ਅੱਜ ਕੱਲ੍ਹ ਉਸ ਨੂੰ ਵਾਰ-ਵਾਰ ਭੁਚੱਕੇ ਜਿਹੇ ਪੈਂਦੇ ਰਹਿੰਦੇ ਹਨ।
ਹੁਣੇ-ਹੁਣੇ ਉਹ ਨੂੰ ਲੱਗਾ ਜਿੱਦਾਂ ਕਮਰੇ 'ਚ ਕੋਈ ਆਇਆ ਹੋਵੇ।
ਉਹਨੇ ਹੱਥ 'ਚ ਫੜਿਆ ਗਲਾਸ ਸਟੂਲ 'ਤੇ ਰੱਖ ਦਿੱਤਾ। ਚਹੁੰ ਪਾਸੀਂ ਨਜ਼ਰਾਂ ਘੁਮਾਈਆਂ। ਕਮਰੇ 'ਚ ਨੀਮ ਹਨੇਰਾ ਹੈ। ਉਹ ਘੁੰਮ ਕੇ ਪਿਛਾਂਹ ਨੂੰ ਦੇਖਦੀ ਹੈ। ਕਿਤੇ ਵੀ ਕੋਈ ਨਹੀਂ ਹੈ। ਉਹਨੇ ਬਾਹਰਲੀ ਤਾਕੀ ਖੋਲ੍ਹ ਦਿੱਤੀ। ਕਮਰੇ 'ਚ ਲੋਅ ਹੁੰਦਿਆਂ ਸਾਰ ਹੀ ਉਸ ਦੀਆਂ ਨਜ਼ਰਾਂ ਸਾਹਮਣੇ ਵਾਲੀ ਕੰਧ 'ਤੇ ਟਿਕ ਗਈਆਂ। ਇੱਥੇ ਉਨ੍ਹਾਂ ਚਹੁੰ ਜਣਿਆਂ ਦੀ ਫ਼ੋਟੋ ਲੱਗੀ ਹੁੰਦੀ ਸੀ। ਹੁਣ ਇਹ ਉੱਥੇ ਨਹੀਂ ਹੈ। ਇੱਥੇ ਹੁਣ ਉਸੇ ਸ਼ੀਸ਼ੇ 'ਚ ਸੁਰਜੀਤ ਦੇ ਪਰਿਵਾਰ ਦੀ ਫ਼ੋਟੋ ਲੱਗੀ ਹੈ। ਉਨ੍ਹਾਂ ਦੀ ਫ਼ੋਟੋ ਕਿੱਥੇ ਗਈ? ਇਸ ਗੱਲ ਦਾ ਉਹ ਨੂੰ ਕੋਈ ਨਹੀਂ ਪਤਾ। ਪਤਾ ਨਹੀਂ ਕਿੰਨੇ ਚਿਰ ਬਾਅਦ ਉਸ ਦਾ ਧਿਆਨ ਇਸ ਪਾਸੇ ਗਿਆ ਸੀ।
ਇਹ ਫ਼ੋਟੋ ਚੰਨਣ ਨੇ ਸਟੇਸ਼ਨ ਤੋਂ ਘਰ ਨੂੰ ਜਾਂਦਿਆਂ ਹੋਇਆਂ ਕਮਲ ਫ਼ੋਟੋਗਰਾਫ਼ਰ ਕੋਲੋਂ ਖਿਚਵਾਈ ਸੀ। ਉਹ ਵੀ ਸਬੱਬੀਂ ਹੀ। ਹੋਇਆ ਇਹ ਕਿ ਭਰਵਾਂ ਮੀਂਹ ਪੈਣ ਕਰ ਕੇ, ਉਨ੍ਹਾਂ ਨੂੰ ਬਾਜ਼ਾਰ ਵਿਚ ਦੀ ਜਾਣਾ ਪਿਆ। ਕਮਲ ਫ਼ੋਟੋਗਰਾਫ਼ਰ ਕੋਲ ਆ ਕੇ ਚੰਨਣ ਨੇ ਸੁਲਾਹ ਮਾਰੀ ਸੀ, ''ਬੋਲਦੀ ਨੀਂ, ਇੱਕ ਆਪਣੇ ਪਰਿਵਾਰ ਦੀ ਫ਼ੋਟੋ ਨਾ ਖਿਚਵਾ ਲਈਏ? ਯਾਦ ਰਹੂ। ਜਦੋਂ ਨਿਆਣੇ ਵੱਡੇ ਹੋ ਗਏ ਤਾਂ ਦੇਖ ਲਿਆ ਕਰਨਗੇ ਕਿ ਛੋਟੇ ਹੁੰਦਿਆਂ ਕਿੱਦਾਂ ਦੇ ਹੁੰਦੇ ਸੀ।'' ਉਹਨੇ ਪੁੱਛਿਆ, ''ਫ਼ੋਟੋ ਜੋਗੇ ਪੈਸੇ ਹੈਗੇ ਆ?'' ਚੰਨਣ ਨੇ ਦੱਸਿਆ, ''ਅੱਧੇ ਕੁ ਹੈਗੇ। ਅੱਧੇ ਜਿੱਦਣ ਫ਼ੋਟੋ ਮਿਲੀ ਦੇ ਦੇਵਾਂਗਾ।'' ਉਹ ਬੋਲੀ, ''ਫੇਰ ਤਾਂ ਠੀਕ ਆ। ਆਪਣੀ ਵੀ ਕੋਈ ਫ਼ੋਟੋ ਨੀਂ।'' ਉਹ ਅੰਦਰ ਫ਼ੋਟੋ ਖਿਚਵਾਉਣ ਲਈ ਵੜ੍ਹੇ ਤਾਂ ਬਲਵੰਤ ਕਹਿਣ ਲੱਗਾ, ''ਮੈਂ ਬੀਬੀ ਕੋਲ ਬੈਠਣਾ।'' ਸੁਰਜੀਤ ਜ਼ਿੱਦ ਕਰੀ ਗਿਆ, ''ਨੀਂ, ਮੈਂ ਬੈਠਣਾ।'' ਚੰਨਣ ਨੇ ਲਾਲਚ ਦੇ ਕੇ ਬਲਵੰਤ ਨੂੰ ਆਪਣੇ ਪੱਟਾਂ 'ਤੇ ਬੈਠਾਇਆ। ਉਹਨੇ ਕਿਹਾ, ''ਜਿੱਦਾਂ-ਜਿੱਦਾਂ ਬੱਚੇ ਵੱਡੇ ਹੋਈ ਜਾਂਦੇ ਆ-ਸਾਨੂੰ ਉਨ੍ਹਾਂ ਦਾ ਚਿਹਰਾ ਭੁੱਲੀ ਜਾਂਦਾ। ਹੁਣ ਵਾਲਾ ਦਿਸਦਾ।'' ਉਹ ਬੋਲੀ, ''ਤੈਨੂੰ ਭੁੱਲਦਾ ਹੋਊ। ਮੈਨੂੰ ਤਾਂ ਓਦਾਂ ਦੇ ਹੀ ਦਿਸਦੇ ਆ।''
ਕਿੰਨੀ ਛੇਤੀ ਕਿੰਨਾ ਕੁੱਝ ਬੀਤ ਗਿਆ।
ਹੁਣ ਉਹ ਆਪ ਪੋਤੇ, ਪੋਤੀ ਤੇ ਦੋਹਤੇ ਵਾਲੀ ਬਣ ਗਈ ਹੈ।
ਉਹ ਨੂੰ ਸੂਤੜੀ ਦਾ ਖਿਆਲ ਆਇਆ। ਅਜੇ ਇਕੋ ਪਿੰਨਾ ਬਣਿਆ ਸੀ। ਮੰਜੇ ਲਈ ਚਾਰ ਪਿੰਨਿਆਂ ਦੀ ਲੋੜ ਪੈਂਦੀ ਹੈ। ਸਿਰਹਾਣੇ ਵਾਲੇ ਪਾਸੇ ਪਏ ਪਿੰਨੇ ਨੂੰ ਚੁੱਕਣ ਲਈ ਉਸ ਦੀ ਰੂਹ ਰਾਜ਼ੀ ਨਾ ਹੋਈ। ਕਿਹੜੀ ਕਾਹਲੀ ਪਈ ਹੈ। ਮਾੜੇ ਜਿਹੇ ਦਿਨ ਖੁੱਲ੍ਹ ਜਾਣ, ਉਸ ਦਸ ਦਿਨਾਂ 'ਚ ਕੰਮ ਨਬੇੜ ਦੇਣਾ। ਘਰ 'ਚ ਕੋਈ ਮੰਜਾ ਨਹੀਂ। ਕਮਰੇ ਤੋਂ ਬਾਹਰ ਕੋਈ ਸੌਂਦਾ ਨਹੀਂ। ਇਹ ਤਾਂ ਉਸ ਵਿਹਲੀ ਬੈਠੀ ਨੇ, ਘਰ ਦੇ ਪੁਰਾਣੇ ਲੀੜੇ ਤੇ ਨਵੀਆਂ ਲੀਰਾਂ ਲੈ ਕੇ ਸੂਤੜੀ ਵਟਣੀ ਸ਼ੁਰੂ ਕਰ ਦਿੱਤੀ ਸੀ ਕਿ ਚਲੋ ਧੀ ਜੀਤੋ ਦੇ ਕੰਮ ਆ ਜਾਣਗੇ। ਕਿੰਨਾ ਮੁਲਾਇਮ ਹੁੰਦਾ ਹੈ ਲੀਰਾਂ ਦੀ ਸੂਤੜੀ ਦਾ ਮੰਜਾ। ਦਰੀ ਜਾਂ ਚਾਦਰ ਵਿਛਾਉਣ ਦੀ ਲੋੜ ਹੀ ਨਹੀਂ ਪੈਂਦੀ।
ਇੱਧਰ ਚਾਹ ਠੰਢੀ ਹੋ ਰਹੀ ਹੈ, ਉੱਧਰ ਉਸ ਦੀ ਬੇਚੈਨੀ ਵਧਦੀ ਜਾ ਰਹੀ ਹੈ। ਉਸ ਕਈ ਵਾਰ ਚਾਹ ਦੇ ਗਲਾਸ ਨੂੰ ਹੱਥ ਲਾ ਕੇ ਦੇਖਿਆ ਕਿ ਕਿਤੇ ਜ਼ਿਆਦਾ ਠੰਢੀ ਤਾਂ ਨਹੀਂ ਹੋ ਗਈ। ਪਹਿਲਾਂ ਉਸ ਅੰਦਰ ਵੱਲ ਦੇਖਿਆ ਕਿ ਕਿਤੇ ਸਾਹਮਣੇ ਸੁਨੀਤਾ ਤਾਂ ਨਹੀਂ ਬੈਠੀ। ਫੇਰ ਉਹ ਬਾਹਰਲੇ ਦਰਵਾਜ਼ੇ ਕੋਲ ਆਈ ਇਹ ਦੇਖਣ ਲਈ ਕਿ ਕੀ ਬਲਵੰਤ ਕੋਲ ਬੈਠਾ ਮੋਹਣਾ ਚਲਾ ਗਿਆ ਹੈ ਜਾਂ ਕਿ ਨਹੀਂ। ਠੰਢੇ ਬੁੱਲੇ ਨਾਲ ਉਸ ਨੂੰ ਕੰਬਣੀ ਛਿੜੀ। ਉਸ ਸ਼ਾਲ ਦੀ ਬੁੱਕਲ ਨੂੰ ਹੋਰ ਕਸ ਲਿਆ। ਮੋਹਣੇ ਨੂੰ ਬੈਠਾ ਦੇਖ ਕੇ ਮਨ ਹੀ ਮਨ ਆਪਣੇ ਆਪ ਕੋਲੋਂ ਪੁੱਛਿਆ, 'ਇਹ ਕਿਹੜੀ ਰਾਮ ਕਹਾਣੀ ਛੇੜੀ ਬੈਠੇ ਆ? ਮੋਹਣਾ ਅਜੇ ਤਾਈਂ ਗਿਆ ਕਿਉਂ ਨੀਂ? ਕੀ ਇਹ ਅੱਜ ਵੀ ਵਿਹਲਾ ਆ? ਜੇ ਇਹ ਵਿਹਲਾ ਆ ਤਾਂ ਬਲਵੰਤ ਨੂੰ ਕੰਮ ਕਰਨ ਦੇਵੇ...।' ਉਹ ਇਸ ਆਸ 'ਚ ਬੈਠੀ ਸੀ ਕਿ ਗਲਾਸ ਵਿਚਲੀ ਅੱਧੀ ਚਾਹ ਪਹਿਲਾਂ ਬਲਵੰਤ ਪੀ ਲਵੇ ਤੇ ਬਾਕੀ ਦੀ ਉਹ ਪੀ ਲਵੇਗੀ। ਉਸ ਕੋਲੋਂ ਇਸ ਵੇਲੇ ਇਕੱਲਿਆਂ ਚਾਹ ਨਹੀਂ ਪੀਤੀ ਜਾਂਦੀ। ਉਸ ਦੀ ਇੱਛਾ ਹੁੰਦੀ ਹੈ ਕਿ ਉਹ ਬਲਵੰਤ ਕੋਲ ਬੈਠ ਕੇ ਉਹ ਨੂੰ ਚਾਹ ਪੀਂਦਿਆਂ ਨੂੰ ਦੇਖੇ। ਫੇਰ ਹੀ ਆਪ ਵੀ ਪੀਵੇ।
ਬਲਵੰਤ ਚਿਮਟੀਆਂ ਦੇ ਨੱਕੇ ਸਿੱਧੇ ਕਰ ਰਿਹਾ ਹੈ। ਉਸ ਨੀਵੀਂ ਪਾਈ ਹੋਈ ਹੈ। ਉਸ ਤਾਂ ਇਕ ਵਾਰ ਵੀ ਧੌਣ ਚੁੱਕ ਕੇ ਇਸ ਪਾਸੇ ਵੱਲ ਨੂੰ ਨਹੀਂ ਦੇਖਿਆ। ਉਸ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਲੱਗਾ ਕਿ ਉਹ ਦੋ-ਤਿੰਨ ਗੇੜੇ ਮਾਰ ਚੁੱਕੀ ਹੈ। ਉਹ ਤਾਂ ਮੋਹਣੇ ਨਾਲ ਗੱਲੀਂ ਲੱਗਾ ਹੋਇਆ। ਉਹ ਨੌਂ ਕੁ ਵਜੇ ਅਸ਼ੋਕ ਦੇ ਕਾਰਖ਼ਾਨੇ ਆਉਂਦਾ। ਚੜ੍ਹਦੇ ਵਾਲੇ ਪਾਸੇ ਵੱਲ ਨੂੰ ਬੋਰੀ ਵਿਛਾ ਕੇ ਬੈਠ ਜਾਂਦਾ। ਉਸ ਦੇ ਅੱਗੇ ਸਾਨ, ਹਥੌੜਾ ਤੇ ਚਿਮਟੀਆਂ ਦੀ ਢੇਰੀ ਪਈ ਹੁੰਦੀ। ਉਹ ਹਰ ਰੋਜ਼ ਲੁਹਾਂਡੇ 'ਚ ਅੱਗ ਬਾਲ ਕੇ ਉਸ ਅੱਗੇ ਰੱਖ ਦਿੰਦੀ। ਬਲਵੰਤ ਉਸ ਨੂੰ ਅਕਸਰ ਟੋਕਦਾ, ''ਤੂੰ ਕਾਹਤੋਂ ਮੇਰਾ ਐਨਾ ਫ਼ਿਕਰ ਕਰਦੀ ਆਂ। ਕੰਮ 'ਚ ਲੱਗਿਆਂ ਮੈਨੂੰ ਠੰਢ ਦਾ ਚੇਤਾ ਹੀ ਨੀਂ ਰਹਿੰਦਾ।'' ਉਹ ਬਲਵੰਤ ਦੀ ਗੱਲ ਵੱਲ ਧਿਆਨ ਨਾ ਦਿੰਦੀ। ਉਸ ਤਾਂ ਇਹ ਦੀ ਰੁਟੀਨ ਹੀ ਬਣਾ ਰੱਖੀ ਹੈ। ਘਰ ਦੇ ਸਾਹਮਣੇ ਪੈਂਦੀ ਜੱਸੇ ਦੀ ਫ਼ੈਕਟਰੀ 'ਚੋਂ ਕੁੱਝ ਫੱਟੀਆਂ ਉਹ ਮੰਗ ਕੇ ਲੈ ਆਉਂਦੀ। ਕੁੱਝ ਅੱਖ ਬਚਾ ਕੇ ਜਾਂ ਕਿਸੇ ਨਿਆਣੇ ਨੂੰ ਭੇਜ ਕੇ ਸਵੇਰ ਦਾ ਬੰਦੋਬਸਤ ਕਰ ਲੈਂਦੀ। ਇਨ੍ਹਾਂ ਫੱਟੀਆਂ ਨੂੰ ਉਹ ਆਪਣੇ ਮੰਜੇ ਹੇਠਾਂ ਨੂੰ ਕਰ ਕੇ ਰੱਖ ਦਿੰਦੀ। ਜਦੋਂ ਉਸ ਨੂੰ ਅੰਦਰ ਬੈਠੀ ਨੂੰ ਠੰਢ ਲੱਗਦੀ ਹੈ, ਬਾਹਰ ਬੈਠੇ ਬਲਵੰਤ ਨੂੰ ਕਿਉਂ ਨਹੀਂ ਲੱਗਦੀ ਹੋਵੇਗੀ। ਅੱਜ ਪੱਛਮ ਵੱਲੋਂ ਠੱਕਾ ਵਗਣ ਨਾਲ ਠੰਢ ਕੁੱਝ ਕੁ ਜ਼ਿਆਦਾ ਵੱਧ ਗਈ ਸੀ।
ਕੋਈ ਵੀ ਚੀਜ਼ ਖਾਣ ਲੱਗਿਆਂ ਉਹ ਨੂੰ ਬਲਵੰਤ ਦਾ ਖਿਆਲ ਆ ਜਾਂਦਾ। ਉਹ ਆਪਣੇ ਹਿੱਸੇ 'ਚੋਂ ਬਲਵੰਤ ਦਾ ਹਿੱਸਾ ਰੱਖ ਲੈਂਦੀ ਜਾਂ ਉਸੇ ਵੇਲੇ ਚੀਜ਼ ਹੱਥ 'ਚ ਫੜ ਕੇ ਉਸ ਕੋਲ ਆ ਬੈਠਦੀ। ਪਹਿਲਾਂ ਦੋਵੇਂ ਭਰਾ 'ਕੱਠੇ ਰਹਿੰਦੇ ਸਨ। ਘਰ 'ਚ ਬਹੂਆਂ ਦੀ ਤੂੰ-ਤੂੰ, ਮੈਂ-ਮੈਂ ਵੱਧ ਗਈ ਤਾਂ ਉਹ ਜੁਦਾ ਹੋ ਗਏ। ਛੋਟੇ ਸੁਰਜੀਤ ਦੇ ਹਿੱਸੇ ਇਹ ਘਰ ਆਇਆ। ਬਲਵੰਤ ਨੇ ਕ੍ਰਿਸ਼ਨਾ ਕਾਲੋਨੀ 'ਚ ਬਣਿਆ ਬਣਾਇਆ ਮਕਾਨ ਖ਼ਰੀਦ ਲਿਆ।
ਰਾਤ ਦੀ ਗਈ ਬਿਜਲੀ ਆਈ ਤਾਂ ਟੀਵੀ ਚੱਲ ਪਿਆ। ਰਾਤੀਂ ਸੁਰਜੀਤ ਚੱਲਦਾ ਹੀ ਛੱਡ ਗਿਆ ਸੀ। ਕਿਸੇ ਚੈਨਲ ਤੋਂ ਸਰਵਨ ਦੀ ਕਹਾਣੀ ਦਿਖਾਈ ਜਾ ਰਹੀ ਹੈ। ਐਂਕਰ ਦੱਸ ਰਿਹਾ ਹੈ, ''ਸਰਵਨ ਕਦੇ ਮਰਦਾ ਨੀਂ। ਜਦੋਂ ਤਕ ਬੱਚਿਆਂ 'ਚ ਮਾਂ-ਪਿਓ ਪ੍ਰਤੀ ਜ਼ੁੰਮੇਵਾਰੀ ਦੀ ਭਾਵਨਾ ਰਹੇਗੀ, ਉਹ ਮਰ ਨੀਂ ਸਕਦਾ। ਅਜਿਹਾ ਹੀ ਇਕ ਸਰਵਨ ਉੱਤਰ ਪ੍ਰਦੇਸ ਦੇ ਜ਼ਿਲ੍ਹੇ ਮੁਜ਼ਫਰਗੜ੍ਹ ਦੇ ਕਸਬੇ ਦੀਨਾਪੁਰ 'ਚ ਰਹਿੰਦਾ ਏ। ਉਸ ਦਾ ਨਾਂ ਜਗਦੀਸ਼ਾ ਏ। ਉਹ ਬੈਂਕ ਆਫ਼ ਇੰਡੀਆ 'ਚ ਚੌਥੇ ਦਰਜੇ ਦਾ ਮੁਲਾਜ਼ਮ ਏ। ਉਸ ਦੇ ਮਾਂ-ਪਿਓ ਦੀਆਂ ਇਕ ਐਕਸੀਡੈਂਟ 'ਚ ਦੋਵੇਂ ਲੱਤਾਂ ਕੱਟੀਆਂ ਗਈਆਂ। ਉਹ ਤੁਰਨ-ਫਿਰਨ ਤੋਂ ਆਰੀ ਹੋ ਗਏ। ਜਗਦੀਸ਼ਾ ਉਦੋਂ ਅੱਠਵੀਂ 'ਚ ਪੜ੍ਹਦਾ ਸੀ। ਉਸ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਦਿਹਾੜੀਆਂ ਕੀਤੀਆਂ। ਮਾਂ-ਪਿਓ ਨੂੰ ਸੰਭਾਲਿਆ। ਹੁਣ ਉਹ ਸਾਲ 'ਚ ਦੋ ਵਾਰ, ਜਿੱਥੇ ਉਸ ਦੇ ਮਾਂ-ਪਿਓ ਚਾਹੁਣ, ਘੁੰਮਾਉਣ ਲਈ ਆਪਣੇ ਸਕੂਟਰ 'ਤੇ ਲੈ ਜਾਂਦਾ ਏ। ਕਿਸੇ ਵੀ ਤੀਰਥ ਸਥਾਨ 'ਤੇ। ਹੁਣ ਪਹਿਲਾਂ ਅਸੀਂ ਉਸ ਦੀ ਮਾਂ ਕੋਲੋਂ ਉਨ੍ਹਾਂ ਦੇ ਸਰਵਨ ਪੁੱਤ ਬਾਰੇ ਪੁੱਛਦੇ ਹਾਂ...।'' ਉਸ ਦੀਆਂ ਅੱਖਾਂ ਭਰ ਆਈਆਂ। ਆਪਣੇ ਸਿਰ ਦਾ ਸਾਈਂ ਯਾਦ ਆਇਆ। ਜਦੋਂ ਕਦੇ ਵੀ ਉਸ ਦਾ ਮਨ ਡੋਲਦਾ, ਚੰਨਣ ਦਿਲਾਸਾ ਦਿੰਦਾ ਸੀ, ''ਤੂੰ ਵਾਹਲਾ ਸੋਚਿਆ ਨਾ ਕਰ। ਕੁਦਰਤ ਜੋ ਕਰਦੀ ਆ, ਠੀਕ ਹੀ ਕਰਦੀ ਆ। ਮਾੜੇ ਦਿਨ ਕਿਸ 'ਤੇ ਨੀਂ ਆਉਂਦੇ। ਮੈਨੂੰ ਦੱਸ ਮੈਂ ਤੇਰੀ ਕਿਹੜੀ ਰੀਝ ਪੂਰੀ ਨੀਂ ਕੀਤੀ।'' ਕੁੱਝ ਪਲਾਂ ਬਾਅਦ ਉਹ ਪਹਿਲਾਂ ਵਰਗੀ ਹੋ ਜਾਂਦੀ। ਉਹ ਭੱਜ-ਭੱਜ ਕੇ ਘਰ ਦੇ ਕੰਮ ਕਰਦੀ। ਉਹ ਚੰਨਣ ਦੀ ਜੇਬ 'ਚੋਂ, ਜਦੋਂ ਤੇ ਜਿੰਨੇ ਵੀ ਪੈਸੇ ਚਾਹੀਦੇ ਹੁੰਦੇ, ਕੱਢ ਲੈਂਦੀ ਤੇ ਫੇਰ ਦੱਸਦੀ। ਉਹ ਕਹਿੰਦਾ, ''ਜ਼ਨਾਨੀ ਨੂੰ ਆਪਣੇ ਖਸਮ 'ਤੇ ਮਾਣ ਹੁੰਦਾ। ਉਹ ਆਪਣਾ ਹੱਕ ਸਮਝਦੀ। ਪਰ ਪੁੱਤਾਂ ਦੀ ਜੇਬ 'ਚੋਂ ਇਕ ਰੁਪਇਆ ਵੀ ਕੱਢਣ ਲੱਗੀ ਸੌ ਵਾਰ ਸੋਚਦੀ ਆ। ਠੀਕ ਆ ਨਾ?'' ਉਸ ਅੱਗੋਂ ਹਾਂ 'ਚ ਸਿਰ ਹਿਲਾਉਂਦੀ।
ਕੁਦਰਤ ਨੇ ਉਸ ਕੋਲੋਂ ਕਿਸ ਗੱਲ ਦਾ ਬਦਲਾ ਲਿਆ-ਇਸ ਗੱਲ ਦੀ ਅੱਜ ਤੱਕ ਉਸ ਨੂੰ ਸਮਝ ਨਹੀਂ ਲੱਗੀ।
ਇਕ ਦਿਨ ਅਜਿਹੀਆਂ ਹੀ ਸੋਚਾਂ 'ਚ ਬੈਠੀ, ਬੁੜਬੁੜਾਉਂਦੀ ਨੂੰ ਗੁਆਂਢਣ ਕੈਲਾਸ਼ੋ ਨੇ ਹਲੂਣਦਿਆਂ ਹੋਇਆਂ ਪੁੱਛਿਆ ਸੀ, ''ਨੀਂ ਕਿਹੜੇ ਖੂਹ 'ਚ ਛਾਲ ਮਾਰਨ ਲੱਗੀ ਸੀ?'' ਨਾ ਚਾਹੁੰਦਿਆਂ ਹੋਇਆਂ ਵੀ ਉਸ ਕੋਲੋਂ ਦੱਸ ਹੋ ਹੀ ਗਿਆ, ''ਭੈਣੇ ਕਾਹਦੀ ਜ਼ਿੰਦਗੀ ਆ... ਘਰ 'ਚ ਖਾਣ ਨੂੰ ਕੁਸ਼ ਨੀਂ... ਮੈਥੋਂ ਬੱਚੇ ਭੁੱਖੇ ਦੇਖੇ ਨੀਂ ਜਾਂਦੇ... ਰੱਬ ਕੋਲੋਂ ਮੌਤ ਮੰਗਦੀ ਆਂ।'' ਕੈਲਾਸ਼ੋ ਨੇ ਉਸ ਦੇ ਮੂੰਹ ਅੱਗੇ ਹੱਥ ਰੱਖਿਆ। ਸਮਝਾਇਆ, ''ਨਾ ਨੀ ਨਾ, ਐਦਾਂ ਨਾ ਸੋਚੀਂ ਕਦੇ... ਇਨ੍ਹਾਂ ਮਸੋਰਾਂ ਨੂੰ ਕੌਣ ਸਾਂਭੂੰ... ਮੈਂ ਹੁਣੇ ਆਟੇ ਦੀ ਪਰਾਤ ਕਾਂਤੋ ਹੱਥੀਂ ਭੇਜਦੀ ਆਂ... ਜਿਗਰਾ ਰੱਖ... ਵਾਹਿਗੁਰੂ ਨੇ ਦੋ ਲਾਲ ਦਿੱਤੇ ਆ... ਲੈ ਦਿਨਾਂ 'ਚ ਜੁਆਨ ਹੋਏ ਲੈ... ਤੈਨੂੰ ਸਾਰੇ ਦੁੱਖ ਭੁੱਲਾ ਦੇਣਗੇ...।''
ਉਸ ਕੋਲੋਂ ਜ਼ਿਆਦਾ ਚਿਰ ਟੀਵੀ ਵੱਲ ਦੇਖਿਆ ਨਾ ਗਿਆ। ਉਹ ਬਾਹਰ ਆਈ ਤਾਂ ਮੋਹਣਾ ਤੇ ਬਲਵੰਤ ਅਜੇ ਵੀ ਗੱਲੀਂ ਜੁਟੇ ਹੋਏ ਸਨ। ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਕੋਈ ਖ਼ਬਰ-ਸਾਰ ਨਹੀਂ ਸੀ।
ਉਸ ਨੇ ਗਲਾਸ ਨੂੰ ਫੇਰ ਹੱਥਾਂ 'ਚ ਘੁੱਟਿਆ। ਹੁਣ ਗਲਾਸ 'ਚ ਬਿਲਕੁਲ ਤਪਸ਼ ਨਹੀਂ ਰਹੀ ਸੀ। ਜੇ ਉਹ ਰਸੋਈ ਵੱਲ ਨੂੰ ਗਲਾਸ ਲੈ ਕੇ ਗਈ ਤਾਂ ਸੁਨੀਤਾ ਨੇ ਉਸ ਦੀ ਲਾਹ-ਪਾਹ ਕਰਨ ਲੱਗਿਆਂ ਇਕ ਮਿੰਟ ਨਹੀਂ ਲਾਉਣਾ, ''ਉਦੋਂ ਤਾਂ ਮੈਨੂੰ ਮਸ਼ੀਨ ਦੀ ਸੂਈ 'ਚ ਧਾਗਾ ਵੀ ਨੀਂ ਪਾਉਣ ਦਿੱਤਾ ਸੀ। ਕਹਿੰਦੀ ਸੀ- ਅਭੀ ਚਾਹ ਬਣਾ। ਹੁਣ ਤਾਈਂ ਡੱਫੀ ਕਿਉਂ ਨੀਂ? ਹੁਣ ਤੇਰੇ ਕੀ ਸੱਪ ਲੜ ਗਿਆ? ਮੈਥੋਂ ਨੀਂ ਵਾਰ-ਵਾਰ ਤੱਤੀ ਹੁੰਦੀ। ਗੈਸ ਅੱਗੇ ਹੀ ਮੁੱਕਣ ਵਾਲਾ... ਜੇ ਨੀਂ ਪੀਣੀ ਤਾਂ ਨਾਲੀ 'ਚ ਡੋਲ ਦੇ... ਰਾਤ ਨੂੰ ਆਪਣੇ ਪਤੰਦਰ ਕੋਲ ਸ਼ਿਕਾਇਤਾਂ ਲਾਉਂਦੀ ਸਾਹ ਨੀਂ ਲੈਂਦੀ...।''
ਇਕ ਵਾਰ ਤਾਂ ਉਸ ਗਲਾਸ ਚੁੱਕ ਲਿਆ। ਫੇਰ ਰੱਖ ਦਿੱਤਾ। ਸੁਨੀਤਾ ਵੱਲ ਜਾਂਦਿਆਂ ਹੋਇਆਂ ਰਸੋਈ ਵੱਲ ਦੇਖਿਆ। ਹੌਂਕਾ ਲੈਂਦਿਆਂ ਹੋਇਆਂ ਆਪਣੇ ਆਪ ਨੂੰ ਕਿਹਾ, 'ਕਿੰਨਾ ਭੈੜਾ ਵੇਲਾ ਆ ਗਿਆ... ਮੈਂ ਆਪਣੀ ਮਰਜ਼ੀ ਨਾਲ ਚਾਹ ਦਾ ਗਲਾਸ ਵੀ ਨੀਂ ਬਣਾ ਸਕਦੀ... ਬਣਾ ਕੀ ਸਕਦੀ, ਮੈਂ ਤਾਂ ਗੈਸ ਬਾਲ ਕੇ ਤੱਤੀ ਵੀ ਨੀਂ ਕਰ ਸਕਦੀ...।' ਕੱਪੜਿਆਂ ਵਾਲੀ ਮਸ਼ੀਨ ਵੱਲੋਂ ਧਿਆਨ ਹਟਾ ਕੇ ਸੁਨੀਤਾ ਨੇ ਉਸ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਿਆ। ਉਸ ਸਹਿਮੀ ਜਿਹੀ ਨੇ ਪੁੱਛਿਆ, ''ਜੇ ਤੂੰ ਕਹੇਂ ਤਾਂ ਮੈਂ ਭਾਂਡੇ ਮਾਂਜ ਦਵਾਂ?'' ਸੁਨੀਤਾ ਉਸ ਨੂੰ ਟੁੱਟ ਕੇ ਪੈ ਗਈ, ''ਆਈ ਵੱਡੀ ਭਾਂਡੇ ਮਾਂਜਣ ਵਾਲੀ! ਤੈਥੋਂ ਰਮਾਨ ਨਾਲ ਰਜਾਈ 'ਚ ਨੀਂ ਬੈਠਿਆ ਜਾਂਦਾ। ਜਾ-ਜਾ ਮੈਨੂੰ ਆਪਣਾ ਕੰਮ ਕਰੀ ਜਾਣ ਦੇ।'' ਉਹ ਖੜੀ-ਖੜੀ ਮੁੜ ਆਈ।
ਉਸ ਬਾਹਰਲੇ ਦਰਵਾਜ਼ੇ 'ਚ ਖੜ ਕੇ ਬਲਵੰਤ ਵੱਲ ਦੇਖਿਆ। ਹੁਣ ਮੋਹਣਾ ਜਾ ਚੁੱਕਾ ਸੀ। ਬਲਵੰਤ ਨੇ ਇੱਕ ਲੱਤ ਸਿੱਧੀ ਕਰ ਰੱਖੀ। ਦੂਜੀ 'ਤੇ ਸਾਰਾ ਭਾਰ ਦਿੱਤਾ ਹੋਇਆ। ਉਸ ਸੋਚਿਆ ਕਿ ਬਲਵੰਤ ਕਿੰਨਾ ਔਖਾ ਹੋ ਕੇ ਕੰਮ ਕਰਦਾ ਹੈ। ਪੈਸਾ ਕਮਾਉਣਾ ਕਿੰਨਾ ਔਖਾ ਹੈ। ਇਕ ਸਮਾਂ ਸੀ ਕਿ ਉਸ ਨੇ ਬੋਰੀਆਂ ਦਾ ਪਰਦਾ ਜਿਹਾ ਕਰ ਕੇ ਅੱਡਾ ਲਾਇਆ ਹੋਇਆ ਸੀ। ਪੱਖਾ ਵੀ ਹੈ ਨਹੀਂ ਸੀ। ਸਿਖਰ ਦੁਪਹਿਰਾ। ਆਖਿਰਾਂ ਦੀ ਗਰਮੀ। ਨਾਲ ਦੀ ਨਾਲ ਸਾਨਾਂ 'ਚੋਂ ਉੱਡਦਾ ਕਾਲਾ ਜਿਹਾ ਬੂਰਾ। ਕੰਨ ਜਾਂ ਨੱਕ 'ਚ ਉਂਗਲ ਫੇਰੋ, ਮੈਲ ਦੀਆਂ ਬੱਤੀਆਂ ਨਿਕਲਦੀਆਂ।
ਉਹ ਗਲਾਸ ਚੁੱਕ ਕੇ ਬਲਵੰਤ ਕੋਲ ਆ ਗਈ। ਗਲਾਸ ਨੂੰ ਲੁਹਾਂਡੇ ਵਿਚਲੀ ਭੁੱਬਲ ਦੇ ਵਿਚਕਾਰ ਰੱਖ ਦਿੱਤਾ। ਬਲਵੰਤ ਨੂੰ ਪੁੱਛਿਆ, ''ਤੈਨੂੰ ਠੰਢ ਲੱਗਦੀ ਹੁਣੀਂ?'' ਬਲਵੰਤ ਨੇ ਉਸ ਵੱਲ ਬਿਨਾਂ ਦੇਖਿਆਂ ਹੀ ਕਿਹਾ, ''ਅੱਜ ਵਾਕਿਆ ਹੀ ਜ਼ਿਆਦਾ ਠੰਢ ਆ।'' ਉਹ ਚਾਹ ਨੂੰ ਭੁੱਲ ਕੇ ਆਪਣੇ ਕਮਰੇ 'ਚ ਮੁੜ ਆਈ। ਆਪਣੇ ਵਾਲਾ ਕੰਬਲ ਲਿਆ ਕੇ ਬਲਵੰਤ ਨੂੰ ਪਿਛਲੇ ਪਾਸਿਉਂ ਢੱਕ ਦਿੱਤਾ। ਬਲਵੰਤ ਖਿੱਝ ਉੱਠਿਆ, ''ਤੂੰ ਮੈਨੂੰ ਕੰਮ ਕਰਨ ਦਏਂਗੀ ਕਿ ਨੀਂ?'' ਉਸ ਬਲਵੰਤ ਦੀ ਇਸ ਗੱਲ ਦਾ ਕੋਈ ਜੁਆਬ ਨਾ ਦਿੱਤਾ। ਕੰਬਲ ਦੇ ਦੋਵੇਂ ਸਿਰਿਆਂ ਨਾਲ ਉਸ ਦੇ ਪੈਰ ਵੀ ਢੱਕ ਦਿੱਤੇ।
ਉਸ ਨੇ ਬਲਵੰਤ ਨੂੰ ਬਾਂਹੋਂ ਫੜ ਕੇ ਪੁੱਛਿਆ, ''ਮੈਂ ਕੱਲ੍ਹ ਤੈਨੂੰ ਕਿਹਾ ਸੀ ਕਿ ਆਉਣ ਲੱਗਾ ਰਾਣੀ ਨੂੰ ਨਾਲ ਲੈ ਕੇ ਆਈਂ। ਤੂੰ ਲਿਆਇਆ ਕਿਉਂ ਨੀਂ?''
ਬਲਵੰਤ ਨੇ ਦੱਸਿਆ, ''ਮੈਂ ਤਾਂ ਲੈ ਆਉਣੀ ਸੀ। ਉਸ ਦੀ ਮੰਮੀ ਨੇ ਨੀਂ ਆਉਣ ਦਿੱਤੀ।''
''ਭਲਾ ਕਿਉਂ?''
''ਉਹਦੀ ਚਾਚੀ ਕਹਿੰਦੀ ਸੀ ਕਿ ਸਾਡੇ ਘਰੇ ਬਹੁਤ ਗੰਦ ਪਾਉਂਦੀ ਆ।''
''ਲੈ ਤਾਂ, ਨਿਆਣੇ ਗੰਦ ਨਾ ਪਾਉਣਗੇ ਤਾਂ ਹੋਰ ਕੀ ਕਰਨਗੇ। ਮੈਂ ਚਾਰ ਸਾਲ ਉਹ ਨੂੰ ਆਪਣੇ ਨਾਲ ਪਾਇਆ। ਮੇਰੇ ਬਿਨਾਂ ਤਾਂ ਉਹ ਸੌਂਦੀ ਹੀ ਨੀਂ ਸੀ।''
''ਹੁਣ ਵੀ ਦਾਦੀ ਅੰਮਾ-ਦਾਦੀ ਅੰਮਾ ਕਹਿੰਦੀ ਹੋਈ ਬੁੜਬੁੜਾ ਕੇ ਉੱਠ ਬੈਠਦੀ ਆ।''
ਉਸ ਦੀਆਂ ਅੱਖਾਂ ਭਰ ਆਈਆਂ। ਉਸ ਨੇ ਚੁੰਨੀ ਦੇ ਲੜ ਨਾਲ ਹੰਝੂ ਪੂੰਝ ਕੇ ਭਰੀ ਆਵਾਜ਼ ਵਿਚ ਕਿਹਾ, ''ਜਾਣ ਲੱਗਾ ਮੈਨੂੰ ਨਾਲ ਲੈ ਜਾਈਂ। ਮੇਰਾ ਉਹ ਨੂੰ ਦੇਖਣ ਨੂੰ ਬਹੁਤ ਚਿੱਤ ਕਰਦਾ।''
''ਅੱਜ ਨੀਂ। ਅੱਜ ਤਾਂ ਮੈਂ ਭੀਰੇ ਕੇ ਅੱਡੇ 'ਤੇ ਜਾ ਕੇ ਓਵਰ ਟਾਈਮ ਲਾਉਣਾ। ਮੈਨੂੰ ਕੁਵੇਲਾ ਹੋ ਜਾਣਾ। ਪਰਸੋਂ ਨੂੰ ਦੇਖੂੰਗਾ।''
ਉਹ ਨੂੰ ਇਸ ਗੱਲ ਦਾ ਪਤਾ ਹੈ ਕਿ ਜਿੰਨੀ ਵਾਰੀ ਵੀ ਉਸ ਬਲਵੰਤ ਨੂੰ ਨਾਲ ਲੈ ਜਾਣ ਲਈ ਕਿਹਾ ਹੈ, ਉਸ ਨੇ ਅਜਿਹਾ ਹੀ ਜੁਆਬ ਦਿੱਤਾ ਹੈ। ਸੁਰਜੀਤ ਦਾ ਅਜੇ ਕੋਈ ਬੱਚਾ ਨਹੀਂ ਹੈ।
ਚਾਹ ਕੋਸੀ ਜਿਹੀ ਹੋ ਗਈ। ਬੁੱਤਾ ਸਾਰ। ਗਲਾਸ ਨੂੰ ਉੱਪਰਲੇ ਪਾਸਿਉਂ ਚੁੱਕ ਕੇ ਬਲਵੰਤ ਨੂੰ ਫੜਾਉਂਦੀ ਹੋਈ ਨੇ ਕਿਹਾ, ''ਲੈ ਪਹਿਲਾਂ ਅੱਧੀ ਪੀ ਲੈ।'' ਅੱਗੋਂ ਬਲਵੰਤ ਨੇ ਔਖ ਮੰਨਦਿਆਂ ਹੋਇਆਂ ਪੁੱਛਿਆ, ''ਤੂੰ ਅਜੇ ਤਾਈਂ ਕਿਉਂ ਨੀਂ ਪੀਤੀ?'' ਉਹ ਬੋਲੀ, ''ਮੇਰਾ ਪੁੱਤ ਵਗਦੇ ਠੱਕੇ 'ਚ ਬੈਠਾ ਹੋਵੇ ਤਾਂ ਮੇਰੇ ਕੱਲੀ ਦੇ ਚਾਹ ਲੰਘਦੀ ਆ ਕਿਤੇ।''
ਆਪਣੇ ਹਿੱਸੇ ਦੀ ਚਾਹ ਪੀ ਕੇ ਬਲਵੰਤ ਨੇ ਉਸ ਨੂੰ ਗਲਾਸ ਫੜਾਇਆ। ਉਸ ਗਲਾਸ ਅੰਦਰ ਝਾਤੀ ਮਾਰੀ। ਉਸ ਨੂੰ ਲੱਗਾ ਕਿ ਬਲਵੰਤ ਨੇ ਆਪਣੇ ਹਿੱਸੇ ਦੀ ਪੂਰੀ ਚਾਹ ਨਹੀਂ ਪੀਤੀ। ਉਸ ਜ਼ੋਰ ਪਾ ਕੇ ਕਿਹਾ, ''ਤਿੰਨ ਘੁੱਟ ਹੋਰ ਭਰ ਲੈ। ਅਜੇ ਤੂੰ ਅੱਧੀ ਨੀਂ ਪੀਤੀ।'' ਬਲਵੰਤ ਨੇ ਪੁੱਛਿਆ, ''ਤੈਨੂੰ ਕਿੱਦਾਂ ਪਤਾ?'' ਉਸ ਮੋਹ ਭਰੀਆਂ ਨਜ਼ਰਾਂ ਨਾਲ ਬਲਵੰਤ ਨੂੰ ਦੇਖਿਆ। ਫੇਰ ਭਾਰੀ ਹੁੰਦੀ ਜਾ ਰਹੀ ਆਵਾਜ਼ 'ਚ ਕਿਹਾ , ''ਮੈਨੂੰ ਪਤਾ ਹੁੰਦਾ...।''
ਜਿੰਦਰ
98148-03254
No comments:
Post a Comment