ਇਤਿਹਾਸਿਕ ਰੂਪ ਵਿਚ
ਅਸੀਂ ਜਾਣਦੇ ਹਾਂ ਕਿ ਜਿਉਂ ਹੀ ਵਿਗਿਆਨ ਨੇ ਯਥਾਰਥ ਦੀ ਧਾਰਮਿਕ, ਗੁਣਾਤਮਿਕ ਤੇ ਰਹੱਸਾਤਮਿਕ ਪਰਿਭਾਸ਼ਾ
ਨੂੰ ਪਰਿ-ਮਾਪਕ, ਗਣਿਤੀ ਤੇ ਸੈਕੂਲਰ ਮਾਡਲ ਨਾਲ਼ ਬਦਲਿਆ ਤਾਂ ਧਰਮ ਤੇ ਵਿਗਿਆਨ ਇਕ-ਦੂਸਰੇ ਪ੍ਰਤੀ ਲਗਭਗ
ਯੁੱਧ ਦੀ ਸਥਿਤੀ ਵਿਚ ਆ ਖੜ੍ਹੇ ਹੋਏ. ਇਨ੍ਹਾਂ ਦੋਵਾਂ ਦੀ ਇਸ ਸੰਘਰਸ਼ਸ਼ੀਲ ਭੂਮਿਕਾ ਨੇ ਨਾ ਸਿਰਫ਼ ਮਾਨਵੀ
ਚੇਤਨਾ ਦੀ ਮਾਨਵਵਾਦੀ ਪਹੁੰਚ ਉੱਪਰ ਸਵਾਲੀਆ ਚਿੰਨ੍ਹ ਲਗਾਇਆ, ਸਗੋਂ ਇਸ ਲੜਾਈ ਸਦਕਾ ਮਨੁੱਖ ਇਸ ਪ੍ਰਸ਼ਨ
ਦੇ ਸਨਮੁੱਖ ਵੀ ਹੋਇਆ ਕਿ ਮਾਨਵੀ ਉੱਥਾਨ ਦੀ ਵਾਸਤਵਿਕ ਹੋਂਦ ਦੇ ਮੱਦੇ-ਨਜ਼ਰ ਇਨ੍ਹਾਂ ਦੋਵਾਂ ਅਨੁਸ਼ਾਸਨਾਂ
ਵਿਚੋਂ ਕਿਸ ਅਨੁਸ਼ਾਸਨ ਦਾ ਅਨੁਸਰਣ ਕੀਤਾ ਜਾਵੇ? ਧਰਮ ਤੇ ਵਿਗਿਆਨ ਦੀ ਇਸ ਆਪਸੀ ਜੱਦੋ-ਜਹਿਦ ਨੇ ਹਾਲਾਂਕਿ
20ਵੀਂ ਸਦੀ ਦੌਰਾਨ ਇਕ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਈ, ਪਰ ਆਪਣੇ ਅੰਤਲੇ ਸਮਿਆਂ ਦੌਰਾਨ ਇਸ ਸਦੀ
ਦੀ ਇਕ ਵੱਡੀ ਘਟਨਾ ਪਾਲ ਜਾਨਸਨ ਮੁਤਾਬਿਕ ਇਹ ਵਾਪਰੀ ਕਿ ਨੀਟਸ਼ੇ ਦੁਆਰਾ ਸਾਹਮਣੇ ਲਿਆਂਦੀ ਗਈ “ਰੱਬ
ਦੀ ਮੌਤ” ਵਾਲੀ ਖ਼ਬਰ ਗ਼ਲਤ ਸਿੱਧ ਹੋ ਗਈ. ਜਿਸ ਸਦਕਾ
ਵਿਗਿਆਨ ਤੇ ਧਰਮ ਦੇ ਖੇਤਰ ਵਿਚ ਇਨ੍ਹਾਂ ਵਿਰੋਧੀ ਮੰਨੀਆਂ ਜਾਣ ਵਾਲੀਆਂ ਗਿਆਨਾਤਮਿਕ ਅਨੁਸ਼ਾਸ਼ਨਾਂ ਨੂੰ
ਇਕ ਨਵੇਂ ਨਜ਼ਰੀਏ ਤੋਂ ਵਾਚਿਆ ਜਾਣ ਲੱਗਾ.
ਇਸ ਨਵੇਂ ਬਦਲਾਅ ਦਾ
ਮੁੱਢ ਕੁਆਂਟਮ ਭੌਤਿਕੀ, ਸਾਪੇਖਤਾ ਸਿਧਾਂਤ, ਸਮਾਨਾਂਤਰ ਬ੍ਰਹਿਮੰਡ, ਸਟੈਡੀ ਥਿਊਰੀ, ਵਰਮਹੋਲ, ਸਟਰਿੰਗ
ਥਿਊਰੀ ਅਤੇ ਨਵੇਂ ਗ੍ਰਹਿਆਂ ਆਦਿ ਦੀ ਪ੍ਰਾਪਤੀ ਸਦਕਾ ਮਜ਼ਬੂਤੀ ਸਹਿਤ ਸਾਹਮਣੇ ਆਇਆ. ਜਿਸ ਦੀ ਅਥਾਹਤਾ
ਨੂੰ ਵੇਖਦਿਆਂ ਮਹਾਨ ਵਿਗਿਆਨੀ ਮੈਕਸ ਪਲਾਂਕ ਨੇ ਵਿਗਿਆਨ ਦੀ ਸੀਮਾ ਸਵੀਕਾਰਦਿਆਂ ਆਖਿਆ ਕਿ ਵਿਗਿਆਨ
ਸ਼੍ਰਿਸਟੀ ਦੇ ਅੰਤਿਮ ਰਹੱਸ ਦਾ ਹੱਲ ਨਹੀਂ ਕਰ ਸਕਦਾ, ਕਿਉਂਕਿ ਆਖਰੀ ਵਿਸ਼ਲੇਸ਼ਣ ਵਿਚ ਅਸੀਂ ਉਸ ਰਹੱਸ
ਦਾ ਹੀ ਅੰਸ਼ ਹਾਂ, ਜਿਸ ਦਾ ਅਸੀਂ ਹੱਲ ਕਰਨਾ ਚਾਹੁੰਦੇ ਹਾਂ. ਇਸ ਸੰਬੰਧੀ ਮੈਕਸ ਪਲਾਂਕ ਨੇ ਬ੍ਰਹਿਮੰਡੀ
ਅਸਤਿਤਵ ਨਾਲ਼ ਸੰਬੰਧਿਤ ਚੇਤਨਾ ਨੂੰ “ਆਦਿ-ਬਿੰਦੂ” ਸਵੀਕਾਰਦੇ ਹੋਏ, ਪਦਾਰਥ ਤੇ ਚੇਤਨਾ ਦਰਮਿਆਨ ਚੱਲਦ
ਰਹੇ ਸੰਘਰਸ਼ ਨੂੰ ਵੀ ਇਕ ਠੋਸ ਦਿਸ਼ਾ ਪ੍ਰਦਾਨ ਕੀਤੀ, ਜਿਸ ਨੇ ਵਿਗਿਆਨ ਦੀਆਂ ਸੀਮਾਵਾਂ ਨੂੰ ਸਪਸ਼ਟਤਾ
ਸਹਿਤ ਉਜਾਗਰ ਕੀਤਾ. ਇਹ ਉਹ ਕਾਲ ਸੀ ਜਿਸ ਦੌਰਾਨ ਨਾਮਵਾਰ ਸਾਇੰਸਦਾਨ ਹੇਜਨਬਰਗ ਨੂੰ ਆਪਣੀ ਕਿਤਾਬ
“Physics and Philosophy”ਵਿਚ ਲਿਖਣਾ ਪਿਆ ਸੀ
ਕਿ ਆਧੁਨਿਕ ਭੌਤਿਕੀ ਦੇ ਨਵੀਨਤਮ ਵਿਕਾਸ ਪ੍ਰਤੀ ਤੀਬਰ ਪ੍ਰਤਿਕਿਰਿਆ ਨੂੰ ਇਸ ਅਰਥ ਵਿਚ ਸਮਝਿਆ ਜਾ ਸਕਦਾ
ਹੈ ਕਿ ਭੌਤਿਕੀ ਦੀ ਨੀਂਹ ਹਿੱਲਣ ਲੱਗੀ ਤੇ ਇਸ ਨੇ ਇਸ ਸ਼ੱਕਾਂ ਨੂੰ ਜਨਮ ਦਿੱਤਾ ਕਿ ਕਿਧਰੇ ਵਿਗਿਆਨ
ਆਪਣਾ ਆਧਾਰ ਹੀ ਨਾ ਖੋਹ ਦੇਵੇ. ਅਜਿਹੀਆਂ ਗੱਲਾਂ ਸਿਰਫ਼ ਹੇਜਨਬਬਰਗ ਹੀ ਨਹੀਂ, ਸਗੋਂ ਅਲਬਰਟ ਆਈਨਸਟਾਈਨ
ਦੁਆਰਾ ਵੀ ਕੀਤੀਆਂ ਜਾ ਰਹੀਆਂ ਸਨ. ਆਪਣੇ ਇਕ ਖ਼ਤ ਵਿਚ ਅਲਬਰਟ ਆਈਨਸਟਾਈਨ ਨੇ ਲਿਖਿਆ ਸੀ ਕਿ ਹਰ ਇਕ
ਮਨੁੱਖ, ਜਿਹੜਾ ਵਿਗਿਆਨ ਦੀ ਜਗਿਆਸਾ ਅੰਦਰ ਗੰਭੀਰਤਾ ਸਹਿਤ ਮਸਰੂਫ਼ ਹੈ, ਇਸ ਗੱਲ ਨੂੰ ਸਵੀਕਾਰ ਕਰਨ
ਲੱਗਦਾ ਹੈ ਕਿ ਸ਼੍ਰਿਸਟੀ ਦੇ ਸੰਚਾਲਨ ਨਿਯਮਾਂ ਅੰਦਰ ਇਕ ਆਤਮਾ ਕਾਰਜਸ਼ੀਲ ਹੈ, ਜਿਹੜੀ ਮਨੁੱਖ ਤੋਂ ਸ਼੍ਰੇਸ਼ਠ
ਹੈ. ਇਸ ਤਰ੍ਹਾਂ ਵਿਗਿਆਨ ਦੀ ਜਿਗਿਆਸਾ ਮਨੁੱਖ ਨੂੰ ਇਕ ਵਿਸ਼ੇਸ਼ ਅਨੁਭੂਤੀ ਵੱਲ ਲੈ ਜਾਂਦੀ ਹੈ, ਜਿਹੜੀ
ਨਿਸ਼ਚਿਤ ਹੀ ਉਸ ਵਿਅਕਤੀ ਦੀ ਧਾਰਮਿਕਤਾ ਤੋਂ ਬਿਲਕੁਲ ਵੱਖਰੀ ਹੈ, ਜਿਹੜੀ ਮੂਰਖ਼ਤਾ ਉੱਪਰ ਆਧਾਰਿਤ ਹੈ.
ਇਸ ਲਈ ਜਿਸ ਸਮੇਂ ਮਨੁੱਖ
ਇਸ ‘ਮੂਰਖ਼ਤਾ’ ਦਾ ਤਿਆਗ ਕਰਦੇ ਹੋਏ ‘ਧਰਮ’ ਦੇ ਮੂਲ ਖ਼ਾਸੇ ਨਾਲ਼ ਜੁੜਦਾ ਹੈ ਤਾਂ ਉਸ ਦਾ ਚੇਤਨਾਗਤ ਪਾਸਾਰ
ਇਕ ਨਵੀਂ ਭੂਮਿਕਾ ਦੇ ਸਨਮੁੱਖ ਹੁੰਦਾ ਹੈ. ਜਿਸ ਵਿਚ ਵਿਗਿਆਨ ਤੇ ਧਰਮ ਦਾ ਜੰਗਨੁਮਾ ਮਾਹੌਲ ਮਾਨਵੀ
ਚੇਤਨਾ ਦੇ ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਲਈ ਸ਼ਾਂਤੀ ਤੇ ਸਹਿਯੋਗ ਦੀ ਉਸਾਰੀ ਕਰਨ ਹਿਤ ਰੁਚਿਤ ਹੁੰਦਾ
ਹੈ. ਵਿਗਿਆਨ ਤੇ ਧਰਮ ਦੇ ਇਸ ਸਹਿਯੋਗ ਸੰਬੰਧੀ ਮਹਾਨ ਭੌਤਿਕ-ਸ਼ਾਸਤਰੀ ਰੋਜਰ ਪੇਨਰੋਜ਼ ਨੇ ਆਪਣੀਆਂ ਕਿਤਾਬਾਂ
“The Emperor's New Mind: Concerning Computers, Minds and the Laws of Physics” ਅਤੇ
“Shadows of the Mind: A Search for the Missing Science of Consciousness” ਦੇ ਸੰਦਰਭ
ਵਿਚ ਆਪਣੀ ਇਕ ਮੁਲਾਕਾਤ ਦੌਰਾਨ ਆਖਿਆ ਸੀ ਕਿ ਵਿਗਿਆਨ ਅਤੇ ਧਰਮ ਅੰਦਰ ਟਕਰਾਅ ਨੂੰ ਵਿਭਿੰਨ ਧਾਰਮਿਕ
ਦ੍ਰਿਸ਼ਟੀਆਂ ਦਰਮਿਆਨ ਟਕਰਾਅ ਦੇ ਵਿਸਤਾਰ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ. ਸਾਨੂੰ ਇਹ ਗੱਲ ਸਵੀਕਾਰ
ਕਰ ਲੈਣੀ ਚਾਹੀਦੀ ਹੈ ਕਿ ਨਵੇਂ ਗਿਆਨ ਅੰਦਰ ਵਿਕਾਸ ਧਾਰਮਿਕ ਵਿਸ਼ਵਾਸ਼ਾਂ ਦੇ ਦੁਹਰਾਅ ਨੂੰ ਲਾਜ਼ਮੀ ਬਣਾ
ਦਿੰਦਾ ਹੈ. ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ ਕਿ ਮੈਂ ਕੋਈ ਧਾਰਮਿਕ ਵਿਅਕਤੀ ਨਹੀਂ, ਕਿਉਂਕਿ ਮੈਂ
ਕਿਸੇ ਪੰਥ ਦਾ ਅਨੁਆਈ ਨਹੀਂ ਹਾਂ, ਪਰ ਫਿਰ ਵੀ ਵਿਭਿੰਨ ਧਰਮਾਂ ਦੁਆਰਾ ਉਠਾਏ ਗਏ ਪ੍ਰਸ਼ਨ ਮਨੁੱਖ ਦੇ
ਅਸਤਿਤਵ ਲਈ ਸਾਰ-ਤੱਤ ਦਾ ਮਹੱਤਵ ਰੱਖਦੇ ਹਨ. ਹਾਲਾਂਕਿ ਵਿਗਿਆਨ ਨੇ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਵਿਚ
ਅਜੇ ਤੱਕ ਕੋਈ ਮਹੱਤਵਪੂਰਨ ਉੱਨਤੀ ਨਹੀਂ ਕੀਤੀ ਤਾਂ ਵੀ ਮੈਂ ਸੋਚਦਾ ਹਾਂ ਕਿ ਵਿਗਿਆਨ ਇਨ੍ਹਾਂ ਪ੍ਰਸ਼ਨਾਂ
ਦੇ ਉੱਤਰ ਤਲਾਸ਼ ਕਰਨ ਲਈ ਆਪਣੇ ਧੁਰਿਆਂ ਨੂੰ ਵਿਸਤ੍ਰਿਤ ਕਰਨਾ ਪਵੇਗਾ. ਹੁਣ ਸਥਿਤੀ ਇਹ ਹੈ ਕਿ 20ਵੀਂ
ਸਦੀ ਦਾ ਅੰਤ ਹੋਣ ਤੋਂ ਪਹਿਲਾਂ ਹੀ ਇਕ ਵਾਰ ਫਿਰ ਸੰਸਾਰ ਅੰਦਰ “New Age” (ਨਵਯੁੱਗ) ਦੀ ਚਰਚਾ ਸ਼ੁਰੂ
ਹੋ ਗਈ ਹੈ, ਜਿਸ ਨੂੰ “The Age of Acevarian” ਅਰਥਾਤ ‘ਪਾਵਨ ਯੁੱਗ’ ਦਾ ਨਾਮ ਦਿੱਤਾ ਗਿਆ ਹੈ.
ਆਪਣੀ ਬੇਹੱਦ ਮਸ਼ਹੂਰ
ਕਿਤਾਬ “The Tao of Physics” ਅੰਦਰ ਫ੍ਰਿਤਜਾਫ਼ ਕਾਪਰਾ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਹੈ ਕਿ ਪਾਵਨ-ਯੁੱਗ
ਸ਼ੁਰੂ ਹੋ ਚੁੱਕਾ ਹੈ ਜਾਂ ਹੋਣ ਵਾਲਾ ਹੈ, ਕਿਉਂਕਿ ਹਰੇਕ ਅਜਿਹਾ ਯੁੱਗ 2000 ਸਾਲ ਤੱਕ ਚੱਲਦਾ ਹੈ ਤਾਂ
ਸਾਡਾ ਭਾਵ ਇਹ ਹੈ ਕਿ ਜਲਦੀ ਹੀ ਇਕ ਅਜਿਹਾ ਨਵਯੁੱਗ ਇਕ ਬ੍ਰਹਿਮੰਡੀ ਰਵੱਈਏ ਨਾਲ਼ ਪ੍ਰਗਟ ਹੋਣ ਵਾਲਾ
ਹੈ. ਆਪਣੀ ਇਸੇ ਲਿਖ਼ਤ ਅੰਦਰ ਕਾਪਰਾ ਆਖਦਾ ਹੈ ਕਿ ਜਦੋਂ ਮੈਂ ਆਧੁਨਿਕ ਭੌਤਿਕ-ਸ਼ਾਸਤਰ ਅਤੇ ਪੂਰਬ ਦੇ
ਰਹੱਸਵਾਦ ਦਾ ਤੁਲਨਾਤਮਿਕ ਅਧਿਐਨ ਕੀਤਾ ਤਾਂ ਮੈਨੂੰ ਸੂਫ਼ੀਆਂ ਦੇ ਬ੍ਰਹਮ ਗਿਆਨ ਤੇ ਭੌਤਿਕਤਾ ਦੇ ਅੰਦਰੂਨੀ
ਤੱਤਾਂ ਦਰਮਿਆਨ ਇਕ ਵੱਡੀ ਸਮਾਨਤਾ ਮਿਲੀ. ਇਕ ਦੀ ਤਲਾਸ਼ ਅੰਤਸ ਦਾ ਸੰਸਾਰ ਹੈ ਤੇ ਦੂਜੇ ਦੀ ਬਾਹਰੀ ਜਗਤ,
ਪਰ ਇਹ ਸਮਾਨਾਂਤਰ ਸੰਸਾਰ ਆਖ਼ਿਰ ਇਕ ਹੀ ਪਰਮਸੱਤਾ ਵਿਚ ਵਿਲੀਨ ਹੋ ਜਾਂਦੇ ਹਨ. ਉਹ ਲਿਖਦਾ ਹੈ: In
fact, spirituality, or the human spirit, could defined as the mode of
consciousness in which we feel connected to the cosmos as a whole. This makes
it evident that ecological awareness is spiritual in its deepest essence. And
it is then no surprise that the new vision of reality emerging from modern
physics, which is a holistic and ecological vision, is in harmony with the
visions of spiritual traditions. ਕਾਪਰਾ ਦਾ ਇਹ ਵਿਚਾਰ ਵਿਗਿਆਨ ਤੇ ਧਰਮ ਦੀ ਪ੍ਰਸੰਗਿਕਤਾ ਨੂੰ
ਸਮਝਣ ਵਿਚ ਅਹਿਮ ਰੋਲ ਅਦਾ ਕਰਦਾ ਹੈ.
20ਵੀਂ ਸਦੀ ਦੌਰਾਨ ਪੈਦਾ
ਹੋਈਆਂ ਵਿਗਿਆਨ ਤੇ ਧਰਮ ਦੀਆ ਇਨ੍ਹਾਂ ਧਾਰਨਾਵਾਂ ਦੀ ਬਦੌਲਤ ਹੀ ਪ੍ਰਸਿੱਧ ਵਿਚਾਰਕ ਕਾਰਲ ਸਾਗਾਨ ਦੀ
ਇਹ ਮਾਨਤਾ ਸਾਹਮਣੇ ਆਉਂਦੀ ਹੈ ਕਿ ਹੁਣ ਜ਼ਮਾਨਾ ਬਦਲ ਗਿਆ ਹੈ. ਇਸ ਲਈ ਮਜ਼ਹਬ ਹੁਣ ਇਸ ਹਕੀਕਤ ਨੂੰ ਸਵੀਕਾਰ
ਕਰਨ ਵਿਚ ਕੋਈ ਸੰਕੋਚ ਨਹੀਂ ਦਿਖਾਉਂਦਾ ਕਿ ਧਰਤੀ ਸੂਰਜ ਦੁਆਲ਼ੇ ਘੁੰਮਦੀ ਹੈ, ਪਰ ਉਸ ਨੇ ਮਹੱਤਵਪੂਰਨ
ਗੱਲ ਇਹ ਕਹੀ ਕਿ ਵਿਗਿਆਨ ਧਰਮ ਨੂੰ ਕਦੀ ਵੀ ਮਿਥਿਆ-ਦਰਸ਼ਨ ਤੋਂ ਮੁਕਤ ਕਰਾ ਸਕਦਾ ਹੈ ਤੇ ਧਰਮ ਵਿਗਿਆਨ
ਨੂੰ ਸਵੈ-ਨਿਰਮਿਤ ਪ੍ਰਤੀਮਾਓ ਦੇ ਮੋਹਜਾਲ ਤੇ ਮਿਥਿਆ ਪਰਮ ਨਿਸ਼ਚਿਤਤਾਵਾਂ ਦੇ ‘ਅਹੰਕਾਰ’ ਤੋਂ ਵੱਖ ਕਰ
ਸਕਦਾ ਹੈ. ਦੋਵੇਂ ਮਿਲ ਕੇ ਇਕ-ਦੂਜੇ ਨੂੰ ਵਿਆਪਕ ਜਗਤ- ਇਕ ਅਜਿਹੇ ਸੰਸਾਰ ਅੰਦਰ; ਜਿਸ ਵਿਚ ਦੋਵੇਂ
ਪ੍ਰਗਤੀ ਕਰ ਸਕਦੇ ਹਨ, ਸ਼ਾਮਲ ਕਰ ਸਕਦਾ ਹੈ. ਇਹ ਇਕ ਅਜਿਹੇ ਪੁਲ਼ ਦਾ ਨਿਰਮਾਣ ਕਰ ਸਕਦੇ ਹਨ, ਜਿਹੜਾ
ਦੋਵਾਂ ਦਰਮਿਆਨ ਪਈ ਹੋਈ ਦਰਾੜ ਨੂੰ ਭਰ ਸਕਦਾ ਹੈ. ਗੁਰੂ ਨਾਨਕ ਬਾਣੀ ਅਜਿਹੇ ਪੁਲ਼ ਦਾ ਹੀ ਨਿਰਮਾਣ ਕਰਦੀ
ਹੋਈ ਸਾਹਮਣੇ ਆਉਂਦੀ ਹੈ:
ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ
This comment has been removed by the author.
ReplyDeleteਸਮਝਣ ਦਾ ਯਤਨ ਕਰਾਗੇ ਜੀ
ReplyDelete