Monday, February 12, 2018

ਚਿੱਟਾ ਬਨਾਮ ਪੰਜਾਬ


ਪੰਜਾਬ ਦੀ ਧਰਤੀ ਨੂੰ ਦੁਨੀਆਂ ਦੀ ਸਭ ਤੋਂ ਜ਼ਰਖੇਜ਼ ਅਤੇ ਉਪਜਾਊ ਧਰਤੀ ਮੰਨਿਆਂ ਜਾਂਦਾ ਹੈ। ਇਸ ਧਰਤੀ ਉੱਪਰ ਮਹਾਨ ਜਰਨੈਲ ਅਤੇ ਯੋਧੇ ਪੈਦਾ ਹੋਏ ਹਨ। ਜਿਨ੍ਹਾਂ ਨੇ ਗੌਰਵਮਈ ਇਤਿਹਾਸ ਦੀ ਸਿਰਜਣਾ ਕੀਤੀ ਹੈ। ਇਨ੍ਹਾਂ ਵਿਚੋਂ ਇੱਕ ਜਰਨੈਲ ਹਰੀ ਸਿੰਘ ਨਲੂਆ ਹੋਇਆ ਹੈ, ਜਿਸ ਨੂੰ ਆਸਟ੍ਰੇਲੀਆ ਦੇ ਮੈਗਜ਼ੀਨ 'ਬਿਲਿਆਨਇਰ' ਵੱਲੋਂ ਦੁਨੀਆਂ ਦੇ ਸਭ ਤੋਂ ਮਹਾਨ ਪਹਿਲੇ 10 ਜਰਨੈਲਾਂ ਵਿਚੋਂ ਪਹਿਲਾਂ ਸਥਾਨ ਦਿੱਤਾ ਗਿਆ ਹੈ, ਪਰ ਅਫ਼ਸੋਸ! ਉਸ ਹਰੀ ਸਿੰਘ ਨਲੂਏ ਦੇ ਵਾਰ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਦਰਿਆ ਵਿਚ ਬੁਰੀ ਤਰ੍ਹਾਂ ਹੜ੍ਹ ਚੁੱਕੇ ਹਨ। ਅਜੋਕੇ ਪੰਜਾਬ ਅੰਦਰ ਨਸ਼ਾ ਬਹੁਤ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ, ਜੋ ਕਿ ਪੰਜਾਬੀ ਸਮਾਜ ਤੇ ਸਭਿਆਚਾਰ ਲਈ ਬਹੁਤ ਹੀ ਗੰਭੀਰ ਵਿਸ਼ਾ ਹੈ। ਵਰਤਮਾਨ ਸਮੇਂ ਪੰਜਾਬ ਅੰਦਰ ਬਹੁਤ ਸਾਰੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਪਰ ਇਨ੍ਹਾਂ ਵਿਚੋਂ ਇੱਕ ਨਾਂ ਹੈ 'ਹੈਰੋਇਨ' ਪੰਜਾਬ ਵਿਚ ਇਸ ਨੇ ਨੂੰ ਚਿੱਟੇ ਦਾ ਨਾਮ ਦਿੱਤਾ ਗਿਆ ਹੈ। ਅੱਜਕੱਲ੍ਹ ਪੰਜਾਬੀ ਗੀਤਾਂ ਵਿਚ ਵੀ ਚਿੱਟੇ ਦੀ ਹਵਾਲਗੀ ਨੂੰ ਸਹਿਜ ਹੀ ਸੁਣਿਆ ਜਾ ਸਕਦਾ ਹੈ। ਇਸ ਚਿੱਟੇ ਵਿਚ ਮਾਰਫੀਨ ਦੇ ਤੱਤ ਹੁੰਦੇ ਹਨ। ਸਭ ਤੋਂ ਪਹਿਲਾਂ ਮਾਰਫੀਨ ਦੀ ਵਰਤੋਂ ਦੂਸਰੀ ਸੰਸਾਰ ਜੰਗ ਵੇਲੇ ਜ਼ਖ਼ਮੀ ਹੋਏ ਸੈਨਿਕਾਂ ਵੱਲੋਂ ਦਰਦ ਨਿਵਾਰਕ ਦੇ ਤੌਰ ਤੇ ਕੀਤੀ ਗਈ ਸੀ। ਉਸ ਤੋਂ ਬਾਅਦ ਦੁਨੀਆਂ ਭਰ ਦੇ ਲੋਕ ਇਸ ਨੂੰ ਨੇ ਦੇ ਤੌਰ ਤੇ ਵਰਤਣ ਲੱਗ ਪਏ ਅਤੇ ਅੱਜ ਪੰਜਾਬ ਦੀ ਨੌਜਵਾਨੀ ਵੀ ਚਿੱਟੇ ਦੇ ਨਸ਼ੇ ਦੀ ਗ਼ੁਲਾਮ ਬਣਦੀ ਜਾ ਰਹੀ ਹੈ। ਹਾਲ ਹੀ ਵਿਚ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੇ ਅੰਕੜਿਆਂ ਮੁਤਾਬਿਕ ਪੰਜਾਬ ਦੇ 76 ਪ੍ਰਤੀਤ ਲੋਕ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਦੇ ਦਰਮਿਆਨ ਹੈ, ਉਹ ਕਿਸੇ ਨਾ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਵਿਚੋਂ 53 ਪ੍ਰਤੀਤ ਨੌਜਵਾਨ ਹੈਰੋਇਨ ਦੀ ਵਰਤੋਂ ਕਰ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਹੈਰੋਇਨ ਦੇ ਆਦੀ ਵਿਅਕਤੀ ਇਸ ਨਸ਼ੇ ਨੂੰ ਸਹਿਜ ਹੀ ਛੱਡ ਨਹੀ ਸਕਦੇ। ਪੰਜਾਬ ਅੰਦਰ ਹੈਰੋਇਨ ਦਾ ਨਸ਼ਾ ਛੱਡਣ ਵਾਲੇ ਲੋਕਾਂ ਦੀ ਔਸਤ ਦਰ 1 ਪ੍ਰਤੀਤ ਤੋਂ ਵੀ ਘੱਟ ਹੈ। ਹੈਰੋਇਨ ਵਿਚ ਕਈ ਤਰ੍ਹਾਂ ਦੇ ਰਸਾਇਣਿਕ ਤੱਤਾਂ ਦਾ ਸੁਮੇਲ ਹੁੰਦਾ ਹੈ ਜੋ ਕਿ ਮਨੁੱਖੀ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਮੈਂ ਬਤੌਰ ਕਾਉਂਸਲਰ ਮਾਝੇ ਏਰੀਏ ਦੇ ਨਾਮਵਰ ਵਰਗ ਸਲਾਹਕਾਰੀ ਅਤੇ ਪੁਨਰ ਵਿਸਥਾਪਨ ਕੇਂਦਰ ਵਿਖੇ 2 ਸਾਲ ਇਸ ਏਰੀਏ ਵਿਚ ਬਹੁਤ ਨੇੜਿਓਂ ਤੱਕਿਆ ਹੈ। ਮੈਂ ਵੇਖਿਆ ਹੈ ਕਿ ਕਿਵੇਂ ਬਜ਼ੁਰਗ ਮਾਂ-ਪਿਉ ਆਪਣੇ ਨੌਜਵਾਨ ਪੁੱਤਰ ਜੋ ਕਿ ਚਿੱਟੇ ਦੇ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ, ਨੂੰ ਸੈਂਟਰ ਲਿਆਉਣ ਲਈ ਤਰਲੇ ਕੱਢਦੇ ਹਨ, ਉਨ੍ਹਾਂ ਦੇ ਹੰਝੂਆਂ ਵਿਚੋਂ ਪੰਜਾਬ ਦੇ ਭਵਿੱਖ ਦੀ ਤਰਾਸਦੀ ਨੂੰ ਆਸਾਨੀ ਨਾਲ ਤੱਕਿਆ ਜਾ ਸਕਦਾ ਹੈ, ਕਿਵੇਂ ਇੱਕ ਨਵ-ਵਿਹਾਈ ਦੁਲਹਨ ਆਪਣੇ ਪਤੀ ਪਰਮੇਸਰ ਦੀ ਸਰੀਰਕ ਅਤੇ ਮਾਨਸਿਕ ਹਾਲਤ ਦਾ ਜਾਇਜ਼ਾ ਲੈਣ ਸੈਂਟਰ ਆਉਂਦੀ ਹੈ। ਜ਼ਿਆਦਾਤਰ ਨਵੀਆਂ ਵਿਆਹੀਆਂ ਕੁੜੀਆਂ ਨੂੰ ਜਦੋਂ ਸੀ.ਸੀ.ਟੀ.ਵੀ. ਕੈਮਰੇ ਦੀ ਸਕਰੀਨ ਉੱਪਰ ਉਸ ਦੇ ਪਤੀ ਨੂੰ ਦਿਖਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਹੰਝੂ ਆਪ ਮੁਹਾਰੇ ਵਹਿ ਤੁਰਦੇ ਸਾਡੇ ਦੁਆਰਾ ਹੌਸਲਾ ਦੇਣ ਉਪਰੰਤ ਕੁੜੀ ਦੱਸਦੀ ਹੈ ਕਿ ਕਿਵੇਂ ਉਸ ਦੇ ਪਤੀ ਨੇ ਵਿਆਹ ਵਾਲੇ ਗਹਿਣੇ ਚੋਰੀ ਕਰ ਕੇ ਵੇਚ ਦਿੱਤੇ ਕਿਵੇਂ ਨੇ ਦੀ ਹਾਲਤ ਵਿਚ ਉਸ ਦਾ ਪਤੀ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਉਸ ਦੇ ਮਾਪਿਆਂ ਤੋਂ ਪੈਸੇ ਲਿਆਉਣ ਲਈ ਜ਼ਿੱਦ ਕਰਦਾ ਹੈ। ਕਈ ਵਾਰ ਇਨ੍ਹਾਂ ਪੰਜਾਬ ਦੀਆਂ ਧੀਆਂ ਦੀ ਕਹਾਣੀ ਸੁਣ ਕੇ ਆਤਮਾ ਬਹੁਤ ਦੁਖੀ ਹੋ ਜਾਂਦੀ ਹੈ ਤੇ ਮੈਂ ਸੋਚਦਾ ਨਹੀ, ਮੈਂ ਪੰਜਾਬ ਵਿਚ ਨਹੀ ਕਿਤੇ ਹੋਰ ਬੈਠਾ ਹਾਂ ਕਿਉਂਕਿ ਪੰਜਾਬ ਦੀਆਂ ਧੀਆਂ ਅਤੇ ਪੰਜਾਬੀ ਪੁੱਤਰਾਂ ਦੀ ਇਹ ਹਾਲਤ ਤਾਂ ਨਹੀ ਹੋ ਸਕਦੀ।
         

ਮੈਨੂੰ ਯਾਦ ਨੇ ਅੱਜ ਵੀ ਉਸ ਮਾਂ ਦੇ ਬੋਲ, ਜਿੰਨੇ ਕਿਹਾ ਸੀ ਕਿ ਪੁੱਤ ਤੈਨੂੰ ਕੀ ਦੱਸਾਂ ਮੇਰੇ ਪੁੱਤਰ ਨੇ ਤਾਂ ਮੇਰਾ ਦਾਜ ਵੀ ਪੇਟੀ ਵਿਚੋਂ ਕੱਢ ਕੇ ਵੇਚ ਦਿੱਤਾ ਏ! ਮੈਂ ਤਾਂ ਚੌਂਕੇਂ ਦੇ ਭਾਂਡੇ ਵੀ ਆਪਣੇ ਪੁੱਤ ਤੋਂ ਲੁਕਾ ਕੇ ਰੱਖਦੀ ਹਾਂ। ਉਸ ਮਾਂ ਦੇ ਬੋਲ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦੇ ਨੇ ਤੇ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਨੇ। ਇਹ ਕਿਸੇ ਇੱਕ ਮਾਂ ਦੀ ਕਹਾਣੀ ਨਹੀ ਇਹ ਪੰਜਾਬ ਦੀਆਂ ਅਨੇਕਾਂ ਮਾਵਾਂ ਦੀ ਕਹਾਣੀ ਏ। ਇਹ ਸਿਲਸਿਲਾ ਜੇਕਰ ਏਦਾਂ ਹੀ ਲਗਾਤਾਰ ਬੇਰੋਕ ਚੱਲਦਾ ਰਿਹਾ ਹੈ ਤਾਂ ਉਹ ਦਿਨ ਦੂਰ ਨਹੀ ਜਦੋਂ ਪੰਜਾਬ ਦੇ ਨਕਸ਼ੇ ਉੱਪਰ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਸਹਿਜ ਹੀ ਨਜ਼ਰ ਆਵੇਗੀ ਤੇ ਪੰਜਾਬ ਦੀ ਨੌਜਵਾਨੀ ਗ਼ਾਇਬ ਹੋ ਜਾਏਗੀ। ਪੰਜਾਬ ਦੇ ਪਿੰਡਾਂ ਵਿਚ ਵਿਆਹੁਣ ਯੋਗ ਲੜਕਿਆਂ ਦੀ ਘਾਟ ਵੱਡੇ ਪੱਧਰ ਤੇ ਮਹਿਸੂਸ ਹੋਵੇਗੀ ਤੇ ਪੰਜਾਬੀ ਕੁੜੀਆਂ ਨਾਲ ਵਿਆਹ ਕਰਨਗੇ ਪ੍ਰਵਾਸੀ ਮਜ਼ਦੂਰ! ਅਤੇ ਉਸ ਵਕਤ ਇਹ ਚਿੱਟਾ ਪੰਜਾਬ ਦੀ ਨੌਜਵਾਨ ਪੀੜੀ ਉੱਪਰ ਚਿੱਟੇ ਕਫ਼ਨ ਦੀ ਤਰ੍ਹਾਂ ਛਾ ਜਾਵੇਗਾ। ਮੇਰੇ ਨਿੱਜੀ ਤਜਰਬਿਆਂ ਮੁਤਾਬਿਕ ਮਾਝੇ ਏਰੀਏ ਵਿਚ ਹਰ ਹਫ਼ਤੇ ਤਿੰਨ ਨੌਜਵਾਨਾ ਦੀ ਮੌਤ ਦਾ ਕਾਰਨ ਚਿੱਟੇ ਦੀ ਜ਼ਿਆਦਾ ਮਾਤਰਾ ਦਾ ਟੀਕਾ ਬਣ ਰਿਹਾ ਹੈ। ਮੇਰੀ ਹਾਜ਼ਰੀ ਦੌਰਾਨ ਸੈਂਟਰ ਵਿਚ ਹਰ ਇੱਕ-ਦੋ ਹਫ਼ਤੇ ਬਾਅਦ ਚਿੱਟੇ ਦੀ ਟੀਕੇ ਦੇ ਕਾਰਨ ਹੋਣ ਵਾਲੀਆਂ ਦੋ-ਤਿੰਨ ਮੌਤਾਂ ਦੀ ਖਬਰ ਦਾ ਆਉਣਾ ਸੁਭਾਵਿਕ ਜਿਹੀ ਗੱਲ ਬਣ ਗਈ ਸੀ। ਮੌਜੂਦਾ ਸਮੇਂ ਵਿਚ ਚਿੱਟੇ ਦਾ ਨਾ ਪੰਜਾਬ ਦੇ ਬੁੱਧੀਜੀਵੀਆਂ ਤੇ ਚਿੰਤਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪੰਜਾਬ ਦੇ ਸੰਕਟਕਾਲੀਨ ਸਮਿਆਂ ਵਿਚੋਂ ਇੱਕ ਹੈ। 


ਯਾਦਵਿੰਦਰ ਸਿੰਘ ਵਿਰਕ
ਮੌਜੂਦਾ ਕਾਉਂਸਲਰ 
ਰਹਿਮਤ ਨਸ਼ਾ-ਮੁਕਤੀ ਅਤੇ ਸਲਾਹਕਾਰੀ ਕੇਂਦਰ ਚੀਕਾ (ਕੈਥਲ), ਹਰਿਆਣਾ। 
ਮੋ. 098147-47714

No comments:

Post a Comment

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...