ਪੰਜਾਬੀ ਦੀ ਇੱਕ ਕਹਾਵਤ ਐ ਕਿ ਚੰਨ ਕਦੇ ਗਹਿਣਿਆਂ ਦਾ ਮੁਹਤਾਜ ਨ੍ਹੀਂ ਹੁੰਦਾ।ਏਸੇ ਈ ਤਰ੍ਹਾਂ ਇੱਕ ਹੋਰ ਕਹਾਵਤ ਐ: ਚੰਨ ਤੇ ਥੁੱਕਿਆਂ, ਮੂੰਹ ਤੇ ਪੈਂਦੈ।ਇਹਨਾਂ ਦੋਨਾਂ ਈ ਤੱਥਾਂ ਦਾ ਸੰਬੰਧ ਕਿਸੇ ਨਾ ਕਿਸੇ ਤਰ੍ਹਾਂ ਏਸ ਲੇਖ ਵਿਚਲੀ ਸ਼ਖ਼ਸੀਅਤ ਨਾਲ ਜ਼ਰੂਰ ਜੁੜਦੈ। ਜਿਸ ਸ਼ਖ਼ਸੀਅਤ ਦੀ ਗੱਲ ਮੈਂ ਹਥਲੇ ਲੇਖ ਚ ਕਰਨ ਜਾ ਰਿਹਾਂ।ਉਹ ਗੁਰਮੁਖੀ-ਜਿਊੜੇ ਹਨ: ਭਾਈ ਸਾਹਿਬ ਭਾਈ ਵੀਰ ਸਿੰਘ ਜੀ। ਉਨ੍ਹਾਂ ਨੂੰ ਕਿਸੇ ਨੇ ਡਾਕਟਰ ਭਾਈ ਵੀਰ ਸਿੰਘ ਕਿਹੈ,ਕਿਸੇ ਨੇ ਪਦਮ ਭੂਸ਼ਣ ਭਾਈ ਵੀਰ ਸਿੰਘ ਕਿਹੈ,ਕਿਸੇ ਨੇ ਕਰਮਯੋਗੀ ਭਾਈ ਵੀਰ ਸਿੰਘ ਕਿਹੈ।ਕਿਸੇ ਨੇ ਕੋਈ ਵਿਸ਼ੇਸ਼ਣ ਤੇ ਕਿਸੇ ਨੇ ਕੋਈ ਵਿਸ਼ੇਸ਼ਣ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਜੋੜਿਐ। ਜੇ ਉਨ੍ਹਾਂ ਨੂੰ ਮਿਲੇ ਮਾਨਾਂ-ਸਨਮਾਨਾਂ ਵੱਲ ਵੇਖੀਏ ਤਾਂ ਡੀ.ਲਿਟ ਦੀ ਉਪਾਧੀ ਤੋਂ ਲੈ ਕੇ,ਪਦਮ-ਭੂਸ਼ਣ ਸਨਮਾਨ, ਭਾਰਤੀ ਸਾਹਿੱਤ ਅਕਾਦਮੀ ਐਵਾਰਡ ਆਦਿ ਹਰ ਤਰ੍ਹਾਂ ਦਾ ਦੁਨਿਆਵੀ ਮਾਣ-ਸਨਮਾਨ ਉਨ੍ਹਾਂ ਨੂੰ ਮਿਲਿਐ ਪਰ ਜਿਉਂ-ਜਿਉਂ ਏਸ ਲਾਸਾਨੀ ਸ਼ਖ਼ਸੀਅਤ ਦੀ ਝੋਲੀ ਮਾਨਾਂ-ਸਨਮਾਨਾਂ ਨਾਲ ਭਰਦੀ ਗਈ।ਇਹ ਸ਼ਖ਼ਸੀਅਤ ਠੰਢੇ-ਪਾਣੀਆਂ ਦੀ ਨਿਆਈਂ ਹੋਰ ਨਿਵਾਣਾਂ ਵੱਲ ਅਗਰਸਰ ਹੁੰਦੀ ਗਈ।ਲੋਕ ਭਾਵੇਂ ਸਮੇਂ ਦੇ ਨਾਲ-ਨਾਲ ਉਨ੍ਹਾਂ ਦੇ ਸ਼ੁਭ-ਗੁਣਾਂ ਨਾਲ ਮੇਲ ਖਾਂਦੇ ਵੱਖ-ਵੱਖ ਵਿਸ਼ੇਸ਼ਣ ਜੋੜਦੇ ਗਏ। ਪਰ ਉਹ ਖ਼ੁਦ ਸਾਰੀ ਉਮਰ ਆਪਣੇ ਆਪ ਨੂੰ ਭਾਈ ਸਾਹਿਬ ਅਖਵਾ ਕੇ ਈ ਖ਼ੁਸ਼ ਹੁੰਦੇ ਰਹੇ।ਇਸ ਪ੍ਰਕਾਰ ਉਨ੍ਹਾਂ ਨੇ ਪੰਜਾਬੀ ਲੋਕ-ਮਨਾਂ ਚ ਉੱਕਰੀ ਅਖਾਉਤ ਕਿ ਸੁੰਦਰਤਾ ਕਦੇ ਗਹਿਣਿਆਂ ਭਾਵ ਵਿਸ਼ੇਸ਼ਣਾਂ ਦੀ ਮੁਹਤਾਜ ਨ੍ਹੀਂ ਹੁੰਦੀ; ਸੱਚ ਸਾਬਤ ਕਰ ਦਿਖਾਈ। ਹੁਣ ਦੂਜੇ ਤੱਥ ਦੀ ਵਿਚਾਰ ਕਰੀਏ ਕਿ ਚੰਨ ਤੇ ਥੁੱਕਿਆ ਹਮੇਸ਼ਾ ਮੂੰਹ ਤੇ ਕਿਵੇਂ ਪੈਂਦੈ।ਇਹ ਅਖਾਉਤ ਵੀ ਭਾਈ ਸਾਹਿਬ ਦੇ ਦੋਖੀਆਂ ਤੇ ਇੰਨ-ਬਿੰਨ ਢੁਕਦੀ ਏ।ਬਹੁਤ ਸਾਰੇ ਨਾਸਤਿਕ-ਵਾਦੀ ਸਮੇਂ-ਸਮੇਂ ਤੇ ਭਾਈ ਸਾਹਿਬ ਦੀ ਚੰਨ ਵਰਗੀ ਸ਼ਖ਼ਸੀਅਤ ਤੇ ਹਮੇਸ਼ਾ ਦਾਗ ਲਾਉਣ ਲਈ ਤਤਪਰ ਰਹੇ ਹਨ।ਅਨੇਕਾਂ ਯੂਨੀਵਰਸਿਟੀਆਂ ਦੀਆਂ ਕੁਰਸੀਆਂ ਸਾਂਭੀ ਬੈਠੇ ਇਹਨਾਂ ਲੋਕਾਂ ਨੇ ਭਾਈ ਸਾਹਿਬ ਨੂੰ 'ਦੇਸ਼ ਦੇ ਗ਼ੱਦਾਰ' ਤੱਕ ਦੀ ਸੰਗਿਆ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ।ਪਰ ਇਹ ਸ਼ਬਾਬ ਤੇ ਸ਼ਰਾਬ ਦੀਆਂ ਨਦੀਆਂ ਚ ਡੁੱਬਣ ਵਾਲੇ ਭਾਈ ਸਾਹਿਬ ਦੀ ਅਨੂਠੀ ਤੇ ਇਲਾਹੀ ਰੰਗ ਚ ਰੰਗੀ ਸ਼ਖ਼ਸੀਅਤ ਨੂੰ ਕਦੇ ਵੀ ਸਮਝ ਨ੍ਹੀਂ ਸਕੇ। ਕੁੱਝ ਤਰਕਵਾਦੀਆਂ ਦਾ ਵਿਚਾਰ ਐ ਕਿ ਜਦ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ ਤਾਂ ਭਾਈ ਵੀਰ ਸਿੰਘ ਕਸ਼ਮੀਰ ਚ ਬੈਠਾ 'ਵੈਰੀ ਨਾਗ' (ਇੱਕ ਚਸ਼ਮਾ) ਦੇ ਸੋਹਲੇ ਗਾਈ ਜਾ ਰਿਹਾ ਸੀ।ਉਸ ਨੂੰ ਪ੍ਰਕਿਰਤੀ ਨਾਲ ਪ੍ਰੇਮ ਤੋਂ ਈ ਵਿਹਲ ਨ੍ਹੀਂ ਸੀ ਮਿਲ ਰਹੀ।ਇਹਨਾਂ ਲੋਕਾਂ ਦਾ ਗਿਲਾ ਏ ਕਿ ਭਾਈ ਸਾਹਿਬ ਨੇ ਦੇਸ਼ ਦੀ ਆਜ਼ਾਦੀ ਲਈ ਕਦੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ। ਐਸੇ ਸਤਹੀ ਗਿਆਨ ਵਾਲਿਆਂ ਨੂੰ ਦੱਸਣਾ ਜ਼ਰੂਰੀ ਐ ਕਿ ਭਾਈ ਸਾਹਿਬ ਕੋਈ ਰਾਜਨੀਤਕ ਵਿਅਕਤੀ ਨਹੀਂ ਸਨ ਜੋ ਨਾਅਰੇ ਮਾਰਦੇ ਹੋਏ ਲੋਕਾਂ ਨੂੰ ਪਿੱਛੇ ਲਾ ਆਪਣੇ ਵਿਚਾਰਾਂ ਦਾ ਇਜ਼ਹਾਰ ਕਰਦੇ।ਵੈਸੇ ਉਹ ਲੋਕ ਵੀ ਮੁਬਾਰਕ ਨੇ ਜਿਨ੍ਹਾਂ ਨੇ ਇਸ ਤਰੀਕੇ ਨਾਲ ਆਜ਼ਾਦੀ ਦੀ ਜੱਦੋ-ਜਹਿਦ ਚ ਹਿੱਸਾ ਪਾਇਆ।ਪਰ ਹਰ ਜੰਗ ਵਿਚ ਹਰ ਬੰਦੇ ਦਾ ਯੋਗਦਾਨ ਇੱਕੋ ਤਰੀਕੇ ਨਾਲ ਵੇਖਣਾ ਸਰਾਸਰ ਬੇਇਨਸਾਫ਼ੀ ਏ।ਆਜ਼ਾਦੀ ਦੀ ਲੜਾਈ ਲਈ ਹਰ ਦੇਸ਼-ਭਗਤ ਆਪੋ-ਆਪਣੇ ਵਿੱਤ ਮੁਤਾਬਿਕ ਆਪੋ-ਆਪਣੇ ਤਰੀਕੇ ਨਾਲ ਯੋਗਦਾਨ ਦੇ ਰਿਹਾ ਸੀ। ਭਾਈ ਸਾਹਿਬ ਪੰਜਾਬ ਦੀ ਧਰਤੀ ਦੇ ਵਰੋਸਾਏ ਇੱਕ ਸੁਹਿਰਦ ਸ਼ਾਇਰ ਸਨ ਜਿਨ੍ਹਾਂ ਨੇ ਇਹਨਾਂ ਹਾਲਤਾਂ ਚ ਆਪਣੇ ਫ਼ਰਜ਼ ਨੂੰ ਬਾਖ਼ੂਬੀ ਨਿਭਾਇਆ।ਆਪਣੇ ਇਲਾਹੀ-ਇਤਕਾਦ ਤੇ ਪ੍ਰਭੂ-ਪ੍ਰੇਮਾ ਭਗਤੀ ਦੇ ਨਾਲ-ਨਾਲ 'ਗੁਲਾਮੀ ਦਾ ਪਿੰਜਰਾ' ਤੋੜਨ ਲਈ ਵੀ ਦੇਸ਼ ਵਾਸੀਆਂ ਨੂੰ ਹਲੂਣਿਆ।ਉਨ੍ਹਾਂ ਦੀ ਪ੍ਰਸਿੱਧ ਕਵਿਤਾ 'ਪਿੰਜਰੇ ਪਿਆ ਪੰਛੀ' ਕਲਾ ਨੂੰ ਪ੍ਰਣਾਏ ਇੱਕ ਸੁਹਿਰਦ ਕਵੀ ਵਾਂਗ ਹਾਕਮਾਂ ਦੀ ਨੀਯਤ ਤੇ ਜਨਤਾ ਦੀ ਤ੍ਰਾਸਦੀ ਨੂੰ ਇਹਨਾਂ ਸ਼ਬਦਾਂ ਚ ਬਿਆਨ ਕਰਦੀ ਹੈ:
ਜ਼ਾਲਮ ਖੜ੍ਹਾ ਹਵਾ ਖੁੱਲ੍ਹੀ ਵਿਚ, ਆਖੇ ਪਿੰਜਰਾ ਸੋਹਣਾ।
ਵਿਚ ਆ ਜਾਵੇਂ,ਫੇਰ ਮੈਂ ਪੁੱਛਾਂ, ਕਿੰਨਾ ਹੈ ਮਨਮੋਹਣਾ!
ਪ੍ਰਤੀਕਾਤਮਿਕ ਤਰੀਕੇ ਨਾਲ 'ਹਾਕਮ' ਨੂੰ 'ਜ਼ਾਲਮ' ਕਹਿਣਾ ਤੇ ਗੁਲਾਮੀ ਦੇ ਪਿੰਜਰੇ ਚ ਕੈਦ ਭਾਰਤੀ ਜਨਤਾ ਨੂੰ ਕੈਦ ਪੰਛੀ ਦੀ ਸੰਗਿਆ ਦੇ ਕੇ ਮਜ਼ਲੂਮ ਲੋਕਾਂ ਦੀ ਤ੍ਰਾਸਦੀ ਨੂੰ ਬਿਆਨ ਕਰ ਕੇ ਭਾਈ ਸਾਹਿਬ ਨੇ ਸੂਰਮਿਆਂ ਵਾਲਾ ਕਾਰਜ ਕੀਤਾ ਹੈ। ਏਸੇ ਨਾਰਾਜ਼ਗੀ ਦੇ ਚੱਲਦਿਆਂ ਉਸ ਵਕਤ ਦੀ ਹਿੰਦ ਸਰਕਾਰ ਦੇ ਖ਼ੁਫ਼ੀਆ ਵਿਭਾਗ ਦੇ ਸਹਾਇਕ ਡਾਇਰੈਕਟਰ ਐਮ. ਡੀ. ਪੈਟਰੀ ਨੇ 1917 ਦੀ ਆਪਣੀ ਰਿਪੋਰਟ ਚ ਭਾਰਤ ਸਰਕਾਰ ਨੂੰ ਲਿਖਿਆ ਸੀ- "ਭਾਈ ਵੀਰ ਸਿੰਘ ਗੁਰਮੁਖੀ ਅਖ਼ਬਾਰ ਖ਼ਾਲਸਾ ਸਮਾਚਾਰ ਦਾ ਐਡੀਟਰ ਤੇ ਪ੍ਰਬੰਧਕ ਹੈ।ਉਹ ਸਿੱਖਾਂ ਵਿਚ ਜਾਗ੍ਰਿਤੀ ਲਿਆਉਣ ਵਾਲੀ ਸੰਸਥਾ ਦਾ ਸਿਰਕੱਢ ਆਗੂ ਹੈ।ਉਨ੍ਹਾਂ ਦੇ ਵਿਚਾਰ ਪੂਰੀ ਤਰ੍ਹਾਂ ਵਿਦਰੋਹੀ ਹਨ।ਸਥਾਨਕ ਅਫ਼ਸਰਾਂ ਦੀ ਵੀ ਇਹੋ ਰਾਇ ਹੈ।ਚੀਫ਼ ਖ਼ਾਲਸਾ ਦੀਵਾਨ ਦੀਆਂ ਨੀਤੀਆਂ ਵਿਚ ਵੀ ਉਹਦੀ ਹੀ ਗੱਲ ਚੱਲਦੀ ਹੈ। ਉਹ ਦਰਬਾਰ ਸਾਹਿਬ ਦੇ ਵੱਡੇ ਗ੍ਰੰਥੀ ਨੂੰ ਇਸ ਦਾ ਪ੍ਰਬੰਧ ਨਵੀਂ ਸਿੱਖ ਪਾਰਟੀ ਦੇ ਹਵਾਲੇ ਕਰਨ ਲਈ ਅਕਸਰ ਕਹਿੰਦਾ ਰਹਿੰਦਾ ਹੈ।ਉਸ ਦਾ 'ਖ਼ਾਲਸਾ ਟਰੈਕਟ ਸੁਸਾਇਟੀ' ਤੇ ਵੀ ਪੂਰਾ ਅਧਿਕਾਰ ਹੈ। ਉਸ ਨੂੰ ਯਕੀਨਨ ਇੱਕ ਜੋਸ਼ੀਲਾ ਨਵਾਂ-ਸਿੱਖ ਤੇ ਬਰਤਾਨਵੀ ਰਾਜ ਦਾ ਕੱਟੜ ਵਿਰੋਧੀ ਸਮਝਿਆ ਜਾ ਸਕਦਾ ਹੈ।" ਇਸ ਉਪਰੋਕਤ ਸੀ.ਆਈ. ਡੀ ਰਿਪੋਰਟ ਤੋਂ ਸਪਸ਼ਟ ਹੈ ਕਿ ਭਾਈ ਸਾਹਿਬ ਗਾਹੇ-ਬਗਾਹੇ ਅੰਗਰੇਜ਼ ਸਰਕਾਰ ਦੀ ਅੱਖ ਦਾ ਰੋੜਾ ਸਨ।ਇਸ ਪ੍ਰਕਾਰ ਭਾਈ ਸਾਹਿਬ ਤੇ ਊਜਾਂ ਲਾਉਣ ਵਾਲੇ ਨਾਸਤਿਕ ਟੋਲੇ ਪੂਰੀ ਤਰ੍ਹਾਂ ਗਲਤ ਸਾਬਤ ਹੁੰਦੇ ਹਨ।
ਗੁਰਮੁਖੀ-ਜਿਊੜੇ ਭਾਈ ਸਾਹਿਬ ਤਾਂ ਕਿਸੇ ਸਧਾਰਨ ਇਨਸਾਨ ਦਾ ਸਧਾਰਨ ਦੁੱਖ ਵੀ ਨ੍ਹੀਂ ਸੀ ਜਰ ਸਕਦੇ।ਫਿਰ ਉਹ ਅੰਗਰੇਜ਼ਾਂ ਦੁਆਰਾ ਢਾਹੇ ਜ਼ੁਲਮਾਂ ਦੇ ਹਿਮਾਇਤੀ ਕਿੱਥੋਂ ਬਣ ਗਏ? ਉਨ੍ਹਾਂ ਦੀ ਆਪਣੀ ਜ਼ੁਬਾਨੀ:
ਦੁਨੀਆਂ ਦਾ ਦੁੱਖ ਦੇਖ-ਦੇਖ, ਦਿਲ ਦੱਬਦਾ –ਦੱਬਦਾ ਜਾਂਦਾ।
ਪਰ ਪੱਥਰ ਨਹੀਂ ਬਣਿਆ ਜਾਂਦਾ, ਦਰਦ ਦੇਖ ਦੁੱਖ ਆਂਦਾ।
ਐਸੀ ਗੁਰਮੁਖੀ-ਰੂਹ ਦਾ ਜਨਮ 5 ਦਸੰਬਰ 1872 ਨੂੰ ਪਾਵਨ ਧਰਤੀ ਅੰਮ੍ਰਿਤਸਰ ਵਿਖੇ ਡਾਕਟਰ ਚਰਨ ਸਿੰਘ ਦੇ ਗ੍ਰਹਿ ਮਾਤਾ ਉੱਤਮ ਕੌਰ ਦੀ ਕੁੱਖੋਂ ਹੋਇਆ।ਆਪ ਦੇ ਪਿਤਾ ਜੀ ਡਾਕਟਰੀ ਦੇ ਨਾਲ-ਨਾਲ ਚੰਗੇ ਵਿਦਵਾਨ ਸਨ। ਮਾਤਾ ਉੱਤਮ ਕੌਰ ਗਿਆਨੀ ਹਜ਼ਾਰਾ ਸਿੰਘ ਦੀ ਸੁਹਿਰਦ ਸਪੁੱਤਰੀ ਸੀ। ਇਸ ਧਰਮਾਤਮਾ ਮਾਂ ਨੇ ਭਾਈ ਸਾਹਿਬ ਦੀ ਸ਼ਖ਼ਸੀਅਤ ਦਾ ਮੁੱਢਲਾ ਬਾਂਨ੍ਹਣੂੰ ਬੰਨ੍ਹਣ ਚ ਬੜਾ ਯੋਗਦਾਨ ਪਾਇਆ। ਹੈਰਾਨੀ ਦੀ ਗੱਲ ਐ ਕਿ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਦੀ ਸੰਗਤ ਚ ਭਾਈ ਸਾਹਿਬ ਨੇ ਸਿਰਫ਼ ਅੱਠ ਸਾਲ ਦੀ ਛੋਟੀ ਉਮਰੇ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਪਹਿਲਾ ਭੋਗ ਪਾ ਲਿਆ।ਗੁਰੁ ਗ੍ਰੰਥ ਸਾਹਿਬ ਦੀ ਬਾਣੀ ਚ ਜਦ ਭਾਈ ਸਾਹਿਬ ਨੇ ਮੁਹਾਰਤ ਹਾਸਲ ਕਰ ਲਈ ਤਾਂ ਫਿਰ ਇੱਕ ਸਥਾਨਕ ਪਾਂਧੇ ਕੋਲੋਂ ਭਾਈ ਸਾਹਿਬ ਨੇ ਕੰਮ ਚਲਾਊ ਹਿਸਾਬ-ਕਿਤਾਬ ਦੀ ਗਣਿਤ-ਵਿੱਦਿਆ ਲਈ।ਫਿਰ ਇੱਕ ਮੌਲਵੀ ਸਾਹਿਬ ਤੋਂ ਫ਼ਾਰਸੀ ਦਾ ਕੁੱਝ ਗਿਆਨ ਲਿਆ। ਦਸ ਸਾਲ ਦੀ ਉਮਰੇ 1882 ਈ. ਨੂੰ ਭਾਈ ਸਾਹਿਬ ਨੂੰ ਅੰਮ੍ਰਿਤਸਰ ਦੇ ਮਿਸ਼ਨਰੀ ਈਸਾਈਆਂ ਦੁਆਰਾ ਚਲਾਏ ਜਾਂਦੇ ਮਿਸ਼ਨ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ। ਇੱਥੇ ਇਹ ਦੱਸਣਾ ਜ਼ਰੂਰੀ ਐ ਕਿ ਆਪਣੇ ਜੀਵਨ ਦੇ ਮੁੱਢਲੇ ਦਸ ਸਾਲ ਭਾਈ ਸਾਹਿਬ ਨੇ ਘਰ- ਪਰਿਵਾਰ ਤੇ ਬਜ਼ੁਰਗਾਂ ਦੀ ਗੋਦ ਦਾ ਅਨੰਦ ਮਾਣਦਿਆਂ ਬਿਤਾਏ ਤੇ ਇਹਨਾਂ ਮੁੱਢਲੇ ਸਾਲਾਂ ਦੌਰਾਨ ਉਨ੍ਹਾਂ ਨੇ ਅੱਜ ਦੀ ਰਵਾਇਤੀ ਸਿੱਖਿਆ ਦੀ ਬਜਾਇ ਸਭ ਤੋਂ ਪਹਿਲਾਂ ਗੁਰਬਾਣੀ ਦੀ ਤਾਲੀਮ ਲਈ।
ਧਿਆਨ ਦੇਣਾ ਬਣਦਾ ਹੈ ਕਿ ਇਹੀ ਪਹਿਲੇ ਅੱਠ-ਦਸ ਸਾਲਾਂ ਨੇ ਭਾਈ ਸਾਹਿਬ ਦੀ ਸ਼ਖ਼ਸੀਅਤ ਚ ਸਿੱਖੀ ਸਪਿਰਿਟ ਨੂੰ ਐਨਾ ਦ੍ਰਿੜ ਕੀਤਾ ਕਿ ਉਹ ਸਾਰੀ ਉਮਰ ਆਪਣੇ ਅਕੀਦੇ ਤੇ ਪੂਰੀ ਤਰ੍ਹਾਂ ਡਟੇ ਰਹੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਅੱਜ ਅਸੀਂ ਆਧੁਨਿਕਤਾ ਦਾ ਦਮ ਭਰਨ ਵਾਲੇ ਧਾਰਮਿਕ ਵਿੱਦਿਆ ਨੂੰ ਅਨਪੜ੍ਹਾਂ ਤੇ ਜਾਹਲਾਂ ਦੀ ਵਿੱਦਿਆ ਦਾ ਨਾਂ ਦੇ ਕੇ ਇੱਥੋਂ ਤੱਕ ਕਹਿਣ ਦੀ ਹਮਾਕਤ ਕਰਦੇ ਹਾਂ ਕਿ ਅਸੀਂ ਕਿਹੜਾ ਬਾਣੀ ਪੜ੍ਹਾ ਕੇ ਨਿਆਣਿਆਂ ਨੂੰ 'ਪਾਠੀ' ਬਣਾਉਣੈਂ। ਪਿਆਰਿਓ! ਜੇ ਇਹ ਪਹਿਲੀ ਉਮਰੇ 'ਪਾਠੀ' ਨਾ ਬਣੇ ਤਾਂ ਜਵਾਨੀ ਦੀ ਦਹਿਲੀਜ਼ ਤੇ ਚੜ੍ਹਦਿਆਂ 'ਨਸ਼ੇੜੀ' ਜ਼ਰੂਰ ਬਣ ਜਾਣਗੇ। ਖੈਰ ਗੱਲ ਚੱਲਦੀ ਸੀ, ਭਾਈ ਸਾਹਿਬ ਦੀ ਸ਼ਖ਼ਸੀਅਤ ਦੀ। ਭਾਈ ਸਾਹਿਬ ਨੇ 1891 ਈ. 'ਚ ਦਸਵੀਂ ਜਮਾਤ ਸਾਰੇ ਜ਼ਿਲ੍ਹੇ ਚੋਂ ਅੱਵਲ ਰਹਿ ਕੇ ਪਾਸ ਕੀਤੀ।ਸਕੂਲ ਦੇ ਅੰਗਰੇਜ਼ ਹੈੱਡਮਾਸਟਰ ਨੇ ਵਿਦਿਆਲਿਆ 'ਚ ਇੱਕ ਵਿਸ਼ੇਸ਼ ਸਮਾਗਮ ਰੱਖ ਕੇ ਭਾਈ ਸਾਹਿਬ ਨੂੰ ਸਰਟੀਫਿਕੇਟ ਸਮੇਤ ਇੱਕ ਸੁੰਦਰ ਜਿਲਦ ਚ ਛਪੀ 'ਪਵਿੱਤਰ ਬਾਈਬਲ' ਭੇਟ ਕਰ ਕੇ ਆਪਣੀ ਛਾਤੀ ਨਾਲ ਲਾ ਲਿਆ। ਸਕੂਲੀ ਪੜ੍ਹਾਈ ਖ਼ਤਮ ਹੋਣ ਤੋਂ ਬਾਦ ਓਸ ਵਕਤ ਕਾਲਜਾਂ ਦੀ ਪੜ੍ਹਾਈ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਸੀ।ਮੈਟ੍ਰਿਕ ਪੱਧਰ ਦੀ ਦੁਨਿਆਵੀ ਵਿੱਦਿਆ ਤੋਂ ਬਾਦ ਵਿਦਿਆਰਥੀ ਅਕਸਰ ਆਪੋ-ਆਪਣੇ ਕਿੱਤੇ ਲੱਗ ਜਾਂਦੇ ਸਨ।ਸੋ ਭਾਈ ਸਾਹਿਬ ਨੇ ਵੀ ਆਪਣੇ ਵੱਡੇ ਭਰਾ ਸ: ਵਜ਼ੀਰ ਸਿੰਘ ਨਾਲ ਰਲ ਕੇ 'ਵਜ਼ੀਰ ਹਿੰਦ ਪ੍ਰੈੱਸ' ਲਗਾ ਲਈ। ਵਜ਼ੀਰ ਹਿੰਦ ਪੈੱ੍ਰਸ ਦੀ ਕਾਇਮੀ ਹੋਣ ਦੀ ਦੇਰ ਸੀ ਕਿ ਭਾਈ ਸਾਹਿਬ ਨੇ ਸਿੱਖ ਧਰਮ ਦੀ ਅਧੋਗਤੀ ਦੇਖ ਕੇ ਕੌਮ ਚ ਇੱਕ ਨਵੀਂ ਰੂਹ ਫੂਕਣ ਲਈ ਭਾਈ ਕੌਰ ਸਿੰਘ ਧੂਪੀਏ ਨੂੰ ਨਾਲ ਲੈ ਕੇ 'ਖ਼ਾਲਸਾ ਟਰੈਕਟ ਸੁਸਾਇਟੀ' ਬਣਾ ਲਈ। ਵਾਹਿਗੁਰੂ ਦਾ ਭਾਣਾ ਐਸਾ ਵਰਤਿਆ ਕਿ ਅਗਲੇ ਈ ਸਾਲ ਭਾਈ ਕੌਰ ਸਿੰਘ ਦਾ ਦੇਹਾਂਤ ਹੋ ਗਿਆ ਤੇ 'ਖ਼ਾਲਸਾ ਟਰੈਕਟ ਸੁਸਾਇਟੀ' ਦਾ ਸਾਰਾ ਭਾਰ ਭਾਈ ਸਾਹਿਬ ਦੇ ਮੋਢਿਆਂ ਤੇ ਆ ਪਿਆ। ਇਹਨੀਂ ਦਿਨੀਂ 1897 ਈ. ਚ ਸੂਬਾ ਸਰਹੱਦ (ਪੱਛਮੀ ਪੰਜਾਬ) ਵਾਲੇ ਪਾਸੇ ਸਾਰਾਗੜ੍ਹੀ ਦਾ ਮਹਾਨ ਸਾਕਾ ਵਾਪਰ ਗਿਆ। ਅੰਗਰੇਜ਼ਾਂ ਸਰਕਾਰ ਦੀ ਤਰਫ਼ੋਂ ਸਿਰਫ਼ 22 ਦੇ ਕਰੀਬ ਸਿੱਖ ਸਿਪਾਹੀਆਂ ਨੇ ਹਜ਼ਾਰਾਂ ਪਠਾਣਾਂ ਦਾ ਐਸੀ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਕਿ ਅੰਗਰੇਜ਼ ਸਰਕਾਰ ਵੀ ਦੰਗ ਰਹਿ ਗਈ। ਵਿਸ਼ਵ ਪੱਧਰ ਤੇ ਇਹਨਾਂ 22 ਸਿੰਘਾਂ ਦੀ ਸ਼ਹੀਦੀ ਨੂੰ ਪ੍ਰਚਾਰਿਆ ਜਾ ਰਿਹਾ ਸੀ।ਖਾਲਸੇ ਦੀ ਬਹਾਦਰੀ ਦੀ ਵਿਸ਼ਵ ਪੱਧਰ ਤੇ ਧਾਕ ਜੰਮ ਚੁੱਕੀ ਸੀ।ਐਸੇ ਮਾਹੌਲ ਚ ਈ ਭਾਈ ਸਾਹਿਬ ਨੇ ਪੰਜਾਬੀ ਦਾ ਪਹਿਲਾ ਨਾਵਲ'ਸੁੰਦਰੀ' ਤੇ ਫਿਰ 'ਬਿਜੈ ਸਿੰਘ' ਰਚ ਕੇ ਸਿੱਖ ਨੌਜਵਾਨਾਂ ਦੀ ਬਹਾਦਰੀ ਨੂੰ ਜੱਗ-ਜ਼ਾਹਰ ਕਰ ਦਿੱਤਾ। 'ਸੁੰਦਰੀ ਤੇ ਬਿਜੈ ਸਿੰਘ ਨਾਵਲਾਂ ਨੇ ਓਸ ਵਕਤ ਦੀ ਸਿੱਖ-ਜਵਾਨੀ ਚ ਇੱਕ ਨਵੀਂ ਰੂਹ ਫੂਕ ਦਿੱਤੀ। ਹਰ ਪੜ੍ਹ-ਲਿਖ ਸਕਣ ਵਾਲੇ ਨੌਜਵਾਨ ਦੇ ਸਿਰਹਾਣੇ ਇਹ ਨਾਵਲ ਜ਼ਰੂਰ ਪਏ ਰਹਿੰਦੇ ਸਨ। ਸਿੱਖ ਬੱਚੀਆਂ ਤਾਂ 'ਸੁੰਦਰੀ' ਨਾਵਲ ਵਿਚਲੀ ਪਾਤਰ ਸੁੰਦਰੀ ਨਾਲ ਆਪਣੀ ਸ਼ਖ਼ਸੀਅਤ ਦੀ ਤੁਲਨਾ ਕਰਦੀਆਂ ਰਸ-ਵਿਭੋਰ ਹੋ ਜਾਂਦੀਆਂ। ਨੌਜਵਾਨ ਦਿਲਾਂ ਦੀ ਥਾਹ ਇੱਕ ਨੌਜਵਾਨ ਈ ਪਾ ਸਕਦਾ ਸੀ।ਸੋ, ਭਾਈ ਸਾਹਿਬ ਨੇ ਲੋਹਾ ਗਰਮ ਵੇਖ ਕੇ ਪੈਂਦੀ ਸੱਟੇ 'ਸਤਵੰਤ ਕੌਰ' ਤੇ 'ਬਾਬਾ ਨੌਧ ਸਿੰਘ' ਨਾਂ ਦੇ ਦੋ ਹੋਰ ਇਤਿਹਾਸਕ ਨਾਵਲ ਲਿਖ ਮਾਰੇ। ਉਧਰ ਲੱਗਦੇ ਹੱਥ 'ਖ਼ਾਲਸਾ ਸਮਾਚਾਰ' ਨਾਂ ਦਾ ਸਪਤਾਹਿਕ ਅਖ਼ਬਾਰ ਵੀ ਸ਼ੁਰੂ ਕਰ ਕੇ ਇਹਨਾਂ ਰਚਨਾਵਾਂ ਨੂੰ ਏਸ ਅਖ਼ਬਾਰ ਚ ਨਿਰੰਤਰ ਛਾਪਿਆ ਜਾਣ ਲੱਗਾ। ਭਾਈ ਸਾਹਿਬ ਦੁਆਰਾ ਸਿੱਖ ਸਾਹਿੱਤ ਰਾਹੀਂ ਲਿਆਂਦੀ ਏਸ ਖ਼ਾਲਸਾਈ ਹਨੇਰੀ ਨੇ ਗ਼ੈਰਾਂ ਦੇ ਬਨੇਰਿਆਂ ਤੇ ਰੁਲਦੀ ਫਿਰਦੀ ਸਿੱਖ-ਜਵਾਨੀ ਨੂੰ ਇੱਕੋ ਥਾਂ ਲਿਆ ਇਕੱਠਿਆਂ ਕੀਤਾ। ਇਸ ਸਮੇਂ ਚੀਫ਼ ਖ਼ਾਲਸਾ ਦੀਵਾਨ ਦੇ ਰੂਪ ਚ ਇੱਕ ਵੱਡੀ ਸਿੱਖ ਜਥੇਬੰਦੀ ਅੰਮ੍ਰਿਤਸਰ ਚ ਖੜ੍ਹੀ ਹੋ ਚੁੱਕੀ ਸੀ। ਭਾਈ ਸਾਹਿਬ ਏਸ ਸੰਸਥਾ ਦੀ ਰੂਹ-ਏ-ਰਵਾਂ ਸਨ।ਬੇਸ਼ੱਕ ਆਪ ਜੀ ਘੱਟ ਬੋਲਣ ਵਾਲੇ ਇਨਸਾਨ ਸਨ ਤੇ ਸਟੇਜੀ ਪ੍ਰਚਾਰ ਤੋਂ ਅਕਸਰ ਦੂਰ ਰਹਿੰਦੇ ਸਨ।ਸੰਕੋਚਵੀਂ ਸ਼ਖ਼ਸੀਅਤ ਦੇ ਬਾਵਜੂਦ ਆਪ ਦੀਆਂ ਲਿਖਤਾਂ ਨੇ ਕਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਮਹਾਂਕਾਵਿ 'ਰਾਣਾ ਸੂਰਤ ਸਿੰਘ' ਤੋਂ ਇਲਾਵਾ ਉਨ੍ਹਾਂ ਨੇ ਸਿੱਖ ਇਤਿਹਾਸ ਦੇ ਲਗਭਗ ਸਾਰੇ ਹੀ ਪੁਰਾਤਨ ਸੋਮਿਆਂ ਨੂੰ ਦੁਬਾਰਾ ਸੰਪਾਦਿਤ ਕਰਨ ਦਾ ਬਿਖੜਾ ਕਾਰਜ ਅਰੰਭ ਕਰ ਦਿੱਤਾ। ਪੁਰਾਤਨ ਜਨਮ ਸਾਖੀ ਤਾਂ ਉਹ ੧੯੧੬ ਦੇ ਕਰੀਬ ਇੰਗਲੈਂਡ ਦੇ ਇੱਕ ਅਜਾਇਬ ਘਰ ਤੋਂ ਲਿਆਏ ਤੇ ਇਸ ਨੂੰ ਦੁਬਾਰਾ ਸੰਪਾਦਿਤ ਕੀਤਾ। ਉਨ੍ਹਾਂ ਦੁਆਰਾ ਰਚਿਤ ਗੁਰੁ ਸਾਹਿਬਾਨ ਦੀਆਂ ਰਸ-ਵਿਭੋਰ ਜੀਵਨੀਆਂ ਅੱਜ ਵੀ ਪਾਠਕ ਨੂੰ ਅਗੰਮੀ ਖੇੜਾ ਦਿੰਦੀਆਂ ਹਨ। ਕਵਿਤਾ ਵਿਚ ਤਾਂ ਭਾਈ ਸਾਹਿਬ ਆਪਣੀ ਮਿਸਾਲ ਆਪ ਸਨ।ਜਿੱਥੇ ਭਾਈ ਸਾਹਿਬ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਮੰਨਿਆ ਜਾਂਦਾ ਹੈ ਉੱਥੇ ਆਧੁਨਿਕ ਪੰਜਾਬੀ ਕਵਿਤਾ ਦਾ ਆਗਾਜ਼ ਵੀ ਭਾਈ ਸਾਹਿਬ ਦੁਆਰਾ ਰਚੀਆਂ ਨਿੱਕੀਆਂ ਕਵਿਤਾਵਾਂ ਰਾਹੀਂ ਹੀ ਹੁੰਦਾ ਹੈ।ਭਾਈ ਸਾਹਿਬ ਨੇ ਇੱਕ ਨਵਾਂ ਛੰਦ 'ਤੁਰਿਆਈ' ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਇਆ।ਆਪ ਨੇ ਪ੍ਰਕ੍ਰਿਤੀ-ਪ੍ਰੇਮ ਨਾਲ ਲਬਰੇਜ਼ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ। ਜਿਸ ਕਰ ਕੇ ਭਾਈ ਸਾਹਿਬ ਦੀ ਤੁਲਨਾ ਇੰਗਲਿਸਤਾਨ ਦੇ ਮਹਾਨ ਕਵੀ 'ਵਿਲੀਅਮ ਵਰਡਜ਼ਵਰਥ' ਨਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰਭੂ-ਪਿਆਰੇ ਦੀ ਯਾਦ ਤੇ ਤੜਪ ਉਨ੍ਹਾਂ ਦੀਆਂ ਕਵਿਤਾਵਾਂ ਦਾ ਇੱਕ ਹੋਰ ਹਾਸਲ ਹੈ। ਉਨ੍ਹਾਂ ਦੀਆਂ ਕਵਿਤਾਵਾਂ ਵਿਚਲੀਆਂ ਅਨੇਕਾਂ ਸਿੱਖਿਆਦਾਇਕ ਟੂਕਾਂ ਲਗਭਗ ਸੌ ਸਾਲ ਬੀਤਣ ਦੇ ਬਾਦ ਵੀ ਲੋਕ-ਮਨਾਂ ਤੇ ਜਿਉਂ ਦੀਆਂ ਤਿਉਂ ਰਾਜ ਕਰ ਰਹੀਆਂ ਨੇ।ਜਿਵੇਂ:
1.ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ।
ਮੈਂ ਫੜ-ਫੜ ਰਹੀ ਧਰੀਕ, ਸਮੇਂ ਨੇ ਇੱਕ ਨਾ ਮੰਨੀ।
(ਸਮੇਂ ਦੀ ਮਹੱਤਤਾ)
2..ਧੋਬੀ ਕੱਪੜੇ ਧੋਂਦਿਆਂ, ਵੀਰਾ ਹੋ ਹੁਸ਼ਿਆਰ।
ਤੇਰੇ ਪਿੱਛੇ ਆ ਰਿਹਾ, ਮੂੰਹ ਅੱਡੀ ਸੰਸਾਰ।
(ਵਾਸ਼ਨਾਵਾਂ ਤੋਂ ਬਚਾਅ)
3. ਮੇਰੀ ਛਿਪੇ ਰਹਿਣ ਦੀ ਚਾਹ, ਤੇ ਛਿਪ ਟੁਰ ਜਾਣ ਦੀ।
ਹਾਂ, ਪੂਰੀ ਹੁੰਦੀ ਨਾਂਹ, ਮੈਂ ਤਰਲੇ ਲੈ ਰਿਹਾ।
( ਨਿਮਰਤਾ ਦਾ ਸਿਖਰ)
4. ਨਜ਼ਰ ਚੱਕ ਖਾਂ ਦਾਨਿਆ, ਝਾਤ ਪਿਛੇਰੇ ਮਾਰ।
ਜਿਨ੍ਹਾਂ ਵਸਾਏ ਦੇਸ਼ ਸਨ, ਕਿੱਥੇ ਹਨ ਉਹ ਯਾਰ?
(ਦੁਨੀਆਂ ਦੀ ਨਾਸ਼ਵਾਨਤਾ)
5. ਭਟਕਣ ਛੱਡ ਲਟਕ ਲਾ ਇੱਕੋ, ਖੀਵੀ ਹੋ ਸੁਖ ਮਾਣੀ।
ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ।
(ਫ਼ਕੀਰਾਨਾ ਤਬੀਅਤ)
6.ਸਵਾਦ ਨੀਂ ਅਗੰਮੀ ਆਇਆ,ਰਸ ਝਰਨਾਹਟ ਛਿੜੀ।
ਲੂੰ-ਲੂੰ ਲਹਿਰ ਉੱਠਿਆ ਤੇ ਕਾਂਬਾ ਮਿੱਠਾ ਆ ਗਿਆ।
(ਪ੍ਰਭੂ ਮਿਲਾਪ ਦੀ ਅਵਸਥਾ)
ਉਪਰੋਕਤ ਟੂਕਾਂ ਤਾਂ ਸਿਰਫ਼ ਰੰਚਕ-ਮਾਤਰ ਨੇ। ਜੇ ਕੋਈ ਪ੍ਰੇਮੀ ਜਿਊੜਾ ਭਾਈ ਸਾਹਿਬ ਦਾ ਸਮੁੱਚਾ ਕਾਵਿ ਪੜ੍ਹੇ ਤਾਂ ਰੂਹ ਦੀ ਉਡਾਰੀ ਅੰਬਰਾਂ ਤੋਂ ਪਾਰ ਪੁੱਜਣੀ ਯਕੀਨੀ ਏ। ਹਰ ਸ਼ਾਇਰ ਆਸ਼ਕ ਹੁੰਦੈ ਤੇ ਹਰ ਆਸ਼ਕ ਥੋੜ੍ਹਾ-ਬਹੁਤ ਸ਼ਾਇਰ ਹੁੰਦੈ। ਜੇ ਸ਼ਾਇਰ ਤੇ ਆਸ਼ਕ ਇਸ਼ਕ-ਮਜਾਜ਼ੀ ਦੀ ਹੱਦ ਲੰਘ ਕੇ ਇਸ਼ਕ-ਹਕੀਕੀ ਦੇ ਪੜਾਅ ਤੇ ਪਹੁੰਚ ਜਾਣ ਤਾਂ ਸਮਝੋ ਬੇੜਾ ਪਾਰ। ਮੇਰੀ ਜਾਚੇ ਭਾਈ ਸਾਹਿਬ ਇਸ਼ਕ-ਹਕੀਕੀ ਦੇ ਮਾਰਫ਼ਤ (ਸੂਫ਼ੀ-ਫ਼ਕੀਰਾਂ ਦਾ ਪ੍ਰਭੂ-ਮੰਜ਼ਲ ਵਾਲਾ ਆਖ਼ਰੀ ਪੜਾਅ) ਵਾਲੇ ਡੰਡੇ ਦੇ ਝੰਡਾ ਬਰਦਾਰ ਸਨ।ਉਨ੍ਹਾਂ ਦੀਆਂ ਰਚਨਾਵਾਂ ਦੀ ਪਕਿਆਈ ਤੇ ਪਾਕੀਜ਼ਗੀ ਇਸ਼ਕ-ਹਕੀਕੀ ਦੀ ਗਵਾਹੀ ਭਰਦੀ ਹੈ। ਪਿਆਰ ਦੇ ਮੁਜੱਸਮੇ, ਮਹਾਨ ਰਹੱਸਵਾਦੀ ਕਵੀ, ਸਿੱਖ ਧਰਮ ਚ ਨਵੀਂ ਰੂਹ ਫੂਕਣ ਵਾਲੇ,ਇਲਾਹੀ ਨੂਰ ਨੂੰ ਪਾਉਣ ਦੀਆਂ ਜੁਗਤਾਂ ਦੱਸਣ ਵਾਲੇ,ਪ੍ਰਕਿਰਤੀ ਨਾਲ ਇੱਕ-ਮਿੱਕ ਹੋਏ,ਪੰਜਾਬੀ ਨਾਵਲ ਦੇ ਮੋਢੀ ਤੇ ਖ਼ਾਲਸਾ ਟਰੈਕਟ ਜਿਹੀਆਂ ਸਾਹਿੱਤਿਕ ਸੁਸਾਇਟੀਆਂ ਦੇ ਬਾਨੀ, ਭਾਈ ਸਾਹਿਬ ੧੦ ਜੂਨ 1957 ਦੀ ਸ਼ਾਮ ਨੂੰ ਆਪਣੇ ਸਨੇਹੀਆਂ ਨੂੰ ਹਸੂੰ-ਹਸੂੰ ਕਰਦੇ ਆਖ਼ਰੀ ਫਤਿਹ ਬੁਲਾ ਗਏ। ਸੱਠ ਸਾਲ ਪਹਿਲਾਂ ਪਿਆ ਘਾਟਾ ਅੱਜ ਵੀ ਪੂਰਤੀ ਦਾ ਮੁਥਾਜ ਏ।
ਅਮਰੀਕ ਸਿੰਘ ਸ਼ੇਰ ਖਾਂ,
ਪਿੰਡ ਤੇ ਡਾ: ਸ਼ੇਰ ਖਾਂ (ਫ਼ਿਰੋਜ਼ਪੁਰ)
ਸੰਪਰਕ:98157-58466
No comments:
Post a Comment