ਪਿਛਲੇ 'ਕੁਝ' ਸਾਲਾਂ ਤੋਂ ਪੰਜਾਬੀ
ਵਾਰਤਕ ਦੇ ਖੇਤਰ ਵਿੱਚ ਕਾਫ਼ੀ ਸ਼ਲਾਘਾਯੋਗ ਯਤਨ ਹੋਏ ਹਨ, ਜੋ ਕਿ ਪੰਜਾਬੀ ਵਾਰਤਕ ਦੇ ਨਿਰੰਤਰ ਵਿਕਾਸ ਦੇ ਸੂਚਕ ਹਨ|ਸਮਕਾਲੀ ਪੰਜਾਬੀ ਵਾਰਤਕ ਆਪਣੀ ਪੂਰਵਲੀ ਵਾਰਤਕ ਪਰੰਪਰਾ
ਵਾਂਗ ਸ਼ਰਧਾਮਈ ਦ੍ਰਿਸ਼ਟੀਕੋਣ ਤੋਂ ਵਿੱਥ ਥਾਪ ਕੇ ਆਪਣੀ ਪਛਾਣ ਬਣਾਉਂਦੀ ਲਗਦੀ ਹੈ|ਸ਼ਰਧਾ, ਆਦਰਸ਼ ਅਤੇ ਰੁਮਾਂਸ ਪੰਜਾਬੀ ਵਾਰਤਕ ਪਰੰਪਰਾ ਦੇ ਅਨਿੱਖੜ ਅੰਗ ਬਣੇ ਰਹੇ ਹਨ| ਪਰ ਜਦੋਂ ਅਸੀਂ
ਸਮਕਾਲੀ ਪੰਜਾਬੀ ਵਾਰਤਕ ਨੂੰ ਦੇਖਦੇ ਹਾਂ ਤਾਂ ਇਹ ਵਰਤਮਾਨ ਨੂੰ ਵਿਸ਼ਲੇਸ਼ਣ ਅਤੇ ਆਲੋਚਨਾਤਮਕ ਨਜ਼ਰੀਏ
ਤੋਂ ਪੇਸ਼ ਕਰਦੀ ਨਜ਼ਰ ਆਉਂਦੀ ਹੈ| ਪੰਜਾਬੀ ਵਾਰਤਕ ਦੇ ਖੇਤਰ ਵਿੱਚ ਇਹ ਇਕ ਪੈਰਾਡਾਇਮਕ
ਸ਼ਿਫਟ ਕਹੀ ਜਾ ਸਕਦੀ ਹੈ, ਜਿਸ ਨੇ ਪੰਜਾਬੀ ਵਾਰਤਕ ਵਿਧਾ ਨੂੰ ਇਕ ਰਚਨਾਤਮਕ ਟੈਕਸਟ ਦੇ
ਤੌਰ 'ਤੇ ਸਥਾਪਿਤ ਕਰਨਾ ਹੈ|ਪੰਜਾਬੀ ਦੇ ਮਹੱਤਵਪੂਰਨ ਕਵੀਆਂ ਵਲੋਂ ਲਿਖੀ ਜਾ ਰਹੀ
ਵਾਰਤਕ ਅਜਿਹੀ ਰਚਨਾਤਮਕਤਾ ਦਾ ਹੀ ਸਬੂਤ ਬਣ ਰਹੀ ਹੈ|ਸਮਕਾਲੀ ਪੰਜਾਬੀ ਵਾਰਤਕ ਦੇ ਖੇਤਰ ਵਿਚ ਜਸਵੰਤ ਜ਼ਫ਼ਰ ਦੀ
ਪੁਸਤਕ 'ਸਿਖੁ ਸੋ ਖੋਜਿ ਲਹੈ'
ਇਕ ਮਹੱਤਵਪੂਰਨ ਰਚਨਾਤਮਕ
ਕਿਰਤ ਹੈ|ਇਸ ਵਿਚਲੀ
ਰਚਨਾਤਮਕਤਾ ਕਾਵਿਕ ਅਤੇ ਵਿਅੰਗੀ ਸ਼ੈਲੀ ਰਾਹੀਂ ਬੌਧਿਕ ਅਤੇ ਦਾਰਸ਼ਨਿਕ ਮਸਲਿਆਂ ਨੂੰ ਵੀ
ਪ੍ਰਭਾਵਸ਼ਾਲੀ ਅਤੇ ਪ੍ਰਭਾਵਕਾਰੀ ਢੰਗ ਨਾਲ ਪੇਸ਼ ਕਰ ਦਿੰਦੀ ਹੈ|ਪਾਠਕ ਇਕ ਤਰ੍ਹਾਂ ਨਾਲ ਅਜਿਹੀ ਵਾਰਤਕ ਤੋਂ ਕਿਸੇ
ਰਚਨਾਤਮਕ ਕਿਰਤ ਵਰਗਾ ਆਨੰਦ ਮਹਿਸੂਸ ਕਰਦਾ ਹੈ|
ਇਸ ਪੁਸਤਕ ਵਿੱਚ ਉਸਦੇ
ਭਿੰਨ-ਭਿੰਨ ਮੁੱਦਿਆਂ ਨੂੰ ਛੂੰਹਦੇ ਸਿਧਾਂਤਕ ਅਤੇ ਸੱਭਿਆਚਾਰਕ ਨੌਂ ਲੇਖ ਸ਼ਾਮਿਲ ਹਨ|ਜਸਵੰਤ ਜ਼ਫ਼ਰ ਦਾ ਮੁੱਖ ਰੂਪ ਵਿੱਚ ਰਚਨਾ-ਖੇਤਰ ਭਾਵੇਂ
ਕਵਿਤਾ ਹੈ, ਪ੍ਰੰਤੂ ਇਸ ਪੁਸਤਕ
ਵਿੱਚ ਉਸਦੀ ਕਾਵਿਕ-ਸੂਝ ਦੇ ਨਾਲ-ਨਾਲ ਬੌਧਿਕ ਚਿੰਤਨ ਦਾ ਵੀ ਭਰਪੂਰ ਰੂਪ 'ਚ ਪ੍ਰਗਟਾਵਾ ਹੋਇਆ ਹੈ|ਇਹ ਕਿਤਾਬ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਜਸਵੰਤ
ਜ਼ਫ਼ਰ ਦੀ ਸਮਾਜ ਦੀਆਂ ਬੁਰਾਈਆਂ ਅਤੇ ਧਾਰਮਿਕ ਫਲਸਫ਼ੇ ਨੂੰ ਸਮਝਣ ਦੀ ਕਿੰਨੀ ਡੂੰਘੀ ਦਿੱਬ-ਦ੍ਰਿਸ਼ਟੀ
ਹੈ ਅਤੇ ਕਾਰਟੂਨਿਕ ਵਿਅੰਗਮਈ ਸ਼ੈਲੀ ਵਿੱਚ ਇਸ ਨੂੰ ਬਿਆਨ ਕਰਨ ਦੀ ਕਿੰਨੀ ਸੁਹਿਰਦ ਸਮਰੱਥਾ ਹੈ| ਜ਼ਫ਼ਰ ਨੇ ਆਪਣੇ
ਇਹਨਾਂ ਲੇਖਾਂ ਵਿੱਚ ਸਾਹਿਤਕ, ਰਾਜਨੀਤਿਕ,
ਧਾਰਮਿਕ ਅਤੇ ਸਿਧਾਂਤਕ
ਮਾਮਲਿਆਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਕੇ ਪ੍ਰੰਪਰਾਗਤ ਸਥਾਪਤ ਹੋਈਆਂ ਲਕੀਰਾਂ ਨੂੰ ਤੋੜ
ਕੇ ਨਵਾਂ ਤਰਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਸਵੰਤ ਜ਼ਫ਼ਰ ਨੇ ਆਪਣੀ ਪੁਸਤਕ
ਦੇ ਪਹਿਲੇ ਲੇਖ 'ਮੋਹਿ ਕਬੀਰਾ ਨਾਉ
ਰੇ' ਵਿੱਚ ਭਗਤ ਕਬੀਰ ਜੀ ਦੀ ਬਾਣੀ
ਦਾ ਡੂੰਘਾ ਅਧਿਐਨ ਤੇ ਵਿਸ਼ਲੇਸ਼ਣ ਕਰਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਗੁਰਮਤਿ ਵਿਚਾਰਧਾਰਾ
ਦੇ ਪਹਿਲੇ ਸਿਧਾਂਤਕ ਬੁਲਾਰੇ ਅਸਲ ਵਿੱਚ ਭਗਤ ਕਬੀਰ ਜੀ ਹੀ ਸਨ, ਜਿਨ੍ਹਾਂ ਤੋਂ ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ
ਸਾਹਿਬਾਨ ਪ੍ਰਭਾਵਿਤ ਹੋਏ ਹਨ| ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਭਗਤ
ਕਬੀਰ ਜੀ ਦੀ ਬਾਣੀ, ਭਾਸ਼ਾ ਅਤੇ ਲਿਪੀ
ਤੋਂ ਬਹੁਤ ਪ੍ਰਭਾਵਿਤ ਹੋਏ ਹਨ| ਗੁਰਬਾਣੀ ਦੀ ਭਾਵਨਾ, ਭਗਤ ਕਬੀਰ ਜੀ ਦੀ ਬਾਣੀ ਦੀ ਭਾਵਨਾ ਨਾਲ ਬਿਲਕੁਲ ਮੇਲ
ਖਾਂਦੀ ਹੈ| ਜਸਵੰਤ ਜ਼ਫ਼ਰ ਨੇ ਭਗਤ ਕਬੀਰ ਜੀ ਦੀਆਂ ਬਹੁਤ ਸਾਰੀਆਂ
ਤੁਕਾਂ ਦਾ ਹਵਾਲਾ ਆਪਣੀ ਪੁਸਤਕ ਵਿੱਚ ਦਿੱਤਾ ਹੈ ਅਤੇ ਉਨ੍ਹਾਂ ਨਾਲ ਮਿਲਦੀਆਂ-ਜੁਲਦੀਆਂ ਤੁਕਾਂ
ਉਨ੍ਹਾਂ ਬਾਬੇ ਨਾਨਕ ਅਤੇ ਹੋਰ ਗੁਰੂ ਸਾਹਿਬਾਨ ਦੀਆਂ ਦੇ ਕੇ ਇਹ ਕਹਿਣ ਦਾ ਯਤਨ ਕੀਤਾ ਹੈ ਕਿ ਭਗਤ
ਕਬੀਰ ਜੀ ਨੇ ਗੁਰੂਬਾਣੀ ਦਾ ਮੁੱਢ ਬੰਨ੍ਹਿਆ ਸੀ|
ਗੁਰਮਤਿ ਵਿਚਾਰਧਾਰਾ ਦੇ ਮੋਢੀ
ਭਗਤ ਕਬੀਰ ਜੀ ਸਨ, ਜਿਨ੍ਹਾਂ ਨੇ
ਸਥਾਪਤੀ ਦੇ ਵਿਰੋਧ ਵਿੱਚ ਸੁਤੰਤਰ ਮਨੁੱਖ ਦਾ ਮਾਡਲ ਪੇਸ਼ ਕੀਤਾ| ਉਨ੍ਹਾਂ ਨੇ ਧਰਮ ਦੇ
ਬਾਹਰੀ ਚਿੰਨ੍ਹਾਂ ਦੀ ਵਿਰੋਧਤਾ ਕਰਦਿਆਂ, ਅਮਲ ਤੇ ਜ਼ੋਰ ਦਿੱਤਾ| ਉਨ੍ਹਾਂ ਕਿਹਾ ਕਿ 'ਧਰਮ ਭੇਖ ਦਾ ਨਹੀਂ ਸਗੋਂ ਅਮਲ ਦਾ ਵਿਸ਼ਾ ਹੈ|'
1 ਉਸ ਸਮੇਂ ਭਾਰਤ ਵਿੱਚ ਪ੍ਰਚੱਲਿਤ ਧਰਮਾਂ ਦੀਆਂ ਰੀਤੀਆਂ
ਅਤੇ ਪਾਖੰਡਾਂ ਦਾ ਕਬੀਰ ਜੀ ਨੇ ਡਟਵਾਂ ਵਿਰੋਧ ਕੀਤਾ| ਸਿਰਫ਼ ਵਿਰੋਧ ਹੀ
ਨਹੀਂ ਕੀਤਾ, ਸਗੋਂ ਪੂਰਵਲੀ
ਪ੍ਰੰਪਰਾ ਨਾਲ ਸੰਵਾਦ ਰਚਾ ਕੇ ਸਮਾਨਾਂਤਰ ਸੱਭਿਆਚਾਰ (ਕਾਉਂਟਰ ਕਲਚਰ) ਦੀ ਸਿਰਜਣਾ ਵੀ ਕੀਤੀ| ਉਨ੍ਹਾਂ ਨੇ
ਜਾਤੀ-ਪਾਤੀ ਸੰਸਥਾ ਦਾ ਵਿਰੋਧ ਕਰਦੇ ਹੋਏ, ਬ੍ਰਾਹਮਣਵਾਦੀ ਵਿਵਸਥਾ ਨੂੰ ਮੂਲੋਂ ਹੀ ਰੱਦ ਕੀਤਾ| ਇਕ ਪ੍ਰਮਾਤਮਾ ਦੀ
ਭਗਤੀ ਤੇ ਜ਼ੋਰ ਦਿੱਤਾ| ਜ਼ਫ਼ਰ ਨੇ ਕਬੀਰ ਜੀ ਦੀ ਬਾਣੀ ਦਾ ਨਿਰਮਲ ਪੱਖ ਉਜਾਗਰ
ਕਰਦੇ ਹੋਏ ਦੱਸਿਆ ਹੈ ਕਿ 'ਉਹ ਧਾਰਮਿਕ
ਕਰਮਕਾਂਡਾਂ, ਧਾਰਮਿਕ ਭੇਖਾਂ ਅਤੇ
ਧਾਰਮਿਕ ਰਸਮਾਂ ਦੀ ਪੂਰੀ ਬੇਕਿਰਕੀ ਨਾਲ ਨਿਖੇਧੀ ਕਰਦੇ ਅਤੇ ਖਿੱਲੀ ਉਡਾਉਂਦੇ ਹਨ| ਉਹ ਤਰਕ ਦੀ ਛੁਰੀ
ਨੂੰ ਕਟਾਖਸ਼ ਦੀ ਸਾਣ ਤੇ ਲਾ ਕੇ ਗੱਲ ਕਰਦੇ ਹਨ|' 2 ਕਬੀਰ ਜੀ ਬਾਣੀ ਦੀ ਮਹੱਤਤਾ ਦੱਸਦੇ ਹੋਏ
ਬਾਣੇ ਦਾ ਵਿਰੋਧ ਕਰਦੇ ਹਨ| ਜਸਵੰਤ ਜ਼ਫ਼ਰ ਨੇ ਕਬੀਰ ਜੀ ਦੀ ਬਾਣੀ ਦਾ ਇਸ ਲੇਖ ਵਿੱਚ
ਵਿਸ਼ਲੇਸ਼ਣ ਕਰਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਗੁਰਮਤਿ ਵਿਚਾਰਧਾਰਾ ਦੇ ਆਦਿ ਭਗਤ ਕਬੀਰ ਜੀ
ਹਨ| ਪ੍ਰੰਤੂ ਭਗਤ-ਬਾਣੀ ਨੂੰ ਗੁਰੂਆਂ ਨਾਲੋਂ ਆਮ ਸਿੱਖ ਆਪਣੀ
ਹਊਂਮੈਂ ਕਾਰਨ ਓਨਾਂ ਮਹੱਤਵ ਨਹੀਂ ਦਿੰਦੇ|
ਸਿੱਖਾਂ ਦੀ ਅਜਿਹੀ ਫੋਕੀ
ਹਊਂਮੈ ਤੇ ਕਟਾਖਸ਼ ਕਰਦਾ ਹੋਇਆ ਜ਼ਫ਼ਰ ਲਿਖਦਾ ਹੈ, ''ਅਸੀਂ ਅਕਸਰ ਗੁਰੂ ਅਰਜਨ ਦੇਵ ਜੀ ਦੀ ਸੰਪਾਦਕੀ ਖੁੱਲ੍ਹਦਿਲੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ
ਦੀ ਵਿਸ਼ਾਲਤਾ ਦੀ ਵਡਿਆਈ ਇਸ ਤਰ੍ਹਾਂ ਕਰਦੇ ਹਾਂ ਕਿ ਉਸਦਾ ਅਚੇਤ ਤੇ ਅਸਿੱਧਾ ਭਾਵ ਇਸ ਤਰ੍ਹਾਂ ਲੱਗਦਾ
ਹੈ ਜਿਵੇਂ ਕਬੀਰ ਸਾਹਿਬ ਸਮੇਤ ਸਮੂਹ ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਗੈਸਟ ਆਈਟਮ ਵਾਂਗ
ਸ਼ਾਮਿਲ ਹੋਣ| ਜਾਂ ਪੰਚਮ ਪਾਤਸ਼ਾਹ
ਨੇ ਇਨ੍ਹਾਂ ਭਗਤਾਂ ਦੇ ਬੋਲਾਂ ਨੂੰ ਗੁਰੂ ਸ਼ਬਦ ਦੇ ਤੌਰ ਤੇ ਸ਼ਾਮਿਲ ਕਰਕੇ ਕੋਈ ਅਹਿਸਾਨ ਕੀਤਾ ਹੋਵੇ| ਜੇ ਅਸੀਂ ਅਜਿਹਾ ਨਾ
ਸੋਚਦੇ ਹੁੰਦੇ ਤਾਂ ਅਸੀਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਕੇਵਲ ਦਸਾਂ ਪਾਤਸ਼ਾਹੀਆਂ ਦੀ ਜੋਤ ਨਾ
ਕਹਿੰਦੇ ਹੁੰਦੇ| ਗੁਰੂਦੁਆਰਿਆਂ ਵਿਚ ਕਬੀਰ ਸਾਹਿਬ ਅਤੇ ਦੂਸਰੇ ਭਗਤਾਂ ਦੇ
ਪੁਰਬ ਵੀ ਮਨਾਉਂਦੇ ਹੁੰਦੇ|''3 ਗੁਰੂ ਗਰੰਥ ਸਾਹਿਬ
ਵਿੱਚ ਦਰਜ ਸਾਰੀ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ, ਭਾਵੇਂ ਉਹ ਭਗਤਾਂ ਦੀ ਬਾਣੀ ਹੋਵੇ ਜਾਂ ਗੁਰੂ ਸਾਹਿਬਾਨ
ਦੀ।
ਜ਼ਫ਼ਰ ਨੇ ਆਪਣੇ ਦੂਸਰੇ ਲੇਖ 'ਗੁਰੂ ਨਾਨਕ ਬੁੱਢੇ ਨਹੀਂ ਸਨ' ਵਿੱਚ ਗੁਰੂ ਨਾਨਕ ਦੇ ਬੁਢੇਪੇ ਵਾਲੇ ਬਿੰਬ ਨੂੰ ਤੋੜਨ
ਦਾ ਯਤਨ ਕੀਤਾ ਹੈ| ਇਸ ਲੇਖ ਵਿੱਚ ਉਸਨੇ ਗੁਰੂ ਨਾਨਕ ਦੇਵ ਦੀਆਂ ਵੱਖ-ਵੱਖ
ਉਦਾਸੀਆਂ ਦੇ ਸਮੇਂ ਉਹਨਾਂ ਦੀ ਉਮਰ ਅਤੇ ਉਦਾਸੀਆਂ ਦਾ ਸਮਾਂ ਨਿਸ਼ਚਿਤ ਕਰਨ ਦਾ ਯਤਨ ਕੀਤਾ ਹੈ| ਪੰਜਾਬੀ ਮਾਨਸਿਕਤਾ
ਵਿੱਚ ਗੁਰੂ ਨਾਨਕ ਦਾ ਜੋ ਬੁਢਾਪੇ ਵਾਲਾ ਬਿੰਬ ਬਣਿਆ ਹੋਇਆ ਹੈ, ਉਸਨੂੰ ਤੋੜਨਾ ਲਾਜ਼ਮੀ ਹੈ ਤਾਂ ਹੀ ਅਸੀਂ ਗੁਰੂ ਨਾਨਕ ਦੇ
ਸਿੱਖੀ ਸਿਧਾਂਤਾਂ ਅਤੇ ਗੁਰਮਤਿ ਵਿਚਾਰਧਾਰਾ ਨੂੰ ਸਮਝ ਪਾਵਾਂਗੇ| ਇਸ ਤਰ੍ਹਾਂ ਗੁਰੂ
ਨਾਨਕ ਨੂੰ ਜਵਾਨੀ ਸਮੇਂ ਵੀ ਇਕ ਬੁੱਢੇ ਬਾਬੇ ਦੇ ਰੂਪ 'ਚ ਚਿੱਤਰ ਕੇ ਅਸੀਂ 'ਅੰਧੀ ਰਯਤਿ ਗਿਆਨ ਵਿਹੂਣੀ' ਹੋਣ ਦਾ ਸਬੂਤ ਦੇ ਰਹੇ ਹਾਂ| ਇਸ ਲੇਖ ਵਿੱਚ ਜ਼ਫ਼ਰ
ਨੂੰ ਇਹ ਗੱਲ ਤੰਗ ਕਰਦੀ ਨਜ਼ਰ ਆਉਂਦੀ ਹੈ ਕਿ ਗੁਰੂ ਦੀ ਸਿੱਖਿਆ ਹੈ ਕਿ 'ਗੁਰਮੁਖਿ ਬੁੱਢੇ ਕਦੇ ਨਾਹੀਂ' ਪਰ ਜੋ ਕੁਝ ਪ੍ਰਾਪਤ ਹੈ, ਉਸ ਮੁਤਾਬਿਕ ਗੁਰੂ ਨਾਨਕ ਦੇਵ ਜੀ ਉੱਥੇ ਵੀ ਬੁੱਢੇ
ਦਿਖਾਏ ਗਏ ਹਨ, ਜਿਥੇ ਉਨ੍ਹਾਂ ਨੂੰ
ਨੌਜਵਾਨ ਵਿਖਾਇਆ ਜਾਣਾ ਚਾਹੀਦਾ ਹੈ| ਜ਼ਫ਼ਰ ਨੇ ਇਹ ਗੱਲ ਬਾਣੀ ਵਿੱਚੋਂ ਹਵਾਲੇ ਦੇ ਕੇ ਸਾਹਮਣੇ
ਲਿਆਂਦੀ ਹੈ| ਗੁਰੂ ਨਾਨਕ ਦੇਵ ਜੀ ਨੂੰ ਨੌਜਵਾਨਾਂ ਦਾ ਮਾਰਗ ਦਰਸ਼ਕ
ਬਣਾਉਣ ਲਈ ਸਾਨੂੰ ਉਹਨਾਂ ਦੇ ਬਿਰਧ ਰੂਪੀ ਮਾਡਲ ਨੂੰ ਨਕਾਰਨਾ ਪਏਗਾ| ਉਨ੍ਹਾਂ ਦੁਆਰਾ
ਦੱਸੀ ਜੀਵਨ-ਸ਼ੈਲੀ ਨੂੰ ਨੌਜਵਾਨਾਂ 'ਚ ਪ੍ਰਚਾਰਨ ਦੀ ਲੋੜ
'ਤੇ ਜ਼ੋਰ ਦਿੰਦਾ ਜ਼ਫ਼ਰ ਕਹਿਦਾ
ਹੈ, ''ਹੁਣ ਜਦ ਅਸੀਂ ਬੁਢਾਪੇ ਨੂੰ
ਸੂਝ, ਸਿਆਣਪ, ਗਿਆਨ ਅਤੇ ਵਡੱਪਣ ਦੀ ਬਜਾਏ ਬੇਵਸੀ, ਕਮਜ਼ੋਰੀ ਅਤੇ ਅਪ੍ਰਸੰਗਤਾ ਨਾਲ ਸੰਬੰਧਤ ਕਰ ਲਿਆ ਹੈ ਤਾਂ
ਲੋੜ ਹੈ ਕਿ ਨੁੱਕਰੇ ਲੱਗੇ ਬਿਰਧ ਨਾਨਕ ਦੀ ਬਜਾਏ ਗੱਭਰੂ ਨਾਨਕ ਨੂੰ ਕੇਂਦਰ ਵਿੱਚ ਲਿਆਈਏ...ਜੇ
ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅੱਜ ਵੀ ਪ੍ਰਸੰਗਿਕ ਮੰਨਦੇ ਹਾਂ ਅਤੇ ਉਨ੍ਹਾਂ ਦੁਆਰਾ
ਪ੍ਰਚਾਰੀ ਗਈ ਜੀਵਨ ਸ਼ੈਲੀ ਨੂੰ ਜਿਉਣ ਜੋਗੀ ਮੰਨਦੇ ਹਾਂ ਤਾਂ ਸਥਾਪਤ ਹੋ ਚੁੱਕੇ ਬਿਰਧ ਨਾਨਕ ਦੇ
ਜਾਅਲੀ ਤਸੱਵਰ ਨੂੰ ਬੇਕਿਰਕੀ ਨਾਲ ਤੋੜਨਾ ਪਏਗਾ|''4
ਤੀਜੇ ਲੇਖ 'ਪ੍ਰਕਿਰਤੀ ਬੋਧ: ਗੁਰਬਾਣੀ ਬਨਾਮ ਵਿਗਿਆਨ' ਵਿੱਚ ਜ਼ਫ਼ਰ ਨੇ ਗੁਰਬਾਣੀ ਨੂੰ ਵਿਗਿਆਨ ਕਹਿਣ ਦੇ
ਹਾਸੋਹੀਣੇ ਰਿਵਾਜ ਤੇ ਕਟਾਖਸ਼ ਕੀਤਾ ਹੈ| ਇਸ ਲੇਖ ਵਿੱਚ ਉਸਨੇ ਗੁਰਬਾਣੀ ਦੇ ਹਵਾਲੇ ਦੇ ਕੇ ਗੁਰਬਾਣੀ
ਦੇ ਕੁਦਰਤ ਬੋਧ ਨੂੰ ਆਧੁਨਿਕਤਾ ਕਾਰਨ ਪੈਦਾ ਹੋਏ ਖਤਰਿਆਂ ਅਤੇ ਮਸਲਿਆਂ ਨੂੰ ਨਜਿੱਠਣ ਲਈ ਪਥ
ਪ੍ਰਦਰਸ਼ਕ ਦੇ ਰੂਪ 'ਚ ਪੇਸ਼ ਕੀਤਾ ਹੈ| ਇਸ ਪੁਸਤਕ 'ਚ ਲਏ ਗਏ ਸਰੋਕਾਰਾਂ ਦਾ ਬਖਾਨ ਜ਼ਫ਼ਰ ਵਧੇਰੇ ਕਰਕੇ
ਗੁਰਬਾਣੀ ਦੇ ਹਵਾਲੇ ਨਾਲ ਕਰਦਾ ਹੈ| ਇਹ ਕਹਿਣਾ ਮੁਸ਼ਕਿਲ ਲੱਗਦਾ ਹੈ ਕਿ ਉਹ ਮਸਲਿਆਂ ਨੁੰ
ਗੁਰਬਾਣੀ ਰਾਹੀਂ ਦੇਖਦਾ ਹੈ ਕਿ ਗੁਰਬਾਣੀ ਨੂੰ ਮਸਲਿਆਂ ਦੇ ਹੱਲ ਵਾਸਤੇ ਮਾਧਿਅਮ ਬਣਾਉਂਦਾ ਹੈ| ਇਸ ਲੇਖ ਵਿੱਚ ਉਹ
ਕਾਰਟੇਜੀਅਨ ਨਿਖੇੜ ਵਿਧੀ ਦਾ ਵਰਨਣ ਕਰਦਾ ਲਿਖਦਾ ਹੈ, ''ਕਾਰਟੇਜ਼ੀਅਨ ਨਿਖੇੜ ਕਾਰਨ ਵਿਗਿਆਨੀਆਂ ਨੂੰ ਸਭ ਚੀਜ਼ਾਂ
ਬੇਜਾਨ ਅਤੇ ਵਿਯੋਗਿਤ ਨਜ਼ਰ ਆਉਣ ਲੱਗੀਆਂ| ਪੱਛਮੀ ਸੰਸਾਰ ਨੇ
ਸ਼੍ਰਿਸਟੀ ਦੀ ਹਰ ਰਚਨਾ ਨੂੰ ਇਕ ਬੇਜਾਨ ਵਸਤੂ ਜਾਂ ਗਣਿਤ ਦੇ ਇਕ ਸੁਤੰਤਰ ਅੰਕ ਵਾਂਗ ਤਸੱਵਰ ਕਰਨਾ
ਸ਼ੁਰੂ ਕੀਤਾ ਅਤੇ ਪੂਰੀ ਸ਼੍ਰਿਸਟੀ ਨੂੰ ਇਹਨਾਂ ਵਸਤਾਂ ਅਤੇ ਅੰਕਾਂ ਦਾ ਜੋੜ|'' 5 ਇਸਦੀ ਵਿਗਿਆਨਕ ਫਾਰਮੂਲੇਸ਼ਨ ਦਾ ਜ਼ਿਕਰ ਜ਼ਫ਼ਰ ਨੇ ਊਰਜਾ,
ਪਦਾਰਥ ਅਤੇ ਰੌਸ਼ਨੀ ਦੀ ਰਫ਼ਤਾਰ
ਦੇ ਹਵਾਲੇ ਨੂੰ ਧਿਆਨ ਵਿੱਚ ਰੱਖਦਿਆਂ ਦੱਸਿਆ ਹੈ ਕਿ ''ਸਾਰੇ ਬਾਣੀਕਾਰਾਂ ਨੇ ਕੁਦਰਤ ਨੂੰ ਨਾ ਕੇਵਲ ਕਰਤੇ ਦੀ ਖੇਡ
ਮੰਨਿਆ, ਸਗੋਂ ਇਸਨੂੰ ਕਰਤੇ ਦਾ ਆਪਾ
ਵੀ ਕਿਹਾ ਹੈ|'' 6 ਇਸ ਲੇਖ ਵਿੱਚ
ਉਸਨੇ ਬਨਸਪਤੀ ਦੇ ਸਾਰੇ ਜੀਵਾਂ ਦੇ ਜੀਵਨ ਦਾ ਆਧਾਰ ਹੋਣ ਦੀ ਪੁਸ਼ਟੀ ਗੁਰਬਾਣੀ ਦੀਆਂ ਤੁਕਾਂ ਦੇ
ਹਵਾਲੇ ਦੇ ਕੇ ਕੀਤੀ ਹੈ|
'ਪਾਣੀ ਪਿਤਾ ਜਗਤ ਕਾ' ਅਤੇ 'ਸਫਲਿਓ ਬਿਰਖੁ ਹਰਿਆਵਲਾ' ਦੋ ਲੇਖ ਪ੍ਰਕਿਰਤੀ ਨਾਲ ਸੰਬੰਧਿਤ ਹਨ| ਇਹਨਾਂ ਵਿੱਚ ਉਸਨੇ
ਜੀਵਨ ਦੇ ਆਧਾਰ ਪ੍ਰਕਿਰਤੀ ਦੀ ਸੰਭਾਲ ਤੇ ਕੁਦਰਤੀ ਸੋਮਿਆਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ
ਮਨੁੱਖਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ| 'ਪਾਣੀ ਪਿਤਾ ਜਗਤ ਕਾ'
ਲੇਖ ਵਿੱਚ ਪਾਣੀ ਦੀ ਮਹੱਤਤਾ
ਬਾਰੇ ਦੱਸਿਆ ਹੈ| ਜ਼ਫ਼ਰ ਨੂੰ ਇਕ ਪਾਸੇ 'ਸਾਚੈ ਤੇ ਪਵਨਾ ਭਇਆ, ਪਵਨੈ ਤੇ ਜਲ ਹੋਇ' ਦੀ ਵਿਗਿਆਨਕ ਸੋਝੀ ਹੈ ਅਤੇ ਦੂਜੇ ਪਾਸੇ ਪਾਣੀ ਦੇ ਇਸ
ਮਹੱਤਵ ਦਾ ਵੀ ਅਹਿਸਾਸ ਹੈ ਕਿ ''ਪਾਣੀ ਸੌਂਦਰਯ ਵੀ
ਹੈ ਅਤੇ ਸ਼ਕਤੀ ਵੀ| ਇਹ ਰੁੱਤਾਂ ਅਤੇ
ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ ਅਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ|''7 ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਦਿੰਦਿਆਂ ਜ਼ਫ਼ਰ
ਦੱਸਦਾ ਹੈ ਕਿ ਗੁਰੂਆਂ ਨੇ ਪਾਣੀ ਨੂੰ ਕਿੰਨੀ ਮਹੱਤਤਾ ਦਿੱਤੀ ਹੈ ਕਿਉਂਕਿ ਪਾਣੀ ਸਭ ਮਨੁੱਖਾਂ,
ਜੀਵਾਂ ਤੇ ਬਨਸਪਤੀ ਦਾ
ਜਨਮਦਾਤਾ ਹੈ| ਗੁਰਬਾਣੀ ਹਵਾ, ਪਾਣੀ ਅਤੇ ਭੋਜਨ ਨੂੰ ਜੀਵਨ ਦੀਆਂ ਮੁੱਢਲੀਆਂ ਲੋੜਾਂ
ਮੰਨਦੀ ਹੈ, ਬਾਕੀ ਸਾਰੀਆਂ
ਲੋੜਾਂ ਦੂਜੈਲੀਆਂ ਹਨ| ਗੁਰਬਾਣੀ 'ਚ ਜਲ ਨੂੰ ਨਾਮ ਨਾਲ ਤੁਲਨਾ ਦਿੱਤੀ ਗਈ ਹੈ ਅਤੇ ਪੀਣ ਨੂੰ ਜਪਣ ਨਾਲ| ਬਹੁਤ ਸਾਰੀਆਂ
ਸੱਭਿਆਤਾਵਾਂ ਦਾ ਜਨਮ ਅਤੇ ਵਿਕਾਸ ਵੀ ਪਾਣੀ
ਵਾਲੀਆਂ ਥਾਵਾਂ ਦੇ ਕਿਨਾਰਿਆਂ ਤੇ ਹੀ ਹੋਇਆ ਹੈ, ਕਿਉਂਕਿ ਪਾਣੀ ਜੀਵਨ ਦਾ ਮੂਲ ਆਧਾਰ ਹੈ| ਇਸੇ ਲੇਖ ਵਿੱਚ
ਅਜੋਕੀ ਰਾਜਨੀਤੀ ਤੇ ਵਿਅੰਗ ਕਰਦਾ ਹੋਇਆ ਜ਼ਫ਼ਰ ਲਿਖਦਾ ਹੈ ਕਿ ਸਾਨੂੰ ਦਰਿਆਈ ਪਾਣੀਆਂ ਲਈ ਨਹੀਂ
ਸਗੋਂ ਪਾਣੀਆਂ ਨੂੰ ਸਾਂਭਣ ਤੇ ਇਹਨਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਮੋਰਚੇ ਲਾਉਣ ਦੀ ਲੋੜ ਹੈ|
ਜ਼ਫ਼ਰ ਦਾ ਪਾਣੀ ਦੀ ਮਹੱਤਤਾ
ਨੂੰ ਦਰਸਾਉਣਾ ਵਾਤਾਵਰਣ ਅਤੇ ਕੁਦਰਤ ਪ੍ਰਤੀ ਮਨੁੱਖੀ ਪਿਆਰ ਅਤੇ ਦਿਆਲਤਾ ਦਾ ਪ੍ਰਤੀਕ ਹੈ| ਉਹ ਪ੍ਰਕਿਰਤੀ ਦੇ
ਕੁਦਰਤੀ ਸੋਮਿਆਂ ਦੀ ਸੰਭਾਲ ਤੇ ਇਹਨਾਂ ਦੀ ਸਵੱਛਤਾ ਨੁੰ ਕਾਇਮ ਰੱਖਣ ਲਈ ਮਨੁੱਖੀ ਮਨਾਂ ਅੰਦਰ ਇਹ
ਖਿਆਲ ਭਰਨਾ ਚਾਹੁੰਦਾ ਹੈ ਕਿ ਇਹ ਕੁਦਰਤੀ ਦਾਤਾਂ ਮਨੁੱਖ ਲਈ ਬੇਸ਼ਕੀਮਤੀ ਨਿਆਮਤਾਂ ਹਨ, ਜਿੰਨ੍ਹਾਂ ਦੀ ਸੰਭਾਲ ਕਰਨਾ ਮਨੁੱਖ ਦਾ ਮੁੱਢਲਾ ਫਰਜ਼ ਹੈ| ਜ਼ਫ਼ਰ ਦੇ ਆਪਣੇ
ਸ਼ਬਦਾਂ ਵਿੱਚ ''ਜਿਸ ਪਾਣੀ ਨੂੰ
ਗੁਰੂ ਨੇ ਅੰਮ੍ਰਿਤ ਰੂਪ ਕੀਤਾ... ਜਿਸ ਪਾਣੀ ਨੂੰ ਗੁਰੂ ਨੇ ਪਿਤਾ ਕਹਿ ਕੇ ਇੰਨਾਂ ਸਨਮਾਨ ਦਿੱਤਾ
ਅਸੀ ਆਪ ਵੀ ਉਸ ਦੇ ਸਿਰ ਸਵਾਹ ਪਾ ਰਹੇ ਹਾਂ ਅਤੇ ਦੂਸਰਿਆਂ ਨੂੰ ਪਾਉਂਦੇ ਦੇਖ ਕੇ ਬੜੇ ਆਰਾਮ ਨਾਲ
ਸਹਿਣ ਕਰ ਰਹੇ ਹਾਂ|''8
ਕੁਦਰਤ ਦੀਆਂ ਅਨਮੋਲ ਦਾਤਾਂ ਪ੍ਰਤੀ ਮਨੁੱਖੀ ਵਤੀਰੇ ਤੇ
ਕਟਾਖਸ਼ ਕਰਦਾ ਹੋਇਆ ਜ਼ਫ਼ਰ ਲਿਖਦਾ ਹੈ, ''ਅਸੀਂ ਆਪਣੇ ਆਪ ਨੂੰ
ਸਮੁੱਚੀ ਕੁਦਰਤ ਦਾ ਅੰਗ ਨਹੀਂ ਸਮਝਦੇ| ਅਸੀਂ ਗੈਰ-ਜਿੰਮੇਵਾਰ ਅਤੇ ਜ਼ਾਲਮ ਹੁਕਮਰਾਨਾਂ ਵਾਂਗ
ਵਿਚਰਨ ਲੱਗੇ ਹਾਂ| ਕੁਦਰਤ ਵਲੋਂ ਮੁਫ਼ਤ ਵਿਚ ਮਿਲੀਆਂ ਅਨਮੋਲ ਦਾਤਾਂ ਪ੍ਰਤੀ
ਸਾਡੇ ਮਨਾਂ 'ਚ ਕੋਈ ਕਦਰ ਅਤੇ
ਸ਼ੁਕਰਾਨੇ ਦਾ ਭਾਵ ਨਹੀਂ|''9 ਅਸੀਂ ਕੇਵਲ ਉਨ੍ਹਾਂ ਵਸਤੂਆਂ ਨੂੰ ਹੀ ਕੀਮਤੀ ਸਮਝਦੇ
ਹਾਂ, ਸਾਂਭ ਕੇ ਰੱਖਦੇ ਹਾਂ ਜੋ
ਬਾਜ਼ਾਰ 'ਚੋਂ ਵਧੇਰੇ ਕੀਮਤ ਤੇ
ਮਿਲਦੀਆਂ ਹਨ - ਕੁਦਰਤ ਦੀਆਂ ਮੁਫਤ ਦੀਆਂ ਦਾਤਾਂ ਭਾਵੇਂ ਉਹ ਬੇਸ਼ਕੀਮਤੀ ਹੀ ਕਿਉਂ ਨਾ ਹੋਣ,
ਪ੍ਰਤੀ ਅਸੀਂ ਅਵੇਸਲੇ ਹੁੰਦੇ
ਹਾਂ, ਬੇਪ੍ਰਵਾਹ ਹੁੰਦੇ ਹਾਂ| ਪਾਣੀ ਕੁਦਰਤ ਦੀ
ਦਾਤ ਹੈ, ਬਖਸ਼ਿਸ਼ ਹੈ,
ਇਸਤੋਂ ਮੂੰਹ ਮੋੜਨਾ ਠੀਕ
ਨਹੀਂ, ਗੁਰੂ ਦਾ ਨਿਰਾਦਰ ਹੈ| ਇਸਦੇ ਨਾਲ
ਮਿਲਦਾ-ਜੁਲਦਾ ਲੇਖ 'ਸਫਲਿਓ ਬਿਰਖੁ
ਹਰੀਆਵਲਾ' ਹੈ| ਇਸ ਲੇਖ ਵਿੱਚ ਜ਼ਫ਼ਰ
ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਬਨਸਪਤੀ ਅਤੇ ਹਰਿਆਵਲ ਕਾਰਨ ਹੀ ਇਹ ਧਰਤੀ ਸੁਹਾਵਣੀ ਹੈ| ਸਭ ਜੀਵ-ਜੰਤੂ ਅਤੇ
ਪ੍ਰਾਣੀ ਸਿਰਫ ਰੁੱਖਾਂ ਜਾਂ ਬਨਸਪਤੀ ਕਾਰਨ ਹੀ ਜਿੰਦਾ ਹਨ| ਇਸ ਲੇਖ ਵਿੱਚ ਉਸਨੇ
ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਗੁਰਬਾਣੀ ਦੀਆਂ ਤੁਕਾਂ ਦੇ ਹਵਾਲੇ ਦਿੱਤੇ ਹਨ| ਉਸ ਨੇ ਰੁੱਖਾਂ ਦੇ
ਪਰਉਪਕਾਰੀ ਅਤੇ ਦਿਆਲੂ ਸੁਭਾਅ ਦਾ ਵਰਨਣ ਕੀਤਾ ਹੈ| ਇਹ ਰੱਬ ਰੂਪ ਹਨ| ਜ਼ਫ਼ਰ ਨੇ ਰੁੱਖਾਂ ਦੀ
ਮਹੱਤਤਾ ਦਰਸਾ ਕੇ ਲੋਕਾਂ ਦੀ ਹਰਿਆਵਲ ਪ੍ਰਤੀ ਸੰਵੇਦਨਸ਼ੀਲਤਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ|
'ਅਸਲ ਭਗਤ ਸਿੰਘ ਨੂੰ ਤਲਾਸ਼ਦਿਆਂ' ਲੇਖ ਵਿੱਚ ਜਸਵੰਤ
ਜ਼ਫ਼ਰ ਨੇ ਭਗਤ ਸਿੰਘ ਦੇ ਕ੍ਰਾਂਤੀਕਾਰੀ ਤੇ ਇਨਕਲਾਬੀ ਪੱਖ ਦੇ ਨਾਲ-ਨਾਲ ਉਸਦੇ ਜੀਵਨ ਦੇ ਕਈ ਹੋਰ
ਪੱਖਾਂ ਨੂੰ ਵੀ ਛੂਹਿਆ ਹੈ| ਭਗਤ ਸਿੰਘ ਪੰਜਾਬੀ ਜਨ-ਜੀਵਨ ਦਾ ਨਾਇਕ ਹੈ, ਪਰ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਭਗਤ ਸਿੰਘ ਵਰਗਾ
ਬਣਿਆ ਜਾਏ ਜਾਂ ਆਪਣੇ ਕਿਸੇ ਧੀ-ਪੁੱਤ ਨੂੰ ਉਸ ਵਰਗਾ ਬਣਾਇਆ ਜਾਏ, ਕਿਉਂਕਿ ਇਸਦਾ ਅਰਥ ਕੇਵਲ ਜਵਾਨੀ 'ਚ ਬਗਾਵਤ ਕਰਕੇ ਸ਼ਹੀਦ ਹੋਣਾ ਹੀ ਸਮਝਿਆ ਜਾਂਦਾ ਹੈ| ਜ਼ਫ਼ਰ ਨੇ ਇਸ ਲੇਖ
ਵਿੱਚ ਅਖੌਤੀ ਗਾਇਕਾਂ ਤੇ ਚਿਤਰਕਾਰਾਂ ਦੁਆਰੇ ਪ੍ਰਚਾਰੇ ਜਾਂਦੇ ਲੁਟੇਰੇ ਤੇ ਹੱਤਿਆਰੇ ਭਗਤ ਸਿੰਘ
ਦੇ ਬਿੰਬ ਨੂੰ ਤੋੜਦਿਆਂ ਉਸਦੀ ਸਾਹਿਤ ਪ੍ਰਤੀ, ਆਪਣੀ ਭਾਸ਼ਾ ਪ੍ਰਤੀ ਲਗਨ ਦੇ ਪੱਖ ਨੂੰ ਪੇਸ਼ ਕੀਤਾ ਹੈ| ਅਖੌਤੀ ਚਿੱਤਰਕਾਰਾਂ
ਨੇ ਭਗਤ ਸਿੰਘ ਦੇ ਹੱਥ 'ਚ ਪਿਸਤੌਲ ਫੜਾ ਕੇ,
ਮੁੱਛਾਂ ਖੜ੍ਹੀਆਂ ਕਰਕੇ
ਉਸਨੂੰ ਲੁਟੇਰੇ ਤੇ ਖ਼ੂਨੀ ਦੇ ਰੂਪ 'ਚ ਹੀ ਪੇਸ਼ ਕੀਤਾ ਹੈ| ਜ਼ਫ਼ਰ ਨੇ ਉਸਦੇ ਇਸ
ਸਥਾਪਿਤ ਬਿੰਬ ਨੂੰ ਤੋੜਨ ਦੀ ਕੋਸ਼ਿਸ਼ ਕਰਦਿਆਂ ਭਗਤ ਸਿੰਘ ਦੇ ਹਵਾਲਿਆਂ ਨਾਲ ਆਪਣੀ ਗੱਲ ਕਹੀ ਹੈ| ਅਸਲ ਵਿੱਚ ਭਗਤ
ਸਿੰਘ ਦੇ ਹੋਰ ਰੂਪ ਜਿਨ੍ਹਾਂ 'ਚ ਉਸਦਾ ਸਾਹਿਤ
ਪੜ੍ਹਨ ਦਾ ਸ਼ੌਕ, ਆਪਣੀ ਭਾਸ਼ਾ ਪ੍ਰਤੀ
ਮੋਹ, ਪੁਰਾਣੇ ਚਿੰਤਕ ਅਤੇ
ਵਿਦਵਾਨਾਂ ਦੀ ਕਦਰ ਕਰਨਾ ਆਦਿ ਪੱਖ ਅਣਗੌਲੇ ਹੀ ਰਹੇ ਹਨ| ਜਿਨ੍ਹਾਂ ਦਾ ਵੇਰਵਾ ਜ਼ਫ਼ਰ ਦੇ ਇਸ ਲੇਖ ਤੋਂ ਭਲੀਭਾਂਤ
ਮਿਲਦਾ ਹੈ| ਭਗਤ ਸਿੰਘ ਨੂੰ ਪੰਜਾਬੀਆਂ ਦੇ ਵਧੇਰੇ ਖੁਦਗਰਜ਼,
ਅਕ੍ਰਿਤਘਣ ਅਤੇ ਰਾਜਸੀ ਚੇਤਨਾ
ਪੱਖੋਂ ਅਵੇਸਲੇ ਹੋਣ ਦਾ ਦੁੱਖ ਵੀ ਸੀ| ਉਹ ਅਸਲ ਵਿੱਚ
ਇਨਕਲਾਬੀ ਚੇਤਨਾ ਅਨਿਆਂ 'ਤੇ ਆਧਾਰਤ ਵਿਵਸਥਾ ਨੂੰ ਬਦਲਣ ਲਈ ਲਿਆਉਣੀ ਚਾਹੁੰਦਾ ਸੀ| ਭਗਤ ਸਿੰਘ ਜਾਤੀ
ਸਮਾਜਿਕ ਪ੍ਰਬੰਧ ਨੂੰ ਵੀ ਬਦਲਣਾ ਚਾਹੁੰਦਾ ਸੀ| ਜ਼ਫ਼ਰ ਨੇ ਇਸ ਲੇਖ
ਵਿੱਚ ਅਸਲ ਭਗਤ ਸਿੰਘ ਦੀ ਤਸਵੀਰ ਪੇਸ਼ ਕਰਨ ਦਾ ਯਤਨ ਕੀਤਾ ਹੈ, ਆਪਣੀ ਗੱਲ ਦੀ ਪ੍ਰੋੜਤਾ ਲਈ ਭਗਤ ਸਿੰਘ ਦੀਆਂ ਲਿਖਤਾਂ
ਦਾ ਹਵਾਲਾ ਦਿੱਤਾ ਹੈ| ਉਸਨੂੰ ਗਿਲਾ ਹੈ ਕਿ ''ਅਸੀਂ ਭਗਤ ਸਿੰਘ ਦੇ ਵਿਸ਼ਲੇਸ਼ਣੀ ਅਧਿਅਨ, ਸਿਧਾਂਤਕ ਸਮਝ, ਸੰਵੇਦਨਸ਼ੀਲ ਮਨ,
ਸਮਾਜਿਕ ਕਾਰਜਸ਼ੀਲਤਾ,
ਇਖਲਾਕੀ ਉੱਚਤਾ ਆਦਿ ਸਭ-ਕਾਸੇ
ਨੂੰ ਪਾਸੇ ਰੱਖ ਕੇ ਸਿਰਫ਼ ਦੋ ਖੜ੍ਹੀਆਂ ਮੁੱਛਾਂ ਨੂੰ ਹੀ ਭਗਤ ਸਿੰਘ ਜਾਣ ਲਿਆ ਹੈ|"
10 ਮੁੱਛ ਖੜ੍ਹੀ ਕਰਨਾ ਉਸਦੇ
ਸੁਭਾਅ ਅਤੇ ਆਚਾਰ ਦਾ ਹਿੱਸਾ ਨਹੀਂ ਹੋ ਸਕਦਾ|
ਇਹ ਤਾਂ ਸਿਰਫ਼ ਪੋਰਟਰੇਟ
ਬਣਾਉਣ ਵਾਲੇ ਦੀ ਮਾਨਸਿਕਤਾ ਤੇ ਹੀ ਨਿਰਭਰ ਕਰਦਾ ਹੈ| ਜਸਵੰਤ ਜ਼ਫ਼ਰ ਅਸਲ
ਭਗਤ ਸਿੰਘ ਨੂੰ ਤਲਾਸ਼ਣ ਲਈ ਜ਼ਰੂਰੀ ਮੰਨਦਾ ਹੈ ਕਿ ''ਸ਼ਹੀਦ ਭਗਤ ਸਿੰਘ ਨੂੰ ਖੜ੍ਹੀਆਂ ਮੁੱਛਾਂ ਵਾਲੇ ਨਕਲੀ
ਬਿੰਬ ਤੋਂ ਮੁਕਤ ਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਕਲੀ ਬਿੰਬ ਭਗਤ ਸਿੰਘ ਦੇ ਅਸਲ ਨੂੰ ਜਾਣਨ
ਅਤੇ ਸਮਝਣ ਵਿੱਚ ਵੱਡਾ ਅੜਿੱਕਾ ਪਾਉਂਦਾ ਹੈ|''11 ਜ਼ਫ਼ਰ ਦਾ ਇਹ ਕਥਨ ਇਹ ਸਬਕ ਦਿੰਦਾ ਹੈ ਕਿ ਭਗਤ ਸਿੰਘ ਦੀ ਭਾਵਨਾ ਅਤੇ ਅਸਲ ਚਿਹਰੇ ਨੂੰ ਸਮਝਣ
ਦੀ ਲੋੜ ਹੈ ਅਤੇ ਫਿਰ ਉਸ ਵਰਗਾ ਬਣਨ ਦੀ ਲੋੜ ਹੈ|
'ਨੂਰਪੁਰੀ ਨੂੰ ਚੇਤੇ ਕਰਦਿਆਂ' ਲੇਖ ਵਿੱਚ ਜ਼ਫ਼ਰ ਨੇ
ਪੰਜਾਬੀਅਤ ਦੇ ਇਸ ਸਿਰਮੌਰ ਸ਼ਾਇਰ ਨੂੰ ਯਾਦ ਕਰਦਿਆਂ ਹੋਇਆ ਲਿਖਿਆ ਹੈ, ''ਨੰਦ ਲਾਲ ਨੂਰਪੁਰੀ ਦੀ ਸ਼ਾਇਰੀ ਨੂੰ ਮਾਨਣਾ ਪੰਜਾਬੀ
ਹੁਸਨ ਅਤੇ ਜੋਸ਼ ਦੇ ਵਗਦੇ ਦਰਿਆ ਕਿਨਾਰੇ ਬੈਠਣ ਵਾਂਗ ਹੈ|"12 ਇਸ
ਲੇਖ ਵਿੱਚ ਜ਼ਫ਼ਰ ਨੇ ਨੂਰਪੂਰੀ ਦੀ ਸਾਫ-ਸੁਥਰੀ ਅਤੇ ਅਰਥ ਭਰਪੂਰ ਗਾਇਕੀ ਅਤੇ ਗੀਤਾਂ ਦੀ ਸ਼ਲਾਘਾ
ਕਰਦੇ ਹੋਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਨੇ ਕਦੇ ਵੀ ਅਸ਼ਲੀਲਤਾ ਨੂੰ ਜਾਂ ਲੱਚਰਤਾ ਨੂੰ
ਆਪਣੇ ਨੇੜੇ ਨਹੀਂ ਢੁੱਕਣ ਦਿੱਤਾ| ਉਸਨੇ ਪੰਜਾਬੀ ਸਭਿਆਚਾਰ ਦੇ ਸੁਹੱਪਣ ਅਤੇ ਮਾਨਸਿਕਤਾ ਦਾ
ਸੁਚੱਜੇ ਢੰਗ ਨਾਲ ਪ੍ਰਗਟਾਵਾ ਕੀਤਾ ਹੈ| ਇਸ ਲੇਖ ਵਿੱਚ ਜ਼ਫ਼ਰ ਨੇ ਨੂਰਪੁਰੀ ਦੇ ਰਾਜਨੀਤਿਕ,
ਸਮਾਜਿਕ ਅਤੇ ਆਰਥਿਕ
ਸਰੋਕਾਰਾਂ ਪ੍ਰਤੀ ਚੇਤੰਨ ਹੋਣ ਦਾ ਵੀ ਸਬੂਤ ਦਿੱਤਾ ਹੈ| ਇਸ ਲੇਖ ਰਾਹੀਂ
ਭਾਰਤੀ ਲੋਕਾਂ ਨੂੰ ਆਜ਼ਾਦੀ ਤੋਂ ਪਹਿਲਾਂ ਦਿਖਾਏ ਗਏ ਲੁਭਾਉਂਦੇ ਸੁਪਨੇ ਤੇ ਆਜ਼ਾਦੀ ਤੋਂ ਬਾਅਦ
ਵਿਕਾਸ ਦੇ ਨਾਂ ਤੇ ਲੋਕਾਂ ਦੇ ਪੱਲੇ ਵਿਕਾਸ ਦੇ 'ਭਰਮ¬' ਪੈਣ ਦੇ ਸੱਚ ਨੂੰ
ਬਿਆਨ ਕੀਤਾ ਹੈ| ਇਸ ਤਰ੍ਹਾਂ ਜ਼ਫ਼ਰ ਨੂਰਪੁਰੀ ਦੀ ਕਵਿਤਾ ਜਾਂ ਗੀਤਾਂ ਦਾ
ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਭਾਰਤੀ ਰਾਜਨੀਤਿਕ ਪ੍ਰਣਾਲੀ ਦੇ ਉੱਭਰ ਰਹੇ ਦੋਸ਼ਾਂ ਨੂੰ ਵੀ ਜਨਤਾ ਦੇ
ਸਾਹਮਣੇ ਪੇਸ਼ ਕਰਦਾ ਹੈ| ਜ਼ਫ਼ਰ ਨੇ ਨੂਰਪੁਰੀ ਦੀ ਜਿੰਦਗੀ ਦੀ ਤ੍ਰਾਸਦੀ ਨੂੰ ਅਤੇ
ਆਖਰੀ ਉਮਰੇ ਉਸ ਵਿੱਚੋਂ ਪੈਦਾ ਹੋਈ ਨਿਰਾਸ਼ਾ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ''ਆਜ਼ਾਦੀ ਤੋਂ ਬਾਅਦ ਦੇਸੀ ਸਰਕਾਰ ਬਣਨ ਨਾਲ ਵੀ ਆਮ ਆਦਮੀ
ਦੇ ਹਿੱਤ ਦੀ ਦ੍ਰਿਸ਼ਟੀ ਤੋਂ ਕੋਈ ਸਿਫ਼ਤੀ ਤਬਦੀਲੀ ਨਹੀਂ ਵਾਪਰੀ| ਚਿਹਰੇ ਬਦਲਣ ਨਾਲ
ਰਾਜ ਦਾ ਖ਼ਾਸਾ ਨਹੀਂ ਬਦਲਦਾ|''13 ਭਾਰਤ ਦੇਸ਼ ਦੇ ਸੋਹਲੇ ਗਾਉਣ ਵਾਲਾ ਨੂਰਪੂਰੀ ਆਪਣੇ
ਅੰਤਿਮ ਪੜਾਅ ਤੇ ਜਦੋਂ ਇਸ ਦੇਸ਼ ਨੂੰ 'ਪਰਦੇਸ' ਕਹਿੰਦਾ ਹੈ ਤਾਂ ਇਹ ਉਸਦੇ ਸੁਪਨਿਆਂ ਦੇ ਦੇਸ਼ ਤੋਂ
ਵਿਗੋਚੇ ਜਾਣ ਦੀ ਹੀ ਤ੍ਰਾਸਦੀ ਹੈ: ''ਇਹ ਪਰਦੇਸ ਦੇਸ਼
ਨਹੀਂ ਸਾਡਾ ਏਥੇ ਗੁੰਝਲਾਂ ਬੜੀਆਂ।" ਨੂਰਪੁਰੀ ਜਿੰਦਗੀ
ਤੋਂ ਨਿਰਾਸ਼ ਨਹੀਂ ਸੀ ਪਰ ਦੇਸ਼ ਦੀ ਚਾਲ-ਢਾਲ ਨੇ ਉਸਨੂੰ ਨਿਰਾਸ਼ ਕਰ ਦਿੱਤਾ ਤੇ ਉਹ ਖੁਦਕੁਸ਼ੀ ਕਰ
ਗਿਆ।
'ਦੀਵਾਲੀ ਦਾ ਹਨ੍ਹੇਰਾ ਪਾਸਾ' ਜ਼ਫ਼ਰ ਦਾ ਵਿਅੰਗਾਤਮਕ
ਸ਼ੈਲੀ ਵਿੱਚ ਲਿਖਿਆ ਹੋਇਆ ਲੇਖ ਹੈ| ਇਸ ਵਿੱਚ ਉਸਨੇ ਸਾਡੇ ਲਾਲਚੀ ਸਮਾਜ ਦੀ ਬਾ-ਖੂਬੀ ਤਸਵੀਰ
ਪੇਸ਼ ਕੀਤੀ ਹੈ| ਇਸ ਲੇਖ ਦੇ ਆਰੰਭ ਵਿੱਚ ਜਦੋਂ ਉਹ ਕਹਿੰਦਾ ਹੈ ''ਪਿੰਡਾਂ ਵਿੱਚ ਭਾਵੇਂ ਇਹ ਸਿਰਫ਼ ਮਨਾਈ ਜਾਂਦੀ ਹੈ ਪਰ
ਸ਼ਹਿਰਾਂ ਤੇ ਕਸਬਿਆਂ ਵਿਚ ਇਹ ਮਨਾਉਣ ਦੇ ਨਾਲ ਨਾਲ ਮੰਗੀ ਵੀ ਜਾਂਦੀ ਹੈ, ਦਿੱਤੀ ਵੀ ਜਾਂਦੀ ਹੈ ਅਤੇ ਇਕੱਠੀ ਵੀ ਕੀਤੀ ਜਾਂਦੀ ਹੈ|''14 ਜ਼ਫ਼ਰ
ਦੀ ਇਹ ਵਿਅੰਗਮਈ ਟਿੱਪਣੀ ਅਸਲ ਵਿਚ ਉਸ ਗਿਫ਼ਟ ਸਭਿਆਚਾਰ ਵਲ ਸੰਕੇਤ ਕਰਦੀ ਹੈ ਜਿਸਦੀ ਆੜ ਹੇਠ
ਭਰਿਸ਼ਟਾਚਾਰ ਨੂੰ ਢਕਣ ਦੇ ਯਤਨ ਕੀਤੇ ਜਾਂਦੇ ਹਨ|
ਇਸ ਦੇ ਨਾਲ ਹੀ ਉਹ ਤਿਉਹਾਰੀ
ਵਿਸ਼ਵਾਸ ਦੀ ਆੜ ਵਿੱਚ ਪਨਪ ਰਹੇ ਮੰਡੀ ਸੱਭਿਆਚਾਰ ਅਤੇ ਭ੍ਰਿਸ਼ਟਾਚਾਰ ਦੀ ਦੌੜ ਦੇ ਨਾਲ-ਨਾਲ ਪਿੰਡਾਂ
ਅਤੇ ਸ਼ਹਿਰਾਂ ਵਿੱਚ ਵਧ ਰਹੇ ਪਾੜੇ ਵੱਲ ਵੀ ਇਸ਼ਾਰਾ ਕਰ ਦਿੰਦਾ ਹੈ| ਉਸਨੇ ਦੀਵਾਲੀ ਦੇ
ਨਾਂ ਤੇ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਦੇ ਗਰਜ਼ ਦੇ
ਤੰਤਰ-ਪ੍ਰਬੰਧ ਨੂੰ ਵੀ ਬਾਖੂਬੀ ਕਾਂਟੇ ਹੇਠ ਲਿਆ ਹੈ| ਵਾਤਾਵਰਣ ਨੂੰ
ਪ੍ਰਦੂਸ਼ਿਤ ਕਰਨ ਵਾਲੇ ਸ਼ੋਰ ਤੇ ਧੂੰਏ ਤੇ ਚਿੰਤਾ ਪ੍ਰਗਟ ਕਰਦਾ ਹੋਇਆ ਲੇਖ ਦੇ ਆਖਰ ਵਿੱਚ ਜ਼ਫ਼ਰ
ਕਹਿੰਦਾ ਹੈ, ''ਦੀਵਾਲੀ ਕਹਿਣ ਨੂੰ
ਰੌਸ਼ਨੀ, ਪਵਿਤਰਤਾ, ਸੁਹਜ ਅਤੇ ਮੁਹੱਬਤ ਦਾ ਤਿਉਹਾਰ ਹੈ| ਪਰ ਅਸੀਂ ਇਸਨੂੰ
ਆਪਣੇ ਆਤਮਿਕ ਹਨ੍ਹੇਰ, ਵਾਤਾਵਰਣ ਦੇ
ਪ੍ਰਦੂਸ਼ਣ, ਮਾਨਸਿਕ ਕੁਹਜ ਅਤੇ
ਖੁਦਗਰਜ਼ ਸੰਬੰਧਾਂ ਦੀ ਮੂੰਹ ਬੋਲਦੀ ਤਸਵੀਰ ਬਣਾ ਲਿਆ ਹੈ|''15
ਇਸ ਪੁਸਤਕ ਦੇ ਆਖਰੀ ਲੇਖ 'ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ (ਪ੍ਰਸੰਗ: ਡੇਰਾ
ਸਿਰਸਾ ਵਿਵਾਦ) ਵਿੱਚ ਜਸਵੰਤ ਜ਼ਫ਼ਰ ਨੇ ਕਈ ਅਹਿਮ ਪ੍ਰਸ਼ਨ ਪੈਦਾ ਕੀਤੇ ਹਨ| ਇਸ ਵਿੱਚ ਉਸਨੇ ਸਿੱਖੀ ਸਿਧਾਂਤ ਅਤੇ ਵਿਵਹਾਰ ਵਿੱਚ ਆਏ
ਅੰਤਰ ਦੀ ਵੀ ਤਸਵੀਰ-ਕਸ਼ੀ ਕੀਤੀ ਹੈ| ਸਿੱਖ ਸਮਾਜ ਵਿੱਚੋਂ ਵਿਅਕਤੀਆਂ ਦੇ ਦੋਗਲੇ ਕਿਰਦਾਰ,
ਪ੍ਰਫੁੱਲਤ ਹੋ ਰਹੀਆਂ
ਬ੍ਰਾਹਮਣਵਾਦੀ ਰੁਚੀਆਂ ਤੇ ਰੀਤੀਆਂ ਅਤੇ ਪੈਦਾ ਹੋ ਰਹੇ ਕਰਮਕਾਂਡਾਂ ਦੀ ਆਲੋਚਨਾਤਮਕ ਵਿਆਖਿਆ ਕੀਤੀ
ਹੈ| ਇਸ ਲੇਖ ਵਿੱਚ ਜ਼ਫ਼ਰ ਨੇ 'ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ' ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਰਾਜਨੀਤਿਕ ਅਤੇ
ਧਾਰਮਿਕ ਲੀਡਰਾਂ ਦੀ ਚੰਗੀ ਖੁੰਭ ਠੱਪੀ ਹੈ| ਸਿੱਖਾਂ ਦੇ ਧਾਰਮਿਕ ਵਿਵਹਾਰ ਵਿੱਚ ਪਲ ਰਹੀਆਂ ਰਹੁ-ਰੀਤੀਆਂ ਅਤੇ ਵਿਗਾੜਾਂ ਨੂੰ ਪੇਸ਼ ਕਰਦੇ
ਹੋਏ ਉਹ ਕਹਿੰਦਾ ਹੈ ਕਿ ਅਸੀਂ ਦੂਜਿਆਂ ਦੀ ਆਲੋਚਨਾ ਤਾਂ ਕਰਦੇ ਹਾਂ ਪਰ ਆਪਣੀਆਂ ਬੁਰਾਈਆਂ ਨੂੰ
ਵੇਖਣ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ|
ਸਿੱਖ ਸਮਾਜ ਵਿੱਚ ਘਟ ਰਹੀ
ਸਹਿਣਸ਼ੀਲਤਾ ਮੁੜ ਬਾਬੇ ਨਾਨਕ ਦੀ ਯਾਦ ਕਰਾਉਂਦੀ ਹੈ| ਜ਼ਫ਼ਰ ਨੇ ਆਪਣੀ
ਕਵਿਤਾ ਦੀ ਕਿਤਾਬ 'ਅਸੀਂ ਨਾਨਕ ਦੇ ਕੀ
ਲਗਦੇ ਹਾਂ' ਵਿੱਚ ਉੱਭਰ ਰਹੀਆਂ
ਗੈਰ-ਸਿੱਖ ਸਿਧਾਂਤਕ ਪ੍ਰਵਿਰਤੀਆਂ ਦੀ ਆਲੋਚਨਾ ਕੀਤੀ ਸੀ| ਇਸ ਲੇਖ ਵਿੱਚ ਵੀ
ਉਹ ਧਾਰਮਿਕ ਠੇਕੇਦਾਰਾਂ ਨੂੰ ਸਿੱਧੇ ਤੌਰ ਤੇ ਚੈਲਿੰਜ ਪੇਸ਼ ਕਰਦਾ ਹੈ| ਇਸ ਸਮੁੱਚੇ ਲੇਖ
ਵਿੱਚ ਉਸਨੇ ਬਹੁਤ ਸਾਰੇ ਪੱਖਾਂ ਜਿਵੇਂ ਧਰਮ ਦੇ ਨਾਂ ਤੇ ਗੁੰਡਾ-ਗਰਦੀ, ਦੇਹਧਾਰੀ ਗੁਰੂਆਂ ਦੇ ਵਾਧੇ, ਸਿੱਖਾਂ 'ਚ ਵਧ ਰਹੀ ਮੂਰਤੀ ਪੂਜਾ, ਲੱਚਰ ਗੀਤ ਗਾਉਣ ਵਾਲਿਆਂ ਦੇ ਧਾਰਮਿਕ ਗੀਤ ਗਾਉਣ ਬਾਰੇ,
ਸਿੱਖੀ ਵਿੱਚ ਵਧ ਰਹੇ
ਕਰਮਕਾਂਡ, ਪੰਜਾਬ 'ਚ ਕੁੜੀਆਂ ਨੂੰ ਮਾਰਨਾ, ਸ਼ਰਾਬ ਦੀ ਵਧ ਰਹੀ ਵਰਤੋਂ, ਜਾਤ-ਪਾਤ ਦੀ ਸੰਸਥਾ ਅਤੇ ਪਰਾਈ-ਇਸਤਰੀ ਦਾ ਸੰਗ ਕਰਨ
ਕਾਰਨ ਏਡਜ ਵਰਗੀ ਭਿਆਨਕ ਬਿਮਾਰੀ ਦੇ ਵਾਧੇ ਅਤੇ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਆਦਿ ਦੇ ਪੱਖਾਂ ਨੂੰ
ਪੇਸ਼ ਕੀਤਾ ਹੈ| ਉਹ ਅਜੋਕੇ ਦੋਗਲੇ ਕਿਰਦਾਰ ਵਾਲੇ ਲੋਕਾਂ ਤੇ ਵਿਅੰਗ
ਕਰਦਾ ਹੋਇਆ ਕਹਿੰਦਾ ਹੈ ''ਅਸੀਂ ਬੜੇ ਦੋਗਲੇ
ਅਤੇ ਅਪ੍ਰਮਾਣਿਕ ਕਿਰਦਾਰ ਵਾਲੇ ਲੋਕ ਹਾਂ| ਸੋਚਦੇ ਕੁਛ, ਕਹਿੰਦੇ ਕੁਛ ਤੇ
ਕਰਦੇ ਕੁਛ ਹਾਂ|''16 ਅਜਿਹੀਆਂ ਟਿੱਪਣੀਆਂ ਨਾਲ ਜ਼ਫ਼ਰ ਵਰਤਮਾਨ ਬੰਦੇ ਦੇ
ਦੰਭੀ/ਦੋ-ਮੁਖੀ/ਦੋਗਲੇ ਕਿਰਦਾਰ ਵਲ ਸੰਕੇਤ ਕਰਦਾ ਹੈ| ਅਸਲ ਵਿਚ ਇਹ ਉਹ
ਮੱਧ-ਵਰਗੀ ਚੇਤਨ ਵਰਗ ਹੈ ਜਿਹੜਾ ਆਪਣੀ ਚਲਾਕ ਭਾਸ਼ਾ ਰਾਹੀਂ ਆਪਣੇ ਕਿਰਦਾਰ ਨੂੰ ਛੁਪਾਉਣ ਦੀ
ਸਮਰੱਥਾ ਰੱਖਦਾ ਹੈ| ਜਦੋਂ ਜ਼ਫ਼ਰ ਅਜਿਹੇ ਲੁਕੇ ਯਥਾਰਥ ਨੂੰ ਵੀ ਸਾਡੇ ਸਾਹਮਣੇ
ਲਿਆਉਂਦਾ ਹੈ ਤਾਂ ਇਹ ਲੇਖ ਹੋਰ ਵੀ ਅਰਥ ਭਰਪੂਰ ਬਣ ਜਾਂਦੇ ਹਨ| ਜ਼ਫ਼ਰ ਨੇ ਆਪਣੇ ਇਸ
ਲੇਖ ਵਿਚ ਕਬੀਰ ਅਤੇ ਗੁਰੂ ਨਾਨਕ ਦਾ ਹਵਾਲਾ ਦੇ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਧਰਮ
ਕੇਵਲ ਵਿਸ਼ਵਾਸ਼ ਜਾਂ ਅੰਧ-ਵਿਸ਼ਵਾਸ਼ ਦਾ ਵਿਸ਼ਾ ਨਹੀਂ, ਹੁਣ ਇਹ ਵੀ ਤਰਕ ਦਾ ਵਿਸ਼ਾ ਹੈ|
ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਜਸਵੰਤ ਜ਼ਫ਼ਰ ਦੀ
ਇਸ ਪੁਸਤਕ ਦੇ ਸਾਰੇ ਲੇਖ ਭਾਵੇਂ ਵਿਭਿੰਨ ਸਰੋਕਾਰਾਂ ਨਾਲ ਜੁੜੇ ਹੋਏ ਹਨ ਪਰ ਉਹਨਾਂ ਦਾ ਕੇਂਦਰੀ
ਸੂਤਰ ਵਰਤਮਾਨ ਪ੍ਰਸੰਗ ਵਿੱਚ ਗੁਰਮਤਿ ਦਰਸ਼ਨ ਦੀ ਪ੍ਰਸੰਗਿਕਤਾ ਬਣਦਾ ਨਜ਼ਰ ਆਉਂਦਾ ਹੈ| ਇਸੇ ਕਰਕੇ ਜ਼ਫ਼ਰ ਨੇ
ਸਾਰੀ ਪੁਸਤਕ ਵਿੱਚ ਗੁਰਬਾਣੀ ਦੀਆਂ ਤੁਕਾਂ ਦੇ ਹਵਾਲੇ ਨਾਲ ਗੱਲ ਕੀਤੀ ਹੈ, ਕਿਉਂਕਿ ਉਸਨੂੰ ਜਾਪਦਾ ਹੈ ਕਿ ਸਾਡੇ ਲੋਕ ਗੁਰੂ ਦੇ
ਉਪਦੇਸ਼ਾਂ ਦਾ ਸਿਰਫ਼ ਮੁਹਾਵਰਾ ਹੀ ਕਰਦੇ ਹਨ ਜਾਂ ਕੇਵਲ ਰੱਟਾ ਹੀ ਲਾਉਂਦੇ ਹਨ ਜਾਂ ਪ੍ਰਚਾਰ ਹੀ
ਕਰਦੇ ਹਨ, ਅਮਲ ਨਹੀਂ ਕਰਦੇ|
ਹਵਾਲੇ ਅਤੇ
ਟਿੱਪਣੀਆਂ
1.
ਜਸਵੰਤ ਜਫ਼ਰ,
'ਸਿਖੁ ਸੋ ਖੋਜਿ ਲਹੈ',
ਪੰਨਾ 25
2.
ਉਹੀ, ਪੰਨਾ 31
3.
ਉਹੀ, ਪੰਨਾ 34
4.
ਉਹੀ, ਪੰਨਾ 44-45
5.
ਉਹੀ, ਪੰਨਾ 47
6.
ਉਹੀ, ਪੰਨਾ 47
7.
ਉਹੀ, ਪੰਨਾ 62-63
8.
ਉਹੀ, ਪੰਨਾ 65
9.
ਉਹੀ, ਪੰਨਾ 67
10.
ਉਹੀ, ਪੰਨਾ 88
11.
ਉਹੀ, ਪੰਨਾ 89
12.
ਉਹੀ, ਪੰਨਾ 90
13.
ਉਹੀ, ਪੰਨਾ 96
14.
ਉਹੀ, ਪੰਨਾ 98
15.
ਉਹੀ, ਪੰਨਾ 101
16.
ਉਹੀ, ਪੰਨਾ 106
ਗੁਰਪ੍ਰੀਤ ਸਿੰਘ
ਰਿਸਰਚ ਸਕਾਲਰ
ਪੰਜਾਬੀ ਵਿਭਾਗ,
ਪੰਜਾਬ ਯੂਨੀਵਰਸਿਟੀ,
ਚੰਡੀਗੜ੍ਹ
No comments:
Post a Comment