ਕੌਮ ਕੀ ਹੈ?
ਜਾਂ ਇਹ ਸ਼ਬਦ ਕਿਸੇ ਸਮੂਹ ਲਈ ਵਰਤਣਾ ਕਿੱਥੋਂ ਤੱਕ ਸਹੀ ਹੈ?
ਹਾਲਾਂਕਿ ਇਹ ਪ੍ਰਸ਼ਨ ਇਕ ਵਿਸਤ੍ਰਿਤ ਚਰਚਾ ਦੀ ਮੰਗ ਕਰਦਾ ਹੈ, ਪਰ ਫਿਲਹਾਲ ਅਸੀਂ ਇਸ ਦੇ ਇਕ ਸੰਖੇਪ ਰੂਪ ਦੀ ਹੀ ਚਰਚਾ ਕਰਾਂਗੇ.
ਪਿੱਛੇ ਜਿਹੇ ਦੀਦਾਰ ਸਿੰਘ ਨੇ ਇਸ ਵਿਸ਼ੇ ਬਾਬਤ ਲਿਖਦਿਆਂ ਆਖਿਆ ਸੀ ਕਿ ਕੌਮ-ਪ੍ਰਸਤੀ ਦੀ ਭਾਵਨਾ ਯੂਰਪ ਵਿਚ 17ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿਚ ਪੈਦਾ ਹੋਈ, ਹਾਲਾਂਕਿ ਉਸ ਦਾ ਇਹ ਕਥਨ ਇਤਿਹਾਸਕ ਰੂਪ ਵਿਚ ਪੂਰੀ ਤਰ੍ਹਾਂ ਗ਼ਲਤ ਹੈ, ਕਿਉਂਕਿ 17ਵੀਂ ਸਦੀ ਦੇ ਅੰਤ ਦੀ ਥਾਂ 16ਵੀਂ ਸਦੀ ਵਿਚ ਹੀ ਮੈਕਿਆਵੇਲੀ ਨੇ ਆਪਣੇ ਵਿਚਾਰਾਂ ਰਾਹੀਂ ਇਟਲੀ ਵਾਸੀਆਂ ਵਿਚ ਕੌਮੀਅਤ ਦੀ ਭਾਵਨਾ ਦਾ ਪ੍ਰਸਾਰ ਕੀਤਾ ਸੀ, ਭਾਵੇਂ ਕਿ ਇਹ ਭਾਵਨਾ ਸਭ ਤੋਂ ਪਹਿਲਾਂ ਇੰਗਲੈਂਡ ਵਿਚ ਪੈਦਾ ਹੋਈ ਸੀ, ਜਿਸ ਤੋਂ ਬਾਅਦ ਇਸ ਨੂੰ ਫਰਾਂਸ ਨੇ ਅਪਣਾਇਆ. ਇਸ ਕਾਲ ਦੌਰਾਨ ਹੀ ਇਹ ਸਪੇਨ, ਪੁਰਤਗਾਲ, ਡੈਨਮਾਰਕ ਤੇ ਸਵੀਡਨ ਜਿਹੇ ਦੇਸ਼ਾਂ ਅੰਦਰ ਫੈਲੀ. ਇਸ ਤੋਂ ਪਹਿਲਾਂ ਯੂਰਪ ਦੀਆਂ ਪ੍ਰਾਚੀਨ ਰਾਜ ਵਿਵਸਥਾਵਾਂ ਵਿਚ ਕੌਮੀਅਤਾਂ ਦੇ ਅਧਿਕਾਰਾਂ ਉੱਪਰ ਨਾ ਤਾਂ ਲੋਕ ਜ਼ੋਰ ਹੀ ਦਿੰਦੇ ਸਨ ਤੇ ਨਾ ਹੀ ਸਰਕਾਰਾਂ ਉਨ੍ਹਾਂ ਨੂੰ ਸਵੀਕਾਰ ਕਰਦੀਆਂ ਸਨ.
ਆਪਣੇ ਉਕਤ ਕਥਨ ਤੋਂ ਬਾਅਦ ਉਹ ਰਾਜਨੀਤਿਕ ਤੌਰ ’ਤੇ ਸਹੀ ਨਾ ਸਵੀਕਾਰੇ ਜਾਣ ਵਾਲੇ ਵਰਤਾਰੇ ਦੀ ਗੱਲ ਕਰਦਾ ਹੈ. ਉਸ ਮੁਤਾਬਿਕ ਕੌਮ-ਪ੍ਰਸਤੀ ਦੀ ਭਾਵਨਾ ਕਾਰਨ ਹੀ ਵੱਖਰੀ ਤਰ੍ਹਾਂ ਦੇ ਸੰਮੋਹਨ ਨਾਲ਼ ਜਾਤੀ, ਭਾਸ਼ਾ, ਨਸਲ, ਭੂਗੋਲ, ਧਰਮ ਆਦਿ ਲੋਕ-ਸਮੂਹ ਆਪਸ ਵਿਚ ਜੁੜੇ ਤੇ ਇਨ੍ਹਾਂ ਨੇ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਆਪਣੇ ਕਲਾਵੇ ਵਿਚ ਲਿਆ. ਉਸ ਦੇ ਇਸ ਕਥਨ ਅੰਦਰ ਜਿਸ ਇਕ ਵੱਡੀ ਘਾਟ ਦੀ ਕਮੀ ਰੜਕ ਰਹੀ ਹੈ, ਉਹ ਉਸ ਦੀ ਸੰਸਾਰ ਰਾਜਨੀਤੀ, ਖਾਸ ਕਰ ਕੇ ਮੱਧਕਾਲ ਦੀ ਸੰਸਾਰ ਰਾਜਨੀਤੀ ਸੰਬੰਧੀ ਅਗਿਆਨਤਾ ਨੂੰ ਪ੍ਰਗਟ ਕਰਦੀ ਹੈ. ਮੱਧਕਾਲ ਦੌਰਾਨ ਜਿਸ ਵਰਤਾਰੇ ਨੂੰ ਉਹ ਜਾਤੀ, ਭਾਸ਼ਾ ਆਦਿ ਨਾਲ਼ ਜੋੜਦਾ ਹੈ, ਉਸ ਭਾਵਨਾ ਦੀ ਥਾਂ ਯੂਰਪ ਵਿਚ ਸਾਮਰਾਜੀ ਭਾਵਨਾ ਜ਼ਿਆਦਾ ਪ੍ਰਬਲ ਸੀ. ਇਸ ਭਾਵਨਾ ਵਿਚ ਆਰਥਿਕ ਹਿਤ ਉਪਰੋਕਤ ਤੱਤਾਂ ਤੋਂ ਕਿਤੇ ਵਧੇਰੇ ਅਹਿਮ ਰੋਲ ਅਦਾ ਕਰ ਰਹੇ ਸਨ. ਕੋਲੰਬਸ ਅਤੇ ਵਾਸਕੋਡੀਗਾਮਾ ਦੀਆਂ ਯਾਤਰਾਵਾਂ ਇਸ ਦੀ ਪ੍ਰਤੱਖ ਉਦਾਹਰਨ ਹਨ.
ਉਹ ਆਪਣੇ ਵਿਚਾਰਾਂ ਅੰਦਰ ਭਾਰਤ ਦੀ ਕੌਮ ਸੰਬੰਧੀ ਗੁੰਝਲ ਨੂੰ ਵੀ ਬਿਆਨ ਕਰਦਾ ਹੈ. ਜਿਸ ਨੂੰ ਪ੍ਰੋੜ੍ਹਤਾ ਪ੍ਰਦਾਨ ਕਰ ਹਿਤ ਉਹ ਕੁਝ ਪਰਿਭਾਸ਼ਾਵਾਂ ਵੀ ਦਿੰਦਾ ਹੈ, ਪਰ ਉਸ ਦੀ ਸਮੱਸਿਆ ਇਹ ਹੈ ਕਿ ਉਹ ਪਰਿਭਾਸ਼ਾਵਾਂ ਦਾ ਮਾਤਰ ਇਕ ਹੀ ਹਿੱਸਾ ਬਿਆਨ ਕਰਦਾ ਹੈ. ਜਿਸ ਕਾਰਨ ਉਸ ਦਾ ਸਿਰਜਿਆ ਜਾ ਰਿਹਾ ਪ੍ਰਭਾਵ ਆਪਣੇ ਮੂਲ ਨਾਲੋਂ ਪੂਰੀ ਤਰ੍ਹਾਂ ਉਲਟੇ ਅਰਥ ਦਿੰਦਾ ਪ੍ਰਤੀਤ ਹੁੰਦਾ ਹੈ. ਉਦਾਹਰਨ ਵਜੋਂ ਜਦੋਂ ਉਹ ਅਰਨੈਸਟ ਰੇਨਨ ਦੀ ਗੱਲ ਕਰਦਾ ਹੈ ਤਾਂ ਆਖਦਾ ਹੈ ਕਿ ਕੌਮ ਇਕ ਰੋਜ਼ਾਨਾ ਦਾ ਜਨਮਤ ਹੁੰਦੀ ਹੈ. ਅਰਥਾਤ, ਉਹ ਇਸ ਨੂੰ ਯਾਦਾਂ ਨਾਲ਼ ਜੋੜਦਾ ਹੈ, ਪਰ ਇਸ ਗੱਲ ਨੂੰ ਪਤਾ ਨਹੀਂ ਕਿਉਂ ਛੁਪਾ ਲੈਂਦਾ ਹੈ ਕਿ ਅਰਨੈਸਟ ਰੇਨਨ ਨੇ 1882 ਵਿਚ ਕੌਮ ਦੀ ਜੋ ਪਰਿਭਾਸ਼ਾ ਦਿੱਤੀ ਸੀ, ਉਸ ਮੁਤਾਬਿਕ ਕੌਮ ਦੇ ਅੰਦਰ ਇਕ ਹੀ ਭਾਸ਼ਾ ਬੋਲਣ ਵਾਲੇ ਜਾਂ ਇਕ ਹੀ ਜਾਤੀ ਸਮੂਹ ਦੇ ਲੋਕ ਨਹੀਂ ਆਉਂਦੇ, ਸਗੋਂ ਕੌਮ ਉਸ ਸਮੂਹ ਨੂੰ ਆਖਦੇ ਹਨ, ਜਿਸ ਵਿਚ ਲੋਕਾਂ ਨੇ ਆਪਣੇ ਅਤੀਤ ਦੌਰਾਨ ਵੱਡੇ-ਵੱਡੇ ਕੰਮਾਂ ਨੂੰ ਮਿਲ ਕੇ ਕੀਤਾ ਹੋਵੇ ਤੇ ਉਹ ਇਨ੍ਹਾਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਣਾ ਚਾਹੁੰਦੇ ਹੋਣ. ਰੇਨਨ ਦੀ ਪਰਿਭਾਸ਼ਾ ਵਿਚ ਇਕ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਉਹ ਕੌਮ ਦੇ ਜੀਵਨ ਦਾ ਵਿਕਾਸ ਤਰਕ ’ਤੇ ਆਧਾਰਿਤ ਨਾ ਕਰਦਾ ਹੋਇਆ, ਲਗਾਤਾਰ ਪਰਿਵਰਤਨਸ਼ੀਲ ਹਾਲਾਤਾਂ ਉੱਪਰ ਨਿਰਭਰ ਕਰਦਾ ਹੈ.
ਇਹੀ ਨਹੀਂ, ਆਪਣੇ ਕਥਨਾਂ ਵਿਚ ਪੂਰੀ ਤਰ੍ਹਾਂ ਆਪਹੁਦਰੇਪਣ ਦਾ ਪ੍ਰਗਟਾਵਾ ਕਰਦਿਆਂ ਦੀਦਾਰ ਇਸ ਗੱਲ ਉੱਪਰ ਵੀ ਜ਼ੋਰ ਦਿੰਦਾ ਹੈ ਕਿ ਕੋਈ ਵੀ ਕੌਮ ਸਿਰਫ਼ ਵਿਗਿਆਨਕ ਤੌਰ ’ਤੇ ਡੀ.ਐਨ.ਏ. ਦੀ ਵੱਖਰਤਾ ਸੰਬੰਧੀ ਨੁਕਤਾ-ਨਿਗਾਹ ਤੋਂ ਹੀ ਸਮਝੀ ਜਾ ਸਕਦੀ ਹੈ, ਜਦੋਂਕਿ ਦੁਨੀਆ ਭਰ ਦੇ ਰਾਜਨੀਤਿਕ ਚਿੰਤਕ ਇਸ ਬਾਰੇ ਲਗਪਗ ਇਕ ਮਤ ਹਨ ਕਿ ਕੌਮ ਇਕ ਅਜਿਹਾ ਜਨ-ਸਮੂਹ ਹੁੰਦਾ ਹੈ, ਜਿਹੜਾ ਕਿ ਇਕ ਹੀ ਧਰਤੀ ’ਤੇ ਪੈਦਾ ਹੋਇਆ ਹੁੰਦਾ ਹੈ, ਭਾਵ ਕਿ ਜਿਸ ਦਾ ਇਕ ਖ਼ਾਸ ਭੂਗੋਲਿਕ ਖ਼ੇਤਰ ਹੈ, ਜਿਹੜਾ ਇਕ ਹੀ ਪ੍ਰਕਾਰ ਦੀ ਭਾਸ਼ਾ ਬੋਲਦਾ/ਭਾਸ਼ਾਵਾਂ ਬੋਲਦਾ, ਇਕ ਇਤਿਹਾਸਕ ਤੇ ਸੰਸਕ੍ਰਿਤਿਕ ਪਿੱਠ-ਭੂਮੀ ਰੱਖਦਾ.
ਇਸ ਬਾਰੇ ਵਿਸਥਾਰ ਸਹਿਤ ਲਿਖਦਿਆਂ ਸਟਾਲਿਨ ਆਖਦਾ ਹੈ ਕਿ ਇਕ ਕੌਮ ਇਤਿਹਾਸਕ ਤੌਰ ’ਤੇ ਬਣਿਆ ਲੋਕਾਂ ਦਾ ਸਥਿਰ ਭਾਈਚਾਰਾ ਹੁੰਦੀ ਹੈ, ਜੋ ਕਿ ਸਾਂਝੀ ਭਾਸ਼ਾ, ਸਾਂਝੇ ਇਲਾਕੇ, ਸਾਂਝੇ ਆਰਥਿਕ ਜੀਵਨ ਤੇ ਮਨੋਵਿਗਿਆਨਕ ਬਣਤਰ ਜਿਹੜੀ ਕਿ ਸਾਂਝੇ ਸਭਿਆਚਾਰ ਵਿਚ ਪ੍ਰਗਟ ਹੁੰਦੀ ਹੈ, ਦੇ ਆਧਾਰ ’ਤੇ ਬਣਦੀ ਹੈ, ਪਰ ਦੀਦਾਰ ਅਨੁਸਾਰ ਤਾਂ ਕੋਈ ਜਨ-ਸਮੂਹ ਧਾਰਮਿਕ, ਇਲਾਕਾਈ ਤੇ ਭਾਸ਼ਾਈ ਆਧਾਰ ’ਤੇ ਕੌਮ ਬਣ ਹੀ ਨਹੀਂ ਸਕਦਾ.
ਕੌਮ ਦੇ ਪ੍ਰਸ਼ਨ ਨਾਲ਼ ਲੈਨਿਨ ਤੇ ਸਟਾਲਿਨ ਦਾ ਕਾਫ਼ੀ ਵਾਹ ਪਿਆ ਸੀ. ਅਜਿਹਾ ਕਿਉਂ ਵਾਪਰਿਆ? ਉਸ ਦਾ ਜ਼ਿਕਰ ਫਿਲਹਾਲ ਆਪਾਂ ਇੱਥੇ ਨਹੀਂ ਕਰਾਂਗੇ, ਪਰ ਲੈਨਿਨ ਨੇ ਕੌਮੀਅਤ ਦਾ ਜਿਹੜਾ ਥੀਸਸ ਸਾਡੇ ਸਾਹਮਣੇ ਲਿਆਂਦਾ ਸੀ, ਉਸ ਦੀ ਰੋਜ਼ਾ ਲਗਜ਼ਮਬਰਗ ਨੇ ਭਰਪੂਰ ਆਲੋਚਨਾ ਕੀਤੀ ਸੀ. ਹਾਲਾਂਕਿ ਲੈਨਿਨ ਖੁਦ ਵੀ ਇਸ ਪ੍ਰਸ਼ਨ ਨਾਲ਼ ਸਹੀ ਤਰ੍ਹਾਂ ਨਜਿੱਠ ਨਹੀਂ ਪਾਏ ਸੀ, ਪਰ ਇਹ ਸਭ ਬੀਤੇ ਦੀਆਂ ਗੱਲਾਂ ਹਨ.
ਜਿਵੇਂਕਿ ਸੈਮੂਅਲ ਹਟਿੰਗਟਨ ਨੇ ਆਖਿਆ ਹੈ ਕਿ ਵਿਸ਼ਵ ਰਾਜਨੀਤੀ ਹੁਣ ਇਕ ਨਵੇਂ ਦੌਰ ਵਿਚ ਪ੍ਰਵੇਸ਼ ਕਰ ਰਹੀ ਹੈ ਤੇ ਇਸ ਪ੍ਰਵੇਸ਼ ਅੰਦਰ ਸਾਨੂੰ ਐਡਵਰਡ ਸਈਦ ਤੋਂ ਸੇਧ ਲੈਂਦਿਆਂ ਪਰਿਭਾਸ਼ਾਵਾਂ ਦੇ ਸੰਘਰਸ਼ ਦਾ ਸਾਹਮਣਾ ਕਰਨਾ ਹੀ ਪੈਣਾ ਹੈ, ਪਰ ਦੀਦਾਰ ਇਸ ਦੌਰ ਵਿਚ ਆਪਣੀ ਵੇਲਾ ਵਿਹਾਅ ਚੁੱਕੀ ਯੂਰਪ ਕੇਂਦਰਿਤ ਕੌਮ ਸੰਬੰਧੀ ਥਿਊਰੀ ਰਾਹੀਂ ਇਸ ਗੱਲ ਨੂੰ ਅਸਮਝਣ ਤੋਂ ਅਸਮਰਥ ਰਹਿੰਦਾ ਹੋਇਆ, ਇਸ ਗੱਲ ਨੂੰ ਉਭਾਰਦਾ ਹੈ ਕਿ ਪੰਜਾਬ ਦੀ ਧਰਤੀ ਤੇ ਇਕ ਧਰਮ ਦੇ ਆਧਾਰ ’ਤੇ (ਸਪਸ਼ਟ ਹੈ ਉਹ ਆਪਣਾ ਨਿਸ਼ਾਨਾ ਸਿੱਖਾਂ ਨੂੰ ਬਣਾ ਰਿਹਾ ਹੈ) ਇਕ ਕੌਮ ਦੀ ਗੱਲ ਕਰਨ ਦੀ ਕੋਈ ਤੁਕ ਨਹੀਂ ਬਣਦੀ. ਇਸ ਬਾਬਤ ਉਹ ਹੋਰ ਵੀ ਕੁਝ ਗੱਲਾਂ ਕਰਦਾ ਹੈ, ਪਰ ਮੈਂ ਸਮਝਦਾ ਹਾਂ ਕਿ ਉਸ ਦੀਆਂ ਇਹ ਗੱਲਾਂ ਕਿਸੇ ਗੰਭੀਰ ਰਾਜਨੀਤਿਕ ਚਿੰਤਨ ਜਾਂ ਧਰਮ-ਦਰਸ਼ਨ ਦੀ ਡੂੰਘੇਰੀ ਸਮਝ ਵਿਚੋਂ ਨਿਕਲਣ ਦੀ ਥਾਂ ਇਕ ਸਤਹੀ ਜਿਹੀ (ਖਾਸ ਕਰ ਕੇ ਸੀਮਿਤ ਵਿਹਾਰਕ ਦੇਖਣੀ) ਪਕੜ ਵਿਚੋਂ ਆਪਣਾ ਰੂਪ ਧਾਰਨ ਕਰਦੀ ਹੈ.
ਗੁਰਮਤਿ ਦਰਸ਼ਨ ਇਸ ਗੱਲ ਦੀ ਸਪਸ਼ਟ ਸ਼ਾਹਦੀ ਭਰਦਾ ਹੈ ਕਿ ਗੁਰੂ ਬਾਬਾ ਨਾਨਕ ਦੁਆਰਾ ਚਲਾਏ ਗਏ ਮਾਰਗ ਦਾ ਮੁੱਖ ਪਛਾਣ ਚਿੰਨ੍ਹ ਹੀ ਇਹ ਹੈ ਕਿ ਇਹ ਆਪਣੀ ਸਮੁੱਚੀਆਂ ਪੂਰਬਕਾਲੀ ਸੰਕਲਪਨਾਵਾਂ/ਦ੍ਰਿਸ਼ਟੀਆਂ/ਵਿਚਾਰਧਾਰਾ ਵਾਂ/ਉਥਾਨਕਾਵਾਂ/ਪਿੱਠ-ਭੂਮੀਆਂ ਆਦਿ ਤੋਂ ਪੂਰਨ ਤੋਂ ਵੱਖਰਾ ਤੇ ਮੂਲੋਂ ਹੀ ਮੌਲਿਕਤਾ ਭਰੀ ਵੰਨਗੀ ਦਾ ਧਾਰਨੀ ਹੈ; ਜਿਸ ਦਾ ਆਰੰਭ “ਨ ਹਮ ਹਿੰਦੂ ਨ ਮੁਸਲਮਾਨ” ਤੋਂ ਹੁੰਦਾ ਹੈ. ਇਸ ਦੇ ਨਾਲ਼ ਹੀ ਇਹ ਇਸ ਗੱਲ ਦੀ ਤਸਦੀਕ ਵੀ ਕਰਦਾ ਹੈ:
ਹਮਰਾ ਝਗਰਾ ਰਹਾ ਨ ਕੋਊ।।
ਪੰਡਿਤ ਮੁਲਾਂ ਛਾਡੇ ਦੋਊ।।
ਇਸ ਲਈ ਪਰਿਭਾਸ਼ਾਵਾਂ ਦੀ ਪੁਨਰ-ਸਥਾਪਨਾ ਦੇ ਦੌਰ ਵਿਚ ਇਨ੍ਹਾਂ ਮਹਾਵਾਕਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ, ਪਰ ਇਸ ਨੂੰ ਸਮਝਣ ਦੀ ਥਾਂ ਦੀਦਾਰ ਸਿੱਖਾਂ ਨੂੰ ਕੇਂਦਰ ਵਿਚ ਰੱਖ ਕੇ ਹੀ, ਇਸ ਇਸ ਗੱਲ ਤੇ ਜ਼ੋਰ ਦਿੰਦਾ ਕਿ ਖੁਦ ਨੂੰ ਸਰਬੋਤਮ ਕੌਮ ਮੰਨਣ ਵਾਲਾ ਵਰਤਾਰਾ ਸੰਸਾਰ ਭਰ ਵਿਚ ਫੈਲਿਆ ਹੋਇਆ ਹੈ, ਪਰ ਮੇਰਾ ਸਵਾਲ ਇਹ ਹੈ ਕਿ ਦੁਨੀਆ ਭਰ ਵਿਚ ਗੌਣ ਮੰਨਣ ਦਾ ਕਿਹੜਾ ਵਰਤਾਰਾ/ਅਮਲ/ਦ੍ਰਿਸ਼ਟੀ/ਸਿਧਾਂਤ ਜਾਂ ਇਤਿਹਾਸ ਹੈ?
ਜੇਕਰ ਕੋਈ ਹੈ ਵੀ ਤਾਂ ਡਾਰਵਿਨ ਨੂੰ ਅਸੀਂ ਕਿੱਥੇ ਰੱਖਾਂਗੇ?
~ਪਰਮਿੰਦਰ ਸਿੰਘ ਸ਼ੌਂਕੀ.
No comments:
Post a Comment