Tuesday, April 7, 2020

ਕੋਰੋਨਾ ਵਾਇਰਸ ਤੋਂ ਬਾਅਦ ਦੁਨੀਆ





ਦੁਨੀਆ ਭਰ ਦੇ ਇਨਸਾਨਾਂ ਅੱਗੇ ਇੱਕ ਵੱਡਾ ਸੰਕਟ ਹੈ. ਸਾਡੀ ਪੀੜ੍ਹੀ ਦਾ ਸ਼ਾਇਦ ਇਹ ਸਭ ਤੋਂ ਵੱਡਾ ਸੰਕਟ ਹੈ. ਆਉਣ ਵਾਲੇ ਕੁਝ ਹਫ਼ਤਿਆਂ ਚ ਲੋਕ ਤੇ ਸਰਕਾਰਾਂ ਜੋ ਫ਼ੈਸਲੇ ਕਰਨਗੀਆਂ, ਉਨ੍ਹਾਂ ਦੇ ਅਸਰ ਨਾਲ ਦੁਨੀਆ ਦਾ ਹੁਲੀਆ ਆਉਣ ਵਾਲੇ ਸਾਲਾਂ ਚ ਬਦਲ ਜਾਵੇਗਾ. ਇਹ ਬਦਲਾਅ ਕੇਵਲ ਸਿਹਤ ਸੇਵਾਵਾਂ ਚ ਹੀ ਨਹੀਂ ਬਲਕਿ ਅਰਥ-ਵਿਵਸਥਾ, ਰਾਜਨੀਤੀ ਤੇ ਸੱਭਿਆਚਾਰ ਚ ਵੀ ਹੋਣਗੇ. ਸਾਨੂੰ ਤੇਜ਼ੀ ਨਾਲ ਨਿਰਣਾਇਕ ਫੈਸਲੇ ਕਰਨੇ ਪੈਣਗੇ. ਸਾਨੂੰ ਆਪਣੇ ਫ਼ੈਸਲਿਆਂ ਦੇ ਲੰਬੇ ਸਮੇਂ ਤੱਕ ਰਹਿਣ ਵਾਲੇ ਨਤੀਜਿਆਂ ਦੇ ਬਾਰੇ ਵੀ ਸੁਚੇਤ ਰਹਿਣਾ ਪਵੇਗਾ. ਜਦੋਂ ਅਸੀਂ ਵਿਕਲਪਾਂ ਦੇ ਬਾਰੇ ਸੋਚ ਰਹੇ ਹਾਂ ਤਾਂ ਸਾਨੂੰ ਖੁਦ ਤੋਂ ਸਵਾਲ ਪੁੱਛਣਾ ਹੋਵੇਗਾ, ਕੇਵਲ ਇਹੀ ਸਵਾਲ ਨਹੀਂ ਕਿ ਅਸੀਂ ਇਸ ਸੰਕਟ ਤੋਂ ਕਿਵੇਂ ਉਭਰਾਂਗੇ, ਬਲਕਿ ਇਹ ਸਵਾਲ ਵੀ ਕਿ ਇਸ ਤੂਫ਼ਾਨ ਦੇ ਗੁਜ਼ਰ ਜਾਣ ਤੋਂ ਬਾਅਦ ਅਸੀਂ ਕਿਹੋ ਜਿਹੀ ਦੁਨੀਆ ਚ ਰਹਾਂਗੇ. ਤੂਫ਼ਾਨ ਗੁਜ਼ਰ ਜਾਵੇਗਾ, ਜ਼ਰੂਰ ਗੁਜ਼ਰ ਜਾਵੇਗਾ, ਮਨੁੱਖ ਜਾਤੀ ਜਿਉਂਦੀ ਰਹੇਗੀ, ਸਾਡੇ ਚੋਂ ਜ਼ਿਆਦਾਤਰ ਜ਼ਿਉਂਦੇ ਬਚ ਜਾਣਗੇ ਪਰ ਅਸੀਂ ਇੱਕ ਬਦਲੀ ਹੋਈ ਦੁਨੀਆ ਚ ਰਹਿ ਰਹੇ ਹੋਵਾਂਗੇ.
ਐਮਰਜੈਂਸੀ ਚ ਚੁੱਕੇ ਗਏ ਬਹੁਤ ਸਾਰੇ ਕਦਮ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ. ਇਹ ਐਮਰਜੈਂਸੀ ਦੀ ਫ਼ਿਤਰਤ ਹੈ, ਉਹ ਇਤਿਹਾਸਿਕ ਪ੍ਰਕਿਰਿਆਵਾਂ ਨੂੰ ਫ਼ਾਸਟ ਫਾਰਵਰਡ ਕਰ ਦਿੰਦੀ ਹੈ. ਅਜਿਹੇ ਫ਼ੈਸਲੇ ਜਿਨ੍ਹਾਂ ਉੱਤੇ ਆਮ ਤੌਰ ਤੇ ਵਰ੍ਹਿਆਂ ਤੱਕ ਵਿਚਾਰ-ਚਰਚਾ ਚੱਲਦੀ ਹੈ, ਐਮਰਜੈਂਸੀ ਚ ਉਹ ਫ਼ੈਸਲੇ ਕੁਝ ਘੰਟਿਆਂ ਚ ਹੋ ਜਾਂਦੇ ਹਨ. ਅਪੂਰਨ ਤੇ ਖ਼ਤਰਨਾਕ ਤਕਨਾਲੋਜੀ ਨੂੰ ਵੀ ਕੰਮ ਤੇ ਲਗਾ ਦਿੱਤਾ ਜਾਂਦਾ ਹੈ, ਕਿਉਂਕਿ ਕੁਝ ਨਾ ਕਰਨ ਦੇ ਖ਼ਤਰੇ ਕਿਤੇ ਜ਼ਿਆਦਾ ਵੱਡੇ ਹੋ ਸਕਦੇ ਹਨ. ਪੂਰੇ ਦੇਸ਼ ਦੇ ਨਾਗਰਿਕ ਵਿਸ਼ਾਲ ਸਮਾਜਿਕ ਪ੍ਰਯੋਗਾਂ ਦੇ ਚੂਹਿਆਂ ਚ ਤਬਦੀਲ ਹੋ ਜਾਂਦੇ ਹਨ. ਮਿਸਾਲ ਵਜੋਂ, ਕੀ ਹੋਵੇਗਾ ਜਦੋਂ ਸਾਰੇ ਲੋਕ ਘਰਾਂ ਤੋਂ ਹੀ ਕੰਮ ਕਰਨਗੇ ਤੇ ਕੇਵਲ ਦੂਰ ਤੋਂ ਹੀ ਸੰਵਾਦ ਕਰਨਗੇ? ਕੀ ਹੋਵੇਗਾ ਜਦੋਂ ਸਾਰੀਆਂ ਸਿੱਖਿਆ ਸੰਸਥਾਵਾਂ ਆਨਲਾਈਨ ਹੋ ਜਾਣਗੀਆਂ? ਆਮ ਦਿਨਾਂ ਚ ਸਰਕਾਰਾਂ, ਵਪਾਰ ਤੇ ਸੰਸਥਾਵਾਂ ਅਜਿਹੇ ਪ੍ਰਯੋਗਾਂ ਲਈ ਤਿਆਰ ਨਹੀਂ ਹੋਣਗੀਆਂ, ਪਰ ਇਹ ਆਮ ਸਮਾਂ ਨਹੀਂ ਹੈ. ਸੰਕਟ ਦੇ ਇਸ ਸਮੇਂ ਚ ਅਸੀਂ ਦੋ ਬਹੁਤ ਅਹਿਮ ਫ਼ੈਸਲੇ ਕਰਨੇ ਹਨ. ਪਹਿਲਾ ਤਾਂ ਅਸੀਂ ਸਰਵ-ਅਧਿਕਾਰਵਾਦੀ ਨਿਗਰਾਨੀ ਵਿਵਸਥਾ ਤੇ ਨਾਗਰਿਕ ਸਸ਼ਕਤੀਕਰਨ ਚੋਂ ਇੱਕ ਨੂੰ ਚੁਣਨਾ ਹੈ. ਦੂਜੀ ਚੋਣ ਅਸੀਂ ਰਾਸ਼ਟਰਵਾਦੀ ਵਖਰੇਵਾਂ ਤੇ ਵਿਸ਼ਵ ਇੱਕਜੁੱਟਤਾ ਦੇ ਵਿਚਕਾਰ ਕਰਨੀ ਹੈ.
ਮਹਾਂਮਾਰੀ ਨੂੰ ਰੋਕਣ ਲਈ ਪੂਰੀ ਆਬਾਦੀ ਨੂੰ ਤੈਅ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਹੁੰਦਾ ਹੈ. ਇਸ ਨੂੰ ਹਾਸਿਲ ਕਰਨ ਦੇ ਦੋ ਮੁੱਖ ਤਰੀਕੇ ਹਨ. ਪਹਿਲਾ ਤਰੀਕਾ ਇਹ ਹੈ ਕਿ ਸਰਕਾਰ ਲੋਕਾਂ ਦੀ ਨਿਗਰਾਨੀ ਕਰੇ ਤੇ ਜੋ ਲੋਕ ਨਿਯਮ ਤੋੜਨ ਉਨ੍ਹਾਂ ਨੂੰ ਦੰਡ ਦੇਵੇ. ਅੱਜ ਦੀ ਤਾਰੀਖ਼ ਚ ਮਨੁੱਖਤਾ ਦੇ ਇਤਿਹਾਸ ਚ ਤਕਨਾਲੋਜੀ ਨੇ ਇਸ ਨੂੰ ਪਹਿਲੀ ਵਾਰ ਸੰਭਵ ਬਣਾ ਦਿੱਤਾ ਹੈ ਕਿ ਹਰ ਨਾਗਰਿਕ ਦੀ ਹਰ ਸਮੇਂ ਨਿਗਰਾਨੀ ਕੀਤੀ ਜਾ ਸਕੇ. 50 ਸਾਲ ਪਹਿਲਾਂ ਰੂਸੀ ਖੁਫ਼ੀਆ ਏਜੰਸੀ ਕੇ.ਜੀ.ਬੀ. 24 ਕਰੋੜ ਸੋਵੀਅਤ ਨਾਗਰਿਕਾਂ ਦੀ 24 ਘੰਟੇ ਨਿਗਰਾਨੀ ਨਹੀਂ ਕਰ ਪਾਉਂਦੀ ਸੀ. ਕੇ.ਜੀ.ਬੀ. ਇਨਸਾਨੀ ਏਜੰਟਾਂ ਤੇ ਵਿਸ਼ਲੇਸ਼ਕਾਂ ਉੱਤੇ ਨਿਰਭਰ ਸੀ ਤੇ ਹਰ ਵਿਅਕਤੀ ਦੇ ਪਿੱਛੇ ਇੱਕ ਏਜੰਟ ਲਗਾਉਣਾ ਸੰਭਵ ਨਹੀਂ ਸੀ. ਹੁਣ ਇਨਸਾਨੀ ਜਾਸੂਸ ਦੀ ਜ਼ਰੂਰਤ ਨਹੀਂ, ਹਰ ਜਗ੍ਹਾ ਮੌਜੂਦ ਸਰਵ-ਵਿਆਪੀ ਸੈਂਸਰਾਂ ਤੇ ਪ੍ਰਤੀਕ-ਗਣਿਤ (ਐਲਗੋਰਿਥਮ) ਉੱਤੇ ਸਰਕਾਰਾਂ ਨਿਰਭਰ ਕਰ ਸਕਦੀਆਂ ਹਨ.
ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਬਹੁਤ ਸਾਰੀਆਂ ਸਰਕਾਰਾਂ ਨੇ ਨਿਗਰਾਨੀ ਦੇ ਨਵੇਂ ਉਪਕਰਣ ਤੇ ਵਿਵਸਥਾਵਾਂ ਲਾਗੂ ਕਰ ਦਿੱਤੀਆਂ ਹਨ. ਇਸ ਚ ਸਭ ਤੋਂ ਖਾਸ ਮਾਮਲਾ ਚੀਨ ਦਾ ਹੈ. ਲੋਕਾਂ ਦੇ ਸਮਾਰਟ ਫ਼ੋਨ ਨੂੰ ਡੂੰਘਾਈ ਨਾਲ ਮੋਨੀਟਰ ਕਰ ਕੇ, ਲੱਖਾਂ ਕੈਮਰਿਆਂ ਦੇ ਰਾਹੀਂ, ਚਿਹਰੇ ਪਹਿਚਾਨਣ ਵਾਲੀ ਤਕਨਾਲੋਜੀ ਦੀ ਵਰਤੋਂ ਕਰਕੇ, ਲੋਕਾਂ ਦੇ ਸਰੀਰ ਦਾ ਤਾਪਮਾਨ ਲੈ ਕੇ, ਬਿਮਾਰ ਲੋਕਾਂ ਦੀ ਰਿਪੋਰਟਿੰਗ ਨੂੰ ਸਖਤ ਬਣਾ ਕੇ ਸੰਦੇਹਜਨਕ ਲੋਕਾਂ ਦੀ ਪਹਿਚਾਣ ਕੀਤੀ ਗਈ. ਇਹੀ ਨਹੀਂ, ਉਨ੍ਹਾਂ ਦੇ ਆਉਣ-ਜਾਣ ਨੂੰ ਟਰੈਕ ਕੀਤਾ ਗਿਆ ਤਾਂਕਿ ਪਤਾ ਲੱਗ ਸਕੇ ਕਿ ਉਹ ਕਿਹੜੇ ਲੋਕਾਂ ਨਾਲ ਮਿਲੇ-ਜੁਲੇ ਹਨ. ਅਜਿਹੇ ਮੋਬਾਇਲ ਐਪ ਵੀ ਹਨ, ਜੋ ਰੋਗ-ਗ੍ਰਸਤ ਹੋਣ ਦੀ ਆਸ਼ੰਕਾ ਵਾਲੇ ਲੋਕਾਂ ਦੀ ਪਹਿਚਾਣ ਕਰ ਕੇ ਨਾਗਰਿਕਾਂ ਨੂੰ ਖ਼ਬਰਦਾਰ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਤੋਂ ਦੂਰ ਰਹੋ.
ਅਜਿਹੀ ਤਕਨਾਲੋਜੀ ਚੀਨ ਤੱਕ ਹੀ ਸੀਮਿਤ ਨਹੀਂ ਹੈ. ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕੋਰੋਨਾ ਰੋਗਗ੍ਰਸਤ ਵਿਅਕਤੀਆਂ ਨੂੰ ਟਰੈਕ (ਚਿੰਨ੍ਹਤ) ਕਰਨ ਲਈ ਉਸ ਤਕਨੀਕ ਨੂੰ ਲਗਾਉਣ ਦਾ ਆਦੇਸ਼ ਦਿੱਤਾ ਹੈ, ਜਿਸ ਨੂੰ ਹੁਣ ਤੱਕ ਕੇਵਲ ਅੱਤਵਾਦ ਦੇ ਵਿਰੁੱਧ ਵਰਤਿਆ ਜਾ ਰਿਹਾ ਸੀ. ਜਦੋਂ ਸੰਸਦੀ ਕਮੇਟੀ ਨੇ ਇਸ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਤਾਂ ਨੇਤਨਯਾਹੂ ਨੇ ਇਸ ਨੂੰ ਐਮਰਜੈਂਸੀ ਤਾਕਤ ਦੇ ਨਾਲ ਇੱਕ ਤਰ੍ਹਾਂ ਠੋਕਰ ਮਾਰ ਕੇ ਪਰ੍ਹਾਂ ਕਰ ਦਿੱਤਾ.  
ਤੁਸੀਂ ਕਹਿ ਸਕਦੇ ਹੋ ਕਿ ਇਸ ਚ ਨਵਾਂ ਕੁਝ ਵੀ ਨਹੀਂ ਹੈ. ਪਿਛਲੇ ਕੁਝ ਸਾਲਾਂ ਚ ਸਰਕਾਰਾਂ ਤੇ ਵੱਡੀਆਂ ਕੰਪਨੀਆਂ ਲੋਕਾਂ ਨੂੰ ਚਿੰਨ੍ਹਤ ਕਰਨ, ਨਿਗਰਾਨੀ ਕਰਨ ਤੇ ਆਪਣੇ ਹਿਤਾਂ ਮੁਤਾਬਿਕ ਵਰਤਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੀਆਂ ਰਹੀਆਂ ਹਨ. ਪਰ ਜੇ ਅਸੀਂ ਸੁਚੇਤ ਨਾ ਹੋਏ ਤਾਂ ਇਹ ਮਹਾਂਮਾਰੀ ਸਰਕਾਰੀ ਨਿਗਰਾਨੀ ਦੇ ਮਾਮਲੇ ਚ ਇੱਕ ਮੀਲ-ਪੱਥਰ ਸਾਬਿਤ ਹੋਵੇਗੀ. ਉਨ੍ਹਾਂ ਦੇਸ਼ਾਂ ਚ ਅਜਿਹੀ ਵਿਆਪਕ ਨਿਗਰਾਨੀ ਵਿਵਸਥਾ ਨੂੰ ਲਾਗੂ ਕਰਨਾ ਸੌਖਾ ਹੋ ਜਾਵੇਗਾ ਜੋ ਹੁਣ ਤੱਕ ਇਸ ਤੋਂ ਇਨਕਾਰ ਕਰਦੇ ਰਹੇ ਹਨ. ਇਹੀ ਨਹੀਂ, ਇਹ ਓਵਰ ਦ ਸਕਿਨਨਿਗਰਾਨੀ ਦੀ ਜਗ੍ਹਾ ਅੰਡਰ ਦ ਸਕਿਨ ਨਿਗਰਾਨੀ ਚ ਬਦਲ ਜਾਵੇਗਾ.
ਹੁਣ ਤੱਕ ਤਾਂ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਉਂਗਲੀ ਸਮਾਰਟ ਫ਼ੋਨ ਤੋਂ ਇੱਕ ਲਿੰਕ ਉੱਤੇ ਕਲਿੱਕ ਕਰਦੀ ਹੈ ਤਾਂ ਸਰਕਾਰ ਜਾਨਣਾ ਚਾਹੁੰਦੀ ਹੈ ਕਿ ਤੁਸੀਂ ਕੀ ਦੇਖ-ਪੜ੍ਹ ਰਹੇ ਹੋ, ਪਰ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੰਟਰਨੈੱਟ ਦਾ ਫੋਕਸ ਬਦਲ ਜਾਵੇਗਾ. ਹੁਣ ਸਰਕਾਰ ਤੁਹਾਡੀ ਉਂਗਲੀ ਦਾ ਤਾਪਮਾਨ ਤੇ ਚਮੜੀ ਦੇ ਥੱਲੇ ਦਾ ਬਲੱਡ ਪ੍ਰੈਸ਼ਰ ਵੀ ਜਾਨਣ ਲੱਗੇਗੀ.
ਨਿਗਰਾਨੀ ਦੇ ਮਾਮਲੇ ਚ ਦਿੱਕਤ ਇਹੀ ਹੈ ਕਿ ਸਾਡੇ ਚੋਂ ਕੋਈ ਪੱਕੇ ਤੌਰ ’ਤੇ ਨਹੀਂ ਜਾਣਦਾ ਕਿ ਸਾਡੇ ਉੱਪਰ ਕਿਸ ਤਰ੍ਹਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਸਾਲਾਂ ਚ ਉਸ ਦਾ ਰੂਪ ਕੀ ਹੋਵੇਗਾ. ਨਿਗਰਾਨੀ ਤਕਨਾਲੋਜੀ ਤੂਫ਼ਾਨੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ. 10 ਸਾਲ ਪਹਿਲਾਂ ਤੱਕ ਜਿਹੋ ਜਿਹੀ ਵਿਗਿਆਨ-ਫਿਕਸ਼ਨ ਪ੍ਰਤੀਤ ਹੁੰਦੀ ਸੀ, ਉਹ ਅੱਜ ਪੁਰਾਣੀ ਖ਼ਬਰ ਹੈ. ਸੋਚਣ ਦੀ ਸੁਵਿਧਾ ਲਈ ਮੰਨ ਲਓ ਕਿ ਕੋਈ ਸਰਕਾਰ ਆਪਣੇ ਨਾਗਰਿਕਾਂ ਨੂੰ ਕਹੇ ਕਿ ਸਾਰੇ ਲੋਕਾਂ ਨੂੰ ਇੱਕ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਣਾ ਜ਼ਰੂਰੀ ਹੋਵੇਗਾ, ਜੋ ਸਰੀਰ ਦਾ ਤਾਪਮਾਨ ਤੇ ਦਿਲ ਦੀ ਧੜਕਨ ਨੂੰ 24 ਘੰਟੇ ਮੋਨੀਟਰ ਕਰਦਾ ਰਹੇਗਾ. ਬ੍ਰੈਸਲੇਟ ਤੋਂ ਮਿਲਣ ਵਾਲਾ ਡਾਟਾ ਸਰਕਾਰੀ ਐਲਗੋਰਿਥਮ ਚ ਜਾਂਦਾ ਰਹੇਗਾ ਤੇ ਉਸ ਦਾ ਵਿਸ਼ਲੇਸ਼ਣ ਹੁੰਦਾ ਰਹੇਗਾ. ਤੁਹਾਨੂੰ ਪਤਾ ਲੱਗੇ ਕਿ ਤੁਸੀਂ ਬਿਮਾਰ ਹੋਂ, ਇਸ ਤੋਂ ਪਹਿਲਾਂ ਸਰਕਾਰ ਨੂੰ ਪਤਾ ਹੋਵੇਗਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਹੈ. ਸਿਸਟਮ ਨੂੰ ਇਹ ਵੀ ਪਤਾ ਹੋਵੇਗਾ ਕਿ ਤੁਸੀਂ ਕਿੱਥੇ-ਕਿੱਥੇ ਗਏ, ਕਿਸ-ਕਿਸ ਨੂੰ ਮਿਲੇ, ਇਸ ਤਰ੍ਹਾਂ ਛੂਤ ਦੇ ਰੋਗ ਦੀ ਲੜੀ ਨੂੰ ਛੋਟਾ ਕੀਤਾ ਜਾ ਸਕੇਗਾ ਜਾਂ ਕਈ ਵਾਰ ਤੋੜਿਆ ਜਾ ਸਕੇਗਾ. ਇਸ ਤਰ੍ਹਾਂ ਦਾ ਸਿਸਟਮ ਕਿਸੇ ਮਹਾਂਮਾਰੀ ਨੂੰ ਕੁਝ ਹੀ ਦਿਨਾਂ ਚ ਖਤਮ ਕਰ ਸਕਦਾ ਹੈ, ਸੁਣਨ ਚ ਬਹੁਤ ਚੰਗਾ ਲੱਗਦਾ ਹੈ, ਹੈ ਨਾ?
ਹੁਣ ਇਸ ਦੇ ਖ਼ਤਰੇ ਨੂੰ ਸਮਝੋ, ਇਹ ਇੱਕ ਖੌਫ਼ਨਾਕ ਨਿਗਰਾਨੀ ਰਾਜ ਦੀ ਸ਼ੁਰੂਆਤ ਕਰੇਗਾ. ਮਿਸਾਲ ਵਜੋਂ, ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਮੈਂ ਫ਼ਾਕਸ ਨਿਊਜ਼ ਦੀ ਜਗ੍ਹਾ ਸੀਐਨਐਨ ਦੇ ਲਿੰਕ ਤੇ ਕਲਿੱਕ ਕੀਤਾ ਹੈ ਤਾਂ ਤੁਸੀਂ ਮੇਰੇ ਰਾਜਨੀਤਿਕ ਵਿਚਾਰਾਂ ਤੇ ਇੱਥੋਂ ਤੱਕ ਕਿ ਕੁਝ ਹੱਦ ਤੱਕ ਮੇਰੇ ਵਿਅਕਤਿਤਵ (ਸ਼ਖ਼ਸੀਅਤ) ਨੂੰ ਸਮਝ ਸਕੋਗੇ, ਪਰ ਜੇਕਰ ਤੁਸੀਂ ਇੱਕ ਵੀਡਿਓ ਕਲਿੱਪ ਦੇਖਣ ਦੇ ਦੌਰਾਨ ਮੇਰੇ ਸਰੀਰ ਦੇ ਤਾਪਮਾਨ, ਬਲੱਡ ਪ੍ਰੈਸ਼ਰ ਤੇ ਹਾਰਟ ਰੇਟ ਨੂੰ ਮੋਨੀਟਰ ਕਰ ਰਹੇ ਹੋ ਤਾਂ ਤੁਸੀਂ ਜਾਣ ਸਕਦੇ ਹੋ ਕਿ ਮੈਨੂੰ ਕਿਹੜੀਆਂ ਗੱਲਾਂ ਉੱਤੇ ਗੁੱਸਾ, ਹਾਸਾ ਜਾਂ ਰੋਣਾ ਆਉਂਦਾ ਹੈ.
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁੱਸਾ, ਖੁਸ਼ੀ, ਅਕੇਵਾਂ ਤੇ ਪਿਆਰ ਇੱਕ ਜੈਵਿਕ ਪ੍ਰਕਿਰਿਆ ਹੈ, ਬਿਲਕੁਲ ਬੁਖ਼ਾਰ ਤੇ ਖੰਘ ਦੀ ਤਰ੍ਹਾਂ. ਜੋ ਤਕਨਾਲੋਜੀ ਖੰਘ ਦਾ ਪਤਾ ਲਗਾ ਸਕਦੀ ਹੈ, ਉਹ ਹਾਸਿਆਂ ਦਾ ਵੀ ਪਤਾ ਲਗਾ ਸਕਦੀ ਹੈ. ਜੇਕਰ ਸਰਕਾਰਾਂ ਤੇ ਵੱਡੀਆਂ ਕੰਪਨੀਆਂ ਨੂੰ ਵੱਡੇ ਪੈਮਾਨੇ ਤੇ ਸਾਡਾ ਡਾਟਾ ਜੁਟਾਉਣ ਦੀ ਆਜ਼ਾਦੀ ਮਿਲ ਜਾਵੇਗੀ ਤਾਂ ਉਹ ਸਾਡੇ ਬਾਰੇ ਸਾਡੇ ਤੋਂ ਬਿਹਤਰ ਜਾਣਨ ਲੱਗਣਗੇ. ਉਹ ਸਾਡੀਆਂ ਭਾਵਨਾਵਾਂ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਸਕਣਗੇ, ਇਹੀ ਨਹੀਂ, ਉਹ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ੍ਹ ਵੀ ਕਰ ਸਕਣਗੇ, ਉਹ ਜੋ ਚਾਹਣਗੇ ਸਾਨੂੰ ਵੇਚ ਸਕਣਗੇ– ਚਾਹੇ ਉਹ ਇੱਕ ਉਤਪਾਦ ਹੋਵੇ ਜਾਂ ਕੋਈ ਸਿਆਸਤਦਾਨ. ਬਾਇਓਮ੍ਰੈਟਿਕ ਨਿਗਰਾਨੀ ਤੋਂ ਬਾਅਦ ਕੈਮਬ੍ਰਿਜ ਐਨਾਲਿਟਿਕਾ ਪਾਸ਼ਾਣ ਯੁੱਗ ਦੀ ਤਾਕਨੋਲੋਜੀ ਲੱਗਣ ਲੱਗੇਗੀ. ਕਲਪਨਾ ਕਰੋ, ਉੱਤਰ ਕੋਰੀਆ ਚ 2030 ਤੱਕ ਹਰ ਨਾਗਰਿਕ ਨੂੰ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਾ ਦਿੱਤਾ ਗਿਆ ਹੈ. ਮਹਾਨ ਲੀਡਰ ਦਾ ਭਾਸ਼ਣ ਸੁਣਨ ਤੋਂ ਬਾਅਦ ਜਿਨ੍ਹਾਂ ਦਾ ਬ੍ਰੈਸਲੇਟ ਦੱਸੇਗਾ ਕਿ ਉਨ੍ਹਾਂ ਨੂੰ ਗੁੱਸਾ ਆ ਰਿਹਾ ਸੀ, ਉਨ੍ਹਾਂ ਦਾ ਤਾਂ ਹੋ ਗਿਆ ਕੰਮ ਤਮਾਮ.
ਤੁਸੀਂ ਕਹਿ ਸਕਦੇ ਹੋ ਕਿ ਬਾਇਓਮੈਟ੍ਰਿਕ ਨਿਗਰਾਨੀ ਐਮਰਜੈਂਸੀ ਦੇ ਨਾਲ ਨਿਪਟਣ ਦੀ ਇੱਕ ਅਸਥਾਈ ਵਿਵਸਥਾ ਹੋਵੇਗੀ. ਜਦੋਂ ਐਮਰਜੈਂਸੀ ਖਤਮ ਹੋ ਜਾਵੇਗੀ ਤਾਂ ਇਸ ਨੂੰ ਹਟਾ ਦਿੱਤਾ ਜਾਵੇਗਾ, ਪਰ ਅਸਥਾਈ ਵਿਵਸਥਾਵਾਂ ਦੀ ਇੱਕ ਗੰਦੀ ਆਦਤ ਹੁੰਦੀ ਹੈ ਕਿ ਉਹ ਐਮਰਜੈਂਸੀ ਤੋਂ ਬਾਅਦ ਵੀ ਬਣੀਆਂ ਰਹਿੰਦੀਆਂ ਹਨ, ਵੈਸੇ ਵੀ ਨਵੀਂ ਐਮਰਜੈਂਸੀ ਦਾ ਖ਼ਤਰਾ ਬਣਿਆ ਰਹਿੰਦਾ ਹੈ. ਮਿਸਾਲ ਦੇ ਤੌਰ ’ਤੇ ਮੇਰੇ ਆਪਣੇ ਦੇਸ਼ ਇਜ਼ਰਾਈਲ ਚ 1948 ਚ ਆਜ਼ਾਦੀ ਦੀ ਲੜਾਈ ਦੇ ਦੌਰਾਨ ਐਮਰਜੈਂਸੀ ਲਗਾਈ ਗਈ ਸੀ, ਜਿਸ ਦੇ ਤਹਿਤ ਬਹੁਤ ਸਾਰੀਆਂ ਅਸਥਾਈ ਵਿਵਸਥਾਵਾਂ ਕੀਤੀਆਂ ਗਈਆਂ ਸੀ, ਪ੍ਰੈੱਸ ਸੈਂਸਰਸ਼ਿੱਪ ਤੋਂ ਲੈ ਕੇ ਪੁਡਿੰਗ ਬਣਾਉਣ ਲਈ ਲੋਕਾਂ ਦੀ ਜ਼ਮੀਨ ਜ਼ਬਤ ਕਰਨ ਨੂੰ ਸਹੀ ਠਹਿਰਾਇਆ ਗਿਆ ਸੀ. ਜੀ, ਪੁਡਿੰਗ ਬਣਾਉਣ ਲਈ, ਮੈਂ ਮਜ਼ਾਕ ਨਹੀਂ ਕਰ ਰਿਹਾ. ਆਜ਼ਾਦੀ ਦੀ ਲੜਾਈ ਕਦੋਂ ਦੀ ਜਿੱਤੀ ਜਾ ਚੁੱਕੀ ਹੈ, ਪਰ ਇਜ਼ਰਾਈਲ ਨੇ ਕਦੇ ਨਹੀਂ ਕਿਹਾ ਕਿ ਐਮਰਜੈਂਸੀ ਖਤਮ ਹੋ ਗਈ ਹੈ. 1948 ਦੇ ਅਨੇਕ ਅਸਥਾਈ ਕਦਮ ਹੁਣ ਤੱਕ ਲਾਗੂ ਹਨ, ਉਨ੍ਹਾਂ ਨੂੰ ਹਟਾਇਆ ਨਹੀਂ ਗਿਆ. ਸ਼ੁਕਰ ਹੈ ਕਿ 2011 ਚ ਪੁਡਿੰਗ ਬਣਾਉਣ ਲਈ ਜ਼ਮੀਨ ਖੋਹਣ ਦਾ ਸਰਕਾਰੀ ਹੁਕਮ ਖਤਮ ਕੀਤਾ ਗਿਆ.
ਜਦੋਂ ਕੋਰੋਨਾ ਵਾਇਰਸ ਦੀ ਲਾਗ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਤਾਂ ਵੀ ਡਾਟਾ ਦੀਆਂ ਭੁੱਖੀਆਂ ਸਰਕਾਰਾਂ ਬਾਇਓਮੈਟ੍ਰਿਕ ਨਿਗਰਾਨੀ ਨੂੰ ਹਟਾਉਣ ਤੋਂ ਇਨਕਾਰ ਕਰ ਸਕਦੀਆਂ ਹਨ, ਸਰਕਾਰਾਂ ਦੀ ਦਲੀਲ ਹੋ ਸਕਦੀ ਹੈ ਕਿ ਕੋਰੋਨਾ ਵਾਇਰਸ ਦਾ ਦੂਸਰਾ ਦੌਰ ਆ ਸਕਦਾ ਹੈ, ਜਾਂ ਅਫਰੀਕਾ ਚ ਇਬੋਲਾ ਦੁਬਾਰਾ ਫੈਲ ਰਿਹਾ ਹੈ, ਜਾਂ ਕੁਝ ਹੋਰ... ਤੁਸੀਂ ਸਮਝ ਸਕਦੇ ਹੋ. ਸਾਡੀ ਨਿੱਜਤਾ ਨੂੰ ਲੈ ਕੇ ਇੱਕ ਬਹੁਤ ਜ਼ੋਰਦਾਰ ਲੜਾਈ ਪਿਛਲੇ ਕੁਝ ਸਾਲਾਂ ਤੋਂ ਛਿੜੀ ਹੋਈ ਹੈ. ਕੋਰੋਨਾ ਵਾਇਰਸ ਦਾ ਸੰਕਟ ਇਸ ਲੜਾਈ ਦਾ ਨਿਰਣਾਇਕ ਮੋੜ ਹੋ ਸਕਦਾ ਹੈ. ਜਦੋਂ ਲੋਕਾਂ ਨੂੰ ਨਿੱਜਤਾ ਤੇ ਸਿਹਤ ਚੋਂ ਇੱਕ ਨੂੰ ਚੁਣਨਾ ਪਿਆ ਤਾਂ ਜ਼ਾਹਿਰ ਹੈ ਕਿ ਉਹ ਸਿਹਤ ਨੂੰ ਚੁਣਨਗੇ.
ਦਰਅਸਲ, ਲੋਕਾਂ ਨੂੰ ਸਿਹਤ ਤੇ ਨਿੱਜਤਾ ਚੋਂ ਇੱਕ ਨੂੰ ਚੁਣਨ ਲਈ ਕਹਿਣਾ ਹੀ ਸਮੱਸਿਆ ਦੀ ਜੜ੍ਹ ਹੈ ਕਿਉਂਕਿ ਇਹ ਸਹੀ ਨਹੀਂ ਹੈ. ਅਸੀਂ ਨਿੱਜਤਾ ਤੇ ਸਿਹਤ ਦੋਵਾਂ ਨੂੰ ਇਕੱਠੇ ਪ੍ਰਾਪਤ ਕਰ ਸਕਦੇ ਹਾਂ ਤੇ ਕਰਨਾ ਵੀ ਚਾਹੀਦਾ ਹੈ. ਅਸੀਂ ਸਰਵ-ਅਧਿਕਾਰ ਨਿਗਰਾਨੀ ਵਿਵਸਥਾ ਨੂੰ ਲਾਗੂ ਕਰਕੇ ਨਹੀਂ, ਬਲਕਿ ਨਾਗਰਿਕਾਂ ਦੇ ਸਸ਼ਕਤੀਕਰਣ ਦੇ ਜ਼ਰੀਏ ਕੋਰੋਨਾ ਵਾਇਰਸ ਦਾ ਫੈਲਣਾ ਰੋਕ ਸਕਦੇ ਹਾਂ. ਪਿਛਲੇ ਕੁਝ ਹਫ਼ਤਿਆਂ ਚ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਦੇ ਮਾਮਲੇ ਚ ਦੱਖਣੀ ਕੋਰੀਆ, ਤਾਇਵਾਨ ਤੇ ਸਿੰਗਾਪੁਰ ਨੇ ਚੰਗੀਆਂ ਮਿਸਾਲਾਂ ਪੇਸ਼ ਕੀਤੀਆਂ ਹਨ. ਇਨ੍ਹਾਂ ਦੇਸ਼ਾਂ ਨੇ ਕੁਝ ਟ੍ਰੈਕਿੰਗ ਐਪਲੀਕੇਸ਼ਨਾਂ ਦੀ ਵਰਤੋਂ ਤਾਂ ਕੀਤੀ ਹੈ ਪਰ ਉਨ੍ਹਾਂ ਨੇ ਵਿਆਪਕ ਪੈਮਾਨੇ ਤੇ ਟੈਸਟ ਕਰਵਾਏ ਹਨ, ਇਮਾਨਦਾਰੀ ਨਾਲ ਜਾਣਕਾਰੀ ਦਿੱਤੀ ਹੈ, ਜਾਣਕਾਰ ਜਨਤਾ ਦੇ ਇੱਛੁਕ ਸਹਿਯੋਗ ਉੱਤੇ ਨਿਰਭਰ ਕਰ ਰਹੇ ਹਨ.
ਕੇਂਦਰਿਤ ਨਿਗਰਾਨੀ, ਤੇ ਸਖ਼ਤ ਸਜ਼ਾ ਇੱਕ ਉਪਯੋਗੀ ਦਿਸ਼ਾ-ਨਿਰਦੇਸ਼ ਨੂੰ ਲਾਗੂ ਕਰਾਉਣ ਲਈ ਜ਼ਰੂਰੀ ਨਹੀਂ ਹੈ. ਜਦੋਂ ਲੋਕਾਂ ਨੂੰ ਵਿਗਿਆਨਿਕ ਤੱਥ ਦੱਸੇ ਜਾਂਦੇ ਹਨ, ਜਦੋਂ ਲੋਕ ਯਕੀਨ ਕਰਦੇ ਹਨ ਕਿ ਅਧਿਕਾਰੀ ਸੱਚ ਬੋਲ ਰਹੇ ਹਨ, ਤਾਂ ਆਪਣੇ-ਆਪ ਸਹੀ ਕਦਮ ਚੁੱਕਦੇ ਹਨ, ਬਿੱਗ ਬ੍ਰਦਰ ਦੀਆਂ ਘੂਰਦੀਆਂ ਨਜ਼ਰਾਂ ਦੀ ਜ਼ਰੂਰਤ ਨਹੀਂ ਹੁੰਦੀ. ਸਵੈ-ਪ੍ਰੇਰਿਤ ਤੇ ਜਾਣਕਾਰ ਜਨਤਾ ਜ਼ਿਆਦਾ ਪ੍ਰਭਾਵਸ਼ਾਲੀ ਤੇ ਤਾਕਤਵਰ ਹੁੰਦੀ ਹੈ, ਨਾ ਕਿ ਪੁਲਿਸ ਦੇ ਜ਼ੋਰ ਨਾਲ ਦੱਬੀ ਜਾ ਰਹੀ ਉਦਾਸੀਨ ਜਨਤਾ ਜਾਂ ਅਣਜਾਣ ਜਨਤਾ.  
ਮਿਸਾਲ ਵਜੋਂ, ਸਾਬਣ ਨਾਲ ਹੱਥ ਧੋਣਾ. ਇਹ ਮਨੁੱਖ ਦੇ ਸਾਫ਼-ਸਫ਼ਾਈ ਦੇ ਇਤਿਹਾਸ ਦੀ ਇੱਕ ਵੱਡੀ ਤਰੱਕੀ ਹੈ. ਇਹ ਸਾਧਾਰਣ ਕੰਮ ਹਰ ਸਾਲ ਲੱਖਾਂ ਜਾਨਾਂ ਬਚਾਉਂਦਾ ਹੈ, ਹੁਣ ਤਾਂ ਅਸੀਂ ਇਸਨੂੰ ਆਮ ਗੱਲ ਮੰਨਦੇ ਹਾਂ ਪਰ 19ਵੀਂ ਸਦੀ ਦੇ ਵਿਗਿਆਨਿਕਾਂ ਨੇ ਸਾਬਣ ਨਾਲ ਹੱਥ ਧੋਣ ਦੀ ਮਹੱਤਤਾ ਨੂੰ ਠੀਕ ਤਰੀਕੇ ਨਾਲ ਸਮਝਿਆ, ਉਸ ਤੋਂ ਪਹਿਲਾਂ ਇੱਕ ਡਾਕਟਰ ਤੇ ਨਰਸ ਵੀ ਇੱਕ ਆਪਰੇਸ਼ਨ ਤੋਂ ਬਾਅਦ, ਦੂਜਾ ਆਪਰੇਸ਼ਨ ਕਰਦੇ ਸੀ, ਬਿਨ੍ਹਾਂ ਹੱਥ ਧੋਏ. ਅੱਜ ਅਰਬਾਂ ਲੋਕ ਰੋਜ਼ ਸਾਬਣ ਨਾਲ ਹੱਥ ਧੋਂਦੇ ਹਨ, ਇਸ ਲਈ ਨਹੀਂ ਕਿ ਉਨ੍ਹਾਂ ਨੂੰ ਪੁਲਿਸ ਦਾ ਡਰ ਹੈ, ਬਲਕਿ ਉਹ ਤੱਥਾਂ ਨੂੰ ਸਮਝਦੇ ਹਨ. ਮੈਂ ਬੈਕਟੀਰੀਆ ਤੇ ਵਾਇਰਸ ਬਾਰੇ ਸੁਣਿਆ ਹੈ ਇਸ ਲਈ ਮੈਂ ਸਾਬਣ ਨਾਲ ਹੱਥ ਧੋਂਦਾ ਹਾਂ, ਮੈਂ ਜਾਣਦਾ ਹਾਂ ਕਿ ਸਾਬਣ ਉਨ੍ਹਾਂ ਬੀਮਰ ਕਰਨ ਵਾਲੇ ਜੀਵਾਣੂਆਂ ਤੇ ਵਿਸ਼ਾਣੂਆਂ ਨੂੰ ਖਤਮ ਕਰ ਦਿੰਦਾ ਹੈ.
ਲੋਕ ਗੱਲ ਮੰਨਣ ਤੇ ਸਹਿਯੋਗ ਕਰਨ ਇਸਦੇ ਲਈ ਵਿਸ਼ਵਾਸ ਬਹੁਤ ਜ਼ਰੂਰੀ ਹੈ. ਲੋਕਾਂ ਦਾ ਵਿਗਿਆਨ ਚ ਵਿਸ਼ਵਾਸ ਹੋਣਾ ਚਾਹੀਦਾ ਹੈ, ਸਰਕਾਰੀ ਅਧਿਕਾਰੀਆਂ ਚ ਵਿਸ਼ਵਾਸ ਹੋਣਾ ਚਾਹੀਦਾ ਹੈ, ਤੇ ਮੀਡੀਆ ਚ ਵਿਸ਼ਵਾਸ ਹੋਣਾ ਚਾਹੀਦਾ ਹੈ. ਪਿਛਲੇ ਕੁਝ ਸਾਲਾਂ ਚ ਗ਼ੈਰ-ਜ਼ਿੰਮੇਵਾਰ ਲੀਡਰਾਂ ਨੇ ਜਾਣ-ਬੁੱਝ ਕੇ ਵਿਗਿਆਨ, ਸਰਕਾਰੀ ਸੰਸਥਾਵਾਂ ਤੇ ਮੀਡੀਆ ਤੋਂ ਜਨਤਾ ਦਾ ਵਿਸ਼ਵਾਸ ਡੇਗਿਆ ਹੈ. ਇਹ ਗ਼ੈਰ-ਜ਼ਿੰਮੇਵਾਰ ਲੀਡਰ ਤਾਨਾਸ਼ਾਹੀ ਦਾ ਰਾਹ ਅਪਨਾਉਣ ਵੱਲ ਪ੍ਰੇਰਿਤ ਹੋ ਸਕਦੇ ਹਨ, ਉਨ੍ਹਾਂ ਦੀ ਦਲੀਲ ਹੋਵੇਗੀ ਕਿ ਜਨਤਾ ਸਹੀ ਕੰਮ ਕਰੇਗੀ ਇਸਦਾ ਯਕੀਨ ਨਹੀਂ ਕੀਤਾ ਜਾ ਸਕਦਾ.
ਆਮ ਤੌਰ ’ਤੇ ਜੋ ਵਿਸ਼ਵਾਸ ਵਰ੍ਹਿਆਂ ਤੋਂ ਟੁੱਟਿਆ ਹੈ ਉਹ ਰਾਤੋ-ਰਾਤ ਕਾਇਮ ਨਹੀਂ ਹੁੰਦਾ, ਪਰ ਇਹ ਆਮ ਸਮਾਂ ਨਹੀਂ ਹੈ. ਸੰਕਟ ਦੇ ਸਮੇਂ ਦਿਮਾਗ਼ ਬਹੁਤ ਜਲਦੀ ਬਦਲ ਜਾਂਦਾ ਹੈ. ਤੁਹਾਡਾ ਆਪਣੇ ਭਾਈ-ਭੈਣਾਂ ਨਾਲ ਬੁਰੀ ਤਰ੍ਹਾਂ ਝਗੜਾ ਹੁੰਦਾ ਹੈ, ਪਰ ਸੰਕਟ ਦੇ ਸਮੇਂ ਤੁਸੀਂ ਅਚਾਨਕ ਮਹਿਸੂਸ ਕਰਦੇ ਹੋ ਕਿ ਦੋਵਾਂ ਦੇ ਵਿਚਕਾਰ ਕਿੰਨਾ ਮੋਹ ਤੇ ਵਿਸ਼ਵਾਸ ਹੈ, ਤੁਸੀਂ ਇੱਕ-ਦੂਜੇ ਦੀ ਮਦਦ ਲਈ ਤਿਆਰ ਹੋ ਜਾਂਦੇ ਹੋ. ਇੱਕ ਨਿਗਰਾਨੀ ਰਾਜ ਬਣਾਉਣ ਦੀ ਜਗ੍ਹਾ, ਵਿਗਿਆਨ, ਸਰਕਾਰੀ ਸੰਸਥਾਨਾਂ ਤੇ ਮੀਡੀਆ ਚ ਜਨਤਾ ਦੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਕੰਮ ਹੋਣਾ ਚਾਹੀਦਾ ਹੈ. ਸਾਨੂੰ ਨਵੀਂ ਤਕਨੋਲੋਜੀ ਦੀ ਪੱਕੇ ਤੌਰ ਤੇ ਵਰਤੋਂ ਕਰਨੀ ਚਾਹੀਦੀ ਹੈ ਪਰ ਇਨ੍ਹਾਂ ਨਾਲ ਨਾਗਰਿਕਾਂ ਨੂੰ ਤਾਕਤ ਮਿਲਣੀ ਚਾਹੀਦੀ ਹੈ. ਮੈਂ ਆਪਣੇ ਸਰੀਰ ਦਾ ਤਾਪ ਤੇ ਬਲੱਡ ਪ੍ਰੈਸ਼ਰ ਮਾਪਣ ਦੇ ਹੱਕ ਚ ਹਾਂ, ਪਰ ਉਸ ਡਾਟਾ ਦੀ ਵਰਤੋਂ ਸਰਕਾਰ ਨੂੰ ਸਰਵ-ਸ਼ਕਤੀਮਾਨ ਬਣਾਉਣ ਲਈ ਹੋਵੇ, ਇਸਦੇ ਪੱਖ ਚ ਨਹੀਂ ਹਾਂ. ਡਾਟਾ ਦੀ ਵਰਤੋਂ ਮੈਂ ਜਾਣਕਾਰ ਨਿੱਜੀ ਫ਼ੈਸਲਿਆਂ ਲਈ ਕਰਾਂ, ਤੇ ਸਰਕਾਰ ਨੂੰ ਉਨ੍ਹਾਂ ਫ਼ੈਸਲਿਆਂ ਲਈ ਜ਼ਿੰਮੇਵਾਰ ਠਹਿਰਾ ਸਕਾਂ.
ਜੇਕਰ ਮੈਂ ਆਪਣੀ ਸਿਹਤ ਦੀ 24 ਘੰਟੇ ਨਿਗਰਾਨੀ ਕਰਾਂਗਾ ਤਾਂ ਮੈਂ ਸਮਝ ਪਾਵਾਂਗਾ ਕਿ ਕਦੋਂ ਮੈਂ ਦੂਜਿਆਂ ਲਈ ਖ਼ਤਰਾ ਬਣ ਗਿਆ ਹਾਂ, ਤੇ ਠੀਕ ਹੋਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿਹੜੀਆਂ ਆਦਤਾਂ ਸਿਹਤ ਲਈ ਅਪਨਾਉਣੀਆਂ ਚਾਹੀਦੀਆਂ ਹਨ. ਜੇਕਰ ਕੋਰੋਨਾ ਵਾਇਰਸ ਦੇ ਫੈਲਾਅ ਦੇ ਬਾਰੇ ਮੈਂ ਵਿਸ਼ਵਾਸਯੋਗ ਆਂਕੜਿਆਂ ਨੂੰ ਪ੍ਰਾਪਤ ਕਰ ਸਕਾਂਗਾ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ ਸਕਾਂਗਾ ਤਾਂ ਮੈਂ ਫ਼ੈਸਲੇ ਕਰ ਸਕਾਂਗਾ ਕਿ ਸਰਕਾਰ ਸੱਚ ਬੋਲ ਰਹੀ ਹੈ ਜਾਂ ਨਹੀਂ, ਤੇ ਮਹਾਂਮਾਰੀ ਨਾਲ ਨਿਪਟਣ ਲਈ ਸਹੀ ਤਰੀਕੇ ਵਰਤ ਰਹੀ ਹੈ ਜਾਂ ਨਹੀਂ. ਜਦੋਂ ਵੀ ਅਸੀਂ ਨਿਗਰਾਨੀ ਵਿਵਸਥਾ ਦੀ ਗੱਲ ਕਰਦੇ ਹਾਂ ਤਾਂ ਯਾਦ ਰੱਖੋ ਕਿ ਉਸੇ ਤਕਨਾਲੋਜੀ ਨਾਲ ਸਰਕਾਰ ਦੀ ਵੀ ਨਿਗਰਾਨੀ ਹੋ ਸਕਦੀ ਹੈ, ਜਿਸਦੇ ਨਾਲ ਜਨਤਾ ਦੀ ਹੁੰਦੀ ਹੈ.
ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਗਰਿਕਾਂ ਦੇ ਅਧਿਕਾਰਾਂ ਤੇ ਕਰਤੱਵਾਂ ਦਾ ਵੱਡਾ ਇਮਤਿਹਾਨ ਹੈ. ਆਉਣ ਵਾਲੇ ਦਿਨਾਂ ਚ ਸਾਨੂੰ ਸਾਰਿਆਂ ਨੂੰ ਵਿਗਿਆਨਿਕ ਡਾਟਾ ਤੇ ਸਿਹਤ ਵਿਸ਼ੇਸ਼ਕਾਂ ਉੱਤੇ ਯਕੀਨ ਕਰਨਾ ਚਾਹੀਦਾ ਹੈ, ਨਾ ਕਿ ਬੇਬੁਨਿਆਦ ਕਹਾਣੀਆਂ ਤੇ ਆਪਣਾ ਉੱਲੂ ਸਿੱਧਾ ਕਰਨ ਚ ਲੱਗੇ ਲੀਡਰਾਂ ਦੀ ਗੱਲਾਂ ਉੱਤੇ. ਜੇ ਅਸੀਂ ਸਹੀ ਫ਼ੈਸਲੇ ਨਾ ਕੀਤੇ ਤਾਂ ਅਸੀਂ ਆਪਣੀਆਂ ਸਭ ਤੋਂ ਕੀਮਤੀ ਆਜ਼ਾਦੀਆਂ ਖੋ ਦੇਵਾਂਗੇ, ਅਸੀਂ ਇਹ ਮੰਨ ਲਵਾਂਗੇ ਕਿ ਆਪਣੀ ਸਿਹਤ ਦੀ ਰੱਖਿਆ ਕਰਨ ਲਈ ਇਹੀ ਸਹੀ ਫ਼ੈਸਲਾ ਹੈ.
ਹੁਣ ਦੂਜੀ ਅਹਿਮ ਚੋਣ, ਜੋ ਸਾਨੂੰ ਰਾਸ਼ਟਰਵਾਦੀ ਵਖਰੇਵਾਂ ਤੇ ਵਿਸ਼ਵ ਇੱਕਜੁੱਟਤਾ ਦੇ ਵਿਚਕਾਰ ਕਰਨੀ ਹੈ. ਇਹ ਮਹਾਂਮਾਰੀ ਤੇ ਉਸਦਾ ਅਰਥ-ਵਿਵਸਥਾਵਾਂ ਉੱਤੇ ਅਸਰ ਇੱਕ ਵਿਸ਼ਵ ਸੰਕਟ ਹੈ. ਇਹ ਸੰਕਟ ਵਿਸ਼ਵ ਸਹਿਯੋਗ ਨਾਲ ਹੀ ਮਿਟਾਇਆ ਜਾ ਸਕੇਗਾ. ਸਭ ਤੋਂ ਪਹਿਲਾਂ ਇੱਕ ਵਾਇਰਸ ਨਾਲ ਨਿਪਟਣ ਲਈ ਦੁਨੀਆ ਭਰ ਦੇ ਦੇਸ਼ਾਂ ਨੂੰ ਸੂਚਨਾ ਦਾ ਆਦਾਨ-ਪ੍ਰਦਾਨ ਕਰਨਾ ਹੋਵੇਗਾ. ਇਹ ਗੱਲ ਇਨਸਾਨਾਂ ਦੀ ਵਾਇਰਸ ਵਿਰੁੱਧ ਲੜਾਈ ਚ ਇੱਕ ਵੱਡਾ ਫਾਇਦਾ ਸਾਬਿਤ ਹੋਵੇਗੀ. ਅਮਰੀਕਾ ਦਾ ਕੋਰੋਨਾ ਵਾਇਰਸ ਤੇ ਚੀਨ ਦਾ ਕੋਰੋਨਾ ਵਾਇਰਸ ਇਸ ਗੱਲ ਉੱਤੇ ਸੋਚ-ਵਿਚਾਰ ਨਹੀਂ ਕਰ ਸਕਦੇ ਕਿ ਲੋਕਾਂ ਦੇ ਸਰੀਰਾਂ ਚ ਕਿਵੇਂ ਵੜਿਆ ਜਾਵੇ. ਪਰ ਚੀਨ ਅਮਰੀਕਾ ਨੂੰ ਕੁਝ ਉਪਯੋਗੀ ਗੱਲਾਂ ਦੱਸ ਸਕਦਾ ਹੈ, ਇਟਲੀ ਦੇ ਮਿਲਾਨ ਦਾ ਡਾਕਟਰ ਸਵੇਰੇ ਜੋ ਜਾਣਕਾਰੀ ਪ੍ਰਾਪਤ ਕਰਦਾ ਹੈ, ਉਹ ਸ਼ਾਮ ਤੱਕ ਤਹਿਰਾਨ ਦੇ ਲੋਕਾਂ ਦੀ ਜਾਨ ਬਚਾ ਸਕਦੀ ਹੈ. ਕਈ ਨੀਤੀਆਂ ਨੂੰ ਲੈ ਕੇ ਜੇ ਬ੍ਰਿਟੇਨ ਦੀ ਸਰਕਾਰ ਸ਼ਸ਼ੋਪੰਜ ਚ ਹੈ ਤਾਂ ਉਹ ਕੋਰੀਆ ਦੀ ਸਰਕਾਰ ਨਾਲ ਗੱਲ ਕਰ ਸਕਦੀ ਹੈ ਜੋ ਕਰੀਬ ਇੱਕ ਮਹੀਨਾ ਪਹਿਲਾਂ ਅਜਿਹੇ ਹੀ ਦੌਰ ਤੋਂ ਗੁਜ਼ਰੇ ਹਨ. ਪਰ ਅਜਿਹਾ ਹੋਣ ਲਈ ਵਿਸ਼ਵ ਭਾਈਚਾਰਾ ਤੇ ਇੱਕਜੁਟਤਾ ਦੀ ਭਾਵਨਾ ਹੋਣਾ ਚਾਹੀਦੀ ਹੈ.
ਦੇਸ਼ਾਂ ਨੂੰ ਖੁਲ੍ਹ ਕੇ ਜਾਣਕਾਰੀਆਂ ਦਾ ਲੈਣ-ਦੇਣ ਕਰਨਾ ਹੋਵੇਗਾ, ਨਿਮਰਤਾ ਨਾਲ ਸਲਾਹ ਮੰਗਣੀ ਹੋਵੇਗੀ ਤੇ ਜੋ ਕੁਝ ਦੂਜੇ ਦੇਣਗੇ ਉਸ ਉੱਤੇ ਯਕੀਨ ਲਾਇਕ ਮਾਹੌਲ ਬਣਾਉਣਾ ਹੋਵੇਗਾ. ਮੈਡੀਕਲ ਕਿਟ ਦੇ ਉਤਪਾਦਨ ਤੇ ਵੰਡ ਲਈ ਵਿਸ਼ਵ ਪੱਧਰ ਉੱਤੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ. ਆਪਣੇ ਦੇਸ਼ ਚ ਹੀ ਉਤਪਾਦਨ ਕਰਨ, ਤੇ ਉਪਕਰਣਾਂ ਨੂੰ ਜਮ੍ਹਾਂ ਕਰਨ ਦੀ ਕੋਸ਼ਿਸ਼ ਨਾਲੋਂ ਤਾਲਮੇਲ ਨਾਲ ਕੀਤੀ ਗਈ ਵਿਸ਼ਵ ਕੋਸ਼ਿਸ਼ ਜ਼ਿਆਦਾ ਕਾਰਗਰ ਹੋਵੇਗੀ. ਜਿਵੇਂ ਕਿ ਲੜਾਈਆਂ ਦੇ ਸਮੇਂ ਦੁਨੀਆ ਦੇ ਦੇਸ਼ ਆਪਣੇ ਉਦਯੋਗਾਂ ਦਾ ਰਾਸ਼ਟਰੀਕਰਣ ਕਰ ਦਿੰਦੇ ਹਨ, ਉਸੇ ਤਰ੍ਹਾਂ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੇ ਦੌਰਾਨ ਜ਼ਰੂਰੀ ਚੀਜ਼ਾਂ ਦੇ ਉਤਪਾਦਨ ਨੂੰ ਸਾਨੂੰ ਰਾਸ਼ਟਰੀ ਦੀ ਜਗ੍ਹਾ, ਮਨੁੱਖੀ ਬਣਾਉਣਾ ਚਾਹੀਦਾ ਹੈ. ਇੱਕ ਅਮੀਰ ਦੇਸ਼ ਜਿੱਥੇ ਕੋਰੋਨਾ ਵਾਇਰਸ ਮਾਮਲੇ ਘੱਟ ਹਨ, ਉਸਨੂੰ ਅਜਿਹੇ ਦੇਸ਼ਾਂ ਚ ਉਪਕਰਣ ਭੇਜਣੇ ਚਾਹੀਦੇ ਹਨ ਜਿੱਥੇ ਵਾਇਰਸ ਦੇ ਮਾਮਲੇ ਜ਼ਿਆਦਾ ਹਨ. ਅਜਿਹੀ ਹੀ ਕੋਸ਼ਿਸ਼ ਡਾਕਟਰਾਂ ਦੀ ਤੈਨਾਤੀ ਦੇ ਮਾਮਲੇ ਚ ਵੀ ਹੋਣੀ ਚਾਹੀਦੀ ਹੈ.
ਅਰਥ-ਵਿਵਸਥਾਵਾਂ ਨੂੰ ਸੰਭਾਲਣ ਲਈ ਵੀ ਇੱਕ ਵਿਸ਼ਵ ਨੀਤੀ ਬਣਨੀ ਚਾਹੀਦੀ ਹੈ, ਹਰ ਦੇਸ਼ ਆਪਣੇ ਹਿਸਾਬ ਨਾਲ ਚੱਲੇਗਾ ਤਾਂ ਸੰਕਟ ਹੋਰ ਵੀ ਡੂੰਘਾ ਹੁੰਦਾ ਜਾਵੇਗਾ. ਇਸੇ ਤਰ੍ਹਾਂ ਯਾਤਰਾਵਾਂ ਉੱਤੇ ਇੱਕ ਸਹਿਮਤੀ ਬਣਨੀ ਚਾਹੀਦੀ ਹੈ, ਲੰਬੇ ਸਮੇਂ ਤੱਕ ਯਾਤਰਾ ਉੱਤੇ ਪੂਰੀ ਤਰ੍ਹਾਂ ਰੋਕ ਨਾਲ ਬਹੁਤ ਨੁਕਸਾਨ ਹੋਵੇਗਾ, ਕੋਰੋਨਾ ਦੇ ਵਿਰੁੱਧ ਲੜਾਈ ਵੀ ਕਮਜ਼ੋਰ ਹੋਵੇਗੀ ਕਿਉਂਕਿ ਵਿਗਿਆਨਿਕਾਂ, ਡਾਕਟਰਾਂ, ਪੱਤਰਕਾਰਾਂ, ਸਿਆਸਤਦਾਨਾਂ ਤੇ ਵਪਾਰੀ ਲੋਕਾਂ ਨੂੰ ਵੀ ਦੁਨੀਆ ਦੇ ਇੱਕ ਖੂੰਜੇ ਤੋਂ ਦੂਜੇ ਖੂੰਜੇ ਚ ਜਾਣਾ ਹੋਵੇਗਾ. ਪ੍ਰੀ-ਸਕਰੀਨਿੰਗ ਦੇ ਨਾਲ ਯਾਤਰਾਵਾਂ ਨੂੰ ਸ਼ੁਰੂ ਕਰਨ ਤੇ ਸਹਿਮਤੀ ਬਣਾਈ ਜਾ ਸਕਦੀ ਹੈ.
ਪਰ ਅਫ਼ਸੋਸ ਕਿ ਇਨ੍ਹਾਂ ਚੋਂ ਕੁਝ ਵੀ ਨਹੀਂ ਹੋ ਰਿਹਾ ਹੈ, ਦੁਨੀਆ ਭਰ ਦੀਆਂ ਸਰਕਾਰਾਂ ਇੱਕ ਸਾਮੂਹਿਕ ਅਧਰੰਗ ਜਿਹੀ ਹਾਲਤ ਚ ਹਨ. ਦੁਨੀਆ ਦੇ ਸਭ ਤੋਂ ਅਮੀਰ ਸੱਤ ਦੇਸ਼ਾਂ ਦੇ ਲੀਡਰਾਂ ਦੀ ਬੈਠਕ ਹੁਣ ਜਾ ਕੇ ਪਿਛਲੇ ਹਫ਼ਤੇ ਟੈਲੀ-ਕਾਨਫ੍ਰੈਂਸਿੰਗ ਨਾਲ ਹੋਈ ਹੈ ਜਿਸ ਚ ਅਜਿਹੀ ਕੋਈ ਯੋਜਨਾ ਸਾਹਮਣੇ ਨਹੀਂ ਰੱਖੀ ਗਈ ਜਿਸ ਚ ਦੁਨੀਆ ਦੇ ਦੇਸ਼ ਇੱਕਜੁਟ ਹੋ ਕੇ ਕੋਰੋਨਾ ਨਾਲ ਲੜ ਸਕਣ.
2008 ਦੇ ਆਰਥਿਕ ਸੰਕਟ ਤੇ 2014 ਚ ਇਬੋਲਾ ਫੈਲਣ ਤੇ ਅਮਰੀਕਾ ਨੇ ਗਲੋਬਲ ਲੀਡਰ ਦੀ ਭੂਮਿਕਾ ਨਿਭਾਈ ਸੀ, ਪਰ ਇਸ ਵਾਰ ਅਮਰੀਕੀ ਪ੍ਰਸ਼ਾਸਨ ਨੇ ਇਹ ਕੰਮ ਟਾਲ ਦਿੱਤਾ ਹੈ, ਅਜਿਹਾ ਲੱਗ ਰਿਹਾ ਹੈ ਕਿ ਮਨੁੱਖਤਾ ਦੇ ਭਵਿੱਖ ਤੋਂ ਵੱਧ ਚਿੰਤਾ ਗ੍ਰੇਟਨੇਸ ਆਫ਼ ਅਮੇਰਿਕਾ ਦੀ ਹੈ. ਮੌਜੂਦਾ ਲੀਡਰਸ਼ਿਪ ਨੇ ਆਪਣੇ ਸਭ ਤੋਂ ਕਰੀਬੀ ਸਾਂਝੀਦਾਰਾਂ ਨੂੰ ਵੀ ਛੱਡ ਦਿੱਤਾ ਹੈ. ਯੂਰਪੀ ਸੰਘ ਦੇ ਨਾਲ ਕੋਈ ਸਹਿਯੋਗ ਨਹੀਂ ਹੋ ਰਿਹਾ. ਅਮਰੀਕਾ ਦਾ ਜਰਮਨ ਨਾਲ ਇੱਕ ਸਕੈਂਡਲ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਅਮਰੀਕਾ ਦੁਆਰਾ ਜਰਮਨ ਦੀ ਇੱਕ ਫਰਮਾ ਕੰਪਨੀ ਨੂੰ, ਜੋ ਕੋਵਿਡ-19 ਦਾ ਵੈਕਸੀਨ ਬਣਾ ਰਹੀ ਹੈ, ਰਿਸ਼ਵਤ ਪੇਸ਼ਕਸ਼ ਕੀਤੀ ਗਈ ਤਾਂ ਜੋ ਇਹ ਵੈਕਸੀਨ ਸਿਰਫ ਅਮਰੀਕਾ ਦੇ ਲੋਕਾਂ ਲਈ ਖਰੀਦੀ ਜਾ ਸਕੇ.
ਅਸੀਂ ਚੁਣਨਾ ਹੈ ਕਿ ਅਸੀਂ ਵਿਸ਼ਟ ਇੱਕਜੁਟਤਾ ਵੱਲ ਜਾਵਾਂਗੇ ਜਾਂ ਰਾਸ਼ਟਰਵਾਦੀ ਵਖਰੇਵੇਂ ਦੇ ਵੱਲ. ਜੇ ਅਸੀਂ ਰਾਸ਼ਟਰਵਾਦੀ ਵਖਰੇਵਾਂ ਚੁਣਾਂਗੇ, ਤਾਂ ਇਹ ਸੰਕਟ ਵੱਧ ਨੁਕਸਾਨ ਕਰਕੇ ਦੇਰ ਨਾਲ ਟਲੇਗਾ, ਤੇ ਭਵਿੱਖ ਚ ਵੀ ਅਜਿਹੇ ਸੰਕਟ ਆਉਂਦੇ ਰਹਿਣਗੇ. ਪਰ ਜੇ ਅਸੀਂ ਵਿਸ਼ਵ ਇੱਕਜੁਟਤਾ ਨੂੰ ਚੁਣਦੇ ਹਾਂ ਤਾਂ ਇਹ ਕੋਰੋਨਾ ਦੇ ਵਿਰੁੱਧ ਸਾਡੀ ਵੱਡੀ ਜਿੱਤ ਤਾਂ ਹੋਵੇਗੀ ਹੀ, ਨਾਲ ਹੀ ਅਸੀਂ ਭਵਿੱਖ ਦੇ ਸੰਕਟਾਂ ਨਾਲ ਨਿਪਟਣ ਲਈ ਮਜ਼ਬੂਤ ਹੋਵਾਂਗੇ, ਅਜਿਹੇ ਸੰਕਟ ਜੋ 21ਵੀਂ ਸਦੀ ਚ ਧਰਤੀ ਤੋਂ ਮਨੁੱਖ-ਜਾਤੀ ਦੀ ਹੋਂਦ ਹੀ ਮਿਟਾ ਸਕਦੇ ਹਨ.

ਯੁਵਾਲ ਨੋਵਾ ਹਰਾਰੀ

ਅਨੁਵਾਦ: ਹਰਜੋਤ
ਸੰਪਰਕ: 90413-50826

***



No comments:

Post a Comment

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...