Tuesday, March 27, 2018

ਉਦਾਰਵਾਦੀ ਮਾਨਤਾਵਾਂ ਨੂੰ ਪ੍ਰਸਤੁਤ ਕਰਨ ਵਾਲਾ ਚਿੰਤਕ: ਜਾਨ ਰਾਲਸ


ਉਦਾਰਵਾਦੀ ਮਾਨਤਾਵਾਂ ਨੂੰ ਪ੍ਰਸਤੁਤ ਕਰਨ ਵਾਲੇ ਵਿਦਵਾਨਾਂ ਅੰਦਰ ਜਾਨ ਰਾਲਸ ਦਾ ਨਾਮ ਮੂਹਰਲੀਆਂ ਸਫ਼ਾਂ ਅੰਦਰ ਆਉਂਦਾ ਹੈ। ਇਸ ਪ੍ਰਸਿੱਧ ਅਮਰੀਕੀ ਦਾਰਸ਼ਨਿਕ ਅਤੇ ਰਾਜਨੀਤਿਕ ਸਿਧਾਂਤ ਸ਼ਾਸਤਰੀ ਦਾ ਜਨਮ ਮੈਰੀਲੈਂਡ ਪ੍ਰਾਂਤ ਦੇ ਬਾਲਟੀਮੋਰ ਨਗਰ ਅੰਦਰ ਸੰਨ 1921 ਵਿਚ ਹੋਇਆ। ਜਾਨ ਨੇ ਸਾਲ 1950 ਵਿਚ ਪ੍ਰਿੰਸਟਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਅਤੇ ਸੰਨ 1950 ਤੋਂ ਲੈ ਕਿ 1960 ਈਸਵੀ ਤੱਕ ਕਾਨੈਰਲ ਯੂਨੀਵਰਸਿਟੀ ਅੰਦਰ ਅਧਿਆਪਨ ਦਾ ਕਾਰਜ ਕੀਤਾ। ਸਾਲ 1962 ਵਿਚ ਉਹ ਪ੍ਰੋਫ਼ਸਰ ਬਣ ਕਿ ਹਾਰਵਰਡ ਯੂਨੀਵਰਸਿਟੀ ਨਾਲ ਜੁੜੇ  40 ਸਾਲ ਤੱਕ ਉਨ੍ਹਾਂ ਨੇ ਉੱਥੇ ਅਧਿਆਪਨ ਕੀਤਾ। ਉਨ੍ਹਾਂ ਨੂੰ ਸਾਲ 1971 ਵਿਚ ਪ੍ਰਕਾਸ਼ਿਤ ਆਪਣੀ ਰਚਨਾ "A Theory of Justice" ਰਾਹੀਂ ਵਿਸ਼ੇਸ਼ ਪਹਿਚਾਣ ਮਿਲੀ। ਇਸ ਪੁਸਤਕ ਅੰਦਰ ਉਸ ਨੇ ਆਪਣੇ ਨਿਆਂ ਸਿਧਾਂਤ ਨੂੰ ਇੱਕ ਵਿਵਸਥਿਤ ਰੂਪ ਵਿਚ ਪੇਸ਼ ਕੀਤਾ ਸੀ।  ਜਾਨ ਰਾਲਸ ਦੁਆਰਾ ਪ੍ਰਸਤੁਤ ਦਸ ਵਿਖਿਆਨ ਵੀ ਕਾਫ਼ੀ ਚਰਚਿਤ ਹੋਏ, ਜਿਹੜੇ ਕਿ ਬਾਅਦ ਵਿਚ ਸੰਨ 1982 ਦੌਰਾਨ "The Ten Lectures on Human Values" ਦੇ ਨਾਮ ਹੇਠ ਪ੍ਰਕਾਸ਼ਿਤ ਹੋਏ। ਸਾਲ 1999 ਵਿਚ ਰਾਲਸ ਦੇ ਪੱਤਰਾਂ ਦਾ ਅਤੇ ਸੰਨ 2000 ਵਿਚ ਉਸ ਦੇ ਨੈਤਿਕ ਦਰਸ਼ਨ ਦੇ ਇਤਿਹਾਸ ਉੱਪਰ ਵਿਖਿਆਨ ਦਾ ਪ੍ਰਕਾਸ਼ਨ ਹੋਇਆ।

         ਰਾਲਸ ਨੇ ਆਪਣੇ ਚਿੰਤਨ ਦੇ ਆਰੰਭ ਵਿਚ ਨਾ ਕੇਵਲ ਉਪਯੋਗਤਾਵਾਦ ਨੂੰ ਅਤਾਰਕਿਕ ਮੰਨਿਆ,  ਸਗੋਂ ਇਸ ਦੇ ਬਦਲ ਵਜੋਂ ਪੇਸ਼ ਬਹੁਲਵਾਦ (ਜਿਸ ਨੂੰ ਰਾਲਸ ਨੇ Intellectualism ਕਿਹਾ ਹੈ) ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਫਲ ਸਵੀਕਾਰਿਆ ਹੈ। ਸਮਾਜਿਕ  ਸਮਝੌਤੇ ਦੇ ਸਿਧਾਂਤ ਅਤੇ ਮਨੁੱਖੀ ਵਿਵੇਕ ਨੂੰ ਮਹੱਤਵ ਦਿੰਦੇ ਹੋਏ, ਰਾਲਸ ਨੇ ਸਮਾਜਿਕ ਨਿਆਂ ਦੇ ਸਿਧਾਂਤ ਨੂੰ ਸਪਸ਼ਟ ਕੀਤਾ, ਨਾਲ ਹੀ ਨਿਆਂ ਦੀ ਅਭਿਵਿਅਕਤੀ ਦੇ ਲਈ ਨਿਸ਼ਚਿਤ ਜਰੂਰਤੀ ਪ੍ਰਸਥਿਤੀਆਂ ਦਾ ਹੋਣਾ ਵੀ ਲਾਜ਼ਮੀ ਦੱਸਿਆ। ਇਨ੍ਹਾਂ ਪ੍ਰਸਥਿਤੀਆਂ ਨੂੰ ਉਸ ਨੇ ਮੂਲ ਸੰਰਚਨਾ ਦਾ ਨਾਮ ਦਿੱਤਾ। ਭਾਵੇਂ ਕਿ ਰਾਲਸ ਨੇ ਸਮਾਨਤਾ ਅਤੇ ਨੈਤਿਕਤਾ ਨੂੰ ਜੋੜਦੇ ਹੋਏ ਉਦਾਰਵਾਦ ਨੂੰ ਇੱਕ ਨਵੀਂ ਦਿਸ਼ਾ ਦਿੱਤੀ, ਪਰ ਮਾਰਕਸਵਾਦੀਆਂ ਅਤੇ ਉਦਾਰਵਾਦੀਆਂ ਦੁਆਰਾ ਉਨ੍ਹਾਂ ਦੀ ਭਰਪੂਰ ਆਲੋਚਨਾ ਹੁੰਦੀ ਰਹੀ। ਖੱਬੇ-ਪੱਖੀਆਂ ਵਿਚ ਮੈਕਫਰਸਨ ਨੇ ਉਨ੍ਹਾਂ ਨੂੰ 'ਉਦਾਰ ਲੋਕਤੰਤਰਿਕ ਪੂੰਜੀਵਾਦੀ ਕਲਿਆਣਕਾਰੀ ਰਾਜ' ਦਾ ਬੁਲਾਰਾ ਦੱਸਿਆ, ਜਦੋਂ ਕਿ ਉਦਾਰਵਾਦੀਆਂ 'ਚ ਨਾਜ਼ਿਕ ਨੇ ਉਨ੍ਹਾਂ ਦੀ ਆਲੋਚਨਾ ਵਿਚ ਕਿਹਾ ਕਿ ਸਮਾਜਿਕ ਨਿਆਂ ਦੇ ਨਾਲ-ਨਾਲ ਵਿਅਕਤੀਗਤ ਅਧਿਕਾਰਾਂ ਦੀ ਮਾਨਤਾ ਮੇਲ ਨਹੀਂ ਖਾਂਦੀ। ਸਮੁਦਾਇਕ ਆਲੋਚਕਾਂ ਅਨੁਸਾਰ ਉਦਾਰ ਸਮਾਜਵਾਦੀ ਖ਼ੁਦ ਨੂੰ ਵਿਅਕਤੀਵਾਦੀ ਮਾਨਤਾਵਾਂ ਤੋਂ ਵੱਖ ਨਹੀਂ ਕਰ ਪਾਏ, ਪਰ ਵਿਚਾਰਕ ਰੂਪ ਵਿਚ ਸਮਰੱਥ ਰਾਲਸ ਨੇ ਕਾਂਟਵਾਦੀ ਮਾਨਤਾ ਨੂੰ ਸਵੀਕਾਰ ਕਰ ਕੇ ਉਦਾਰਵਾਦੀ ਚਿੰਤਨ ਨੂੰ ਇੱਕ ਨਵਾਂ ਮੁਕਾਮ ਦਿੱਤਾ।

         ਜਾਨ ਰਾਲਸ ਨੇ ਸਮਾਜਿਕ ਸਮਝੌਤਾ ਸਿਧਾਂਤ ਦੇ ਇੱਕ ਰੂਪ ਦੇ ਆਧਾਰ 'ਤੇ ਉਦਾਰਵਾਦੀ ਵਿਅਕਤੀਵਾਦ ਨੂੰ ਪੁਨਰ-ਵੰਡ ਅਤੇ ਸਮਾਜਿਕ ਨਿਆਂ ਦੇ ਨਾਲ ਜੋੜਨ ਦਾ ਯਤਨ ਕੀਤਾ। ਆਪਣੇ ਨਿਆਂ ਦੇ ਸਿਧਾਂਤ ਦਾ ਖ਼ੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਦੀ ਸੁਤੰਤਰਤਾ ਹੋਰਨਾਂ ਸਾਰੇ ਵਿਅਕਤੀਆਂ ਦੀ ਸੁਤੰਤਰਤਾ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ।  ਸਮਾਜਿਕ ਅਸਮਾਨਤਾ ਉਸ ਸਮੇਂ ਹੀ ਹੋਣੀ ਚਾਹੀਦੀ ਹੈ, ਜਦੋਂ ਇਸ ਦੇ ਆਧਾਰ 'ਤੇ ਗ਼ਰੀਬ ਲੋਕਾਂ ਦਾ ਹਿਤ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਲੋਕ ਆਪਣੀ ਯੋਗਤਾ ਅਤੇ ਹੁਨਰ ਤੋਂ ਅਣਜਾਣ ਹੁੰਦੇ ਹਨ, ਇਸ ਲਈ ਉਹ ਅਸਮਾਨ ਸਮਾਜ ਦੇ ਸਥਾਨ 'ਤੇ ਸਮਾਨ ਸਮਾਜ ਵਿਚ ਰਹਿਣਾ ਚਾਹੁੰਦੇ ਹਨ।



ਜਾਨ ਰਾਲਸ ਦੀਆਂ ਪ੍ਰਮੁੱਖ ਰਚਨਾਵਾਂ:

1.         A Theory of Justice (1971)
2.         Political Liberalism (1993)
3.         The Law of Peoples (1999)
4.         Lectures on the History of Moral Philosophy (2000)


*ਪਰਮਿੰਦਰ ਸਿੰਘ ਸ਼ੌਂਕੀ ਦੁਆਰਾ ਅਨੁਵਾਦ ਕੀਤੀ ਗਈ ਅਤੇ ਜਲਦ ਹੀ ਪ੍ਕਾਸ਼ਿਤ ਹੋ ਰਹੀ ਕਿਤਾਬ "ਅਰਾਜਕਤਾ, ਰਾਜ ਅਤੇ ਯੂਟੋਪੀਆ" ਵਿਚੋਂ।

Monday, March 12, 2018

ਕਿਤਾਬ-ਚਰਚਾ: ਲਹੂ ਰੰਗੀ ਮਹਿੰਦੀ


ਪੁਸਤਕ “ਲਹੂ ਰੰਗੀ ਮਹਿੰਦੀ”
ਲੇਖਕ ਸੁਰਿੰਦਰ ਸੈਣੀ
ਸਫ਼ੇ 112, ਮੁੱਲ 150/-
ਪ੍ਰਕਾਸ਼ਕ “ਪ੍ਰੀਤ ਪਬਲੀਕੇਸ਼ਨ ਨਾਭਾ
ਸੰਪਰਕ: 9855100712

ਪੁਸਤਕ “ਲਹੂ ਰੰਗੀ ਮਹਿੰਦੀ” ਲੇਖਕ ਸੁਰਿੰਦਰ ਸੈਣੀ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ।ਭਾਵੇਂ ਉਹ ਇਸ ਤੋਂ ਪਹਿਲਾ “ਚੰਨਾ ਦੂਰ ਦਿਆਂ” “ਅੱਥਰੀ ਪੀੜ” “ਮਿੱਤਰ ਪਿਆਰੇ ਨੂੰ” ”ਮੇਰਾ ਰੱਬ” ਨਾਮਕ ਚਾਰ ਕਾਵਿ ਪੁਸਤਕਾੰ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਜਿੱਥੇ ਉਨ੍ਹਾੰ ਕਾਵਿ ਖੇਤਰ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ।ਉੱਥੇ ਕਹਾਣੀ ਖੇਤਰ ਵਿੱਚ ਵੀ ਉਹ ਇਸ ਪੁਸਤਕ ਰਾਹੀਂ ਸ਼ਿਰਕਤ ਕਰਨ ਜਾ ਰਹੇ ਹਨ।ਹਰਫ਼ਾਂ ਨਾਲ ਖੇਡਣਾ ਤਾੰ ਉਂਨਾਂ ਦੀ ਕਲਮ ਪਹਿਲਾ ਹੀ ਬਾ-ਖ਼ੂਬੀ ਜਾਣਦੀ ਹੈ ਅਤੇ ਉਂਨਾਂ ਇਸ ਕਹਾਣੀ ਸੰਗ੍ਰਹਿ ਵਿੱਚ ਪਾਤਰਾਂ ਨਾਲ ਪੂਰਾ-ਪੂਰਾ ਇਨਸਾਫ ਵੀ ਕੀਤਾ ਹੈ।ਹਰ ਕਹਾਣੀ ਦੀ ਬਣਤਰ ਤੋਂ ਲੈ ਹਰ ਪਾਤਰ ਦੇ ਕਿਰਦਾਰ ਨੂੰ ਪੂਰਨ ਨਿਭਾਇਆ ਹੈ ।ਪਾਠਕ ਹਰ ਕਹਾਣੀ ਦੇ ਨਾਲ-ਨਾਲ ਜਿਉੰਦਾ ਹੈ ਅਤੇ ਹਰ ਦ੍ਰਿਸ਼ ਅੱਖਾੰ ਸਾਵੇ ਫਲਮਾਕਣ ਦੀ ਤਰ੍ਹਾੰ ਵਿਚਰਦਾ ਹੈ,ਜੋ ਕਿ ਲੇਖਕ ਦੀ ਲਿਖਣ ਪਰਪੱਕਤਾ ਨੂੰ ਪੇਸ਼ ਕਰਦਾ ਹੈ ।
ਪੁਸਤਕ ਵਿੱਚ 16 ਕਹਾਣੀਆਂ ਸ਼ਮਾਲ ਕੀਤੀਆੰ ਗਈਆਂ ਹਨ,ਜੋ ਕਿ ਅੱਜ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਜ਼ਿੰਦਗੀ ਸੰਘਰਸ਼ ਅਤੇ ਮਨੋਦਸ਼ਾ ਦਰਦਨਾਕ ਹਾਲਾਤ ਨੂੰ ਪੇਸ਼ ਕਰਦੀਆਂ ਹਨ। ਲੇਖਕ ਨੇ ਆਪਣੇ ਇਰਧ ਗਿਰਧ ਜੋ ਅੱਜ ਦੇ ਸਮੇਂ ਵਿੱਚ ਔਰਤ  ਨਾਲ ਸਮਾਜ ਵਿੱਚ ਵਾਪਰ ਰਿਹਾ ਹੈ,ਉਸ ਨੂੰ ਆਪਣੇ ਪਾਤਰਾਂ ਵਿੱਚ ਘੜਨ ਦੀ ਕੋਸ਼ਿਸ਼ ਕੀਤੀ ਹੈ ।ਜਿਸ ਵਿੱਚ ਉਹ ਸਫ਼ਲ ਵੀ ਹੋਏ ਹਨ।ਪੁਸਤਕ ਵਿਚਲੀ ਕਹਾਣੀ ਭੂਆ ਤਾਰੋ ਇਕ ਔਰਤ ਦੀ ਕਹਾਣੀ ਹੈ ਕਿਵੇਂ ਇਕ ਗਰੀਬ ਮਾਪਿਆ ਦੀ ਪੜ੍ਹੀ ਲਿਖੀ ਲਾਡਲੀ ਧੀ ਇਕ ਨੌਕਰੀ ਪੇਸ਼ਾ ਮੁੰਡੇ ਨਾਲ ਵਿਆਹੀ ਗਈ ਅਤੇ ਉਸ ਮੁੰਡੇ ਨੇ ਕਦਰ ਨਾ ਪਾਈ ਤੇ ਕਿਸੇ ਹੋਰ ਔਰਤ ਪਿੱਛੇ ਲੱਗ ਉਸ ਨੂੰ ਤਲਾਕ ਦੇ ਗਿਆ ਜਦੋਂ ਕਿ ਉਹ ਮਾਂ ਬਣ ਚੁੱਕੀ ਸੀ ਅਤੇ ਫੇਰ ਉਸਨੇ ਪੁੱਤਰ ਨੂੰ ਮਹਿਨਤ ਮੁਸਕਤ ਕਰ ਪੜ੍ਹਾਇਆ ਨੌਕਰੀ ਲੱਗੇ ਪੁੱਤਰ ਦੀ ਬਦਲੀ ਦੂਰ ਹੋ ਗਈ ਅਤੇ ਉਹ ਫੇਰ ਵਿਚਾਰੀ ਇੱਕਲੀ ਰਹਿ ਗਏ ਤੇ ਆਖਰੀ ਸਮੇਂ ਮੂੰਹ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ।ਇਸੇ ਤਰਾਂ ਕਹਾਣੀ ਪਰਛਾਵਾਂ, ਅੰਦਰਲੀ ਕੁੜੀ,ਵਲਾਇਤ,ਰੂਹਾੰ ਦੇ ਸੌਦੇ ਵੱਖ ਵੱਖ ਵਿਸ਼ਿਆਂ ਤੇ ਔਰਤ ਦੀ ਪੀੜਾ ਤੇ ਮਨੋਦਸ਼ਾ ਨੂੰ ਪੇਸ਼ ਕਰਦੀਆਂ ਹਨ ।ਪੁਸਤਕ ਦੀ ਅਗਲੇਰੀ ਕਹਾਣੀ ਰੱਖੋ ਦਾਈ ਇਕ ਬਜ਼ੁਰਗ ਔਰਤ ਦੀ ਕਹਾਣੀ ਹੈ,ਜੋ ਆਪਣੀ ਜਵਾਨ ਵਿਆਹੀ ਬਰੀ ਧੀ ਨੂੰ ਪਤੀ ਵੱਲੋਂ ਤੰਗ ਕੀਤੀ ਜਾਣ ਕਾਰਨ ਜਹਾਨੋ ਤੁਰ ਜਾਣ ਤੇ ਕਿਵੇਂ ਮੁਸ਼ਕਲਾਂ ਨਾਲ ਆਪਣੇ ਦੋਹਤੇ ਦੋਹਤੀ ਨੂੰ ਪਾਲ ਦੀ ਹੈ ।ਕਹਾਣੀ ਇੰਤਜ਼ਾਰ ਇਕ ਮਾਂ ਧੀ ਦੀ ਕਹਾਣੀ ਹੈ,ਜਿਸ ਵਿੱਚ ਕਾੰਤਾ ਨਾਮਕ ਕੁੜੀ ਆਪਣੇ ਪ੍ਰੇਮੀ ਦੀ ਉਡੀਕ ਵਿੱਚ ਮੌਤ ਦੇ ਮੂੰਹ ਤੱਕ ਪਹੁੰਚ ਜਾਂਦੀ ਹੈ,ਜੋ ਉਸਨੂੰ ਵਿਆਹ ਦਾ ਵਾਅਦਾ ਕਰ ਪ੍ਰਦੇਸ਼ ਪੜ੍ਹਨ ਚਲਾ ਜਾਂਦਾ ਹੈ ਅਤੇ ਜਦੋਂ ਪਰਤਦਾ ਹੈ ਤਾੰ ਉਹ ਜਹਾਨ ਤੋਂ ਕੂਚ ਕਰ ਚੁੱਕੀ ਹੁੰਦੀ ਹੈ।ਇਵੇਂ ਕਹਾਣੀ ਤੇਰਾ ਮੇਰਾ ਕੀ ਰਿਸ਼ਤਾ, ਰੱਬ ਇਕ ਧੀ ਦੇ ਦਿੰਦਾ,ਔਰਤ ਦੀ ਵੇਦਨਾ ਪੀੜਾ ਅਤੇ ਸਬਰ ਨੂੰ ਪੇਸ਼ ਕਰਦੀਆਂ ਹਨ।ਤ੍ਰਿਸ਼ਨਾ ਕਹਾਣੀ ਇਕ ਨਸ਼ੇਈ ਪੁੱਤ ਦੀ ਦਾਸਤਾਨ ਹੈ,ਜੋ ਨਸ਼ੇ ਦੀ ਲੱਤ ਕਾਰਨ ਕਿਵੇਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ ਕਹਾਣੀ ਰੂਹਾੰ ਦੇ ਫੇਰੇ ਭਿੰਦਰ ਨਾਮਕ ਉਸ ਕੁੜੀ ਦੀ ਕਹਾਣੀ ਹੈ,ਜਿਸ ਨੂੰ ਮੰਡਾ ਵਿਖਾ ਤੇ ਹੋਰ ਦਿੱਤਾ ਜਾਂਦਾ ਹੈ,ਤੇ ਵਿਆਹ ਵੱਡੇ ਭਰਾ ਨਾਲ ਦਿੱਤੀ ਜੋ ਕਿ ਸਧਾਰਨ ਹੁੰਦਾ ਹੈ ਅਤੇ ਉਸ ਪੜ੍ਹੀ ਲਿਖੀ ਕੁੜੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।ਕਰਮਜਲੀ ਮੈਡਮ ਸਤਿੰਦਰ ਦੀ ਕਹਾਣੀ ਹੈ ਜੋ ਕਿ ਇਕ ਹੋਸਟਲ ਦੀ ਵਾਰਡਨ ਹੈ ਅਤੇ ਬਹੁਤ ਸਖ਼ਤ ਸੁਭਾਅ ਦੀ ਹੈ।ਪਰ ਅੰਦਰ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੀ ਗਹਿਰੀ ਪੀੜਾ ਸਾਂਭੀ ਬੈਠੀ ਹੁੰਦੀ ਹੈ,ਆਖਿਰ ਉਸਦਾ ਮਿਲਾਪ ਹੁੰਦਾ ਹੈ। ਦਿਲਾੰ ਦੀ ਸਾਂਝ, ਮਿਡ-ਡੇ- ਮੀਲ ਗ਼ਰੀਬੀ ਲਾਚਾਰੀ ਦੀਆੰ ਉਹ ਕਹਾਣੀਆਂ ਹਨ,ਜੋ ਸਮਾਜ ਦੀਆੰ ਸਤਾਈਆੰ ਔਰਤਾੰ ਦੀ ਜ਼ਿੰਦਗੀ ਬਿਆਨ ਕਰਦੀਆਂ ਹਨ। ਕਹਾਣੀ ਨਵੀਂ ਸਵੇਰ ਲੇਖਕ ਦੀ ਆਪਣੀ ਨਿੱਜੀ ਕਹਾਣੀ ਹੈ,ਜੋ ਕਿ ਉਂਨਾਂ ਆਪਣੇ ਵਿੱਛੜੇ ਜੀਵਨ ਸਾਥੀ ਨੂੰ ਯਾਦ ਕਰਦਿਆ ਆਪਣੀ ਜ਼ਿੰਦਗੀ ਦੀ ਪੀੜਾ ਨੂੰ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ।ਆਖਰੀ ਕਹਾਣੀ ਹੈ,ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ਲਹੂ ਰੰਗੀ ਮਹਿੰਦੀ ਜਿਸ ਵਿੱਚ ਲੇਖਕ ਨੇ ਆਪਣੇ ਪੁਸਤਕ ਲਿਖਣ ਵੇਲੇ ਦੇ ਤਜਰਬੇ ਅਤੇ ਜ਼ਿੰਦਗੀ ਦੀਆੰ ਕੌੜੀਆੰ ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ ਕੁੱਲ ਮਿਲਾਕੇ ਹਰ ਕਹਾਣੀ ਦਾ ਵੱਖਰਾ ਰੰਗ ਹੈ ਪੁਸਤਕ ਪੜ੍ਹਦਿਆ ਕੀਤੇ ਵੀ ਠਹਿਰਾਓ ਮਹਿਸੂਸ ਨਹੀਂ ਹੁੰਦਾ ਸੋ ਕੁੱਲ ਮਿਲਾਕੇ ਪੁਸਤਕ ਪੜ੍ਹਨ ਯੋਗ ਹੈ ।

                                ਸੁਰਿੰਦਰਜੀਤ ਚੌਹਾਨ
                                   9814101312

ਬਘੇਲ ਸਿੰਘ ਧਾਲੀਵਾਲ ਦੀ ਕਾਵਿ-ਰਚਨਾ 'ਅਹਿਸਾਸ' ਨੂੰ ਪੜ੍ਹਦਿਆਂ...


ਬਰਨਾਲੇ ਦੀ ਸਾਹਿਤਕ ਲਹਿਰ ਵਿੱਚ ਪਲਿਆ ਅਤੇ ਸੱਚੀ-ਸੁੱਚੀ ਪੱਤਰਕਾਰੀ ਵਿੱਚੋਂ ਉਭਰਿਆ ਬਘੇਲ ਸਿੰਘ ਧਾਲੀਵਾਲ ਇੱਕ ਚੇਤਨ ਕਵੀ ਹੈ।ਬਘੇਲ ਸਿੰਘ ਧਾਲੀਵਾਲ ਦੀ 'ਅਹਿਸਾਸ' ਪਲੇਠੀ ਕਾਵਿ-ਰਚਨਾ ਹੈ।  ਬਘੇਲ ਸਿੰਘ ਧਾਲੀਵਾਲ ਜੀ ਨੂੰ ਅਕਸਰ ਹੀ , ਰੇਡੀਓ, ਅਖਬਾਰਾਂ ਅਤੇ ਫੇਸਬੁੱਕ ਰਾਹੀਂ ਪੜ੍ਹਨ, ਸੁਣਨ ਦਾ ਸਬੱਬ ਬਣਦਾ ਰਿਹਾ ਹੈ।  ਉਸ ਨੇ ਆਪਣੀਆਂ ਨਜ਼ਮਾਂ ਰਾਹੀਂ ਆਪਣੀ ਖ਼ਾਸ ਪਛਾਣ ਬਣਾ ਲਈ ਹੈ। ਬਘੇਲ ਸਿੰਘ ਧਾਲੀਵਾਲ ਇਕ ਸੰਵੇਦਨਸ਼ੀਲ ਸ਼ਖਸ਼ੀਅਤ ਹੈ ਤੇ ਉਸਨੇ ਆਪਣੀ ਸੰਵੇਦਨਾ ਨੂੰ ਕਵਿਤਾ ਰਾਹੀਂ ਬੜੀ ਖੂਬਸੂਰਤੀ ਨਾਲ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਵਿਚ ਉਸਦੀਆ ਕਵਿਤਾਵਾਂ ਸਮਾਜਿਕ ਸਰੋਕਾਰਾਂ,ਸੱਚੀ ਸੱੁਚੀ  ਪਿਆਰ ਮੁਹੱਬਤ,ਮਨੁੱਖੀ ਫਿਤਰਤ, ਲੋਕ ਗੀਤ, ਪਿਆਰ ਤੋਂ ਪਰਮਾਤਮਾ ਤੱਕ ,ਮੈਂ ਸੀ ਘੁੱਗ ਵਸਦਾ ਪੰਜਾਬ ,ਵਿਰਾਸਤ ਮਰਦ ਪ੍ਰਧਾਨ ਸਮਾਜ ਦੀ ,ਕਿਸਾਨ ਦੀ ਅਸਲੀਅਤ ,ਪੰਜਾਬ ਦੀ ਆਵਾਜ਼ ,ਲ਼ੋਕਤੰਤਰ ਪ੍ਰਣਾਲੀ ਅਤੇ ਖਾਲਸਾ ਪੰਥ,ਕੌਮੀ ਪਰਵਾਨੇ ,ਨਦੀਆਂ ਨਹਿਰਾਂ ਅਤੇ ਦਰਿਆਵਾਂ ਦੀਆਂ ਲਹਿਰਾਂ ਦੇ ਵਹਿਣ ਵਿਚ ਰੰਗੀਆਂ ਹੋਈਆਂ ਹਨ।

          ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ । ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਦੀ ਪੇਸ਼ਕਾਰੀ ਸਾਹਿਤ ਪੇਸ਼ ਕਰਦਾ ਹੈ ਲੇਖਕ ਦਾ ਕੰਮ ਸਮਾਜ ਵਿਚ ਫੈਲੇ ਮਾੜੇ ਵਰਤਾਰਿਆ ਨੂੰ ਉਜਾਗਰ ਕਰਨਾ ਅਤੇ ਉਹਨਾ ਤੇ ਤਿੱਖਾ ਵਿਅੰਗ ਜਾਂ ਤਿੱਖਾ ਰੋਸ ਕਰਨਾ ਵੀ ਹੁੰਦਾ ਹੈ। ਕਵੀ ਕੇਵਲ ਬਾਹਰੀ ਅੱਖਾਂ ਨਾਲ ਹੀ ਨਹੀਂ ਦੇਖਦਾ ਤੇ ਦਿਮਾਗ ਨਾਲ ਹੀ ਨਹੀਂ  ਸੋਚਦਾ ,ਬਲਕਿ ਉਹ ਤਾਂ ਮਨ ਦੀਆਂ ਅੱਖਾਂ ਨਾਲ  ਵੀ ਨੀਝ ਲਾ ਕੇ ਹਰ ਸ਼ੈਅ ਨੂੰ ਵੱਖਰੇ ਨਜ਼ਰੀਏ ਨਾਲ ਦੇਖਦਾ ਹੈ। ਬਘੇਲ ਸਿੰਘ ਧਾਲੀਵਾਲ ਨੂੰ ਆਪਣੇ ਪਿਤਾ ਜੀ ਵੱਲੋਂ ਵਿਰਾਸਤ ਵਿੱਚ  ਇਮਾਨਦਾਰੀ ਦੀ ਗੁਤ੍ਹਤੀ ਮਿਲੀ ਹੈ, ਜਿਹੜੀ ਉਹਨਾਂ ਦੀਆਂ ਲਿਖਤਾਂ ਚੋ ਪ੍ਰਤੱਖ ਝਲਕਦੀ ਹੈ। ਬਘੇਲ ਸਿੰਘ ਧਾਲੀਵਾਲ ਤਾਂ ਸੱਚੇ  ਪਿਆਰ ਦੀ ਤੁਲਨਾ ਭਗਤੀ ਦੇ ਬਰਾਬਰ  ਕਰਦਾ ਹੈ  ਸਾਰੇ  ਹੀ ਧਰਮ ਪਿਆਰ ਮੁਹੱਬਤ ਦਾ ਸੁਨੇਹਾ ਦਿੰਦੇ ਹਨ।

ਪਿਆਰ ਦਾ ਮਤਲਬ 
ਮਹਿਜ ਵਾਸ਼ਨਾ ਨਹੀਂ 
ਇਹ ਤਾਂ ਰੁਹਾਨੀਅਤ ਦੇ ਨੇੜੇ 
ਜਾਣ  ਦਾ ਔਖਾ ਮਾਰਗ ਹੈ 
ਝੱਲੀਏ 
ਪਿਆਰ ਸੂਰਤਾਂ ਦਾ ਨਹੀਂ 
ਸੀਰਤਾਂ ਦਾ ਹੁੰਦੇ 
ਸਰੀਰਾਂ ਦਾ ਨਹੀਂ 
ਰੂਹਾਂ ਦਾ ਹੁੰਦੇ 
ਇਸ ਰਾਹ ਤੇ ਚੱਲਣ  ਵਾਲੇ ਤਾਂ 
ਆਪਣੇ ਪਿਆਰਿਆਂ ਚੋਂ ਵੀ
 ਰੱਬ ਨੂੰ ਪਾ ਲੈਂਦੇ ਨੇ 
ਦੇਖੀ ਇਸ  ਪਿਆਰ ਦੇ
ਅਰਥ ਬਿਗਾੜ ਨਾਂ ਦੇਵੀਂ  ਮੇਰੀ ਦੋਸਤ 
ਇਹ ਗੁਸਤਾਖੀ ਨਾ ਕਰੀਂ ।
ਝੱਲੀਏ।
ਕਦੇ ਆਪਣੇ ਅੰਦਰਲੀ ਵਾਸ਼ਨਾ ਤੇ ਨਫ਼ਰਤ ਨੂੰ 
ਮਾਰ ਕੇ ਤਾਂ ਦੇਖ
ਪਿਆਰ ਤੋਂ ਪਰਮਾਤਮਾ ਤੱਕ 
ਮਹਿਸੂਸ ਕਰਕੇ ਤਾਂ ਦੇਖ.

ਮੈਂ ਬਘੇਲ ਸਿੰਘ ਧਾਲੀਵਾਲ ਨੂੰ  ਇਸ ਪੁਸਤਕ ਦੀ ਸੰਪੂਰਨਤਾ  ਤੇ ਵਧਾਈ ਦਿੰਦੀ ਹੋਈ, ਉਸ ਤੋਂ ਅਜਿਹੀਆਂ ਚੰਗੀਆਂ ਤੇ ਨਿੱਗਰ ਰਚਨਾਵਾਂ ਦੀ ਆਸ ਕਰਦੀ ਹਾਂ ਅਤੇ ਦੁਆਵਾਂ ਦੇ ਨਾਲ-ਨਾਲ ਕੁੱਝ ਕਾਵਿ -ਸਤਰਾਂ  'ਅਹਿਸਾਸ'  'ਚੋਂ ਆਪ ਜੀ ਦੀ ਦੀ ਨਜ਼ਰ ਕਰਦੀ ਹਾਂ 

ਮੈਨੂੰ ਹਰ ਪਲ ਰਹਿੰਦਾ ਅਹਿਸਾਸ 
ਤੇਰੇ ਨਾਲ ਕੀਤੇ ਇੱਕ ਇੱਕ ਇਕਰਾਰ ਦਾ
ਤਾਹੀਓਂ ਤਾਂ ਇਹ ਲਿਖਤਾਂ ਦੀ ਪੂੰਜੀ 
ਤੇਰੇ ਨਾਮ ਕਰ ਦਿੱਤੀ ਮੈਂ

ਅਰਵਿੰਦਰ ਕੌਰ ਸੰਧੂ 
ਸਿਰਸਾ ਹਰਿਆਣਾ

Wednesday, March 7, 2018

ਸਮਕਾਲੀ ਸੰਦਰਭਾਂ ਅੰਦਰ ਔਰਤ ਦਿਵਸ ਦੀ ਪ੍ਰਾਸੰਗਿਕਤਾ




ਮਾਨਵੀ ਸਮਾਜ ਅੰਦਰ ਔਰਤ ਨਾਲ ਹੋਣ ਵਾਲੇ ਵਿਤਕਰੇ ਦੀ ਸ਼ੁਰੂਆਤ ਔਰਤ ਅਤੇ ਮਰਦ ਦੀ ਹੋਈ ਪੱਖਪਾਤੀ ਵੰਡ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਇਨਸਾਨੀ ਨਸਲ ਅੰਦਰ ਪੈਦਾ ਹੋਈ ਇਹ ਵੰਡ ਨਾਰੀ ਵਾਦੀ ਚਿੰਤਕਾਂ ਦੇ ਨਾਲ-ਨਾਲ ਮਾਨਵਵਾਦੀਆਂ ਅਨੁਸਾਰ ਵੀ ਪੂਰੀ ਤਰ੍ਹਾਂ ਗ਼ਲਤ ਅਤੇ ਕੁਦਰਤ ਵਿਰੋਧੀ ਹੈ, ਕਿਉਂਕਿ ਲਿੰਗ ਦੇ ਆਧਾਰ ਉੱਪਰ ਕੀਤੀ ਗਈ ਇਹ ਵੰਡ ਕਿਸੇ ਵੀ ਤਰ੍ਹਾਂ ਤਰਕ-ਪੂਰਨ ਅਤੇ ਵਾਜਬ ਨਹੀਂ ਠਹਿਰਾਈ ਜਾ ਸਕਦੀ। ਕੁਦਰਤ ਨੇ ਸਿਰਫ਼ ਮਨੁੱਖ ਦੀ ਸਿਰਜਣਾ ਕੀਤੀ ਹੈ। ਉਸ ਨੂੰ ਔਰਤਮਰਦ ਦੇ ਆਧਾਰ 'ਤੇ ਵੰਡ ਕੇ ਮਰਦ ਨੂੰ ਔਰਤ ਦੀ ਬਜਾਏ ਜ਼ਿਆਦਾ ਅਹਿਮੀਅਤ ਦੇਣਾ ਸਿਰਫ਼ ਮਨੁੱਖੀ ਸਮਾਜ ਅੰਦਰ ਮਰਦ ਦੀ ਸੌੜੀ ਅਤੇ ਈਰਖਾਲੂ ਸੋਚ ਤੋ ਇਲਾਵਾ ਹੋਰ ਕੁੱਝ ਵੀ ਨਹੀਂ ਹੈ। ਧਰਮ ਗ੍ਰੰਥਾਂ ਦੀ ਗਵਾਹੀ ਅਨੁਸਾਰ ਭਾਵੇਂ ਬਹੁ-ਗਿਣਤੀ ਮਰਦ ਪ੍ਰਧਾਨ ਸਮਾਜ ਇਹ ਦਾਅਵਾ ਕਰਦਾ ਹੈ ਕਿ ਰੱਬ ਜਾਂ ਕੁਦਰਤ ਵੱਲੋਂ ਮਰਦ ਦੀ ਸਿਰਜਣਾ ਔਰਤ ਤੋਂ ਪਹਿਲਾਂ ਕੀਤੀ ਗਈ ਸੀ ਪਰ ਇਹਨਾਂ ਮਿਥਿਹਾਸਿਕ ਗੱਲਾਂ ਦੀ ਕੁਦਰਤ ਦੇ ਨਿਯਮਾਂ ਅੰਦਰ ਕੋਈ ਪ੍ਰਾਸੰਗਿਕਤਾ ਨਹੀਂ ਹੈ ਅਤੇ ਨਾ ਹੀ ਧਰਮ ਦੀ ਮੂਲ ਭਾਵਨਾ ਅਨੁਸਾਰ ਅਜਿਹੀਆਂ ਗੱਲਾਂ ਨੂੰ ਕਿਸੇ ਵੀ ਤਰ੍ਹਾਂ ਸਹੀ ਸਵੀਕਾਰ ਕੀਤਾ ਜਾ ਸਕਦਾ ਹੈ। ਧਰਮ ਗ੍ਰੰਥਾਂ ਦੀਆਂ ਅਜਿਹੀਆਂ ਵਾਰਤਾਵਾਂ ਦੀ ਸਹਾਇਤਾ ਨਾਲ ਹੀ ਮਰਦ ਵੱਲੋਂ ਹਜ਼ਾਰਾਂ ਸਾਲਾਂ ਤੋਂ ਔਰਤ ਦਾ ਦਮਨ ਕੀਤਾ ਜਾ ਰਿਹਾ ਹੈ। ਜਿਸ ਦੇ ਪ੍ਰਤਿਰੋਧ ਫਲਸਰੂਪ ਹੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਵਰਗੇ ਦਿਨ ਮਨਾਉਣ ਦੀ ਸ਼ੁਰੂਆਤ ਹੋਈ ਸੀ।
              ਇਸ ਦਿਨ ਦੀ ਆਰੰਭਤਾ ਸੰਯੁਕਤ ਰਾਸ਼ਟਰ ਸੰਘ ਵੱਲੋਂ ਭਾਵੇਂ 1975 ਈਸਵੀ ਵਿਚ ਕੀਤੀ ਗਈ ਸੀ ਪਰ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਕੁੱਝ ਸੰਸਥਾਵਾਂ ਅਤੇ ਨਾਰੀਆਂ ਵੱਲੋਂ ਇਸ ਸਬੰਧੀ ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਦੌਰਾਨ ਹੀ ਲਹਿਰਾਂ ਆਰੰਭ ਕਰ ਦਿੱਤੀਆਂ ਗਈਆਂ ਸਨ। ਜਿਨ੍ਹਾਂ ਦੀ ਵਜ੍ਹਾ ਕਾਰਨ ਔਰਤ ਦਿਵਸ ਵੱਖ-ਵੱਖ  ਦਿਨਾਂ ਦੌਰਾਨ ਮਨਾਇਆ ਜਾਣ ਲੱਗਾ। ਇਸ ਦਿਨ ਦੀ ਸ਼ੁਰੂਆਤੀ ਆਰੰਭਤਾ ਦਾ ਜ਼ਿਕਰ ਸਭ ਤੋਂ ਪਹਿਲਾਂ ਸਾਨੂੰ  8 ਮਾਰਚ 1857 ਈਸਵੀ ਨੂੰ ਹੋਇਆ ਮਿਲਦਾ ਹੈ, ਜਦੋਂ ਨਿਊਯਾਰਕ ਵਿਖੇ ਬੁਣਕਰ ਔਰਤਾਂ ਵੱਲੋਂ ਇੱਕ 'ਖ਼ਾਲੀ ਪਤੀਲਾ ਜਲੂਸ' ਦਾ ਆਯੋਜਨ ਕੀਤਾ ਗਿਆ ਅਤੇ ਕੱਪੜਾ ਮਿੱਲਾਂ ਵਿਚ ਪ੍ਰਾਪਤ ਅਤਿ ਤਰਸਯੋਗ ਹਾਲਤਾਂ ਵਿਚ ਸੁਧਾਰਾਂ ਦੀ ਮੰਗ ਕੀਤੀ ਗਈ। ਇਸ ਉਪਰੰਤ 17 ਅਗਸਤ 1907 ਈਸਵੀ ਨੂੰ ਕਮਿਊਨਿਸਟ ਆਗੂ ਕਲਾਰਾ ਜੈਟਕਿਨ ਨੇ ਔਰਤਾਂ ਦੀ ਅੰਤਰ-ਰਾਸ਼ਟਰੀ ਕਾਨਫ਼ਰੰਸ ਬੁਲਾਉਣ ਦਾ ਐਲਾਨ ਕੀਤਾ। ਜਿਸ ਵਿਚ ਵਿਸ਼ਵ ਦੇ ਵੱਖੋਵੱਖਰੇ ਭਾਗਾਂ ਤੋਂ ਕਰੀਬ 58 ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਔਰਤਾਂ ਦੇ ਵੋਟ ਅਧਿਕਾਰ ਸੰਬੰਧੀ ਇੱਕ ਪ੍ਰਸਤਾਵ ਨੂੰ ਮਨਜ਼ੂਰ ਕੀਤਾ। ਸੰਨ 1910 ਨੂੰ ਕੋਪਨਹੈਗਨ ਵਿਚ ਹੋਣ ਵਾਲੀ ਔਰਤਾਂ ਦੀ ਦੂਸਰੀ ਇੰਟਰਨੈਸ਼ਨਲ ਤੋਂ ਪਹਿਲਾਂ ਇੱਕ ਵੱਖਰੀ ਅੰਤਰਰਾਸ਼ਟਰੀ ਕਾਨਫ਼ਰੰਸ ਕੀਤੀ ਗਈ। ਜਿਸ ਵਿਚ ਸੋਸ਼ਲ ਡੈਮੋਕਰੈਟਿਕ ਪਾਰਟੀ ਜਰਮਨੀ ਦੀ ਆਗੂ ਲੂਈਸ ਜ਼ੇਟਜ਼ ਨੇ ਇੱਕ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਸੀ। ਜਿਸ ਦਾ ਮਹਿਲਾ ਆਗੂ ਕਲਾਰਾ ਜੈਟਕਿਨ ਦੁਆਰਾ ਭਰਪੂਰ ਸਮਰਥਨ ਕੀਤਾ ਗਿਆ। ਇਸ ਕਾਨਫ਼ਰੰਸ ਵਿਚ 17 ਦੇਸ਼ਾਂ ਦੀਆਂ 100 ਦੇ ਕਰੀਬ ਮਹਿਲਾਵਾਂ ਨੇ ਹਿੱਸਾ ਲਿਆ ਸੀ ਪਰ ਔਰਤ ਦਿਵਸ ਨੂੰ ਲੈ ਕੇ ਕੋਈ ਨਿਸ਼ਚਿਤ ਤਾਰੀਖ਼ ਨਿਰਧਾਰਿਤ ਨਹੀਂ ਸੀ ਕੀਤੀ ਗਈ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਮਹਿਲਾ ਦਿਵਸ 18 ਮਾਰਚ 1911 ਈਸਵੀ ਨੂੰ ਉਸ ਸਮੇਂ ਮਨਾਇਆ ਗਿਆ ਜਦੋਂ ਪੂਰੇ ਯੂਰਪੀ ਮਹਾਂਦੀਪ ਵਿਚ ਇੱਕ ਲੱਖ ਦੇ ਕਰੀਬ ਔਰਤਾਂ ਨੇ ਆਪਣੇ ਹੱਕਾਂ ਨੂੰ ਲੈ ਕੇ ਮੁਜ਼ਾਹਰੇ ਕੀਤੇ ਸਨ। ਵਿਸ਼ਵ ਦੇ ਹੋਰਨਾਂ ਮੁਲਕਾਂ ਤੋਂ ਇਲਾਵਾ ਰੂਸ ਵਿਚ ਫਰਵਰੀ 1913 ਈਸਵੀ ਨੂੰ ਆਖ਼ਰੀ ਐਤਵਾਰ ਵਾਲੇ ਦਿਨ ਅਪਣਾ ਪਹਿਲਾ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਨੂੰ ਬਾਅਦ ਵਿਚ ਬਦਲ ਕੇ 8 ਮਾਰਚ ਵਾਲੇ ਦਿਨ ਕਰ ਦਿੱਤਾ ਗਿਆ, ਜੋ ਕੇ ਇੱਕ ਸਰਬ ਪ੍ਰਵਾਨਿਤ ਤਾਰੀਖ਼ ਬਣ ਗਈ ਤੇ ਪੂਰੇ ਵਿਸ਼ਵ ਭਰ ਵਿਚ ਇਸ ਤਾਰੀਖ਼ ਨੂੰ ਹੀ ਇਹ ਦਿਹਾੜਾ ਮਨਾਇਆ ਜਾਣ ਲੱਗਾ।
              ਹਰ ਸਾਲ ਮਹਿਲਾ ਦਿਵਸ ਸਮੇਤ ਅਨੇਕਾਂ ਜਾਗਰੂਕਤਾ ਭਰਪੂਰ ਪ੍ਰੋਗਰਾਮਾਂ ਦੇ ਬਾਵਜੂਦ ਵੀ ਵਿਸ਼ਵ ਦੇ ਵੱਡੇ ਭਾਗ ਵਿਚ ਔਰਤਾਂ ਦੀ ਹਾਲਤ ਬਹੁਤ ਤਰਸਯੋਗ ਹੈ। ਸੰਯੁਕਤ ਰਾਸ਼ਟਰ ਸੰਘ ਅਤੇ ਯੂਨੀਸੈੱਫ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਕਰਵਾਏ ਗਏ ਸਰਵੇਖਣਾਂ ਅਨੁਸਾਰ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਵਿਚ ਔਰਤਾਂ ਨਾਲ ਸੰਬੰਧਿਤ ਅਪਰਾਧਾਂ ਦਾ ਅੰਕੜਾ ਕਾਫ਼ੀ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਜਿਨ੍ਹਾਂ ਵਿਚ ਬਲਾਤਕਾਰ, ਘਰੇਲੂ ਹਿੰਸਾ, ਵੇਸ਼ਵਾਗਮਨ, ਭਰੂਣ-ਹੱਤਿਆ ਆਦਿ  ਵਰਗੀਆਂ ਗੈਰ-ਮਨੁੱਖੀ ਕਿਰਿਆਵਾਂ ਸ਼ਾਮਿਲ ਹਨ। ਇਹਨਾਂ ਮਾਮਲਿਆਂ ਵਿਚ ਭਾਰਤ ਔਰਤ ਨਾਲ ਸੰਬੰਧਿਤ ਅਪਰਾਧਾਂ ਦੇ ਮਾਮਲੇ ਵਿਚ ਆਪਣੇ ਗੁਆਂਢੀ ਅਤੇ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਦੇ ਮਾਮਲੇ ਵਿਚ ਕਾਫ਼ੀ ਅੱਗੇ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਨੁਸਾਰ ਦੇਸ਼ ਵਿਚ ਹਰ ਸਾਲ ਕਰੀਬ 50 ਲੱਖ ਕੁੜੀਆਂ ਭਰੂਣਹੱਤਿਆ ਕਾਰਨ ਜਨਮ ਤੋਂ ਪਹਿਲਾਂ ਹੀ ਮਾਰ ਦਿੱਤੀਆਂ ਜਾਂਦੀਆਂ ਹਨ। ਜਿਸ ਕਾਰਨ ਦੇਸ਼ ਅੰਦਰ 6 ਸਾਲ ਤੋਂ ਘੱਟ ਉਮਰ ਦਾ ਲਿੰਗ-ਅਨੁਪਾਤ ਮਹਿਜ਼ 914 ਦੇ ਆਸਪਾਸ ਰਹਿਣ ਲੱਗਾ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਭਾਰਤ ਵਿਚ ਲਿੰਗ-ਅਨੁਪਾਤ ਦਾ ਅੰਕੜਾ ਸਿਰਫ਼ 940 ਹੈ। ਭਾਵੇਂ ਕਿ ਬੀਤੇ 20 ਸਾਲਾਂ ਦੌਰਾਨ ਇਹ ਅਨੁਪਾਤਕ ਅੰਕੜਾ ਸਰਬੋਤਮ ਹੈ ਪਰ ਜਦੋਂ ਇਸ ਦੀ ਤੁਲਨਾ ਅਸੀਂ ਆਪਣੇ ਗੁਆਂਢੀ ਦੇਸ਼ਾਂ ਨਾਲ ਕਰਦੇ ਹਾਂ ਤਾਂ ਇਹ ਕਾਫ਼ੀ ਦੁਖਦਾਈ ਪ੍ਰਤੀਤ ਹੁੰਦਾ ਹੈ। ਭਾਰਤ ਦੇ  ਗੁਆਂਢੀ ਦੇਸ਼ ਨੇਪਾਲ ਵਿਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ 1041 ਮਹਿਲਾਵਾਂ ਹਨ ਜਦੋਂਕਿ ਇੰਡੋਨੇਸ਼ੀਆ ਵਿਚ 1000 ਪੁਰਸ਼ਾਂ ਤੇ 1004, ਚੀਨ ਵਿਚ 1000 ਪੁਰਸ਼ਾਂ ਦੇ ਮੁਕਾਬਲੇ 944 ਅਤੇ ਪਾਕਿਸਤਾਨ ਵਿਚ ਇਹ ਅੰਕੜਾ 1000 ਪੁਰਸ਼ਾਂ ਦੇ ਮੁਕਾਬਲੇ 938 ਮਹਿਲਾਵਾਂ ਦਾ ਹੈ। ਵਰਲਡ ਫੈਕਟ ਬੁੱਕ ਅਨੁਸਾਰ ਜ਼ਿਆਦਾਤਰ ਵਿਕਸਿਤ ਦੇਸ਼ਾਂ ਵਿਚ ਮਹਿਲਾਵਾਂ ਦੀ ਗਿਣਤੀ ਪੁਰਸ਼ਾਂ ਤੋਂ ਅਧਿਕ ਪਾਈ ਗਈ ਹੈ। ਵਿਸ਼ਵ ਭਰ ਵਿਚ ਔਸਤ 1000 ਪੁਰਸ਼ਾਂ ਦੇ ਮੁਕਾਬਲੇ 990 ਔਰਤਾਂ ਹਨ। ਬਰਾਜ਼ੀਲ, ਰੂਸ, ਅਮਰੀਕਾ, ਜਾਪਾਨ, ਨਾਈਜੀਰੀਆ, ਫਰਾਂਸ, ਵੀਅਤਨਾਮ ਅਤੇ ਇਜ਼ਰਾਇਲ ਆਦਿ ਦੇਸ਼ਾਂ ਵਿਚ ਸਾਨੂੰ ਮਰਦ ਦੇ ਮੁਕਾਬਲੇ ਇਸਤਰੀ ਲਿੰਗ ਅਨੁਪਾਤ ਜ਼ਿਆਦਾ ਪ੍ਰਾਪਤ ਹੁੰਦਾ ਹੈ।
              ਭਾਰਤ ਦੀ ਗਿਣਤੀ ਵਿਸ਼ਵ ਦੇ ਪ੍ਰਮੁੱਖ ਧਾਰਮਿਕ ਦੇਸ਼ਾਂ ਵਿਚ ਹੁੰਦੀ ਹੈ। ਧਾਰਮਿਕ ਸੰਤਾਂਮਹਾਂਪੁਰਸ਼ਾਂ ਨੇ ਵੀ ਔਰਤ ਦੀ ਅਹਿਮੀਅਤ ਨੂੰ ਸਵੀਕਾਰਦਿਆਂ ਉਸ ਦੀ ਮਹੱਤਤਾ ਸੰਬੰਧੀ ਆਪਣੇ ਵਿਚਾਰ ਸਾਡੇ ਸਨਮੁੱਖ ਰੱਖੇ ਹਨ ਪਰ ਅਫ਼ਸੋਸ ਮਈ ਗੱਲ ਇਹ ਹੈ ਕਿ ਅਸੀਂ ਉਨ੍ਹਾਂ ਵਿਚਾਰਾਂ ਨੂੰ ਜੀਵਨ ਵਿਚ ਲਾਗੂ ਨਹੀਂ ਕਰ ਸਕੇ, ਸ਼ਾਇਦ ਇਸੇ ਵਜ੍ਹਾ ਕਾਰਨ ਦੇਸ਼ ਵਿਚ ਪ੍ਰਾਪਤ ਵੱਖਵੱਖ ਧਰਮਾਂ ਦੇ ਲੋਕਾਂ ਅੰਦਰ ਔਰਤ ਨਾਲ ਸੰਬੰਧਿਤ ਅਪਰਾਧਾਂ ਬਾਬਤ ਪਾਇਆ ਜਾਣ ਵਾਲਾ ਅੰਕੜਾ ਵੀ ਕਾਫ਼ੀ ਤਰਸਯੋਗ ਹੈ। ਭਾਰਤ ਵਿਚ ਪ੍ਰਾਪਤ ਪ੍ਰਮੁੱਖ ਧਾਰਮਿਕ ਸਮੁਦਾਇਆਂ ਵਿਚ ਈਸਾਈ ਧਰਮ ਦੇ ਅਨੁਆਈਆਂ ਦਾ ਲਿੰਗ-ਅਨੁਪਾਤ ਸਭ ਤੋਂ ਵਧੇਰੇ ਹੈ, ਜਦੋਂ ਕਿ ਦੂਜੇ ਨੰਬਰ 'ਤੇ ਮੁਸਲਮਾਨ ਅਤੇ ਤੀਸਰੇ ਦਰਜੇ 'ਤੇ ਹਿੰਦੂ ਹਨ। ਬੱਚਿਆਂ ਦਾ ਲਿੰਗ ਅਨੁਪਾਤ ਈਸਾਈਆਂ ਵਿਚ ਪ੍ਰਤੀ 1000 ਦੇ ਮੁਕਾਬਲੇ 964 ਹੈ। ਮੁਸਲਮਾਨਾਂ ਅੰਦਰ ਪ੍ਰਾਪਤ ਇਹ ਅੰਕੜਾ ਉਨ੍ਹਾਂ ਦੀ ਸਥਿਤੀ ਰਾਸ਼ਟਰੀ ਔਸਤ ਤੋਂ ਥੋੜ੍ਹੀ ਬਿਹਤਰ ਬਣਾ ਦਿੰਦਾ ਹੈ। ਪਿਛਲੀ ਜਨਗਣਨਾ ਅਨੁਸਾਰ ਮੁਸਲਮਾਨਾਂ ਵਿਚ 1000 ਪੁਰਸ਼ਾਂ ਦੇ ਮੁਕਾਬਲੇ 950 ਮਹਿਲਾਵਾਂ ਹਨ, ਜਦੋਂ ਕਿ ਸਿੱਖਾਂ ਵਿਚ ਇਹ ਅੰਕੜਾ ਸਭ ਤੋ ਘੱਟ ਅਰਥਾਤ 786 ਹੈ। ਸਿੱਖ ਧਰਮ ਤੋਂ ਇਲਾਵਾ ਜੈਨੀਆਂ ਵਿਚ ਇਹ ਅਨੁਪਾਤ 870ਦਾ ਹੈ। ਦੇਸ਼ ਦੀ 80.5% ਆਬਾਦੀ ਹਿੰਦੂਆਂ ਦੀ ਹੈ ਅਤੇ ਇੱਥੇ ਇਹ ਅਨੁਪਾਤ 925 ਹੈ। ਇਹ ਸਭ ਸਪਸ਼ਟ ਕਰਦਾ ਹੈ ਕਿ ਦੇਸ਼ ਵਿਚ ਲਿੰਗ ਅਨੁਪਾਤ ਰਾਸ਼ਟਰੀ ਔਸਤ ਤੋਂ ਘੱਟ ਹੈ ਪਾਇਆ ਜਾਂਦਾ ਹੈ।
ਔਰਤ ਨਾਲ ਹੋ ਰਹੇ ਅਪਰਾਧਾਂ ਦੇ ਮਾਮਲੇ ਵਿਚ ਵੀ ਭਾਰਤ ਮੋਹਰੀ ਦੇਸ਼ਾਂ ਵਿਚ ਸ਼ੁਮਾਰ ਹੁੰਦਾ ਹੈ। ਇੱਥੇ ਸੰਨ 2011 ਦੇ ਅੰਕੜਿਆਂ ਅਨੁਸਾਰ ਔਰਤਾਂ ਨਾਲ 2.28 ਲੱਖ ਤੋਂ ਵੀ ਜ਼ਿਆਦਾ ਅਪਰਾਧ ਹੋਏ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਮਹਿਲਾਵਾਂ ਵਿਰੁੱਧ ਅਪਰਾਧਾਂ ਵਿਚ ਬੀਤੇ ਇੱਕ ਸਾਲ ਦੌਰਾਨ ਕਰੀਬ 7.1% ਦਾ ਵਾਧਾ ਹੋਇਆ। ਦੇਸ਼ ਭਰ ਵਿਚ ਸੰਨ 2011 ਦੌਰਾਨ 24206 ਦੇ ਲਗਭਗ ਬਲਾਤਕਾਰ ਦੇ ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਸਾਨੂੰ 51503 ਮਾਮਲੇ ਛੇੜਛਾੜ ਅਤੇ ਯੌਨ-ਉਤਪੀੜਣ ਆਦਿ ਦੇ ਵੀ ਪ੍ਰਾਪਤ ਹੁੰਦੇ ਹਨ। ਮਹਿਲਾਵਾਂ ਦੇ ਅਗਵਾ ਕੇਸਾਂ ਦੀ ਗਿਣਤੀ 35565 ਹਜ਼ਾਰ ਦੇ ਕਰੀਬ ਦਰਜ਼ ਕੀਤੀ ਗਈ ਹੈ। ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ ਸੀ.ਬੀ.ਆਈ. ਦੁਆਰਾ ਸੰਨ 2009 ਦੌਰਾਨ ਪੇਸ਼ ਕੀਤੀ ਗਈ ਆਪਣੀ ਇੱਕ ਰਿਪੋਰਟ ਅਨੁਸਾਰ ਦੇਸ਼ ਵਿਚੋਂ ਕਰੀਬ 30 ਲੱਖ ਲੜਕੀਆਂ ਦੀ ਤਸਕਰੀ ਕੀਤੀ ਗਈ ਸੀ। ਜਿਨ੍ਹਾਂ ਦੀ 90 ਫ਼ੀਸਦੀ ਗਿਣਤੀ ਦੇਹ ਵਪਾਰ ਵਰਗੇ ਕਿੱਤਿਆਂ ਅੰਦਰ ਧੱਕ ਦਿੱਤੀ ਗਈ ਸੀ। ਨੈਸ਼ਨਲ ਕ੍ਰਾਈਮ ਬਿਊਰੋ ਦਾ ਆਖਣਾ ਹੈ ਕਿ ਸੰਨ 1971 ਤੋਂ ਲੈ ਕਿ 2012 ਈਸਵੀ ਤੱਕ ਔਰਤ ਨਾਲ ਹੋਏ ਬਲਾਤਕਾਰਾਂ ਦੀ ਗਿਣਤੀ ਵਿਚ 880 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ। ਜਿਸ ਦੀ ਬਦੌਲਤ ਹੀ ਭਾਰਤ ਅੰਦਰ 56 ਫ਼ੀਸਦੀ ਔਰਤਾਂ ਸਕੂਲ ਜਾਂ ਕਾਲਜ ਵਿਚ ਉਚੇਰੀ ਸਿੱਖਿਆ ਪ੍ਰਾਪਤੀ ਲਈ ਪਹੁੰਚਣ ਤੋਂ ਡਰਨ ਲੱਗੀਆਂ ਹਨ। ਇਸ ਸਭ ਤੋਂ ਇਲਾਵਾ ਦਾਜ ਪ੍ਰਥਾ ਦੇ ਕਾਰਨ ਵੀ ਭਾਰਤ ਅੰਦਰ ਕੁਰਬਾਨ ਹੋਣ ਵਾਲੀਆਂ ਔਰਤਾਂ ਦੀ ਸਾਲਾਨਾ ਦਰ 9000 ਦੇ ਕਰੀਬ ਜਾ ਪਹੁੰਚੀ ਹੈ। ਐਮਨੇਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਿਕ 40 ਫ਼ੀਸਦੀ ਭਾਰਤੀ ਔਰਤਾਂ ਆਪਣੇ ਪਤੀ ਦੁਆਰਾ ਕੀਤੀ ਜਾਂਦੀ ਕੁੱਟਮਾਰ ਦਾ ਲਗਾਤਾਰ ਸ਼ਿਕਾਰ ਹੋ ਰਹੀਆਂ ਹਨ। ਇੱਥੇ ਇਹ ਵੀ ਦੱਸਣਾ ਮੁਨਾਸਬ ਰਹੇਗਾ ਕਿ ਇਹ ਅੰਕੜਾ ਉਨ੍ਹਾਂ ਹਾਲਤਾਂ ਵਿਚ ਹੈ ਜਦੋਂ ਘਰੇਲੂ ਹਿੰਸਾ ਦੇ 50 ਕੇਸਾਂ ਵਿਚੋਂ ਸਿਰਫ਼ ਇੱਕ ਕੇਸ ਹੀ ਪੁਲਿਸ ਪਾਸ ਆਪਣੀ ਪਹੁੰਚ ਕਰਦਾ ਹੈ। ਇਸ ਲਈ ਇਹ ਸਾਰੇ ਅੰਕੜੇ ਭਾਵੇਂ ਕਿ ਗਿਣਾਤਮਿਕ ਪੱਧਰ 'ਤੇ ਇੱਧਰ ਉੱਧਰ ਹੋ ਸਕਦੇ ਹਨ ਪਰ ਇਸ ਤੱਥ ਤੋਂ ਕਿਤੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ ਕਿ ਔਰਤਾਂ ਨਾਲ ਸਬੰਧਿਤ ਅਪਰਾਧਾਂ ਦੀ ਗਿਣਤੀ ਇਹਨਾਂ ਸਰਕਾਰੀ ਅੰਕੜਿਆਂ ਦੀ ਯਥਾਰਥਿਕਤਾ ਤੋਂ ਕਿਤੇ ਜ਼ਿਆਦਾ ਵਧੇਰੇ ਹੁੰਦੀ ਹੈ। ਇਸ ਸਮੁੱਚੇ ਪ੍ਰਸੰਗ ਵਿਚ ਸਾਡੇ ਲਈ ਇਹ ਸਮਝਣਾ ਬਿਲਕੁਲ ਵੀ ਮੁਸ਼ਕਿਲ ਨਹੀਂ ਹੋ ਸਕਦਾ ਕੇ ਮਾਨਵੀ ਸਭਿਅਤਾ ਦੇ ਇਸ ਕਥਿਤ 'ਵਿਕਸਿਤ ਦੌਰ' ਅੰਦਰ ਔਰਤ ਦੀ ਹੋਂਦ ਕਿੱਥੇ 'ਕੁ ਖੜੀ ਹੈ।
                ਇਸ ਸਮੁੱਚੇ ਵਰਤਾਰੇ ਦੇ ਸੰਦਰਭ ਵਿਚ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਅਸਲ ਵਿਚ ਔਰਤ ਦੀ ਇਸ ਦਸ਼ਾ ਵਿਚ ਕਿਤੇ ਨਾ ਕਿਤੇ ਉਹ ਖ਼ੁਦ ਵੀ ਘੱਟ ਗੁਨਾਹਗਾਰ ਨਹੀਂ ਹੈ। ਮਰਦ ਸਿਰਜਿਤ ਸਭਿਆਚਾਰ ਅਨੁਸਾਰੀ ਹੋਣ ਕਾਰਨ ਔਰਤ ਨੇ ਖ਼ੁਦ ਨੂੰ ਮਰਦ ਦੀ ਦਾਸੀ ਪ੍ਰਵਾਨ ਕਰ ਰੱਖਿਆ ਹੈ ਅਤੇ ਅਪਣਾ ਭਵਿੱਖ ਸਿਰਫ਼ ਤੇ ਸਿਰਫ਼ ਮਰਦ ਦੀ ਰਹਿਨੁਮਾਈ ਵਿਚ ਹੀ ਸੁਰੱਖਿਅਤ ਸਮਝਿਆ ਹੈ। ਔਰਤ ਨੇ ਮਰਦ ਦੁਆਰਾ ਆਪਣੇ ਆਲ਼ੇ-ਦੁਆਲੇ ਬੁਣੇ ਗਏ ਇਸ ਜਾਲ ਨੂੰ ਮਜ਼ਬੂਤ ਕਰਨ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਪਣਾ ਸਾਰਾ ਜੀਵਨ ਜਿਵੇਂ ਕੇ ਉਸ ਨੂੰ ਜਨਮ ਤੋਂ ਹੀ ਸਿਖਾਇਆ ਜਾਂਦਾ ਹੈ,  ਮਰਦ ਦੀ ਸੇਵਾ ਵਿਚ ਗੁਜ਼ਾਰ ਕਿ ਹੀ ਉਹ ਆਪਣੀ ਖ਼ੁਸ਼ੀ ਪ੍ਰਾਪਤ ਕਰਨਾ ਚਾਹੁੰਦੀ ਹੈ। ਇੱਥੇ ਇਹ ਵੀ ਸਪਸ਼ਟ ਕਰਨ ਯੋਗ ਗੱਲ ਹੈ ਕਿ ਇਸ ਦਾ ਭਾਵ ਇਹ ਨਹੀਂ ਕੇ ਮਰਦ ਪੂਰੀ ਤਰ੍ਹਾਂ ਗ਼ਲਤ ਜਾਂ ਨਫ਼ਰਤ ਕਰਨ ਯੋਗ ਪ੍ਰਾਣੀ ਹੈ। ਸਾਡੇ ਕਹਿਣ ਦਾ ਭਾਵ ਸਿਰਫ਼ ਇਹ ਹੈ ਕਿ ਔਰਤ ਵੱਲੋਂ ਆਪਣੇ-ਆਪ ਦੀ ਪਛਾਣ ਕਰਨਾ ਸਮੇਂ ਦੀ ਇੱਕ ਜ਼ਰੂਰੀ ਮੰਗ ਹੈ। ਕੁਦਰਤ ਨੇ ਇਨਸਾਨ ਨੂੰ ਬਰਾਬਰ ਦੇ ਪੈਦਾ ਕੀਤਾ ਹੈ। ਇਸ ਲਈ ਔਰਤ ਵੱਲੋਂ ਖ਼ੁਦ ਨੂੰ ਮਰਦ ਦੇ ਬਰਾਬਰ ਮਹਿਸੂਸ ਕਰਨਾ ਅਤਿ ਜ਼ਰੂਰੀ ਹੈ ਕਿਉਂਕਿ ਮਰਦ ਦੀ ਸੇਵਾ ਕਰਨਾ ਜਾਂ ਇਸ ਅਨੁਸਾਰੀ ਹੋ ਕਿ ਹੀ ਅਪਣਾ ਜੀਵਨ ਬਤੀਤ ਕਰਨ ਵਾਲਾ ਫ਼ਲਸਫ਼ਾ ਮਰਦ ਪ੍ਰਧਾਨ ਸਮਾਜ ਵੱਲੋਂ ਸਿਰਫ਼ ਔਰਤ ਨੂੰ ਲਿਤਾੜਨ ਹਿਤ ਹੀ ਹੋਂਦ ਵਿਚ ਲਿਆਂਦਾ ਗਿਆ ਹੈ। ਔਰਤ ਜਦੋਂ ਇਸ ਫ਼ਲਸਫ਼ੇ ਅਨੁਸਾਰੀ ਹੋ ਕਿ ਅਪਣਾ ਜੀਵਨ ਬਤੀਤ ਕਰਦੀ ਹੈ, ਅਸਲ ਸਮੱਸਿਆ ਉਸੇ ਵਕਤ ਸ਼ੁਰੂ ਹੁੰਦੀ ਹੈ। ਜਿਸ ਤੋਂ ਬਚਣ ਲਈ ਔਰਤ ਨੂੰ ਆਪਣੀ ਹੋਂਦ ਅਤੇ ਅਪਣਾ ਮੂਲ ਪਛਾਣਨਾ ਪਵੇਗਾ। ਇਸ ਪਹਿਚਾਣ ਤੋਂ ਬਾਅਦ ਹੀ ਔਰਤ ਆਪਣੇ ਪ੍ਰਤੀ ਹੋ ਰਹੇ ਅਪਰਾਧਾਂ ਦੀ ਗਿਣਤੀ 'ਤੇ ਲਗਾਮ ਲਗਾ ਸਕਣ ਵਿਚ ਕਾਮਯਾਬ ਹੋ ਸਕਦੀ ਹੈ। 'ਨਜ਼ਰ ਤੇਰੀ ਗੰਦੀ ਤੇ ਪਰਦਾ ਮੈਂ ਕਰਾਂ' ਵਰਗੇ ਸਲੋਗਨ ਉਸ ਦੀ ਇਸ ਸਮਾਜ ਅੰਦਰ ਸਥਿਤੀ ਸੁਧਾਰਨ ਵਿਚ ਜ਼ਿਆਦਾ ਲਾਭਕਾਰੀ ਨਹੀਂ ਹੋ ਸਕਦੇ ।

ਪਰਮਿੰਦਰ ਸਿੰਘ ਸ਼ੌਂਕੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ।


ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...