Monday, February 12, 2018

ਪ੍ਰਿਜ਼ਮ ਚੋਂ ਲੰਘਦਾ ਸ਼ਹਿਰ- ਵਾਹਿਦ


ਪੰਜਾਬੀ ਗਜ਼ਲ ਸਾਹਿਤ ਅੰਦਰ ਵਾਹਿਦ ਆਪਣੇ ਮੌਲਿਕ ਤੇ ਨਿਵੇਕਲੇ ਗਜ਼ਲ ਸੰਗ੍ਰਿਹ 'ਪ੍ਰਿਜ਼ਮ 'ਚੋਂ ਲੰਘਦਾ ਸ਼ਹਿਰ' ਰਾਹੀਂ ਹਾਜ਼ਰੀ ਲਗਵਾਉਂਦਾ ਹੈ। ਇਸ ਸੰਗ੍ਰਿਹ ਦੇ ਸਮਰਪਣ ਸ਼ਬਦ 14 ਜੂਨ 2015 ਦੇ ਦਿਨ ਨੂੰ ਜਿਸ ਦਿਨ ਜ਼ਿੰਦਗੀ ਨੇ ਆਪਣਾ ਰੁਖ਼ ਬਦਲਿਆ' ਕਿਸੇ ਸੰਜੀਦਾ, ਤਲਖ਼ ਹਕੀਕਤ ਨਾਲ ਬਦਲੇ ਹਾਲਾਤਾਂ ਵਲ ਇਸ਼ਾਰਾ ਕਰਦੇ ਹਨ। ਵਾਹਿਦ ਆਪਣੀਆਂ ਗਜ਼ਲਾਂ ਵਿਚ ਭਾਰੀ ਸਾਹਿਤਕ ਸ਼ਬਦਾਵਲੀ ਨਾ ਵਰਤ ਕੇ ਸਰਲ ਅਤੇ ਹਕੀਕਤ ਨਾਲ ਭਰੇ ਸ਼ਬਦਾਂ ਰਾਹੀਂ ਭਾਰੂ ਵਿਸ਼ਿਆਂ ਦੀ ਪੇਸ਼ਕਾਰੀ ਕਰਦਾ ਹੈ। ਕਿਸੇ ਵੀ ਕਿਰਤ ਦੀ ਰਚਨਾ ਸਿੱਧੇ ਤੌਰ 'ਤੇ ਨਹੀਂ ਹੋ ਜਾਂਦੀ, ਉਸ ਪਿੱਛੇ ਕਈ ਪੜਾਅ ਕੰਮ ਕਰਦੇ ਹਨ। ਜਿਵੇਂ ਕੋਈ ਰਚਨਾਕਾਰ ਆਪਣੇ ਸਮਕਾਲੀ ਸਮੇਂ ਦੇ ਹਾਲਾਤਾਂ, ਪ੍ਰਸਥਿਤੀਆਂ ਤੋਂ ਮੁਤਾਸਰ ਹੁੰਦਾ ਏ, ਫ਼ਿਰ ਉਹ ਆਪਣੀ ਭਾਸ਼ਾ ਰਾਹੀਂ ਸਮਕਾਲੀ ਸਮਾਜਕ ਯਥਾਰਥ ਦੇ ਅੰਤਰ- ਵਿਰੋਧਾਂ ਦੀ ਪੇਸ਼ਕਾਰੀ ਕਰਦਾ ਹੈ। ਵਾਹਿਦ ਵਿਸ਼ਵੀਕਰਨ ਅਤੇ ਮੰਡੀ ਦੇ ਦੌਰ 'ਚ ਵਿਗੜ ਰਹੇ ਰਿਸ਼ਤਿਆਂ ਦੀ ਤਾਸੀਰ ਦੀ ਤਰਜ਼ਮਾਨੀ ਕਰਦਾ ਹੈ। ਉਸਦੇ ਕੁਝ ਸ਼ੇਅਰ ਵੇਖੇ ਜਾ ਸਕਦੇ ਹਨ:
ਹਰਿਕ ਪਿੰਡ ਆਵੇ ਸੌਖਾ ਸ਼ਹਿਰ ਵੱਲ ਨੂੰ,
ਸਭੇ ਰਾਹ ਇਉਂ ਸੰਵਾਰੇ ਜਾ ਰਹੇ ਨੇ।

ਇਕ ਵੱਖਰੀ ਦੁਨੀਆ ਹੈ ਹੁਣ ਤਾਂ ਹਰ ਇਕ ਦੀ ਹੀ,
ਹਰ ਘਰ ਵਿਚ ਘਰ ਓਨੇ ਜਿੰਨੇ ਕਮਰੇ ਨੇ।

ਭਟਕਦੇ ਰਿਸ਼ਤਿਆਂ ਤੋਂ ਹਾਰਿਆ ਮਨੁੱਖ ਕਿਵੇਂ ਆਪਣੇ ਅੰਦਰਲੇ ਸ਼ੋਰ ਦਾ ਸਾਹਮਣਾ ਕਰਕੇ ਜਿਊਂਦਾ ਹੈ, ਵਾਹਿਦ ਇਸ ਪੱਖ ਵੱਲ ਵੀ ਧਿਆਨ ਦਿੰਦਾ ਹੈ। ਬੇਬਾਕੀ ਨਾਲ ਸੱਚ ਬੋਲਣਾ ਉਸਦੇ ਸੁਭਾਅ ਵਿਚ ਹੈ। ਕਿਸੇ ਸ਼ਰਤ ਜਾਂ ਸਮਝੌਤੇ ਨਾਲ ਜਿਊਣਾ ਉਸਨੂੰ ਕਤੱਈ ਪ੍ਰਵਾਨ ਨਹੀਂ। ਮੰਡੀ ਯੁੱਗ ਵਿਚ ਬਦਲ ਰਹੇ ਘਰ ਦੇ ਅਰਥਾਂ ਵੱਲ ਵੀ ਵਾਹਿਦ ਦੀਆਂ ਗਜ਼ਲਾਂ ਧਿਆਨ ਦਵਾਉਂਦੀਆਂ ਹਨ। ਉਹ ਅੱਜ ਦੇ ਸਮੇਂ 'ਚ ਨਕਾਬਪੋਸ਼ ਹੋ ਕੇ ਜਿਊਂ ਰਹੇ ਇਨਸਾਨ ਦੀ ਤਬੀਅਤ/ ਸੁਭਾਅ ਉੱਤੇ ਵੀ ਵਿਅੰਗ ਕਰਦਾ ਹੈ। ਵਾਹਿਦ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਨਿਜ ਨਾਲ ਜੋੜ ਕੇ ਸਮੂਹਿਕਤਾ ਤੋਂ ਵਿਅਕਤੀਗਤਤਾ ਦਾ ਸਫ਼ਰ ਤੈਅ ਕਰਦਿਆਂ ਉਨ੍ਹਾਂ ਪ੍ਰਤੀ ਜਾਗਰੂਕ ਹੋ ਕੇ ਉਨ੍ਹਾਂ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ। ਉਹ ਸਮਕਾਲੀ ਰਾਜਨੀਤੀ ਦੀ ਰਮਜ਼ ਨੂੰ ਸਮਝਦਿਆਂ ਬੇਬਾਕੀ ਨਾਲ ਉਸਦੀ ਤਸਵੀਰਕਸ਼ੀ ਪਾਠਕ ਸਾਹਮਣੇ ਕਰਦਾ ਕਰਦਿਆਂ ਲਿਖਦਾ ਹੈ।

ਇਹ ਕਰਨਗੇ ਨਵੇਂ ਸਮਿਆਂ ਦੇ ਸਿਰ 'ਚ ਗਲੀਆਂ ਹੁਣ
ਕਮਲ ਦੇ ਫੁੱਲ ਤੋਂ ਤ੍ਰਿਸ਼ੂਲ ਜੋ ਬਣ ਆਏ ਨੇ।



ਵਾਹਿਦ ਗਜ਼ਲ ਜਗਤ 'ਚ ਆਪਣੀ ਹਾਜ਼ਰੀ ਪੂਰੀ ਸੰਜੀਦਗੀ ਅਤੇ ਤਨਦੇਹੀ ਨਾਲ ਲਗਵਾਉਂਦਾ ਹੈ। ਸ਼ਾਲ੍ਹਾ ਉਸਦੀ ਕਲਮ ਹੋਰ ਮਜ਼ਬੂਤ ਅਤੇ ਸੱਚਾਈ ਨਾਲ ਭਰਪੂਰ ਹੋਵੇ।


ਅਮੀਨਾ
ਖੋਜਾਰਥੀ, ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ।

No comments:

Post a Comment

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...