ਅੰਗਰੇਜ਼ੀ ’ਚ “ਵਾਇਰਲ ਹੋਣਾ” ਸ਼ਬਦ ਨੂੰ ਸੁਣਦੇ ਹੀ ਹੁਣ ਕਿਸਨੂੰ ਥੋੜ੍ਹੀ ਕੰਬਣੀ ਨਹੀਂ ਛਿੜ ਜਾਵੇਗੀ ? ਦਰਵਾਜ਼ੇ ਦੇ ਹੈਂਡਲ, ਗੱਤੇ ਦਾ ਡੱਬਾ ਜਾਂ ਸਬਜ਼ੀ ਦਾ ਥੈਲਾ ਦੇਖਦੇ ਹੀ ਕਿਸਦੀ ਕਲਪਨਾ ’ਚ ਉਨ੍ਹਾਂ ਅਦ੍ਰਿਸ਼ ਛਿੱਟਿਆਂ ਦੇ ਝੁੰਡ ਸਾਕਾਰ ਨਹੀਂ ਹੋ ਜਾਣਗੇ ਜੋ ਨਾ ਜੀਵਿਤ ਹੀ ਹਨ, ਨਾ ਮ੍ਰਿਤ ਹਨ ਤੇ ਜੋ ਆਪਣੇ ਚਿਪਕ ਕੇ ਚੂਸ ਲੈਣ ਵਾਲੇ ਪੰਜਿਆਂ ਦੇ ਨਾਲ ਸਾਡੇ ਫੇਫੜਿਆਂ ’ਚ ਕਬਜ਼ਾ ਕਰਨ ਦਾ ਇੰਤਜ਼ਾਰ ਕਰ ਰਹੇ ਹਨ ? ਇੱਕ ਅਜਨਬੀ ਨੂੰ ਚੁੰਮਣਾ, ਬੱਸ ਚ ਘੁਸਣਾ ਜਾਂ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਪਹਿਲਾਂ ਕੌਣ ਭੈਅਭੀਤ ਨਹੀਂ ਹੋ ਜਾਵੇਗਾ ?
ਆਪਣੀ ਰੋਜ਼ਾਨਾ ਦੀਆਂ ਖੁਸ਼ੀਆਂ ਤੋਂ ਪਹਿਲਾਂ ਉਨ੍ਹਾਂ ਦੇ ਜ਼ੋਖਿਮ ਦਾ ਆਂਕਲਣ ਕੌਣ ਨਹੀਂ ਕਰਨ ਲੱਗੇਗਾ ? ਹੁਣ ਸਾਡੇ ’ਚੋਂ ਕੌਣ ਹੈ ਜੋ ਇੱਕ ਝੋਲਾਛਾਪ ਮਹਾਂਮਾਰੀ-ਵਿਸ਼ੇਸ਼ਕ, ਵਿਸ਼ਾਣੂ-ਵਿਗਿਆਨੀ, ਅੰਕੜਾ-ਵਿਗਿਆਨੀ ਤੇ ਭਵਿੱਖ ਵਕਤਾ ਨਹੀਂ ਬਣ ਚੁੱਕਿਆ ਹੈ ? ਕੌਣ ਵਿਗਿਆਨਕ ਜਾਂ ਡਾਕਟਰ ਮਨ ਹੀ ਮਨ ’ਚ ਕਿਸੇ ਚਮਤਕਾਰ ਦੇ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਹੈ ? ਕੌਣ ਪੁਜਾਰੀ ਹੈ ਜੋ ਮਨ ਹੀ ਮਨ ’ਚ ਵਿਗਿਆਨ ਅੱਗੇ ਸਮਰਪਣ ਨਹੀਂ ਕਰ ਚੁੱਕਿਆ ਹੈ ? ਤੇ ਵਿਸ਼ਾਣੂਆਂ ਦੇ ਇਸ ਪ੍ਰਸਾਰ ਦੇ ਦੌਰਾਨ ਵੀ ਕੌਣ ਹੈ ਜੋ ਪੰਛੀਆਂ ਦੇ ਗੀਤਾਂ ਨਾਲ ਭਰ ਚੁੱਕੇ ਸ਼ਹਿਰਾਂ, ਚੌਰਾਹਿਆਂ ’ਤੇ ਨੱਚ ਰਹੇ ਮੋਰਾਂ ਤੇ ਆਸਮਾਨ ਦੀ ਖ਼ਮੋਸ਼ੀ ਉੱਤੇ ਰੋਮਾਂਚਿਤ ਨਹੀਂ ਹੈ ?
ਦੁਨੀਆਂ ਭਰ ’ਚ ਕੋਰੋਨਾ ਨਾਲ ਪੀੜ੍ਹਿਤ ਲੋਕਾਂ ਦੀ ਗਿਣਤੀ ਇਸ ਹਫ਼ਤੇ 10 ਲੱਖ ਤੱਕ ਪਹੁੰਚ ਗਈ ਜਿਨ੍ਹਾਂ ’ਚੋਂ 50 ਹਜ਼ਾਰ ਲੋਕ ਮਰ ਚੁੱਕੇ ਹਨ। ਆਸ਼ੰਕਾਂਵਾਂ ਦੇ ਹਿਸਾਬ ਨਾਲ ਇਹ ਗਿਣਤੀ ਲੱਖਾਂ, ਜਾਂ ਹੋਰ ਵੀ ਜ਼ਿਆਦਾ ਤੱਕ ਜਾਵੇਗੀ। ਇਹ ਵਿਸ਼ਾਣੂ ਖੁਦ ਤਾਂ ਵਪਾਰ ਤੇ ਅੰਤਰਰਾਸ਼ਟਰੀ ਪੂੰਜੀ ਦੇ ਮਾਰਗ ਉੱਤੇ ਮੁਕਤ ਭ੍ਰਮਣ ਕਰਦਾ ਰਿਹਾ ਹੈ ਪਰ ਇਸਦੇ ਦੁਆਰਾ ਲਿਆਂਦੀ ਗਈ ਭਿਆਨਕ ਬਿਮਾਰੀ ਨੇ ਇਨਸਾਨਾਂ ਨੂੰ ਉਨ੍ਹਾਂ ਦੇ ਦੇਸ਼ਾਂ, ਸ਼ਹਿਰਾਂ ਤੇ ਘਰਾਂ ’ਚ ਬੰਦ ਕਰ ਦਿੱਤਾ ਹੈ। ਪਰੰਤੂ ਪੂੰਜੀ ਦੇ ਪ੍ਰਵਾਹ ਦੇ ਉਲਟ ਇਸ ਵਿਸ਼ਾਣੂ ਨੂੰ ਪ੍ਰਸਾਰ ਤਾਂ ਚਾਹੀਦਾ ਹੈ, ਪਰ ਮੁਨਾਫ਼ਾ ਨਹੀਂ ਚਾਹੀਦਾ, ਤੇ ਇਸ ਲਈ, ਅਣਜਾਣੇ ’ਚ ਹੀ ਕੁਝ ਹੱਦ ਤੱਕ ਇਸਨੇ ਇਸ ਪ੍ਰਵਾਹ ਦੀ ਦਿਸ਼ਾ ਨੂੰ ਉਲਟ ਕਰ ਦਿੱਤਾ ਹੈ।
ਇਸਨੇ ਪਰਵਾਸ ਨਿਯੰਤਰਣਾਂ, ਬਾਇਓਮੈਟ੍ਰਿਕਸ, ਡਿਜੀਟਲ ਨਿਗਰਾਨੀ ਤੇ ਹੋਰ ਹਰ ਤਰ੍ਹਾਂ ਦੇ ਡਾਟਾ ਵਿਸ਼ਲੇਸ਼ਣ ਕਰਨ ਵਾਲੀਆਂ ਪ੍ਰਣਾਲੀਆਂ ਦਾ ਮਖੌਲ ਉਡਾਇਆ ਹੈ, ਤੇ ਇਸ ਤਰ੍ਹਾਂ ਦੁਨੀਆਂ ਦੇ ਸਭ ਤੋਂ ਅਮੀਰ, ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਨੂੰ, ਜਿੱਥੇ ਪੂੰਜੀਵਾਦ ਦਾ ਇੰਜਣ ਹਿਚਕੋਲੇ ਖਾਂਦਾ ਹੋਇਆ ਰੁਕ ਗਿਆ ਹੈ, ਇਸਨੇ ਭਾਰੀ ਸੱਟ ਮਾਰੀ ਹੈ। ਸ਼ਾਇਦ ਅਸਥਾਈ ਰੂਪ ’ਚ ਹੀ, ਫਿਰ ਵੀ ਇਸਨੇ ਸਾਨੂੰ ਇਹ ਮੌਕਾ ਦਿੱਤਾ ਹੀ ਹੈ ਕਿ ਅਸੀਂ ਇਨ੍ਹਾਂ ਪੁਰਜਿਆਂ ਦਾ ਨਿਰੀਖਣ ਕਰ ਸਕੀਏ ਤੇ ਫੈਸਲਾ ਕਰ ਸਕੀਏ ਕਿ ਇਸਨੂੰ ਫਿਰ ਤੋਂ ਠੋਕ-ਠਾਕ ਕੇ ਚਲਾਉਣਾ ਹੈ ਜਾਂ ਸਾਨੂੰ ਇਸ ਤੋਂ ਬਿਹਤਰ ਇੰਜਣ ਲੱਭਣ ਦੀ ਜ਼ਰੂਰਤ ਹੈ।
ਇਸ ਮਹਾਂਮਾਰੀ ਦੇ ਪ੍ਰਬੰਧਨ ’ਚ ਲੱਗੇ ਦਿੱਗਜ ‘ਯੁੱਧ-ਯੁੱਧ’ ਚੀਖ ਰਹੇ ਹਨ। ਉਹ ਯੁੱਧ ਸ਼ਬਦ ਦੀ ਵਰਤੋਂ ਜੁਮਲੇ ਦੇ ਤੌਰ ’ਤੇ ਨਹੀਂ, ਬਲਕਿ ਸਚਮੁੱਚ ਦੇ ਯੁੱਧ ਲਈ ਹੀ ਕਰ ਰਹੇ ਹਨ। ਪਰ ਜੇਕਰ ਅਸਲ ’ਚ ਹੀ ਇਹ ਯੁੱਧ ਹੁੰਦਾ ਤਾਂ ਇਸਦੇ ਲਈ ਅਮਰੀਕਾ ਤੋਂ ਜ਼ਿਆਦਾ ਵਧੀਆ ਤਿਆਰੀ ਕਿਸਦੀ ਹੁੰਦੀ ? ਜੇ ਅਗਲੇ ਮੋਰਚੇ ’ਤੇ ਲੜ ਰਹੇ ਸਿਪਾਹੀਆਂ ਦੇ ਲਈ ਮਾਸਕਾਂ ਤੇ ਦਸਤਾਨਿਆਂ ਦੀ ਜਗ੍ਹਾਂ ਬੰਦੂਕਾਂ, ਸਮਾਰਟ ਬੰਬਾਂ, ਬੰਕਰਾਂ ਨੂੰ ਤਬਾਹ ਕਰਨ ਵਾਲੇ ਹਥਿਆਰਾਂ, ਪਣਡੁੱਬੀਆਂ, ਲੜਾਕੂ ਜਹਾਜ਼ਾਂ ਤੇ ਪਰਮਾਣੂ ਬੰਬਾਂ ਦੀ ਜ਼ਰੂਰਤ ਹੁੰਦੀ ਤਾਂ ਕੀ ਉਨ੍ਹਾਂ ਦੀ ਘਾਟ ਹੁੰਦੀ ?
ਦੁਨੀਆ ਭਰ ’ਚ ਸਾਡੇ ’ਚੋਂ ਕੁਝ ਲੋਕ ਰਾਤ-ਦਰ-ਰਾਤ ਨਿਊਯਾਰਕ ਦੇ ਗਵਰਨਰ ਦੇ ਪ੍ਰੈੱਸ ਬਿਆਨਾਂ ਨੂੰ ਅਜਿਹੀ ਉਤਸੁਕਤਾ ਨਾਲ ਦੇਖਦੇ ਹਨ ਜਿਸਦੀ ਵਿਆਖਿਆ ਕਰਨਾ ਮੁਸ਼ਕਿਲ ਹੈ। ਅਸੀਂ ਅੰਕੜੇ ਦੇਖਦੇ ਹਾਂ ਤੇ ਉਨ੍ਹਾਂ ਅਮਰੀਕੀ ਹਸਪਤਾਲਾਂ ਦੀਆਂ ਕਹਾਣੀਆਂ ਸੁਣ ਰਹੇ ਹਾਂ ਜੋ ਰੋਗੀਆਂ ਨਾਲ ਭਰੇ ਪਏ ਹਨ, ਜਿੱਥੇ ਘੱਟ ਵੇਤਨ ਤੇ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਨਰਸਾਂ ਕੂੜੇਦਾਨਾਂ ’ਚ ਵਰਤੋਂ ਹੋਣ ਵਾਲੇ ਕੱਪੜਿਆਂ ਤੇ ਪੁਰਾਣੇ ਰੇਨਕੋਟਾਂ ਤੋਂ ਮਾਸਕ ਬਣਾਉਣ ਲਈ ਮਜ਼ਬੂਰ ਹਨ ਤਾਂਕਿ ਹਰ ਤਰ੍ਹਾਂ ਦੇ ਜੋਖ਼ਿਮ ਲੈ ਕੇ ਵੀ ਰੋਗੀਆਂ ਨੂੰ ਕੁਝ ਰਾਹਤ ਦੇ ਸਕਣ, ਜਿੱਥੇ ਸੂਬੇ ਵੈਂਟੀਲੇਟਰਾਂ ਦੀ ਖਰੀਦ ਲਈ ਇੱਕ ਦੂਜੇ ਦੇ ਵਿਰੁੱਧ ਬੋਲੀ ਲਗਾ ਰਹੇ ਹਨ, ਜਿੱਥੇ ਡਾਕਟਰ ਇਸ ਦੁਬਿਧਾ ’ਚ ਹਨ ਕਿ ਕਿਸ ਰੋਗੀ ਦੀ ਜਾਨ ਬਚਾਈਏ ਤੇ ਕਿਸਨੂੰ ਮਰਨ ਲਈ ਛੱਡ ਦਈਏ। ਤੇ ਫਿਰ ਅਸੀਂ ਸੋਚਣ ਲੱਗਦੇ ਹਾਂ, “ਹੇ ਰੱਬਾ! ਇਹੀ ਅਮਰੀਕਾ ਹੈ!”
ਇਹ ਇੱਕ ਤਤਕਾਲਿਕ, ਯਥਾਰਥਕ ਤੇ ਵਿਸ਼ਾਲ ਤ੍ਰਾਸਦੀ ਹੈ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਹੀ ਹੈ। ਪਰ ਇਹ ਕੋਈ ਨਵੀਂ ਨਹੀਂ ਹੈ। ਇਹ ਉਸੇ ਟ੍ਰੇਨ ਦਾ ਮਲਬਾ ਹੈ ਜੋ ਵਰ੍ਹਿਆਂ ਤੋਂ ਪਟਰੀ ਤੋਂ ਲਹਿ ਚੁੱਕੀ ਹੈ ਤੇ ਘਿਸਰ ਰਹੀ ਹੈ। “ਰੋਗੀਆਂ ਨੂੰ ਬਾਹਰ ਸੁੱਟ ਦੇਣ” ਵਾਲੀ ਉਹ ਵੀਡਿਓ ਕਲਿੱਪਾਂ ਕਿਸਨੂੰ ਯਾਦ ਨਹੀਂ ਹਨ ਜਿਨ੍ਹਾਂ ’ਚ ਹਸਪਤਾਲ ਦੇ ਗਾਊਨ ’ਚ ਹੀ ਰੋਗੀਆਂ ਨੂੰ, ਜਿਨ੍ਹਾਂ ਦੀ ਪਿੱਠ ਤੱਕ ਨੰਗੀ ਸੀ, ਹਸਪਤਾਲਾਂ ਨੇ ਚੁਪਕੇ ਜਿਹੇ ਕੂੜੇ ਦੀ ਤਰ੍ਹਾਂ ਸੜਕਾਂ ’ਤੇ ਸੁੱਟ ਦਿੱਤਾ ਸੀ। ਘੱਟ ਖੁਸ਼ਕਿਸਮਤ ਅਮਰੀਕੀ ਨਾਗਰਿਕਾਂ ਦੇ ਲਈ ਹਸਪਤਾਲਾਂ ਦੇ ਦਰਵਾਜ਼ੇ ਜ਼ਿਆਦਾਤਰ ਬੰਦ ਹੀ ਰਹੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨੇ ਬਿਮਾਰ ਹਨ, ਜਾਂ ਉਨ੍ਹਾਂ ਨੇ ਕਿੰਨਾ ਦੁਖ ਝੱਲਿਆ ਹੈ।
ਘੱਟੋ-ਘੱਟ ਹੁਣ ਤੱਕ ਫਰਕ ਨਹੀਂ ਪੈਂਦਾ ਰਿਹਾ ਹੈ, ਕਿਉਂਕਿ ਹੁਣ, ਇਸ ਵਿਸ਼ਾਣੂ ਦੇ ਦੌਰ ’ਚ ਇੱਕ ਗ਼ਰੀਬ ਇਨਸਾਨ ਦੀ ਬਿਮਾਰੀ ਇੱਕ ਅਮੀਰ ਸਮਾਜ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਤੇ ਹਾਲੇ ਵੀ, ਸੀਨੇਟਰ ਬਰਨੀ ਸੈਂਡਰਸ, ਜੋ ਸਾਰਿਆਂ ਲਈ ਸਿਹਤ ਦੇ ਪੱਖ ’ਚ ਲਗਾਤਾਰ ਅਭਿਆਨ ਚਲਾਉਂਦੇ ਰਹੇ ਹਨ, ਉਨ੍ਹਾਂ ਨੂੰ ਵਾਈਟ੍ਹ ਹਾਊਸ ਦੇ ਲਈ ਉਮੀਦਵਾਰ ਬਣਾਉਣ ਦੇ ਮਾਮਲੇ ’ਚ ਉਨ੍ਹਾਂ ਦੀ ਆਪਣੀ ਪਾਰਟੀ ਹੀ ਪਰਾਇਆ ਮੰਨ ਰਹੀ ਹੈ।
ਤੇ ਮੇਰੇ ਦੇਸ਼ ਦੀ ਹਾਲਤ ਕੀ ਹੈ ? ਮੇਰਾ ਗ਼ਰੀਬ-ਅਮੀਰ ਦੇਸ਼ ਭਾਰਤ, ਜੋ ਜਾਗੀਰਦਾਰੀ ਤੇ ਧਾਰਮਿਕ ਕੱਟੜਵਾਦ, ਜਾਤੀਵਾਦ ਤੇ ਪੂੰਜੀਵਾਦ ਦੇ ਵਿਚਕਾਰ ਕਿਤੇ ਝੁੱਲ ਰਿਹਾ ਹੈ ਤੇ ਜਿਸ ਉੱਤੇ ਅੱਤ ਦੱਖਣਪੰਥੀ ਹਿੰਦੂ ਰਾਸ਼ਟਰਵਾਦੀਆਂ ਦਾ ਸ਼ਾਸਨ ਹੈ, ਉਸਦੀ ਹਾਲਤ ਕੀ ਹੈ ? ਦਸੰਬਰ ’ਚ, ਜਦੋਂ ਚੀਨ ਵੂਹਾਨ ’ਚ ਇਸ ਵਿਸ਼ਾਣੂ ਦੇ ਵਿਸਫੋਟ ਨਾਲ ਜੂਝ ਰਿਹਾ ਸੀ, ਉਸ ਸਮੇਂ ਭਾਰਤ ਸਰਕਾਰ ਆਪਣੇ ਉਨ੍ਹਾਂ ਲੱਖਾਂ ਨਾਗਰਿਕਾਂ ਦੇ ਵਿਆਪਕ ਵਿਦਰੋਹ ਨਾਲ ਨਿਪਟ ਰਹੀ ਸੀ ਜੋ ਉਸਦੇ ਦੁਆਰਾ ਪਿੱਛੇ ਜਿਹੇ ਹੀ ਸੰਸਦ ’ਚ ਪਾਸ ਕੀਤੇ ਗਏ ਬੇਸ਼ਰਮੀ ਭਰੇ ਭੇਦਭਾਵ ਕਰਨ ਵਾਲੇ ਮੁਸਲਿਮ ਵਿਰੋਧੀ ਨਾਗਰਿਕਤਾ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ।
ਭਾਰਤ ਚ ਕੋਵਿਡ-19 ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਆਇਆ ਸੀ, ਭਾਰਤੀ ਗਣਤੰਤਰ ਦਿਵਸ ਦੀ ਪਰੇਡ ਦੇ ਸਨਮਾਨਯੋਗ ਮੁੱਖ ਮਹਿਮਾਨ, ਅਮੇਜਨ ਦੇ ਵਣ-ਰਾਖਸ਼ਸ ਤੇ ਕੋਵਿਡ ਦੀ ਹੋਂਦ ਨੂੰ ਨਕਾਰਨ ਵਾਲੇ ਜਾਇਰ ਬੋਲਸੋਨਾਰੋ ਦੁਆਰਾ ਦਿੱਲੀ ਛੱਡਣ ਤੋਂ ਕੁਝ ਹੀ ਦਿਨਾਂ ਬਾਅਦ। ਪਰ ਸੱਤਾਧਾਰੀ ਪਾਰਟੀ ਦੀ ਸਮਾਂ-ਸਾਰਣੀ ’ਚ ਅਜਿਹਾ ਬਹੁਤ ਕੁਝ ਸੀ ਜੋ ਇਸ ਵਿਸ਼ਾਣੂ ਨਾਲ ਨਿਪਟਣ ਤੋਂ ਜ਼ਿਆਦਾ ਜ਼ਰੂਰੀ ਸੀ। ਫਰਵਰੀ ਦੇ ਆਖ਼ਰੀ ਹਫ਼ਤੇ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰੀ ਯਾਤਰਾ ਤੈਅ ਸੀ। ਉਨ੍ਹਾਂ ਨੂੰ ਗੁਜਰਾਤ ਦੇ ਇੱਕ ਸਟੇਡੀਅਮ ’ਚ ਇੱਕ ਲੱਖ ਲੋਕਾਂ ਨੂੰ ਜੁਟਾਉਣ ਦਾ ਲਾਲਚ ਦਿੱਤਾ ਗਿਆ। ਇਸ ਸਭ ’ਚ ਬਹੁਤ ਸਾਰਾ ਧਨ ਤੇ ਸਮਾਂ ਖ਼ਰਾਬ ਹੋਇਆ।
ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵੀ ਸੀ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਜੇ ਆਪਣਾ ਖੇਡ ਨਾ ਖੇਡਦੀ ਤਾਂ ਹਾਰਨਾ ਨਿਸ਼ਚਿਤ ਸੀ, ਅਖ਼ੀਰ ਉਸਨੇ ਖੇਡਿਆ। ਉਸਨੇ ਇੱਕ ਬਿਨ੍ਹਾਂ ਰੋਕ-ਟੋਕ ਵਾਲਾ ਹਿੰਸਕ ਹਿੰਦੂ ਰਾਸ਼ਟਰਵਾਦੀ ਅਭਿਆਨ ਛੇੜ ਦਿੱਤਾ, ਜੋ ਸਰੀਰਕ ਹਿੰਸਾ ਤੇ ਗੱਦਾਰਾਂ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਭਰਿਆ ਸੀ।
ਖੈਰ ਪਾਰਟੀ ਵੈਸੇ ਵੀ ਚੋਣ ਹਾਰ ਗਈ। ਤਾਂ ਫਿਰ ਇਸ ਅਪਮਾਨ ਦੇ ਲਈ ਜਿੰਮੇਵਾਰ ਠਹਿਰਾਏ ਗਏ ਦਿੱਲੀ ਦੇ ਮੁਸਲਮਾਨਾਂ ਦੇ ਲਈ ਇੱਕ ਸਜਾ ਤੈਅ ਕੀਤੀ ਗਈ ਸੀ। ਉੱਤਰ-ਪੂਰਬੀ ਦਿੱਲੀ ’ਚ ਹਿੰਦੂ ਗੁੰਡਿਆਂ ਦੇ ਹਥਿਆਰਬੰਦ ਗਿਰੋਹਾਂ ਨੇ ਪੁਲਿਸ ਦੀ ਸ਼ਹਿ ’ਤੇ ਆਪਣੇ ਆਲੇ-ਦੁਆਲੇ ਦੇ ਮੁਸਲਿਮ ਬਹੁਗਿਣਤੀ ਮਜ਼ਦੂਰ-ਵਰਗ ਦੇ ਘਰਾਂ ਉੱਤੇ ਹਮਲਾ ਬੋਲ ਦਿੱਤਾ। ਮਕਾਨਾਂ, ਦੁਕਾਨਾਂ, ਮਸਜ਼ਿਦਾਂ ਤੇ ਸਕੂਲ ਸਾੜ੍ਹ ਦਿੱਤੇ ਗਏ। ਜਿਨ੍ਹਾਂ ਮੁਸਲਮਾਨਾਂ ਨੂੰ ਇਸ ਹਮਲੇ ਦਾ ਸ਼ੱਕ ਸੀ, ਉਨ੍ਹਾਂ ਨੇ ਮੁਕਾਬਲਾ ਕੀਤਾ। 50 ਤੋਂ ਜ਼ਿਆਦਾ ਲੋਕ, ਮੁਸਲਮਾਨ ਤੇ ਕੁਝ ਹਿੰਦੂ ਮਾਰੇ ਗਏ।
ਹਜ਼ਾਰਾਂ ਲੋਕ ਸਥਾਨਕ ਕਬਰਸਤਾਨਾਂ ’ਚ ਸਥਿਤ ਸ਼ਰਨਾਰਥੀ ਕੈਂਪਾਂ ’ਚ ਚਲੇ ਗਏ। ਜਿਸ ਸਮੇਂ ਸਰਕਾਰੀ ਅਧਿਕਾਰੀਆਂ ਨੇ ਕੋਵਿਡ-19 ਉੱਤੇ ਆਪਣੀ ਪਹਿਲੀ ਬੈਠਕ ਕੀਤੀ ਤੇ ਜ਼ਿਆਦਾਤਰ ਭਾਰਤੀਆਂ ਨੇ ਜਦੋਂ ਪਹਿਲੀ ਵਾਰ ਹੈਂਡ ਸੈਨੀਟਾਈਜ ਜਿਹੇ ਕਿਸੇ ਚੀਜ਼ ਦੀ ਹੋਂਦ ਬਾਰੇ ਸੁਣਿਆ ਉਦੋਂ ਵੀ ਗੰਦੇ, ਬਦਬੂਦਾਰ ਨਾਲਿਆਂ ਚੋਂ ਵਿਕ੍ਰਿਤ (ਕੱਟੀਆਂ-ਵੱਢੀਆਂ) ਲਾਸ਼ਾਂ ਕੱਢੀਆਂ ਜਾ ਰਹੀਆਂ ਸੀ।
ਮਾਰਚ ਦਾ ਮਹੀਨਾ ਵੀ ਰੁਝੇਵਿਆਂ ਭਰਿਆ ਸੀ। ਸ਼ੁਰੂਆਤੀ ਦੋ ਹਫ਼ਤੇ ਤਾਂ ਮੱਧ ਪ੍ਰਦੇਸ਼ ’ਚ ਕਾਂਗਰਸ ਦੀ ਸਰਕਾਰ ਡੇਗਣ ਤੇ ਉਸਦੀ ਜਗ੍ਹਾਂ ਭਾਜਪਾ ਦੀ ਸਰਕਾਰ ਬਣਾਉਣ ’ਚ ਸਮਰਪਿਤ ਕਰ ਦਿੱਤੇ ਗਏ। 11 ਮਾਰਚ ਨੂੰ ਵਿਸ਼ਵ ਸਿਹਤ ਸੰਗਠਨ ਨੇ ਘੋਸ਼ਿਤ ਕੀਤਾ ਕਿ ਕੋਵਿਡ-19 ਇੱਕ ਵਿਸ਼ਵ ਮਹਾਂਮਾਰੀ ਹੈ। ਇਸਦੇ ਦੋ ਦਿਨਾਂ ਬਾਅਦ ਵੀ 13 ਮਾਰਚ ਨੂੰ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਕੋਈ ਐਮਰਜੈਂਸੀ ਸਿਹਤ ਖਤਰਾ ਨਹੀਂ ਹੈ।
ਆਖਿਰਕਾਰ 19 ਮਾਰਚ ਨੂੰ ਭਾਰਤੀ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਜ਼ਿਆਦਾ ਹੋਮਵਰਕ ਨਹੀਂ ਕੀਤਾ ਸੀ। ਉਨ੍ਹਾਂ ਨੇ ਫਰਾਂਸ ਤੇ ਇਟਲੀ ਤੋਂ ਕਾਰਜ ਯੋਜਨਾ ਉਧਾਰ ਲੈ ਲਈ ਸੀ। ਉਨ੍ਹਾਂ ਨੇ ਸਾਨੂੰ ‘ਸੋਸ਼ਲ ਡਿਸਟੈਸਿੰਗ’ ਦੀ ਜ਼ਰੂਰਤ ਬਾਰੇ ਦੱਸਿਆ (ਜਾਤੀ ਵਿਵਸਥਾ ਦੀ ਇੰਨੀ ਡੂੰਘਾਈ ਤੱਕ ਫਸੇ ਹੋਏ ਇੱਕ ਸਮਾਜ ਦੇ ਲਈ ਇਹ ਸਮਝਣਾ ਕਾਫੀ ਆਸਾਨ ਸੀ), ਤੇ 22 ਮਾਰਚ ਨੂੰ ਇੱਕ ਦਿਨ ਦੇ ਜਨਤਾ ਕਰਫ਼ਿਊ ਦਾ ਸੱਦਾ ਦਿੱਤਾ ਗਿਆ। ਸੰਕਟ ਦੇ ਇਸ ਸਮੇਂ ’ਚ ਸਰਕਾਰ ਕੀ ਕਰਨ ਜਾ ਰਹੀ ਹੈ ਇਸਦੇ ਬਾਰੇ ਉਨ੍ਹਾਂ ਨੇ ਕੁਝ ਨਹੀਂ ਦੱਸਿਆ। ਪਰ ਉਨ੍ਹਾਂ ਨੇ ਸਿਹਤ ਕਰਮਚਾਰੀਆਂ ਨੂੰ ਸਲਾਮੀ ਦੇਣ ਲਈ ਲੋਕਾਂ ਨੂੰ ਆਪਣੀਆਂ ਬਾਲਕਨੀਆਂ ’ਚ ਆ ਕੇ ਤਾੜੀਆਂ, ਥਾਲੀਆਂ ਤੇ ਘੰਟੀਆਂ ਵਗੈਰਾ ਵਜਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਭਾਰਤੀ ਸਿਹਤ ਕਰਮਚਾਰੀਆਂ ਤੇ ਹਸਪਤਾਲਾਂ ਦੇ ਲਈ ਜ਼ਰੂਰੀ ਸੁਰੱਖਿਆਤਮਕ ਸਾਜ਼ੋ-ਸਮਾਨ ਤੇ ਸਾਂਹ ਪ੍ਰਣਾਲੀ ਸੰਬੰਧੀ ਸਾਜ਼ੋ-ਸਾਮਾਨ ਬਚਾ ਕੇ ਰੱਖਣ ਦੀ ਜਗ੍ਹਾਂ ਭਾਰਤ ਉਸ ਸਮੇਂ ਵੀ ਇਨ੍ਹਾਂ ਚੀਜਾਂ ਨੂੰ ਵੇਚ ਰਿਹਾ ਸੀ।
ਹੈਰਾਨੀ ਦੀ ਗੱਲ ਨਹੀਂ ਕਿ ਨਰਿੰਦਰ ਮੋਦੀ ਦੇ ਸੱਦੇ ਨੂੰ ਬਹੁਤ ਉਤਸ਼ਾਹ ਦੇ ਨਾਲ ਪੂਰਾ ਕੀਤਾ ਗਿਆ। ਥਾਲੀ ਵਜਾਉਂਦੇ ਹੋਏ, ਜਲੂਸ ਕੱਢੇ ਗਏ, ਸਮੂਹਿਕ ਨ੍ਰਿਤ ਤੇ ਫੇਰੀਆਂ ਕੱਢੀਆਂ ਗਈਆਂ। ਕੋਈ ਸੋਸ਼ਲ ਡਿਸਟੈਸਿੰਗ ਨਹੀਂ। ਬਾਅਦ ਦੇ ਦਿਨਾਂ ’ਚ ਲੋਕਾਂ ਨੇ ਗੋਹੇ ਨਾਲ ਭਰੀਆਂ ਟੈਂਕੀਆਂ ’ਚ ਛਾਲ ਮਾਰੀ ਤੇ ਭਾਜਪਾ ਸਮਰਥਕਾਂ ਨੇ ਗਊ ਮੂਤਰ ਪੀਣ ਦੀਆਂ ਪਾਰਟੀਆਂ ਆਯੋਜਿਤ ਕੀਤੀਆਂ। ਕਈ ਮੁਸਲਿਮ ਸੰਗਠਨ ਵੀ ਇਸ ’ਚ ਪਿੱਛੇ ਨਹੀਂ ਰਹੇ, ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਇਸ ਵਿਸ਼ਾਣੂ ਦਾ ਜਵਾਬ ਹੈ ਸਰਵਸ਼ਕਤੀਮਾਨ ਅੱਲ੍ਹਾ ਤੇ ਉਨ੍ਹਾਂ ਨੇ ਸ਼ਰਧਾਲੂ ਲੋਕਾਂ ਨੂੰ ਵੱਡੀ ਗਿਣਤੀ ’ਚ ਮਸਜ਼ਿਦਾਂ ’ਚ ਇਕੱਠਾ ਹੋਣ ਦਾ ਸੱਦਾ ਦਿੱਤਾ। 24 ਮਾਰਚ ਨੂੰ ਰਾਤ 8 ਵਜੇ ਮੋਦੀ ਟੈਲੀਵਿਜਨ ’ਤੇ ਫਿਰ ਇਹ ਘੋਸ਼ਣਾ ਕਰਨ ਲਈ ਦਿਖਾਈ ਦਿੱਤੇ ਕਿ ਅੱਧੀ ਰਾਤ ਤੋਂ ਪੂਰੇ ਭਾਰਤ ’ਚ ਲਾਕਡਾਊਨ ਹੋਵੇਗਾ। ਬਾਜ਼ਾਰ ਬੰਦ ਹੋ ਜਾਣਗੇ। ਜਨਤਕ ਤੇ ਨਿੱਜੀ ਸਾਰੇ ਵਾਹਨ ਬੰਦ ਕਰ ਦਿੱਤੇ ਜਾਣਗੇ।
ਉਨ੍ਹਾਂ ਨੇ ਕਿਹਾ ਇਹ ਫੈਸਲਾ ਉਹ ਸਿਰਫ ਇੱਕ ਪ੍ਰਧਾਨ ਮੰਤਰੀ ਦੇ ਰੂਪ ’ਚ ਨਹੀਂ, ਬਲਕਿ ਸਾਡੇ ਪਰਿਵਾਰ ਦੇ ਬਜੁਰਗ ਦੇ ਰੂਪ ’ਚ ਲੈ ਰਹੇ ਹਨ। ਰਾਜ ਸਰਕਾਰਾਂ ਤੋਂ ਸਲਾਹ ਲਏ ਬਿਨ੍ਹਾਂ, ਜਿਨ੍ਹਾਂ ਨੇ ਇਸ ਫੈਸਲੇ ਦੇ ਨਤੀਜਿਆਂ ਨਾਲ ਨਿਪਟਣਾ ਸੀ, ਦੂਜਾ ਕੌਣ ਇਹ ਫੈਸਲਾ ਕਰ ਸਕਦਾ ਹੈ ਕਿ 138 ਕਰੋੜ ਲੋਕਾਂ ਨੂੰ, ਬਿਨ੍ਹਾਂ ਕਿਸੇ ਤਿਆਰੀ ਦੇ, ਮਹਿਜ਼ ਚਾਰ ਘੰਟਿਆਂ ਦੇ ਨੋਟਿਸ ਦੇ ਨਾਲ ਲਾਕਡਾਊਨ ਕਰ ਦਿੱਤਾ ਜਾਵੇ। ਉਨ੍ਹਾਂ ਦੇ ਤਰੀਕੇ ਨਿਸ਼ਚਿਤ ਰੂਪ ਨਾਲ ਇਹ ਧਾਰਣਾ ਦਿੰਦੇ ਹਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਾਗਰਿਕਾਂ ਨੂੰ ਵਿਰੋਧੀ ਸ਼ਕਤੀ ਦੇ ਰੂਪ ’ਚ ਦੇਖਦੇ ਹਨ, ਜਿਨ੍ਹਾਂ ਉੱਤੇ ਘਾਤ ਲਗਾ ਕੇ ਹਮਲਾ ਕਰਨ, ਉਨ੍ਹਾਂ ਨੂੰ ਹੈਰਾਨੀ ’ਚ ਪਾ ਦੇਣ ਦੀ ਜ਼ਰੂਰਤ ਹੈ, ਪਰ ਕਦੇ ਵੀ ਉਨ੍ਹਾਂ ਨੂੰ ਵਿਸ਼ਵਾਸ ’ਚ ਲੈਣ ਦੀ ਜ਼ਰੂਰਤ ਨਹੀਂ ਹੈ।
ਲਾਕਡਾਊਨ ’ਚ ਅਸੀਂ ਸੀ। ਅਨੇਕ ਸਿਹਤ ਪੇਸ਼ੇਵਰਾਂ ਤੇ ਮਹਾਂਮਾਰੀ ਵਿਗਿਆਨੀਆਂ ਨੇ ਇਸ ਕਦਮ ਦੀ ਤਾਰੀਫ ਕੀਤੀ ਹੈ। ਸ਼ਾਇਦ ਉਹ ਸਿਧਾਂਤਕ ਤੌਰ ’ਤੇ ਠੀਕ ਹਨ। ਪਰ ਨਿਸ਼ਚਿਤ ਰੂਪ ’ਚ ਉਨ੍ਹਾਂ ’ਚੋਂ ਕੋਈ ਵੀ ਉਸ ਮਾੜੀ ਯੋਜਨਾ-ਹੀਣਤਾ ਤੇ ਕਿਸੇ ਤਿਆਰੀ ਦੀ ਘਾਟ ਦਾ ਸਮਰਥਨ ਨਹੀਂ ਕਰ ਸਕਦਾ ਜਿਸ ਨੇ ਦੁਨੀਆਂ ਦੇ ਸਭ ਤੋਂ ਵੱਡੇ, ਸਭ ਤੋਂ ਦੰਡਾਤਮਕ ਲਾਕਡਾਊਨ ਨੂੰ ਇਸਦੇ ਮਕਸਦ ਦੇ ਬਿਲਕੁਲ ਖਿਲਾਫ ਬਣਾ ਦਿੱਤਾ।
ਜਿਵੇਂ ਕਿ ਭੈਅਭੀਤ ਦੁਨੀਆ ਨੇ ਦੇਖਿਆ, ਭਾਰਤ ਨੇ ਆਪਣੀ ਸਾਰੀ ਸ਼ਰਮ ਦੇ ਵਿਚਕਾਰ ਆਪਣੀ ਕਰੂਰ, ਸੰਰਚਾਨਤਮਕ, ਸਾਮਾਜਿਕ ਤੇ ਆਰਥਿਕ ਅਸਮਾਨਤਾ ਤੇ ਪੀੜ੍ਹਾ ਦੇ ਪ੍ਰਤੀ ਆਪਣੀ ਬੇਰਹਿਮ ਉਦਾਸੀਨਤਾ ਨੂੰ ਪ੍ਰਗਟ ਕਰ ਦਿੱਤਾ।
ਲਾਕਡਾਊਨ ਨੇ ਇੱਕ ਰਸਾਇਣਿਕ ਪ੍ਰਯੋਗ ਦੀ ਤਰ੍ਹਾਂ ਕੰਮ ਕੀਤਾ ਜਿਸਨੇ ਅਚਾਨਕ ਲੁਕੀਆਂ ਚੀਜਾਂ ਨੂੰ ਰੌਸ਼ਨ ਕਰ ਦਿੱਤਾ। ਜਿਵੇਂ ਹੀ ਦੁਕਾਨਾਂ, ਰੇਸਤਰਾਂ, ਕਾਰਖਾਨੇ ਤੇ ਨਿਰਮਾਣ ਉਦਯੋਗ ਬੰਦ ਹੋਏ, ਜਿਵੇਂ ਹੀ ਧਨੀ ਤੇ ਮੱਧਮ ਵਰਗ ਨੇ ਖੁਦ ਨੂੰ ਸੁਰੱਖਿਅਤ ਕਾਲੋਨੀਆਂ ’ਚ ਬੰਦ ਕਰ ਲਿਆ, ਸਾਡੇ ਸ਼ਹਿਰਾਂ ਤੇ ਮਹਾਂਨਗਰਾਂ ਨੇ ਆਪਣੇ ਕੰਮਕਾਜੀ ਵਰਗ ਦੇ ਨਾਗਰਿਕਾਂ – ਆਪਣੇ ਪ੍ਰਵਾਸੀ ਮਜ਼ਦੂਰਾਂ – ਨੂੰ ਬਿਲਕੁਲ ਬੇਲੋੜੇ ਉਤਪਾਦ ਦੀ ਤਰ੍ਹਾਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।
ਆਪਣੇ ਕੰਪਨੀ ਮਾਲਿਕਾਂ ਤੇ ਮਕਾਨ ਮਾਲਿਕਾਂ ਦੁਆਰਾ ਬਾਹਰ ਕੱਢੇ ਗਏ ਬਹੁਤ ਸਾਰੇ ਲੋਕ, ਲੱਖਾਂ ਗਰੀਬ, ਭੁੱਖੇ, ਪਿਆਸੇ ਲੋਕ, ਨੌਜਵਾਨ ਤੇ ਬਜ਼ੁਰਗ, ਮਰਦ, ਔਰਤਾਂ, ਬੱਚੇ, ਬੀਮਾਰ ਲੋਕ, ਅੰਨ੍ਹੇ ਲੋਕ, ਅਪਾਹਜ ਲੋਕ, ਜਿਨ੍ਹਾਂ ਕੋਲ ਜਾਣ ਲਈ ਕੋਈ ਠਿਕਾਣਾ ਨਹੀਂ ਸੀ, ਕੋਈ ਜਨਤਕ ਵਾਹਨ ਮੌਜੂਦ ਨਹੀਂ ਸੀ, ਉਨ੍ਹਾਂ ਨੇ ਲੰਬੇ ਰਾਹਾਂ ’ਤੇ ਆਪਣੇ ਪਿੰਡਾਂ ਵੱਲ ਪੈਦਲ ਹੀ ਚੱਲਣਾ ਸ਼ੁਰੂ ਕਰ ਦਿੱਤਾ। ਉਹ ਸੈਂਕੜੇ ਕਿਲੋਮੀਟਰ ਦੂਰ ਬਦਾਯੂੰ, ਆਗਰਾ, ਆਜ਼ਮਗੜ੍ਹ, ਅਲੀਗੜ੍ਹ, ਲਖਨਊ, ਗੋਰਖਪੁਰ ਦੇ ਲਈ ਕਈ-ਕਈ ਦਿਨਾਂ ਤੱਕ ਚੱਲਦੇ ਰਹੇ। ਕੁਝ ਨੇ ਤਾਂ ਰਾਹ ’ਚ ਹੀ ਦਮ ਤੋੜ ਦਿੱਤਾ।
ਉਨ੍ਹਾਂ ਨੂੰ ਪਤਾ ਸੀ ਕਿ ਉਹ ਆਪਣੀ ਭੁੱਖਮਰੀ ਦੀ ਗਤੀ ਨੂੰ ਹੌਲੀ ਕਰਨ ਦੀ ਸੰਭਾਵਨਾ ’ਚ ਆਪਣੇ ਘਰ ਵੱਲ ਜਾ ਰਹੇ ਹਨ। ਉਹ ਇਹ ਵੀ ਜਾਣਦੇ ਸੀ ਕਿ ਸ਼ਾਇਦ ਉਹ ਆਪਣੇ ਨਾਲ ਇਹ ਵਿਸ਼ਾਣੂ ਵੀ ਲੈ ਕੇ ਜਾ ਰਹੇ ਹੋਣ, ਤੇ ਘਰ ’ਚ ਆਪਣੇ ਪਰਿਵਾਰਾਂ, ਆਪਣੇ ਮਾਤਾ-ਪਿਤਾ ਤੇ ਦਾਦਾ-ਦਾਦੀ ਨੂੰ ਵੀ ਰੋਗਗ੍ਰਸਤ ਕਰ ਦੇਣ, ਫਿਰ ਵੀ, ਉਨ੍ਹਾਂ ਨੂੰ ਰੱਤੀ ਭਰ ਹੀ ਸਹੀ, ਜਾਣੇ-ਪਹਿਚਾਣੇ ਮਾਹੌਲ, ਆਸਰੇ ਤੇ ਇੱਜ਼ਤ ਦੇ ਨਾਲ ਹੀ ਪਿਆਰ ਨਾ ਸਹੀ ਭੋਜਨ ਦੀ ਸਖ਼ਤ ਜ਼ਰੂਰਤ ਸੀ।
ਜਦੋਂ ਉਨ੍ਹਾਂ ਨੇ ਚੱਲਣਾ ਸ਼ੁਰੂ ਕੀਤਾ ਤਾਂ ਕਾਫ਼ੀ ਲੋਕਾਂ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ ਤੇ ਅਪਮਾਨਿਤ ਕੀਤਾ ਕਿਉਂਕਿ ਪੁਲਿਸ ਉੱਤੇ ਕਰਫ਼ਿਊ ਨੂੰ ਸਖਤੀ ਨਾਲ ਲਾਗੂ ਕਰਨ ਦੀ ਜਿੰਮੇਵਾਰੀ ਸੀ। ਨੌਜਵਾਨਾਂ ਨੂੰ ਰਾਜਮਾਰਗਾਂ ’ਤੇ ਝੁਕਣ ਤੇ ਡੱਡੂ ਦੀ ਤਰ੍ਹਾਂ ਛਾਲ ਮਾਰ ਕੇ ਚੱਲਣ ਲਈ ਮਜ਼ਬੂਰ ਕੀਤਾ ਗਿਆ। ਬਰੇਲੀ ਸ਼ਹਿਰ ਦੇ ਬਾਹਰ ਇੱਕ ਸਮੂਹ ਨੂੰ ਝੁੰਡ ’ਚ ਬੈਠਾ ਕੇ ਉਨ੍ਹਾਂ ਉੱਤੇ ਕੀਟਨਾਸ਼ਕ ਦਾ ਛਿੜਕਾਅ ਕੀਤਾ ਗਿਆ।
ਕੁਝ ਦਿਨਾਂ ਬਾਅਦ, ਇਸ ਚਿੰਤਾ ’ਚ ਕਿ ਪਲਾਇਨ ਕਰ ਰਹੇ ਲੋਕ ਪਿੰਡਾਂ ’ਚ ਵੀ ਵਿਸ਼ਾਣੂ ਫੈਲਾ ਦੇਣਗੇ, ਸਰਕਾਰ ਨੇ ਪੈਦਲ ਚੱਲਣ ਵਾਲਿਆਂ ਲਈ ਵੀ ਸੂਬਿਆਂ ਦੀਆਂ ਸੀਮਾਵਾਂ ਨੂੰ ਸੀਲ ਕਰਵਾ ਦਿੱਤਾ। ਕਈ ਦਿਨਾਂ ਤੋਂ ਪੈਦਲ ਚੱਲ ਰਹੇ ਲੋਕਾਂ ਨੂੰ ਰੋਕ ਕੇ ਵਾਪਿਸ ਉਨ੍ਹਾਂ ਹੀ ਸ਼ਹਿਰਾਂ ਦੇ ਕੈਂਪਾਂ ’ਚ ਪਰਤਣ ਲਈ ਮਜਬੂਰ ਕਰ ਦਿੱਤਾ ਗਿਆ ਜਿੱਥੋਂ ਤੁਰੰਤ ਹੀ ਉਨ੍ਹਾਂ ਨੂੰ ਨਿਕਲਣ ਲਈ ਮਜਬੂਰ ਕਰ ਦਿੱਤਾ ਗਿਆ ਸੀ।
ਪੁਰਾਣੇ ਲੋਕਾਂ ਲਈ 1947 ਦੀ ਵੰਡ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਜਦੋਂ ਭਾਰਤ ਦੀ ਵੰਡ ਹੋਈ ਸੀ ਤੇ ਪਾਕਿਸਤਾਨ ਦਾ ਜਨਮ ਹੋਇਆ ਸੀ। ਇਸ ਤੁਲਨਾ ਤੋਂ ਇਲਾਵਾ ਇਹ ਹਿਜਰਤ ਵਰਗ-ਵੰਡ ਤੋਂ ਸੰਚਾਲਿਤ ਸੀ, ਧਰਮ ਤੋਂ ਨਹੀਂ। ਇਸ ਸਭ ਦੇ ਬਾਵਜੂਦ ਵੀ ਇਹ ਭਾਰਤ ਦੇ ਸਭ ਤੋਂ ਗਰੀਬ ਲੋਕ ਨਹੀਂ ਸੀ। ਇਹ ਉਹ ਲੋਕ ਸੀ, ਜਿਨ੍ਹਾਂ ਕੋਲ (ਘੱਟੋ-ਘੱਟ ਹੁਣ ਤੱਕ) ਸ਼ਹਿਰਾਂ ’ਚ ਕੰਮ ਸੀ ਤੇ ਵਾਪਸ ਆਉਣ ਲਈ ਘਰ ਸੀ। ਬੇਰੁਜਗਾਰ ਲੋਕ, ਬੇਘਰ ਲੋਕ ਤੇ ਨਿਰਾਸ਼ ਲੋਕ ਸ਼ਹਿਰਾਂ ਤੇ ਦਿਹਾਤ ’ਚ ਜਿੱਥੇ ਸੀ ਉੱਥੇ ਹੀ ਟਿਕੇ ਹੋਏ ਸੀ, ਜਿੱਥੇ ਇਸ ਤ੍ਰਾਸਦੀ ਦੇ ਵਾਪਰਨ ਤੋਂ ਕਾਫ਼ੀ ਪਹਿਲਾਂ ਹੀ ਡੂੰਘਾ ਸੰਕਟ ਵਧ ਰਿਹਾ ਸੀ। ਇਨ੍ਹਾਂ ਭਿਆਨਕ ਦਿਨਾਂ ਦੇ ਦੌਰਾਨ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਨਤਕ ਦ੍ਰਿਸ਼ ਤੋਂ ਗਾਇਬ ਰਹੇ।
ਜਦੋਂ ਦਿੱਲੀ ਤੋਂ ਪਲਾਇਨ ਸ਼ੁਰੂ ਹੋਇਆ ਤਾਂ ਮੈਂ ਇੱਕ ਪੱਤ੍ਰਿਕਾ, ਜਿਸਦੇ ਲਈ ਮੈਂ ਅਕਸਰ ਲਿਖਦੀ ਹਾਂ, ਉਸਦੇ ਪ੍ਰੈੱਸ ਪਾਸ ਦੀ ਵਰਤੋਂ ਕਰਕੇ ਮੈਂ ਗਾਜੀਪੁਰ ਗਈ, ਜੋ ਦਿੱਲੀ ਤੇ ਉੱਤਰ-ਪ੍ਰਦੇਸ਼ ਦੀ ਸੀਮਾ ਉੱਤੇ ਹੈ।
ਵਿਸ਼ਾਲ ਜਨ ਸੈਲਾਬ ਸੀ। ਜਿਵੇਂ ਕਿ ਬਾਈਬਲ ’ਚ ਵਰਣਿਤ ਹੈ। ਜਾਂ ਸ਼ਾਇਦ ਨਹੀਂ, ਕਿਉਂਕਿ ਬਾਈਬਲ ਅਜਿਹੀ ਗਿਣਤੀਆਂ ਨੂੰ ਨਹੀਂ ਜਾਣ ਸਕਦੀ ਸੀ। ਸਰੀਰਕ ਦੂਰੀ ਬਣਾਉਣ ਦੇ ਮਕਸਦ ਨਾਲ ਲਾਗੂ ਕੀਤਾ ਗਿਆ ਲਾਕਡਾਊਨ ਆਪਣੇ ਉਲਟ ’ਚ ਬਦਲ ਚੁੱਕਿਆ ਸੀ। ਕਲਪਨਾਯੋਗ ਪੈਮਾਨੇ ਦੀ ਸਰੀਰਕ ਨਜ਼ਦੀਕੀ ਸੀ। ਭਾਰਤ ਦੇ ਸ਼ਹਿਰਾਂ ਤੇ ਕਸਬਿਆਂ ਦਾ ਵੀ ਸੱਚ ਇਹੀ ਹੈ। ਮੁੱਖ ਸੜਕਾਂ ਹੋ ਸਕਦਾ ਹੈ ਖਾਲੀ ਹੋਣ ਪਰ ਗਰੀਬ ਲੋਕ ਬਸਤੀਆਂ ਤੇ ਝੁੱਗੀਆਂ ਝੋਪੜੀਆਂ ਦੀਆਂ ਤੰਗ ਕੋਠੜੀਆਂ ’ਚ ਧੱਕੇ ਪਏ ਹਨ।
ਤੁਰੇ ਜਾ ਰਹੇ ਲੋਕਾਂ ’ਚੋਂ ਜਿਸ ਨਾਲ ਵੀ ਮੈਂ ਗੱਲ ਕੀਤੀ ਸਾਰੇ ਵਿਸ਼ਾਣੂ ਤੋਂ ਚਿੰਤਤ ਸੀ। ਫਿਰ ਵੀ ਉਨ੍ਹਾਂ ਦੇ ਜੀਵਨ ਉੱਤੇ ਮੰਡਰਾ ਰਹੀ ਬੇਰੁਜਗਾਰੀ, ਭੁੱਖਮਰੀ ਤੇ ਪੁਲਿਸ ਦੀ ਹਿੰਸਾ ਦੀ ਤੁਲਨਾ ’ਚ ਇਹ ਘੱਟ ਵਾਸਤਵਿਕ ਸੀ, ਤੇ ਘੱਟ ਮੌਜੂਦ ਸੀ। ਉਸ ਦਿਨ ਮੈਂ ਜਿੰਨੇ ਲੋਕਾਂ ਨਾਲ ਗੱਲ ਕੀਤੀ ਸੀ, ਉਨ੍ਹਾਂ ’ਚ ਮੁਸਲਿਮ ਦਰਜੀਆਂ ਦਾ ਇੱਕ ਸਮੂਹ ਵੀ ਸ਼ਾਮਿਲ ਸੀ, ਜੋ ਕੁਝ ਹਫ਼ਤੇ ਪਹਿਲਾਂ ਹੀ ਮੁਸਲਿਮ ਵਿਰੋਧੀ ਹਮਲਿਆਂ ਤੋਂ ਬਚ ਗਿਆ ਸੀ, ਉਨ੍ਹਾਂ ’ਚੋਂ ਇੱਕ ਵਿਅਕਤੀ ਦੇ ਸ਼ਬਦਾਂ ਨੇ ਮੈਨੂੰ ਵਿਸ਼ੇਸ਼ ਰੂਪ ’ਚ ਪਰੇਸ਼ਾਨ ਕਰ ਦਿੱਤਾ। ਉਹ ਰਾਮਜੀਤ ਨਾਮ ਦਾ ਇੱਕ ਲੱਕੜ ਦਾ ਮਿਸਤਰੀ ਸੀ, ਜਿਸਨੇ ਨੇਪਾਲ ਦੀ ਸੀਮਾ ਦੇ ਕੋਲ ਗੋਰਖਪੁਰ ਤੱਕ ਪੈਦਲ ਜਾਣ ਦੀ ਯੋਜਨਾ ਬਣਾਈ ਸੀ।
ਉਸਨੇ ਕਿਹਾ, “ਸ਼ਾਇਦ ਜਦੋਂ ਮੋਦੀ ਜੀ ਨੇ ਅਜਿਹਾ ਕਰਨ ਦਾ ਫੈਸਲਾ ਕੀਤਾ, ਤਾਂ ਕਿਸੇ ਨੇ ਉਨ੍ਹਾਂ ਨੂੰ ਸਾਡੇ ਬਾਰੇ ਦੱਸਿਆ ਨਹੀਂ ਹੋਵੇਗਾ। ਸ਼ਾਇਦ ਉਹ ਸਾਡੇ ਬਾਰੇ ਚ ਨਾ ਜਾਣਦੇ ਹੋਣ ।”
“ਸਾਡੇ” ਦਾ ਅਰਥ ਹੈ ਲਗਭਗ 46 ਕਰੋੜ ਲੋਕ।
ਇਸ ਸੰਕਟ ’ਚ ਭਾਰਤ ਦੀਆਂ ਰਾਜ ਸਰਕਾਰਾਂ ਨੇ (ਅਮਰੀਕਾ ਦੀ ਹੀ ਤਰ੍ਹਾਂ) ਵੱਡਾ ਦਿਲ ਤੇ ਸਮਝ ਦਿਖਾਈ ਹੈ। ਟ੍ਰੇਡ ਯੂਨੀਅਨਾਂ, ਨਿੱਜੀ ਤੌਰ ’ਤੇ ਨਾਗਰਿਕ ਤੇ ਹੋਰ ਸਮੂਹ ਭੋਜਨ ਤੇ ਅਪਾਤਕਾਲੀਨ ਰਾਸ਼ਨ ਵੰਡ ਰਹੇ ਹਨ। ਕੇਂਦਰ ਸਰਕਾਰ ਰਾਹਤ ਦੇ ਲਈ ਉਨ੍ਹਾਂ ਦੀਆਂ ਹਤਾਸ਼ਾ ਭਰੀਆਂ ਅਪੀਲਾਂ ਦਾ ਜਵਾਬ ਦੇਣ ’ਚ ਅਵੇਸਲੀ ਰਹੀ ਹੈ। ਇਹ ਪਤਾ ਲੱਗਿਆ ਹੈ ਕਿ ਪ੍ਰਧਾਨਮੰਤਰੀ ਦੇ ਰਾਸ਼ਟਰੀ ਰਾਹਤ ਕੋਸ਼ ’ਚ ਕੋਈ ਨਕਦੀ ਉਪਲਬਧ ਨਹੀਂ ਹੈ। ਇਸਦੀ ਬਜਾਏ, ਸ਼ੁਭਚਿੰਤਕਾਂ ਦਾ ਪੈਸਾ ਕੁਝ ਹੱਦ ਤੱਕ ਰਹੱਸਮਈ ਨਵੇਂ ਪੀਐਮ-ਕੇਅਰ ਫੰਡ ’ਚ ਪਾਇਆ ਜਾ ਰਿਹਾ ਹੈ। ਮੋਦੀ ਦੇ ਚਿਹਰੇ ਵਾਲੇ ਭੋਜਨ ਦੇ ਪੈਕਟ ਦਿਖਣੇ ਸ਼ੁਰੂ ਹੋ ਗਏ ਹਨ।
ਇਸ ਤੋਂ ਇਲਾਵਾ ਪ੍ਰਧਾਨਮੰਤਰੀ ਨੇ ਆਪਣੀ ਯੋਗ ਨਿਦਰਾ ਦੀਆਂ ਵੀਡਿਓ ਕਲਿੱਪਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਬਦਲੇ ਰੂਪ ’ਚ ਊਰਜਾ ਨਾਲ ਭਰਪੂਰ ਮੋਦੀ ਇੱਕ ਸੁਪਨਮਈ ਸਰੀਰ ਦੇ ਨਾਲ ਯੋਗ ਆਸਣ ਕਰਕੇ ਦਿਖਾ ਰਹੇ ਹਨ ਤਾਂਕਿ ਲੋਕ ਸਵੈ-ਇਕੱਲਤਾ ਦੌਰਾਨ ਆਪਣੇ ਤਣਾਅ ਨੂੰ ਘੱਟ ਕਰ ਸਕਣ। ਇਹ ਆਤਮਮੋਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਸੰਭਾਵਿਤ ਤੌਰ ’ਤੇ ਉਨ੍ਹਾਂ ’ਚ ਇੱਕ ਆਸਣ ਬੇਨਤੀ-ਆਸਣ ਵੀ ਹੋ ਸਕਦਾ ਸੀ ਜਿਸ ’ਚ ਮੋਦੀ ਫਰਾਂਸ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਕਿ ਸਾਨੂੰ ਉਸ ਤਕਲੀਫਦੇਹ ਰਾਫੇਲ ਲੜਾਕੂ ਜਹਾਜ਼ ਸੌਦੇ ਤੋਂ ਬਾਹਰ ਨਿਕਲਣ ਦੀ ਆਗਿਆ ਦਿੱਤੀ ਜਾਵੇ ਤਾਂਕਿ 78 ਲੱਖ ਯੂਰੋ ਦੀ ਉਸ ਰਕਮ ਨੂੰ ਅਸੀਂ ਅਤਿਅੰਤ ਜ਼ਰੂਰੀ ਅਪਾਤਕਾਲੀਨ ਯੋਜਨਾਵਾਂ ’ਚ ਵਰਤ ਸਕੀਏ ਜਿਸ ਨਾਲ ਕਈ ਲੱਖ ਭੁੱਖੇ ਲੋਕਾਂ ਦੀ ਮਦਦ ਕੀਤੀ ਜਾ ਸਕੇ। ਨਿਸ਼ਚਿਤ ਰੂਪ ’ਚ ਫਰਾਂਸ ਇਸਨੂੰ ਸਮਝੇਗਾ।
ਲਾਕਡਾਊਨ ਦੇ ਦੂਜੇ ਹਫ਼ਤੇ ’ਚ ਪਹੁੰਚਣ ਤੱਕ ਸਪਲਾਈ ਚੇਨਾਂ ਟੁੱਟ ਚੁੱਕੀਆਂ ਹਨ, ਦਵਾਈਆਂ ਤੇ ਜ਼ਰੂਰੀ ਵਸਤੂਆਂ ਦੀ ਪੂਰਤੀ ਕਮਜ਼ੋਰ ਪੈ ਚੁੱਕੀ ਹੈ। ਹਜ਼ਾਰਾਂ ਟਰੱਕ ਡਰਾਇਵਰ ਰਾਜਮਾਰਗਾਂ ਉੱਤੇ ਹੁਣ ਵੀ ਬੇਬਸ ਹੋ ਕੇ ਫਸੇ ਹੋਏ ਹਨ, ਜਿਨ੍ਹਾਂ ਕੋਲ ਨਾ ਖਾਣ ਲਈ ਕੁਝ ਹੈ ਤੇ ਨਾ ਪਾਣੀ ਹੈ। ਕਟਾਈ ਦੇ ਲਈ ਤਿਆਰ ਖੜ੍ਹੀਆਂ ਫਸਲਾਂ ਹੌਲੀ-ਹੌਲੀ ਖਰਾਬ ਹੋਣ ਲੱਗੀਆਂ ਹਨ।
ਆਰਥਿਕ ਸੰਕਟ ਹੈ ਹੀ। ਰਾਜਨੀਤਿਕ ਸੰਕਟ ਵੀ ਜਾਰੀ ਹੈ। ਮੁੱਖਧਾਰਾ ਦੇ ਮੀਡੀਆ ਨੇ ਆਪਣੇ 24/7 ਚੱਲਣ ਵਾਲੇ ਜ਼ਹਿਰੀਲੇ ਮੁਸਲਿਮ ਵਿਰੋਧੀ ਅਭਿਆਨ ’ਚ ਕੋਵਿਡ ਦੀ ਕਹਾਣੀ ਨੂੰ ਵੀ ਸ਼ਾਮਿਲ ਕਰ ਲਿਆ ਹੈ। ਤਬਲੀਗੀ ਜਮਾਤ ਨਾਮਕ ਇੱਕ ਸੰਗਠਨ, ਜਿਸ ਨੇ ਲਾਕਡਾਊਨ ਦੀ ਘੋਸ਼ਣਾ ਤੋਂ ਪਹਿਲਾਂ ਦਿੱਲੀ ’ਚ ਇੱਕ ਬੈਠਕ ਆਯੋਜਿਤ ਕੀਤੀ ਸੀ, ਇੱਕ “ਸੁਪਰ ਸਪਰੈਡਰ” ਬਣਕੇ ਸਾਹਮਣੇ ਆਇਆ ਹੈ। ਇਸਦੀ ਵਰਤੋਂ ਮੁਸਲਮਾਨਾਂ ਨੂੰ ਕਲੰਕਿਤ ਕਰਨ ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਹੈ। ਕੁੱਲ ਮਿਲਾ ਕੇ ਧੁਨ ਅਜਿਹੀ ਹੈ ਜਿਵੇਂ ਕਿ ਮੁਸਲਮਾਨਾਂ ਨੇ ਹੀ ਇਸ ਵਿਸ਼ਾਣੂ ਦੀ ਖੋਜ ਕੀਤੀ ਹੋਵੇ ਤੇ ਇਸਨੂੰ ਜਾਣਬੁੱਝ ਕੇ ਜਿਹਾਦ ਦੇ ਰੂਪ ’ਚ ਫੈਲਾਇਆ ਹੋਵੇ।
ਹਾਲੇ ਕੋਵਿਡ ਦਾ ਸੰਕਟ ਆਉਣਾ ਬਾਕੀ ਹੈ, ਜਾਂ ਨਹੀਂ, ਅਸੀਂ ਨਹੀਂ ਜਾਣਦੇ। ਜੇਕਰ ਤੇ ਜਦੋਂ ਅਜਿਹਾ ਹੁੰਦਾ ਹੈ, ਤਾਂ ਅਸੀਂ ਸੁਨਿਸ਼ਚਿਤ ਹੋ ਸਕਦੇ ਹਾਂ ਕਿ ਧਰਮ, ਜਾਤ ਤੇ ਵਰਗ ਦੇ ਸਾਰੇ ਪ੍ਰਚੱਲਿਤ ਪੱਖਪਾਤਾਂ ਦੇ ਨਾਲ ਹੀ ਇਸ ਨਾਲ ਨਿਪਟਿਆ ਜਾ ਸਕੇਗਾ।
ਅੱਜ 2 ਅਪ੍ਰੈਲ ਤੱਕ ਭਾਰਤ ’ਚ ਲਗਭਗ 2000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 58 ਮੌਤਾਂ ਹੋ ਚੁੱਕੀਆਂ ਹਨ। ਖੇਦਜਨਕ ਢੰਗ ਨਾਲ ਬਹੁਤ ਘੱਟ ਟੈਸਟਾਂ ਦੇ ਕਾਰਨ ਇਨ੍ਹਾਂ ਗਿਣਤੀਆਂ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਵਿਸ਼ੇਸ਼ਕਾਂ ਦੀ ਰਾਇ ’ਚ ਆਪਸ ’ਚ ਬਹੁਤ ਅੰਤਰ ਹੈ। ਕੁਝ ਲੱਖਾਂ ਮਾਮਲਿਆਂ ਦੀ ਭਵਿੱਖਬਾਣੀ ਕਰਦੇ ਹਨ। ਤਾਂ ਦੂਜਿਆਂ ਨੂੰ ਲੱਗਦਾ ਹੈ ਕਿ ਇਸਦਾ ਅਸਰ ਕਾਫੀ ਘੱਟ ਹੋਵੇਗਾ। ਅਸੀਂ ਇਸ ਸੰਕਟ ਦੇ ਅਸਲੀ ਰੂਪ ਨੂੰ ਕਦੇ ਵੀ ਜਾਣ ਨਹੀਂ ਸਕਾਂਗੇ, ਬੇਸ਼ੱਕ ਅਸੀਂ ਵੀ ਇਸਦੀ ਚਪੇਟ ’ਚ ਆ ਜਾਈਏ। ਅਸੀਂ ਸਾਰੇ ਜਾਣਦੇ ਹਾਂ ਕਿ ਹਸਪਤਾਲਾਂ ’ਚ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ।
ਭਾਰਤ ਦੇ ਜਨਤਕ ਹਸਪਤਾਲਾਂ ਤੇ ਕਲੀਨਿਕਾਂ ’ਚ ਹਰ ਸਾਲ 10 ਲੱਖ ਬੱਚਿਆਂ ਨੂੰ ਡਾਇਰੀਆ, ਕੁਪੋਸ਼ਣ ਤੇ ਹੋਰ ਸਿਹਤ ਸਮੱਸਿਆਵਾਂ ਤੋਂ ਬਚਾਉਣ ਦੀ ਸਮਰੱਥਾ ਨਹੀਂ ਹੈ, ਜਿਸਦੇ ਕਾਰਨ ਉਹ ਮਰ ਜਾਂਦੇ ਹਨ। ਇੱਥੇ ਲੱਖਾਂ ਟੀਬੀ ਦੇ ਮਰੀਜ (ਵਿਸ਼ਵ ਦਾ ਇੱਕ ਚੌਥਾਈ) ਹਨ। ਇੱਥੇ ਭਾਰੀ ਗਿਣਤੀ ’ਚ ਲੋਕ ਘੱਟ ਖ਼ੂਨ ਤੇ ਕੁਪੋਸ਼ਣ ਤੋਂ ਗ੍ਰਸਤ ਹਨ ਜਿਸਦੇ ਕਾਰਨ ਕੋਈ ਵੀ ਮਾਮੂਲੀ ਬਿਮਾਰੀ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋ ਜਾਂਦੀ ਹੈ। ਜਿਸ ਤਰ੍ਹਾਂ ਦੇ ਵਿਸ਼ਾਣੂ ਸੰਕਟ ਤੋਂ ਅਮਰੀਕਾ ਤੇ ਯੂਰਪ ਜੂਝ ਰਹੇ ਹਨ, ਉਸ ਪੈਮਾਨੇ ਦੇ ਸੰਕਟ ਨੂੰ ਸੰਭਾਲਣ ਦੀ ਸਮਰੱਥਾ ਸਾਡੇ ਜਨਤਕ ਖੇਤਰ ਦੇ ਹਸਪਤਾਲਾਂ ਤੇ ਕਲੀਨਿਕਾਂ ’ਚ ਨਹੀਂ ਹੈ।
ਹੁਣ ਕਿਉਂਕਿ ਹਸਪਤਾਲ ਕੋਰੋਨਾ ਨਾਲ ਨਿਪਟਣ ’ਚ ਲਗਾ ਦਿੱਤੇ ਗਏ ਹਨ, ਅਖੀਰ ਇਸ ਸਮੇਂ ਲਗਭਗ ਸਾਰੀਆਂ ਸਿਹਤ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਦਿੱਲੀ ’ਚ ਏਮਜ਼ ਦਾ ਪ੍ਰਸਿੱਧ ਟ੍ਰਾਮਾ ਸੈਂਟਰ ਬੰਦ ਕਰ ਦਿੱਤਾ ਗਿਆ ਹੈ। ਸੈਂਕੜੇ ਕੈਂਸਰ ਰੋਗੀ, ਜਿਨ੍ਹਾਂ ਨੂੰ ਕੈਂਸਰ ਸ਼ਰਨਾਰਥੀ ਕਿਹਾ ਜਾਂਦਾ ਹੈ, ਤੇ ਜੋ ਉਸ ਵਿਸ਼ਾਲ ਹਸਪਤਾਲ ਦੇ ਬਾਹਰ ਦੀਆਂ ਸੜਕਾਂ ’ਤੇ ਹੀ ਰਹਿੰਦੇ ਹਨ, ਉਨ੍ਹਾਂ ਨੂੰ ਪਸ਼ੂਆਂ ਦੀ ਤਰ੍ਹਾਂ ਖਦੇੜ ਦਿੱਤਾ ਗਿਆ ਹੈ।
ਲੋਕ ਬੀਮਾਰ ਹੋ ਜਾਣਗੇ ਤੇ ਘਰ ’ਚ ਹੀ ਮਰ ਜਾਣਗੇ। ਅਸੀਂ ਉਨ੍ਹਾਂ ਦੀਆਂ ਕਹਾਣੀਆਂ ਨੂੰ ਕਦੇ ਵੀ ਜਾਣ ਨਹੀਂ ਸਕਾਂਗੇ। ਹੋ ਸਕਦਾ ਹੈ ਕਿ ਉਹ ਆਂਕੜਿਆਂ ’ਚ ਕਦੇ ਵੀ ਆ ਹੀ ਨਾ ਸਕਣ। ਅਸੀਂ ਸਿਰਫ ਇਹ ਉਮੀਦ ਕਰ ਸਕਦੇ ਹਾਂ ਕਿ ਇਸ ਵਿਸ਼ਾਣੂ ਨੂੰ ਠੰਢਾ ਮੌਸਮ ਪਸੰਦ ਹੈ, ਅਜਿਹੇ ਅਧਿਐਨ ਸਹੀ ਹੋਣ (ਹਾਲਾਂਕਿ ਦੂਜੇ ਖੋਜਕਰਤਾਵਾਂ ਨੇ ਇਸ ਉੱਤੇ ਸ਼ੱਕ ਪ੍ਰਗਟ ਕੀਤਾ ਹੈ)। ਭਾਰਤੀ ਲੋਕਾਂ ਨੇ ਇਸ ਤੋਂ ਪਹਿਲਾਂ ਕਦੇ ਇੰਨੇ ਤਰਕਹੀਣ ਢੰਗ ਨਾਲ ਤੇ ਇੰਨੀ ਤਿੱਖੀ ਲਾਲਸਾ ਨਾਲ ਭਾਰਤ ਦੇ ਸਾੜ੍ਹ ਦੇਣ ਵਾਲੇ ਤੇ ਪਰੇਸ਼ਾਨ ਕਰ ਦੇਣ ਵਾਲੇ ਗਰਮੀ ਦੇ ਮੌਸਮ ਦਾ ਇੰਤਜ਼ਾਰ ਨਹੀਂ ਕੀਤਾ ਹੈ।
ਸਾਡੇ ਨਾਲ ਇਹ ਕੀ ਵਾਪਰਿਆ ਹੈ ? ਇਹ ਇੱਕ ਵਿਸ਼ਾਣੂ ਹੈ। ਹਾਂ ਹੈ, ਤਾਂ ਫਿਰ। ਇੰਨੀ ਕੁ ਗੱਲ ’ਚ ਤਾਂ ਕੋਈ ਨੈਤਿਕ ਗਿਆਨ ਨਹੀਂ ਸ਼ਾਮਿਲ ਹੈ। ਪਰ ਨਿਸ਼ਚਿਤ ਰੂਪ ’ਚ ਇਹ ਵਿਸ਼ਾਣੂ ਤੋਂ ਕੁਝ ਜਿਆਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਨੂੰ ਹੋਸ਼ ’ਚ ਲਿਆਉਣ ਦਾ ਰੱਬ ਦਾ ਤਰੀਕਾ ਹੈ। ਦੂਜਿਆਂ ਦਾ ਕਹਿਣਾ ਹੈ ਕਿ ਇਹ ਦੁਨੀਆਂ ਉੱਤੇ ਕਬਜ਼ਾ ਕਰਨ ਦੀ ਚੀਨ ਦੀ ਸਾਜਿਸ਼ ਹੈ। ਚਾਹੇ ਜੋ ਹੋਵੇ, ਕੋਰੋਨਾ ਵਿਸ਼ਾਣੂ ਨੇ ਸ਼ਕਤੀਸ਼ਾਲੀ ਨੂੰ ਗੋਡੇ ਟੇਕਣ ’ਤੇ ਮਜਬੂਰ ਕੀਤਾ ਹੈ ਤੇ ਦੁਨੀਆਂ ਨੂੰ ਇੱਕ ਅਜਿਹੇ ਠਹਿਰਾਅ ਉੱਤੇ ਖੜ੍ਹਾ ਕਰ ਦਿੱਤਾ ਹੈ ਜਿਵੇਂ ਇਸ ਤੋਂ ਪਹਿਲਾਂ ਕੋਈ ਚੀਜ਼ ਨਹੀਂ ਕਰ ਸਕੀ ਸੀ।
ਸਾਡੇ ਦਿਮਾਗ਼ ਹਾਲੇ ਵੀ ਅੱਗੇ-ਪਿੱਛੇ ਦੌੜ ਲਗਾ ਰਹੇ ਹਨ ਤੇ ਆਮ ਸਥਿਤੀ ’ਚ ਆਉਣ ਲਈ ਇੰਤਜ਼ਾਰ ਕਰ ਰਹੇ ਹਨ, ਤੇ ਭਵਿੱਖ ਨੂੰ ਅਤੀਤ ਦੇ ਨਾਲ ਰਫੂ ਕਰਨ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ ਤੇ ਵਿਚਕਾਰ ਪੈ ਚੁੱਕੀ ਦਰਾਰ ਜਾਂ ਵਿਗਾੜ ਨੂੰ ਮੰਨਣ ਤੋਂ ਇਨਕਾਰੀ ਹੋ ਰਹੇ ਹਨ। ਪਰ ਇਹ ਦਰਾਰ ਤਾਂ ਹੋਂਦ ਰੱਖਦੀ ਹੈ। ਤੇ ਇਸ ਘੋਰ ਹਤਾਸ਼ਾ ਦੇ ਵਿਚਕਾਰ ਇਹ ਸਾਨੂੰ ਇੱਕ ਮੌਕਾ ਮੁਹੱਈਆ ਕਰਵਾਉਂਦੀ ਹੈ ਕਿ ਅਸੀਂ ਆਪਣੇ ਲਈ ਜੋ ਇਹ ਵਿਨਾਸ਼ਕਾਰੀ ਮਸ਼ੀਨ ਬਣਾਈ ਹੈ, ਉਸ ਉੱਤੇ ਪੁਨਰਵਿਚਾਰ ਕਰ ਸਕੀਏ। ਆਮ ਸਥਿਤੀਆਂ ’ਚ ਵਾਪਸ ਪਰਤਣ ਤੋਂ ਜ਼ਿਆਦਾ ਬੁਰਾ ਹੋਰ ਕੁਝ ਨਹੀਂ ਹੋ ਸਕਦਾ।
ਇਤਿਹਾਸਿਕ ਰੂਪ ’ਚ, ਵਿਸ਼ਵ ਮਹਾਂਮਾਰੀਆਂ ਨੇ ਇਨਸਾਨਾਂ ਨੂੰ ਹਮੇਸ਼ਾਂ ਅਤੀਤ ਤੋਂ ਟੁੱਟਣ ਤੇ ਆਪਣੇ ਲਈ ਇੱਕ ਬਿਲਕੁਲ ਨਵੀਂ ਦੁਨੀਆਂ ਦੀ ਕਲਪਨਾ ਕਰਨ ਨੂੰ ਮਜਬੂਰ ਕੀਤਾ ਹੈ। ਇਹ ਮਹਾਂਮਾਰੀ ਵੀ ਅਜਿਹੀ ਹੀ ਹੈ। ਇਹ ਇੱਕ ਦੁਨੀਆਂ ਤੇ ਅਗਲੀ ਦੁਨੀਆਂ ਦੇ ਵਿਚਕਾਰ ਦਾ ਮਾਰਗ ਹੈ, ਪ੍ਰਵੇਸ਼-ਦੁਆਰ ਹੈ। ਅਸੀਂ ਚਾਹੀਏ ਤਾਂ ਆਪਣੇ ਪੱਖਪਾਤਾਂ ਤੇ ਨਫ਼ਰਤਾਂ, ਆਪਣੇ ਲੋਭ-ਲਾਲਚ, ਆਪਣੇ ਡਾਟਾ ਬੈਂਕਾਂ ਤੇ ਮ੍ਰਿਤ ਵਿਚਾਰਾਂ, ਆਪਣੀਆਂ ਮ੍ਰਿਤ ਨਦੀਆਂ ਤੇ ਧੂੰਆਂ ਭਰੇ ਆਸਮਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਪਿੱਛੇ-ਪਿੱਛੇ ਘਸੀਟਦੇ ਹੋਏ ਇਨ੍ਹਾਂ ’ਚ ਪ੍ਰਵੇਸ਼ ਕਰ ਸਕਦੇ ਹਾਂ। ਜਾਂ ਅਸੀਂ ਹਲਕੇ-ਫੁਲਕੇ ਅੰਦਾਜ਼ ਨਾਲ ਬਿਨ੍ਹਾਂ ਅਤੀਤ ਦਾ ਕੋਈ ਬੋਝ ਢੋਏ ਇੱਕ ਨਵੀਂ ਦੁਨੀਆਂ ਦੀ ਕਲਪਨਾ ਤੇ ਉਸਦੇ ਲਈ ਸੰਘਰਸ਼ ਦੀ ਤਿਆਰੀ ਕਰ ਸਕਦੇ ਹਾਂ।
ਅਰੁੰਧਤੀ ਰਾਏ
ਅਨੁਵਾਦ: ਹਰਜੋਤ
ਸੰਪਰਕ: 9876922503
No comments:
Post a Comment