ਸਿੱਖ ਇਤਿਹਾਸਕਾਰੀ ਦੇ ਅੰਬਰ 'ਤੇ ਚੰਦ ਵਾਂਗ ਚਮਕਦਾ ਨਾਂ ਹੈ, ਡਾ.ਗੰਡਾ ਸਿੰਘ।ਆਪ ਨੇ ਸਿੱਖ ਇਤਿਹਾਸਕਾਰੀ ਨੂੰ ਨਵੇਂ ਨਜ਼ਰੀਏ ਤੋਂ ਪੇਸ਼ ਕਰਨ ਦੇ ਮਨਸ਼ੇ ਨੂੰ ਲੈ ਕੇ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਦੀਆਂ ਲਾਇਬਰੇਰੀਆਂ ਵਿਚ ਘੁੰਮ ਕੇ ਪੰਜਾਬ ਦੇ ਇਤਿਹਾਸ ਸਬੰਧੀ ਸਰੋਤ ਸਮਗਰੀ ਇਕੱਤਰ ਕੀਤੀ ਅਤੇ ਫਿਰ ਪ੍ਰਾਪਤ ਸਭ ਸੋਮਿਆਂ ਤੇ ਤੱਥਾਂ ਨੂੰ ਗਹਿਰਾਈ ਨਾਲ ਘੋਖ ਕਰ ਕੇ ਪਾਠਕਾਂ ਅੱਗੇ ਪੇਸ਼ ਕੀਤਾ ਤੇ ਆਪਣਾ ਨਾਂ ਇਤਿਹਾਸਕਾਰਾਂ ਦੀ ਸੂਚੀ ਅੰਦਰ ਸਦਾ ਲਈ ਸੁਨਹਿਰੇ ਅੱਖਰਾਂ ਵਿਚ ਦਰਜ਼ ਕਰਾ ਗਏ।ਡਾ. ਗੰਡਾ ਸਿੰਘ ਜੀ ਪੰਜਾਬੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਭਾਸ਼ਾ ਦੇ ਚੰਗੇ ਗਿਆਤਾ ਸਨ।ਆਪ ਨੇ ਵੱਖ ਵੱਖ ਭਾਸ਼ਾਵਾਂ ਵਿਚ ਛੇ ਦਰਜਨ ਪੁਸਤਕਾਂ ਅਤੇ 350 ਤੋਂ ਉੱਪਰ ਖੋਜ ਪੱਤਰ ਪੇਸ਼ ਕੀਤੇ।
ਡਾ.ਗੰਡਾ ਸਿੰਘ ਦਾ ਜਨਮ 15 ਨਵੰਬਰ 1900 ਈ. ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ 'ਹਰਿਆਣਾ' ਵਿਚ ਸ: ਜਵਾਲਾ ਸਿੰਘ ਦੇ ਘਰ ਮਾਤਾ ਹੁਕਮ ਦੇਈ ਦੀ ਕੁੱਖੋਂ ਹੋਇਆ।ਆਪ ਦੇ ਪਿਤਾ ਜੀ ਮਾਲ ਮਹਿਕਮੇ ਵਿਚ ਨੌਕਰੀ ਕਰਦੇ ਸਨ।ਆਪ ਨੇ ਆਰੰਭਿਕ ਵਿੱਦਿਆ ਪਿੰਡ ਦੇ ਇੱਕ ਸਕੂਲ ਤੋਂ ਪ੍ਰਾਪਤ ਕੀਤੀ।ਆਪਣੇ ਪਿੰਡ ਤੋਂ ਮਿਡਲ ਕਰਨ ਉਪਰੰਤ ਆਪ ਨੇ ਡੀ.ਏ.ਵੀ. ਸਕੂਲ ਹੁਸ਼ਿਆਰਪੁਰ ਤੋਂ ਮੈਟ੍ਰਿਕ ਪਾਸ ਕੀਤੀ।ਫਿਰ ਉੱਚ ਵਿਦਿਆ ਲਈ 'ਫਾਰਮੈਨ ਕਾਲਜ' ਲਾਹੌਰ ਵਿਚ ਦਾਖ਼ਲਾ ਲਿਆ, ਪਰ ਤੀਸਰੇ ਅਫ਼ਗ਼ਾਨ ਯੁੱਧ ਵੇਲੇ ਅਚਾਨਕ ਪੜਾਈ ਅਧਵਾਟੇ ਛੱਡ ਕੇ 1919 ਨੂੰ ਫ਼ੌਜ ਵਿਚ ਭਰਤੀ ਹੋਏ ਅਤੇ ਫ਼ੌਜ ਨਾਲ ਰਲ਼ ਕੇ ਰਾਵਲਪਿੰਡੀ, ਪਿਸ਼ੌਰ ਤੇ ਫਿਰ ਇਰਾਕ ਵਿਚ ਬਸਰੇ ਆਦਿ ਜਾਣ ਦਾ ਮੌਕਾ ਮਿਲਿਆ।1921 ਵਿਚ ਉਹ 'ਰਾਇਲ ਆਰਮੀ ਕੋਰ ਬਸਰਾ' ਦਾ ਹਿੱਸਾ ਬਣੇ ਪਰ ਇੱਕ ਲੜਾਈ ਦੌਰਾਨ ਉਨ੍ਹਾਂ ਦੇ ਪੱਟ ਵਿਚ ਗੋਲ਼ੀ ਲੱਗ ਗਈ।ਤੰਦਰੁਸਤ ਹੋਣ ਤੋਂ ਬਾਅਦ ਆਪ ਫ਼ੌਜ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਈਰਾਨ ਦੀ 'ਐਂਗਲੋ-ਪਰਸ਼ੀਅਨ ਤੇਲ ਕੰਪਨੀ' ਵਿਚ ਅਕਾਊਂਟਸ ਅਫ਼ਸਰ ਵਜੋਂ ਨੌਕਰੀ ਕਰਨ ਲੱਗੇ।ਸ਼ਾਇਦ ਇਹੀ ਉਹ ਥਾਂ ਸੀ ਜਿੱਥੇ ਆਪ ਦੇ ਅੰਦਰ ਬੈਠੇ ਇਤਿਹਾਸਕਾਰ ਨੇ ਜਨਮ ਲੈਣਾ ਸੀ।
ਤੇਲ ਕੰਪਨੀ ਦੀ ਮੁਲਾਜ਼ਮਤ ਕਰਦਿਆਂ ਆਪ ਨੂੰ ਇੱਕ ਅੰਗਰੇਜ਼ ਇਤਿਹਾਸਕਾਰ ਮਿਸਟਰ ਅਰਨਾਲਡ ਟੀ. ਵਿਲਸਨ ਨਾਲ ਮਿਲਣ ਦਾ ਸਬੱਬ ਬਣਿਆਂ ਜੋ ਉੱਥੋਂ ਦੇ ਨਾਮੀ ਇਤਿਹਾਸਕਾਰ ਸਨ ਅਤੇ ਪਰਸ਼ੀਆ ਦੀ ਸੰਦਰਭ ਸੂਚੀ ਤਿਆਰ ਕਰ ਰਹੇ ਸਨ।ਇਸ ਅੰਗਰੇਜ਼ ਇਤਿਹਾਸਕਾਰ ਦੀ ਸੰਗਤ ਨੇ ਗੰਡਾ ਸਿੰਘ ਦੇ ਅੰਦਰ ਵੀ ਲੇਖਣ ਕਾਰਜ ਪ੍ਰਤੀ ਚਿਣਗ ਪੈਦਾ ਕਰ ਦਿੱਤੀ।ਮਿਸਟਰ ਵਿਲਸਨ ਨੇ ਗੰਡਾ ਸਿੰਘ ਨੂੰ ਸਿੱਖ ਇਤਿਹਾਸ ਦੀ ਖੋਜ ਕਰਨ ਬਾਰੇ ਪ੍ਰੇਰਿਤ ਕੀਤਾ।ਇਸ ਕਾਰਜ ਲਈ ਸਭ ਤੋਂ ਪਹਿਲਾਂ ਗੰਡਾ ਸਿੰਘ ਨੇ ਫ਼ਾਰਸੀ ਸਿੱਖਣੀ ਸ਼ੁਰੂ ਕੀਤੀ।ਆਪ ਡੇਢ ਮਹੀਨਾ ਇੱਕ ਨਿਰਜਨ ਟਾਪੂ 'ਤੇ ਚਲੇ ਗਏ ਅਤੇ ਫ਼ਾਰਸੀ ਸਿੱਖ ਕੇ ਹੀ ਵਾਪਸ ਆਏ।ਈਰਾਨ ਵਿਚ ਰਹਿੰਦਿਆਂ ਆਪ ਨੇ ਆਪਣੀ ਨਿੱਜੀ ਲਾਇਬਰੇਰੀ ਬਣਾਉਣੀ ਸ਼ੁਰੂ ਕਰ ਦਿੱਤੀ।ਆਪ ਲਗਭਗ ਨੌਂ ਵਰ੍ਹੇ 'ਐਂਗਲੋ-ਪਰਸ਼ੀਅਨ ਤੇਲ ਕੰਪਨੀ' ਅਬਾਦਾਨ ਵਿਖੇ ਰਹੇ ਤੇ ਇਥੋਂ ਆਪ ਨੂੰ ਕਈ ਵਾਰ ਯੂਰਪ ਜਾਣ ਦਾ ਮੌਕਾ ਵੀ ਮਿਲਿਆ।ਇੰਗਲੈਂਡ ਵਿਚ ਆਪ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਸਰੋਤ ਪੁਸਤਕਾਂ ਦੀ ਖੋਜ ਕੀਤੀ ਅਤੇ ਇਸ ਮਕਸਦ ਲਈ ਇਥੋਂ ਹੀ ਕਈ ਹੋਰ ਦੂਸਰੇ ਦੇਸ਼ਾਂ ਦੀ ਯਾਤਰਾ ਕੀਤੀ।ਆਪ ਦੀ ਲਗਨ ਤੇ ਪ੍ਰਤੀਬੱਧਤਾ ਕਾਰਨ ਆਪ ਦੀ ਲਾਇਬਰੇਰੀ ਪੰਜਾਬ ਦੇ ਇਤਿਹਾਸ ਬਾਰੇ ਹੋਰ ਕਿਸੇ ਵੀ ਲਾਇਬਰੇਰੀ ਤੋਂ ਵੱਧ ਪ੍ਰਮਾਣਿਕ ਬਣ ਗਈ ਸੀ।
ਨੌਂ ਸਾਲ ਈਰਾਨ ਰਹਿ ਕੇ ਆਪ ਵਾਪਸ ਪੰਜਾਬ ਆ ਗਏ। ਈਰਾਨ ਤੋਂ ਵਾਪਸ ਪਰਤੇ ਤਾਂ ਆਪ ਕੋਲ ਦਸ ਵੱਡੇ ਬਕਸੇ ਪੁਸਤਕਾਂ ਦੇ ਭਰੇ ਹੋਏ ਸਨ।ਇਸ ਤੋਂ ਬਿਨਾਂ ਆਪ ਹੋਰ ਕੁੱਝ ਵੀ ਨਾ ਲੈ ਕੇ ਆਏ।ਈਰਾਨ ਵਿਚ ਰਹਿੰਦਿਆਂ ਹੀ ਗੰਡਾ ਸਿੰਘ ਜੀ ਦੀ ਪਹਿਲੀ ਪੁਸਤਕ 'ਮੈਸੋਪੋਟਾਮੀਆਂ ਵਿਚ ਮੇਰੇ 30 ਦਿਨ' ਛਪ ਕੇ ਪਾਠਕਾਂ ਦੇ ਹੱਥਾਂ ਵਿਚ ਪੁੱਜੀ ਸੀ।ਪੰਜਾਬ ਵਾਪਸ ਆ ਕੇ ਆਪ ਨੇ ਗਿਆਨੀ ਹੀਰਾ ਸਿੰਘ ਦਰਦ ਵੱਲੋਂ ਛਾਪੇ ਜਾਂਦੇ ਰਸਾਲੇ 'ਫੁਲਵਾੜੀ' ਲਈ ਸਹਿ-ਸੰਪਾਦਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪ ਦਾ ਵਿਆਹ ਬੀਬੀ ਅਮਰ ਕੌਰ ਨਾਲ ਹੋਇਆ ਅਤੇ ਜਿਨ੍ਹਾਂ ਦੀ ਕੁੱਖੋਂ ਆਪ ਦੇ ਘਰ ਦੋ ਬੇਟਿਆਂ ਪ੍ਰੀਤਮ ਸਿੰਘ ਅਤੇ ਰਮਿੰਦਰ ਸਿੰਘ ਨੇ ਜਨਮ ਲਿਆ।
'ਫੁਲਵਾੜੀ' ਲਈ ਕੰਮ ਕਰਦਿਆਂ ਆਪ ਦਾ ਮੇਲ ਸਿੰਘ ਸਭਾ ਲਹਿਰ ਦੇ ਪ੍ਰਸਿੱਧ ਆਗੂ ਭਗਤ ਲਛਮਣ ਸਿੰਘ ਜੀ ਨਾਲ ਹੋਇਆ।ਉਹ ਅੰਗਰੇਜ਼ੀ ਅਖ਼ਬਾਰ 'ਦੀ ਖ਼ਾਲਸਾ' ਪ੍ਰਕਾਸ਼ਿਤ ਕਰਦੇ ਸਨ।ਭਗਤ ਜੀ ਆਪ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਦੇ ਕਹਿਣ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰ. ਬਿਸ਼ਨ ਸਿੰਘ ਨੇ ਆਪ ਨੂੰ ਕਾਲਜ ਅੰਦਰ ਨਵੇਂ ਕਾਇਮ ਕੀਤੇ 'ਸਿੱਖ ਇਤਿਹਾਸ ਰਿਸਰਚ ਬੋਰਡ' ਵਿਚ ਨਿਯੁਕਤ ਕਰ ਲਿਆ।ਖ਼ਾਲਸਾ ਕਾਲਜ ਦੀ ਨਿਯੁਕਤੀ ਤੋਂ ਬਾਅਦ ਆਪ ਨੇ ਸਭ ਤੋਂ ਪਹਿਲਾਂ ਰਿਸਰਚ ਬੋਰਡ ਦੀ ਲਾਇਬਰੇਰੀ ਲਈ ਦੁਰਲਭ ਪੁਸਤਕਾਂ ਦੀਆਂ ਨਕਲਾਂ ਕਲਕੱਤਾ, ਪਟਨਾ, ਦਿੱਲੀ, ਰਾਮਪੁਰ, ਬਾਂਕੀਪੁਰ ਆਦਿ ਦੀਆਂ ਵੱਡੀਆਂ ਲਾਇਬਰੇਰੀਆਂ ਤੋਂ ਮੰਗਵਾ ਕੇ ਅਗਲੇਰੀਆਂ ਖੋਜਾਂ ਲਈ ਇਤਿਹਾਸਕ ਸਰੋਤਾਂ ਨੂੰ ਇਕੱਤਰ ਕੀਤਾ।ਆਪ ਨੇ ਨਿੱਠ ਕੇ ਪੰਜਾਬ ਦੇ ਇਤਿਹਾਸ ਨੂੰ ਪ੍ਰਮਾਣਿਕ ਸਰੋਤਾਂ ਦੀ ਮਦਦ ਨਾਲ ਨਵੇਂ ਤਰੀਕੇ ਤੋਂ ਲਿਖਣਾ ਸ਼ੁਰੂ ਕਰ ਦਿੱਤਾ।ਆਪ ਦੇ ਇਹਨਾਂ ਯਤਨਾਂ ਸਦਕਾ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ 'ਸਿੱਖ ਇਤਿਹਾਸ ਵਿਭਾਗ' ਵਿਦਵਾਨਾਂ, ਖ਼ੋਜੀਆਂ, ਇਤਿਹਾਸ ਦੇ ਦਿਵਾਨਿਆਂ ਲਈ ਸਭ ਤੋਂ ਪ੍ਰਮੁੱਖ ਕੇਂਦਰ ਬਣ ਗਿਆ।1944 ਵਿਚ ਆਪ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐਮ. ਏ. ਇਤਿਹਾਸ ਦੀ ਡਿਗਰੀ ਅੱਵਲ ਰਹਿ ਕੇ ਪ੍ਰਾਪਤ ਕੀਤੀ।
ਖ਼ਾਲਸਾ ਕਾਲਜ ਵਿਚ ਆਪ ਨੇ 18 ਸਾਲ ਅਧਿਆਪਨ ਤੇ ਖੋਜ ਸੇਵਾਵਾਂ ਪ੍ਰਦਾਨ ਕੀਤੀਆਂ। ਪੰਜਾਬ ਦੀਆਂ ਰਿਆਸਤਾਂ ਦਾ ਸੰਗਠਨ ਹੋਣ ਵੇਲੇ ਸ: ਗਿਆਨ ਸਿੰਘ ਰਾੜੇਵਾਲਾ ਪੈਪਸੂ ਦੇ ਮੁੱਖ ਮੰਤਰੀ ਸਨ ਅਤੇ ਪ੍ਰਿੰ: ਤੇਜਾ ਸਿੰਘ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਸਨ।ਉਨ੍ਹਾਂ ਦੀ ਪ੍ਰੇਰਨਾ ਅਤੇ ਯਤਨਾਂ ਦਾ ਸਦਕਾ ਗੰਡਾ ਸਿੰਘ ਆਰਕਵਾਇਜ਼ ਡਿਪਾਰਟਮੈਂਟ ਦੇ ਡਾਇਰੈਕਟਰ ਬਣ ਕੇ 1949 ਵਿਚ ਪਟਿਆਲੇ ਆ ਗਏ।ਜਿਸ ਸਮੇਂ ਆਪ ਡਾਇਰੈਕਟਰ ਬਣ ਕੇ ਆਏ ਉਸ ਸਮੇਂ ਆਰਕਵਾਇਜ਼ ਡਿਪਾਰਟਮੈਂਟ ਵੱਲੋਂ ਅੱਠਾਂ ਹੀ ਰਿਆਸਤਾਂ ਦੀ ਪੁਰਾਤਨ ਸਮਗਰੀ ਇਕੱਠੀ ਕੀਤੀ ਜਾ ਰਹੀ ਸੀ।ਇਸ ਅਹਿਮ ਕਾਰਜ ਲਈ ਬਤੌਰ ਡਾਇਰੈਕਟਰ ਆਪ ਨੇ ਬਹੁਤ ਭੱਜ ਨੱਸ ਕੇ ਜਗਾ ਜਗਾ ਤੋਂ ਦੁਰਲੱਭ ਪੁਸਤਕਾਂ ਨੂੰ ਇਕੱਤਰ ਕੀਤਾ।ਇਹ ਪੁਸਤਕਾਂ ਰਾਜਿਆਂ ਮਹਾਰਾਜਿਆਂ ਵੱਲੋਂ ਆਪਣੇ ਨਿੱਜੀ ਯਤਨਾਂ ਨਾਲ ਪਿਛਲੇ ਦੋ ਸੌ ਸਾਲਾਂ ਵਿਚ ਲਿਖਵਾਈਆਂ ਗਈਆਂ ਸਨ ਅਤੇ ਉਨ੍ਹਾਂ ਦੇ ਹੀ ਰਾਜ ਘਰਾਨਿਆਂ ਦੀਆਂ ਲਾਇਬਰੇਰੀਆਂ ਵਿਚ ਸੁਰੱਖਿਅਤ ਪਈਆਂ ਸਨ।ਆਪ ਨੇ ਆਪਣੀ ਸੂਝ ਬੂਝ ਅਤੇ ਰੁਚੀ ਦੇ ਸਿਰ ਤੇ ਆਉਣ ਵਾਲੀਆਂ ਪੀੜੀਆਂ ਲਈ ਖ਼ਾਲਸਾ ਕਾਲਜ, ਆਰਕਵਾਇਜ਼ ਲਾਇਬਰੇਰੀ, ਸੈਂਟਰਲ ਪਬਲਿਕ ਲਾਇਬਰੇਰੀ ਪਟਿਆਲਾ ਵਿਚ ਅਜਿਹੀਆਂ ਦੁਰਲੱਭ ਤੇ ਅਨਮੋਲ ਪੁਸਤਕਾਂ ਤੇ ਗ੍ਰੰਥਾਂ ਨੂੰ ਸੰਗ੍ਰਹਿਤ ਕੀਤਾ ਜੋ ਪੰਜਾਬ ਦੇ ਸਭਿਆਚਾਰਕ ਤੇ ਸਿੱਖੀ ਵਿਰਸੇ ਦੀ ਸੰਭਾਲ ਲਈ ਬਹੁਤ ਜ਼ਰੂਰੀ ਸੀ।
1954 ਵਿਚ ਆਪ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 'ਅਹਿਮਦ ਸ਼ਾਹ ਦੁਰਾਨੀ' ਬਾਰੇ ਥੀਸਿਸ ਲਿਖ ਕੇ ਪੀਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।1951 ਤੋਂ 1953 ਤੱਕ, ਆਪ ਪੈਪਸੂ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ) ਦੇ ਡਾਇਰੈਕਟਰ ਅਤੇ ਕੁੱਝ ਸਮਾਂ ਬਤੌਰ ਡਿਪਟੀ ਸਕੱਤਰ ਵੀ ਰਹੇ।ਇਥੋਂ ਰਿਟਾਇਰਮੈਂਟ ਬਾਅਦ ਆਪ ਆਪ 1955-56 ਵਿਚ ਸੈਂਟਰਲ ਪਬਲਿਕ ਲਾਇਬਰੇਰੀ, ਪਟਿਆਲਾ ਦੇ ਆਫ਼ੀਸਰ ਇੰਚਾਰਜ ਬਣਾਏ ਗਏ।1960 ਤੋਂ 1963 ਤੱਕ ਖ਼ਾਲਸਾ ਕਾਲਜ ਪਟਿਆਲਾ ਦੇ ਆਨਰੇਰੀ ਫਾਊਂਡਰ ਪ੍ਰਿੰਸੀਪਲ ਤੇ ਪ੍ਰੋ. ਇਤਿਹਾਸ ਅਤੇ ਧਰਮ ਵਜੋਂ ਕਾਰਜਸ਼ੀਲ ਰਹੇ।ਇਹਨਾਂ ਹੀ ਦਿਨਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੁੰਦੀ ਹੈ। ਆਪ ਨੂੰ ਯੂਨੀਵਰਸਿਟੀ ਵੱਲੋਂ 'ਪੰਜਾਬ ਇਤਿਹਾਸ ਵਿਭਾਗ' ਦੇ ਡਾਇਰੈਕਟਰ ਦਾ ਅਹੁਦਾ ਸੌਂਪਿਆ ਜਾਂਦਾ ਹੈ।ਯੂਨੀਵਰਸਿਟੀ ਵਿਚ ਰਹਿੰਦਿਆਂ ਆਪ ਨੇ ਪੰਜਾਬ ਦੇ ਇਤਿਹਾਸ ਬਾਰੇ ਬਹੁਤ ਵੱਡੇ ਕਾਰਜ ਅਰੰਭ ਕੀਤੇ ਗਏ।ਪੰਜਾਬ ਦੇ ਇਤਿਹਾਸ ਬਾਰੇ ਅੱਠ ਜਿਲਦਾਂ ਵਿਚ ਪ੍ਰਕਾਸ਼ਿਤ ਹੋਣ ਵਾਲੇ ਵੱਡ ਆਕਾਰੀ ਸੰਦਰਭ-ਗ੍ਰੰਥ ਦੀ ਪ੍ਰਕਾਸ਼ਨਾਂ ਅਰੰਭ ਕੀਤੀ। 1965 ਵਿਚ ਆਪ ਨੇ ਪੰਜਾਬ ਇਤਿਹਾਸ ਕਾਨਫ਼ਰੰਸ ਦੀ ਸ਼ੁਰੂਆਤ ਕੀਤੀ।ਇੱਥੇ ਹੀ ਆਪ ਨੇ 'ਦੀ ਪੰਜਾਬ ਪਾਸਟ ਐਂਡ ਪਰੈਜ਼ੈਂਟ-ਏ ਬਾਈ- ਐਨੂਅਲ ਜਨਰਲ ਸ਼ੁਰੂ ਕੀਤਾ ਜੋ ਕਿ ਅੱਜ ਤੱਕ ਜਾਰੀ ਹੈ।ਤਿੰਨ ਸਾਲ ਇਸ ਸਨਮਾਨ ਜਨਕ ਅਹੁਦੇ ਤੇ ਰਹਿ ਕੇ 1966 ਵਿਚ ਸੇਵਾ ਮੁਕਤੀ ਮੌਕੇ ਵਿਭਾਗ ਵੱਲੋਂ ਆਪ ਨੂੰ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਗਈ।
ਡਾ. ਗੰਡਾ ਸਿੰਘ ਭਾਰਤੀ ਇਤਿਹਾਸ ਕਾਂਗਰਸ, ਏਸ਼ੀਆਟਿਕ ਸੋਸਾਇਟੀ ਆਫ਼ ਬੰਗਾਲ ਅਤੇ ਰਾਇਲ ਏਸ਼ੀਆਟਿਕ ਸੋਸਾਇਟੀ ਗਰੇਟ ਬ੍ਰਿਟੇਨ ਦੇ ਵੀ ਜੀਵਨ ਭਰ ਮੈਂਬਰ ਰਹੇ।ਭਾਰਤ ਇਤਿਹਾਸ ਕਾਂਗਰਸ ਦੇ 1964 ਵਿਚ ਰਾਂਚੀ ਵਿਖੇ ਹੋਏ ਸੈਸ਼ਨ ਵਿਚ ਮੱਧਕਾਲੀਨ ਭਾਰਤ ਨਾਲ ਸਬੰਧਿਤ ਸਮਾਗਮ ਦੀ ਪ੍ਰਧਾਨਗੀ ਕਰਨ ਦਾ ਮੌਕਾ ਵੀ ਮਿਲਿਆ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੰਜਾਬ ਇਤਿਹਾਸ ਕਾਨਫ਼ਰੰਸ (1968) ਵਿਚ ਮੱਧਕਾਲ ਨਾਲ ਸਬੰਧਿਤ ਸੈਸ਼ਨ ਦੀ ਪ੍ਰਧਾਨਗੀ ਕੀਤੀ। 1974 ਵਿਚ ਇਤਿਹਾਸ ਅਧਿਐਨ ਇੰਸਟੀਚਿਊਟ ਕਲਕੱਤਾ ਦੇ ਸ਼ਿਲਾਂਗ ਵਿਖੇ ਹੋਏ ਬਾਰ੍ਹਵੇਂ ਸੈਸ਼ਨ ਦੀ ਪ੍ਰਧਾਨਗੀ ਕੀਤੀ।ਇਸੇ ਹੀ ਸਾਲ ਭਾਰਤ ਇਤਿਹਾਸ ਕਾਂਗਰਸ ਦੇ ਯਾਦਵਪੁਰ, ਕਲਕੱਤਾ ਵਿਖੇ ਹੋਏ ਪੈਂਤ੍ਹੀਵੇਂ ਸੈਸ਼ਨ ਦੀ ਪ੍ਰਧਾਨਗੀ ਕੀਤੀ।ਭਾਰਤੀ ਇਤਿਹਾਸ ਇੰਸਟੀਚਿਊਟ ਦੇ ਤੇਰ੍ਹਵੇਂ ਸਾਲਾਨਾ ਸਮਾਗਮ ਵਿਚ ਡਾ. ਗੰਡਾ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ।
ਖ਼ਾਲਸਾ ਕਾਲਜ ਰਹਿੰਦਿਆਂ ਹੀ ਆਪ ਦੀ ਕਿਤਾਬ 'ਇਨਕਸ਼ਾਫਿ ਹਕੀਕਤ' (ਉਰਦੂ) 1931 ਵਿਚ ਛਪੀ।ਜਿਸ ਵਿਚ ਆਪ ਨੇ ਆਰੀਆਂ ਸਮਾਜ ਵੱਲੋਂ ਉਠਾਏ ਸਵਾਲਾਂ ਦਾ ਖੁੱਲ ਕੇ ਜਵਾਬ ਦਿੱਤਾ।ਇਸ ਤੋਂ ਬਾਅਦ ਆਪ ਦੀ ਪਹਿਲੀ ਖੋਜ ਭਰਪੂਰ ਕਿਤਾਬ 'ਜੀਵਨੀ ਬਾਬਾ ਬੰਦਾ ਸਿੰਘ ਬਹਾਦਰ' ਛਪ ਕੇ ਆਈ।ਇਸ ਕਿਤਾਬ ਦੀ ਆਮਦ ਨੇ ਸਾਹਿੱਤਿਕ ਤੇ ਵਿਦਵਾਨ ਹਲਕਿਆਂ ਵਿਚ ਆਪ ਨੂੰ ਅਲੱਗ ਪਛਾਣ ਦਵਾਈ। ਆਪਣੀ ਇਸ ਖੋਜ ਕਿਤਾਬ ਵਿਚ ਆਪ ਨੇ ਪਹਿਲੀ ਵਾਰ ਜੈਪੁਰ ਦੀ ਰਿਆਸਤ ਵਿਚ ਰੱਖੇ ਰੋਜ਼ਨਾਮਚਿਆਂ ਨੂੰ ਅਧਾਰ ਬਣਾਉਣ ਤੋਂ ਇਲਾਵਾ ਫ਼ਾਰਸੀ ਦੀਆਂ ਬਹੁਤ ਸਾਰੀਆਂ ਪੁਸਤਕਾਂ ਦਾ ਹਵਾਲਾ ਵੀ ਦਿੱਤਾ।ਇਸ ਕਿਤਾਬ ਰਾਹੀਂ ਆਪ ਨੇ ਪਹਿਲੀ ਵਾਰ ਬੰਦਾ ਸਿੰਘ ਬਹਾਦਰ ਬਾਰੇ ਕਈ ਛਿਪੇ ਤੱਥਾਂ ਨੂੰ ਉਜਾਗਰ ਕੀਤਾ।ਅਕਾਦਮਿਕ ਤੇ ਖੋਜ ਹਲਕਿਆਂ ਵਿਚ ਅੱਜ ਵੀ ਇਸ ਕਿਤਾਬ ਦੀ ਬਹੁਤ ਚਰਚਾ ਹੈ।ਇਸ ਤੋਂ ਬਾਅਦ ਆਪ ਨੇ 'ਸਿੱਖ ਇਤਿਹਾਸ ਦੇ ਸਮਕਾਲੀ ਸਰੋਤ'(1938), 'ਮਹਾਰਾਜਾ ਕੌੜਾ ਮੱਲ'(1941) 'ਸਿੱਖ ਇਤਿਹਾਸ ਵੱਲ' (1946), ਅਤੇ 'ਸ਼ਾਮ ਸਿੰਘ ਅਟਾਰੀ ਵਾਲਾ'(1947) ਖੋਜ ਭਰਪੂਰ ਪੁਸਤਕਾਂ ਰਚ ਕੇ ਪਾਠਕਾਂ ਲਈ ਪੇਸ਼ ਕੀਤੀਆਂ। 1947 ਦੀ ਵੰਡ ਦਰਦਨਾਕ ਸਾਕੇ ਨੂੰ ਆਪ ਨੇ ਅੱਖੀਂ ਦੇਖਿਆ ਤੇ ਨਿੱਜੀ ਡਾਇਰੀ ਦੇ ਰੂਪ ਵਿਚ ਕਲਮਬੰਦ ਵੀ ਕਰਦੇ ਰਹੇ।ਇਹ ਡਾਇਰੀ ਇੱਕ ਭਰੋਸੇਯੋਗ ਦਸਤਾਵੇਜ਼ ਦੇ ਰੂਪ ਵਿਚ ਭਾਰਤੀ ਇਤਿਹਾਸ ਦੀ ਇੱਕ ਖੋਜ ਪੱਤ੍ਰਿਕਾ ਵਿਚ ਵੀ ਪ੍ਰਕਾਸ਼ਿਤ ਹੁੰਦੀ ਰਹੀ।ਪੰਜਾਬ ਦੇ ਰਾਜਨੀਤਿਕ ਇਤਿਹਾਸ ਬਾਰੇ ਆਪ ਨੇ ਕਈ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ।(1) 1839-40 ਦਾ ਪੰਜਾਬ, (2) ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ (1845-46), (3) ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਦੇ ਸਬੰਧ ਵਿਚ ਗੁਪਤ ਚਿੱਠੀ-ਪੱਤਰ, (4) ਅੰਗਰੇਜ਼ਾਂ ਦਾ ਪੰਜਾਬ ਉੱਪਰ ਕਬਜ਼ਾ।
ਗੰਡਾ ਸਿੰਘ ਜੀ ਦਾ ਸਭ ਤੋਂ ਵੱਡਾ ਕਾਰਜ ਉਨ੍ਹਾਂ ਦੁਆਰਾ ਕੀਤਾ ਇਤਿਹਾਸਕ ਸਰੋਤ ਸਮਗਰੀ ਦਾ ਇਕੱਤਰੀਕਰਨ ਹੈ। ਬੇਸ਼ੱਕ ਉਨ੍ਹਾਂ ਨੇ ਇਹ ਕਾਰਜ ਈਰਾਨ ਰਹਿੰਦਿਆਂ ਹੀ ਅਰੰਭ ਕਰ ਦਿੱਤਾ ਸੀ ਪਰ ਖ਼ਾਲਸਾ ਕਾਲਜ ਆਉਣ ਉਪਰੰਤ ਤਾਂ ਆਪ ਨੇ ਇਸ ਕਾਰਜ ਨੂੰ ਇੱਕ ਮਿਸ਼ਨ ਵਜੋਂ ਲਿਆ।ਆਪ ਨੇ ਇਸ ਕਾਰਜ ਲਈ ਸਭ ਤੌ ਪਹਿਲਾਂ ਪੰਜਾਬ ਪਬਲਿਕ ਲਾਇਬਰੇਰੀ, ਪੰਜਾਬ ਯੂਨੀਵਰਸਿਟੀ ਲਾਹੌਰ, ਅਤੇ ਭਾਈ ਦਿੱਤ ਸਿੰਘ ਲਾਇਬਰੇਰੀ ਲਾਹੌਰ ਦੀ ਯਾਤਰਾ ਕਰ ਕੇ ਸਿੱਖ ਇਤਿਹਾਸ ਬਾਰੇ ਪੁਸਤਕਾਂ ਦੀ ਇੱਕ ਸੂਚੀ ਤਿਆਰ ਕੀਤੀ। ਇਸ ਤੋਂ ਬਾਅਦ ਉਹ ਭਾਰਤ ਦੇ ਦੂਰ ਦੁਰੇਡੇ ਸ਼ਹਿਰਾਂ ਦੀਆਂ ਪ੍ਰਸਿੱਧ ਲਾਇਬਰੇਰੀਆਂ ਵਿਚ ਘੁੰਮ ਕੇ ਸਰੋਤ ਸਮਗਰੀ ਦੀ ਤਲਾਸ਼ ਵਿਚ ਜੁਟੇ ਰਹੇ।ਆਪ ਨੇ ਇੰਪੀਰੀਅਲ ਰਿਕਾਰਡ ਵਿਭਾਗ ਅਤੇ ਇੰਪੀਰੀਅਲ ਲਾਇਬਰੇਰੀ ਵਿਚੋਂ ਅਠਾਰ੍ਹਵੀਂ ਅਤੇ ਉਨ੍ਹੀਂਵੀ ਸਦੀ ਦੇ ਸਿੱਖ ਇਤਿਹਾਸ ਖ਼ਾਸ ਕਰ ਕੇ ਬੁੱਢਾ ਦਲ ਅਤੇ ਸਿੱਖ ਮਿਸਲਾਂ (1762-1804) ਬਾਰੇ ਮਹੱਤਵਪੂਰਨ ਪੁਸਤਕਾਂ, ਹੱਥ ਲਿਖਤ ਖਰੜੇ, ਤਤਕਾਲੀ ਲਿਖਤਾਂ ਅਤੇ ਹੋਰ ਅਨੇਕਾਂ ਤਰਾਂ ਦੇ ਇਤਿਹਾਸਕ ਵੇਰਵੇ ਇਕੱਤਰ ਕੀਤੇ।ਅੰਗਰੇਜ਼-ਸਿੱਖ ਸੰਬੰਧਾਂ ਬਾਰੇ ਬਹੁਤ ਸਾਰੀ ਸਰੋਤ ਸਮਗਰੀ ਆਪ ਨੂੰ ਇਥੋਂ ਹੀ ਪ੍ਰਾਪਤ ਹੋਈ। ਇੰਪੀਰੀਅਲ ਰਿਕਾਰਡ (ਕਲਕੱਤਾ) ਘੋਖਣ ਵਾਲੇ ਪਹਿਲੇ ਸਿੱਖ ਵਿਦਵਾਨ ਆਪ ਹੀ ਸਨ।ਇੱਥੇ ਆਪ ਨੂੰ 270 ਪੁਸਤਕਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਜਿੰਨ੍ਹਾਂ ਵਿਚੋਂ ਬਹੁਤ ਸਾਰੀਆਂ ਪੁਸਤਕਾਂ ਦੇ ਵਿਸਥਾਰ ਵਿਚ ਨੋਟਸ ਤਿਆਰ ਕਰ ਕੇ ਆਪ ਨਾਲ ਲਿਆਏ।ਇਸ ਲਈ ਆਪ ਨੂੰ ਬਾਰਾਂ ਬਾਰਾਂ ਘੰਟੇ ਵੀ ਕੰਮ ਕਰਨਾ ਪਿਆ।
ਇਸ ਤੋਂ ਬਾਅਦ ਆਪ ਖ਼ੁਦਾਬਖ਼ਸ਼ ਲਾਇਬਰੇਰੀ ਬਾਲੀਪੁਰ (ਪਟਨਾ) ਜੋ ਕਿ ਅਰਬੀ ਅਤੇ ਫ਼ਾਰਸੀ ਦੀਆਂ ਹੱਥ ਲਿਖਤਾਂ ਕਾਰਨ ਦੁਨੀਆਂ ਦੀਆਂ ਪ੍ਰਸਿੱਧ ਲਾਇਬਰੇਰੀਆਂ ਵਿਚੋਂ ਇੱਕ ਹੈ, ਉੱਥੇ ਸਿੱਖ ਇਤਿਹਾਸ ਬਾਰੇ 33 ਹੱਥ ਲਿਖਤਾਂ ਦਾ ਪਤਾ ਲਗਾਉਣ ਵਿਚ ਕਾਮਯਾਬ ਰਹੇ।ਇਹਨਾਂ ਵਿਚ 'ਦਸਤੂਰ-ਉਲ-ਇਨਸ਼ਾ-ਇ-ਕਲੰਦਰ' (1710) ਜਿਸ ਵਿਚ ਬੰਦਾ ਬਹਾਦਰ ਦੀਆਂ ਜਿੱਤਾਂ ਦਾ ਵਰਣਨ ਹੈ।ਇਰਾਦਤ ਖ਼ਾਨ ਦੀ 'ਤਾਰੀਖ-ਏ-ਇਰਾਦਤ-ਖ਼ਾਨ' (1714 ਜਿਸ ਵਿਚ ਅਸਲਮ ਖਾਨ ਦੀ ਹਾਰ ਅਤੇ ਬੰਦਾ ਬਹਾਦਰ ਵਿਰੁੱਧ ਮੁਗਲ ਸਲਤਨਤ ਦੀਆਂ ਵਿਉਂਤਾਂ ਦਾ ਭਰਪੂਰ ਵਰਣਨ ਕੀਤਾ ਗਿਆ ਹੈ।ਮੁਹੰਮਦ ਹਰੀਸੀ ਦੇ "ਇਬਰਤਨਾਮੇ' (1719) ਜਿਸ ਵਿਚ ਬੰਦਾ ਬਹਾਦਰ ਦੀਆਂ ਪ੍ਰਾਪਤੀਆਂ, ਗ੍ਰਿਫ਼ਤਾਰੀ ਅਤੇ ਸ਼ਹੀਦੀ ਦਾ ਵਰਣਨ ਹੈ।ਕਾਮਵਰ ਖ਼ਾਨ ਦੀ 'ਤਜ਼ਕਰੀਆ-ਇ-ਸੁਲਤਾਨ-ਇ-ਚੁਗਤਾਈ' (1723) ਜਿਸ ਵਿਚ ਬੰਦਾ ਬਹਾਦਰ ਦੀ ਗ੍ਰਿਫ਼ਤਾਰੀ ਅਤੇ ਉਸ ਦੇ ਨਾਲ ਫੜੇ ਗਏ ਸੈਂਕੜੇ ਸਿੰਘਾਂ ਦਾ ਵਿਸਤਰਿਤ ਵਰਣਨ ਕੀਤਾ ਗਿਆ ਹੈ।ਮੁਹੰਮਦ ਜੱਲਾਹ ਕੁਦਰਤ ਦੀ 'ਤਾਰੀਖ-ਇ-ਅਲੀ'(1760-61) ਵਿਚ ਬਹਾਦਰ ਸ਼ਾਹ ਦੁਆਰਾ ਬੰਦਾ ਬਹਾਦਰ ਵਿਰੁੱਧ ਕੀਤੇ ਅਸਫ਼ਲ ਹਮਲਿਆਂ ਦਾ ਇਤਿਹਾਸ ਦਰਜ ਹੈ।ਇਸ ਤੋਂ ਇਲਾਵਾ ਇਸੇ ਰਚਨਾ ਵਿਚ ਮੀਰ ਮੰਨੂ ਦੇ ਸਿੱਖਾਂ ਤੇ ਕੀਤੇ ਜ਼ੁਲਮਾਂ ਦਾ ਵੇਰਵਾ ਵੀ ਦਰਜ਼ ਹੈ।ਮੁਹੰਮਦ ਅਲੀ ਦੀ ਕ੍ਰਿਤ 'ਮਿਰਾਤ-ਉਲ-ਅਹਿਵਾਲ-ਇ-ਜਹਾਨੁਮਾ' ਵਿਚ ਅਬਦੁਸ ਸਮੁਦ ਖਾਂ ਦੀ ਬੰਦਾ ਬਹਾਦਰ ਵਿਰੁੱਧ ਮੁਹਿੰਮ ਅਤੇ ਉਸ ਸਮੇਂ ਦੇ ਸਿੱਖਾਂ ਦੇ ਰਹਿਣ ਸਹਿਣ ਬਾਰੇ ਭਰਪੂਰ ਵਾਕਫ਼ੀਅਤ ਮਿਲਦੀ ਹੈ।ਅਜਿਹੀਆਂ ਬਹੁਤ ਸਾਰੀਆਂ ਕੀਮਤੀ ਹੱਥ ਲਿਖਤਾਂ ਦੇ ਉਤਾਰੇ ਅਤੇ ਪੰਜਾਬੀ ਅਨੁਵਾਦ ਕਰ ਕੇ ਆਪਣੇ ਨਾਲ ਲਿਆਏ ਜੋ ਕਿ ਹੁਣ ਤੱਕ ਖ਼ਾਲਸਾ ਕਾਲਜ ਦੀ ਲਾਇਬਰੇਰੀ ਵਿਚ ਸਾਂਭਿਆ ਪਿਆ ਹੈ।
ਬਨਾਰਸ ਹਿੰਦੂ ਯੂਨੀਵਰਸਿਟੀ ਵਿਚੋਂ ਵੀ ਆਪ ਨੇ ਬਹੁਮੁੱਲੇ ਇਤਿਹਾਸਕ ਸਰੋਤਾਂ ਦੀ ਖੋਜ ਕੀਤੀ।ਮੁਨਸ਼ੀ ਮਹਿਤਾਬ ਸਿੰਘ ਦੀ ਰਚਨਾ 'ਤਵਾਰੀਖ਼-ਇ-ਮੁਲਕ-ਇ-ਹਜ਼ਾਰਾ' ਆਪ ਨੂੰ ਇਥੋਂ ਹੀ ਮਿਲੀ ਜਿਸ ਵਿਚ ਮਜੀਠੀਏ ਅਤੇ ਅਟਾਰੀ ਵਾਲੇ ਸਰਦਾਰਾਂ ਅਧੀਨ ਇਲਾਕੇ ਵਿਚ ਸਿੱਖਾਂ ਦੇ ਰਾਜ ਪ੍ਰਬੰਧ ਅਤੇ ਉਨ੍ਹਾਂ ਦੀਆਂ ਜਿੱਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ।ਰਾਇ ਚਤਰਮਾਨ ਦੀ ਰਚਨਾ 'ਚਹਾਰ ਗੁਲਸ਼ਨ'(1759-60) ਵਿਚ ਸਿੱਖ ਗੁਰੂਆਂ ਸਬੰਧੀ ਜਾਣਕਾਰੀ ਅਤੇ ਮਾਤਾ ਸੁੰਦਰੀ ਦੁਆਰਾ ਮੁਤਬੰਨੇ ਅਜੀਤ ਸਿੰਘ ਨੂੰ ਬੇਦਾਵਾ ਦੇਣ ਦਾ ਜ਼ਿਕਰ ਹੈ।ਇਸੇ ਤਰਾਂ 'ਇੰਤਿਖ਼ਾਬ-ਅਜ਼-ਅਖ਼ਬਾਰਾਤ-ਇ-ਰਿਆਸਤ-ਇ-ਸਿੰਧਿਆ' ਵਿਚ ਸਿੱਖਾਂ ਅਤੇ ਮਰਹੱਟਿਆਂ ਦੇ ਆਪਸੀ ਸੰਬੰਧਾਂ ਦਾ ਵਰਣਨ ਹੈ।
ਬਨਾਰਸ ਤੋਂ ਬਾਅਦ ਆਪ ਨੇ ਇਲਾਹਾਬਾਦ ਵਿਖੇ ਤਿੰਨ ਵੱਡੀਆਂ ਲਾਇਬਰੇਰੀਆਂ ਯੂਨੀਵਰਸਿਟੀ ਲਾਇਬਰੇਰੀ, ਪਬਲਿਕ ਲਾਇਬਰੇਰੀ, ਅਤੇ ਭਾਰਤੀ ਭਵਨ ਲਾਇਬਰੇਰੀ ਵਿਚ ਪਹੁੰਚ ਕੀਤੀ।ਇੱਥੇ ਆਪ ਨੂੰ ਕਰਨਲ ਮੂੰਤੋਂ ਦੁਆਰਾ ਲਿਖੀ ਇੱਕ ਫਰਾਂਸੀਸੀ ਪੁਸਤਕ ਪ੍ਰਾਪਤ ਹੋਈ ਜਿਸ ਵਿਚ ੧੮੫੪-੪੬ ਦੀ ਐਂਗਲੋ-ਸਿੱਖ ਲੜਾਈ ਦੇ ਵੇਰਵੇ ਦਰਜ ਹਨ।ਇਸ ਲੜਾਈ ਵਿਚ ਕਰਨਲ ਮੂੰਤੋਂ ਨੇ ਖ਼ੁਦ ਸਿੱਖਾਂ ਦੇ ਇੱਕ ਘੋੜ ਸਵਾਰ ਦਸਤੇ ਦੀ ਸਵਾਰੀ ਕੀਤੀ ਸੀ।ਇਸ ਪੁਸਤਕ ਵਿਚ ਸਭਰਾਵਾਂ ਅਤੇ ਫ਼ਿਰੋਜ਼ਸ਼ਾਹ ਦੀਆਂ ਲੜਾਈਆਂ ਸਬੰਧੀ ਬਹੁਤ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕੀਤੀ ਗਈ।ਲਖਨਊ ਦੇ ਬਾਜ਼ਾਰਾਂ ਵਿਚ ਘੁੰਮਦਿਆਂ ਗੰਡਾ ਸਿੰਘ ਨੂੰ ਰਹੀਮ ਬਖ਼ਸ਼ ਦੀ ਲਿਖੀ ਇੱਕ ਦੁਰਲੱਭ ਰਚਨਾ 'ਤਾਰੀਖੇ-ਇ-ਅਫ਼ਗਾਨਾਂ' ਮਿਲਦੀ ਹੈ ਜਿਸ ਵਿਚ ਅਹਿਮਦ ਸ਼ਾਹ ਅਬਦਾਲੀ,ਉਸ ਦੇ ਪੁੱਤਰ ਤੈਮੂਰ ਸ਼ਾਹ ਅਤੇ ਸਿੱਖਾਂ ਦੇ ਆਪਸੀ ਸੰਬੰਧਾਂ ਦਾ ਵਰਣਨ ਕੀਤਾ ਗਿਆ ਹੈ।ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚੋਂ ਵੀ ਆਪ ਨੇ ਬਹੁਤ ਸਾਰੀਆਂ ਹੱਥ ਲਿਖਤਾਂ ਦਾ ਲਿਪੀਅੰਤਰਨ ਕਰਵਾ ਕੇ ਖ਼ਾਲਸਾ ਕਾਲਜ ਦੀ ਲਾਇਬਰੇਰੀ ਲਈ ਸੰਭਾਲਿਆ।
ਦਿੱਲੀ ਦੀਆਂ ਸਾਰੀਆਂ ਵੱਡੀਆਂ ਯੂਨੀਵਰਸਿਟੀਆਂ ਵਿਚੋਂ ਵੀ ਆਪ ਨੂੰ ਪੰਜਾਬ ਦੇ ਇਤਿਹਾਸ ਸਬੰਧੀ ਬਹੁਤ ਸਾਰੀਆਂ ਹੱਥ ਲਿਖਤਾਂ ਅਤੇ ਦੁਰਲਭ ਪ੍ਰਕਾਸ਼ਨਾਵਾਂ ਮਿਲੀਆਂ। 1944-45 ਵਿਚ ਆਪ ਨੇ ਜੈਪੁਰ ਦੀ ਮੁਗਲ ਕੋਰਟ ਵਿਚੋਂ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਫ਼ਾਰਸੀ ਹੱਥ ਲਿਖਤਾਂ ਦੀ ਖੋਜ ਕਰ ਕੇ ਉਤਾਰੇ ਕਰਵਾ ਕੇ ਲਿਆਂਦੇ।ਇਹਨਾਂ ਹੱਥ ਲਿਖਤਾਂ ਵਿਚ 1708-1719 ਦੇ ਸਿੱਖ ਰਾਜ ਦੀਆਂ ਮਹੱਤਵਪੂਰਨ ਸੂਚਨਾਵਾਂ ਦਰਜ਼ ਹਨ।ਇਨ੍ਹਾਂ ਵਿਚ ਬੰਦਾ ਬਹਾਦਰ ਦੀਆਂ ਰੋਜ਼ਾਨਾ ਸਰਗਰਮੀਆਂ ਅਤੇ ਮੁਗਲ ਸਰਕਾਰ ਦੁਆਰਾ ਉਸ ਦੀ ਸ਼ਕਤੀ ਨੂੰ ਖ਼ਤਮ ਕਰਨ ਦੇ ਵੇਰਵੇ ਦਰਜ ਹਨ।ਗੰਡਾ ਸਿੰਘ ਨੇ ਸਟੇਟ ਲਾਇਬਰੇਰੀ ਰਾਮਪੁਰ (ਯੂ.ਪੀ.) ਤੋਂ ਗਿਆਰਾਂ ਹੱਥ ਲਿਖਤਾਂ ਦੇ ਉਤਾਰੇ ਕਰਵਾਏ।ਅਸਫ਼ੀਆਂ ਲਾਇਬਰੇਰੀ ਹੈਦਰਾਬਾਦ ਤੋਂ ਬਾਰਾਂ, ਸਰ ਜਾਦੂ ਨਾਥ ਸਰਕਾਰ ਦੀ ਨਿੱਜੀ ਲਾਇਬਰੇਰੀ ਤੋਂ ਪੰਜ, ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਛੇ ਹੱਥ ਲਿਖਤਾਂ ਦੇ ਲਿੱਪੀਅੰਤਰਨ ਕਰਵਾਇਆ।ਦਾਰੁ-ਉਲ-ਆਲਮ ਦਿਉਬੰਦ (ਯੂ.ਪੀ.), ਜਾਮੀਆ ਮਿਲੀਆ ਇਸਲਾਮੀਆ ਲਾਇਬਰੇਰੀ, ਉਸਮਾਨੀਆਂ ਲਾਇਬਰੇਰੀ ਹੈਦਰਾਬਾਦ, ਭਾਈ ਵੀਰ ਸਿੰਘ ਦੇ ਨਿੱਜੀ ਪੁਸਤਕਾਲੇ ਤੱਕ ਪਹੁੰਚ ਕਰ ਕੇ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਬਹੁਤ ਸਾਰੀ ਸਰੋਤ ਸਮਗਰੀ ਇਕੱਤਰ ਕੀਤੀ।
1972 ਵਿਚ ਆਪ ਇੰਗਲੈਂਡ ਗਏ।ਬ੍ਰਿਟਿਸ਼ ਮਿਊਜ਼ੀਅਮ ਲੰਡਨ ਤੋਂ ਉਨ੍ਹਾਂ ਨੇ ਦਲਪਤ ਰਾਇ ਦੀ 'ਅਮੀਰ-ਉਲ-ਇਮਲਾ'(1795) ਦੀ ਖੋਜ ਕੀਤੀ।ਇਹ ਕਿਤਾਬ ਅਠਾਰ੍ਹਵੀਂ ਸਦੀ ਦੇ ਪੰਜਾਬ ਦੀ ਰਾਜਨੀਤੀ ਬਾਰੇ ਬਹੁਤ ਮਹੱਤਵਪੂਰਨ ਸੂਚਨਾਵਾਂ ਪ੍ਰਦਾਨ ਕਰਦੀ ਹੈ।ਇਸ ਵਿਚ ਪੰਜਾਬ ਦੇ ਰਾਜਿਆਂ ਵੱਲੋਂ ਇੱਕ ਦੂਜੇ ਨੂੰ ਲਿਖੇ 247 ਪੱਤਰਾਂ ਦੇ ਵੇਰਵੇ ਅੰਕਿਤ ਕੀਤੇ ਗਏ ਹਨ।ਜੇਮਜ਼ ਸਕਿਨਰ ਦੀ ਹੱਥ ਲਿਖ਼ਤ 'ਤਜ਼ਕਿਰਾਤ-ਉਲ-ਉਮਰਾ'(1830), ਅਤੇ ਕਿਤਾਬ 'ਕਿਤਾਬ-ਇ-ਤਸ਼ਰੀਹ-ਉਲ-ਅਵਕਾਮ' ਦੀਆਂ ਫ਼ੋਟੋ ਕਾਪੀਆਂ ਇਸੇ ਮਿਊਜ਼ੀਅਮ ਵਿਚੋਂ ਲਿਆਂਦੀਆਂ।ਇਹਨਾਂ ਰਚਨਾਵਾਂ ਵਿਚ ਪੰਜਾਬ ਦੇ ਵੱਖ ਵੱਖ ਕਬੀਲਿਆਂ ਦੇ ਅਰੰਭ ਅਤੇ ਕਿੱਤਿਆਂ ਬਾਰੇ ਚਾਨਣਾ ਪਾਇਆ ਗਿਆ ਹੈ।ਸਰੋਤ ਸਮਗਰੀ ਦੀ ਤਲਾਸ਼ ਵਿਚ ਆਪ ਤਿੰਨ ਵਾਰ ਇੰਗਲੈਂਡ ਗਏ।
ਪੂਨਾ ਆਰਕਵਾਇਜ਼ ਵਿਚ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਬਹੁਤ ਸਾਰੀ ਸਮਗਰੀ ਮਰਾਠੀ ਭਾਸ਼ਾ ਵਿਚ ਪਈ ਸੀ।ਇਸ ਤੱਕ ਪਹੁੰਚਣ ਲਈ ਆਪ ਨੇ 45 ਸਾਲ ਦੀ ਉਮਰ ਵਿਚ ਸਖ਼ਤ ਘਾਲਣਾ ਘਾਲ ਕੇ ਮਰਾਠੀ ਭਾਸ਼ਾ ਸਿੱਖੀ ਅਤੇ ਪੂਨਾ ਆਰਕਵਾਇਜ਼ ਤੋਂ ਬਹੁਤ ਵਡਮੁੱਲੀ ਸਰੋਤ ਸਮਗਰੀ ਇਕੱਤਰ ਕਰ ਕੇ ਲਿਆਏ।ਕਿਤਾਬਾਂ ਦੀਆਂ ਆਮ ਦੁਕਾਨਾਂ, ਕਬਾੜੀਆਂ ਦੀਆਂ ਦੁਕਾਨਾਂ ਤੋਂ ਲੈ ਕੇ ਡਾ. ਗੰਡਾ ਸਿੰਘ ਦੇਸ਼ ਅਤੇ ਵਿਦੇਸ਼ ਦੇ ਹਰ ਉਸ ਪੁਸਤਕਾਲੇ ਤੇ ਮਿਊਜ਼ੀਅਮ ਤੱਕ ਗਏ, ਜਿੱਥੋਂ ਵੀ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਕੋਈ ਵੀ ਹੱਥ ਲਿਖ਼ਤ, ਪੁਸਤਕ, ਨੋਟ, ਉਤਾਰਾ, ਖਰੜਾ ਜਾਂ ਕੋਈ ਹਵਾਲਾ ਮਿਲ ਸਕਦਾ ਸੀ।ਇਹ ਮਹਾਨ ਕਾਰਜ ਆਪ ਨੇ ਇਕੱਲਿਆਂ ਆਪਣੀ ਮਿਹਨਤ ਦੇ ਬਲਬੂਤੇ ਕੀਤਾ।ਇਸੇ ਲਈ ਇਤਿਹਾਸ ਨਾਲ ਸਬੰਧਿਤ ਬਹੁਤ ਸਾਰੀਆਂ ਪੁਸਤਕਾਂ ਕੇਵਲ ਤੇ ਕੇਵਲ ਡਾ. ਗੰਡਾ ਸਿੰਘ ਦੀ ਨਿੱਜੀ ਲਾਇਬਰੇਰੀ ਵਿਚ ਹੀ ਸਨ।
ਡਾ. ਗੰਡਾ ਸਿੰਘ ਦਾ ਯੋਗਦਾਨ ਪੰਜਾਬ ਦੇ ਇਤਿਹਾਸ ਅਤੇ ਇਤਿਹਾਸਕਾਰੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿਚ ਇੱਕ ਵਿਅਕਤੀ ਦਾ ਨਾ ਹੋ ਕੇ ਇੱਕ ਸੰਸਥਾ ਦਾ ਜਾਪਦਾ ਹੈ।ਪੰਜਾਬ ਸਰਕਾਰ ਵੱਲੋਂ ਆਪ ਦੀਆਂ ਇਤਿਹਾਸ ਲੇਖਣ ਵਿਚ ਪਾਏ ਅਸੀਮ ਯੋਗਦਾਨ ਸਦਕਾ 1963 ਵਿਚ ਰਾਜ ਪੱਧਰੀ ਸਾਹਿੱਤ ਪੁਰਸਕਾਰ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ ਗਿਆ।ਇਸੇ ਸਾਲ ਰੋਟਰੀ ਕਲੱਬ ਪਟਿਆਲਾ ਨੇ ਆਪ ਦੀਆਂ ਉੱਚ ਪੱਧਰ ਦੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਆਪ ਦਾ ਸਨਮਾਨ ਕੀਤਾ।੧੯੬੪ ਵਿਚ ਸ਼੍ਰੋਮਣੀ ਗੁਰਦੁਆਰਾ: ਪ੍ਰਬੰਧਕ; ਕਮੇਟੀ ਵੱਲੋਂ ਸਿੱਖ ਇਤਿਹਾਸ ਲਈ ਕੀਤੀਆਂ ਨਵੀਨ ਖੋਜਾਂ ਲਈ ਆਪ ਦਾ ਸਨਮਾਨ ਕੀਤਾ ਗਿਆ।ਚੰਡੀਗੜ੍ਹ ਗੁਰਦੁਆਰਾ ਅਸਥਾਪਨਾ ਕਮੇਟੀ ਵੱਲੋਂ ਵੀ 1964 ਵਿਚ ਆਪ ਦਾ ਸਨਮਾਨ ਕੀਤਾ ਗਿਆ।ਸਿੱਖ ਐਜੂਕੇਸ਼ਨਲ ਕਾਨਫ਼ਰੰਸ ਦੇ ਕਾਨਪੁਰ ਵਿਚ 1974 ਨੂੰ ਹੋਏ 52ਵੇਂ ਸਮਾਗਮ ਵਿਚ ਵੀ ਆਪ ਨੂੰ ਸਨਮਾਨਿਤ ਕੀਤਾ ਗਿਆ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵੱਲੋਂ 1964 ਵਿਚ ਡੀ. ਲਿਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ।1978 ਵਿਚ ਆਪ ਦੀ ਵਿਦਵਤਾ ਅਤੇ ਸਾਰਾ ਜੀਵਨ ਸਾਹਿੱਤ ਦੀ ਸੇਵਾ ਕਰਨ ਬਦਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵੀ ਡੀ. ਲਿਟ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ।ਅਕਾਦਮੀ ਆਫ਼ ਸਿੱਖ ਰਿਲੀਜ਼ਨ ਐਂਡ ਕਲਚਰ ਵੱਲੋਂ ਪਟਿਆਲਾ ਵੱਲੋਂ 1979 ਵਿਚ ਫੈਲੋਸ਼ਿਪ ਪ੍ਰਦਾਨ ਕੀਤੀ ਗਈ।ਇਤਿਹਾਸਕਾਰੀ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਦਾ ਸਦਕਾ ਭਾਰਤ ਸਰਕਾਰ ਵੱਲੋਂ ਆਪ ਨੂੰ 'ਪਦਮ ਭੂਸ਼ਣ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਪਰ ਆਪ ਨੇ ਇਹ ਸਨਮਾਨ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿੱਤਾ ਸੀ।ਪੰਜਾਬ ਦੀ ਇਤਿਹਾਸਕਾਰੀ ਲਈ ਵਿਲੱਖਣ ਪ੍ਰਤਿਭਾ ਅਤੇ ਯੋਗਦਾਨ ਦਾ ਸਦਕਾ ਗੋਆ ਯੂਨੀਵਰਸਿਟੀ ਵੱਲੋਂ ਇੰਡੀਅਨ ਹਿਸਟਰੀ ਕਾਂਗਰਸ ਦੇ 1987 ਦੇ ਗੋਲਡਨ ਜੁਬਲੀ ਸੈਸ਼ਨ ਵਿਚ ਉਨ੍ਹਾਂ ਨੂੰ ਭਾਰਤ ਦੇ ਪੰਜ ਵਿਲੱਖਣ ਇਤਿਹਾਸਕਾਰਾਂ ਵਿਚੋਂ ਇੱਕ ਮੰਨਦਿਆਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਡਾ. ਗੰਡਾ ਸਿੰਘ ਉਹ ਮਹਾਨ ਸ਼ਖ਼ਸੀਅਤ ਸਨ, ਜਿੰਨਾਂ ਦੁਆਰਾ ਪੰਜਾਬ ਦੀ ਇਤਿਹਾਸਕਾਰੀ ਲਈ ਕੀਤੇ ਯਤਨਾਂ ਸਦਕਾ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 'ਪੰਜਾਬ ਇਤਿਹਾਸ ਅਧਿਐਨ ਵਿਭਾਗ' ਪੂਰੇ ਭਾਰਤ ਦੀਆਂ ਯੂਨੀਵਰਸਿਟੀਆਂ ਵਿਚ ਵਿਲੱਖਣ ਸਥਾਨ ਰੱਖਦਾ ਹੈ।ਆਪ ਦੁਆਰਾ ਇਤਿਹਾਸਕ ਸਰੋਤਾਂ ਦਾ ਇਕੱਤਰੀਕਰਨ ਅਤੇ ਪੰਜਾਬ ਦੇ ਇਤਿਹਾਸ ਨੂੰ ਪ੍ਰਮਾਣਿਕ ਤੱਥਾਂ ਦੇ ਅਧਾਰ ਤੇ ਪੇਸ਼ ਕਰਨ ਸਦਕਾ ਪੰਜਾਬ ਦਾ ਇਤਿਹਾਸ ਅਤੇ ਇਤਿਹਾਸਕਾਰੀ ਦਾ ਨਿਵੇਕਲਾ ਸਥਾਨ ਸਮੁੱਚੀ ਭਾਰਤੀ ਇਤਿਹਾਸਕਾਰੀ ਦੇ ਪ੍ਰਸੰਗ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ।ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਭਾਰਤੀ ਇਤਿਹਾਸਕਾਰੀ ਦੇ ਕੇਂਦਰ ਵਿਚ ਲਿਆ ਕੇ ਸਥਾਪਤ ਕਰਨ ਦਾ ਸਿਹਰਾ ਆਪ ਦੇ ਸਿਰ ਬੱਝਦਾ ਹੈ।ਪੰਜਾਬ ਦੀ ਇਤਿਹਾਸਕਾਰੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲਾ ਇਹ ਵਿਦਵਾਨ ਆਪਣੇ ਅੰਤਿਮ ਸਮੇਂ ਦੋ ਮਹੀਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ-ਇਲਾਜ਼ ਰਹਿਣ ਤੋਂ ਬਾਅਦ ਆਖ਼ਿਰ 27 ਦਸੰਬਰ, 1987 ਦੀ ਇੱਕ ਅਭਾਗੀ ਦੁਪਹਿਰ ਨੂੰ ਇਸ ਸੰਸਾਰ ਤੋਂ ਸਦਾ ਲਈ ਚਲਾਣੇ ਕਰ ਗਿਆ।ਪਰ ਆਪਣੇ ਪਿੱਛੇ ਛੱਡ ਗਿਆ ਇਤਿਹਾਸ ਅਤੇ ਇਤਿਹਾਸਕ ਸਰੋਤਾਂ ਦੀਆਂ ਉਹ ਗੂੜ੍ਹੀਆਂ ਪੈੜਾਂ ਜਿੰਨਾਂ ਤੇ ਚੱਲਕੇ ਆਉਣ ਵਾਲੇ ਵਿਦਵਾਨ ਸਦੀਆਂ ਤੱਕ ਆਪਣੀਆਂ ਖੋਜਾਂ ਨੂੰ ਜਾਰੀ ਰੱਖਣਗੇ।
ਡਾ.ਗੰਡਾ ਸਿੰਘ ਦਾ ਰਚਨਾ ਸੰਸਾਰ
ਪੰਜਾਬੀ- ਮਹਾਰਾਜ ਕੌੜਾ ਮੱਲ ਬਹਾਦਰ, ਸ਼ਾਮ ਸਿੰਘ ਅਟਾਰੀ ਵਾਲਾ, ਜੀਵਨੀ ਬਾਬਾ ਬੰਦਾ ਸਿੰਘ ਬਹਾਦਰ, ਕੂਕਿਆਂ ਦੀ ਵਿਥਿਆ,ਸ: ਜੱਸਾ ਸਿੰਘ ਆਹਲੂਵਾਲੀਆ,ਅਫ਼ਗ਼ਾਨਿਸਤਾਨ ਵਿਚ ਇੱਕ ਮਹੀਨਾ, ਅਫ਼ਗ਼ਾਨਿਸਤਾਨ ਦਾ ਸਫ਼ਰ, ਸਿੱਖ ਇਤਿਹਾਸ, ਕੁੱਝ ਕੁ ਪੁਰਾਤਨ ਇਤਿਹਾਸਕ ਪੱਤਰੇ, ਸਿੱਖ ਇਤਿਹਾਸ ਬਾਰੇ, ਸਿੱਖ ਇਤਿਹਾਸਕ ਯਾਦਗਾਰਾਂ, ਪੰਜਾਬ ਦੀਆਂ ਵਾਰਾਂ, ਵਾਰ ਅੰਮ੍ਰਿਤਸਰ ਕੀ, ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜਾ, ਅਮਰ ਨਾਮਾ, ਨੰਦ ਲਾਲ ਗ੍ਰੰਥਾਵਲੀ, ਹੁਕਮਨਾਮੇ, ਅਮਰੀਕਾ ਵਿਚ ਹਿੰਦੁਸਤਾਨੀ, ਸਿੱਖ ਇਤਿਹਾਸ ਦੇ ਸਮਕਾਲੀ ਸਰੋਤ, ਮਹਾਰਾਜਾ ਰਣਜੀਤ ਸਿੰਘ: ਸ਼ਤਾਬਦੀ ਗ੍ਰੰਥ, ਜੰਗਨਾਮਾ ਕਾਜ਼ੀ ਨੂਰ ਮੁਹੰਮਦ, ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਇਤਿਹਾਸ, ਸਿੱਖਾਂ ਦਾ ਸੰਖੇਪ ਇਤਿਹਾਸ, ਪਟਿਆਲਾ ਅਤੇ ਪੈਪਸੂ ਦੀਆਂ ਰਿਆਸਤਾਂ, ਪੈਪਸੂ ਸੰਦਰਭ ਗ੍ਰੰਥਾਵਲੀ, ਪੰਜਾਬ (1939-40): ਪੰਜਾਬੀ ਅਖ਼ਬਾਰਾਂ ਵਿਚੋਂ।
ਉਰਦੂ- ਇਨਕਸ਼ਾਫਿ-ਹਕੀਕਤ, ਮੀਰਾਤੁੱਤ-ਤਵਾਰੀਖ-ਇ-ਸਿੱਖਾਂ, ਅਵਰਾਕਿ-ਪਰੀਸ਼ਨ-ਇ-ਤਵਾਰੀਖ-ਇ-ਪੰਜਾਬ, ਸਿੱਖਾਂ ਬਾਰੇ ਉਰਦੂ ਅਤੇ ਫ਼ਾਰਸੀ ਖਰੜਿਆਂ ਦੀ ਸੂਚੀ, ਮੁਖ਼ਤਸਰ ਨਾਨਕਸ਼ਾਹੀ ਜੰਤਰੀ, ਸੁਖਮਨੀ ਸਾਹਿਬ ਦਾ ਫ਼ਾਰਸੀ ਅਨੁਵਾਦ।
ਅੰਗਰੇਜ਼ੀ- ਲਾਈਫ਼ ਆਫ਼ ਬੰਦਾ ਸਿੰਘ ਬਹਾਦਰ, ਹਿਸਟਰੀ ਆਫ਼ ਗੁਰਦੁਆਰਾ ਸ਼ਹੀਦ ਗੰਜ ਲਾਹੌਰ, ਅਹਿਮਦ ਸ਼ਾਹ ਦੁਰਾਨੀ, ਏ ਸ਼ਾਰਟ ਹਿਸਟਰੀ ਆਫ਼ ਦੀ ਸਿੱਖਸ (ਪ੍ਰੋ. ਤੇਜਾ ਸਿੰਘ ਨਾਲ ਰਲ਼ ਕੇ), ਦੀ ਪੰਜਾਬ ਇਨ 1939-40, ਪ੍ਰਾਈਵੇਟ ਕਾਰਸਪੌਨਡੈਂਸ ਰੀਲੇਟਿੰਗ ਟੂ ਦੀ ਐਂਗਲੋ ਸਿੱਖ ਵਾਰਜ਼, ਏ ਬ੍ਰੀਫ਼ ਅਕਾਊਂਟ ਆਫ਼ ਦੀ ਸਿੱਖ ਪੀਪਲ, ਦੀ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ, ਮਹਾਰਾਜਾ ਰਣਜੀਤ ਸਿੰਘ , ਏ ਹਿਸਟਰੀ ਆਫ਼ ਦੀ ਖ਼ਾਲਸਾ ਕਾਲਜ ਅੰਮ੍ਰਿਤਸਰ, ਏ ਬਿਬਲੀਓਗ੍ਰਾਫ਼ੀ ਆਫ਼ ਪੰਜਾਬ, ਮਹਾਰਾਜਾ ਦਲੀਪ ਸਿੰਘ ਕਾਰਸਪੌਨਡੈਂਸ, ਹਿਸਟਰੀ ਆਫ਼ ਗੁਰਦੁਆਰਾ ਸ਼ਹੀਦ ਗੰਜ।
ਸਵਰਨਦੀਪ ਸਿੰਘ ਨੂਰ
ਪਿੰਡ-ਜੋਧਪੁਰ ਰੋਮਾਣਾ
ਜ਼ਿਲਾ- ਬਠਿੰਡਾ
ਮੋ-75891-19192
No comments:
Post a Comment