Friday, April 13, 2018

ਸੰਪਾਦਕੀ: ਅਪ੍ਰੈਲ-ਜੂਨ, 2018



ਮੌਜੂਦਾ ਦੌਰ ਵਿਚ ਸੋਸ਼ਲ ਮੀਡੀਆ ਇੱਕ ਅਜਿਹੇ ਮੰਚ ਵਜੋਂ ਸਾਡੇ ਸਾਹਮਣੇ ਆਇਆ ਹੈ, ਜਿਸ ਨੇ ਸਾਡੇ ਸਮਿਆਂ ਦੀ ਹਰ ਇੱਕ ਧਾਰਾ ਅਤੇ ਪੱਖ ਉੱਪਰ ਅਪਣਾ ਇੱਕ ਅਹਿਮ ਰੋਲ ਨਿਭਾਉਂਦੇ ਹੋਏ, ਉਸ ਨੂੰ ਸਿੱਧੇ/ਅਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਸਾਹਿੱਤ ਇਸ ਦਾ ਅਪਵਾਦ ਨਹੀਂ ਹੈ. ਇਸ ਲਈ ਸਾਡੇ ਵੱਲੋਂ ਸੋਸ਼ਲ ਮੀਡੀਆ ਉੱਪਰ ਕਿਸੇ ਕਿਸਮ ਦੀ ਉੱਠੀ ਸਾਹਿੱਤਿਕ ਚਰਚਾ ਜਾਂ ਬਹਿਸ ਆਦਿ ਨੂੰ ਮਨਫ਼ੀ ਜਾਂ ਘੱਟ ਕਰ ਕੇ ਦੇਖਣਾ, ਸਥਿਤੀਆਂ ਦੀ ਗੰਭੀਰਤਾ ਜਾਂ ਨਾਜ਼ੁਕਤਾ ਤੋਂ ਪਾਸਾ ਵੱਟਣਾ ਹੈ. ਮੈਂ ਸੋਸ਼ਲ ਮੀਡੀਆ ਦਾ ਇੱਕ ਸਰਗਰਮ ਪਾਠਕ ਹਾਂ. ਇਸ ਲਈ ਕਈ ਵਾਰ ਅਜਿਹੀਆਂ ਗੱਲਾਂ ਵੀ ਮੇਰੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਪ੍ਰਤੀ ਗੰਭੀਰਤਾ ਨਾਲ ਸੋਚਣਾ ਸਾਡੇ ਲਈ ਬੇਹੱਦ ਜ਼ਰੂਰੀ ਹੋ ਜਾਂਦਾ ਹੈ. ਸੋਸ਼ਲ ਮੀਡੀਆ ਅੰਦਰ ਵਰਤਿਆ ਗਿਆ ਸ਼ਬਦ 'ਸਾਹਿੱਤਿਕ ਮਾਫ਼ੀਆ' ਉਨ੍ਹਾਂ ਵਿਚੋਂ ਇੱਕ ਹੈ. ਜਿਹੜਾ ਸਾਹਿੱਤਿਕ ਖੇਤਰ ਅਤੇ ਉਸ ਨਾਲ ਜੁੜੇ ਲੋਕਾਂ ਲਈ ਆਪਾ-ਚੀਨਣ ਦੀ ਇੱਕ ਅਹਿਮ ਲੋੜ ਵਜੋਂ ਪ੍ਰਗਟ ਹੁੰਦਾ ਹੈ.

ਇਹ ਸ਼ਬਦ ਕਿਸੀ ਖ਼ਲਾਅ 'ਚੋਂ ਪੈਦਾ ਨਹੀਂ ਹੋਇਆ, ਬਲਕਿ ਇਸ ਪਿੱਛੇ ਸਾਡੇ ਬਹੁਤ ਸਾਰੇ ਸਾਹਿਤਕਾਰਾਂ/ਬੁੱਧੀਜੀਵੀਆਂ ਦੀਆਂ ਗ਼ੈਰ-ਜਿੰਮੇਵਾਰੀਆਂ ਅਤੇ ਨੈਤਿਕ ਕੁਹਜ ਦਾ ਇੱਕ ਭਰਵਾਂ ਇਤਿਹਾਸ ਪਿਆ ਹੈ. ਇਹ ਉਹ ਇਤਿਹਾਸ ਹੈ, ਜਿਹੜਾ ਸਾਡੇ ਸਾਹਿਤਕਾਰਾਂ ਦੇ ਇੱਕ ਹਿੱਸੇ ਨੂੰ ਲੋਕ-ਮਨ ਦੇ ਵੱਡੇ ਹਿੱਸੇ ਨਾਲੋਂ ਤੋੜਨ ਵਿਚ ਆਪਣੀ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ, ਪਰ ਜਿਸ ਦਾ ਸ਼ਾਇਦ ਅਜੇ ਤੱਕ ਸਾਡੇ ਸਾਹਿਤਕਾਰਾਂ ਨੇ ਜ਼ਿਆਦਾ ਨੋਟਿਸ ਨਹੀਂ ਲਿਆ ਹੈ ਅਤੇ ਜਾਂ ਫਿਰ ਉਹ ਇਹ ਭੁੱਲ ਚੁੱਕੇ ਹਨ ਕਿ ਸਾਹਿੱਤਕਾਰੀ ਸਿਰਫ਼ ਸ਼ਬਦੀ ਰਚਨਾਤਮਿਕਤਾ ਦਾ ਪ੍ਰਗਟਾਵਾ ਹੀ ਨਹੀਂ, ਸਗੋਂ ਲੇਖਕ ਦੀ ਅੰਦਰੂਨੀ ਤੇ ਬਾਹਰੀ ਵਿਵਹਾਰਿਕਤਾ ਦਾ ਸੁਮੇਲ ਵੀ ਹੈ.

ਸਾਹਿੱਤਕਾਰ ਹੋਣ ਦਾ ਮਤਲਬ ਸ਼ਾਬਦਿਕ ਬੁਣਤੀਆਂ ਦੇ ਰਾਹੀਂ ਜਨ-ਸਾਧਾਰਨ ਉੱਪਰ ਆਪਣਾ ਬੌਧਿਕ ਦਬਦਬਾ ਕਾਇਮ ਕਰਨਾ ਨਹੀਂ ਹੁੰਦਾ, ਸਗੋਂ ਇਹ ਜਨ-ਸਾਧਾਰਨ ਦੀ ਪੀੜ ਨੂੰ ਮਹਿਸੂਸ ਕਰਦੇ ਹੋਏ, ਉਸ ਦੇ ਹਾਣ ਦਾ ਬਣਦਿਆਂ, ਉਸ ਨੂੰ ਆਪਣੀ ਆਵਾਜ਼ ਦੇਣ ਦਾ ਕਾਰਜ ਹੁੰਦਾ ਹੈ. ਜੇਕਰ ਕੋਈ ਸਾਹਿੱਤਕਾਰ ਆਪਣੀ ਇਸ ਭੂਮਿਕਾ ਵਿਚ ਅਸਫਲ ਰਹਿੰਦਾ ਹੈ, ਫਿਰ ਉਹ ਸਾਹਿੱਤਕਾਰ ਨਹੀਂ, ਮਾਤਰ ਸ਼ਬਦਾਂ ਦੀ ਬੁਣਤੀ ਕਰਨ ਵਾਲਾ ਇੱਕ 'ਸੁਆਰਥੀ' ਕਾਮਾ ਹੈ. ਉਹ ਉਸ ਪੀੜ ਤੋਂ, ਉਸ ਨੈਤਿਕਤਾ ਤੋਂ ਕੋਹਾਂ ਦੂਰ ਵਸਦਾ ਹੈ, ਜਿੱਥੇ ਸਾਹਿੱਤਕਾਰ ਦਾ ਅਸਤਿਤਵ ਪਾਇਆ ਜਾਂਦਾ ਹੈ. ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ, ਅਜਿਹੇ 'ਸਾਹਿਤਕਾਰਾਂ' ਤੋਂ ਆਪਣਾ ਪਿੱਛਾ ਛਡਾਉਂਦੇ ਹੋਏ, ਉਸ ਨੂੰ ਜਨ-ਸਾਧਾਰਨ ਵਿਚ ਨੰਗਾ ਕਰ ਦੇਣ.

ਅਸਲ ਵਿਚ ਸਾਹਿੱਤਕਾਰ/ਬੁੱਧੀਜੀਵੀ ਕੀ ਹੁੰਦਾ ਹੈ, ਇਸ ਦੀ ਉਦਾਹਰਨ ਦਿੰਦਿਆਂ ਨਾਈਜੀਰੀਆ ਦੇ ਨਾਮਵਰ ਬੁੱਧੀਜੀਵੀ ਕੇਨ ਸਾਰੋ ਵੀਵਾ ਨੇ ਆਪਣੀ ਜੇਲ੍ਹ-ਡਾਇਰੀ ਵਿਚ ਅਫ਼ਰੀਕੀ ਦੇਸ਼ਾਂ ਦੇ ਲੇਖਕਾਂ ਦੀ ਭੂਮਿਕਾ ਸਬੰਧੀ ਲਿਖਿਆ ਹੈ ਕਿ, "ਲੇਖਕ ਨੂੰ ਇੱਕ ਸਰਗਰਮ ਬੁੱਧੀਜੀਵੀ ਦੀ ਭੂਮਿਕਾ ਵਿਚ ਹੋਣਾ ਚਾਹੀਦਾ ਹੈ. ਉਸ ਨੂੰ ਜਨ-ਸੰਗਠਨਾਂ ਵਿਚ ਭਾਗ ਲੈਣਾ ਅਤੇ ਜਨਤਾ ਨਾਲ ਸਿੱਧਾ ਸਬੰਧ ਸਥਾਪਿਤ ਕਰਨਾ ਚਾਹੀਦਾ ਹੈ." ਕੇਨ ਨੇ ਆਪਣੇ ਜੀਵਨ ਵਿਚ ਇਸ ਦੀ ਉਦਾਹਰਨ ਵੀ ਪੇਸ਼ ਕੀਤੀ, ਜਦੋਂ ਉਸ ਨੇ ਅਪਣੇ ਇਲਾਕੇ ਦੀ ਜਨਤਾ ਨੂੰ ਬਹੁ-ਰਾਸ਼ਟਰੀ ਤੇਲ ਕੰਪਨੀ 'ਸ਼ੇਲ' ਦੇ ਸ਼ੋਸ਼ਣ ਖ਼ਿਲਾਫ਼ ਲੋਕਾਂ ਨੂੰ ਇਕੱਠਾ ਕਰਨ ਬਦਲੇ ਮਿਲੀ ਸਜਾ ਦੇ ਫਲਸਰੂਪ ਫਾਂਸੀ ਦਾ ਰੱਸਾ ਚੁੰਮਿਆ. ਇਸ ਤੋਂ ਇਲਾਵਾ ਬੈਂਡਾ ਦੀ ਪਰਿਭਾਸ਼ਾ ਮੁਤਾਬਿਕ, "ਸੱਚੇ ਬੁੱਧੀ-ਜੀਵੀਆਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਜਲਾ ਦਿੱਤੇ ਜਾਣ, ਸੂਲੀ 'ਤੇ ਟੰਗ ਦਿੱਤੇ ਜਾਣ ਜਾਂ ਦੇਸ਼ ਨਿਕਾਲਾ ਦੇ ਦਿੱਤੇ ਜਾਣ ਦਾ ਜੋਖ਼ਮ ਉਠਾ ਸਕਣਗੇ।"

ਚੈਕੇਸਲੋਵਾਕੀਆ ਦੇ ਮਹਾਨ ਸਾਹਿਤਕਾਰਾਂ ਵਿਚ ਸ਼ਾਮਿਲ ਈਵਾਨ ਕਲੀਮਾ ਦੀਆਂ ਲਿਖਤਾਂ ਤੇ ਸੰਘਰਸ਼ ਇਸ ਦੀ ਇੱਕ ਵੱਡੀ ਉਦਾਹਰਨ ਹੈ ਕਿ ਸਾਹਿੱਤਕਾਰ ਕੀ ਹੁੰਦਾ ਹੈ, ਤੇ ਉਸ ਨੂੰ ਕਿਸ ਤਰਾਂ ਦਾ ਹੋਣਾ ਚਾਹੀਦਾ ਹੈ? ਜਨ-ਸਾਧਾਰਨ ਪ੍ਰਤੀ ਉਸ ਦੇ ਕੀ ਫ਼ਰਜ਼ ਅਤੇ ਭੂਮਿਕਾਵਾਂ ਹੁੰਦੀਆਂ ਹਨ ਤੇ ਜਾਂ ਫਿਰ ਜਨਤਾ ਦੀਆਂ ਸਾਹਿੱਤਕਾਰ ਪ੍ਰਤੀ ਕੀ-ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ. ਸ਼ਾਇਦ ਇਹ ਸਭ ਸਾਨੂੰ ਚੈੱਕ ਲੋਕਾਂ ਤੋਂ ਸਿੱਖਣ ਦੀ ਲੋੜ ਸੀ, ਪਰ ਅਸੀਂ ਅਜੇ ਤੱਕ ਇਸ ਸਭ ਨੂੰ ਸਿੱਖੇ ਹੀ ਨਹੀਂ ਹਾਂ. ਇਸ ਲਈ ਸਾਡੇ ਸਾਹਿੱਤਕਾਰ ਇੱਕ ਸੀਮਤ ਘੇਰੇ ਵਿਚ ਬੰਦ ਹੋ ਕੇ ਰਹਿ ਚੁੱਕੇ ਹਨ. ਉਨ੍ਹਾਂ ਦਾ ਅਪਣਾ ਧੜਾ ਜਾਂ ਗਰੁੱਪ ਹੈ. ਜਿੱਥੇ ਸਿਰਫ਼ ਉਨ੍ਹਾਂ ਦੇ ਹੀ ਸੋਹਲੇ ਗਾਏ ਜਾਂਦੇ ਹਨ. ਇਸ ਧੜੇ-ਬਾਹਰੀ ਦੁਨੀਆ ਵਿਚ ਉਨ੍ਹਾਂ ਦਾ ਕੋਈ ਅਜਿਹਾ ਅਸਤਿਤਵ ਨਹੀਂ ਦਿਖਾਈ ਦਿੰਦਾ, ਜਿਸ ਉੱਪਰ ਇੱਕ ਪੂਰਾ ਖ਼ਿੱਤਾ ਮਾਣ ਕਰ ਸਕੇ. ਇਹ ਸਾਡੇ ਸਮਿਆਂ ਦੇ, ਸਾਡੇ ਖ਼ਿੱਤੇ ਦੇ ਸਾਹਿਤਕਾਰਾਂ ਦਾ ਸਭ ਤੋਂ ਵੱਡਾ ਦੁਖਾਂਤ ਹੈ. ਜਿਨ੍ਹਾਂ ਨੇ ਅਪਣੇ ਗਰੁੱਪਾਂ ਦੀਆਂ ਸਾਹਿੱਤਿਕ ਸਭਾਵਾਂ/ਸੈਮੀਨਾਰਾਂ/ਸੰਮੇਲਨਾਂ ਆਦਿ ਵਿਚ ਮਿਲ ਰਹੀ ਫੋਕੀ ਵਾਹ-ਵਾਹ ਨੂੰ ਹੀ ਅਪਣੇ ਕਾਰਜ ਦਾ 'ਸਰਬੋਤਮ' ਉਦੇਸ਼ ਸਵੀਕਾਰ ਕੀਤਾ ਹੋਇਆ ਹੈ.

ਇਨ੍ਹਾਂ ਘਟਨਾਕ੍ਰਮਾਂ ਵੱਲ ਦੇਖਦਿਆਂ ਮੇਰੇ ਦਿਮਾਗ਼ ਅੰਦਰ ਅੱਜ ਉਸ ਤਰ੍ਹਾਂ ਦੇ ਖਿਆਲ ਆ ਰਹੇ ਹਨ, ਜਿਸ ਤਰ੍ਹਾਂ ਦੇ ਖ਼ਿਆਲਾਂ ਦਾ ਸਾਹਮਣਾ ਕਿਸੇ ਸਮੇਂ ਵਿਸ਼ਵ ਪ੍ਰਸਿੱਧ ਦਾਰਸ਼ਨਿਕ ਬਰਟ੍ਰੈਂਡ ਰੱਸਲ ਨੂੰ ਕਰਨਾ ਪਿਆ ਸੀ. ਅੱਜ ਮੈਂ ਉਸ ਵਾਂਗ ਹੀ ਸੋਚਦਾ ਹਾਂ (ਹੋ ਸਕਦਾ ਹੈ ਤੁਸੀਂ ਵੀ ਇੰਞ ਹੀ ਸੋਚਦੇ ਹੋਵੋ) ਕਿ ਆਧੁਨਿਕ ਯੁੱਗ ਅੰਦਰ ਬੁੱਧੀਜੀਵੀ/ਸਾਹਿੱਤਕਾਰ ਦੀ ਕੀ ਭੂਮਿਕਾ ਹੈ ਜਾਂ ਕੀ ਇਨ੍ਹਾਂ ਦੀ ਇਹ ਭੂਮਿਕਾ ਫਿੱਕੀ ਪੈ ਚੁੱਕੀ ਹੈ? ਇਹ ਸਵਾਲ ਸਾਡੇ ਸਾਰਿਆਂ ਦੇ ਸਨਮੁੱਖ ਹੀ ਰਹਿਣਾ ਚਾਹੀਦਾ ਹੈ. ਇਸ ਦੇ ਜੁਆਬ ਅਸੀਂ ਤਲਾਸ਼ਣੇ ਹਨ. ਇਹ ਸਾਡੇ ਸਮਿਆਂ ਦੀ ਇੱਕ ਵੱਡੀ ਲੋੜ ਅਤੇ ਪ੍ਰਸ਼ਨ ਹੈ. ਜਿਸ ਦਾ ਸਾਹਮਣਾ ਸਾਨੂੰ ਕਰਨਾ ਹੀ ਪਵੇਗਾ. 


ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ 
ਅਨਹਦ ਈ-ਮੈਗਜ਼ੀਨ

ਸੰਪਾਦਕੀ: ਜਨਵਰੀ-ਮਾਰਚ, 2018

“ਅਨਹਦ” ਦੀ ਸ਼ੁਰੂਆਤ ਉਸ ਮੱਧਮ ਪੈਂਦੀ ਜਾ ਰਹੀ ਲੋਅ ਵਿਚੋਂ ਹੋਈ ਹੈ, ਜਿਸ ਦੀਆਂ ਕੰਨਸੋਆਂ ਖੋਜ ਖੇਤਰ ਅਤੇ ਸਾਹਿੱਤ ਨਾਲ ਜੁੜੇ ਸੱਜਣ ਅਕਸਰ ਮਹਿਸੂਸ ਕਰਦੇ ਰਹਿੰਦੇ ਹਨ।ਇਹ ਉਸ ਵਰਤਾਰੇ ਪ੍ਰਤੀ ਅਪਣਾਈ ਸਿੱਧੀ ਪਹੁੰਚ ਹੈ,ਜਿਸ ਅੰਦਰ ਨਿੱਜੀ ਖ਼ੁਦਗਰਜ਼ੀਆਂ, ਪਹੁੰਚਾਂ, ਸਿਆਸਤਾਂ ਅਤੇ ਤਰਾਸਦੀਆਂ ਭਰੀਆਂ ਪਈਆਂ ਹਨ। ਸਾਹਿੱਤ ਦੇ ਖੇਤਰ ਅੰਦਰ ਪੈਦਾ ਹੋਏ ਲਿਹਾਜ਼ਦਾਰੀ ਦੇ ਦੌਰ ਦੀਆਂ ਸਥਾਪਿਤ ਕੀਤੀਆਂ ਕੁਰਤੀਆਂ ਨੂੰ ਦੂਰ ਕਰਨ, ਉਨ੍ਹਾਂ ਦਾ ਬਦਲ ਲੱਭਣ ਦੀਆਂ ਕੋਸ਼ਿਸ਼ਾਂ ਵਿਚੋਂ ਹੀ “ਅਨਹਦ” ਦਾ ਜਨਮ ਹੋਇਆ ਹੈ।ਸਾਡੀਆਂ ਉਮੀਦਾਂ ਅਤੇ ਨਿਸ਼ਾਨਿਆਂ ਦਾ ਨਿਰਧਾਰਨ ਹੁਣ ਤੁਸੀਂ ਕਰ ਸਕਦੇ ਹੋ। ਮੌਜੂਦਾ ਦੌਰ ਅੰਦਰ ਪਸਰੇ ਉਪਭੋਗਤਾਵਾਦ ਦੁਆਰਾ ਉਤਪੰਨ ਪ੍ਰਵਚਨਾਂ ਖ਼ਿਲਾਫ ਪੈਦਾ ਹੋਣ ਵਾਲੇ ਪ੍ਰਤਿਰੋਧਾਂ ਦੀ ਅਵਾਜ਼ ਨੂੰ ਦਬਾਉਣ/ਫੜਨ ਹਿਤ ਕਾਰਜ਼ਸ਼ੀਲ ਕਾਮਿਆਂ ਵਜੋਂ ਵਿਦਵਾਨ, ਲੇਖਕ ਅਤੇ ਕਲਾਕਾਰ ਆਦਿ ਖ਼ਾਸ ਅਹਿਮੀਅਤ ਰੱਖਦੇ ਹਨ।ਇਨ੍ਹਾਂ ਦੀਆਂ ਸਿਰਜਣਾਵਾਂ ਅਕਸਰ ਸ਼ਖਸ਼ੀਅਤਾਂ ਦੇ ਕੱਦ ਹੇਠ ਅਪਣਾ ਆਲੋਚਨਾਤਮਿਕ ਸਰੂਪ ਸਾਹਮਣੇ ਆਉਣ ਤੋਂ ਰੋਕਣ ਲਈ ਯਤਨਸ਼ੀਲ ਰਹਿੰਦੀਆਂ ਹਨ।ਜਿਸ ਦਾ ਖ਼ਮਿਆਜਾ ਸਮਾਜ ਨੂੰ ਭੁਗਤਨਾ ਪੈਂਦਾ ਹੈ।ਅਜਿਹੀਆਂ ‘ਵੱਡੀਆਂ ਸ਼ਖਸ਼ੀਅਤਾਂ’ ਦੁਆਰਾ ਪੈਦਾ ਸਾਹਿੱਤ ਅਤੇ ਸਾਹਿੱਤ ਦੇ ਵਿਦਿਆਰਥੀ ਸਮਾਜ ਨੂੰ ਲੱਗੇ ਘੁਣ ਹੁੰਦੇ ਹਨ।ਉਸ ਘੁਣ ਨੂੰ ਜੇਕਰ ਥੋੜ੍ਹਾ ਜਿਹਾ ਵੀ ਘੱਟ ਕਰਨ ਵਿਚ “ਅਨਹਦ” ਸਫਲ ਹੁੰਦਾ ਹੈ, ਤਾਂ ਇਹ ਸਾਡੀ ਅਹਿਮ ਪ੍ਰਾਪਤੀ ਹੋਵੇਗੀ। “ਸਮਕਾਲੀ ਸਾਹਿੱਤ ਚਿੰਤਨ ਅੰਦਰ ਮਨਫ਼ੀ ਹੋ ਰਹੇ ਸੰਵਾਦ ਦੀ ਪ੍ਰਤੱਖ ਦ੍ਰਿਸ਼ਟੀ ਕਾਰਨ ਪੈਦਾ ਹੋਏ ਧੂੰਦੁਕਾਰੇ ਨਾਲ ਨਜਿੱਠਣ ਹਿਤ ਕਾਰਜ਼ਸ਼ੀਲ ਸਾਹਿਤੱਕ ਵਿਧੀਆਂ/ਜੁਗਤਾਂ/ਅੰਤਰ-ਅਨੁਸ਼ਾਸ਼ਨਾਂ/ਪੜ੍ਹਤਾਂ ਆਦਿ ਰਾਹੀਂ ਤੁਸੀਂ ਸਾਡੇ ਇਸ ਕਾਰਜ ਵਿਚ ਬਰਾਬਰ ਭਾਈਵਾਲ ਬਣ ਕਿ ਨਾਲ ਤੁਰੋਗੇ, ਅਜਿਹੀਆਂ ਆਸਾਂ ਨਾਲ ਹੀ “ਅਨਹਦ” ਤੁਹਾਡੇ ਸਨਮੁੱਖ ਹੈ।ਇਹ ਤੁਹਾਡਾ ਆਪਣਾ ਮੰਚ ਹੈ, ਤੁਹਾਡੇ ਹਰ ਸੁਝਾਅ ਅਤੇ ਵਿਚਾਰ ਦਾ ਤਹਿ ਦਿਲੋਂ ਸਵਾਗਤ ਹੈ।

ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ 
ਅਨਹਦ ਈ-ਮੈਗਜ਼ੀਨ

Monday, April 9, 2018

ਪੂੰਜੀਵਾਦੀ ਦ੍ਰਿਸ਼ਟੀ ਅਤੇ ਉਤਰ-ਪੂੰਜੀਵਾਦ ਦਾ ਸੰਸਕ੍ਰਿਤਿਕ ਤਰਕ




ਪਿਛਲੇ ਕੁੱਝ ਸਾਲਾਂ ਦੌਰਾਨ ਇੱਕ ਮਹੱਤਵਪੂਰਨ ਪ੍ਰਕ੍ਰਿਆ ਦੇਖਣ ਵਿਚ ਆਈ ਹੈ, ਜਿਸ ਨੂੰ  Inverted Millenarianism ਕਿਹਾ ਜਾ ਸਕਦਾ ਹੈ ਅਤੇ ਜਿਸ ਦੇ ਕਾਰਨ ਚੰਗੇ ਜਾਂ ਬੁਰੇ ਭਵਿੱਖ ਦੇ ਪੂਰਵ-ਅਨੁਮਾਨਾਂ ਨੂੰ, ਕਈ ਚੀਜ਼ਾਂ ਦੀ ਸਮਾਪਤੀ ਦੇ ਨਿਵੇਦਨਾ ਨਾਲ ਉਖਾੜ ਦਿੱਤਾ ਗਿਆ ਹੈ (ਜਿਵੇਂ ਵਿਚਾਰਧਾਰਾ ਦਾ ਅੰਤ, ਕਲਾ ਦਾ ਅੰਤ, ਵਰਗ ਦਾ ਅੰਤ, ਲੈਨਿਨਵਾਦ ਅੰਦਰ 'ਸੰਕਟ' ਅਤੇ ਜਨ ਵਾਦ ਤੇ ਵੈੱਲਫੇਅਰ ਸਟੇਟ ਦਾ ਅੰਤ, ਆਦਿ)। ਇਨ੍ਹਾਂ ਸਾਰਿਆਂ ਨੂੰ ਮਿਲਾ ਕਿ ਹੀ ਸ਼ਾਇਦ ਉਤਰ ਆਧੁਨਿਕਤਾਵਾਦ ਬਣਦਾ ਹੈ। ਇਸ ਦੇ ਅਸਤਿਤਵ ਨੂੰ 1950 ਅਤੇ 1960 ਦੇ ਦਹਾਕੇ ਵਿਚ ਹੋਣ ਵਾਲੀ ਅਤਿਵਾਦੀ ਕਿਸਮ ਦੀ ਟੁੱਟ-ਭੱਜ ਨਾਲ ਜੋੜਿਆ ਜਾਂਦਾ ਹੈ, ਜਿਵੇਂ ਕਿ ਸ਼ਬਦ ਤੋਂ ਹੀ ਸਪਸ਼ਟ ਹੁੰਦਾ ਹੈ, ਇਹ ਟੁੱਟ-ਭੱਜ ਆਧੁਨਿਕਤਾਵਾਦੀ ਅੰਦੋਲਨ ਦੀ ਟੁੱਟ-ਭੱਜ ਨਾਲ ਜੁੜੀ ਹੋਈ ਹੈ, ਜਿਹੜੀ ਉਦੋਂ ਤੱਕ ਕਰੀਬ 100 ਸਾਲ ਪੁਰਾਣੀ ਹੋ ਚੁੱਕੀ ਸੀ। ਇਸ ਲਈ ਚਿੱਤਰਕਾਰੀ ਅੰਦਰ ਅਮੂਰਤ ਅਭਿਵਿਅੰਜਨਾਵਾਦ, ਦਰਸ਼ਨ ਵਿਚ ਅਸਤਿਤਵਵਾਦ, ਨਾਵਲ ਅੰਦਰ ਸਿਖਰ 'ਤੇ ਪਹੁੰਚ ਚੁੱਕੇ ਸੰਰਚਨਾਵਾਦ, ਪ੍ਰਤਿਨਿਧਿਕ ਆਧੁਨਿਕਤਾਵਾਦ ਦੀਆਂ ਫ਼ਿਲਮਾਂ ਅਤੇ ਆਧੁਨਿਕਤਾਵਾਦੀ ਕਵਿਤਾਵਾਂ (Wallace Stevens ਦੀਆਂ ਰਚਨਾਵਾਂ ਜਿਸ ਦੀ ਅਗਵਾਈ ਕਰਦੀਆਂ ਹਨ), ਆਦਿ ਨੂੰ ਆਧੁਨਿਕਤਾਵਾਦ ਦੀ ਸਿਖਰ ਸੀਮਾ ਦੇ ਰੂਪ ਵਿਚ ਦੇਖਿਆ ਜਾਣ ਲੱਗਾ ਅਤੇ ਇਸ ਦੇ ਬਾਅਦ ਉਸ ਨੂੰ ਢਲ਼ਾਣ 'ਤੇ ਆਇਆ ਮੰਨ ਲਿਆ ਗਿਆ। ਇਸ ਉਪਰੰਤ ਜੋ ਆਇਆ, ਉਹ ਤਤਕਾਲ ਵਿਸ਼ਵ-ਵਿਆਪੀ, ਪਰ ਭਰਮ-ਪੂਰਨ ਅਤੇ ਬਹੁਲਤਾਵਾਦੀ ਘੋਸ਼ਿਤ ਕੀਤਾ ਜਾਣ ਲੱਗਾ। ਐਂਡੀ ਵਰਹੋਲ ਦਾ ਟੌਪ ਆਰਟ, ਪਰ ਉਸ ਦੇ ਨਾਲ ਫ਼ੋਟੋ ਯਥਾਰਥਵਾਦ, ਜਾਨ ਕੇਜ ਦੇ 'ਸੰਗੀਤਮਈ ਪਲ ਦੀ ਵਾਪਸੀ', ਪਰ ਉਸ ਦੇ ਨਾਲ-ਨਾਲ ਕਲਾਸੀਕਲ ਅਤੇ ਲੋਕਪ੍ਰਿਯ ਸੰਗੀਤ ਦਾ ਫਿਲ ਗਲਾਸ ਅਤੇ ਟੈਰੀ ਰਾਈਲੇ ਵਿਚ ਸੰਤੁਲਨ, ਪੰਕ ਅਤੇ ਨਿਊ ਵੈੱਬ ਰਾਕ (ਬੀਟਲਸ ਅਤੇ ਸਟੋਨਸ), ਫ਼ਿਲਮ ਵਿਚ ਗੋਦਾਰ, ਉਤਰ ਗੋਦਾਰ ਅਤੇ ਪ੍ਰਯੋਗ-ਧਰਮੀ ਸਿਨੇਮਾ ਅਤੇ ਵੀਡੀਓ, ਪਰ ਉਸ ਦੇ ਨਾਲ-ਨਾਲ ਪੇਸ਼ੇਵਾਰ ਸਿਨੇਮਾ, ਬਰੋਜ ਪਿੰਚ ਜਾਂ ਇਸਮਾਈਲ ਰੀਡ ਅਤੇ ਉਨ੍ਹਾਂ ਦੇ ਨਾਲ-ਨਾਲ ਫ੍ਰੈਂਚ ਨੋਵੋ ਰੋਮਾ, ਝੰਜੋੜ ਦੇਣ ਵਾਲੀ ਸਾਹਿੱਤਿਕ ਆਲੋਚਨਾਵਾਂ, ਜਿਹੜੀਆਂ ਹਰ ਸਮੇਂ ਕਿਸੇ ਨਵੀਂ ਸੁੰਦਰ ਸੰਵੇਦਨਾ ਉੱਪਰ ਆਧਾਰਿਤ ਹੁੰਦੀ ਹੈਇਸ ਸੂਚੀ ਵਿਚ ਅਨੰਤ ਤੱਕ ਵਧਾਇਆ ਜਾ ਸਕਦਾ ਹੈ, ਪਰ ਕੀ ਇਸ ਨੂੰ ਅਸਲ ਵਿਚ ਕੋਈ ਆਧਾਰ ਭੂਤ ਬਦਲਾਅ ਮੰਨਿਆ ਜਾਵੇ ਜਾਂ ਇਹ ਸਿਰਫ਼ ਸਿਖਰ ਤੱਕ ਪਹੁੰਚੇ ਆਧੁਨਿਕਤਾਵਾਦ ਦੇ ਫ਼ੈਸ਼ਨੇਬਲ ਕਿਸਮ ਦੇ ਬਦਲਾਅ ਹੀ ਹਨ?

- ਪਰਮਿੰਦਰ ਸਿੰਘ ਸ਼ੌਂਕੀ ਅਤੇ ਰਾਜਿੰਦਰ ਸਿੰਘ ਦੀ ਜਲਦ ਆ ਰਹੀ ਅਨੁਵਾਦਿਤ ਅਤੇ ਸੰਪਾਦਿਤ ਕਿਤਾਬ "ਪੂੰਜੀਵਾਦੀ ਦ੍ਰਿਸ਼ਟੀ" ਵਿਚੋਂ।


"ਦੁੱਲੇ ਦੀ ਬਾਤ"

ਮੁੱਕ ਜਾਵੇਗਾ ਕੁੱਲੀਆਂ ਤੇ ਮਹਿਲਾਂ ਵਿਚਲਾ ਫ਼ਾਸਲਾ 



ਬਲਵੰਤ ਭਾਟੀਆ ਜੀ ਦਾ ਕਾਵਿ ਸੰਗ੍ਰਹਿ "ਦੁੱਲੇ ਦੀ ਬਾਤ" ਸਚਮੁੱਚ ਵੱਖ-ਵੱਖ ਫੁੱਲਾਂ ਦਾ ਗੁਲਦਸਤਾ ਹੈ। ਅਸਲ ਵਿੱਚ ਇੱਕ ਲੇਖਕ ਲਈ ਸਭ ਤੋਂ ਵੱਡਾ ਸਨਮਾਨ ਲੋਕਾਂ ਦਾ ਪਿਆਰ ਹੁੰਦਾ ਹੈ। ਲੇਖਕ ਨੂੰ ਵਿਕਣ ਤੋਂ ਰੋਕਦਾ ਹੈ ਕਲਮ ਨੂੰ ਤਲਵਾਰ ਬਨਾਉਣ ਦੀ ਗੱਲ ਕਰਦਾ ਹੈ  ਬਲਵੰਤ ਭਾਟੀਆ ਇੱਕ ਚੇਤਨ ਲੇਖਕ ਹਨ। ਇਸ ਕਾਵਿ ਪੁਸਤਕ ਵਿੱਚ ਲੇਖਕ ਹੱਕਾਂ ਲਈ ਲੜਨ ਦਾ ਸੁਨੇਹਾ ਦਿੰਦਾ ਹੈ। ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਦੀ ਪੇਸ਼ਕਾਰੀ ਸਹਿਤ ਪੇਸ਼ ਕਰਦਾ ਹੈ।

          "ਦੁੱਲੇ ਦੀ ਬਾਤ" ਕਾਵਿ -ਪੁਸਤਕ  ਪੜ੍ਹਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਉਸਦੀਆਂ ਕਵਿਤਾਵਾਂ ਪਾਠਕਾਂ ਨਾਲ ਸੰਵਾਦ ਰਚਾਉਣ ਲਈ ਤਤਪਰ ਨੇ.. ਤੇ ਜਿਹੜੀ ਕਵਿਤਾ ਉਂਗਲ ਫੜ੍ਹਕੇ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੋਵੇ, ਅੱਜ ਦੇ ਸਮਿਆਂ  'ਚ ਉਹ ਬਿਹਤਰੀਨ ਕਵਿਤਾ ਹੈ ਬਲਵੰਤ ਭਾਟੀਆ ਜੀ ਬਹੁਤ ਖ਼ੂਬਸੂਰਤੀ  ਨਾਲ ਕਵਿਤਾ ਦਾ ਤਾਣਾ-ਬਾਣਾ ਬੁਣਦਾ ਹੈ ਕਿਉਂਕਿ ਉਸ ਕੋਲ ਸ਼ਬਦਾਂ ਦਾ ਭੰਡਾਰ ਹੈ ਆਪਣੀ ਗੱਲ ਕਹਿਣ ਦਾ ਸਲੀਕਾ ਤੇ ਹਰਫ਼ਾ ਦੀ ਪੇਸ਼ਕਾਰੀ ਦੀ ਜਾਦੂਗਰੀ ਵਿਸ਼ੇਸ਼ ਹਾਸਲ ਹੈ ਉਹ ਕੂੜ ਅਤੇ ਭਰਿਸ਼ਟਾਚਾਰ ਦੇ ਹਨੇਰੇ ਬਦਲਣ ਦੀ ਗੱਲ ਕਰਦਾ ਹੈ ਸਵਾਰਥ ਤਿਆਗ ਕੇ ਸਮਾਜਕ ਹਿੱਤਾਂ ਵਾਸਤੇ ਜੀਉਣ ਦਾ ਸੁਨੇਹਾ ਦਿੰਦਾ ਹੈ ਕਾਵਿ-ਸੰਗ੍ਰਹਿ "ਦੁੱਲੇ ਦੀ ਬਾਤ" ਵਿਚਲੀਆਂ ਸਾਰੀਆਂ ਹੀ ਕਵਿਤਾਵਾਂ  ਪੜਨ ਤੇ ਵਿਚਾਰਨ ਯੋਗ ਹਨ। ਇਨਸਾਨੀ  ਜ਼ਿੰਦਗੀ ਦੇ ਹਰ ਵਿਸ਼ੇ ਨੂੰ ਉਨ੍ਹਾਂ ਬਾ ਖ਼ੂਬੀ ਆਪਣੇ ਹਰਫ਼ਾਂ ਵਿੱਚ ਕਲਮ ਵਧ ਕੀਤਾ ਹੈ।ਭਾਵੇਂ ਉਹ ਕਿਸੇ  ਕਿਰਤੀ ਦੀ ਗੱਲ ਹੋਵੇਂ, ਔਰਤ ਜਾਂ ਫੇਰ ਸਿਆਸਤ ਦੀ ਗੱਲ ਹੋਵੇਂ ਹਰ ਰਚਨਾ ਦੇ ਕਿਰਦਾਰ ਦਾ ਬਾ ਖ਼ੂਬੀ ਚਿਤਰਨ ਕੀਤਾ ਹੈ।

          ਭਵਿੱਖ ਵਿਚ ਉਹਨਾ ਤੋਂ ਸਮਾਜ ਨੂੰ ਸੇਧ ਦੇਣ ਵਾਲੀਆਂ ਹੋਰ ਨਜ਼ਮਾ ਦੀ ਆਸ ਬੱਝਦੀ ਹੈ। ਦੁਆ ਕਰਦੀ ਹਾਂ ਬਲਵੰਤ ਭਾਟੀਆ ਜੀ ਦੀ ਕਲਮ ਨਿਰੰਤਰ ਕਾਰਜਸ਼ੀਲ ਰਹੇ। ਸ਼ਾਲਾ ਇਹ ਵਹਿਣ ਇਸੇ ਤਰਾਂ ਵਹਿੰਦਾ ਰਹੇ। ਅੰਤ ਵਿੱਚ ਸ਼ੁੱਭ-ਕਾਮਨਾਵਾਂ ਦੇ ਨਾਲ ''ਦੁੱਲੇ ਦੀ ਬਾਤ'' ਚੋਂ ਨਜ਼ਰ ਕਰਦੀ ਹਾਂ:


ਉਹ ਪੁੱਛਣੋ ਨਹੀਂ ਹਟਦੇ ਮੇਰੀ ਔਕਾਤ 
ਮੈਂ ਪਾਉਣੋ ਨਹੀਂ ਹਟਦਾ ਦੁੱਲੇ ਦੀ ਬਾਤ।
ਨਿੱਤ ਲਾਹੁੰਦੇ ਨੇ ਧੜ ਨਾਲੋਂ ਸਿਰ ਮੇਰਾ
ਉੱਗ ਆਂਉਦਾ ਹੈ ਮੁੜ ਇਹ ਰਾਤੋ ਰਾਤ।

ਆਖੋ ਜਮਨਾ ਨੂੰ ਐਵੇਂ ਨਾ ਵਹਿਮ ਕਰੇ
ਉਹਦੇ ਕੰਢੇ ਤੇ ਉੱਗਿਆ ਹੈ ਤਾਜ ਮਹਿਲ।
ਇੱਥੇ ਕੱਚਿਆਂ ਦੀ ਯਾਦ ਵੀ ਸਾਂਭੀਦੀ
ਰਤਾ ਪੁੱਛ  ਕੇ ਤਾਂ ਵੇਖੋ ਝਨਾਂ ਦੀ ਜ਼ਾਤ।

ਸਾਡੇ ਹੱਥਾਂ ਚ ਹੁਨਰ ਦੀ ਤਾਕਤ ਹੈ
ਉਹ ਪੁੱਛਦੇ ਨੇ ਸਾਡੀ ਜ਼ਮੀਰ ਦਾ ਮੁੱਲ।
ਅਸੀਂ ਵੇਚਣਾ ਨਹੀਂ ਸਾਡੇ  'ਮੱਥੇ ਦਾ ਸੂਰਜ '
ਭਾਵੇਂ ਗਿਣ ਗਿਣ ਕੇ ਤਾਰੇ ਲੰਘਾਈਏ ਰਾਤ।


ਤੁਸੀਂ ਕਹਿੰਦੇ ਹੋ ਲੋਕਾਂ ਦੀ ਅਣਖ ਮਾਰੀ
ਸਿਰ ਸੁੱਟ ਕੇ ਜੀਵੀ ਜਾਂਦੇ ਨੇ ਜੋ।
ਇਹ ਤਾਂ ਕਬਰਾਂ  ਚੋਂ  ਉੱਠ ਉੱਠ ਗੱਜਣਗੇ
ਰਤਾ ਇਹਨਾਂ ਨੂੰ ਚੇਤੇ ਕਰਾਵੋ ਜਮਾਤ।

ਮੱਥਾ ਬਰਫ, ਬਾਰੂਦ ਤੇ ਪੱਥਰਾਂ ਦੇ ਨਾਲ਼
ਹਾਲੇ ਕੱਲ੍ਹ ਹੀ ਲਾ ਕੇ ਮੁੜਿਆ ਹੈ ਉਹ।
ਉਹਦੀ ਲਾਸ਼ ਇਹ ਚੋਣਾਂ  ਚ ਵੇਚਣਗੇ
ਉਹਨੇ ਚੜ੍ਹਕੇ ਨਹੀਂ ਵੇਖੀ ਹਾਲੇ ਬਰਾਤ।

ਅਰਵਿੰਦਰ  ਸੰਧੂ 
ਸਿਰਸਾ (ਹਰਿਆਣਾ)

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...