ਼ ਕਰਨ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਇਹ ਤਿਉਹਾਰ ਦੋ ਕੌਮਾਂ ਵਿਚਕਾਰ ਆਪਸੀ ਨਫ਼ਰਤੀ ਭਾਵਨਾਵਾਂ ਦੀ ਉਤਪਤੀ ਕਰਨ ਅਤੇ ਭਾਈਚਾਰਿਕ ਸਾਂਝਾਂ ਦੀਆਂ ਬੁਨਿਆਦਾਂ ਉਖੇੜਨ ਵਾਲਾ ਤਿਉਹਾਰ ਹੈ। ਜਿਸ ਦੀਆਂ ਪੈਦਾ ਕੀਤੀਆਂ ਦੁਰ ਭਾਵਨਾਵਾਂ ਅੱਜ ਵੀ ਭਾਰਤ ਅੰਦਰ ਸ਼ਾਂਤੀ ਬਹਾਲੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਮੂੰਹ ਚਿੜਾਉਂਦੀਆਂ ਹਨ।

ਸਾਧਾਰਨ ਅਰਥਾਂ ਅਨੁਸਾਰ ਦਸਹਿਰਾ ਉਹ ਤਿਉਹਾਰ ਹੈ, ਜਿਹੜਾ ਦਸ ਸਿਰਾਂ ਵਾਲੇ ਅਰਥਾਤ ਰਾਵਣ ਨੂੰ ਮਾਰਨ ਨਾਲ ਸੰਬੰਧਿਤ ਹੈ। ਇਸ ਤਿਉਹਾਰ ਦੇ ਨਾਇਕ ਰਾਮ ਚੰਦਰ ਜੀ ਬਾਰੇ ਹੁਣ ਤੱਕ ਹਜ਼ਾਰਾਂ ਗ੍ਰੰਥ ਅਤੇ ਪੁਸਤਕਾਂ ਦੀ ਸਿਰਜਣਾ ਹੋ ਚੁੱਕੀ ਹੈ, ਪਰ ਰਾਵਣ ਕੌਣ ਸੀ? ਇਹ ਇਕ ਅਜਿਹਾ ਵਿਸ਼ਾ ਹੈ, ਜਿਸ ਬਾਬਤ ਅਜੇ ਵੀ ਯੋਗ ਸਮਗਰੀ ਦੀ ਕਾਫ਼ੀ ਕਮੀ ਮਹਿਸੂਸ ਕੀਤੀ ਜਾਂਦੀ ਹੈ। ਇਸ ਕਾਰਨ ਜ਼ਿਆਦਾਤਰ ਲੋਕਾਂ ਨੇ ਰਾਵਣ ਨੂੰ ਉਸ ਤਰ੍ਹਾਂ ਦਾ ਇਨਸਾਨ ਹੀ ਸਮਝ ਲਿਆ ਹੈ, ਜਿਸ ਤਰ੍ਹਾਂ ਦੀ ਦੱਸ ਉਨ੍ਹਾਂ ਨੂੰ ਬਹੁ-ਗਿਣਤੀ ਲੋਕਾਂ ਦੁਆਰਾ ਲਿਖਿਤ ਆਪਣੀਆਂ ਗ੍ਰੰਥਾਂ ਅਤੇ ਪੁਸਤਕਾਂ ਰਾਹੀਂ ਪਾਈ ਅਤੇ ਦਿਖਾਈ ਗਈ ਹੈ। ਇਸ ਬਹੁ-ਗਿਣਤੀ ਦੀਆਂ ਰਵਾਇਤਾਂ ਅਤੇ ਵੈਦਿਕ ਮਿਥਿਹਾਸ ਮੁਤਾਬਿਕ ਰਾਵਣ ਇਕ ਅਜਿਹਾ ਸ਼ਖ਼ਸ ਸੀ, ਜਿਹੜਾ ਕਿ ਆਪਣੀ ਮਾਤਾ ਦੇ ਗਰਭ ਅੰਦਰ ਹੀ ਕ੍ਰੋਧੀ, ਕਾਮੀ, ਅਹੰਕਾਰੀ, ਲਾਲਚੀ, ਹੈਵਾਨ ਅਤੇ ਰਾਕਸ਼ਸ਼ ਆਦਿ ਬਿਰਤੀਆਂ ਨੂੰ ਧਾਰਨ ਕਰ ਚੁੱਕਾ ਸੀ। ਰਾਵਣ ਦੇ ਜੀਵਨ ਬਾਰੇ ਕੁਝ ਵੀ ਸਮਝਣ ਤੋਂ ਪਹਿਲਾ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਉਸ ਸਬੰਧੀ ਮੁੱਢਲਾ ਅਤੇ ਮਹੱਤਵਪੂਰਨ ਪ੍ਰਚਾਰ ਉਨ੍ਹਾਂ ਲੋਕਾਂ ਨੇ ਹੀ ਕੀਤਾ, ਜਿਨ੍ਹਾਂ ਨੇ ਮੱਧ-ਏਸ਼ੀਆ ਤੋਂ ਉੱਠ ਕਿ ਅਪਣਾ ਵਾਸਾ ਉੱਤਰ ਭਾਰਤ ਅੰਦਰ ਕੀਤਾ ਸੀ। ਇਨ੍ਹਾਂ ਲੋਕਾਂ ਨੇ ਹੀ ਵਿਸ਼ਵ ਦੇ ਸਭ ਤੋਂ ਪਹਿਲੇ ਗ੍ਰੰਥ “ਰਿਗਵੇਦ” ਦੀ ਸਿਰਜਣਾ ਕੀਤੀ। ਜਿਸ ਵਿਚ ਇਨ੍ਹਾਂ ਦੀਆਂ ਜੰਗਜੂ ਬਿਰਤੀਆਂ, ਧਨ ਦੇ ਲਾਲਸੀਪੁਣੇ ਅਤੇ ਜਾਤੀਗਤ ਅਹੰਕਾਰਾਂ ਦਾ ਬਾਖ਼ੂਬੀ ਚਿਤਰਨ ਕੀਤਾ ਗਿਆ ਹੈ। ਭਾਰਤ ਆਉਣ ਉਪਰੰਤ ਇਨ੍ਹਾਂ ਨੇ ਇੱਥੋਂ ਦੇ ਮੂਲ ਵਾਸੀ ਲੋਕਾਂ ਨੂੰ ਦੱਖਣ ਵੱਲ ਧੱਕ ਦਿੱਤਾ। ਭਾਵੇਂ ਕਿ ਕੁਝ ਵਿਦਵਾਨ ਇਸ ਗੱਲ ਨਾਲ ਸਹਿਮਤੀ ਨਹੀਂ ਪ੍ਰਗਟਾਉਂਦੇ, ਪਰ ਫਿਰ ਵੀ ਇਹ ਹੁਣ ਤੱਕ ਬਹੁ-ਸੰਮਤੀ ਨੂੰ ਪ੍ਰਾਪਤ ਧਾਰਨਾ ਹੈ ਕਿ ਆਰੀਆ ਭਾਰਤ ਅੰਦਰ ਬਾਹਰੋਂ ਚੱਲ ਕਿ ਹੀ ਆਏ ਸਨ। ਉਨ੍ਹਾਂ ਨੇ ਇਸ ਖ਼ਿੱਤੇ ਅੰਦਰ ਪਹਿਲਾਂ ਰਹਿਣ ਵਾਲੇ ਲੋਕਾਂ ਨਾਲ ਬਹੁਤ ਜ਼ਿਆਦਾ ਕਰੂਰਤਾ ਵਰਤ ਕਿ ਇੱਥੋਂ ਦੇ ਸਮੁੱਚੇ ਸ਼ਾਸਨ-ਪ੍ਰਬੰਧ ਅਤੇ ਸਭਿਆਚਾਰਾਂ ਉੱਪਰ ਅਪਣਾ ਅਧਿਕਾਰ ਸਥਾਪਿਤ ਕਰ ਲਿਆ ਸੀ। ਦਸਹਿਰਾ ਤਿਉਹਾਰ ਦੇ ਪ੍ਰਮੁੱਖ ਨਾਇਕ ਸ਼੍ਰੀ ਰਾਮ ਚੰਦਰ ਜੀ ਇਨ੍ਹਾਂ ਬਾਹਰੋਂ ਆਏ ਲੋਕਾਂ ਦੀ ਸੰਤਾਨ ਸਵੀਕਾਰ ਕੀਤੇ ਜਾਂਦੇ ਹਨ। ਜਦੋਂ ਕਿ ਰਾਵਣ ਨੂੰ ਇੱਥੋਂ ਦੇ ਮੂਲ ਵਾਸੀ ਮੰਨਿਆ ਗਿਆ ਹੈ। ਇਨ੍ਹਾਂ ਹਾਲਤਾਂ ਵਿਚ ਸਭ ਤੋਂ ਪਹਿਲੀ ਸਵੀਕਾਰਨ ਯੋਗ ਗੱਲ ਇਹ ਹੈ ਕਿ ਜੇਤੂਆਂ ਦੁਆਰਾ ਲਿਖੇ ਗਏ ਇਤਿਹਾਸ/ਮਿਥਿਹਾਸ ਵਿਚ ਕਦੀ ਵੀ ਆਪਣੇ ਵਿਰੋਧੀ ਦਾ ਸਹੀ ਚਿਤਰਨ ਨਹੀਂ ਕੀਤਾ ਜਾਂਦਾ, ਸਗੋਂ ਉਸ ਨੂੰ ਨੀਚਤਾ ਦੀ ਪੱਧਰ ਤੱਕ ਲਿਜਾ ਕਿ ਤ੍ਰਿਸਕਾਰ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ। ਇਹ ਗੱਲ ਰਾਵਣ ਦੇ ਸਬੰਧ ਵਿਚ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।

ਰਾਵਣ ਦੇ ਜਨਮ ਨਾਲ ਸੰਬੰਧਿਤ ਸਾਨੂੰ ਮੁੱਖ ਰੂਪ ਵਿਚ ਤਿੰਨ ਧਾਰਨਾਵਾਂ ਪ੍ਰਾਪਤ ਹੁੰਦੀਆਂ ਹਨ।
1. ਰਾਵਣ ਪਦਮ ਪੁਰਾਣ ਅਤੇ ਸ਼੍ਰੀਮਦ ਭਗਵਤ ਪੁਰਾਣ ਅਨੁਸਾਰ ਹਰਨਾਖਸ਼ ਦਾ ਦੂਸਰਾ ਜਨਮ ਸੀ।
2.ਬਾਲਮੀਕੀ ਰਾਮਾਇਣ ਅਨੁਸਾਰ ਰਾਵਣ ਪੁਲਸਤਯ ਰਿਸੀ ਜੀ ਦਾ ਪੋਤਾ ਅਤੇ ਰਿਸੀ ਵਿਸਵਸਵਾ ਦਾ ਪੁੱਤਰ ਸੀ।
3.ਤੁਲਸੀ ਰਾਮਾਇਣ ਦੇ ਮੁਤਾਬਿਕ ਰਾਵਣ ਦੇ ਜਨਮ ਦਾ ਮੂਲ ਕਾਰਨ ਉਸ ਨੂੰ ਮਿਲਿਆ ਸਰਾਪ ਸੀ।

ਰਾਵਣ ਬ੍ਰਾਹਮਣ ਪਿਤਾ ਅਤੇ ਰਾਕਸ਼ਸ਼ ਮਾਤਾ ਦਾ ਪੁੱਤਰ ਸੀ। ਉਸ ਦੇ ਪਿਤਾ ਰਿਸ਼ੀ ਵਿਸਵਸਵਾ ਦੀ ਵਰਵਰਣਿਨੀ ਅਤੇ ਕੈਕਸੀ ਨਾਮ ਦੀਆਂ ਦੋ ਪਤਨੀਆਂ ਸਨ। ਵਰਵਰਣਿਨੀ ਨੇ ਕੁਬੇਰ ਨੂੰ ਜਨਮ ਦਿੱਤਾ ਅਤੇ ਕੈਕਸੀ ਨੇ ਰਾਵਣ, ਕੁੰਭਕਰਨ, ਵਿਭੀਸ਼ਣ ਅਤੇ ਸਰੂਪਨਖਾ ਨੂੰ ਜਨਮ ਦਿੱਤਾ। ਰਾਵਣ ਨੇ ਲੰਕਾ ਉੱਪਰ ਅਧਿਕਾਰ ਸਥਾਪਿਤ ਕਰਨ ਉਪਰੰਤ ਆਪਣੀ ਭੈਣ ਸਰੂਪਨਖਾ ਦਾ ਵਿਆਹ ਕਾਲਕਾ ਦੇ ਪੁੱਤਰ ਵਿਦਯੁਵਿਹਵਾ ਨਾਲ ਕੀਤਾ ਸੀ ਅਤੇ ਖ਼ੁਦ ਉਸ ਨੇ ਅਪਣਾ ਵਿਆਹ ਦਿੱਤੀ ਦੇ ਪੁੱਤਰ ਮਯ ਦੀ ਬੇਟੀ ਮੰਦੋਦਰੀ ਨਾਲ ਕੀਤਾ। ਜਿਹੜੀ ਕਿ ਹੇਮਾ ਨਾਮ ਦੀ ਅਪਸਰਾ ਦੀ ਕੁੱਖੋਂ ਜਨਮੀ ਸੀ। ਮੰਦੋਦਰੀ ਸਬੰਧੀ ਵਿਦਵਾਨਾਂ ਦਾ ਆਖਣਾ ਹੈ ਕਿ ਇਹ ਰਾਜਸਥਾਨ ਦੇ ਜੋਧਪੁਰ ਨੇ ਨੇੜਲੇ ਇਲਾਕੇ ਮੰਦੋਰ ਦੀ ਰਹਿਣ ਵਾਲੀ ਸੀ। ਮੰਦੋਦਰੀ ਦੀ ਕੁੱਖੋਂ ਮੇਘਨਾਥ ਦਾ ਜਨਮ ਹੋਇਆ। ਜਿਸ ਨੇ ਦੇਵਤਿਆਂ ਦੇ ਮੁਖੀ ਇੰਦਰ ਨੂੰ ਹਰਾਉਣ ਤੋਂ ਬਾਅਦ “ਇੰਦਰਜੀਤ” ਨਾਮ ਧਾਰਨ ਕੀਤਾ ਸੀ। 
ਜੈਨ ਸ਼ਾਸਤਰਾਂ ਅੰਦਰ ਰਾਵਣ ਨੂੰ ਪ੍ਰਤਿ ਨਾਰਾਇਣ ਸਵੀਕਾਰ ਕੀਤਾ ਗਿਆ ਹੈ। ਜੈਨ ਧਰਮ ਦੇ 64 ਪੁਰਸ਼ਾਂ ਵਿਚ ਵੀ ਰਾਵਣ ਦੀ ਗਿਣਤੀ ਕੀਤੀ ਜਾਂਦੀ ਹੈ। ਜੈਨ ਪੁਰਾਣਾਂ ਅਨੁਸਾਰ ਮਹਾਂ ਪੰਡਿਤ ਰਾਵਣ ਆਗਾਮੀ 24 ਤੀਰਥੰਕਰਾਂ ਦੀ ਸੂਚੀ ਵਿਚ ਭਗਵਾਨ ਮਹਾਂਵੀਰ ਦੀ ਤਰ੍ਹਾਂ ਚੌਬੀਸਵੇਂ ਤੀਰਥੰਕਰ ਦੇ ਰੂਪ ਵਿਚ ਪ੍ਰਵਾਨਿਤ ਹੋਣਗੇ। ਇਸ ਲਈ ਕੁਝ ਪ੍ਰਸਿੱਧ ਪ੍ਰਾਚੀਨ ਜੈਨ ਤੀਰਥ ਸਥਾਨਾਂ ਅੰਦਰ ਉਸ ਦੀਆਂ ਮੂਰਤੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ।

ਹਾਲਾਂਕਿ ਰਾਵਣ ਨੂੰ ਕਥਾਕਾਰਾਂ ਨੇ ਦਸ ਸਿਰਾਂ ਵਾਲਾ ਰਾਕਸ਼ਸ਼ ਸਵੀਕਾਰ ਕੀਤਾ ਹੈ, ਪਰ ਇਸ ਸਬੰਧੀ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਰਾਵਣ ਦੇ ਦਸ ਸਿਰ ਨਹੀਂ ਸਨ, ਸਗੋਂ ਉਹ ਦਸ ਸਿਰ ਹੋਣ ਦਾ ਭਰਮ ਪੈਦਾ ਕਰ ਦਿੰਦਾ ਸੀ। ਇਸ ਕਾਰਨ ਹੀ ਉਸ ਨੂੰ “ਦਸਾਨਨ” ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਵਿਦਵਾਨ ਇਹ ਵੀ ਸਵੀਕਾਰ ਕਰਦੇ ਹਨ ਕਿ ਰਾਵਣ ਛੇ ਦਰਸ਼ਨ ਅਤੇ ਚਾਰ ਵੇਦਾਂ ਦਾ ਗਿਆਤਾ ਸੀ। ਇਸ ਲਈ ਉਸ ਨੂੰ “ਦਸਕੰਠੀ” ਕਿਹਾ ਜਾਂਦਾ ਸੀ। ਇਸ ਦਸਕੰਠੀ ਸ਼ਬਦ ਤੋਂ ਹੀ ਅਗਿਆਨਤਾ ਕਾਰਨ ਦਸ ਸਿਰ ਸ਼ਬਦ ਪ੍ਰਚੱਲਿਤ ਹੋ ਗਿਆ। ਜੈਨ ਸ਼ਾਸਤਰਾਂ ਅਨੁਸਾਰ ਰਾਵਣ ਦੇ ਗਲੇ ਵਿਚ ਵੱਡੀਆਂਵੱਡੀਆਂ ਗੋਲਾਕਾਰ ਨੌਂ ਮਣੀਆਂ ਹੁੰਦੀਆਂ ਸਨ। ਜਿਨ੍ਹਾਂ ਕਾਰਨ ਹੀ ਉਸ ਦੇ ਦਸ ਸਿਰ ਹੋਣ ਦਾ ਭੁਲੇਖਾ ਉਤਪੰਨ ਹੁੰਦਾ ਸੀ। ਰਾਵਣ ਦੇ ਦਸ ਸਿਰ ਹੋਣ ਦੀ ਚਰਚਾ ਰਾਮ ਚਰਿੱਤਰ ਮਾਨਸ ਅੰਦਰ ਸਾਨੂੰ ਵਿਦਮਾਨ ਮਿਲਦੀ ਹੈ। ਜਿਸ ਅਨੁਸਾਰ ਰਾਵਣ ਕ੍ਰਿਸ਼ਨ ਪੱਖ ਦੀ ਮੱਸਿਆ ਵਾਲੇ ਦਿਨ ਯੁੱਧ ਲਈ ਚੱਲਿਆ ਸੀ। ਜਿਸ ਕਾਰਨ ਉਸ ਦੇ ਹਰ ਰੋਜ਼ ਇਕਇਕ ਸਿਰ ਕੱਟਿਆ ਜਾਂਦਾ ਰਿਹਾ। ਇਸ ਪ੍ਰਕਾਰ ਦਸਵੇਂ ਦਿਨ ਅਰਥਾਤ ਸ਼ੁਕਲ ਪੱਖ ਦੀ ਦਸਵੀਂ ਨੂੰ ਰਾਵਣ ਦੀ ਮੌਤ ਹੋਈ। “ਰਾਮ ਚਰਿੱਤਰ ਮਾਨਸ” ਵਿਚ ਜ਼ਿਕਰ ਆਉਂਦਾ ਹੈ ਕਿ ਜਿਸ ਸਿਰ ਨੂੰ ਰਾਮਚੰਦਰ ਜੀ ਆਪਣੇ ਤੀਰ ਨਾਲ ਕੱਟ ਦਿੰਦੇ ਸੀ, ਉਸ ਦੇ ਸਥਾਨ ’ਤੇ ਰਾਵਣ ਦਾ ਦੂਸਰਾ ਸਿਰ ਪੈਦਾ ਹੋ ਜਾਂਦਾ ਸੀ।

ਰਾਵਣ ਸ਼ਬਦ ਦਾ ਅਰਥ ਕਰਦਿਆਂ ਪ੍ਰਸਿੱਧ ਸ਼੍ਰੀਲੰਕਣ ਵਿਦਵਾਨ ਅਰਸਿੲਨ ਅਹੁਬੁਦਹੁ ਦੱਸਦੇ ਹਨ ਕਿ ਰਾ ਦਾ ਮਤਲਬ ਸੂਰਜ ਹੈ ਅਤੇ ਵਨ ਸਥਾਨਕ ਭਾਸ਼ਾ ’ਚ ਪੀੜ੍ਹੀ ਦਾ ਪ੍ਰਤੀਕ ਹੈ। ਇਸ ਤਰ੍ਹਾਂ ਉਨ੍ਹਾਂ ਨੇ ਰਾਵਣ ਦਾ ਮਤਲਬ ਉਹ ਪੁਰਸ਼ ਦੱਸਿਆ ਹੈ, ਜੋ ਬਹੁਤ ਦੂਰ ਤੱਕ ਪਹੁੰਚਣ ਦੇ ਸਮਰੱਥ ਹੋਵੇ ਜਾਂ ਅਤਿ-ਸ਼ਕਤੀਸ਼ਾਲੀ ਹੋਵੇ। ਉਨ੍ਹਾਂ ਅਨੁਸਾਰ ਰਾਵਣ ਕਰੀਬ 2554 ਤੋਂ 2517 ਈਸਵੀ ਪੂਰਵ ਤੱਕ ਸ੍ਰੀਲੰਕਾ ਤੇ ਰਾਜ ਕਰਦਾ ਰਿਹਾ। ਰਾਵਣ ਨੇ ਸੁੰਬਾ ਅਤੇ ਬਾਲੀ ਦੀਪ ਨੂੰ ਜਿੱਤਦੇ ਹੋਏ ਆਪਣੇ ਰਾਜ ਦਾ ਵਿਸਥਾਰ ਅੰਗ ਦੀਪ, ਮਲਯ ਦੀਪ, ਵਰਾਹ ਦੀਪ,  ਸੰਖ ਦੀਪ, ਕੁਸ਼ ਦੀਪ, ਯਵ ਦੀਪ ਅਤੇ ਆਂਧਰਾਲਯ ਤੱਕ ਫੈਲਾ ਲਿਆ ਸੀ। ਇਸ ਤੋਂ ਬਾਅਦ ਉਸ ਨੇ ਲੰਕਾ ਨੂੰ ਅਪਣਾ ਨਿਸ਼ਾਨਾ ਬਣਾਇਆ। ਜਿੱਥੇ ਕੁਬੇਰ ਦਾ ਰਾਜ ਸੀ। ਵਿਦਵਾਨਾਂ ਅਨੁਸਾਰ ਰਾਵਣ ਦੇ ਰਾਜ ਦਾ ਵਿਸਥਾਰ ਵਰਤਮਾਨ ਸਮੇਂ ਦੇ ਇੰਡੋਨੇਸ਼ੀਆ, ਮਲੇਸ਼ੀਆ, ਬਰਮਾ, ਦੱਖਣ ਭਾਰਤ ਦੇ ਕੁਝ ਰਾਜਾਂ ਅਤੇ ਸ਼੍ਰੀਲੰਕਾ ਤੱਕ ਪਸਰਿਆ ਹੋਇਆ ਸੀ। ਰਾਵਣ ਦੇ ਜੀਵਨ ਬਿਰਤਾਂਤ ਨੂੰ ਸਾਹਮਣੇ ਰੱਖਦੇ ਹੋਏ ਲਿਖੇ ਗਏ ਦੋ ਮਹੱਤਵਪੂਰਨ ਨਾਵਲਾਂ “ਵਯਮ ਰਕਸ਼ਾਮ:” ਅਤੇ “ਲੰਕੇਸ਼ਵਰ” ਅਨੁਸਾਰ ਰਾਵਣ ਨੇ ਆਪਣੇ ਰਾਜ ਅੰਦਰ ਸੰਪੂਰਨ ਜਾਤੀਆਂ ਦੇ ਹਿਤਾਂ ਦੀ ਰੱਖਿਆ ਕਰਦੇ ਹੋਏ ਇਕ ਭੇਦ-ਭਾਵ ਰਹਿਤ ਸਮਾਜ ਦੀ ਸਥਾਪਨਾ ਕਰਨ ਦੀ ਸਥਾਪਨਾ ਕੀਤੀ ਸੀ। ਉਸ ਨੇ ਆਰੀਆ ਲੋਕਾਂ ਦੀ ਭੋਗਵਾਦੀ ਪ੍ਰਵਿਰਤੀ ਤੋਂ ਆਪਣੇ ਦੇਸ਼ ਵਾਸੀਆਂ ਦੀ ਰੱਖਿਆ ਕੀਤੀ। ਜਿਸ ਕਾਰਨ ਹੀ ਉਸ ਨੂੰ ਰੱਖਿਆ ਕਰਨ ਵਾਲਾ ਅਰਥਾਤ ਰਾਖਸ਼ਸ ਕਿਹਾ ਗਿਆ ਸੀ।

ਸ੍ਰੀਲੰਕਾ ਨੂੰ ਬੇਸ਼ੱਕ ਜ਼ਿਆਦਾਤਰ ਲੋਕ ਭਾਰਤ ਦੇ ਦੱਖਣੀ ਸਮੁੰਦਰ ਨਾਲ ਲਗਦੀ ਅਜੋਕਾ ਸ੍ਰੀਲੰਕਾ ਦੇਸ਼ ਮੰਨਦੇ ਹਨ, ਪਰ ਇਕ ਵਿਚਾਰ ਅਨੁਸਾਰ ਇਹ ਸਮੁੰਦਰੋਂ ਪਾਰ ਵਾਲੀ ਮੌਜੂਦਾ ਸ੍ਰੀਲੰਕਾ ਨਹੀਂ, ਸਗੋਂ ਭਾਰਤ ਅੰਦਰ ਸਥਿਤ ਛੋਟਾ ਨਾਗਪੁਰ ਦਾ ਖੇਤਰ ਹੀ ਸੀ। ਪ੍ਰਸਿੱਧ ਵਿਦਵਾਨ ਸ਼੍ਰੀ ਸਾਂਕਲਿਆ ਨੇ ਸਿੱਧ ਕੀਤਾ ਹੈ ਕਿ ਰਾਵਣ ਆਧੁਨਿਕ ਨਾਗਪੁਰ (ਵਿੰਧਿਆ ਖੇਤਰ) ਦੇ ਪੂਰੇ ਸੁੱਖ ਸਹੂਲਤਾਂ ਵਾਲੇ ਰਾਜ ‘ਲੰਕਾ’ ਦਾ ਸਮਰਾਟ ਸੀ। ਉਨ੍ਹਾਂ ਅਨੁਸਾਰ ਆਦਿ-ਵਾਸੀ ਗੌਂਡ ਜਾਤੀ ਵਿਚ ਮਹਾਰਾਜਾ ਰਾਵਣ ਦਾ ਨਾਮ ਬਹੁਤ ਸਨਮਾਨ ਨਾਲ ਲਿਆ ਜਾਂਦਾ ਹੈ। ਰਾਮਾਇਣ ਵਿਚ ਜਿਸ ਲੰਕਾ ਦਾ ਜ਼ਿਕਰ ਮਿਲਦਾ ਹੈ, ਉਹ ਮੱਧ ਪ੍ਰਦੇਸ਼ ਦੇ ਜੱਬਲਪੁਰ ਖੇਤਰ ਦੇ ਉੱਤਰ ਵਿਚ ਸਥਿਤ ਹੈ। ਉਨ੍ਹਾਂ ਅਨੁਸਾਰ ਆਦਿ-ਵਾਸੀ ਗੌਂਡ ਜਾਤੀ ਦੀ ਭਾਸ਼ਾ ਵਿਚ ਲੰਕਾ ਸ਼ਬਦ ਦਾ ਅਰਥ ਉੱਚ ਸਥਾਨ ਜਾਂ ਰਾਜ ਮਹਿਲ ਦੇ ਕਿਲੇ੍ਹ ਤੋਂ ਹੈ। ਗੌਂਡ ਲੋਕ ਆਪਣੇ ਮਹੱਤਵਪੂਰਨ ਸਥਾਨਾਂ ਅਤੇ ਚਾਰੇ ਪਾਸੇ ਪਾਣੀ ਹੋਣ ਵਾਲੇ ਕਿਲੇ੍ਹ ਨੂੰ ਲੰਕਾ ਨਾਮ ਨਾਲ ਪੁਕਾਰਦੇ ਹਨ। ਅਸਲ ਵਿਚ ਰਾਵਣ ਆਪਣੇ ਸਮੇਂ ਦਾ ਇਕ ਨਿਆਂਪੂਰਨ ਅਤੇ ਆਪਣੀ ਪਰਜਾ ਦੀ ਰੱਖਿਆ ਕਰਨ ਵਾਲਾ ਸਰਬੋਤਮ ਰਾਜਾ ਸੀ। ਜਿਸ ਦੀ ਸ਼ੋਭਾ ਕਰਦਿਆਂ ਬਾਲਮੀਕੀ ਰਾਮਾਇਣ ਕਹਿੰਦੀ ਹੈ ਕਿ ਰਾਵਣ ਨੂੰ ਵੇਖਦੇ ਹੀ ਰਾਮ ਮੁਗਧ ਹੋ ਜਾਂਦੇ ਸਨ ਤੇ ਆਖਦੇ ਸਨ ਕੇ ਰੂਪ, ਸੁੰਦਰਤਾ, ਧੀਰਜ ਅਤੇ ਨੀਤੀ ਦੇ ਬਾਵਜੂਦ ਜੇ ਰਾਵਣ ’ਚ ਅਧਰਮ ਬਲਵਾਨ ਨਾ ਹੁੰਦਾ ਤਾਂ ਉਹ ਪਰਲੋਕ ਦਾ ਮਾਲਕ ਬਣ ਜਾਂਦਾ, ਪਰ ਸ਼ਾਇਦ ਸਮੇਂ ਦੇ ਵਿਦਵਾਨਾਂ ਨੇ ਰਾਮ ਜੀ ਦੁਆਰਾ ਇਸ ਪ੍ਰਸੰਗ ਅੰਦਰ ਦਰਸਾਏ ‘ਅਧਰਮ’ ਸ਼ਬਦ ਦੀ ਵਿਆਖਿਆ ਕੁਝ ਜ਼ਿਆਦਾ ਹੀ ਉਲਾਰੂ ਰੂਪ ਵਿਚ ਕਰ ਲਈ ਸੀ। ਜਿਸ ਕਾਰਨ ਹੀ ਰਾਵਣ ਮਹਾਨ ਵਿਦਵਾਨ ਤੋਂ ਦੁਸ਼ਟ ਤੱਕ ਦਾ ਸਫ਼ਰ ਤੈਅ ਕਰ ਗਿਆ। ਭਾਰਤ ਅੰਦਰ ਪ੍ਰਾਪਤ ਬਹੁ-ਗਿਣਤੀ ਸਮਾਜ ਦੀਆਂ ਨਜ਼ਰਾਂ ਵਿਚ ਰਾਵਣ ਵੱਲੋਂ ਰਾਮ ਚੰਦਰ ਜੀ ਦੀ ਪਤਨੀ ਸੀਤਾ ਦਾ ਅਪਹਰਨ ਕਰਨਾ ਹੀ ਉਸ ਸਮੇਂ ਦਾ ਅਧਰਮ ਸੀ। ਜਿਸ ਸਦਕਾ ਰਾਮ ਚੰਦਰ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਲੰਕਾ ਉੱਪਰ ਹਮਲਾ ਕਰ ਕੇ ਰਾਵਣ ਨੂੰ ਮਾਰਨ ਉਪਰੰਤ ਸੀਤਾ ਦੀ ਪੁਨਰ ਪ੍ਰਾਪਤੀ ਕਰਨਾ ਅਤਿ ਆਵੱਸ਼ਕ ਹੋ ਗਿਆ ਸੀ। ਇਸ ਮੌਕੇ ਤਸਵੀਰ ਦਾ ਦੂਸਰਾ ਪਾਸਾ ਬਿਆਨ ਕਰਦਿਆਂ ਅਰਸਿੲਨ ਅਹੁਬੁਦਹੁ ਕਹਿੰਦੇ ਹਨ ਕਿ ਰਾਵਣ ਦੇ ਭਾਈ ਵਿਭੀਸ਼ਣ ਨੇ ਹੀ ਅਸਲ ਵਿਚ ਰਾਮ ਚੰਦਰ ਹੋਰਾਂ ਨੂੰ ਲੰਕਾ ਉੱਪਰ ਹਮਲਾ ਕਰਨ ਲਈ ਤਿਆਰ ਕੀਤਾ ਸੀ, ਕਿਉਂਕਿ ਉਹ ਰਾਵਣ ਅਤੇ ਉਸ ਦੇ ਹਮਾਇਤੀਆਂ ਦੀ ਮੌਤ ਤੋਂ ਬਾਅਦ ਖ਼ੁਦ ਲੰਕਾ ਵਾਸੀਆਂ ਉੱਪਰ ਹੁਕਮ ਚਲਾਉਣ ਹਿਤ ਉਸ ਦੇ ਰਾਜ ਸਿੰਘਾਸਣ ਤੇ ਬਿਰਾਜਮਾਨ ਹੋਣਾ ਚਾਹੁੰਦਾ ਸੀ। ਉਸ ਦੁਆਰਾ ਆਪਣੀਆਂ ਚਾਹਤਾਂ ਦੀ ਪੂਰਤੀ ਲਈ ਰਾਮ ਚੰਦਰ ਜੀ ਨਾਲ ਹੋਈਆਂ ਸ਼ਰਤਾਂ ਦੀ ਬਦੌਲਤ ਉਹ ਅਜਿਹਾ ਕਰਨ ਵਿਚ ਸਫਲ ਵੀ ਹੋਇਆ। ਬੇਸ਼ੱਕ ਰਾਵਣ ਨੂੰ ਮਿੱਥ ਅਤੇ ਰਵਾਇਤਾਂ ਅਨੁਸਾਰ ਦੁਸ਼ਟ, ਗੈਰ-ਸਲੀਕੇਦਾਰ, ਦੁਰਾਚਾਰੀ, ਪਾਪੀ, ਅਨਿਆਂ ਪਸੰਦ, ਤਾਨਾਸ਼ਾਹ, ਬੇਇਨਸਾਫ਼, ਕ੍ਰੋਧੀ, ਡਰਾਉਣੇ ਰੂਪ ਦਾ ਮਾਲਕ ਤੇ ਹੋਰ ਬਹੁਤ ਕਝ ਕਿਹਾ ਜਾਂਦਾ ਹੈ, ਪਰ ਸਚਾਈ ਇਹ ਹੈ ਕੇ ਰਾਵਣ ਆਪਣੇ ਸਮਿਆਂ ਦਾ ਬਹੁਤ ਜ਼ਿਆਦਾ ਸਮਝਦਾਰ, ਰਾਜਨੀਤਿਕ ਮਾਹਿਰ, ਨੀਤੀਵਾਨ, ਨਿਆਂ-ਪਸੰਦ, ਵਿਗਿਆਨੀ, ਵੈਦ ਅਤੇ ਵਿਦਵਾਨ ਪੰਡਿਤ ਸੀ। ਇਸ ਦੀਆਂ ਉਦਾਹਰਨਾਂ ਸਾਨੂੰ ਖ਼ੁਦ ਰਾਮਾਇਣ ਵਿਚਲੇ ਬਿਰਤਾਂਤ ਪ੍ਰਦਾਨ ਕਰਦੇ  ਹਨ। ਇਸ ਸਬੰਧੀ ਇਕ ਬੰਗਲਾ ਪੁਸਤਕ ਦਾ ਹਵਾਲਾ ਦਿੰਦਿਆਂ ਸ਼ੀ੍ਰ ਐੱਸ.ਐੱਲ.ਵਿਰਦੀ ਲਿਖਦੇ ਹਨ ਕਿ ਰਾਵਣ ਇਕ ਦਰਾਵੜ ਜਾਤੀ ਦਾ ਰਾਜਾ ਸੀ, ਜਿਸ ਨੇ ਬੁੱਧ ਧਰਮ ਧਾਰਨ ਕਰ ਲਿਆ ਸੀ। ਉਹ ਅਰਸਤੂ ਅਤੇ ਪਲੈਟੋ ਦੇ ਬਰਾਬਰ ਦਾ ਦਾਰਸ਼ਨਿਕ ਸੀ।

ਇਸ ਗੱਲ ਤੋਂ ਸਭ ਭਲੀ-ਭਾਂਤ ਜਾਣੂੰ ਹਨ ਕੇ ਭਾਰਤ ਦਾ ਇਤਿਹਾਸ ਅਸਲ ਵਿਚ ਆਰੀਆ ਲੋਕਾਂ ਦਾ ਇਤਿਹਾਸ ਹੈ। ਜਿਨ੍ਹਾਂ ਦਾ ਮੂਲ ਆਧਾਰ ਗ੍ਰੰਥ ਰਿਗਵੇਦ ਯੁੱਧ ਬਿਗਲਾਂ ਨਾਲ ਭਰਿਆ ਪਿਆ ਹੈ। ਰਿਗਵੇਦ ਦੇ ਨਾਲਨਾਲ ਆਰੀਆ ਲੋਕਾਂ ਦੇ ਹੋਰਨਾਂ ਬਹੁਤ ਸਾਰਿਆਂ ਗ੍ਰੰਥਾਂ ਵਿਚ ਆਰੀਆ ਲੋਕਾਂ ਵੱਲੋਂ ਇੱਥੋਂ ਦੇ ਮੂਲ ਵਾਸੀਆਂ ਨੂੰ ਤਬਾਹ ਕਰਨ ਉਪਰੰਤ ਮਾਰ ਦੇਣ ਦੇ ਬੇਇੰਤਹਾ ਕਿੱਸੇ ਬੜੇ ਮਾਣ ਨਾਲ ਦਰਜ ਕੀਤੇ ਗਏ ਹਨ। ਇਤਿਹਾਸਕਾਰ ਦੱਸਦੇ ਹਨ ਕਿ ਇਨ੍ਹਾਂ ਲੋਕਾਂ (ਆਰੀਆ) ਦੇ ਭਾਰਤ ਆਉਣ ਤੋਂ ਪਹਿਲਾਂ ਇਹ ਖ਼ਿੱਤਾ ਬਹੁਤ ਵਿਕਸਤ ਅਤੇ ਆਤਮ-ਨਿਰਭਰ ਸੀ। ਇੱਥੋਂ ਦੇ ਲੋਕ ਸ਼ਾਂਤੀ ਪਸੰਦ ਅਤੇ ਮਾਨਵੀ ਭਾਈਚਾਰਿਕਤਾ ਦੇ ਧਾਰਨੀ ਸਨ, ਪਰ ਜਦੋਂ ਭੁੱਖ-ਨੰਗੇ, ਪਰ ਚਲਾਕ ਬਿਰਤੀ ਦੇ ਵਹਿਸ਼ੀ ਲੋਕ ਮੱਧਏਸ਼ੀਆ ਤੋਂ ਉੱਠ ਕਿ ਇਸ ਧਰਤੀ ’ਤੇ ਆਏ ਤਾਂ ਉਨ੍ਹਾਂ ਨੇ ਆਪਣੇ ਅੰਦਰਲੀ ਕਰੂਰਤਾ ਅਤੇ ਜੰਗਜੂ ਬਿਰਤੀ ਦਾ ਇਸ ਕਦਰ ਬੇਸ਼ਰਮੀ ਨਾਲ ਪ੍ਰਗਟਾਵਾ ਕੀਤਾ ਕਿ ਇੱਥੋਂ ਦੇ ਮੂਲ ਵਾਸੀਆਂ ਨੂੰ ਹੀ ਇੱਥੋਂ ਪਰੇ ਧੱਕ ਦਿੱਤਾ। ਪ੍ਰਸਿੱਧ ਇਤਿਹਾਸਕਾਰ ਸ਼੍ਰੀ ਪੀ. ਐਨ. ਦੇਸ਼ਪਾਂਡੇ ਲਿਖਦੇ ਹਨ ਕਿ ਆਰੀਆ ਨੇ ਹੜੱਪਾ ਦੀ ਉੱਨਤ ਸਿੰਧੂ ਸਭਿਅਤਾ ਨੂੰ ਤਬਾਹ ਕੀਤਾ। ਇਹ ਸਭਿਅਤਾ ਜਿਹੜੀ ਕੇ ਦੁਨੀਆ ਭਰ ਵਿਚ ਉੱਤਮ ਸੀ, ਇਨ੍ਹਾਂ ਲੋਕਾਂ ਨੇ ਉਸ ਨੂੰ ਅੱਗਾਂ ਲਗਾ ਕਿ ਸਾੜ ਦਿੱਤਾ। ਭਾਰਤੀ ਇਤਿਹਾਸ/ਮਿਥਿਹਾਸ ਨਾਲ ਸਬੰਧਿਤ ਪ੍ਰਮੁੱਖ ਗ੍ਰੰਥ ਵੇਦ ਅਤੇ ਰਾਮਾਇਣ ਵਰਗੇ ਗ੍ਰੰਥ ਇਨ੍ਹਾਂ ਆਰੀਆ ਲੋਕਾਂ ਦੀਆਂ ਦਾਸਤਾਨਾਂ ਹੀ ਹਨ। ਵਿਦਵਾਨਾਂ ਦਾ ਇਕ ਸਮੂਹ ਇਹ ਵੀ ਸਵੀਕਾਰ ਕਰਦਾ ਹੈ ਕਿ ਰਮਾਇਣ ਆਰੀਆ ਲੋਕਾਂ ਦੁਆਰਾ ਦੱਖਣ ਵੱਲ ਰਾਜ ਪ੍ਰਬੰਧ ਨੂੰ ਵਧਾਉਣ ਦੀ ਗਾਥਾ ਬਿਆਨ ਕਰਨ ਵਾਲਾ ਹੀ ਇਕ ਗ੍ਰੰਥ ਹੈ, ਜਿਸ ਨੂੰ ਬਾਅਦ ਵਿਚ ਇਨ੍ਹਾਂ ਲੋਕਾਂ ਵੱਲੋਂ ਬੜੀ ਹੀ ਸਾਵਧਾਨੀ ਨਾਲ ਰਾਜਨੀਤਿਕ ਤੋਂ ਧਾਰਮਿਕ ਗ੍ਰੰਥ ਦੇ ਰੂਪ ਵਿਚ ਹਸਤਾਂਤਰਿਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਗ੍ਰੰਥ ਪੂਜਣ ਯੋਗ ਬਣ ਗਿਆ। ਅਸਲ ਵਿਚ ਪ੍ਰਾਪਤ ਰਾਮਾਇਣਾਂ ਦੇ ਆਲੋਚਨਾਤਮਿਕ ਅਧਿਐਨ ਵਿਚ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਉਂਦੀ ਕਿ ਇਸ ਗ੍ਰੰਥ ਨੂੰ ਧਾਰਮਿਕ ਗ੍ਰੰਥ ਦਾ ਦਰਜਾ ਦਿੱਤਾ ਜਾਵੇ। ਵੈਦਿਕ ਧਰਮ ਵਿਚ ਮੁੱਖ ਤੌਰ ’ਤੇ ਵੈਸੇ ਤਾਂ ਤੁਲਸੀ ਦਾਸ ਜੀ ਵੱਲੋਂ ਰਚਿਤ ਰਾਮਾਇਣ ਦੀ ਪ੍ਰਧਾਨਤਾ ਹੈ, ਪਰ ਇਸ ਦੀ ਸਭ ਤੋਂ ਪਹਿਲੀ ਸਿਰਜਣਾ ਮਹਾਂਰਿਸ਼ੀ ਬਾਲਮੀਕੀ ਜੀ ਨੇ ਕੀਤੀ ਸੀ, ਪਰ ਕਿਉਂ ਕਿ ਬਾਲਮੀਕੀ ਜੀ ਨੇ ਉਸ ਸਮੇਂ ਦੇ ਅਸਲ ਵਰਤਾਰੇ ਨੂੰ ਚੰਗੀ ਤਰਾਂ ਸਮਝਿਆ ਹੋਇਆ ਸੀ, ਸੋ ਉਨ੍ਹਾਂ ਆਪਣੀ ਇਸ ਰਚਨਾ ਵਿਚ ਯਥਾਰਥ ਦੀ ਭਰਪੂਰ ਵਰਤੋਂ ਕੀਤੀ ਤਾਂ ਜੋ ਲੋਕਾਂ ਸਾਹਮਣੇ ਸਹੀ ਅਤੇ ਸੰਪੂਰਨ ਸੱਚ ਦੀ ਦੱਸ ਰੱਖੀ ਜਾਵੇ, ਪਰ ਉਹ ਯਥਾਰਥ ਵਧੇਰੇ ਕਰ ਕੇ ਆਰੀਆ ਲੋਕਾਂ ਦੇ ਪੱਖੀ ਨਹੀਂ ਸੀ। ਇਸ ਲਈ ਬੜੀ ਹੀ ਸਾਵਧਾਨੀ ਨਾਲ ਪੰਦ੍ਹਰਵੀਂ ਸਦੀ ਵਿਚ ਤੁਲਸੀਦਾਸ ਹੋਰਾਂ ਨੇ ਆਪਣੀ ਰਾਮ ਭਗਤੀ ’ਚ ਭਿੱਜ ਕਿ ਬਾਲਮੀਕੀ ਜੀ ਦੇ ਯਥਾਰਥ ਨੂੰ ਆਦਰਸ਼ਵਾਦ ਦੀ ਰੰਗਣ ਦੇ ਕਿ ਰਾਮਾਇਣ ਦੀ ਪੁਨਰ-ਸਿਰਜਣਾ ਕਰ ਦਿੱਤੀ। ਇਹ ਉਹ ਰਾਮਾਇਣ ਹੀ ਹੈ, ਜਿਹੜੀ ਕਿ ਹੁਣ ਆਰੀਆ ਪੱਖੀ ਤੇ ਅਖੌਤੀ ਬ੍ਰਾਹਮਣਵਾਦੀ ਤਾਕਤਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ। ਵਾਸਤਵ ਵਿਚ ਤੁਲਸੀ ਰਾਮਾਇਣ ਇਕ ਸੁਧਾਰਵਾਦੀ ਦ੍ਰਿਸ਼ਟੀ ਤੋਂ ਰਚੀ ਕ੍ਰਿਤ ਹੈ, ਜਿਹੜੀ ਕਿ ਬਾਲਮੀਕੀ ਜੀ ਦੁਆਰਾ ਰਚੇ ਗਏ ਪਾਤਰਾਂ ਦਾ ਪੁਨਰ ਸਿਰਜਣ ਕਰਦੀ ਹੈ। ਤੁਲਸੀ ਦਾਸ ਜੀ ਨੇ ਆਪਣੀ ਰਾਮ ਭਗਤੀ ਦੇ ਸਦਕਾ ਥਾਂ ਪੁਰ ਥਾਂ ਸ਼੍ਰੀ ਰਾਮ ਜੀ ਨੂੰ ਰਾਵਣ ਤੋਂ ਵਡੇਰਾ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹਿੰਦੂ ਮੰਦਰਾਂ ਚੋਂ ਬਾਲਮੀਕੀ ਰਾਮਾਇਣ ਬਣਵਾਸ ਤੇ ਚਲੀ ਗਈ ਅਤੇ ਉਸ ਦੀ ਥਾਂ ਲੈਣ ਲਈ ਤੁਲਸੀ ਰਾਮਾਇਣ ਆਦਰਸ਼ਮਈ ਤੌਰ ’ਤੇ ਉੱਭਰੀ, ਹਾਲਾਂਕਿ ਬਾਲਮੀਕੀ ਜੀ ਵਾਲੀ ਕ੍ਰਿਤ ਸਮਕਾਲੀ ਹੋਣ ਕਾਰਨ ਵਧੇਰੇ ਭਰੋਸੇਯੋਗ ਸਾਬਤ ਹੁੰਦੀ ਹੈ।

ਰਾਵਣ ਦੀ ਮੌਤ ਤੋਂ ਬਾਅਦ ਉਸ ਦੇ ਨਾਮ ਦੇ ਨਾਲਨਾਲ, ਉਸ ਦੇ ਜੀਵਨ ਨਾਲ ਸੰਬੰਧਿਤ ਹਰ ਚੀਜ਼ ਦੀ ਪਰਿਭਾਸ਼ਾ ਹੀ ਬਦਲ ਗਈ ਸੀ। ਆਪਣੀ ਮੌਤ ਤੋਂ ਬਾਅਦ ਰਾਵਣ, ਬਹੁ-ਗਿਣਤੀ ਦਾ ਇਸ ਦੇਸ਼ ਉੱਪਰ ਕਬਜ਼ਾ ਹੋ ਜਾਣ ਕਾਰਨ, ਇਕ ਮਹਾਨ ਦਰਸ਼ਨਵੇਤਾ ਨਹੀਂ ਸੀ ਰਿਹਾ, ਸਗੋਂ ਉਸ ਦੀ ਮੌਤ ਨੂੰ ਨੇਕੀ ਉੱਪਰ ਬਦੀ ਦੀਆਂ ਜਿੱਤਾਂ ਵਰਗੇ ਦ੍ਰਿਸ਼ਟਾਂਤਾਂ ਰਾਹੀਂ, ਬਹੁ-ਗਿਣਤੀ ਨੇ ਨਿੱਜੀ ਹਿਤਾਂ ਲਈ ਵਰਤਦੇ ਹੋਏ ਉਸ ਨੂੰ ਏਨਾ ਜ਼ਾਲਮ ਬਣਾ ਦਿੱਤਾ ਕੇ ਹੁਣ ਰਾਵਣ ਬੁਰਾਈ ਦਾ ਸਰਬੋਤਮ ਪ੍ਰਤੀਕ ਬਣ ਕਿ ਰਹਿ ਗਿਆ ਹੈ। ਜਿਸ ਦੇ ਪੁਤਲਿਆਂ ਨੂੰ ਫੂਕਣਾ ਅੱਜ ਵੀ ਜਨਤਾ ਅਪਣਾ ‘ਪਰਮ ਕਰਤੱਵ’ ਸਮਝ ਬੈਠੀ ਹੈ। ਰਾਵਣ ਦੇ ਸਮੁੱਚੇ ਜੀਵਨ ਘਟਨਾ-ਕ੍ਰਮਾਂ ਦੀ ਤਰਕ ਆਧਾਰਿਤ ਪੜਚੋਲ ਕਰਨ ਉਪਰੰਤ ਇਹ ਨਤੀਜਾ ਨਿਕਲਦਾ ਹੈ ਕਿ ਉਸ ਦੀ ਇਕ “ਗ਼ਲਤੀ” ਨੂੰ ਇਸ ਦੇਸ਼ ਵਿਚ ਸਭ ਤੋਂ ਵੱਡੇ ਅਪਰਾਧ ਦੇ ਰੂਪ ’ਚ ਸਿਰਜ ਦਿੱਤਾ ਗਿਆ ਹੈ। ਜਿਸ ਨੂੰ ਦੂਰ ਕਰਨ ਲਈ ਅਮਾਨਵੀਪੁਣੇ ਦਾ ਪ੍ਰਗਟਾਵਾ ਕਰਦੇ ਹੋਏ, ਹਰ ਸਾਲ ਉਸ ਦੇ ਪੁਤਲਿਆਂ ਨੂੰ ਫੂਕਿਆ ਜਾ ਰਿਹਾ ਹੈ, ਜਦੋਂ ਕੇ ਇਸ ਸਚਾਈ ਤੋਂ ਸਭ ਭਲੀ-ਭਾਂਤ ਜਾਣੂੰ ਹਨ ਕੇ ਬਦੀ ਵਰਗੇ ਅਵਗੁਣ ਪੁਤਲੇ ਫੂਕਣ ਵਰਗੀ ਫ਼ਾਸ਼ੀਵਾਦੀ ਸੋਚ ਨਾਲ ਦੂਰ ਨਹੀਂ ਹੁੰਦੇ, ਸਗੋਂ ਨੈਤਿਕਤਾ ਦੇ ਧਾਰਨੀ ਬਣਨ ਨਾਲ ਹੀ ਖ਼ਤਮ ਹੋ ਸਕਦੇ ਹਨ। ਇਸ ਤਸਵੀਰ ਦਾ ਇਕ ਕੋਝਾ ਚਿਹਰਾ ਉਸ ਸਮੇਂ ਵੀ ਵੇਖਣ ਨੂੰ ਮਿਲ ਗਿਆ, ਜਦੋਂ ਅਖੌਤੀ ਧਰਮੀਆਂ ਦੀ ਇਸ ਜਾਹਲ ਪਰੰਪਰਾ ਦੇ ਵਿਰੋਧ ਵਿਚ ਕੁਝ ਥਾਵਾਂ ਤੇ ਬੀਤੇ ਕੁਝ ਸਾਲਾਂ ਦੌਰਾਨ ਦਲਿਤ ਭਾਈਚਾਰਿਆਂ ਵੱਲੋਂ ਵੀ ਰਾਮ ਚੰਦਰ ਜੀ ਦੇ ਪੁਤਲੇ ਸਾੜਨ ਦੇ ਐਲਾਨ ਆ ਗਏ ਤੇ ਕਈ ਥਾਵਾਂ ’ਤੇ ਇਨ੍ਹਾਂ ਅਪਣਾ ਅਮਲੀ ਰੂਪ ਵੀ ਵਿਖਾ ਦਿੱਤਾ ਹੈ। ਜਿਸ ਸਦਕਾ ਦੋਵੇਂ ਪਾਸਿਆਂ ਦਰਮਿਆਨ ਆਪਸੀ ਟਕਰਾਅ ਦੀਆਂ ਉਹ ਵਾਰਦਾਤਾਂ ਵੀ ਸਾਹਮਣੇ ਆਈਆਂ ਹਨ, ਜੋ ਧਰਮ ਦੇ ਖੇਤਰ ਵਿਚ ਕੋਈ ਅਹਿਮੀਅਤ ਨਹੀਂ ਰੱਖਦੀਆਂ। 

ਇਸ ਲਈ ਕਹਿਣਾ ਬਣਦਾ ਹੈ ਕਿ ਇਸ ਦੇਸ਼ ਨੂੰ ਜ਼ਰੂਰਤ ਰਾਵਣ ਦੇ ਪੁਤਲੇ ਸਾੜਨ ਦੀ ਨਹੀਂ, ਸਗੋਂ ਪਦਾਰਥਵਾਦ ਕਾਰਨ ਸਾਡੇ ਮਨਾਂ ਅੰਦਰ ਵੱਸ ਚੁੱਕੇ ਰਾਵਣਾਂ ਨੂੰ ਮਾਰਨ ਦੀ ਹੈ। ਉਹ ਰਾਵਣ ਜੋ ਨਿੱਤ ਦਿਹਾੜੇ ਸ਼ਰੇਆਮ ਧੀਆਂ-ਭੈਣਾਂ ਦੀ ਪੱਤ ਰੋਲਦੇ, ਉਨ੍ਹਾਂ ਨੂੰ ਸਾੜਦੇ ਮਾਰਦੇ, ਨਸ਼ਿਆਂ ਦਾ ਵਪਾਰ ਕਰਦੇ ਅਤੇ ਆਪਣੇ ਵਹਿਸ਼ੀਪਣ ਦਾ ਪ੍ਰਗਟਾਵਾ ਕਰਦੇ ਹੋਏ ਸ਼ਰੇਆਮ ਗਲੀਆਂ ’ਚ ਘੁੰਮਦੇ-ਫਿਰਦੇ ਹਨ। ਜੇਕਰ ਅਸੀਂ ਇਹਨਾਂ ਰਾਵਣਾਂ ਦੇ ਖ਼ਿਲਾਫ਼ ਕੁਝ ਨਹੀਂ ਕਰ ਸਕਦੇ, ਤਾਂ ਉਸ ਮਹਾਨ ਇਨਸਾਨ ਦੇ ਪੁਤਲੇ ਸਾੜਨਾ ਸਿਰਫ਼ ਆਪਣੀ ਬਿਮਾਰ, ਗ਼ੁਲਾਮ ਅਤੇ ਸੰਪਰਦਾਇਕਤਾ ਭਰਪੂਰ ਬਿਰਤੀ ਦਾ ਪ੍ਰਗਟਾਵਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਰਹਿ ਜਾਂਦਾ, ਜੋ ਸਾਨੂੰ ਇਕ ਇਨਸਾਨ ਹੋਣ ਦੇ ਸੰਕਲਪ ਤੋਂ ਕੋਹਾਂ ਦੂਰ ਲਿਜਾ ਕੇ ਖੜ੍ਹਾ ਕਰ ਦਿੰਦੀ ਹੈ।

                                                                                                 ਪਰਮਿੰਦਰ ਸਿੰਘ ਸ਼ੌਂਕੀ 
                                                                                                ਪਿੰਡ ਫ਼ਤਿਹਗੜ੍ਹ ਛੰਨਾਂ, ਸੰਗਰੂਰ।                                      

   

Sunday, August 5, 2018

ਸਟਰਿੰਗ ਥਿਊਰੀ ਅਤੇ 0.ਫੀਲਡ ਦੀ ਗਾਥਾ




ਸ਼ਾਇਦ ਮਨੁੱਖ ਅੰਦਰ ਜਦੋਂ ਤੋਂ ਚੇਤਨਾ ਦਾ ਵਿਕਾਸ ਹੋਇਆ ਹੈ, ਉਸ ਸਮੇਂ ਤੋਂ ਹੀ ਇਹ ਇਸ ਸਵਾਲ ਦਾ ਉੱਤਰ ਲੱਭਣ ਦੀ ਕੋਸ਼ਿਸ਼ ਵਿਚ ਹੈ ਕਿ ਉਹ ਕੌਣ ਹੈ? ਕਿੱਥੋਂ ਆਇਆ ਹੈ? ਉਸ ਦੇ ਆਉਣ ਦਾ ਮਕਸਦ ਕੀ ਹੈ? ਇਸ ਦਿਖਾਈ ਦੇ ਰਹੇ ਪਾਸਾਰੇ ਨਾਲ ਉਸ ਦਾ ਕੀ ਸਬੰਧ ਹੈ? ਤੇ ਸਭ ਤੋਂ ਵੱਡੀ ਗੱਲ ਇਸ ਪਾਸਾਰੇ ਨੂੰ ਸਮਝਿਆ ਕਿਸ ਪ੍ਰਕਾਰ ਜਾ ਸਕਦਾ ਹੈ? ਕਿਉਂਕਿ ਜਿਵੇਂਕਿ ਅਸੀਂ ਜਾਣਦੇ ਹਾਂ, ਇਸ ਪਾਸਾਰੇ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਸਾਇੰਸ ਦੀ ਦਿਨੋਂ-ਦਿਨ ਵੱਧ ਰਹੀ ਤਰੱਕੀ ਦਾ ਬਾਵਜੂਦ ਵੀ ਅਸੀਂ ਅਜੇ ਤੱਕ ਇਹ ਨਿਰਧਾਰਿਤ ਨਹੀਂ ਕਰ ਪਾਏ ਹਾਂ ਕਿ ਇਸ ਬ੍ਰਹਿਮੰਡ ਅੰਦਰ ਅਸੀਂ ਕਿੱਥੇ ’ਕੁ ਖਲੋਤੇ ਹਾਂ. ਜਾਂ ਕੀ ਇਸ ਖਲੋਤ ਅੰਦਰ ਅਸੀਂ ਇਕੱਲੇ ਹੀ ਹਾਂ? ਜੇਕਰ ਹਾਂ, ਤਾਂ ਇਸ ਪਾਸਾਰੇ ਦਾ ਸਾਡੀ ਹੋਂਦ ਤੋਂ ਬਗ਼ੈਰ ਮਤਲਬ ਕੀ ਹੈ? ਤੇ ਜੇਕਰ ਨਹੀਂ, ਤਾਂ ਹੋਰ ਕੌਣ ਹੈ, ਜੋ ਸਾਡੇ ਸਮਾਨ ਹੀ ਇਸ ਬ੍ਰਹਿੰਮਡ ਅੰਦਰ ਵੱਸ ਰਿਹਾ ਹੈ?

ਹਾਂਲਾਕਿ ਓਪਰੀ ਨਜ਼ਰੇ ਇਹ ਧਾਰਮਿਕ ਜਾਂ ਦਾਰਸ਼ਨਿਕ ਕਿਸਮ ਦੇ ਸਵਾਲ ਹਨ, ਪਰ ਆਧੁਨਿਕ ਸਾਇੰਸ ਲਗਾਤਾਰ ਇਨ੍ਹਾਂ ਦਾ ਉੱਤਰ ਲੱਭਣ ਲਈ ਯਤਨਸ਼ੀਲ ਹੈ। ਅਲਬਰਟ ਆਈਨਸਟਾਈਨ ਦੁਆਰਾ ਪ੍ਰਤਿਪਾਦਿਤ ਸਾਪੇਖਤਾ ਦਾ ਸਿਧਾਂਤ ਅਤੇ ਕੁਆਂਟਮ ਥਿਊਰੀ ਇਨ੍ਹਾਂ ਸਵਾਲਾਂ ਨੂੰ ਹੱਲ ਕਰਨ ਲਈ ਇਕ ਠੋਸ ਔਜ਼ਾਰ ਵਜੋਂ ਅਜੇ ਤੱਕ ਸਾਡੇ ਸਾਹਮਣੇ ਸਨ, ਪਰ ਸਾਇੰਸਦਾਨਾਂ ਨੂੰ ਇਨ੍ਹਾਂ ਦੋਵਾਂ ਆਧੁਨਿਕ ਥਿਊਰੀਆਂ ਦੇ ਰਾਹੀਂ ਉਹ ਉੱਤਰ ਨਾ ਪ੍ਰਾਪਤ ਹੋ ਸਕੇ, ਜਿਨ੍ਹਾਂ ਦੀ ਉਹ ਤਾਲਾਸ਼ ਕਰ ਰਹੇ ਸਨ, ਭਾਵੇਂਕਿ ਇਨ੍ਹਾਂ ਥਿਊਰੀਆਂ ਨੇ ਉਨ੍ਹਾਂ ਦੇ ਕਈ ਸਾਰੇ ਸਵਾਲਾਂ ਨੂੰ ਹੱਲ ਕਰਨ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ, ਪਰ ਫਿਰ ਵੀ ਵਿਗਿਆਨੀਆਂ ਦੀ ਇਕ ਦਿਲੀ ਤਾਂਘ ਸੀ ਕਿ ਇਕ ਅਜਿਹੀ ਥਿਊਰੀ ਦਾ ਹੋਣਾ ਬੇਹੱਦ ਲਾਜ਼ਮੀ ਹੈ, ਜਿਸ ਇਕੱਲੀ ਥਿਊਰੀ ਦੇ ਰਾਹੀਂ ਹੀ ਇਸ ਸੰਸਾਰ ਜਾਂ ਬ੍ਰਹਿਮੰਡ ਦੀ ਵਿਆਖਿਆ ਹੋ ਸਕੇ. ਇਸ ਤਾਂਘ ਵਿਚੋਂ ਹੀ ‘ਸਟਰਿੰਗ ਥਿਊਰੀ’ ਦਾ ਜਨਮ ਹੁੰਦਾ ਹੈ. ਇਸ ਨੂੰ ਅਸੀਂ ਇਸ ਪ੍ਰਕਾਰ ਵੀ ਆਖ ਸਕਦੇ ਹਾਂ ਕਿ ਬ੍ਰਹਿਮੰਡ ਦੀ ਹਰ ਇਕ ਘਟਨਾ ਨੂੰ ਇਕ ਹੀ ਥਿਊਰੀ ਰਾਹੀਂ ਸਮਝਣ ਦੀ ਕੋਸ਼ਿਸ਼ ਦਾ ਨਾਮ ਸਟਰਿੰਗ ਥਿਊਰੀ ਹੈ. ਹਾਲਾਂਕਿ ਹਟੀਫਨ ਹਾਕਿੰਗ ਅਨੁਸਾਰ ਇਸ ਪ੍ਰਕਾਰ ਦੀ ਕਿਸੇ ਇਕ ਥਿਊਰੀ ਦੀ ਧਾਰਨਾ ਦੀ ਲੱਭਤ ਧੁੰਧਲੀ ਜਿਹੀ ਕਿਸਮ ਦੀ ਹੈ, ਪਰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ. ਸ਼ਾਇਦ ਇਸ ਲਈ ਹੀ ਇਹ ਥਿਊਰੀ ਅਜੇ ਤੱਕ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਨਹੀਂ ਕਰ ਪਾਈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਬਿਲਕੁਲ ਆਧਾਰਹੀਣ ਜਾਂ ਮਹੱਤਵਹੀਣ ਹੋਣ ਦੇ ਨਾਲ-ਨਾਲ ਨਿਰ-ਹੋਂਦ ਵੀ ਹੈ.

ਇਸ ਦੇ ਭਵਿੱਖ ਵਿਚ ਕੀ ਨਤੀਜੇ ਜਾਂ ਮਾਨਤਾਵਾਂ ਆਉਂਦੀਆਂ ਹਨ, ਉਹ ਤਾਂ ਭਵਿੱਖ ਹੀ ਦੱਸੇਗਾ, ਪਰ ਜੋ ਕੁਝ ਸਟਰਿੰਗ ਥਿਊਰੀ ਦੱਸਦੀ ਹੈ, ਅਸੀਂ ਉਸ ਦਾ ਇਕ ਨਮੂਨਾ ਇੱਥੇ ਜਰੂਰ ਵੇਖਾਂਗੇ..

ਪਰਮ ਮੁੰਡੇ ਆਪਣੀ ਕਿਤਾਬ ‘ਕੁਆਂਟਮ ਵਾਸਤਵਿਕਤਾ’ ਅੰਦਰ ਲਿਖਦੇ ਹਨ ਕਿ, “ਸਟਰਿੰਗ ਥਿਊਰੀ ਕੁਆਂਟਮ ਫੀਲਡ ਥਿਊਰੀ ਅਤੇ ਜਨਰਲ ਰਿਲੇਟੀਵਿਟੀ  ਦਾ ਹੋਰ ਅੱਗੇ ਅਡਵਾਂਸ ਵਿਸ਼ਲੇਸ਼ਣ ਹੈ ਜੋ ਗਰੈਵੀਟੇਨਲ ਫੀਲਡ ਵਾਸਤੇ ਜਿੰਮੇਵਾਰ ਕਣ ਗ੍ਰੈਵੀਟੋਣ ਨੂੰ ਸਮਝਾ ਸਕਣ ਦੇ ਸਮਰੱਥ ਹੈ.” ਮੁੱਖ ਤੌਰ ’ਤੇ ਇਹ ਥਿਊਰੀ ਕੁਆਂਟਮ ਗ੍ਰੈਵਿਟੀ ਦੀ ਗੱਲ ਕਰਦੀ ਹੈ. ਜਿਸ ਦੇ ਕਾਰਨ ਹੀ ਇਸ ਕੋਲ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਵੀ ਹਨ, ਜਿਹੜੇ ਸਾਡੀ ਹੁਣ ਤੱਕ ਦੀ ਕਲਾਸਿਕ ਫਿਜ਼ਿਕਸ ਲਈ ਇਕ ਅਬੁੱਝ ਪਹੇਲੀ ਵਾਂਗ ਸਾਹਮਣੇ ਖੜ੍ਹੇ ਸਨ. ਜਿਵੇਂ ਕਿ ਸਾਇੰਸ ਦਾ ਹਰ ਇਕ ਵਿਦਿਆਰਥੀ ਜਾਣਦਾ ਹੈ ਕਿ ਪਦਾਰਥ ਦਾ ਸਭ ਤੋਂ ਛੋਟਾ ਰੂਪ ਕੁਆਰਕ ਹੁੰਦਾ ਹੈ, ਇਸ ਲਈ ਇਸ ਨੂੰ ਹੋਰ ਅੱਗੇ ਨਹੀਂ ਤੋੜਿਆ ਜਾ ਸਕਦਾ, ਪਰ ਸਟਰਿੰਗ ਥਿਊਰੀ ਦਾ ਅਜਿਹਾ ਕੋਈ ਵਿਸ਼ਵਾਸ਼ ਨਹੀਂ ਹੈ. ਉਸ ਦਾ ਮੰਨਣਾ ਹੈ ਕਿ ਕੁਆਰਕ ਅੰਦਰ ਵੀ ਇਕ ਐਨਰਜੀ ਹਮੇਸ਼ਾ ਵਾਇਬਰੇਟ ਕਰਦੀ ਰਹਿੰਦੀ ਹੈ, ਜਿਸ ਕਾਰਨ ਇਹ ਇਕ ਸਟਰਿੰਗ ਜਿਹਾ ਦਿਖਾਈ ਦਿੰਦਾ ਹੈ, ਪਰ ਇਹ ਵੀ ਜਰੂਰੀ ਨਹੀਂ ਹੈ ਕਿ ਇਹ ਇਵੇਂ ਹੀ ਦਿਖਾਈ ਦਿੰਦਾ ਰਹੇ, ਕਿਉਂਕਿ ਇਹ ਦੋਵੇਂ ਪਾਸਿਓਂ ਖੁੱਲ੍ਹਾ, ਖਿੱਚਿਆ ਹੋਇਆ ਜਾਂ ਸਿੱਧਾ ਵੀ ਹੋ ਸਕਦਾ ਹੈ. ਜਿਸ ਕਾਰਨ ਸਾਨੂੰ ਇਸ ਦੇ ਰਾਹੀਂ ਮਿਲਣ ਵਾਲੇ ਉੱਤਰਾਂ ਦੀ ਇਕ ਵੱਡੀ ਆਸ ਬੱਝ ਜਾਂਦੀ ਹੈ, ਪਰ ਇੱਥੇ ਜੋ ਮੁਖ ਧਿਆਨ ਦੇਣ ਯੋਗ ਗੱਲ ਹੈ, ਉਹ ਇਹ ਹੈ ਕਿ ਇਹ ਥਿਊਰੀ ਤਿੰਨ ਜਾਂ ਚਾਰ ਆਯਾਮੀ ਬ੍ਰਹਿਮੰਡ (ਜਿਹਾ ਕਿ ਮੌਜੂਦਾ ਸਾਇੰਸ ਹੁਣ ਤੱਕ ਸਵੀਕਾਰਦੀ ਹੈ) ਅੰਦਰ ਕੰਮ ਨਹੀਂ ਕਰਦੀ, ਬਲਕਿ ਇਸ ਲਈ 10 ਆਯਾਮ ਚਾਹੀਦੇ ਹਨ. ਤੁਹਾਡੇ ਵਿਚੋਂ ਬਹੁਤਿਆਂ ਨੂੰ ਇਹ 10 ਆਯਾਮ ਵਾਲੀ ਗੱਲ ਕਾਲਪਨਿਕ ਲੱਗ ਸਕਦੀ ਹੈ, ਪਰ ਜਦੋਂ ਅਸੀਂ ਸਾਇੰਸ ਦੇ ਨਿਯਮਾਂ ਤੇ ਵਰਤਾਰਿਆਂ ਦੀ ਚਰਚਾ ਕਰਦੇ ਹਾਂ, ਉਸ ਸਮੇਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਬ੍ਰਹਿਮੰਡ ਤਿੰਨ ਜਾਂ ਚਾਰ ਆਯਾਮੀ ਨਹੀਂ ਸਗੋਂ ਇਨ੍ਹਾਂ ਦੀ ਗਿਣਤੀ ਇਸ ਤੋਂ ਕਿਤੇ ਵਧੇਰੇ ਹੈ. ਉਦਾਹਰਨ ਵਜੋਂ 10 ਆਯਾਮਾਂ ਦੀ ਗੱਲ ਕਰਦੀ ਇਕ ਕਿਤਾਬ ਦਾ ਅਨੁਵਾਦ ਤਾਂ ਸਾਡੇ ਪੰਜਾਬ ਅੰਦਰ ਹੀ ਸਤਿਕਾਰਯੋਗ ਪਰਮ ਮੁੰਡੇ ਦੁਆਰਾ ਕੀਤਾ ਗਿਆ ਹੈ, ਜਦੋਂ ਕਿ ਐੱਮ ਥਿਊਰੀ 11 ਆਯਾਮਾਂ ਦੀ ਹੋਂਦ ਸਵੀਕਾਰਦੀ ਹੈ. ਇਸ ਤੋਂ ਵੀ ਅਗਾਂਹ ਜਦੋਂ ਅਸੀਂ ਵੇਖਦੇ ਹਾਂ ਤਾਂ ਸਾਨੂੰ ਬੌਸਨਿਕ ਸਟਰਿੰਗ ਥਿਊਰੀ ਵਿਚ 26 ਸਪੇਸ ਡਾਇਮੈਨਸ਼ਨਜ਼ ਦੀ ਗੱਲ ਪ੍ਰਾਪਤ ਹੁੰਦੀ ਹੈ ਤੇ ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਵੇਦ ਸਾਹਿੱਤ ਅੰਦਰ 64 ਆਯਾਮਾਂ ਦੀ ਗੱਲ ਕੀਤੀ ਗਈ ਹੈ, ਜਿਹੜੀ ਕਿ ਮੌਜੂਦਾ ਸਾਇੰਸ ਲਈ ਅਜੇ ਦੂਰ ਦੀ ਕੌਡੀ ਸਾਬਤ ਹੋ ਰਹੀ ਹੈ. ਪਰ ਜਦੋਂ ਅਸੀਂ ਇਸ ਤੱਥ ਨੂੰ ਜਾਣਦੇ ਹਾਂ ਕਿ ਖੁਦ ਸਟੀਫਨ ਹਾਕਿੰਗ ਅਨੁਸਾਰ ਇਸ ਪਾਸਾਰੇ ਅੰਦਰ ਏਨੇ ਕੁ ਬ੍ਰਹਿਮੰਡ ਹੋ ਸਕਦੇ ਹਨ ਕਿ ਸਾਨੂੰ ਉਨ੍ਹਾਂ ਦਾ ਇਕ ਅੰਦਾਜ਼ਾ ਲਗਾਉਣ ਹਿਤ 1 ਅੱਖਰ ਦੇ ਨਾਲ 500 ਸਿਫਰਾਂ ਲਗਾਉਣੀਆਂ ਪੈ ਸਕਦੀਆਂ ਹਨ ਤਾਂ ਇਸ ਗੱਲ ਤੋਂ ਇਨਕਾਰੀ ਹੋਣ ਲਈ ਸਾਡੇ ਕੋਲ ਹੋਰ ਕੋਈ ਆਧਾਰ ਨਹੀਂ ਬੱਚਦਾ ਕਿ ਅਸੀਂ ਇਕ ਅਨੰਤ ਆਯਾਮੀ ਬ੍ਰਹਿਮੰਡ ਅੰਦਰ ਆਪਣਾ ਵਾਸ ਕਰ ਰਹੇ ਹਾਂ. ਇਸ ਦੀ ਇਕ ਨਿੱਕੀ ਜਿਹੀ ਉਦਾਹਰਨ ਇਸ ਪ੍ਰਕਾਰ ਦੇਖੀ ਜਾ ਸਕਦੀ ਹੈ.

ਮੌਜੂਦਾ ਸਾਇੰਸਦਾਨਾਂ ਅੰਦਰ ਇਕ ਖ਼ਿਆਲ ਇਹ ਪ੍ਰਗਟ ਹੋਇਆ ਹੈ ਕਿ ਅਸੀਂ ਇਕ ਅਜਿਹੇ ਆਯਾਮ ਅੰਦਰ ਰਹਿ ਰਹੇ ਹਾਂ ਜਿਹੜਾ ਆਯਾਮ ਦੂਜਿਆਂ ਆਯਾਮਾਂ ਨਾਲ ਆਪਣੇ-ਆਪ ਨੂੰ 0. ਐਨਰਜੀ ਜਾਂ 0.ਫੀਲਡ ਜਾਂ ਕਿਸੇ ਦੂਜੇ ਆਯਾਮ ਦੇ ਰਾਹੀਂ ਜੁੜਿਆ ਹੋਇਆ ਹੈ, ਜਾਂ ਜੋੜਦਾ ਹੈ. ਇਸ 0.ਫੀਲਡ ਅੰਦਰ ਅਤੀਤ, ਵਰਤਮਾਨ ਤੇ ਭਵਿੱਖ ਦੇ ਸਾਰੇ ਵਿਚਾਰਾਂ, ਕਰਮਾਂ ਅਤੇ ਘਟਨਾਵਾਂ ਦੇ ਇਲੈਕਟ੍ਰਿਕ ਚਾਰਜ ਸਟੋਰ ਹੋ ਜਾਂਦੇ ਹਨ. 0.ਫੀਲਡ ਨੂੰ ਇਕ ਅਜਿਹੀ ਚੀਜ਼ ਮੰਨਿਆ ਜਾਂਦਾ ਹੈ, ਜਿੱਥੇ ਹਰ ਵਿਚਾਰ, ਹਰ ਹਰਕਤ ਅਤੇ ਹਰ ਉਹ ਚੀਜ਼ ਜਿਸ ਵਿਚ ਊਰਜਾ ਸ਼ਾਮਲ ਹੈ, ਉਸ ਫੀਲਡ ਦਾ ਹਿੱਸਾ ਬਣ ਜਾਂਦੀ ਹੈ ਤੇ ਹਮੇਸ਼ਾ ਉੱਥੇ ਹੀ ਰਹਿੰਦੀ ਹੈ. ਇਸ ਦਾ ਭਾਵ ਇਹ ਹੋਇਆ ਕਿ 0.ਫੀਲਡ ਉਹ ਸ਼ੈਅ ਹੈ, ਜਿਸ ਵਿਚ ਇਨਸਾਨੀ ਵਜੂਦ ਦੀਆਂ ਹੁਣ ਤੱਕ ਦੀਆਂ ਸਾਰੀਆਂ ਜਾਣਕਾਰੀਆਂ ਮੌਜੂਦ ਹਨ. 0.ਫੀਲਡ ਦੀ ਅਵਧਾਰਨਾ ਇਕ ਅਜਿਹੇ ਸਿਧਾਂਤ ਉੱਪਰ ਆਧਾਰਿਤ ਹੈ, ਜਿਸ ਮੁਤਾਬਿਕ ਬ੍ਰਹਿਮੰਡ ਵਿਚ ਤਿੰਨ ਆਯਾਮਾਂ ਲੰਬਾਈ, ਚੌੜਾਈ ਤੇ ਉਚਾਈ ਤੋ ਇਲਾਵਾ ਵੀ ਹੋਰ ਕਈ ਆਯਾਮ ਹਨ. ਜਿਹੜੇ ਕਿ ਸਾਡੀ ਚਰਚਾ ਅਧੀਨ ਸਟਰਿੰਗ ਥਿਊਰੀ ਦਾ ਹੀ ਇਕ ਹਿੱਸਾ ਹਨ.

ਸਟਰਿੰਗ ਥਿਊਰੀ ਅੰਦਰ ਵਿਗਿਆਨੀਆਂ ਵੱਲੋਂ 11 ਆਯਾਮਾਂ ਦਾ ਅਨੁਮਾਨ ਲਗਾਇਆ ਗਿਆ ਹੈ ਤੇ ਇਨ੍ਹਾਂ ਨੂੰ ਬਹੁਤ ਹੀ ਛੋਟਾ, ਜੁੜਿਆ ਹੋਇਆ ਤੇ ਕੰਪੈਕਟ ਮੰਨਿਆ ਗਿਆ ਹੈ. ਇਸ ਲਈ ਜੇਕਰ ਇਹ ਆਯਾਮ ਬਹੁਤ ਹੀ ਘੁਮਾਓਦਾਰ, ਛੋਟੇ ਤੇ ਕੌਪੈਕਟ ਹੋਣਗੇ ਤਾਂ ਸਾਨੂੰ ਇਨ੍ਹਾਂ ਨਾਲ ਅੱਗੇ ਵੱਧਣ ਦਾ ਨਾ ਪਤਾ ਲੱਗੇਗਾ ਤੇ ਨਾ ਹੀ ਇਨ੍ਹਾਂ ਦੀ ਮੌਜੂਦਗੀ ਦੀ ਜਾਣਕਾਰੀ ਹੋਵੇਗੀ. ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਸਟਰਿੰਗ ਥਿਊਰੀ ਮਾਨਤਾ ਪ੍ਰਾਪਤ ਕਰਦੀ ਹੈ ਤਾਂ ਕੀ ਇਹ ਯਕੀਨੀ ਬਣ ਜਾਵੇਗਾ ਕਿ 0.ਫੀਲਡ ਕਿਸੇ ਦੂਜੇ ਆਯਾਮ ਅੰਦਰ ਸਥਾਪਿਤ ਹੈ. ਜਿਹੜਾ ਕਿ ਅਜੇ ਸਾਡੀ ਪਹੁੰਚ ਵਿਚ ਨਹੀਂ ਆਇਆ ਹੈ. ਇਸ ਤੋਂ ਫਿਲਹਾਲ ਇਨਕਾਰੀ ਨਹੀਂ ਹੋਇਆ ਜਾ ਸਕਦਾ. ਉਨ੍ਹਾ ਹਾਲਤਾਂ ਵਿਚ ਤਾਂ ਬਿਲਕੁਲ ਵੀ ਨਹੀਂ, ਜਦੋਂ ਅਸੀਂ ਜਾਣਦੇ ਹੋਈਏ ਕਿ ਸੰਸਾਰ ਦੀਆਂ ਕਈ ਪ੍ਰਾਚੀਨ ਸੰਸਕ੍ਰਿਤੀਆਂ ਅੰਦਰ ਇਕ ਅਜਿਹੇ ਗਿਆਨ ਦੇ ਖੂਹ ਦੀ ਗੱਲ ਕੀਤੀ ਗਈ ਸਾਹਮਣੇ ਆਉਂਦੀ ਹੈ, ਜਿੱਥੇ ਪੁੱਜਣ ਦੇ ਲਈ ਪ੍ਰਾਪਤ ਯੋਗਤਾ ਚੁਣਵੇਂ ਲੋਕਾਂ ਤੱਕ ਹੀ ਸੀਮਤ ਹੁੰਦੀ ਸੀ. ਭਾਰਤ ਅੰਦਰ ਅਸੀਂ ਇਸ ਨੂੰਹਿੰਦੂ ਸੰਸਕ੍ਰਿਤੀ ਦੇ ਆਕਾਸ਼ੀ ਰਿਕਾਰਡ ਨਾਮ ਦੀ ਧਾਰਨਾ ਵਿਚੋਂ ਦੇਖ ਸਕਦੇ ਹਾਂ. ਜਿਸ ਦਾ ਆਖਣਾ ਹੈ ਕਿ ਬ੍ਰਹਿਮੰਡ ਅੰਦਰ ਪਹਿਲਾਂ ਹੀ ਹਰ ਕਿਸਮ ਦੀ ਜਾਣਕਾਰੀ ਮੌਜੂਦ ਹੈ ਤੇ ਇਸ ਨੂੰ ਕੋਈ ਵੀ ਆਪਣੀ ਯੋਗਤਾ ਦੇ ਰਾਹੀਂ ਪ੍ਰਾਪਤ ਕਰ ਸਕਦਾ ਹੈ. ਇਸ ਤੋਂ ਇਨਕਾਰੀ ਹੋਣਾ ਏਨਾ ਆਸਾਨ ਨਹੀਂ ਹੈ, ਖਾਸ ਕਰ ਉਨ੍ਹਾਂ ਹਾਲਤਾਂ ਵਿਚ ਜਦੋਂ ਆਈਨਸਟਾਈਨ ਖੁਦ ਆਖ ਗਏ ਹਨ ਕਿ ਸਪੇਸ ਤੇ  ਟਾਈਮ ਆਪਣ ਵਿਚ ਜੁੜੇ ਹੋਏ ਹਨ ਤੇ ਇਨ੍ਹਾਂ ਨੂੰ ਮੋੜਿਆ ਜਾ ਸਕਦਾ ਹੈ. ਇਸ ਦੇ ਨਾਲ ਹੀ ਆਈਨਸਟਾਈਨ ਦੁਆਰਾ ਪ੍ਰਤਿਪਾਦਿਤ ਵਰਮ ਹੋਲ ਦੀ ਸੰਕਲਪਨਾ ਇਸ ਮਾਨਤਾ ਨੂੰ ਹੋਰ ਠੋਸ ਆਧਾਰ ਪ੍ਰਦਾਨ ਕਰਦੇ ਹਨ ਕਿ ਅਸੀਂ ਕਿਸੇ ਹੋਰਨਾਂ ਆਯਾਮਾਂ ਨਾਲ ਜੁੜਨ ਦੇ ਸਮਰੱਥ ਹਾਂ ਤੇ ਇਨ੍ਹਾਂ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ. ਪਰ ਫਿਲਹਾਲ ਸਾਇੰਸ ਅੰਦਰ ਇਹ ਆਪਣੇ ਆਰੰਭਿਕ ਪੜਾਅ ਉੱਪਰ ਹਨ. ਇਹ ਭਵਿੱਖ ਦੇ ਗਰਭ ਵਿਚ ਹੀ ਪਿਆ ਹੈ ਕਿ ਅਸੀਂ ਪੁਲਾੜ ਯਾਤਰਾ ਤੋਂ ਆਯਾਮ ਯਾਤਰਾ ਵਿਚ ਕਦੋਂ ਜਾਣ ਦਾ ਕਾਬਿਲ ਹੋਵਾਂਗੇ. ਸਾਇੰਸ ਕਿਸੇ ਵੀ ਤਰ੍ਹਾਂ ਇਸ ਤੋਂ ਮੁਨਕਰ ਨਹੀ ਹੈ. ਸ਼ਾਇਦ ਸਾਡੀਆਂ ਆਉਣ ਵਾਲੀਆਂ ਨਸਲਾਂ/ਪੀੜ੍ਹੀਆਂ ਇਸ ਬਹੁ-ਆਯਾਮੀ ਸੰਸਾਰ ਦੀ ਯਾਤਰਾ ਕਰ ਸਕਣਗੀਆਂ, ਜਾਂ ਸ਼ਾਇਦ ਅਤੀਤ ਵਿਚ ਕਰ ਵੀ ਚੁੱਕੀਆਂ ਹੋਣ. ਇਸ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ. ਕਿਉਂ? ਇਸ ਦਾ ਉੱਤਰ ਫਿਰ ਕਦੀ ਸਾਂਝਾ ਕਰਾਂਗੇ.

ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ

Wednesday, June 20, 2018

ਯੋਗ: ਇਤਿਹਾਸਿਕ ਪਿਛੋਕੜ ਅਤੇ ਵਰਤਮਾਨ

ਯੋਗ ਸ਼ਬਦ ਮੂਲ ਰੂਪ ਵਿੱਚ 'ਯੁਜ' ਧਾਤੂ ਤੋਂ ਬਣਿਆ  ਹੈ। ਜਿਸਦਾ ਅਰਥ ਹੈ- ਜੋੜਣਾ ਜਾਂ ਜੋਤਣਾ । ਯੋਗ  ਸਰੀਰ, ਮਨ ਅਤੇ ਆਤਮਾ, ਇਹਨਾਂ ਤਿੰਨਾਂ ਨੂੰ ਇਕ-ਸਾਰ ਕਰਨ ਦੀ ਪੁਰਾਤਨ ਵਿਧੀ ਦਾ ਨਾਮ ਹੈ। ਜਿਸ ਦੀ ਸਥਾਪਨਾ ਭਾਵੇਂ ਵੈਦਿਕ-ਕਾਲ ਵਿਚ ਭਾਰਤੀ ਰਿਸ਼ੀਆਂ ਨੇ ਕੀਤੀ, ਪਰ ਸਮੇਂ ਦੇ ਗੇੜ ਨਾਲ ਇਹ ਵਿਧੀ ਬੋਧ, ਜੈਨ, ਮੁਸਲਿਮ-ਸੂਫੀ ਸੰਤਾਂ ਸਮੇਤ ਇਸਾਈ ਮੱਤ ਵਿਚ ਵੀ ਅਪਣੇ ਰੂਪ ਨੂੰ ਥੌੜਾ-ਬਹੁਤ ਬਦਲਦੇ ਹੋਏ ਪਾਈ ਜਾਣ ਲੱਗੀ । ਯੋਗ ਦੀ ਮੁੱਢਲੀ ਜਾਣਕਾਰੀ ਬੇਸ਼ੱਕ ਸਾਨੂੰ ਪਤੰਜ਼ਲੀ ਦੇ "ਯੋਗ ਸੂਤਰ" ਜਾਂ "ਯੋਗ ਦਰਸ਼ਨ" ਗ੍ਰੰਥ ਵਿਚੋਂ ਪ੍ਰਾਪਤ ਹੁੰਦੀ ਹੈ, ਪਰ ਇਸ ਦੇ ਟੁੱਟਵੇਂ ਸਬੂਤਾਂ ਦੀ ਲੜੀ ਸਾਨੂੰ ਹੜੱਪਾ ਅਤੇ ਸਿੰਧੂ ਘਾਟੀ ਦੀ ਸੱਭਿਅਤਾ ਤੱਕ ਲੈ ਪਹੁੰਚਦੀ ਹੈ। ਸਿੰਧੂ ਘਾਟੀ ਦੀ ਖੁਦਾਈ ਦੌਰਾਨ ਪ੍ਰਾਪਤ ਹੋਈਆਂ ਮੂਰਤੀਆਂ ਦੀ ਅਵਸਥਾ ਦਾ ਅਧਿਐਨ ਕਰਦਿਆਂ ਕਈ ਵਿਦਵਾਨਾਂ ਨੇ ਯੋਗ ਦੀ ਆਰੰਭਤਾ ਆਰੀਆ-ਪੂਰ ਐਲਾਨੀ ਹੈ,ਪਰ ਫਿਰ ਵੀ ਇਹ ਵਿਚਾਰ ਅਜੇ ਤੱਕ ਸਰਬ-ਪ੍ਰਵਾਣਿਤ ਨਹੀਂ ਹੋ ਸਕਿਆ ਕੇ ਯੋਗ ਵਾਸਤਵ ਵਿਚ ਇਤਿਹਾਸ ਦੇ ਕਿਸ ਪੜਾਅ ਉੱਪਰ ਹੋਂਦ ਵਿਚ ਆਇਆ। ਯੋਗ ਬਾਬਤ ਜੋ ਵਿਚਾਰ ਬਹੁ-ਗਿਣਤੀ ਵਿਦਵਾਨਾਂ ਅੰਦਰ ਸਰਬ-ਸੰਮਤੀ ਰੱਖਦਾ ਹੈ, ਉਹ ਇਹ ਹੈ ਕੇ ਲਿਖਤ ਰੂਪ ਵਿਚ ਯੋਗ ਦਾ ਆਰੰਭ ਉਪਨਿਸ਼ਦ ਕਾਲ ਤੋਂ ਹੋਇਆ ਅਤੇ ਇਸ ਉਪ੍ਰੰਤ ਮਹਾਂਭਾਰਤ, ਗੀਤਾ ਦੇ ਨਾਲ-ਨਾਲ ਪਤੰਜਲੀ ਦੇ ਯੋਗ ਸੂਤਰ ਇਸ ਦੇ ਆਰੰਭਿਕ ਅਤੇ ਮੁੱਖ ਗ੍ਰੰਥਾਂ ਵਜੋਂ ਸਾਹਮਣੇ ਆਏ। ਇੱਕ ਹੋਰ ਵਿਚਾਰ ਅਨੁਸਾਰ, ਯੋਗ ਦਾ ਸੰਬੰਧ ਸਾਂਖ ਸ਼ਾਸਤਰ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ। ਦਰਅਸਲ ਸਾਂਖ ਅਤੇ ਯੋਗ ਆਪਸ ਵਿਚ ਏਨੇ ਇਕ-ਸੁਰ ਹਨ ਕੇ ਦੋਵਾਂ ਵਿਚਕਾਰ ਮੁੱਖ-ਭੇਦ ਕਰਨ ਲਈ ਵਿਦਵਾਨਾਂ ਨੇ ਯੋਗ ਨੂੰ 'ਈਸ਼ਵਰ ਸਹਿਤ' ਅਤੇ ਸਾਂਖ ਨੂੰ 'ਈਸ਼ਵਰ ਰਹਿਤ' ਸਵੀਕ੍ਰਿਤ ਕੀਤਾ ਹੈ। ਇਸ ਵਜ੍ਹਾ ਕਾਰਨ ਅਧਿਐਨ ਦ੍ਰਿਸ਼ਟੀ ਤੋਂ ਸਾਂਖ ਅਤੇ ਯੋਗ ਇੱਕ ਹੀ ਸਿੱਕੇ ਦੇ ਦੋ ਪਹਿਲੂਆਂ ਵਜੋਂ ਸਾਡੇ ਸਾਹਮਣੇ ਆਉਂਦੇ ਹਨ। 'ਭਗਵਦਗੀਤਾ' ਦੇ ਇੱਕ ਸ਼ਲੋਕ ਅਨੁਸਾਰ ਤਾਂ 'ਸਾਂਖ ਅਤੇ ਯੋਗ ਦੋ ਵੱਖ-ਵੱਖ ਚੀਜਾਂ ਹਨ, ਇਹ ਆਖਣਾ ਹੀ ਮੂਰਖਾਂ ਦੀ ਨਿਸ਼ਾਨੀ ਹੈ, ਕਿਉਂ ਕਿ ਵਿਦਵਾਨ ਦੋਵਾਂ ਨੂੰ ਇੱਕ ਹੀ ਸਮਝਦੇ ਹਨ' ਯੋਗ ਵਿੱਦਿਆ ਵਿੱਚ ਸ਼ਿਵ ਨੂੰ ਪਹਿਲਾ ਜਾਂ ਆਦਿ ਯੋਗੀ ਸਵੀਕ੍ਰਿਤ ਕੀਤਾ ਜਾਂਦਾ ਹੈ। ਕਈ ਹਜ਼ਾਰ ਸਾਲ ਪਹਿਲਾਂ, ਹਿਮਾਲਿਆ ਦੇ ਕਾਂਤੀ ਸਰੋਵਰ ਝੀਲ ਦੇ ਤਟਾਂ ਤੇ ਕਿਹਾ ਜਾਂਦਾ ਹੈ ਕਿ ਸ਼ਿਵ ਨੇ ਅਪਣੇ ਪ੍ਰਬੁੱਧ ਗਿਆਨ ਨੂੰ ਅਪਣੇ ਸੁਪ੍ਰਸਿੱਧ ਸਪਤ-ਰਿਸ਼ੀਆਂ ਨੂੰ ਪ੍ਰਦਾਨ ਕੀਤਾ ਸੀ। ਜਿਹਨਾਂ ਨੇ ਅਗਾਂਹ ਇਹ ਗਿਆਨ ਏਸ਼ੀਆ, ਮੱਧ-ਪੂਰਬ, ਉੱਤਰੀ-ਰੀਕ , ਦੱਖਣੀ-ਅਮਰੀਕਾ ਆਦਿ ਦੇ ਵਿਭਿੰਨ ਖੇਤਰਾਂ ਤੱਕ ਪਹੁੰਚਾਇਆ।


                       


ਯੋਗ ਕੀ ਹੈ ? ਇਹ ਪ੍ਰਸ਼ਨ ਵੀ ਫਿਲਹਾਲ ਅਪਣੇ ਯੋਗ ਉੱਤਰ ਨੂੰ ਪ੍ਰਾਪਤ ਨਹੀਂ ਹੋ ਸਕਿਆ। ਇਤਿਹਾਸਿਕ ਸੰਦਰਭਾਂ ਵਿਚ ਸਭ ਤੋਂ ਪਹਿਲਾਂ 'ਯੋਗ' ਸ਼ਬਦ ਸਾਨੂੰ ਰਿਗਵੇਦ ਵਿਚ ਪ੍ਰਾਪਤ ਹੁੰਦਾ ਹੈ, ਪਰ ਉੱਥੇ ਇਸ ਸ਼ਬਦ ਦਾ ਮਤਲਬ 'ਰੱਥ ਵਿਚ ਗਧੇ ਆਦਿ ਨੂੰ ਜੋੜਣਾ' ਹੈ ਨਾਂ ਕੇ ਕਿਸੇ ਪ੍ਰਕਾਰ ਦੀ ਕੋਈ ਸਰੀਰਕ ਕਿਰਿਆ ਕਰਨਾ। ਕੁੱਝ ਵਿਦਵਾਨ ਇਹ ਵੀ ਦਾਅਵਾ ਕਰਦੇ ਹਨ ਕਿ ਯੋਗ ਵੇਦਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਇੱਥੋਂ ਦੇ ਆਦਿ-ਵਾਸੀਆਂ ਵਿਚ ਪ੍ਰਚਲਿੱਤ ਕੁੱਝ ਆਦਿਮ-ਪ੍ਰਥਾਵਾਂ ਦੇ ਰੂਪ ਵਿਚ ਮੌਜੂਦ ਸੀ, ਪਰ ਅਜਿਹੇ ਦਾਅਵਿਆਂ ਦਾ ਕੋਈ ਠੋਸ ਆਧਾਰ ਸਾਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਇਆ।  ਭਗਵਦ-ਗੀਤਾ ਵਿਚ ਯੋਗ ਦੀ ਵਰਤੋਂ ਇਕੱਲਿਆਂ ਅਤੇ ਸਾਂਝੇ ਤੌਰ 'ਤੇ ਕਈ ਜਗ੍ਹਾ ਹੋਈ ਪ੍ਰਾਪਤ ਹੁੰਦੀ ਹੈ, ਜਿਵੇਂ ਕੇ  ਬੁੱਧੀ ਯੋਗ , ਸੰਨਿਆਸ ਯੋਗ , ਕਰਮ ਯੋਗ ਆਦਿ । ਪਨਿਸ਼ਦ - ਕਾਲ ਵਿਚ ਸਾਨੂੰ ਅਧਿਆਤਮ ਯੋਗ , ਯੋਗ ਵਿਧੀ ਅਤੇ ਧਿਆਨ ਯੋਗ ਵਰਗੇ ਸ਼ਬਦ ਵੀ ਪ੍ਰਾਪਤ ਹੋਣ ਲੱਗੇ ਸੀ । ਕਠ ਉਪਨਿਸ਼ਦ ਵਿਚ ਯੋਗ-ਸੂਤਰਾਂ ਨਾਲ ਮੇਲ ਖਾਂਦੀ ਇੱਕ ਪਰਿਭਾਸ਼ਾ ਦੇ ਦਰਸ਼ਨ ਹੁੰਦੇ ਹਨ। ਜਿਸ ਵਿਚ ਯੋਗ ਨੂੰ 'ਇੰਦਰੀਆਂ ਨੂੰ ਸਥਿਰ ਕਰਨ ਵਾਲਾ' ਕਿਹਾ ਗਿਆ ਹੈ। ਉੱਤਰ-ਵੈਦਿਕ ਕਾਲ ਵਿੱਚ ਭਗਤੀ ਅਤੇ ਹੱਠ ਯੋਗ ਵਰਗੇ ਸ਼ਬਦ ਵੀ ਮਿਲਦੇ ਹਨ। ਉਂਝ  'ਹੱਠ ਯੋਗ' ਪੰਦਰਵ੍ਹੀ ਸਦੀ ਦੌਰਾਨ ਯੋਗੀ ਸਵਤਮਰਮਾ ਦੇ 'ਹੱਠਯੋਗ ਪ੍ਰਦੀਪਕਾ' ਰਾਹੀਂ ਸਾਡੇ ਸਾਹਮਣੇ ਦ੍ਰਿਸ਼ਟੀ ਗੋਚਰ ਹੁੰਦਾ ਹੈ। ਹੱਠ ਯੋਗ ਅਤੇ ਪਤੰਜਲੀ ਦਾ ਰਾਜ ਯੋਗ ਇਹ ਦੋਵੇਂ ਵੱਖੋ-ਵੱਖ ਯੋਗ ਹਨ। ਹੱਠ ਯੋਗ ਅਪਣੇ ਕਈ ਭਿੰਨ-ਭਿੰਨ ਰੂਪਾਂ ਦੀ ਇੱਕ ਵੱਖਰੀ ਹੀ ਸ਼ੈਲੀ ਹੈ, ਜਿਸਨੂੰ ਅਕਸਰ ਯੋਗ ਸ਼ਬਦ ਨਾਲ ਜੋੜਿਆ ਜਾਂਦਾ ਹੈ। ਪਤੰਜਲੀ ਨੇ ਅਪਣੇ ਯੋਗ ਦਰਸ਼ਨ ਵਿੱਚ ਯੋਗ ਦੀ ਪਰਿਭਾਸ਼ਾ ਕਰਦਿਆਂ ਇਸਨੂੰ 'ਚਿਤ ਦੀਆਂ ਵ੍ਰਿਤੀਆਂ ਨੂੰ ਰੋਕਣ ਅਤੇ ਪੂਰਨਤਾ ਤੱਕ ਜਾਣ ਦਾ ਸਾਧਨ' ਦੱਸਿਆ ਹੈ। ਦੂਸਰੇ ਸਬਦਾਂ ਵਿੱਚ ਕਹਿ ਸਕਦੇ ਹਾਂ ਕਿ ਯੋਗ ਅਪਣੀ ਸਰਬੋਤਮ ਅਵਸਥਾ, ਸਮਾਧੀ , ਮੋਕਸ਼ ਜਾਂ ਕੈਵਲਯ ਤੱਕ ਪਹੁੰਚਣ ਲਈ ਅਪਣਾਏ ਜਾਣ ਵਾਲੇ ਸਾਧਨਾਂ ਦਾ ਨਾਂ-ਮਾਤਰ ਹੈ। ਇਹਨਾਂ ਸਾਧਨਾਂ ਨੂੰ ਪਤੰਲੀ ਨੇ ਅਪਣੇ ' ਅਸ਼ਟਾਂਗ ਮਾਰਗ ' ਰਾਹੀਂ ਅੱਠ ਸ਼੍ਰੇਣੀਆਂ ਵਿੱਚ ਵੰਡਿਆ ਹੈ,   ਜਿਹਨਾਂ ਦਾ ਸੰਖੇਪ ਵਰਨਣ ਪ੍ਰਸਿੱਧ ਵਿਦਵਾਨ ਸ਼੍ਰੀ ਰਾਹੁਲ ਸੰਕਰਤਾਇਨ ਨੇ ਇਸ ਪ੍ਰਕਾਰ ਕੀਤਾ ਹੈ:

1.       ਯਮ : ਅਹਿੰਸਾ , ਸੱਚ , ਚੋਰੀ ਤਿਆਗ , ਬ੍ਰਹਮਚਾਰਯ ਅਤੇ ਅਪਰਗ੍ਰਿਹ ( ਭੋਗਾਂ ਦਾ ਜਿਆਦਾ ਸੰਗ੍ਰਹਿ ਨਾ ਕਰਨਾ )
2.       ਨਿਯਮ : ਸੌਚ ( ਸ਼ਰੀਰਕ ਸੁੱਧਤਾ ) , ਸ਼ੰਤੋਸ਼ , ਤਪ , ਈਸ਼ਵਰ ਭਗਤੀ ਆਦਿ ।
3.       ਆਸਣ : ਆਰਾਮ ਸਹਿਤ ਨਿਸ਼ਚਲ ਸਰੀਰ ( ਜਿਸ ਨਾਲ ਪ੍ਰਾਣਾਯਾਮ ਕਰਨ ਲਈ ਆਸਾਨੀ ਹੋਵੇ )
4.       ਪ੍ਰਾਣਾਯਾਮ : ਆਸਣਾਂ ਦੀ ਅਵਸਥਾ ਵਿੱਚ ਸਾਹ ਕਿਰਿਆ ਦੀ ਗਤੀ ਨੂੰ ਨਿਯੰਤਰਣ ਕਰਨਾ ।
5.       ਪ੍ਰਤਿਯਾਹਾਰ : ਇੰਦਰੀਆਂ ਦਾ ਵਿਸ਼ੇ ਵਿਕਾਰਾਂ ਨਾਲ ਮੇਲ ਨਾ ਹੋਣ ਦੇਣਾ ।
6.       ਧਾਰਣਾ : ਖਾਸ ਅਵਸਥਾ ਚ ਮਨ ਬਿਰਤੀਆਂ ਉੱਪਰ ਕਾਬੂ ।
7.       ਧਿਆਨ : ਧਾਰਣਾ ਦੀ ਸਥਿਤੀ ਵਿੱਚ ਮਨ ਬਿਰਤੀਆਂ ਦੀ ਇੱਕਰੂਪਤਾ ।
8.       ਸਮਾਧੀ : ਧਅੇਯ ( ਅਰਥਾਤ ਜਿਸਨੂੰ ਧਿਆਨ ਵਿੱਚ ਲਿਆਂਦਾ ਜਾ ਸਕੇ , ਜੋ ਧਿਆਨ ਦਾ ਵਿਸ਼ਾ ਹੋਵੇ , ਜਿਸਦਾ ਧਿਆਨ ਕੀਤਾ ਜਾ ਰਿਹਾ ਹੈ ਅਤੇ ਉਹ ਤੱਤ ਕਾਰਜ ਜਾਂ ਗੱਲ , ਜਿਸਨੂੰ ਧਿਆਨ ਵਿੱਚ ਰੱਖਕੇ ਉਸਦੀ ਪ੍ਰਾਪਤੀ ਲਈ ਯਤਨ ਕੀਤਾ ਜਾ ਰਿਹਾ ਹੈ) , ਧਿਆਤਾ ਅਤੇ ਧਿਆਨ ਦੇ ਗਿਆਨਾਂ ਵਿੱਚ ਜਿੱਥੇ ਧਅੇਯ ਮਾਤਰ ਦਾ ਗਿਆਨ ਪ੍ਰਗਟ ਹੁੰਦਾ ਹੈ , ਉਸਨੂੰ ਸਮਾਧੀ ਕਹਿੰਦੇ ਹਨ।
          ਰਾਹੁਲ ਸੰਕਰਤਾਇਨ ਅਨੁਸਾਰ ਹੀ "ਧਾਰਣਾ , ਧਿਆਨ ਅਤੇ ਸਮਾਧੀ ਇਹਨਾਂ ਤਿੰਨਾਂ ਅੰਤਰੰਗੀ ਯੋਗ ਅੰਗਾਂ ਨੂੰ "ਸੰਜਮ" ਵੀ ਕਿਹਾ ਜਾਂਦਾ ਹੈ ।

ਯੋਗ ਬਨਾਮ ਆਸਣ: ਯੋਗ ਸ਼ਾਸ਼ਤਰੀਆਂ ਅਤੇ ਵਿਦਵਾਨਾਂ ਨੇ ਯੋਗ ਅਤੇ ਯੋਗ ਦੇ ਨਾਮ ਅਧੀਨ ਕੀਤੀਆਂ ਜਾਂਦੀਆਂ ਵੱਖ ਵੱਖ ਤਰ੍ਹਾਂ ਦੀਆਂ ਸਰੀਰਕ ਅਵਸਥਾਵਾਂ ਨੂੰ ਅਲੱਗ-ਅਲੱਗ ਸਵੀਕਾਰ ਕੀਤਾ ਹੈ । ਯੋਗ ਦੇ ਮੁੱਖ ਪ੍ਰਵਰਤਕ ਪਤੰਜ਼ਲੀ ਦੇ 'ਯੋਗ ਸੂਤਰ' ਗ੍ਰੰਥ ਵਿੱਚ ਸ਼ਾਮਿਲ 194 ਸੂਤਰਾਂ ਵਿੱਚੋਂ ਸਿਰਫ ਇੱਕ ਸੂਤਰ ( ਸੂਤਰ ਸੰਖਿਆ ਨੰਬਰ 97 )  ਵਿਚ, ਸ਼ਬਦ 'ਆਸਣ' ਪ੍ਰਾਪਤ ਹੁੰਦਾ ਹੈ, ਜਿਸ ਬਾਬਤ ਲਿਖਦਿਆਂ ਪਤੰਜ਼ਲੀ ਆਖਦਾ ਹੈ– ' ਸਥਿਰਸੁਖਮੰ ਆਸਣਮੰ ' ਅਰਥਾਤ ਆਰਾਮ ਨਾਲ ਸਥਿਰ ਬੈਠਣ ਦਾ ਨਾਮ ਹੀ ਆਸਣ ਹੈ। ਇਸ ਸੂਤਰ ਦੀ ਇੱਕ ਵਿਆਖਿਆ ਕਰਦਿਆਂ ਪੰਡਿਤ  ਕ੍ਰਿਸਣਾਮਣੀ ਤ੍ਰਿਪਾਠੀ ਜੀ ਨੇ ਅਪਣੀ ਪੁਸਤਕ  "ਯੋਗ ਦਰਸ਼ਨ ਸਮੀਕਸ਼ਾ" ਵਿੱਚ ਕਿਹਾ ਹੈ ਕੇ, " ਇੱਥੇ ਪਤੰਜ਼ਲੀ ਨੇ ਉਹਨਾਂ ਆਸਣਾਂ ਦਾ ਵਰਨਣ ਨਹੀਂ ਕੀਤਾ, ( ਜਿਹਨਾਂ ਨੂੰ ਵੱਖ-ਵੱਖ ਪ੍ਰਕਾਰ ਦੀਆਂ ਸਰੀਰਕ ਮੁਦਰਵਾਂ 'ਚ ਕੀਤਾ ਜਾਂਦਾ ਹੈ) ਸਗੋਂ ਬੈਠਣ ਦਾ ਤਰੀਕਾ ਸਾਧਕ ਦੀ ਇੱਛਾ ਤੇ ਛੱਡ ਦਿੱਤਾ ਗਿਆ ਹੈ । ਮਤਲਬ ਇਹ ਕਿ ਜੋ ਸਾਧਕ ਅਪਣੀ ਤਾਕਤ ਦੇ ਅਨੁਸਾਰ ਜਿਸ ਢੰਗ ਨਾਲ ਸੁੱਖ-ਦਾਇਕ ਸਥਿਰ ਭਾਵ ਨਾਲ, ਕਿਸੇ ਪ੍ਰਕਾਰ ਦੇ ਕਸ਼ਟ ਤੋਂ ਬਿਨਾਂ, ਜਿਆਦਾ ਸਮੇਂ ਤੱਕ ਬੈਠ ਸਕੇ, ਉਹੀ ਆਸਣ ਉਹਦੇ ਲਈ ਠੀਕ ਹੈ"  ਇਸ ਦੇ ਨਾਲ ਹੀ ਅਪਣੇ ਗ੍ਰੰਥ ਵਿਚਲੇ ਦੂਸਰੇ ਅਧਿਆਏ ਵਿਚ ਉਨੱਤੀਵੀਂ ਸੂਤਰ ਚ ਪਤੰਜ਼ਲੀ ' ਆਸਣ' ਨੂੰ ਯੋਗ ਦਾ ਅੱਠਵਾਂ ਅੰਗ ਕਹਿੰਦਾ ਹੈ। ( ਬੋਧ-ਯੋਗ ਦੀ ਦ੍ਰਿਸ਼ਟੀ ਤੋਂ ਆਸਣ, ਯੋਗ ਦਾ 40ਵਾਂ  ਅੰਗ ਹੈ)। ਇਸ ਸੂਤਰ ਤੋਂ ਇਲਾਵਾ ਪੂਰੇ ਯੋਗ ਸੂਤਰ ਵਿਚ ਕਿਧਰੇ ਵੀ, ਕਿਸੇ ਤਰ੍ਹਾਂ ਦੇ ਆਸਣ ਦਾ ਜਿਕਰ ਸਾਨੂੰ ਨਹੀਂ ਪ੍ਰਾਪਤ ਹੁੰਦਾ। ਵਰਤਮਾਨ ਦੌਰ ਵਿਚ ਪ੍ਰਚਲਿੱਤ 'ਯੋਗਾ' ਜਾਂ ਯੋਗ ਆਸਣਾਂ ਦਾ ਜ਼ਿਕਰ ਪਤੰਜ਼ਲੀ ਦੇ ਬਹੁਤ ਸਮਾਂ ਬਾਅਦ ਰਚੀਆਂ ਪੁਸਤਕਾਂ ਵਿੱਚ ਕਿਧਰੇ-ਕਿਧਰੇ ਦਿਖਾਈ ਦਿੰਦਾ ਹੈ ਅਤੇ ਉਹ ਵੀ ਉਹਨਾਂ ਪੁਸਤਕਾਂ ਵਿਚ, ਜਿਹਨਾਂ ਦੇ ਰਚੈਤਾ ਨਾਂ ਹੀ ਕੋਈ ਚਿਕਿਤਸਾ ਸ਼ਾਸ਼ਤਰੀ ਸਨ ਅਤੇ ਨਾਂ ਹੀ ਕੋਈ ਅਨੁਭਵੀ ਵਿਆਕਤੀ। ਸ਼ਾਇਦ ਇਹੀ ਕਾਰਨ ਹੋ ਸਕਦਾ ਹੈ, ਕੇ ਸਮਕਾਲੀ ਦੌਰ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਇਹਨਾਂ ਯੋਗ-ਆਸਣਾਂ ਨੂੰ ਭਾਰਤ ਦੇ ਪ੍ਰਸਿੱਧ ਆਯੂਰਵੈਦਿਕ ਗ੍ਰੰਥਾਂ ਵਿਚ ਸ਼ਾਮਿਲ ਤੱਕ ਨਹੀਂ ਕੀਤਾ ਗਿਆ। ਦੂਸਰੀ ਗੱਲ ਜਿਹਨਾਂ ਆਸਣਾਂ ਦੀ ਗੱਲ ਅੱਜ-ਕੱਲ੍ਹ ਦੇ ਯੋਗ ਗੁਰੂ ਕਰ ਰਹੇ ਹਨ, ਹੱਠ ਯੋਗ ਵਿਚ ਉਹਨਾਂ ਦੀ ਵਰਤੋਂ ਸਿਰਫ ਮਨੁੱਖੀ ਮਨ ਦੀ ਸਥਿਰਤਾ ਲਈ ਹੋਈ ਪ੍ਰਾਪਤ ਹੁੰਦੀ ਹੈ, ਅਰਥਾਤ ਯੋਗ-ਸਾਧਨਾ ਰਾਹੀਂ ਸਰੀਰ ਨੂੰ ਕਸ਼ਟ ਦੇ ਕੇ ਮਨ ਨੂੰ ਸਥਿਰ ਕਰਨ ਦੀ ਪ੍ਰੰਪਰਾ ਸਦੀਆਂ ਪੁਰਾਣੀ ਹੈ, ਪਰ ਇਹਨਾਂ ਆਸਣਾਂ ਰਾਹੀ ਮਾਨਵੀ ਬਿਮਾਰੀਆਂ ਦੂਰ ਕਰਨ ਦਾ ਉਹ ਪ੍ਰਮਾਣ ਸਾਨੂੰ ਕਿਧਰੇ ਵੀ ਪ੍ਰਾਪਤ ਨਹੀਂ ਹੁੰਦਾ, ਜਿਸ ਦਾ ਦਾਅਵਾ ਯੋਗ ਨੂੰ ਵਿਸ਼ਵ ਮੰਡੀ ਦੀ ਵਸਤੂ ਬਣਾਉਣ ਵਾਲੇ ਤਥਾਕਥਿਤ 'ਯੋਗ ਗੁਰੂ' ਕਰਦੇ ਦਿਖਾਈ ਪੈਂਦੇ ਹਨ। ਜਿਹਨਾਂ ਅਨੁਸਾਰ ਪ੍ਰਾਣਾਯਾਮ ਕਰਨ ਨਾਲ ਮਨੁੱਖ ਦੀਆਂ ਹਰ ਤਰ੍ਹਾਂ ਦੀਆ ਬਿਮਾਰੀਆਂ ਦਾ ਇਲਾਜ ਸੰਭਵ ਹੈ। ਵਰਣਨਯੋਗ ਹੈ ਕਿ ਹੱਠ ਯੋਗ ਅੰਦਰ ਪ੍ਰਾਪਤ ਅੱਠ ਪ੍ਰਕਾਰ ਦੇ ਪ੍ਰਾਣਾਯਾਮ ਵਿਚੋਂ, ਪੰਜ ਪ੍ਰਕਾਰ ਦੇ ਪ੍ਰਾਣਾਯਾਮ ਨੂੰ ਹਰ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਨਸ਼ਟ ਕਰਨ ਵਾਲੇ ਕਿਹਾ ਗਿਆ ਹੈ, ਪਰ ਯੋਗ ਦੀ ਜੈਨ ਪ੍ਰੰਪਰਾ ਅਨੁਸਾਰ ਇਹ ਪ੍ਰਣਾਯਾਮ, ਮਨੁੱਖੀ ਮਨ ਨੂੰ ਸਵਸਥ ਅਤੇ ਸਥਿਰ ਨਹੀਂ ਰੱਖ ਸਕਦਾ । 

ਯੋਗ ਦਾ ਖੰਡਨ : ਪ੍ਰਸਿੱਧ ਵਿਦਵਾਨ ਬਾਦਰਾਯਣ  ਨੇ ਅਪਣੇ  ਗ੍ਰੰਥ "ਬ੍ਰਹਮਸੂਤਰ" ਵਿਚ ' ਅਤੇਨ ਯੋਗ : ਪ੍ਰਤਯੁਕਤ ' ਕਹਿ ਕੇ, ਯੋਗ ਦਾ ਖੰਡਨ ਕਰਦਿਆਂ ਇਸ ਨੂੰ ਰੱਦ ਕੀਤਾ ਹੈ। ਜਦੋਂ ਕੇ ਸ਼ੰਕਰਾਚਾਰੀਆ ਨੇ ਯੋਗ ਨੂੰ  ਵੇਦਾਂ ਦੀ ਪਰਵਾਹ ਨਾ ਕਰਨ ਬਦਲੇ ਇਸ ਦੀ ਭਰਭੂਰ ਨਿੰਦਾ ਕੀਤੀ ਹੈ। ਈਸ਼ਵਰ ਬਾਬਤ ਜੈਨ ਮੱਤ ਦਾ ਅਨੁਸਰਣ ਕਰਨ ਕਰਕੇ, ਸਵਾਮੀ ਭਗਵਦਾਚਾਰੀਆ ਨੇ ਵੀ ਯੋਗ ਨੂੰ ਤਿਆਗਯੋਗ ਸਮਝਿਆ ਹੈ। ਯੋਗ ਦੀ ਆਲੋਚਨਾ ਸ਼ਾਸ਼ਤਰਾਚਾਰੀਆਂ ਨੇ ਮੁੱਖ ਤੌਰ ਤੇ ਵੇਦ ਵਿਰੋਧੀ ਹੋਣ ਕਾਰਨ ਸਮੇਂ-ਸਮੇਂ ਕੀਤੀ ਹੈ। ਮੀਮਾਸਾਂ ਸ਼ਾਸਤਰ ਦੇ ਪ੍ਰਸਿੱਧ ਵਿਦਵਾਨ ਕੁਮਾਰਿਲ ਭੱਟ ਨੇ ਤਾਂ ਇਸ ਤੋਂ ਵੀ ਅਗਾਂਹ ਜਾਂ ਕੇ ਯੋਗ ਵਾਲਿਆਂ ਨੂੰ ਇਸ ਗੱਲ ਦੀ ਚੁਣੌਤੀ ਦਿੱਤੀ ਸੀ ਕਿਨ੍ਹਾਂ ਨੂੰ ਸਮਾਧੀ ਅਵਸਥਾ ਵਿੱਚ ਜੋ ਕਥਿਤ ਗਿਆਨ ਪ੍ਰਾਪਤ ਹੁੰਦਾ, ਉਹ ਬਿਲਕੁਲ ਪੂਰਨ  ਅਤੇ ਪ੍ਰਮਾਣਿਕ ਹੀ ਹੁੰਦਾ ਹੈ ਅਤੇ ਇਸ ਗਿਆਨ ਨੂੰ ਹੋਰਨਾਂ ਸਾਧਨਾਂ ਰਾਹੀਂ ਪ੍ਰਾਪਤ ਕੀਤਾ ਹੀ ਨਹੀਂ ਜਾ ਸਕਦਾ, ਇਹ ਨਿਰਾਧਾਰ ਤੱਥ ਹੈ। ਹਿੰਦੂਆਂ ਦੇ ਪ੍ਰਮਾਣਿਕ ਗ੍ਰੰਥ "ਮਨੂੰ-ਸਿਮ੍ਰਤੀ" ਵਿਚ ਵੀ ਯੋਗ ਨੂੰ 'ਛਲਕਪਟ' ਦੇ ਅਰਥ ਪ੍ਰਦਾਨ ਕੀਤੇ ਗਏ ਹਨ। ਮਨੂੰ-ਸਿਮ੍ਰਤੀ ਦੇ ਪ੍ਰਸਿੱਧ ਵਿਆਖਿਆਕਾਰ ਸ਼੍ਰੀ ਕੁੱਲੂ ਭੱਟ ਅਨੁਸਾਰ ਵੀ ਯੋਗ ਦਾ ਅਰਥ ਛਲ ਹੈ, ਬਿਲਕੁਲ ਅਜਿਹੀ ਹੀ ਵਿਆਖਿਆ ਭਾਸ਼ਕਾਰ ਰਾਮਚੰਦਰ ਨੇ ਕਰਦਿਆਂ ਯੋਗ ਨੂੰ ਧੋਖਾਦੇਹੀ ਤੇ ਬੇਈਮਾਨੀ ਕਿਹਾ ਹੈ। ਮਹਾਂਕਵੀ ਕਾਲੀਦਾਸ ਨੇ ਅਪਣੀ ਪ੍ਰਸਿੱਧ ਕ੍ਰਿਤ ਮਹਾਂਕਾਵਿ "ਰਘੂਵੰਸ਼" ਅੰਦਰ ਯੋਗ ਨੂੰ ਮੌਤ ਦੇ ਸਾਧਨ ਦੇ ਰੂਪ ਵਿੱਚ ਬਿਆਨਿਆ ਹੈ, ਜਿਸ ਰਾਹੀਂ ਲੋਕ ਬੁਢਾਪੇ ਚ ਮੌਤ ਨੂੰ ਪ੍ਰਾਪਤ ਹੁੰਦੇ ਸਨ। ਇਹ ਵਿਧੀ ਸ਼ਾਇਦ ਜੈਨੀਆਂ ਦੇ ਸੰਥਾਰਾਂ ਨਾਲ ਮੇਲ ਖਾਂਦੀ ਹੋਵੇਗੀ ।

ਯੋਗ ਦਾ ਮੰਡੀ ਦੀ ਵਸਤੂ ਵਿੱਚ ਰੂਪਾਂਤਰਣ : ਯੋਗਾ ਦੇ ਨਾਮ ਤੇ ਵਿਸ਼ਵ ਭਰ ਵਿੱਚ ਚਲਾਏ ਜਾ ਰਹੇ ਯੋਗ ਵਾਪਾਰ ਦਾ ਆਮਦਨ ਅੰਕੜਾ ਇੱਕ ਸਰਵੇ ਮੁਤਾਬਿਕ ਕਰੀਬ 90 ਬਿਲੀਅਨ ਡਾਲਰ ਦੇ ਕਰੀਬ ਪਹੁੰਚ ਚੁੱਕਾ ਹੈ। ਜਿਸ ਵਿਚ ਇੱਕਲੇ ਅਮਰੀਕਾ ਦਾ ਹਿੱਸਾ ਕਰੀਬ 27 ਬਿਲੀਅਨ ਡਾਲਰ ਦਾ ਹੈ। ਭਾਰਤ ਸਰਕਾਰ ਦੇ ਸੱਦੇ ਤੇ ਮਨਾਏ ਗਏ ਪਹਿਲੇ  ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੱਦੇ-ਨਜ਼ਰ, ਭਾਰਤ ਅੰਦਰ ਹੋਏ ਸਰਕਾਰੀ ਪ੍ਰੋਗਰਾਮਾਂ ਵਿੱਚ 15 ਅਰਬ ਰੁਪਏ ਦੇ ਕਰੀਬ ਖਰਚ ਹੋਏ। ਸਰਕਾਰੀ ਦੇ ਅਧਿਕਾਰਕ ਬਿਆਨਾਂ ਅਨੁਸਾਰ  ਪਹਿਲੇ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੱਦੇ-ਨਜ਼ਰ ਆਯੂਸ਼ ਵਿਭਾਗ ਵੱਲੋਂ ਨਵੀਂ ਦਿੱਲੀ ਦੇ ਰਾਜਪਥ 'ਤੇ ਕਰਵਾਏ ਗਏ ਯੋਗ ਪ੍ਰੋਗਰਾਮ ਦੌਰਾਨ ਲੱਗਭੱਗ 1586.96 ਲੱਖ ਰੁਪਏ ਖਰਚ ਹੋਏ , ਜਦੋਂਕਿ ਇਸ ਦੌਰਾਨ ਭਾਗ ਲੈਣ ਵਾਲਿਆਂ ਦੀ ਗਿਣਤੀ ਸਿਰਫ 35985 ਹੀ ਸੀ । ਇਹਨਾਂ ਖਰਚਿਆਂ  ਵਿੱਚ ਸਰਕਾਰ ਵੱਲੋਂ ਸਿਰਫ ਯੋਗ ਦੇ ਪ੍ਰਚਾਰ ਉੱਪਰ ਹੀ828.43 ਲੱਖ ਖਰਚ ਕਰ ਦਿੱਤੇ ਗਏ , ਜਦੋਂਕਿ ਰਾਜਪਥ 'ਤੇ ਆਯੋਜਿਤ ਸਮਾਗਮ ਦੀ ਵਿਵਸਥਾ ਸਰਕਾਰ ਨੂੰ 758.53 ਲੱਖ ਰੁਪਏ ਵਿਚ ਪਈ । ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ 'ਕੇਂਦਰੀ ਯੋਗ ਅਤੇ ਪ੍ਰਾਕ੍ਰਿਤਿਕ ਚਿਕਿਤਸਾ ਅਨੁਸੰਧਾਨ ਪਰਿਸ਼ਦ ' ਰਾਹੀਂ ਦੇਸ਼ ਦੇ ਹਰ ਜਿਲ੍ਹੇ ਵਿੱਚ ਯੋਗ ਦਿਵਸ ਮਨਾਉਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਮੱਦਦ ਵੀ ਪ੍ਰਦਾਨ ਕੀਤੀ ਗਈ ਸੀ, ਜੋ ਕੇ ਕਰੀਬ -ਕਰੀਬ 670 ਲੱਖ ਰੁਪਏ ਬਣਦੀ ਹੈ । ਇਸ ਦੇ ਨਾਲ ਹੀ   'ਮੁਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ' ਵੱਲੋਂ ਸਾਂਝਾ ਯੋਗ ਪ੍ਰੋਟੋਕਾਲ ਉੱਪਰ ਫਿਲਮ ਅਤੇ ਪੁਸਤਕਾਂ ਬਣਾਉਣ ਹਿੱਤ 34.80 ਲੱਖ ਰੁਪਏ ਖਰਚ ਕਰ ਦਿੱਤੇ ਗਏ। ਇਸ ਸਭ ਦਾ ਪ੍ਰਚਾਰ ਕਰਨ ਹਿੱਤ ਅੰਦਾਜ਼ਨ 900 ਮੀਲੀਅਨ ਲੋਕਾਂ ਨੂੰ  ਮੋਬਾਈਲ ਫੋਨਾਂ ਰਾਹੀਂ ਯੋਗ ਦਾ ਪ੍ਰਚਾਰ ਵੀ ਕੀਤਾ ਗਿਆ । ਭਾਰਤ ਸਰਕਾਰ ਦੀ ਇੱਕ ਰਿਪੋਰਟ ਅਨੁਸਾਰ ਯੋਗ ਨਾਲ ਸੰਬੰਧਿਤ , ਭਾਰਤ ਅੰਦਰ ਤੰਦਰੁਸਤੀ ਉਦਯੋਗ ਕਰੀਬ - ਕਰੀਬ 490 ਅਰਬ ਰੁਪਏ ਦਾ ਹੈ। ਜਿਸ ਵਿੱਚ ਇੱਕਲੀ ਤੰਦਰੁਸਤੀ ਸੇਵਾ, ਬਾਜ਼ਾਰ ਦੀ 40 ਫੀਸਦੀ ਹੈ। ਆਯੂਸ਼ ਖੇਤਰ ( ਆਯੂਰਵੈਦਿਕ, ਯੋਗ, ਨੈਚਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ)  ਦੇ ਅਧੀਨ ਆਉਂਦਾ ਵਾਪਾਰ ਲੱਗਭੱਗ  ਸਾਲਾਨਾ 120 ਅਰਬ ਰੁਪਏ ਦੇ ਹੈ। ਅਰੋਗਤਾ ਅਤੇ ਸਿਹਤ ਦੇ ਨਾਮ ਹੇਠ ਯੋਗ ਦੇ ਫਾਇਦੇ ਦੱਸਦਿਆਂ ਬਾਬਾ ਰਾਮਦੇਵ ਵਰਗੇ ਯੋਗ ਗੁਰੂਆਂ ਦਾ ਸਲਾਨਾ ਵਾਪਾਰ ਦਿਨੋਂ ਦਿਨ ਕਰੋੜਾਂ ਰੁਪਏ ਦੇ ਫਾਇਦਿਆ ਨੂੰ  ਪਾਰ ਕਰਦਾ ਜਾ ਰਿਹਾ ਹੈ। ਵਿੱਤੀ ਵਰੇ 2014 ਵਿਚ ਜਿੱਥੇ ਬਾਬਾ ਰਾਮਦੇਵ ਨੂੰ ਅੰਦਾਜਨ 1200 ਕਰੋੜ ਦੀ ਪ੍ਰਾਪਤੀ ਹੋਈ, ਉੱਥੇ ਹੀ ਪਿਛਲੇ ਸਾਲ ਇਹ ਰਕਮ ਵੱਧ ਕੇ 2000 (2015-16) ਕਰੋੜ ਦੇ ਕਰੀਬ ਪਹੁੰਚ ਜਾਂਦੀ ਹੈ। ਜਿਹੜੀ ਕੇ ਆਉਂਦੇ ਸਾਲਾਂ ਦੌਰਾਨ ਹੋਰ ਵਧੇਰੇ ਹੋਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਹਰਿਆਣਾ ਵਰਗੇ ਰਾਜ ਰਾਮਦੇਵ ਦੇ ਇਸ ਵਾਪਾਰ ਲਈ ਪੂਰੀ ਤਰਾਂ ਸਰਗਰਮ ਹੋ ਚੁੱਕੇ ਹਨ। ਸ਼ਾਇਦ ਇਹੀ ਵਜਾ੍ਹ ਹੈ ਕੇ ਯੋਗ ਦੇ ਵੱਧਦੇ ਵਾਪਾਰ ਨੂੰ ਵੇਖਦੇ ਭਾਰਤ ਸਮੇਤ ਵਿਸ਼ਵ ਭਰ ਦੇ ਕਈ ਵੱਡੇ ਉਦਯੋਗਪਤੀ ਇਸ ਖੇਤਰ ਵਿੱਚ ਨਿਵੇਸ਼ ਕਰਨ ਨੂੰ ਤਰਜ਼ੀਹ ਦੇ ਰਹੇ ਹਨ।

ਨੋਟ: ਇਸ ਲੇਖ ਵਿਚ ਵਰਤੇ ਗਏ ਇਤਿਹਾਸਿਕ/ਮਿਥਿਹਾਸਿਕ ਗ੍ਰੰਥਾਂ ਦੇ ਹਵਾਲੇ ਸੁਰਿੰਦਰ ਕੁਮਾਰ ਸ਼ਰਮਾ ਦੀ ਕਿਤਾਬ "ਕਯਾ ਬਾਲੂ ਕੀ ਭੀਤ ਪਰ ਖੜ੍ਹਾ ਹੈ ਹਿੰਦੂ ਧਰਮ" ਵਿਚੋਂ ਲਏ ਗਏ ਹਨ।
ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ

Thursday, June 14, 2018

ਨਵ-ਬਸਤੀਵਾਦ ਦੇ ਦੌਰ ਅੰਦਰ "ਐਫ਼ਰੋ-ਏਸ਼ੀਅਨ ਕਹਾਣੀਆਂ" ਦੀ ਪ੍ਰਾਸੰਗਿਕਤਾ






ਭਾਰਤ ਅੰਦਰ "ਐਫਰੋ-ਏਸ਼ੀਅਨ ਕਹਾਣੀਆਂ" ਦੀ ਇਹ ਚੋਣ ਸਭ ਤੋਂ ਪਹਿਲਾਂ ਪ੍ਰਸਿੱਧ ਲੇਖਕ ਸ਼੍ਰੀ ਭੀਸ਼ਮ ਸਾਹਨੀ ਨੇ ਕੀਤੀ ਸੀ। ਜਿਸ ਉਪਰੰਤ ਸਮੇਂ-ਸਮੇਂ 'ਤੇ ਇਹ ਕਹਾਣੀਆਂ ਐਫਰੋ-ਏਸ਼ੀਅਨ ਰਾਈਟਰਜ਼ ਕਾਨਫ਼ਰੰਸ ਦੇ ਸਾਹਿੱਤਿਕ ਮੈਗਜ਼ੀਨ 'ਲੋਟਸ' ਅੰਦਰ ਅੰਗਰੇਜ਼ੀ, ਫ੍ਰੈਂਚ ਅਤੇ ਅਰਬੀ ਭਾਸ਼ਾਵਾਂ ਵਿਚ ਇਕ-ਸਾਥ ਪ੍ਰਕਾਸ਼ਿਤ ਹੁੰਦੀਆਂ ਰਹੀਆਂ। 'ਲੋਟਸ' ਇਕ ਅਜਿਹੀ ਪੱਤ੍ਰਿਕਾ ਸੀ, ਜਿਸ ਵਿਚ ਅਫ਼ਰੀਕੀ ਅਤੇ ਏਸ਼ੀਆ ਦੇ ਤਕਰੀਬਨ ਸਾਰੇ ਹੀ ਨਾਮਵਰ ਲੇਖਕਾਂ ਨੂੰ ਪ੍ਰਕਾਸ਼ਿਤ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੈਗਜ਼ੀਨ ਅੰਦਰ ਪ੍ਰਮੁੱਖ ਰੂਪ ਵਿਚ ਯੂਸਫ਼ ਅਲ ਸਬਾਈ, ਫ਼ੈਜ਼ ਅਹਿਮਦ ਫ਼ੈਜ਼ ਦੇ ਨਾਲ-ਨਾਲ ਸੁਭਾਸ਼ ਮੁਖੋਪਧਿਆਇ ਅਤੇ ਕਰਤਾਰ ਸਿੰਘ ਦੁੱਗਲ ਆਦਿ ਜਿਹੇ ਵੱਡੇ ਨਾਮ ਸ਼ਾਮਿਲ ਸਨ। ਇਸ ਦਾ ਸੰਪਾਦਕੀ ਦਫ਼ਤਰ ਕਦੀ ਕਾਹਿਰਾ ਤੇ ਕਦੀ ਬੈਰੂਤ ਹੋਇਆ ਕਰਦਾ ਸੀ। ਇਸ ਸਭ ਦੇ ਕਾਰਨ ਇਸ ਦੀ ਸੰਸਾਰ ਪੱਧਰ 'ਤੇ ਇਕ ਖ਼ਾਸ ਪਹਿਚਾਣ ਬਣ ਚੁੱਕੀ ਸੀ। 'ਲੋਟਸ' ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸੰਸਾਰ ਪੱਧਰ 'ਤੇ ਅੱਜ ਵੀ ਪ੍ਰਗਤੀਸ਼ੀਲ ਸਾਹਿੱਤਿਕ ਅੰਦੋਲਨ ਦੇ ਮਾਹੌਲ ਅੰਦਰ ਇਸ ਦਾ ਸਥਾਨ ਮੋਹਰੀ ਰੂਪ ਵਜੋਂ ਸਾਹਮਣੇ ਆਉਂਦਾ ਹੈ। ਭੀਸ਼ਮ ਸਾਹਨੀ ਖ਼ੁਦ 'ਲੋਟਸ' ਦੇ ਸੰਪਾਦਕੀ ਵਿਭਾਗ ਨਾਲ ਜੁੜੇ ਹੋਏ ਸਨ। ਇਸ ਲਈ, ਉਨ੍ਹਾਂ ਦੀ ਇਸ ਚੋਣ ਪਿੱਛੇ ਜਿਹੜੇ ਤੱਤ ਕਾਰਜਸ਼ੀਲ ਸਨ, ਉਨ੍ਹਾਂ ਅਨੁਸਾਰ ਬਸਤੀਵਾਦ ਦੀਆਂ ਕਰੂਰਤਾਵਾਂ ਨੂੰ ਇਕ ਲੇਖਕ ਕਿਸ ਤਰ੍ਹਾਂ ਜਿਉਂਦਾ ਹੈ, ਇਸ ਸਭ ਨੂੰ ਦੇਖਦੇ ਹੋਏ ਹੀ ਜਾਣਿਆ ਜਾ ਸਕਦਾ ਹੈ ਕਿ ਇਤਿਹਾਸ ਦੇ ਅੰਦਰ ਕਿਤੇ ਡੂੰਘੀਆਂ ਜਾ ਚੁੱਕੀਆਂ ਵਾਸਤਵਿਕਤਾਵਾਂ ਰਚਨਾਤਮਿਕਤਾ ਦੀ ਅੱਗ ਨੂੰ ਜਲਾ ਕੇ ਜਨਤਾ ਦੇ ਸਾਹਮਣੇ ਕਿਵੇਂ ਪ੍ਰਕਾਸ਼ਵਾਨ ਹੁੰਦੀਆਂ ਹਨ। ਇਨ੍ਹਾਂ ਨੂੰ ਬੇਸ਼ੱਕ ਕੋਈ ਵੀ ਨਾਮ ਦੇ ਦਿੱਤਾ ਜਾਏ, ਇਹ ਕਦੀ ਵੀ ਲੁਕਾਇਆਂ ਨਹੀਂ ਲੁਕਦੀਆਂ ਸਨ। 'ਐਫ਼ਰੋ-ਏਸ਼ੀਅਨ ਕਹਾਣੀਆਂ' ਜਿਨ੍ਹਾਂ ਧਰਾਤਲਾਂ ਉੱਪਰ ਉੱਸਰੀਆਂ ਹੋਈਆਂ ਹਨ, ਉਹ ਇਹ ਹਨ ਕਿ ਬਸਤੀਵਾਦ ਤੋਂ ਮੁਕਤ ਹੋਣ ਦੇ ਬਾਵਜੂਦ ਵੀ ਕੀ ਐਫ਼ਰੋ-ਏਸ਼ੀਅਨ ਦੇਸ਼ ਰੰਗ-ਭੇਦ ਦੀ ਕਰੂਰਤਾ ਤੋਂ ਨਿਜਾਤ ਪਾ ਸਕੇ ਹਨ? ਇਹ ਸਾਡੇ ਸਮਿਆਂ ਦਾ ਇਕ ਬੇਹੱਦ ਗੰਭੀਰ ਪ੍ਰਸ਼ਨ ਹੈ। ਖ਼ਾਸ ਕਰ ਉਨ੍ਹਾਂ ਸਮਿਆਂ ਅੰਦਰ ਜਦੋਂ ਅਸੀਂ ਨਵ-ਬਸਤੀਵਾਦ ਦੇ ਸਨਮੁੱਖ ਖੜ੍ਹੇ ਹਾਂ।


"ਐਫਰੋ-ਏਸ਼ੀਅਨ ਕਹਾਣੀਆਂ" ਅੰਦਰ ਸ਼ਾਮਿਲ ਸਾਰੀਆਂ ਕਹਾਣੀਆਂ 'ਮਨੁੱਖ' ਹੋਣ ਦੀ ਕੁਦਰਤੀ ਭਾਵਨਾ ਦੇ ਨਾਲ ਜੱਦੋ-ਜਹਿਦ ਕਰਦੀਆਂ ਹੋਈਆਂ ਸਾਡੇ ਸਾਹਮਣੇ ਆਉਂਦੀਆਂ ਹਨ। ਇਸ ਜੱਦੋ-ਜਹਿਦ ਦਾ ਸਰੂਪ ਬਸਤੀਵਾਦ ਦੀਆਂ ਯਾਤਨਾਵਾਂ ਵਿਚੋਂ ਆਪਣੀ ਹੋਂਦ ਧਾਰਨ ਕਰਦਾ ਹੈ। ਦੱਖਣੀ-ਅਫ਼ਰੀਕਾ ਦੀ ਰੰਗ-ਭੇਦ ਸਮੱਸਿਆ ਖ਼ਿਲਾਫ਼ ਪੈਦਾ ਹੋਏ ਸੰਘਰਸ਼ ਦੀ ਦਾਸਤਾਨ, ਜਿਹੜੀ ਕਿ ਗੋਰੇ-ਕਾਲੇ ਲੋਕਾਂ ਦੀ ਸਮਾਨ ਸਕਾਰਾਤਮਿਕ ਸਾਂਝੇਦਾਰੀ ਦੀ ਯਾਦ ਨੂੰ ਬਿਆਨ ਕਰਦੀ ਹੈ, ਉਹ ਕਿਸੇ ਨਾ ਕਿਸੇ ਰੂਪ ਵਿਚ ਹਰ ਇਕ ਕਹਾਣੀ ਦੇ ਧੁਰ ਅੰਦਰ ਵਸੀ ਹੋਈ ਹੈ। ਅਸਲ ਵਿਚ ਇਹ ਸਮੱਸਿਆ ਪੂਰੇ ਐਫ਼ਰੋ-ਏਸ਼ੀਅਨ ਦੇਸ਼ਾਂ ਦੀ ਵੀ ਰਹੀ ਹੈ। ਜਿਸ 'ਤੇ ਚੱਲਦਿਆਂ ਹੀ ਭੂਮੰਡਲੀਕ੍ਰਿਤ ਆਰਥਿਕੀ ਦੀ ਇਕ ਸੰਸਕ੍ਰਿਤਿਕ ਵਿਡੰਬਣਾ ਸਾਨੂੰ ਪੱਛਮ ਦੇ ਵੱਲ ਉਲਾਰ ਕਰਦੀ ਹੋਈ ਵੀ, ਏਸ਼ੀਆਈ ਅਤੇ ਅਫ਼ਰੀਕੀ ਦੇਸ਼ਾਂ ਦੇ ਵੱਲ ਝੁਕਣ ਲਈ ਉਤਸ਼ਾਹਿਤ ਕਰ ਦਿੰਦੀ ਹੈ। ਏਸ਼ੀਆ ਅਤੇ ਅਫ਼ਰੀਕਾ ਦਾ ਬਸਤੀਵਾਦੀ ਅਤੀਤ ਸਾਡੇ ਲਈ ਇਕ ਸਾਂਝਾ ਯਥਾਰਥ ਰੱਖਦਾ ਹੈ। ਇਸ ਲਈ ਇਸ ਯਥਾਰਥ ਨੂੰ ਜਾਣ ਲੈਣਾ ਸਾਡੇ ਨਵ-ਬਸਤੀਵਾਦੀ ਸਮਿਆਂ ਅੰਦਰ ਵਡੇਰੀ ਅਹਿਮੀਅਤ ਰੱਖਦਾ ਹੈ।


ਇਸ ਸੰਗ੍ਰਹਿ ਵਿਚਲੀਆਂ ਸਾਰੀਆਂ ਕਹਾਣੀਆਂ ਸਿੱਧੇ/ਅਸਿੱਧੇ ਰੂਪ ਵਿਚ ਉਸ ਘਟਕ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਅੰਦਰਲੀ ਮਾਨਵੀ-ਸੰਵੇਦਨਾ ਨੂੰ ਸਾਡੇ ਅਤੀਤ ਦਾ ਪ੍ਰਤਿਰੂਪ ਸਮਝਿਆ ਜਾਣਾ ਚਾਹੀਦਾ ਹੈ। ਇਹ ਉੱਥੋਂ ਹੀ ਆਪਣੀ ਹੋਂਦ ਧਾਰਦਾ ਹੈ। ਅਸਲ ਵਿਚ ਇਹ ਸਾਰੀਆਂ ਕਹਾਣੀਆਂ ਵਿਭਿੰਨ ਦੇਸ਼ਾਂ ਦੀ ਪਿੱਠ-ਭੂਮੀ ਵਿਚ ਰਚੀਆਂ ਹੋਣ ਦੇ ਬਾਵਜੂਦ ਇਕ ਸੂਤਰ ਵਿਚ ਪਰੋਈਆਂ ਹੋਈਆਂ ਹਨ। ਇਹੀ ਉਹ ਸੂਤਰ ਹੈ, ਜਿਹੜਾ ਮਾਨਵਤਾ ਦੀ ਯਥਾਰਥਕ ਦ੍ਰਿਸ਼ਟੀ ਨੂੰ ਸਾਡੇ ਸਾਹਮਣੇ ਪ੍ਰਸਤੁਤ ਕਰਦਾ ਹੈ। ਅਮੀਨਾ ਦੁਆਰਾ ਅਨੁਵਾਦ ਕੀਤੀਆਂ ਗਈਆਂ ਇਹ ਕਹਾਣੀਆਂ ਪੰਜਾਬੀ ਪਾਠਕਾਂ ਸਾਹਮਣੇ ਉਸ ਦਰਦ ਅਤੇ ਪੀੜ੍ਹਾ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਸਾਰੇ ਨਿੱਜੀ ਅਤੇ ਬਹੁ-ਗਿਣਤੀ ਰੂਪ ਹੁੰਦੇ ਹੋਏ, ਸਮੁੱਚਤਾ ਵਿਚ ਮਹਿਸੂਸ ਅਤੇ ਬਰਦਾਸ਼ਤ ਕਰ ਰਹੇ ਹਾਂ।


ਮੈਨੰ ਖ਼ੁਸ਼ੀ ਹੈ ਕਿ ਕੁੱਝ ਸਮਾਂ ਪਹਿਲਾਂ ਜਿਹੜਾ ਕੰਮ ਮੈਂ ਅਮੀਨਾ ਨੂੰ ਸੌਂਪਿਆ ਸੀ, ਅੱਜ ਉਹ ਇਸ ਕਿਤਾਬ ਦੇ ਰੂਪ ਵਿਚ ਸਾਡੇ ਹੱਥਾਂ ਵਿਚ ਪਹੁੰਚ ਚੁੱਕਾ ਹੈ। ਮੇਰੀ ਇਹ ਦਿਲੀ ਇੱਛਾ ਸੀ ਕਿ ਇਨ੍ਹਾਂ ਕਹਾਣੀਆਂ ਅੰਦਰਲੀ ਸੰਵੇਦਨਾ ਨੂੰ ਸਾਡਾ ਪੰਜਾਬੀ ਪਾਠਕ ਵਰਗ ਮਹਿਸੂਸ ਕਰਦਾ ਹੋਇਆ, ਯਥਾਰਥ ਬੋਧ ਨਾਲ ਆਪਣੀ ਸਮਝ ਕਾਇਮ ਕਰ ਸਕੇ, ਤਾਂ ਜੋ ਜਿੱਥੇ-ਕਿਤੇ ਵੀ ਦਮਨ ਅਤੇ ਸੱਤਾ ਦੇ ਪ੍ਰਭਾਵ ਸਦਕਾ ਮਾਨਵਤਾ ਦਾ ਘਾਣ ਹੋ ਰਿਹਾ ਹੈ, ਉਹ ਉਸ ਨੂੰ ਆਪਣਾ ਜਾਪੇ ਅਤੇ ਉਸ ਪ੍ਰਤੀ ਪੈਦਾ ਹੋਣ ਵਾਲੇ ਪ੍ਰਤਿਰੋਧ ਅੰਦਰ ਉਸ ਦੀ ਸਿੱਧੀ/ਅਸਿੱਧੀ ਸ਼ਮੂਲੀਅਤ ਹੋ ਸਕੇ। ਮੌਜੂਦਾ ਸੰਸਾਰੀ ਪ੍ਰਬੰਧ ਸਾਡੇ ਸਾਰਿਆਂ ਪਾਸੋਂ ਮਾਨਵਤਾ ਦੀ ਬਿਹਤਰੀ ਹਿਤ ਇਸ ਸ਼ਮੂਲੀਅਤ ਦੀ ਮੰਗ ਕਰਦਾ ਹੈ। ਅਮੀਨਾ ਦਾ ਇਹ ਯਤਨ ਇਸ ਅੰਦਰ ਸਾਡੀ ਹਿੰਮਤ ਬਣ ਕਿ ਉੱਭਰੇਗਾ, ਅਜਿਹੀ ਮੈਨੂੰ ਪੂਰਨ ਉਮੀਦ ਹੈ।



ਪਰਮਿੰਦਰ ਸਿੰਘ ਸ਼ੌਂਕੀ

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...