ਤੇਰੀ ਹਰ ਗੱਲ 'ਚ ਕੀਤੇ ਨਾ ਕੀਤੇ ਮੇਰਾ ਜ਼ਿਕਰ ਵੀ ਹੁੰਦਾ ਹੋਊ, ਪਤਾ ਨਹੀਂ ਇਹ ਮੇਰਾ ਵਹਿਮ ਹੀ ਆ, ਐਨੀ ਬੁਰੀ ਨਹੀ ਸੀ ਮੈ, ਜਿਸ ਤਰਾਂ ਦਾ ਵਰਤਾਓ ਤੇਰਾ ਮੇਰੇ ਲਈ ਸੀ। ਮੈਂ ਹੱਸ ਕੇ ਤੇਰੀ ਹਾਮੀ 'ਚ ਹਾਮੀ ਭਰਦੀ ਰਹੀ ਸੀ, ਵੇਖ ਅੱਜ ਇੱਕ ਰੂਹ ਬਣੀ ਫਿਰਦੀ ਆਂ, ਜਿਸ ਨੂੰ ਸਰੀਰ ਤੋਂ ਮੁਕਤੀ ਤਾਂ ਮਿਲੀ, ਪ੍ਰੰਤੂ ਰੂਹ ਨੂੰ ਚੈਨ ਨਾ ਮਿਲੀ। ਯਾਦ ਨੇ ਮੈਨੂੰ ਤੇਰੇ ਦਿੱਤੇ ਜ਼ਖਮ ਸੱਜਣਾਂ, ਹਾ ਹਾ ਹਾ! ਹਾਸਾ ਆਉਂਦਾ ਤੈਨੂੰ ਸੱਜਣ ਦਾ ਨਾਮ ਵੀ ਦਿੰਦਿਆਂ, ਸਮਝ ਨਹੀਂ ਆਉਂਦੀ ਕਿਸ ਦਰਜੇ 'ਚ ਰੱਖਾਂ ਤੈਨੂੰ ਦੁਸ਼ਮਣ ਆਖਾਂ ਜਾਂ ਸੱਜਣ ਆਖਾਂ? ਕੀ ਕਸੂਰ ਸੀ ਮੇਰਾ? ਜਵਾਬ ਤਾਂ ਦੇ ਜਾਂਦਾ, ਤੇਰਾ ਕੀ ਗਿਆ ਜਿੰਦ ਤਾਂ ਮੈਂ ਆਪਣੀ ਵਾਰ ਦਿੱਤੀ, ਮੇਰੀ ਰੂਹ ਤਾਂ ਤੇਰੇ ਲਈ ਅੱਜ ਵੀ ਪਿਆਰ ਰੱਖੀ ਬੈਠੀ ਆ, ਪਰ ਤੇਰੀ ਬੁੱਕਲ ਹੋਰ ਨਿੱਘਾ ਦਾ ਆਨੰਦ ਮਾਣਦੀ ਹੋਊ, ਸੱਚ ਕਿਹਾ ਕਿਸੀ ਨੇ ਮਰਦ ਜਾਤ ਤੇ ਹੁੰਦੀ ਹੀ ਕੁੱਤੀ ਆ।
ਇਹ ਗੱਲ ਉਦੋਂ ਦੀ ਏ ਜਦੋਂ ਬਾਪੂ ਜੀ ਦੀ ਬਦਲੀ ਹੋਣ ਤੇ ਦਿੱਲੀ ਦੇ ਮਾਹੌਲ ਚ ਮੈਨੂੰ ਵਿਚਰਨ ਦਾ ਮੌਕਾ ਮਿਲਿਆ, ਐੱਮ. ਏ. ਪੰਜਾਬੀ ਕਰ ਲਈ ਸੀ ਉਦੋਂ ਮੈਂ, ਤੇ ਮੇਰੇ ਬਾਪੂ ਜੀ ਦੇ ਦੋਸਤ ਜ਼ੋਰਾ ਤਾਇਆ ਜੀ ਦਾ ਸ਼ਹਿਰ 'ਚ ਟਿਊਸ਼ਨਾਂ ਦਾ ਕੰਮ ਕਾਰ ਸੀ, ਬਾਪੂ ਜੀ ਦੇ ਕਹਿਣ ਤੇ ਤਾਇਆ ਜੀ ਨੇ ਮੈਨੂੰ ਵੀ ਉੱਥੇ 3000 ਦੀ ਤਨਖ਼ਾਹ ਤੇ ਪੰਜਾਬੀ ਟੀਚਰ ਦੇ ਤੌਰ ਤੇ ਰੱਖ ਲਿਆ। ਪੰਜਾਬੀ ਪੜ੍ਹਨ ਲਈ ਬਹੁਤੇ ਜ਼ਿਆਦਾ ਵਿਦਿਆਰਥੀ ਨਹੀ ਸਨ, ਮਸਾਂ ਹੀ ਚਾਰ 'ਕੁ ਬੱਚੇ ਜੋ ਕਿ ਪੰਜਾਬੀ ਪਰਿਵਾਰਾਂ ਤੋਂ ਸਨ ਮਾਪਿਆਂ ਦੇ ਜ਼ੋਰ ਪਾਉਣ ਤੇ ਪੰਜਾਬੀ ਸਿੱਖਣ ਆਉਂਦੇ ਸਨ। ਉਸੇ ਟਿਊਸ਼ਨ ਸੈਂਟਰ ਵਿਚ ਇੱਕ ਲੇਡੀ ਟੀਚਰ ਸੀ ਜੋ ਹਿਸਾਬ ਪੜ੍ਹਾਉਂਦੀ ਸੀ ਤੇ ਇੱਕ ਸਰ ਸੀ ਜੋ ਪ੍ਰਾਈਵੇਟ ਸਕੂਲ ਟੀਚਰ ਸੀ ਤੇ ਨਾਲ-ਨਾਲ ਸੈਂਟਰ ਚ ਇੰਗਲਿਸ਼ ਟੀਚਰ ਦੇ ਤੌਰ ਤੇ ਨੌਕਰੀ ਵੀ ਕਰਦਾ ਸੀ। ਮੇਰੇ ਮਨ ਚ ਉਸ ਪ੍ਰਤੀ ਕਾਫੀ ਅੰਦਾਜ਼ੇ ਸਨ ਕਿ ਧਨ ਹੈ ਜੋ ਦੋ-ਦੋ ਨੌਕਰੀਆਂ ਕਰਦਾ, ਪਰ ਐਵੇਂ ਦੇ ਇਨਸਾਨ ਸਿਰਫ਼ ਕਿਤਾਬੀ ਕੀੜੇ ਹੁੰਦੇ ਹਨ ਆਮ ਜ਼ਿੰਦਗੀ ਤੋਂ ਕੋਹਾਂ ਦੂਰ ਰਹਿੰਦੇ ਨੇ ਇਹ, ਇਸ ਤਰ੍ਹਾਂ ਦੀ ਸੋਚਣੀ ਸੀ ਮੇਰੀ ਓਸ ਇਨਸਾਨ ਲਈ, ਮੇਰਾ ਸੁਭਾਅ ਥੋੜਾ ਚੁੱਪ-ਚੁਪੀਤਾ ਸੀ, ਮੈਂ ਵਾਲਾ ਕਿਸੀ ਨਾਲ ਵਿਚਰਨਾ ਪਸੰਦ ਨਹੀਂ ਸੀ ਕਰਦੀ..ਮੇਰਾ ਜਦੋਂ ਪਹਿਲਾਂ ਦਿਨ ਸੀ ਏਸ ਨੌਕਰੀ ਦਾ ਮੈਂ ਸਿਰਫ਼ ਜੋਰਾ ਤਾਇਆ ਜੀ ਨੂੰ ਹੀ ਸਤਿ ਸ੍ਰੀ ਅਕਾਲ ਬੁਲਾਈ, ਬਾਕੀ ਸਟਾਫ਼ ਨੂੰ ਮੈਂ ਕੁੱਝ ਨਾ ਬੋਲੀ, ਮੈਨੂੰ ਸ਼ਰਮ ਜਿਹੀ ਵੀ ਮਹਿਸੂਸ ਹੋਈ, ਪਰੰਤੂ ਤਾਇਆ ਜੀ ਮੈਨੂੰ ਸਮਝ ਗਏ ਸਨ, ਉਨ੍ਹਾਂ ਨੇ ਸਭ ਸੰਭਾਲ ਲਿਆ ਤੇ ਹੱਸਦੇ ਹੋਏ ਕਿਹਾ, ਜੋਗਿੰਦਰ ਸਿੰਘ ਜੀ ਤੇ ਮੈਡਮ ਮੀਨਾ ਜੀ ਇਹ ਆਪਣੀ ਹੀ ਕੁੜੀ ਆ ਧਿਆਨ ਰੱਖਣਾ, ਵਾਲੀ ਭਗਤਣੀ ਜਿਹੀ ਏ। ਮੇਰੇ ਵੱਲ ਮੂੰਹ ਕਰ ਕੇ ਤਾਇਆ ਜੀ ਨੇ ਕਿਹਾ ਬੇਟਾ ਜੇ ਕੁੱਝ ਔਖਾ ਲੱਗੇ ਜਾਂ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਜੋਗਿੰਦਰ ਸਰ ਤੇ ਮੀਨਾ ਮੈਡਮ ਦੀ ਮਦਦ ਜ਼ਰੂਰ ਲਈ, ਮੈਂ ਹਾਂ ਜੀ ਕਹਿ ਸਿਰ ਹਿਲਾ ਦਿੱਤਾ, ਤੇ ਕਲਾਸ ਰੂਮ ਵਿਚ ਬੱਚਿਆਂ ਨੂੰ ਪੜਾਉਣ ਲਈ ਚਲੇ ਗਈ। ਮੇਰੇ ਲਈ ਓਹ ਬੱਚੇ ਤੇ ਮੈਂ ਉਨ੍ਹਾਂ ਬੱਚਿਆਂ ਲਈ ਬਿਲਕੁਲ ਨਵੀਂ ਸੀ। ਪਰ ਓਹ ਬੱਚੇ ਮੇਰੇ ਨਾਲ ਘੁਲ-ਮਿਲ ਗਏ। ਇਸ ਤਰ੍ਹਾਂ ਵਕਤ ਗੁਜ਼ਰਦਾ ਗਿਆ। ਜਦੋਂ ਵੀ ਮੈਂ ਸੈਂਟਰ ਤੇ ਆਉਣਾ ਸਰ ਤੇ ਮੈਡਮ ਨੂੰ ਸਤਿ ਸ੍ਰੀ ਅਕਾਲ ਬੁਲਾ ਦਿੰਦੀ ਪਰੰਤੂ ਵਾਧੂ ਗੱਲਬਾਤ ਨਾ ਕਰਦੀ। ਇੱਕ ਦਿਨ ਕਲਾਸ ਦੇ ਜਾਣ ਤੋਂ ਬਾਅਦ ਮੈ ਛੱਤ ਤੇ ਬੈਠ ਗਈ ਤੇ ਕੁੱਝ ਟੈੱਸਟ ਚੈੱਕ ਕਰਨ ਲੱਗ ਗਈ। ਦਸੰਬਰ ਦਾ ਮਹੀਨਾ ਸੀ ਠੰਢ ਬਹੁਤ ਸੀ ਤੇ ਮੱਠੀ-ਮੱਠੀ ਧੁੱਪ ਰੂਹ ਨੂੰ ਸਕੂਨ ਜਿਹਾ ਦਿੰਦੀ ਸੀ। ਇੱਕ ਦਮ ਮੈਨੂੰ ਪੌੜੀ ਦੇ ਕੋਲੋਂ ਆਵਾਜ਼ ਆਈ ਹਾਂ ਜੀ ਨਵਰੀਤ ਜੀ ਇਕੱਲੇ-ਇਕੱਲੇ ਧੁੱਪ ਦਾ ਆਨੰਦ ਮਾਣ ਰਹੇ ਹੋ, ਮੈ ਸਾਹਮਣੇ ਵੇਖਿਆ ਤਾਂ ਜੋਗਿੰਦਰ ਸਰ ਸੀ, ਉਹ ਠੰਢ ਕਾਰਨ ਦੋਵੇਂ ਹੱਥਾਂ ਨੂੰ ਝੱਸਦੇ ਹੋਏ ਮੇਰੇ ਵੱਲ ਆਏ, ਤੇ ਮੇਰੇ ਲਾਗੇ ਪਈ ਕੁਰਸੀ ਉੱਤੇ ਬੈਠ ਗਏ। ਮੈ ਉਨ੍ਹਾਂ ਦੀ ਗੱਲ ਦਾ ਹੁੰਗਾਰਾ ਭਰਦੀ ਹੋਈ ਨੇ ਕਿਹਾ ਬੱਸ ਸਰ ਕੁੱਝ ਟੈੱਸਟ ਚੈੱਕ ਕਰਦੀ ਸੀ। ਅੱਜ ਓਹ ਇਨਸਾਨ ਬਹੁਤ ਹੀ ਵਧੀਆ ਢੰਗ ਨਾਲ ਵਾਰਤਾਲਾਪ ਕਰ ਰਿਹਾ ਸੀ ਜਿਸ ਨੂੰ ਮੈ ਖੜੂ ਸਮਝਦੀ ਸਾਂ। ਮੈਨੂੰ ਹੱਸਦਾ ਹੋਇਆ ਬੋਲਿਆ ਤੁਸੀਂ ਮੈਨੂੰ ਸਰ ਨਾ ਆਖਿਆ ਕਰੋ ਮੈਨੂੰ ਇੰਞ ਮਹਿਸੂਸ ਹੁੰਦਾ ਜਿਵੇਂ ਮੈਂ ਸੱਤ੍ਹਰਾਂ ਸਾਲਾਂ ਨੂੰ ਬਜ਼ੁਰਗ ਹੋਵਾਂ,ਤੁਸੀਂ ਸਿਰਫ਼ ਮੈਨੂੰ ਜੋਗਿੰਦਰ ਕਿਹਾ ਕਰੋ। ਮੇਰਾ ਜਵਾਬ ਉਦੋਂ ਵੀ ਸਿਰਫ਼ ਹਾਂ ਜੀ ਵਿਚ ਸੀ ਕਿਉਂਕਿ ਉਸੇ ਸਮੇਂ ਮੇਰੇ ਮਨ ਚ ਇੱਕ ਬਾਪੂ ਦੀ ਕਹੀ ਗੱਲ ਘੁੰਮਣ ਲੱਗੀ ਕਿ ਵਾਲਾ ਕਿਸੀ ਨੂੰ ਮੂੰਹ ਨਹੀਂ ਲਾਉਣਾ ਕਿਉਂਕਿ ਆਪਣੇ ਲਈ ਇਹ ਸ਼ਹਿਰ ਵੀ ਬੇਗਾਨਾ ਤੇ ਇੱਥੇ ਦੇ ਲੋਕ ਵੀ। ਓਹ ਬੋਲ ਰਿਹਾ ਸੀ ਪਰ ਉਸ ਦੀਆਂ ਗੱਲਾਂ ਵੱਲ ਮੇਰਾ ਧਿਆਨ ਨਹੀਂ ਸੀ। ਉਸ ਨੇ ਮੇਰੀਆ ਅੱਖਾਂ ਅੱਗੇ ਚੁਟਕੀ ਮਾਰ ਕੇ ਕਿਹਾ ਲੱਗਦਾ ਨਵਰੀਤ ਜੀ ਪੰਜਾਬ ਪਹੁੰਚ ਗਏ। ਮੈਂ ਉਸ ਦੀ ਇਸ ਗੱਲ ਤੇ ਨਿੱਕੀ ਜਿਹੀ ਮੁਸਕਾਨ ਦੇ ਦਿੱਤੀ। ਤੇ ਓਹ ਅੱਗੇ ਗੱਲਬਾਤ ਤੋਰਦਾ ਹੋਇਆ ਬੋਲਿਆ ਤੁਸੀਂ ਕੀ ਸਟੱਡੀ ਕੀਤੀ ਹੋਈ ਆ ਨਵਰੀਤ ? ਮੈਂ ਧੀਮੀ ਜਿਹੀ ਆਵਾਜ਼ ਚ ਕਿਹਾ, ਜੀ ਮੈਂ ਮਾਸਟਰਜ਼ ਕੀਤੀ ਆ ਪੰਜਾਬੀ ਦੀ ਇਸੇ ਸਾਲ। ਅੱਛਾ ਜੀ ਮੈਂ ਵੀ ਮਾਸਟਰਜ਼ ਕੀਤੀ ਆ ਇੰਗਲਿਸ਼ ਚ ਪਿਛਲੇ ਹੀ ਸਾਲ। ਦੋਵਾਂ ਨੌਕਰੀਆਂ ਚ ਬੱਸ ਉਲਝਿਆ ਜਿਹਾ ਰਹਿੰਦਾ ਹਾਂ। ਉਸ ਦਾ ਅਗਲਾ ਸਵਾਲ ਸੀ ਕੌਣ-ਕੌਣ ਹੈ ਤੁਹਾਡੇ ਪਰਿਵਾਰ ਚ? ਮੈ ਕਿਹਾ ਬੇਬੇ ਜੀ ਬਾਪੂ ਜੀ ਤੇ ਮੈ। ਓ ਫਿਰ ਤਾਂ ਮੇਰੇ ਵਾਂਗ ਇਕਲੌਤੇ ਹੋ, ਮੈਂ ਵੀ ਮੰਮੀ ਪਾਪਾ ਨਾਲ ਰਹਿੰਦਾ ਹਾਂ। ਚਲੋ ਛੱਡੋ ਇਹ ਗੱਲਾਂ ਐਵੇਂ ਦੱਸੋ ਕੀ ਪੀਓਗੇ ਚਾਹ ਜਾਂ ਕੌਫ਼ੀ? ਮੈਂ ਕਿਹਾ ਨਹੀਂ ਜੀ ਮੈ ਨਹੀਂ ਕੁੱਝ ਵੀ ਪੀਣਾ। ਓਹ ਹੋ ਕੀਤੇ ਨੀ ਥੋਡਾ ਗੋਰਾ ਰੰਗ ਚਾਹ ਪੀ ਕੇ ਕਾਲਾ ਹੁੰਦਾ, ਐਵੇਂ ਕਰਦਾ ਦੁੱਧ ਮੰਗਵਾ ਦਿੰਦਾ ਥੋਡੇ ਲਈ?
ਉਹ ਬਹੁਤ ਹੀ ਖੁੱਲ੍ਹੇ ਢੰਗ ਨਾਲ ਵਿਚਰ ਰਿਹਾ ਸੀ ਮੇਰੇ ਨਾਲ, ਜਿਵੇਂ ਪਹਿਲਾਂ ਤੋਂ ਮੈਨੂੰ ਜਾਣਦਾ ਹੋਵੇ ਹਰ ਰੋਜ ਉਸ ਦੀ ਵਾਰਤਾਲਾਪ ਦਾ ਵਿਸ਼ਾ ਨਵਾਂ ਹੁੰਦਾ ਸੀ, ਤੇ ਮੈ ਵੀ ਓਸ ਨਾਲ ਘੁਲ-ਮਿਲ ਗਈ ਸਾਂ। ਇੱਕ ਦਿਨ ਮੈਨੂੰ ਗੱਲਾ ਕਰਦਾ ਹੋਇਆ ਕਹਿੰਦਾ ਨਵਰੀਤ ਮੈਨੂੰ ਪੰਜਾਬੀ ਨਹੀਂ ਆਉਂਦੀ ਵੇਖਲਾ ਨਾਲੇ ਮੈਂ ਪੰਜਾਬੀ ਆ, ਬੱਸ ਮੰਮੀ ਪਾਪਾ ਘਰੇ ਪੰਜਾਬੀ ਚ ਗੱਲਬਾਤ ਕਰਦੇ ਆ ਤਾਂ ਬੋਲ ਲੈਂਦਾ, ਉਂਞ ਨਾ ਪੜ੍ਹਨੀ ਆਉਂਦੀ ਏ ਤੇ ਨਾਂ ਹੀ ਲਿਖਣੀ, ਬੜਾ ਸ਼ੁਕਰਗੁਜ਼ਾਰ ਹੋਵਾਂਗਾ ਜੇ ਤੁਸੀਂ ਮੈਨੂੰ ਪੰਜਾਬੀ ਸਿਖਾ ਦੇਵੋਗੇ। ਮੈਂ ਓਹ ਨੂੰ ਪੰਜਾਬੀ ਸਿਖਾਉਣ ਲਈ ਰਾਜ਼ੀ ਹੋ ਗਈ। ਆਪਣੀ ਆਪਣੀ ਕਲਾਸ ਲਗਾਉਣ ਤੋਂ ਬਾਅਦ ਅਸੀਂ ਛੱਤ ਤੇ ਇਕੱਠੇ ਹੋ ਜਾਂਦੇ ਤੇ ਮੈ ਓਹ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕਰ ਦਿੱਤੀ। ਹਰ ਰੋਜ਼ ਮੈਂ ਨਵੇਂ ਤਰੀਕੇ ਨਾਲ ਪੜ੍ਹਾਉਂਦੀ, ਕਈ ਵਾਰ ਉਸ ਦਾ ਧਿਆਨ ਪੜ੍ਹਨ ਚ ਨਾ ਹੁੰਦਾ ਮੈਂ ਬੋਲਦੀ ਰਹਿੰਦੀ ਤੇ ਓਹ ਸ਼ੁਦਾਈਆਂ ਵਾਂਗਰਾਂ ਮੈਨੂੰ ਦੇਖਦਾ ਰਹਿੰਦਾ। ਇੱਕ ਦਿਨ ਓਹ ਨੇ ਪੜ੍ਹਨ ਦੇ ਮਾਹੌਲ ਨੂੰ ਕੱਟਦਿਆਂ ਮੈਨੂੰ ਸਵਾਲ ਕੀਤਾ, ਨਵਰੀਤ ਤੂੰ ਕਦੀ ਕਿਸੇ ਨੂੰ ਪਿਆਰ ਕੀਤਾ ਏ? ਓਹ ਦਾ ਇਹ ਸਵਾਲ ਮੈਨੂੰ ਬੜਾ ਹੀ ਅਜੀਬ ਲੱਗਿਆਂ। ਮੇਰਾ ਜਵਾਬ ਸੀ ਨਹੀਂ ਕੀਤਾ ਤੇ ਨਾਂ ਹੀ ਕਦੀ ਕਰਾਂਗੀ। ਕਿਉਂਕਿ ਮੇਰੀ ਨਿਗ੍ਹਾ ਚ ਪਿਆਰ ਨਾਮ ਦਾ ਸ਼ਬਦ ਸਿਰਫ਼ ਪਤੀ ਲਈ ਬਣਿਆ। ਮੇਰੇ ਇਸ ਜਵਾਬ ਤੋਂ ਬਾਅਦ ਉਹ ਕੁੱਝ ਸੈਕੰਡ ਲਈ ਚੁੱਪ ਰਿਹਾ, ਫਿਰ ਉਹ ਬੋਲਿਆ ਜੇ ਪਿਆਰ ਹੀ ਹਸਬੈਂਡ ਬਣ ਜਾਵੇ ਫਿਰ? ਮੇਰੇ ਕੋਲ ਕੋਈ ਜਵਾਬ ਹੀ ਨਹੀਂ ਸੀ ਉਹ ਦੇ ਇਸ ਸਵਾਲ ਦਾ, ਮੈਂ ਉਸ ਦੀ ਗੱਲ ਨੂੰ ਕੱਟਦਿਆਂ ਕਿਹਾ, ਚੰਗਾ ਜੋਗਿੰਦਰ ਅੱਜ ਲਈ ਐਨੀ ਬਹੁਤ ਹੈ ਸਟੱਡੀ ਮੈਂ ਹੁਣ ਚੱਲਦੀ ਆ। ਮੈਂ ਪੌੜੀਆਂ ਵੱਲ ਵਧੀ ਹਾਲਾਂਕਿ ਪਹਿਲੀ ਪੌੜੀ ਤੇ ਪੈਰ ਰੱਖਿਆ ਹੀ ਸੀ,ਉਸ ਨੇ ਇੱਕ ਦਮ ਮਗਰੋਂ ਮੇਰੀ ਬਾਂਹ ਫੜ ਲਈ ਘੁੱਟ ਕੇ, ਮੈਂ ਉਹ ਦੇ ਇਸ ਵਰਤਾਰੇ ਤੋ ਡਰ ਗਈ, ਉਹ ਬੜੀ ਹੀ ਗ਼ੌਰ ਨਾਲ ਮੇਰੇ ਵੱਲ ਬੱਸ ਦੇਖੀ ਜਾ ਰਿਹਾ ਸੀ, ਤੇ ਮੇਰੇ ਅੱਗੇ ਗੋਡੇ ਟੇਕ ਕੇ ਬੈਠ ਗਿਆ, ਤੇ ਬੋਲਿਆ ਪਤਾ ਨਹੀਂ ਮੈਂ ਸਹੀ ਹਾਂ ਜਾਂ ਗਲਤ, ਪਰ ਜਦੋਂ ਦੀ ਤੇਰੀ ਇਹ ਭੋਲੀ ਜਿਹੀ ਸੂਰਤ ਵੇਖੀ ਆ ਤੇਰੇ ਲਈ ਮਰਨੇ ਤੇ ਜਿਊਣ ਨੂੰ ਦਿਲ ਕਰਦਾ, ਤੇਰੇ ਨਾਲ ਇਸ਼ਕ ਹੋ ਗਿਆ ਮੈਨੂੰ, ਦਿਵਾਨਾ ਹੋ ਗਿਆ ਹਾਂ ਤੇਰੇ ਰੱਬੀ ਰੂਪ ਦਾ। ਕੀ ਤੈਨੂੰ ਇਸ ਦਾਸ ਦੇ ਪਿਆਰ ਦਾ ਇਜ਼ਹਾਰ ਮਨਜ਼ੂਰ ਹੈ? ਓਸ ਸਮੇਂ ਮੇਰੇ ਮਨ ਚ ਬਹੁਤ ਡਰ ਸੀ ਘਬਰਾ ਗਈ ਸਾਂ ਮੈਂ ਉਦੋਂ, ਮੇਰੀਆ ਅੱਖਾਂ ਚ ਪਾਣੀ ਸੀ, ਮੈਂ ਬਹੁਤ ਮੁਸ਼ਕਿਲ ਨਾਲ ਉਹ ਦੇ ਤੋਂ ਹੱਥ ਛਡਾਇਆ ਤੇ ਚੁੰਨੀ ਦੇ ਲੜ ਨਾਲ ਅੱਖਾਂ ਸਾਫ਼ ਕਰਦੀ ਹੋਈ ਉੱਥੋਂ ਭੱਜ ਗਈ। ਘਰੇ ਜਾ ਕੇ ਵੀ ਮੇਰੀ ਧੜਕਣ ਬਹੁਤ ਤੇਜ ਸੀ, ਗੁੰਮ-ਸੁੰਮ ਜਿਹੀ ਹੋ ਗਈ ਸਾਂ ਮੈਂ,ਇੰਞ ਲੱਗਦਾ ਸੀ ਬਹੁਤ ਵੱਡੇ ਹਾਦਸੇ ਦਾ ਮੈਂ ਸ਼ਿਕਾਰ ਹੋਈ ਹੋਵਾਂ। ਜਿਵੇਂ ਬਚਪਨ ਦੇ ਰਾਖਸ਼ਾਂ ਦਾ ਡਰ ਦੁਬਾਰਾ ਮੇਰੇ ਸੀਨੇ ਤੇ ਬੈਠ ਗਿਆ ਹੋਵੇ। ਬੱਸ ਬੇਸੁਰਤ ਸੀ ਮੈ, ਅਗਲੇ ਦਿਨ ਮੈਂ ਸੈਂਟਰ ਗਈ ਪਰ ਮੈਂ ਜੋਗਿੰਦਰ ਨੂੰ ਬੁਲਾਉਣਾ ਤਾਂ ਦੂਰ ਦੀ ਗੱਲ ਓਹ ਦੇ ਵੱਲ ਮੈਂ ਵੇਖਿਆ ਤੱਕ ਨਹੀਂ। ਬੱਚਿਆਂ ਨੂੰ ਪੜਾਉਣ ਤੋ ਬਾਅਦ ਮੈਂ ਘਰ ਜਾਣ ਹੀ ਲੱਗੀ ਸੀ, ਕਿ ਇੱਕ ਦਮ ਪਿੱਛੋਂ ਜੋਗਿੰਦਰ ਦੀ ਆਵਾਜ਼ ਆਈ ਕੀ ਗੱਲ ਨਵਰੀਤ ਅੱਜ ਪੜ੍ਹਾਉਗੇ ਨਹੀਂ ਮੈਨੂੰ? ਮੈਂ ਚਾਹ ਕੇ ਵੀ ਉਸ ਨੂੰ ਜਵਾਬ ਨਾ ਦੇ ਸਕੀ, ਤੇ ਉਸ ਨੂੰ ਪੜਾਉਣ ਲੱਗ ਪਈ, ਮੇਰੀ ਨਿਗ੍ਹਾ ਬੱਸ ਕਿਤਾਬਾਂ ਚ ਸੀ ਹਿੰਮਤ ਨਹੀਂ ਸੀ ਓਹ ਦੀਆ ਅੱਖਾਂ ਚ ਅੱਖਾਂ ਪਾਉਣ ਦੀ। ਉਹ ਨੇ ਅੱਧੇ ਕੁ ਘੰਟੇ ਬਾਅਦ ਮੇਰੇ ਤੋਂ ਕਿਤਾਬ ਖੋਹ ਕੇ ਬੰਦ ਕਰ ਦਿੱਤੀ ਤੇ ਬੋਲਿਆ ਨਵਰੀਤ ਇੱਕ ਵਾਰ ਮੇਰੀਆ ਅੱਖਾਂ ਚ ਵੇਖ ਪਲੀਜ਼ ਇੱਕ ਵਾਰ, ਮਾਫ਼ ਕਰਦੇ ਮੈਨੂੰ ਜੇ ਤੈਨੂੰ ਮੇਰੇ ਪਿਆਰ ਦਾ ਇਜ਼ਹਾਰ ਕਰਨਾ ਬੁਰਾ ਲੱਗਿਆ, ਸੱਚ ਕਹਾਂ ਕਿਸੀ ਗਲਤ ਨਜ਼ਰ ਨਾਲ ਨਹੀਂ ਸੀ ਵੇਖਿਆ ਤੈਨੂੰ, ਬੱਸ ਆਪਣੇ ਭਵਿੱਖ ਦੀ ਜੀਵਨ ਸਾਥਣ ਦੇ ਰੂਪ ਚ ਵੇਖਿਆ ਸੀ ਤੈਨੂੰ, ਮੇਰੇ ਦਿਲ ਚ ਬਹੁਤ ਇੱਜ਼ਤ ਹੈ ਤੇਰੇ ਲਈ ਬਹੁਤ ਪਿਆਰ ਹੈ।
ਸਮਾਂ ਗੁਜ਼ਰਦਾ ਗਿਆ ਹੋਲੀ- ਹੋਲੀ ਮੇਰੀ ਸੋਚ ਤੇ ਨਜ਼ਰੀਆ ਉਸ ਇਨਸਾਨ ਲਈ ਵਧੀਆ ਹੋਣ ਲੱਗਾ, ਅਸੀਂ ਹਰ ਰੋਜ਼ ਗੱਲਾਂ-ਬਾਤਾਂ ਕਰਦੇ, ਮੇਰੇ ਵਿਚ ਓਹ ਦੇ ਕਾਰਨ ਬਹੁਤ ਬਦਲਾਅ ਆ ਗਿਆ, ਅਸੀਂ ਇੱਕ ਦੂਜੇ ਨਾਲ ਹਰ ਇੱਕ ਗੱਲ ਸਾਂਝੀ ਕਰਦੇ ਰਹੇ, ਉਹ ਦੇ ਨਾਲ ਮੈਨੂੰ ਵੀ ਪਿਆਰ ਹੋ ਗਿਆ ਜਦੋਂ ਵੀ ਅਸੀਂ ਇਕੱਠੇ ਬੈਠਕੇ ਗੱਲਬਾਤ ਕਰਦੇ ਮੈਨੂੰ ਬਹੁਤ ਚੰਗਾ ਲੱਗਦਾ। ਮੈ ਉਸ ਦੇ ਇਜ਼ਹਾਰ ਨੂੰ ਕਬੂਲ ਕਰ ਲਿਆ। ਮੈਂ ਓਹ ਨੂੰ ਹੱਦੋਂ ਵੱਧ ਪਿਆਰ ਕਰਨ ਲੱਗੀ। ਅਸੀਂ ਹਰ ਰੋਜ਼ ਇਕੱਠੇ ਬੈਠਕੇ ਚਾਹ ਪੀਂਦੇ, ਉਹ ਵੀ ਮੈਨੂੰ ਬਹੁਤ ਪਿਆਰ ਤੇ ਇੱਜ਼ਤ ਦਿੰਦਾ।
ਮੇਰੇ ਸੁਪਨਿਆਂ ਦੀ ਉਡਾਣ ਬਹੁਤ ਉੱਚੀ ਹੁੰਦੀ ਗਈ, ਬਹੁਤ ਸੋਚਦੀ ਵਿਆਹ ਵਾਲੇ ਦਿਨ ਜਦੋਂ ਜੋਗਿੰਦਰ ਦੇ ਲਾਲ ਪੱਗ ਬੰਨੀ ਹੋਊ ਤੇ ਮੈ ਲਾਲ ਸੂਟ ਪਾਇਆ ਹੋਊ ਅਸੀਂ ਕਿੰਨੇ ਸੋਹਣੇ ਲੱਗਾਂਗੇ, ਰੱਬ ਜੀ ਨੇ ਕਿੰਨਾ ਚੰਗਾ ਜੀਵਨ ਸਾਥੀ ਚੁਣ ਲਿਆ ਮੇਰੇ ਲਈ, ਸੱਚੀ ਸ਼ੁਕਰਗੁਜ਼ਾਰ ਹਾਂ ਓਸ ਰੱਬ ਦੀ ਬਹੁਤ ਕਿਸਮਤ ਵਾਲੀ ਹਾਂ ਮੈਂ। ਮੇਰੀਆ ਖੁੱਲ੍ਹੀਆਂ ਅੱਖਾਂ ਨਾਲ ਬੁਣਿਆ ਸੁਪਨਿਆਂ ਦਾ ਤਾਣਾ ਬਾਣਾ ਬਹੁਤ ਲੰਬਾ ਜਾ ਚੁੱਕਿਆ ਸੀ। ਬੇਵਜ੍ਹਾ ਓਹ ਦੇ ਪਿਆਰ ਕਾਰਨ ਮੇਰੇ ਮੁੱਖ ਤੇ ਮੁਸਕਾਨ ਰਹਿਣ ਲੱਗੀ ਸੀ। ਕੁੱਝ ਮਹੀਨੇ ਗੁਜ਼ਰੇ, ਤੇ ਓਹ ਮੈਨੂੰ ਕਹਿੰਦਾ ਆਪਾਂ ਇਸ ਐਤਵਾਰ ਘੁੰਮਣ ਚੱਲਦੇ ਆ ਕੀਤੇ ਬਾਹਰ, ਮੈਂ ਉਸ ਨੂੰ ਨਾਂਹ ਕਰ ਦਿੱਤੀ ਕਿ ਜੇ ਕਿਸੇ ਨੇ ਵੇਖ ਲਿਆ ਐਵੇਂ ਬਿਪਤਾ ਮੁੱਲ ਲੈ ਲਾਗੇ। ਪਰ ਉਹ ਨਾ ਮੰਨਿਆ ਕਹਿੰਦਾ ਫ਼ਿਕਰ ਨਾ ਕਰ ਤੂੰ ਆਪਣੇ ਨਾਲ ਹੋਏਗੀ ਕਿਸੀ ਬੇਗਾਨੇ ਨਾਲ ਨਹੀਂ। ਮੈਂ ਉਸ ਦੇ ਨਾਲ ਘੁੰਮਣ ਲਈ ਰਾਜ਼ੀ ਹੋ ਗਈ।
ਐਤਵਾਰ ਦਾ ਦਿਨ ਆ ਗਿਆ ਤੇ ਮੈ ਘਰੇ ਓਵਰ ਟਾਈਮ ਕਲਾਸਿਸ ਦਾ ਬਹਾਨਾ ਲਗਾ ਕੇ ਜੋਗਿੰਦਰ ਨਾਲ ਚਲੇ ਗਈ। ਅਸੀਂ ਇੱਕ ਕੈਫ਼ੇ ਤੇ ਕੌਫ਼ੀ ਪੀਤੀ,ਉਸ ਤੋ ਬਾਅਦ ਕਈ ਥਾਵਾਂ ਤੇ ਘੁੰਮੇ, 12 ਕੁ ਵਜੇ ਉਹ ਮੈਨੂੰ ਬਿਨਾਂ ਪੁੱਛਿਆ ਦੱਸਿਆ ਇੱਕ ਹੋਟਲ ਚ ਲੈ ਗਿਆ, ਜਦੋਂ ਮੈਂ ਪੁੱਛਿਆ ਐਥੇ ਕਿਉਂ ਆਏ ਆ ਆਪਾਂ? ਤਾਂ ਉਸ ਦਾ ਜਵਾਬ ਸੀ ਆਪਾ ਇਕੱਠੇ ਬਹਿਕੇ ਇਕੱਲੇ ਰੂਮ ਚ ਗੱਲਬਾਤ ਕਰਾਂਗੇ, ਨਾਲੇ ਆਪਾਂ ਨੂੰ ਕਿਸੇ ਦੇ ਦੇਖਣ ਦਾ ਖ਼ਤਰਾ ਨਹੀ ਹੋਊ, ਵੈਸੇ ਵੀ ਬਾਹਰ ਬਹੁਤ ਸ਼ੋਰ ਸ਼ਰਾਬਾ। ਐਨਾ ਕਹਿਣ ਤੇ ਉਸ ਨੇ ਇੱਕ ਰੂਮ ਬੁੱਕ ਕੀਤਾ। ਉਸ ਹੋਟਲ ਦਾ ਮਾਹੌਲ ਬੜਾ ਬਦਤਰ ਸੀ, ਕੋਈ ਕੁੜੀ ਸਿਗਰਟ ਪੀ ਰਹੀ ਸੀ ਕੋਈ ਜੋੜਾ ਬਾਂਹਾਂ ਚ ਬਾਂਹਾਂ ਪਾਕੇ ਜਾ ਰਿਹਾ ਸੀ। ਫਿਰ ਮੈਂ ਤੇ ਜੋਗਿੰਦਰ ਇਸ ਤਰ੍ਹਾਂ ਦੇ ਲੋਕਾਂ ਵਿਚੋਂ ਲੰਘਦੇ ਹੋਏ ਰੂਮ ਚ ਚਲੇ ਗਏ। ਅਸੀਂ ਦੋਨੋਂ ਇੱਕ ਦੂਜੇ ਦੇ ਆਹਮੋ- ਸਾਹਮਣੇ ਸਾਂ,ਉਹ ਮੇਰਾ ਹੱਥ ਫੜਕੇ ਬੈਠਾ ਰਿਹਾ, ਕੁੱਝ ਸਮੇਂ ਬਾਅਦ ਓਹ ਦੇ ਵਿਵਹਾਰ ਚ ਬਦਲਾਅ ਆਉਣ ਲੱਗਾ, ਉਹ ਕੁੱਝ ਜ਼ਿਆਦਾ ਹੀ ਮੇਰੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰਨ ਲੱਗਾ,ਜਦੋਂ ਉਹ ਜ਼ਿਆਦਾ ਹੱਕਦਾਰ ਜਿਹਾ ਹੋਣ ਲੱਗਾ, ਮੈਂ ਕੰਬਦੀ ਹੋਈ ਨੇ ਉਸ ਨੂੰ ਰੋਕ ਦਿੱਤਾ। ਉਹ ਬਹੁਤ ਗ਼ੁੱਸੇ ਚ ਮੈਨੂੰ ਬੋਲਿਆ ਬੱਸ ਤੇਰੀ ਆਹ ਹੀ ਪ੍ਰਾਬਲਮ ਹੈ, ਤੂੰ ਕਦੀ ਮੇਰੀ ਹੋ ਹੀ ਨਹੀਂ ਸਕਦੀ, ਕਿੰਨਾ ਪਿਆਰ ਕਰਦਾ ਬੱਸ ਤੈਨੂੰ ਮੇਰੇ ਪਿਆਰ ਤੇ ਯਕੀਨ ਹੀ ਨਹੀਂ, ਕੀ ਮੇਰੇ ਐਨਾ ਵੀ ਹੱਕ ਨਹੀਂ ਕਿ ਤੇਰੇ ਤੇ ਹਰ ਹੱਕ ਜਤਾ ਸਕਾ? ਥੱਕ ਗਿਆ ਤੇਰੀਆਂ ਰੋਕਾਂ ਟੋਕਾਂ ਤੇ ਬੰਦਿਸ਼ਾਂ ਤੋਂ ਨਵਰੀਤ, ਤੈਨੂੰ ਵਾਈਫ਼ ਮੰਨਿਆ ਮੈ, ਦੱਸ ਤੂੰ ਐਨਾ ਵੀ ਹੱਕ ਨਹੀਂ ਦੇ ਸਕਦੀ ਮੈਨੂੰ? ਉਸ ਸਮੇਂ ਮੈਨੂੰ ਇੰਞ ਲੱਗਿਆਂ ਕਿ ਹਾਂ ਮੈਂ ਹੀ ਗਲਤ ਹਾਂ, ਬਿਨਾਂ ਕੁੱਝ ਸੋਚਿਆ ਸਮਝਿਆ ਮੈਂ ਉਸ ਨੂੰ ਆਪਣਾ ਸਭ ਕੁੱਝ ਅਰਪਣ ਕਰ ਦਿੱਤਾ। ਓਸ ਸਮੇਂ ਮੇਰੀਆ ਅੱਖਾਂ ਚ ਹੰਝੂ ਸਨ, ਬੱਸ ਮੈਂ ਚੁੱਪ ਸੀ ,ਪਰ ਬਹੁਤ ਵੱਡੀ ਗੁਨਾਹਗਾਰ ਸੀ ਮੈ ਆਪਣੇ ਮਾ ਪਿਉ ਦੀ। ਬੱਸ ਓਸ ਜਿਸਮ ਦੇ ਅੱਡੇ ਚ ਉਹ ਮੇਰੇ ਜਿਸਮ ਨਾਲ ਖੇਡ ਗਿਆ।ਸ਼ਾਮ ਹੋਣ ਤੇ ਮੈ ਜਦੋਂ ਘਰੇ ਆਈ, ਮੈ ਆਪਣੇ ਬੇਬੇ ਬਾਪੂ ਨਾਲ ਅੱਖ ਵੀ ਨਾ ਮਿਲਾ ਸਕੀ ਬੱਸ ਉਨ੍ਹਾਂ ਤੋਂ ਲੁੱਕ-ਲੁੱਕ ਰੋਂਦੀ ਰਹੀ। ਅਗਲੇ ਦਿਨ ਮੈਂ ਸੈਂਟਰ ਨਾ ਗਈ, ਬੱਸ ਮਨ ਡਰਿਆ ਡਰਿਆ ਜਿਹਾ ਸੀ। ਫਿਰ ਸੋਚਿਆ ਬੇਬੇ ਨਾਲ ਕੰਮ ਕਰਵਾ ਦਵਾ ਸ਼ਾਇਦ ਮੇਰਾ ਮਨ ਕੰਮ ਚ ਲੱਗਣ ਨਾਲ ਕੁੱਝ ਹੋਰ ਹੋ ਜਾਵੇ। ਮੈ ਕੁੱਝ ਕੱਪੜੇ ਧੋਣ ਲੱਗ ਪਈ, ਕੱਪੜੇ ਧੋਂਦੀ ਦੇ ਇੱਕ ਦਮ ਮੇਰੇ ਹੱਥ ਚ ਕੋਈ ਤਿੱਖੀ ਚੀਜ਼ ਚੁਭੀ ਤੇ ਮੇਰਾ ਹੱਥ ਜ਼ਖਮੀ ਹੋਕੇ ਖੂਨ ਨਾਲ ਲੱਥ ਪੱਥ ਹੋ ਗਿਆ, ਤੇ ਧੋਣ ਲਈ ਰੱਖੀ ਬਾਪੂ ਦੀ ਚਿੱਟੀ ਪੱਗ ਖੂਨ ਨਾਲ ਭਿੱਜ ਗਈ, ਬਾਪੂ ਦੀ ਚਿੱਟੀ ਪੱਗ ਤੇ ਲੱਗੇ ਖੂਨ ਦੇ ਦਾਗ ਵੇਖ ਕੇ ਮੈਂ ਚੀਕ ਮਾਰੀ, ਮੇਰੀ ਬੇਬੇ ਚੀਕ ਸੁਣਕੇ ਨੰਗੇ ਪੈਰੀ ਭੱਜੀ ਆਈ। ਬੇਬੇ ਬੋਲੀ ਰੀਤ ਕੀ ਹੋਇਆ ਮੈਂ ਬਾਪੂ ਦੀ ਪੱਗ ਨੂੰ ਸੀਨੇ ਨਾਲ ਲਾਕੇ ਬੈਠੀ ਰਹੀ, ਉੱਚੀ-ਉੱਚੀ ਭੁੱਬਾਂ ਮਾਰ ਕੇ ਰੋਂਦੀ ਹੋਈ ਬੋਲੀ, ਬੇਬੇ ਮੈਂ ਬਾਪੂ ਦੀ ਪੱਗ ਨੂੰ ਦਾਗ ਲਾਤਾ, ਦੇਖ ਬੇਬੇ ਮੇਰੇ ਬਾਪੂ ਦੀ ਪੱਗ ਦਾ ਮੈ ਕੀ ਹਾਲ ਕਰਤਾ ਮੇਰਾ ਬਾਪੂ ਕਦੀ ਮਾਫ਼ ਨੀ ਕਰੂ ਬੇਬੇ ਮੈਨੂੰ। ਮੇਰੀ ਬੇਬੇ ਮੇਰੀ ਇਹ ਹਾਲਾਤ ਵੇਖ ਘਬਰਾ ਗਈ, ਉਹ ਨੇ ਮੇਰੇ ਤੋਂ ਪੱਗ ਖੋਹ ਕੇ ਇੱਕ ਪਾਸੇ ਰੱਖ ਦਿੱਤੀ, ਤੇ ਮੈਨੂੰ ਘੁੱਟ ਕੇ ਗਲ ਨਾਲ ਲਾਇਆ ਕੋਈ ਨਾ ਪੁੱਤ ਇਹ ਦਾਗ ਮੈਂ ਆਪੇ ਧੋ ਦੇਵਾਂਗੀ,ਫਿਰ ਬੇਬੇ ਆਪਣੀ ਚੁੰਨੀ ਦਾ ਲੜ ਪਾੜ ਕੇ ਮੇਰੇ ਜ਼ਖਮੀ ਹੱਥ ਤੇ ਪੱਟੀ ਕਰਨ ਲੱਗੀ, ਮੇਰਾ ਸਿਰ ਪਰੋਸਿਆ ਤੇ ਮੈਨੂੰ ਕਮਰੇ ਚ ਕੰਬਲ ਦੇ ਕੇ ਸੁਲਾ ਗਈ।ਪਰ ਮੇਰਾ ਮਨ ਬੋਲਿਆ ਕਿੱਦਾਂ ਲਾਹੇਗੀ ਮਾਏ ਤੇਰੀ ਇੱਜ਼ਤ ਤੇ ਲੱਗਿਆ ਦਾਗ। ਮੈ ਸਾਰੀ ਰਾਤ ਓਹੀ ਡਰ ਨਾਲ ਕੰਬਦੀ ਰਹੀ। ਬਹੁਤ ਵੱਡੀ ਗੁਨਾਹਗਾਰ ਸੀ ਮੈ ਬੇਬੇ ਬਾਪੂ ਦੀ, ਜੋ ਮਹੀਨਿਆਂ ਦੇ ਪਿਆਰ ਪਿੱਛੇ ਸਾਲਾਂ ਦਾ ਪਿਆਰ ਭੁੱਲ ਗਈ ਸੀ। ਅਗਲੀ ਸਵੇਰ ਮੈਂ ਸੈਂਟਰ ਚ ਗਈ, ਮੈਂ ਜੋਗਿੰਦਰ ਨਾਲ ਸਾਫ਼ ਸਾਫ਼ ਗੱਲ ਕਰਨ ਦਾ ਫ਼ੈਸਲਾ ਕਰ ਲਿਆ ਸੀ। ਉਹ ਮੇਰੇ ਵੱਲ ਇਸ ਤਰ੍ਹਾਂ ਵੇਖ ਰਿਹਾ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ। ਮੈ ਉਸ ਨੂੰ ਕਿਹਾ ਬਹੁਤ ਹੋ ਗਈਆਂ ਹੁਣ ਇਸ਼ਕ ਦੀਆਂ ਪਹੇਲੀਆਂ, ਮੈ ਇਸ ਦਾਗ਼ੀ ਜ਼ਿੰਦਗੀ ਨਾਲ ਨਹੀਂ ਜੀਅ ਸਕਦੀ, ਤੇਰੇ ਅੱਗੇ ਹੱਥ ਜੋੜਦੀ ਆ ਪਲੀਜ਼ ਮੇਰੇ ਘਰੇ ਤੂੰ ਆਪਣੇ ਰਿਸ਼ਤੇ ਦੀ ਗੱਲ ਕਰਲਾ। ਵੇਖ ਮੈ ਆਪਣੀਆਂ ਨਜ਼ਰਾਂ ਚ ਹੀ ਮੁਲਜ਼ਮ ਬਣੀ ਫਿਰਦੀ ਆ, ਤੂੰ ਆਪਣੇ ਘਰਦਿਆਂ ਨੂੰ ਮਨਾ ਲਾ ਜੋਗਿੰਦਰ, ਮੇਰੇ ਮਾਪਿਆਂ ਨਾਲ ਇੱਕ ਵਾਰ ਗੱਲ ਕਰਲਾ ਉਹ ਕਦੀ ਨਾਂਹ ਨਹੀਂ ਕਰਨਗੇ ਬਹੁਤ ਲਾਡਲੀ ਹਾ ਮੈਂ ਉਨ੍ਹਾਂ ਨੂੰ। ਉਹ ਬੱਸ ਸੁਣਦਾ ਰਿਹਾ ਮੈਨੂੰ, ਤੇ ਖਿੱਝਕੇ ਬੋਲਿਆ ਬੱਸ ਹੋ ਗਏ ਤੇਰੇ ਪ੍ਰਵਚਨ, ਜਿੰਨੀ ਭੋਲੀ ਤੈਨੂੰ ਸਮਝਦਾ ਸੀ ਵੈਸੇ ਤੂੰ ਓਨੀ ਹੈ ਨੀ। ਸਬਰ ਰੱਖ ਵਿਆਹ ਦੇ ਫ਼ੈਸਲੇ ਕੋਈ ਮਜ਼ਾਕ ਨਹੀਂ ਆ ਜੋ ਮਿੰਟਾਂ ਚ ਲੈ ਲਵਾ। ਮੈਂ ਅੱਖਾਂ ਦੇ ਹੰਝੂ ਪੂੰਝਦੀ ਹੋਈ ਬੋਲੀ, ਅੱਛਾ ਕਿਸੀ ਦੇ ਦਿਲ ਤੇ ਜਿਸਮ ਨਾਲ ਖੇਡਣ ਦੇ ਫ਼ੈਸਲੇ ਤੇਰੇ ਵਰਗੇ ਇਨਸਾਨ ਤੋਂ ਬੜੀ ਜਲਦੀ ਲੈ ਹੋ ਜਾਦੇ ਨੇ। ਉਹ ਮੈਨੂੰ ਗ਼ੁੱਸੇ ਚ ਬੋਲਿਆ ਬੱਸ ਤੇਰੇ ਵਰਗੀ ਪੇਂਡੂ ਨਾਲ ਮੇਰੀ ਸੋਚ ਮਿਲ ਵੀ ਨਹੀਂ ਸਕਦੀ। ਮੈਂ ਝੂਠੀ ਹਾਸੀ ਹੱਸਦੀ ਨੇ ਕਿਹਾ ਵਾਹ ਓਏ ਸਰਦਾਰਾ! ਹੁਣ ਤੈਨੂੰ ਮੇਰੀ ਸੋਚਣੀ ਪੇਂਡੂ ਲੱਗ ਪਈ, ਕਦੀ ਤੈਨੂੰ ਮੇਰੇ ਵਿਚੋਂ ਰੱਬੀ ਦੀਦਾਰ ਹੁੰਦਾ ਸੀ। ਲਾਉਣੀਆਂ ਸੌਖੀਆਂ ਪਰ ਨਿਭਾਉਣੀਆਂ ਬਹੁਤ ਔਖੀਆਂ ਨੇ ਸਰਦਾਰਾ। ਉਹ ਬੋਲਿਆ ਬੱਸ ਬਹੁਤ ਜ਼ੁਬਾਨ ਲੜਾ ਲਈ, ਜੋ ਕਰਨਾ ਕਰ ਤੇਰੇ ਜਿਹੀ ਪੰਜਾਬੀ ਪੜੀ ਨਾਲ ਮੈਂ ਵਿਆਹ ਕਰਵਾਵਾਂ ਕਦੀ ਹੋ ਹੀ ਨੀ ਸਕਦਾ ਤੇਰਾ ਮੇਰਾ ਮੇਲ ਹੀ ਕੀ ਆ? ਮੇਰੀ ਜ਼ਿੰਦਗੀ ਤੋ ਦੂਰ ਰਹਿ। ਮੈਂ ਰੋਂਦੀ ਕੁਰਲਾਉਂਦੀ ਉਸ ਅੱਗੇ ਚੁੰਨੀ ਦਾ ਪੱਲਾ ਫੈਲਾ ਕੇ ਬੈਠ ਗਈ, ਭੀਖ ਮੰਗਦੀ ਏ ਤੇਰੇ ਕੋਲੋਂ ਮੇਰੀ ਇੱਜ਼ਤ ਲਈ ਹੀ ਮੇਰੇ ਨਾਲ ਵਿਆਹ ਕਰਵਾਲਾ ਸਾਰੀ ਉਮਰ ਤੇਰੀ ਗੁਲਾਮੀ ਕਰੂ, ਮੈਂ ਉਸ ਦੇ ਪੈਰਾਂ ਵਿਚ ਡਿੱਗ ਗਈ, ਪਰ ਉਸ ਨੇ ਮੈਨੂੰ ਲੱਤ ਮਾਰ ਇੱਕ ਪਾਸੇ ਸੁੱਟ ਦਿੱਤਾ। ਜਾਂਦਾ ਹੋਇਆ ਹੱਥ ਜੋੜ ਕਹਿ ਗਿਆ ਬੱਸ ਮੇਰਾ ਖਹਿੜਾ ਛੱਡ, ਜਿੱਥੇ ਮਰਜ਼ੀ ਜਾਹ ਜੋ ਕਰਨਾ ਕਰ। ਆਪਣੀ ਪੰਜਾਬੀ ਦੀ ਮਾਸਟਰੀ ਕਿਸੇ ਹੋਰ ਤੇ ਮਾਰੀ। ਨਾ ਖ਼ਤਮ ਕਰ ਮੈਨੂੰ ਸਰਦਾਰਾ ਜਿਊਂਦੀ ਨੂੰ। ਮੈਨੂੰ ਗ਼ੁੱਸੇ ਚ ਤੱਕਦਾ ਹੋਇਆ ਰੋਂਦੀ ਨੂੰ ਛੱਡ ਕੇ ਲੰਘ ਗਿਆ।
ਮੇਰੀ ਜ਼ਿੰਦਗੀ ਦਾ ਹਰ ਰਾਹ ਬੰਦ ਹੋ ਗਿਆ ਸੀ, ਪਾਪੀ ਨਿੱਕਲਿਆ ਤੂੰ ਤੇਰੀ ਸੋਚ ਚ ਹੀ ਪਾਪ ਸੀ, ਮੈਂ ਤਾਂ ਸੱਚੇ ਦਿਲੋਂ ਚਾਹਿਆ ਸੀ ਤੈਨੂੰ, ਹਾਂ ਮਰ ਜਾਵਾਂਗੀ ਪਰ ਕਿਸੀ ਹੋਰ ਦੀ ਨਹੀਂ ਹੁੰਦੀ। ਮੈਂ ਤਾਂ ਰੱਬ ਮੰਨਿਆ ਸੀ ਤੈਨੂੰ ਪਰ ਤੂੰ ਸਿਰਫ਼ ਹੈਵਾਨ ਨਿੱਕਲਿਆ।ਤੇਰੇ ਹਾਸੇ ਵੀ ਅੱਜ ਬੜੇ ਹੋਣਗੇ, ਤੇਰੀਆਂ ਮਹਿਫ਼ਲਾਂ ਵੀ ਬੜੀਆਂ ਹੋਣਗੀਆਂ, ਪਤਾ ਮੈਨੂੰ ਤੂੰ ਜ਼ਰੂਰ ਖੇਡੇਗਾ ਹੋਰ ਇੱਜ਼ਤਾਂ ਦੇ ਨਾਲ ਆਪਣੀ ਹੈਵਾਨੀਅਤ ਦੀ ਭੁੱਖ ਨੂੰ ਮਿਟਾਉਣ ਲਈ। ਇਹ ਠੰਢੀ ਪੌਣ ਜਦੋਂ ਤੇਰੇ ਸੀਨੇ ਵਿਚ ਗੁਜ਼ਰੂ ਪਤਾ ਮੈਨੂੰ ਆਪਣੇ ਠਰਦੇ ਹੱਥਾਂ ਨੂੰ ਝੱਸੇਗਾ ਜ਼ਰੂਰ,,ਹਾਂ ਯਕੀਨਨ ਤੈਨੂੰ ਮੇਰਾ ਚੇਤਾ ਵੀ ਜ਼ਰੂਰ ਆਊ, ਜਦੋਂ ਤੂੰ ਭਾਫਾਂ ਨਿੱਕਲਦੇ ਚਾਹ ਦੇ ਪਿਆਲੇ ਨੂੰ ਤਰਾਸ਼ੇਗਾ, ਮੇਰੀ ਜ਼ਿੰਦਗੀ ਨੂੰ ਸੋਗਮਈ ਬਣਾਉਣ ਵਾਲਿਆਂ ਖ਼ੁਸ਼ ਰਹੀ, ਮੈ ਮੁੱਕ ਗਈ ਆ, ਪਰ ਇਹ ਅਲਫਾਜ਼ ਜ਼ਰੂਰ ਜਿਊਂਦੇ ਰਹਿਣਗੇ।
ਅਲਵਿਦਾ।
ਕੁਲਵਿੰਦਰ ਕੌਰ ਸੋਮਲ
ਪਿੰਡ, ਕਲੌੜ
ਜਿਲ੍ਹਾ- ਫ਼ਤਹਿਗੜ੍ਹ ਸਾਹਿਬ।
Real story of today's world
ReplyDelete