Thursday, March 26, 2020

ਕੋਰੋਨਾ ਵਾਈਰਸ, ਸਮਕਾਲੀ ਰਾਜਨੀਤੀ ਤੇ ਹਰਾਰੀ ਚਿੰਤਨ



ਕਰੋਨਾ ਵਾਈਰਸ ਨੂੰ ਲੈ ਕੇ ਦੁਨੀਆ ਭਰ ਵਿਚ ਬੜੀਆਂ ਗੱਲਾਂ ਹੋ ਰਹੀਆਂ ਹਨ. ਏਨੀਆਂ ਗੱਲਾਂ ਕਿ ਆਮ ਬੰਦੇ ਲਈ ਇਹ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ ਇਨ੍ਹਾਂ ਵਿਚੋਂ ਕਿਹੜੀ ਸਹੀ ਤੇ ਕਿਹੜੀ ਗ਼ਲਤ ਹੈ. ਉਦਾਹਰਨ ਵਜੋਂ ਹਰ ਦੇਸ਼ ਦੀ ਸਰਕਾਰ ਇਸ ਗੱਲ ਨੂੰ ਜ਼ੋਰ-ਸ਼ੋਰ ਨਾਲ਼ ਪ੍ਰਚਾਰ ਰਹੀ ਏ ਕਿ ਇਸ ਵਾਈਰਸ ਤੋਂ ਬਚਣ ਹਿਤ ਲੋਕਾਂ ਨੂੰ ਘਰਾਂ ਅੰਦਰ ਡੱਕ ਦੇਣਾ ਜ਼ਰੂਰੀ ਹੈ. ਭਾਰਤ ਇਸ ਦਾ ਪ੍ਰਤੱਖ ਪ੍ਰਮਾਣ ਹੈ. ਅਸੀਂ ਇਕ ਕੈਦ ਭੋਗ ਰਹੇ ਹਾਂ. ਹਾਲਾਂਕਿ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਰਨਾ ਸਾਡੇ ਲਈ ਬੇਹੱਦ ਜ਼ਰੂਰੀ ਹੈ, ਪਰ ਦੁਨੀਆ ਦੇ ਨਾਮਵਰ ਚਿੰਤਕਾਂ ਵਿਚ ਸ਼ਾਮਿਲ ਸਾਡੇ ਸਮਿਆਂ ਦੇ ਅਦਭੁਤ ਵਿਚਾਰਕ ਯੁਵਾਲ ਨੋਆਹ ਹਰਾਰੀ ਦਾ ਆਖਣਾ ਹੈ ਕਿ, “ਜੇਕਰ ਤੁਸੀਂ ਸੋਚਦੇ ਹੋ ਕਿ ਖ਼ੁਦ ਨੂੰ ਸਾਰਿਆਂ ਤੋਂ ਦੂਰ ਰੱਖ ਕੇ ਤੁਸੀਂ ਇਸ ਮਹਾਂਮਾਰੀ ਤੋਂ ਬਚ ਸਕਦੇ ਹੋ ਤਾਂ ਇਹ ਤੁਹਾਡੀ ਵੱਡੀ ਭੁੱਲ ਹੈ. ਇਸ ਦਾ ਕਾਰਨ ਦੱਸਦੇ ਹੋਏ ਉਹ ਆਖਦੇ ਨੇ ਕਿ 14ਵੀਂ ਸਦੀ ਵਿਚ, ਜਦੋਂ ਨਾ ਰੇਲ-ਗੱਡੀਆਂ ਸਨ ਤੇ ਨਾ ਹੀ ਹਵਾਈ-ਜ਼ਹਾਜ, ਉਸ ਵਕਤ ਏਸ਼ੀਆ ਤੋਂ ਸ਼ੁਰੂ ਹੋਈ ਪਲੇਗ ਪੂਰੇ ਯੂਰਪ ਤੱਕ ਫ਼ੈਲ ਗਈ ਤੇ ਇਸ ਨੇ ਕਰੀਬ 7 ਕਰੋੜ ਲੋਕਾਂ ਦੀ ਜਾਨ ਲੈ ਲਈ ਸੀ. ਇਤਿਹਾਸ ਦੇ ਵਿਦਿਆਰਥੀ ਜਾਣਦੇ ਹਨ ਕਿ ਇਸ ਭਿਆਨਕ ਸਮੱਸਿਆ ਨੂੰ ਅੱਜ ਵੀ ਦੁਨੀਆ ਭਰ ਵਿਚ ‘ਬਲੈਕ ਡੈੱਥ’ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ. ਇਸ ਲਈ ਹਰਾਰੀ ਦਾ ਮੰਨਣਾ ਹੈ ਕਿ ਜੁਕਰ 1330-1350 ਵਿਚ ਇਹ ਸਥਿਤੀ ਸੀ ਤਾਂ ਅੱਜ 21ਵੀਂ ਸਦੀ ਦੀ ਭੂਮੰਡਲੀਕ੍ਰਿਤ ਦੁਨੀਆ ਵਿਚ ਇਹ ਭੁੱਲ ਹੀ ਜਾਣਾ ਚਾਹੀਦਾ ਹੈ ਕਿ ਤੁਸੀਂ ਸਾਰਿਆਂ ਤੋਂ ਦੂਰ ਜਾਂ ਵੱਖ ਰਹਿ ਕੇ ਇਸ ਮਹਾਂਮਾਰੀ ਤੋਂ ਬਚ ਸਕਦੇ ਹੋ.

ਹਰਾਰੀ ਇਹ ਵੀ ਆਖਦਾ ਹੈ ਕਿ, “ਵਾਸਤਵ ਵਿਚ ਜਰੂਰਤ ਇਸ ਦੇ ਠੀਕ ਉਲਟ ਹੈ. ਸਾਨੂੰ ਬੰਦ ਨਹੀਂ ਸਗੋਂ ਵੱਧ ਤੋਂ ਵੱਧ ਖੁੱਲ੍ਹਣ ਦੀ ਲੋੜ ਹੈ. ਮਨੁੱਖਤਾ ਨੂੰ ਖ਼ੁਦ ਨੂੰ ਆਪਣੇ-ਆਪ ਨੂੰ ਇਕ ਜਾਤੀ ਮੰਨਦੇ ਹੋਏ, ਇਸ ਸਮੱਸਿਆ ਦਾ ਮਿਲ ਕੇ ਹੱਲ ਲੱਭਣਾ ਹੋਵੇਗਾ. ਇਕ-ਦੂਜੇ ਨਾਲ ਲਗਾਤਾਰ ਸੰਵਾਦ ਕਰਨਾ ਹੋਵੇਗਾ. ਫਿਰ ਹੀ ਇਸ ਦਾ ਟਾਕਰਾ ਕੀਤਾ ਜਾ ਸਕਦਾ ਹੈ. ਹਾਲਾਂਕਿ ਉਹ ਇਹ ਵੀ ਆਖਦੇ ਨੇ ਕਿ ਇਸ ਮੌਕੇ ਸਰਕਾਰਾਂ ਨੂੰ ਇਕ ਵੱਡੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ, ਪਰ ਨਾਲ਼ ਹੀ ਨਾਲ਼ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਇਸ ਗੱਲ ’ਤੇ ਯਕੀਨ ਨਹੀਂ ਕਰ ਸਕਦੇ ਕਿ ਸਰਕਾਰਾਂ ਏਦਾਂ ਕਰਨਗੀਆਂ. ਉਨ੍ਹਾਂ ਮੁਤਾਬਿਕ ਕੋਈ ਵੀ ਇਸ ’ਤੇ ਵਿਸ਼ਵਾਸ਼ ਨਹੀਂ ਕਰ ਸਕਦਾ. ਇਸ ਲਈ ਇਹ ਸਮਾਂ ਰਾਜਨੀਤੀ ਦੀ ਅਗਨੀ-ਪ੍ਰੀਖਿਆ ਦਾ ਹੈ, ਪਰ ਇਸ ਮੌਕੇ ਰਾਜਨੀਤੀ ਕੀ ਕਰ ਰਹੀ ਹੈ? ਉਸ ਬਾਬਤ ਲਿਖਦਿਆਂ ਹਰਾਰੀ ਨੇ ਆਪਣੇ ਲੇਖ ‘ਕੋਰੋਨਾ ਵਾਇਰਸ ਤੋਂ ਬਾਅਦ ਦੁਨੀਆ’ (ਅਨਹਦ ਦੇ ਆਉਣ ਵਾਲੇ ਅਪ੍ਰੈਲ-ਜੂਨ ਅੰਕ ਵਿਚ ਤੁਸੀਂ ਇਸ ਲੇਖ ਨੂੰ ਪੂਰਾ ਪੜ੍ਹ ਸਕਦੇ ਹੋ) ਅੰਦਰ ਕਿਹਾ ਹੈ ਕਿ, “ਮਹਾਂਮਾਰੀ ਨੂੰ ਰੋਕਣ ਲਈ ਪੂਰੀ ਆਬਾਦੀ ਨੂੰ ਤੈਅ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਹੁੰਦਾ ਹੈ. ਇਸ ਨੂੰ ਹਾਸਿਲ ਕਰਨ ਦੇ ਦੋ ਮੁੱਖ ਤਰੀਕੇ ਹਨ. ਪਹਿਲਾ ਤਰੀਕਾ ਇਹ ਹੈ ਕਿ ਸਰਕਾਰ ਲੋਕਾਂ ਦੀ ਨਿਗਰਾਨੀ ਕਰੇ ਤੇ ਜੋ ਲੋਕ ਨਿਯਮ ਤੋੜਨ ਉਨ੍ਹਾਂ ਨੂੰ ਦੰਡ ਦੇਵੇ. ਅੱਜ ਦੀ ਤਾਰੀਖ਼ ’ਚ ਮਨੁੱਖਤਾ ਦੇ ਇਤਿਹਾਸ ’ਚ ਤਕਨਾਲੋਜੀ ਨੇ ਇਸ ਨੂੰ ਪਹਿਲੀ ਵਾਰ ਸੰਭਵ ਬਣਾ ਦਿੱਤਾ ਹੈ ਕਿ ਹਰ ਨਾਗਰਿਕ ਦੀ ਹਰ ਸਮੇਂ ਨਿਗਰਾਨੀ ਕੀਤੀ ਜਾ ਸਕੇ. 50 ਸਾਲ ਪਹਿਲਾਂ ਰੂਸੀ ਖੁਫ਼ੀਆ ਏਜੰਸੀ ਕੇ.ਜੀ.ਬੀ. 24 ਕਰੋੜ ਸੋਵੀਅਤ ਨਾਗਰਿਕਾਂ ਦੀ 24 ਘੰਟੇ ਨਿਗਰਾਨੀ ਨਹੀਂ ਕਰ ਪਾਉਂਦੀ ਸੀ. ਕੇ.ਜੀ.ਬੀ. ਇਨਸਾਨੀ ਏਜੰਟਾਂ ਤੇ ਵਿਸ਼ਲੇਸ਼ਕਾਂ ਉੱਤੇ ਨਿਰਭਰ ਸੀ ਤੇ ਹਰ ਵਿਅਕਤੀ ਦੇ ਪਿੱਛੇ ਇੱਕ ਏਜੰਟ ਲਗਾਉਣਾ ਸੰਭਵ ਨਹੀਂ ਸੀ. ਹੁਣ ਇਨਸਾਨੀ ਜਾਸੂਸ ਦੀ ਜ਼ਰੂਰਤ ਨਹੀਂ, ਹਰ ਜਗ੍ਹਾ ਮੌਜੂਦ ਸਰਵ-ਵਿਆਪੀ ਸੈਂਸਰਾਂ ਤੇ ਪ੍ਰਤੀਕ-ਗਣਿਤ (ਐਲਗੋਰਿਥਮ) ਉੱਤੇ ਸਰਕਾਰਾਂ ਨਿਰਭਰ ਕਰ ਸਕਦੀਆਂ ਹਨ.

ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਬਹੁਤ ਸਾਰੀਆਂ ਸਰਕਾਰਾਂ ਨੇ ਨਿਗਰਾਨੀ ਦੇ ਨਵੇਂ ਉਪਕਰਣ ਤੇ ਵਿਵਸਥਾਵਾਂ ਲਾਗੂ ਕਰ ਦਿੱਤੀਆਂ ਹਨ. ਇਸ ’ਚ ਸਭ ਤੋਂ ਖਾਸ ਮਾਮਲਾ ਚੀਨ ਦਾ ਹੈ. ਲੋਕਾਂ ਦੇ ਸਮਾਰਟ ਫ਼ੋਨ ਨੂੰ ਡੂੰਘਾਈ ਨਾਲ ਮੋਨੀਟਰ ਕਰ ਕੇ, ਲੱਖਾਂ ਕੈਮਰਿਆਂ ਦੇ ਰਾਹੀਂ, ਚਿਹਰੇ ਪਹਿਚਾਨਣ ਵਾਲੀ ਤਕਨਾਲੋਜੀ ਦੀ ਵਰਤੋਂ ਕਰਕੇ, ਲੋਕਾਂ ਦੇ ਸਰੀਰ ਦਾ ਤਾਪਮਾਨ ਲੈ ਕੇ, ਬਿਮਾਰ ਲੋਕਾਂ ਦੀ ਰਿਪੋਰਟਿੰਗ ਨੂੰ ਸਖਤ ਬਣਾ ਕੇ ਸੰਦੇਹਜਨਕ ਲੋਕਾਂ ਦੀ ਪਹਿਚਾਣ ਕੀਤੀ ਗਈ. ਇਹੀ ਨਹੀਂ, ਉਨ੍ਹਾਂ ਦੇ ਆਉਣ-ਜਾਣ ਨੂੰ ਟਰੈਕ ਕੀਤਾ ਗਿਆ ਤਾਂਕਿ ਪਤਾ ਲੱਗ ਸਕੇ ਕਿ ਉਹ ਕਿਹੜੇ ਲੋਕਾਂ ਨਾਲ ਮਿਲੇ-ਜੁਲੇ ਹਨ. ਅਜਿਹੇ ਮੋਬਾਇਲ ਐਪ ਵੀ ਹਨ, ਜੋ ਰੋਗ-ਗ੍ਰਸਤ ਹੋਣ ਦੀ ਆਸ਼ੰਕਾ ਵਾਲੇ ਲੋਕਾਂ ਦੀ ਪਹਿਚਾਣ ਕਰ ਕੇ ਨਾਗਰਿਕਾਂ ਨੂੰ ਖ਼ਬਰਦਾਰ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਤੋਂ ਦੂਰ ਰਹੋ.

ਹਰਾਰੀ ਕਰੋਨਾ ਵਾਈਰਸ ਦੀ ਇਸ ਸਮੱਸਿਆ ਨੂੰ ਸਰਕਾਰਾਂ ਲਈ ਇਕ ਮੌਕੇ ਦੇ ਰੂਪ ਵਿਚ ਦੇਖਦੇ ਹਨ. ਇਸ ਲਈ ਆਪਣੇ ਉਕਤ ਲੇਖ ਅੰਦਰ ਉਨ੍ਹਾਂ ਨੇ ਬਾਇਓਮੈਟ੍ਰਿਕ ਨਿਗਰਾਨੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ, "ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੰਟਰਨੈੱਟ ਦਾ ਫੋਕਸ ਬਦਲ ਜਾਵੇਗਾ. ਹੁਣ ਸਰਕਾਰ ਤੁਹਾਡੀ ਉਂਗਲੀ ਦਾ ਤਾਪਮਾਨ ਤੇ ਚਮੜੀ ਦੇ ਥੱਲੇ ਦਾ ਬਲੱਡ ਪ੍ਰੈਸ਼ਰ ਵੀ ਜਾਨਣ ਲੱਗੇਗੀ. ਨਿਗਰਾਨੀ ਦੇ ਮਾਮਲੇ ’ਚ ਦਿੱਕਤ ਇਹੀ ਹੈ ਕਿ ਸਾਡੇ ’ਚੋਂ ਕੋਈ ਪੱਕੇ ਤੌਰ ’ਤੇ ਨਹੀਂ ਜਾਣਦਾ ਕਿ ਸਾਡੇ ਉੱਪਰ ਕਿਸ ਤਰ੍ਹਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਸਾਲਾਂ ’ਚ ਉਸ ਦਾ ਰੂਪ ਕੀ ਹੋਵੇਗਾ. ਨਿਗਰਾਨੀ ਤਕਨਾਲੋਜੀ ਤੂਫ਼ਾਨੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ. 10 ਸਾਲ ਪਹਿਲਾਂ ਤੱਕ ਜਿਹੋ ਜਿਹੀ ਵਿਗਿਆਨ-ਫਿਕਸ਼ਨ ਪ੍ਰਤੀਤ ਹੁੰਦੀ ਸੀ, ਉਹ ਅੱਜ ਪੁਰਾਣੀ ਖ਼ਬਰ ਹੈ. ਸੋਚਣ ਦੀ ਸੁਵਿਧਾ ਲਈ ਮੰਨ ਲਓ ਕਿ ਕੋਈ ਸਰਕਾਰ ਆਪਣੇ ਨਾਗਰਿਕਾਂ ਨੂੰ ਕਹੇ ਕਿ ਸਾਰੇ ਲੋਕਾਂ ਨੂੰ ਇੱਕ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਣਾ ਜ਼ਰੂਰੀ ਹੋਵੇਗਾ, ਜੋ ਸਰੀਰ ਦਾ ਤਾਪਮਾਨ ਤੇ ਦਿਲ ਦੀ ਧੜਕਨ ਨੂੰ 24 ਘੰਟੇ ਮੋਨੀਟਰ ਕਰਦਾ ਰਹੇਗਾ. ਬ੍ਰੈਸਲੇਟ ਤੋਂ ਮਿਲਣ ਵਾਲਾ ਡਾਟਾ ਸਰਕਾਰੀ ਐਲਗੋਰਿਥਮ ’ਚ ਜਾਂਦਾ ਰਹੇਗਾ ਤੇ ਉਸ ਦਾ ਵਿਸ਼ਲੇਸ਼ਣ ਹੁੰਦਾ ਰਹੇਗਾ. ਤੁਹਾਨੂੰ ਪਤਾ ਲੱਗੇ ਕਿ ਤੁਸੀਂ ਬਿਮਾਰ ਹੋਂ, ਇਸ ਤੋਂ ਪਹਿਲਾਂ ਸਰਕਾਰ ਨੂੰ ਪਤਾ ਹੋਵੇਗਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਹੈ. ਸਿਸਟਮ ਨੂੰ ਇਹ ਵੀ ਪਤਾ ਹੋਵੇਗਾ ਕਿ ਤੁਸੀਂ ਕਿੱਥੇ-ਕਿੱਥੇ ਗਏ, ਕਿਸ-ਕਿਸ ਨੂੰ ਮਿਲੇ, ਇਸ ਤਰ੍ਹਾਂ ਛੂਤ ਦੇ ਰੋਗ ਦੀ ਲੜੀ ਨੂੰ ਛੋਟਾ ਕੀਤਾ ਜਾ ਸਕੇਗਾ ਜਾਂ ਕਈ ਵਾਰ ਤੋੜਿਆ ਜਾ ਸਕੇਗਾ. ਇਸ ਤਰ੍ਹਾਂ ਦਾ ਸਿਸਟਮ ਕਿਸੇ ਮਹਾਂਮਾਰੀ ਨੂੰ ਕੁਝ ਹੀ ਦਿਨਾਂ ’ਚ ਖਤਮ ਕਰ ਸਕਦਾ ਹੈ, ਸੁਣਨ ’ਚ ਬਹੁਤ ਚੰਗਾ ਲੱਗਦਾ ਹੈ, ਹੈ ਨਾ?

ਹੁਣ ਇਸ ਦੇ ਖ਼ਤਰੇ ਨੂੰ ਸਮਝੋ, ਇਹ ਇੱਕ ਖੌਫ਼ਨਾਕ ਨਿਗਰਾਨੀ ਰਾਜ ਦੀ ਸ਼ੁਰੂਆਤ ਕਰੇਗਾ. ਮਿਸਾਲ ਵਜੋਂ, ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਮੈਂ ਫ਼ਾਕਸ ਨਿਊਜ਼ ਦੀ ਜਗ੍ਹਾ ਸੀਐਨਐਨ ਦੇ ਲਿੰਕ ’ਤੇ ਕਲਿੱਕ ਕੀਤਾ ਹੈ ਤਾਂ ਤੁਸੀਂ ਮੇਰੇ ਰਾਜਨੀਤਿਕ ਵਿਚਾਰਾਂ ਤੇ ਇੱਥੋਂ ਤੱਕ ਕਿ ਕੁਝ ਹੱਦ ਤੱਕ ਮੇਰੇ ਵਿਅਕਤਿਤਵ (ਸ਼ਖ਼ਸੀਅਤ) ਨੂੰ ਸਮਝ ਸਕੋਗੇ, ਪਰ ਜੇਕਰ ਤੁਸੀਂ ਇੱਕ ਵੀਡਿਓ ਕਲਿੱਪ ਦੇਖਣ ਦੇ ਦੌਰਾਨ ਮੇਰੇ ਸਰੀਰ ਦੇ ਤਾਪਮਾਨ, ਬਲੱਡ ਪ੍ਰੈਸ਼ਰ ਤੇ ਹਾਰਟ ਰੇਟ ਨੂੰ ਮੋਨੀਟਰ ਕਰ ਰਹੇ ਹੋ ਤਾਂ ਤੁਸੀਂ ਜਾਣ ਸਕਦੇ ਹੋ ਕਿ ਮੈਨੂੰ ਕਿਹੜੀਆਂ ਗੱਲਾਂ ਉੱਤੇ ਗੁੱਸਾ, ਹਾਸਾ ਜਾਂ ਰੋਣਾ ਆਉਂਦਾ ਹੈ.

ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁੱਸਾ, ਖੁਸ਼ੀ, ਅਕੇਵਾਂ ਤੇ ਪਿਆਰ ਇੱਕ ਜੈਵਿਕ ਪ੍ਰਕਿਰਿਆ ਹੈ, ਬਿਲਕੁਲ ਬੁਖ਼ਾਰ ਤੇ ਖੰਘ ਦੀ ਤਰ੍ਹਾਂ. ਜੋ ਤਕਨਾਲੋਜੀ ਖੰਘ ਦਾ ਪਤਾ ਲਗਾ ਸਕਦੀ ਹੈ, ਉਹ ਹਾਸਿਆਂ ਦਾ ਵੀ ਪਤਾ ਲਗਾ ਸਕਦੀ ਹੈ. ਜੇਕਰ ਸਰਕਾਰਾਂ ਤੇ ਵੱਡੀਆਂ ਕੰਪਨੀਆਂ ਨੂੰ ਵੱਡੇ ਪੈਮਾਨੇ ’ਤੇ ਸਾਡਾ ਡਾਟਾ ਜੁਟਾਉਣ ਦੀ ਆਜ਼ਾਦੀ ਮਿਲ ਜਾਵੇਗੀ ਤਾਂ ਉਹ ਸਾਡੇ ਬਾਰੇ ਸਾਡੇ ਤੋਂ ਬਿਹਤਰ ਜਾਣਨ ਲੱਗਣਗੇ. ਉਹ ਸਾਡੀਆਂ ਭਾਵਨਾਵਾਂ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਸਕਣਗੇ, ਇਹੀ ਨਹੀਂ, ਉਹ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ੍ਹ ਵੀ ਕਰ ਸਕਣਗੇ, ਉਹ ਜੋ ਚਾਹਣਗੇ ਸਾਨੂੰ ਵੇਚ ਸਕਣਗੇ– ਚਾਹੇ ਉਹ ਇੱਕ ਉਤਪਾਦ ਹੋਵੇ ਜਾਂ ਕੋਈ ਸਿਆਸਤਦਾਨ. ਬਾਇਓਮ੍ਰੈਟਿਕ ਨਿਗਰਾਨੀ ਤੋਂ ਬਾਅਦ ਕੈਮਬ੍ਰਿਜ ਐਨਾਲਿਟਿਕਾ ਪਾਸ਼ਾਣ ਯੁੱਗ ਦੀ ਤਾਕਨੋਲੋਜੀ ਲੱਗਣ ਲੱਗੇਗੀ. ਕਲਪਨਾ ਕਰੋ, ਉੱਤਰ ਕੋਰੀਆ ’ਚ 2030 ਤੱਕ ਹਰ ਨਾਗਰਿਕ ਨੂੰ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਾ ਦਿੱਤਾ ਗਿਆ ਹੈ. ਮਹਾਨ ਲੀਡਰ ਦਾ ਭਾਸ਼ਣ ਸੁਣਨ ਤੋਂ ਬਾਅਦ ਜਿਨ੍ਹਾਂ ਦਾ ਬ੍ਰੈਸਲੇਟ ਦੱਸੇਗਾ ਕਿ ਉਨ੍ਹਾਂ ਨੂੰ ਗੁੱਸਾ ਆ ਰਿਹਾ ਸੀ, ਉਨ੍ਹਾਂ ਦਾ ਤਾਂ ਹੋ ਗਿਆ ਕੰਮ ਤਮਾਮ. ਇਨ੍ਹਾਂ ਸਾਰੀਆਂ ਹਾਲਾਤਾਂ ਵਿਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਕੋਰੋਨਾ ਦੀ ਸਮੱਸਿਆ ਦੇ ਨਾਲ਼-ਨਾਲ਼ ਅਸੀਂ ਰਾਜਨੀਤਕ ਢਾਂਚੇ ਦੀਆਂ ਸਮੱਸਿਆਵਾਂ ਨਾਲ਼ ਵੀ ਨਜਿੱਠਣਾ ਹੈ.

ਕੋਰੋਨਾ ਤੋਂ ਬਾਅਦ ਬਚ ਜਾਣ ਵਾਲੇ ਮਨੁੱਖਾਂ ਸਾਹਮਣੇ ਇਹ ਇਕ ਵੱਡੀ ਚੁਨੌਤੀ ਹੋਵੇਗੀ ਕਿ ਹੁਣ ਅਸੀਂ ਕਿਵੇਂ ਜਿਊਣਾ ਹੈ.


ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ


Thursday, March 19, 2020

ਇੱਕੀਵੀਂ ਸਦੀ ਵਿਚ ਧਰਮ ਅਤੇ ਵਿਗਿਆਨ ਦਾ ਸੰਵਾਦੀ ਪ੍ਰਸੰਗ




ਇਤਿਹਾਸਿਕ ਰੂਪ ਵਿਚ ਅਸੀਂ ਜਾਣਦੇ ਹਾਂ ਕਿ ਜਿਉਂ ਹੀ ਵਿਗਿਆਨ ਨੇ ਯਥਾਰਥ ਦੀ ਧਾਰਮਿਕ, ਗੁਣਾਤਮਿਕ ਤੇ ਰਹੱਸਾਤਮਿਕ ਪਰਿਭਾਸ਼ਾ ਨੂੰ ਪਰਿ-ਮਾਪਕ, ਗਣਿਤੀ ਤੇ ਸੈਕੂਲਰ ਮਾਡਲ ਨਾਲ਼ ਬਦਲਿਆ ਤਾਂ ਧਰਮ ਤੇ ਵਿਗਿਆਨ ਇਕ-ਦੂਸਰੇ ਪ੍ਰਤੀ ਲਗਭਗ ਯੁੱਧ ਦੀ ਸਥਿਤੀ ਵਿਚ ਆ ਖੜ੍ਹੇ ਹੋਏ. ਇਨ੍ਹਾਂ ਦੋਵਾਂ ਦੀ ਇਸ ਸੰਘਰਸ਼ਸ਼ੀਲ ਭੂਮਿਕਾ ਨੇ ਨਾ ਸਿਰਫ਼ ਮਾਨਵੀ ਚੇਤਨਾ ਦੀ ਮਾਨਵਵਾਦੀ ਪਹੁੰਚ ਉੱਪਰ ਸਵਾਲੀਆ ਚਿੰਨ੍ਹ ਲਗਾਇਆ, ਸਗੋਂ ਇਸ ਲੜਾਈ ਸਦਕਾ ਮਨੁੱਖ ਇਸ ਪ੍ਰਸ਼ਨ ਦੇ ਸਨਮੁੱਖ ਵੀ ਹੋਇਆ ਕਿ ਮਾਨਵੀ ਉੱਥਾਨ ਦੀ ਵਾਸਤਵਿਕ ਹੋਂਦ ਦੇ ਮੱਦੇ-ਨਜ਼ਰ ਇਨ੍ਹਾਂ ਦੋਵਾਂ ਅਨੁਸ਼ਾਸਨਾਂ ਵਿਚੋਂ ਕਿਸ ਅਨੁਸ਼ਾਸਨ ਦਾ ਅਨੁਸਰਣ ਕੀਤਾ ਜਾਵੇ? ਧਰਮ ਤੇ ਵਿਗਿਆਨ ਦੀ ਇਸ ਆਪਸੀ ਜੱਦੋ-ਜਹਿਦ ਨੇ ਹਾਲਾਂਕਿ 20ਵੀਂ ਸਦੀ ਦੌਰਾਨ ਇਕ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਈ, ਪਰ ਆਪਣੇ ਅੰਤਲੇ ਸਮਿਆਂ ਦੌਰਾਨ ਇਸ ਸਦੀ ਦੀ ਇਕ ਵੱਡੀ ਘਟਨਾ ਪਾਲ ਜਾਨਸਨ ਮੁਤਾਬਿਕ ਇਹ ਵਾਪਰੀ ਕਿ ਨੀਟਸ਼ੇ ਦੁਆਰਾ ਸਾਹਮਣੇ ਲਿਆਂਦੀ ਗਈ “ਰੱਬ ਦੀ ਮੌਤ” ਵਾਲੀ  ਖ਼ਬਰ ਗ਼ਲਤ ਸਿੱਧ ਹੋ ਗਈ. ਜਿਸ ਸਦਕਾ ਵਿਗਿਆਨ ਤੇ ਧਰਮ ਦੇ ਖੇਤਰ ਵਿਚ ਇਨ੍ਹਾਂ ਵਿਰੋਧੀ ਮੰਨੀਆਂ ਜਾਣ ਵਾਲੀਆਂ ਗਿਆਨਾਤਮਿਕ ਅਨੁਸ਼ਾਸ਼ਨਾਂ ਨੂੰ ਇਕ ਨਵੇਂ ਨਜ਼ਰੀਏ ਤੋਂ ਵਾਚਿਆ ਜਾਣ ਲੱਗਾ.
ਇਸ ਨਵੇਂ ਬਦਲਾਅ ਦਾ ਮੁੱਢ ਕੁਆਂਟਮ ਭੌਤਿਕੀ, ਸਾਪੇਖਤਾ ਸਿਧਾਂਤ, ਸਮਾਨਾਂਤਰ ਬ੍ਰਹਿਮੰਡ, ਸਟੈਡੀ ਥਿਊਰੀ, ਵਰਮਹੋਲ, ਸਟਰਿੰਗ ਥਿਊਰੀ ਅਤੇ ਨਵੇਂ ਗ੍ਰਹਿਆਂ ਆਦਿ ਦੀ ਪ੍ਰਾਪਤੀ ਸਦਕਾ ਮਜ਼ਬੂਤੀ ਸਹਿਤ ਸਾਹਮਣੇ ਆਇਆ. ਜਿਸ ਦੀ ਅਥਾਹਤਾ ਨੂੰ ਵੇਖਦਿਆਂ ਮਹਾਨ ਵਿਗਿਆਨੀ ਮੈਕਸ ਪਲਾਂਕ ਨੇ ਵਿਗਿਆਨ ਦੀ ਸੀਮਾ ਸਵੀਕਾਰਦਿਆਂ ਆਖਿਆ ਕਿ ਵਿਗਿਆਨ ਸ਼੍ਰਿਸਟੀ ਦੇ ਅੰਤਿਮ ਰਹੱਸ ਦਾ ਹੱਲ ਨਹੀਂ ਕਰ ਸਕਦਾ, ਕਿਉਂਕਿ ਆਖਰੀ ਵਿਸ਼ਲੇਸ਼ਣ ਵਿਚ ਅਸੀਂ ਉਸ ਰਹੱਸ ਦਾ ਹੀ ਅੰਸ਼ ਹਾਂ, ਜਿਸ ਦਾ ਅਸੀਂ ਹੱਲ ਕਰਨਾ ਚਾਹੁੰਦੇ ਹਾਂ. ਇਸ ਸੰਬੰਧੀ ਮੈਕਸ ਪਲਾਂਕ ਨੇ ਬ੍ਰਹਿਮੰਡੀ ਅਸਤਿਤਵ ਨਾਲ਼ ਸੰਬੰਧਿਤ ਚੇਤਨਾ ਨੂੰ “ਆਦਿ-ਬਿੰਦੂ” ਸਵੀਕਾਰਦੇ ਹੋਏ, ਪਦਾਰਥ ਤੇ ਚੇਤਨਾ ਦਰਮਿਆਨ ਚੱਲਦ ਰਹੇ ਸੰਘਰਸ਼ ਨੂੰ ਵੀ ਇਕ ਠੋਸ ਦਿਸ਼ਾ ਪ੍ਰਦਾਨ ਕੀਤੀ, ਜਿਸ ਨੇ ਵਿਗਿਆਨ ਦੀਆਂ ਸੀਮਾਵਾਂ ਨੂੰ ਸਪਸ਼ਟਤਾ ਸਹਿਤ ਉਜਾਗਰ ਕੀਤਾ. ਇਹ ਉਹ ਕਾਲ ਸੀ ਜਿਸ ਦੌਰਾਨ ਨਾਮਵਾਰ ਸਾਇੰਸਦਾਨ ਹੇਜਨਬਰਗ ਨੂੰ ਆਪਣੀ ਕਿਤਾਬ “Physics and Philosophyਵਿਚ ਲਿਖਣਾ ਪਿਆ ਸੀ ਕਿ ਆਧੁਨਿਕ ਭੌਤਿਕੀ ਦੇ ਨਵੀਨਤਮ ਵਿਕਾਸ ਪ੍ਰਤੀ ਤੀਬਰ ਪ੍ਰਤਿਕਿਰਿਆ ਨੂੰ ਇਸ ਅਰਥ ਵਿਚ ਸਮਝਿਆ ਜਾ ਸਕਦਾ ਹੈ ਕਿ ਭੌਤਿਕੀ ਦੀ ਨੀਂਹ ਹਿੱਲਣ ਲੱਗੀ ਤੇ ਇਸ ਨੇ ਇਸ ਸ਼ੱਕਾਂ ਨੂੰ ਜਨਮ ਦਿੱਤਾ ਕਿ ਕਿਧਰੇ ਵਿਗਿਆਨ ਆਪਣਾ ਆਧਾਰ ਹੀ ਨਾ ਖੋਹ ਦੇਵੇ. ਅਜਿਹੀਆਂ ਗੱਲਾਂ ਸਿਰਫ਼ ਹੇਜਨਬਬਰਗ ਹੀ ਨਹੀਂ, ਸਗੋਂ ਅਲਬਰਟ ਆਈਨਸਟਾਈਨ ਦੁਆਰਾ ਵੀ ਕੀਤੀਆਂ ਜਾ ਰਹੀਆਂ ਸਨ. ਆਪਣੇ ਇਕ ਖ਼ਤ ਵਿਚ ਅਲਬਰਟ ਆਈਨਸਟਾਈਨ ਨੇ ਲਿਖਿਆ ਸੀ ਕਿ ਹਰ ਇਕ ਮਨੁੱਖ, ਜਿਹੜਾ ਵਿਗਿਆਨ ਦੀ ਜਗਿਆਸਾ ਅੰਦਰ ਗੰਭੀਰਤਾ ਸਹਿਤ ਮਸਰੂਫ਼ ਹੈ, ਇਸ ਗੱਲ ਨੂੰ ਸਵੀਕਾਰ ਕਰਨ ਲੱਗਦਾ ਹੈ ਕਿ ਸ਼੍ਰਿਸਟੀ ਦੇ ਸੰਚਾਲਨ ਨਿਯਮਾਂ ਅੰਦਰ ਇਕ ਆਤਮਾ ਕਾਰਜਸ਼ੀਲ ਹੈ, ਜਿਹੜੀ ਮਨੁੱਖ ਤੋਂ ਸ਼੍ਰੇਸ਼ਠ ਹੈ. ਇਸ ਤਰ੍ਹਾਂ ਵਿਗਿਆਨ ਦੀ ਜਿਗਿਆਸਾ ਮਨੁੱਖ ਨੂੰ ਇਕ ਵਿਸ਼ੇਸ਼ ਅਨੁਭੂਤੀ ਵੱਲ ਲੈ ਜਾਂਦੀ ਹੈ, ਜਿਹੜੀ ਨਿਸ਼ਚਿਤ ਹੀ ਉਸ ਵਿਅਕਤੀ ਦੀ ਧਾਰਮਿਕਤਾ ਤੋਂ ਬਿਲਕੁਲ ਵੱਖਰੀ ਹੈ, ਜਿਹੜੀ ਮੂਰਖ਼ਤਾ ਉੱਪਰ ਆਧਾਰਿਤ ਹੈ.
ਇਸ ਲਈ ਜਿਸ ਸਮੇਂ ਮਨੁੱਖ ਇਸ ‘ਮੂਰਖ਼ਤਾ’ ਦਾ ਤਿਆਗ ਕਰਦੇ ਹੋਏ ‘ਧਰਮ’ ਦੇ ਮੂਲ ਖ਼ਾਸੇ ਨਾਲ਼ ਜੁੜਦਾ ਹੈ ਤਾਂ ਉਸ ਦਾ ਚੇਤਨਾਗਤ ਪਾਸਾਰ ਇਕ ਨਵੀਂ ਭੂਮਿਕਾ ਦੇ ਸਨਮੁੱਖ ਹੁੰਦਾ ਹੈ. ਜਿਸ ਵਿਚ ਵਿਗਿਆਨ ਤੇ ਧਰਮ ਦਾ ਜੰਗਨੁਮਾ ਮਾਹੌਲ ਮਾਨਵੀ ਚੇਤਨਾ ਦੇ ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਲਈ ਸ਼ਾਂਤੀ ਤੇ ਸਹਿਯੋਗ ਦੀ ਉਸਾਰੀ ਕਰਨ ਹਿਤ ਰੁਚਿਤ ਹੁੰਦਾ ਹੈ. ਵਿਗਿਆਨ ਤੇ ਧਰਮ ਦੇ ਇਸ ਸਹਿਯੋਗ ਸੰਬੰਧੀ ਮਹਾਨ ਭੌਤਿਕ-ਸ਼ਾਸਤਰੀ ਰੋਜਰ ਪੇਨਰੋਜ਼ ਨੇ ਆਪਣੀਆਂ ਕਿਤਾਬਾਂ “The Emperor's New Mind: Concerning Computers, Minds and the Laws of Physics” ਅਤੇ “Shadows of the Mind: A Search for the Missing Science of Consciousness” ਦੇ ਸੰਦਰਭ ਵਿਚ ਆਪਣੀ ਇਕ ਮੁਲਾਕਾਤ ਦੌਰਾਨ ਆਖਿਆ ਸੀ ਕਿ ਵਿਗਿਆਨ ਅਤੇ ਧਰਮ ਅੰਦਰ ਟਕਰਾਅ ਨੂੰ ਵਿਭਿੰਨ ਧਾਰਮਿਕ ਦ੍ਰਿਸ਼ਟੀਆਂ ਦਰਮਿਆਨ ਟਕਰਾਅ ਦੇ ਵਿਸਤਾਰ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ. ਸਾਨੂੰ ਇਹ ਗੱਲ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਨਵੇਂ ਗਿਆਨ ਅੰਦਰ ਵਿਕਾਸ ਧਾਰਮਿਕ ਵਿਸ਼ਵਾਸ਼ਾਂ ਦੇ ਦੁਹਰਾਅ ਨੂੰ ਲਾਜ਼ਮੀ ਬਣਾ ਦਿੰਦਾ ਹੈ. ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ ਕਿ ਮੈਂ ਕੋਈ ਧਾਰਮਿਕ ਵਿਅਕਤੀ ਨਹੀਂ, ਕਿਉਂਕਿ ਮੈਂ ਕਿਸੇ ਪੰਥ ਦਾ ਅਨੁਆਈ ਨਹੀਂ ਹਾਂ, ਪਰ ਫਿਰ ਵੀ ਵਿਭਿੰਨ ਧਰਮਾਂ ਦੁਆਰਾ ਉਠਾਏ ਗਏ ਪ੍ਰਸ਼ਨ ਮਨੁੱਖ ਦੇ ਅਸਤਿਤਵ ਲਈ ਸਾਰ-ਤੱਤ ਦਾ ਮਹੱਤਵ ਰੱਖਦੇ ਹਨ. ਹਾਲਾਂਕਿ ਵਿਗਿਆਨ ਨੇ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਵਿਚ ਅਜੇ ਤੱਕ ਕੋਈ ਮਹੱਤਵਪੂਰਨ ਉੱਨਤੀ ਨਹੀਂ ਕੀਤੀ ਤਾਂ ਵੀ ਮੈਂ ਸੋਚਦਾ ਹਾਂ ਕਿ ਵਿਗਿਆਨ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਤਲਾਸ਼ ਕਰਨ ਲਈ ਆਪਣੇ ਧੁਰਿਆਂ ਨੂੰ ਵਿਸਤ੍ਰਿਤ ਕਰਨਾ ਪਵੇਗਾ. ਹੁਣ ਸਥਿਤੀ ਇਹ ਹੈ ਕਿ 20ਵੀਂ ਸਦੀ ਦਾ ਅੰਤ ਹੋਣ ਤੋਂ ਪਹਿਲਾਂ ਹੀ ਇਕ ਵਾਰ ਫਿਰ ਸੰਸਾਰ ਅੰਦਰ “New Age” (ਨਵਯੁੱਗ) ਦੀ ਚਰਚਾ ਸ਼ੁਰੂ ਹੋ ਗਈ ਹੈ, ਜਿਸ ਨੂੰ “The Age of Acevarian” ਅਰਥਾਤ ‘ਪਾਵਨ ਯੁੱਗ’ ਦਾ ਨਾਮ ਦਿੱਤਾ ਗਿਆ ਹੈ.
ਆਪਣੀ ਬੇਹੱਦ ਮਸ਼ਹੂਰ ਕਿਤਾਬ “The Tao of Physics” ਅੰਦਰ ਫ੍ਰਿਤਜਾਫ਼ ਕਾਪਰਾ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਹੈ ਕਿ ਪਾਵਨ-ਯੁੱਗ ਸ਼ੁਰੂ ਹੋ ਚੁੱਕਾ ਹੈ ਜਾਂ ਹੋਣ ਵਾਲਾ ਹੈ, ਕਿਉਂਕਿ ਹਰੇਕ ਅਜਿਹਾ ਯੁੱਗ 2000 ਸਾਲ ਤੱਕ ਚੱਲਦਾ ਹੈ ਤਾਂ ਸਾਡਾ ਭਾਵ ਇਹ ਹੈ ਕਿ ਜਲਦੀ ਹੀ ਇਕ ਅਜਿਹਾ ਨਵਯੁੱਗ ਇਕ ਬ੍ਰਹਿਮੰਡੀ ਰਵੱਈਏ ਨਾਲ਼ ਪ੍ਰਗਟ ਹੋਣ ਵਾਲਾ ਹੈ. ਆਪਣੀ ਇਸੇ ਲਿਖ਼ਤ ਅੰਦਰ ਕਾਪਰਾ ਆਖਦਾ ਹੈ ਕਿ ਜਦੋਂ ਮੈਂ ਆਧੁਨਿਕ ਭੌਤਿਕ-ਸ਼ਾਸਤਰ ਅਤੇ ਪੂਰਬ ਦੇ ਰਹੱਸਵਾਦ ਦਾ ਤੁਲਨਾਤਮਿਕ ਅਧਿਐਨ ਕੀਤਾ ਤਾਂ ਮੈਨੂੰ ਸੂਫ਼ੀਆਂ ਦੇ ਬ੍ਰਹਮ ਗਿਆਨ ਤੇ ਭੌਤਿਕਤਾ ਦੇ ਅੰਦਰੂਨੀ ਤੱਤਾਂ ਦਰਮਿਆਨ ਇਕ ਵੱਡੀ ਸਮਾਨਤਾ ਮਿਲੀ. ਇਕ ਦੀ ਤਲਾਸ਼ ਅੰਤਸ ਦਾ ਸੰਸਾਰ ਹੈ ਤੇ ਦੂਜੇ ਦੀ ਬਾਹਰੀ ਜਗਤ, ਪਰ ਇਹ ਸਮਾਨਾਂਤਰ ਸੰਸਾਰ ਆਖ਼ਿਰ ਇਕ ਹੀ ਪਰਮਸੱਤਾ ਵਿਚ ਵਿਲੀਨ ਹੋ ਜਾਂਦੇ ਹਨ. ਉਹ ਲਿਖਦਾ ਹੈ: In fact, spirituality, or the human spirit, could defined as the mode of consciousness in which we feel connected to the cosmos as a whole. This makes it evident that ecological awareness is spiritual in its deepest essence. And it is then no surprise that the new vision of reality emerging from modern physics, which is a holistic and ecological vision, is in harmony with the visions of spiritual traditions. ਕਾਪਰਾ ਦਾ ਇਹ ਵਿਚਾਰ ਵਿਗਿਆਨ ਤੇ ਧਰਮ ਦੀ ਪ੍ਰਸੰਗਿਕਤਾ ਨੂੰ ਸਮਝਣ ਵਿਚ ਅਹਿਮ ਰੋਲ ਅਦਾ ਕਰਦਾ ਹੈ.
20ਵੀਂ ਸਦੀ ਦੌਰਾਨ ਪੈਦਾ ਹੋਈਆਂ ਵਿਗਿਆਨ ਤੇ ਧਰਮ ਦੀਆ ਇਨ੍ਹਾਂ ਧਾਰਨਾਵਾਂ ਦੀ ਬਦੌਲਤ ਹੀ ਪ੍ਰਸਿੱਧ ਵਿਚਾਰਕ ਕਾਰਲ ਸਾਗਾਨ ਦੀ ਇਹ ਮਾਨਤਾ ਸਾਹਮਣੇ ਆਉਂਦੀ ਹੈ ਕਿ ਹੁਣ ਜ਼ਮਾਨਾ ਬਦਲ ਗਿਆ ਹੈ. ਇਸ ਲਈ ਮਜ਼ਹਬ ਹੁਣ ਇਸ ਹਕੀਕਤ ਨੂੰ ਸਵੀਕਾਰ ਕਰਨ ਵਿਚ ਕੋਈ ਸੰਕੋਚ ਨਹੀਂ ਦਿਖਾਉਂਦਾ ਕਿ ਧਰਤੀ ਸੂਰਜ ਦੁਆਲ਼ੇ ਘੁੰਮਦੀ ਹੈ, ਪਰ ਉਸ ਨੇ ਮਹੱਤਵਪੂਰਨ ਗੱਲ ਇਹ ਕਹੀ ਕਿ ਵਿਗਿਆਨ ਧਰਮ ਨੂੰ ਕਦੀ ਵੀ ਮਿਥਿਆ-ਦਰਸ਼ਨ ਤੋਂ ਮੁਕਤ ਕਰਾ ਸਕਦਾ ਹੈ ਤੇ ਧਰਮ ਵਿਗਿਆਨ ਨੂੰ ਸਵੈ-ਨਿਰਮਿਤ ਪ੍ਰਤੀਮਾਓ ਦੇ ਮੋਹਜਾਲ ਤੇ ਮਿਥਿਆ ਪਰਮ ਨਿਸ਼ਚਿਤਤਾਵਾਂ ਦੇ ‘ਅਹੰਕਾਰ’ ਤੋਂ ਵੱਖ ਕਰ ਸਕਦਾ ਹੈ. ਦੋਵੇਂ ਮਿਲ ਕੇ ਇਕ-ਦੂਜੇ ਨੂੰ ਵਿਆਪਕ ਜਗਤ- ਇਕ ਅਜਿਹੇ ਸੰਸਾਰ ਅੰਦਰ; ਜਿਸ ਵਿਚ ਦੋਵੇਂ ਪ੍ਰਗਤੀ ਕਰ ਸਕਦੇ ਹਨ, ਸ਼ਾਮਲ ਕਰ ਸਕਦਾ ਹੈ. ਇਹ ਇਕ ਅਜਿਹੇ ਪੁਲ਼ ਦਾ ਨਿਰਮਾਣ ਕਰ ਸਕਦੇ ਹਨ, ਜਿਹੜਾ ਦੋਵਾਂ ਦਰਮਿਆਨ ਪਈ ਹੋਈ ਦਰਾੜ ਨੂੰ ਭਰ ਸਕਦਾ ਹੈ. ਗੁਰੂ ਨਾਨਕ ਬਾਣੀ ਅਜਿਹੇ ਪੁਲ਼ ਦਾ ਹੀ ਨਿਰਮਾਣ ਕਰਦੀ ਹੋਈ ਸਾਹਮਣੇ ਆਉਂਦੀ ਹੈ:


ਪਰਮਿੰਦਰ ਸਿੰਘ ਸ਼ੌਂਕੀ 

ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ

Saturday, March 14, 2020

ਕੌਮ ਕੀ ਹੈ?




ਕੌਮ ਕੀ ਹੈ? 
ਜਾਂ ਇਹ ਸ਼ਬਦ ਕਿਸੇ ਸਮੂਹ ਲਈ ਵਰਤਣਾ ਕਿੱਥੋਂ ਤੱਕ ਸਹੀ ਹੈ?

ਹਾਲਾਂਕਿ ਇਹ ਪ੍ਰਸ਼ਨ ਇਕ ਵਿਸਤ੍ਰਿਤ ਚਰਚਾ ਦੀ ਮੰਗ ਕਰਦਾ ਹੈ, ਪਰ ਫਿਲਹਾਲ ਅਸੀਂ ਇਸ ਦੇ ਇਕ ਸੰਖੇਪ ਰੂਪ ਦੀ ਹੀ ਚਰਚਾ ਕਰਾਂਗੇ.

ਪਿੱਛੇ ਜਿਹੇ ਦੀਦਾਰ ਸਿੰਘ ਨੇ ਇਸ ਵਿਸ਼ੇ ਬਾਬਤ ਲਿਖਦਿਆਂ ਆਖਿਆ ਸੀ ਕਿ ਕੌਮ-ਪ੍ਰਸਤੀ ਦੀ ਭਾਵਨਾ ਯੂਰਪ ਵਿਚ 17ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿਚ ਪੈਦਾ ਹੋਈ, ਹਾਲਾਂਕਿ ਉਸ ਦਾ ਇਹ ਕਥਨ ਇਤਿਹਾਸਕ ਰੂਪ ਵਿਚ ਪੂਰੀ ਤਰ੍ਹਾਂ ਗ਼ਲਤ ਹੈ, ਕਿਉਂਕਿ 17ਵੀਂ ਸਦੀ ਦੇ ਅੰਤ ਦੀ ਥਾਂ 16ਵੀਂ ਸਦੀ ਵਿਚ ਹੀ ਮੈਕਿਆਵੇਲੀ ਨੇ ਆਪਣੇ ਵਿਚਾਰਾਂ ਰਾਹੀਂ ਇਟਲੀ ਵਾਸੀਆਂ ਵਿਚ ਕੌਮੀਅਤ ਦੀ ਭਾਵਨਾ ਦਾ ਪ੍ਰਸਾਰ ਕੀਤਾ ਸੀ, ਭਾਵੇਂ ਕਿ ਇਹ ਭਾਵਨਾ ਸਭ ਤੋਂ ਪਹਿਲਾਂ ਇੰਗਲੈਂਡ ਵਿਚ ਪੈਦਾ ਹੋਈ ਸੀ, ਜਿਸ ਤੋਂ ਬਾਅਦ ਇਸ ਨੂੰ ਫਰਾਂਸ ਨੇ ਅਪਣਾਇਆ. ਇਸ ਕਾਲ ਦੌਰਾਨ ਹੀ ਇਹ ਸਪੇਨ, ਪੁਰਤਗਾਲ, ਡੈਨਮਾਰਕ ਤੇ ਸਵੀਡਨ ਜਿਹੇ ਦੇਸ਼ਾਂ ਅੰਦਰ ਫੈਲੀ. ਇਸ ਤੋਂ ਪਹਿਲਾਂ ਯੂਰਪ ਦੀਆਂ ਪ੍ਰਾਚੀਨ ਰਾਜ ਵਿਵਸਥਾਵਾਂ ਵਿਚ ਕੌਮੀਅਤਾਂ ਦੇ ਅਧਿਕਾਰਾਂ ਉੱਪਰ ਨਾ ਤਾਂ ਲੋਕ ਜ਼ੋਰ ਹੀ ਦਿੰਦੇ ਸਨ ਤੇ ਨਾ ਹੀ ਸਰਕਾਰਾਂ ਉਨ੍ਹਾਂ ਨੂੰ ਸਵੀਕਾਰ ਕਰਦੀਆਂ ਸਨ.

ਆਪਣੇ ਉਕਤ ਕਥਨ ਤੋਂ ਬਾਅਦ ਉਹ ਰਾਜਨੀਤਿਕ ਤੌਰ ’ਤੇ ਸਹੀ ਨਾ ਸਵੀਕਾਰੇ ਜਾਣ ਵਾਲੇ ਵਰਤਾਰੇ ਦੀ ਗੱਲ ਕਰਦਾ ਹੈ. ਉਸ ਮੁਤਾਬਿਕ ਕੌਮ-ਪ੍ਰਸਤੀ ਦੀ ਭਾਵਨਾ ਕਾਰਨ ਹੀ ਵੱਖਰੀ ਤਰ੍ਹਾਂ ਦੇ ਸੰਮੋਹਨ ਨਾਲ਼ ਜਾਤੀ, ਭਾਸ਼ਾ, ਨਸਲ, ਭੂਗੋਲ, ਧਰਮ ਆਦਿ ਲੋਕ-ਸਮੂਹ ਆਪਸ ਵਿਚ ਜੁੜੇ ਤੇ ਇਨ੍ਹਾਂ ਨੇ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਆਪਣੇ ਕਲਾਵੇ ਵਿਚ ਲਿਆ. ਉਸ ਦੇ ਇਸ ਕਥਨ ਅੰਦਰ ਜਿਸ ਇਕ ਵੱਡੀ ਘਾਟ ਦੀ ਕਮੀ ਰੜਕ ਰਹੀ ਹੈ, ਉਹ ਉਸ ਦੀ ਸੰਸਾਰ ਰਾਜਨੀਤੀ, ਖਾਸ ਕਰ ਕੇ ਮੱਧਕਾਲ ਦੀ ਸੰਸਾਰ ਰਾਜਨੀਤੀ ਸੰਬੰਧੀ ਅਗਿਆਨਤਾ ਨੂੰ ਪ੍ਰਗਟ ਕਰਦੀ ਹੈ. ਮੱਧਕਾਲ ਦੌਰਾਨ ਜਿਸ ਵਰਤਾਰੇ ਨੂੰ ਉਹ ਜਾਤੀ, ਭਾਸ਼ਾ ਆਦਿ ਨਾਲ਼ ਜੋੜਦਾ ਹੈ, ਉਸ ਭਾਵਨਾ ਦੀ ਥਾਂ ਯੂਰਪ ਵਿਚ ਸਾਮਰਾਜੀ ਭਾਵਨਾ ਜ਼ਿਆਦਾ ਪ੍ਰਬਲ ਸੀ. ਇਸ ਭਾਵਨਾ ਵਿਚ ਆਰਥਿਕ ਹਿਤ ਉਪਰੋਕਤ ਤੱਤਾਂ ਤੋਂ ਕਿਤੇ ਵਧੇਰੇ ਅਹਿਮ ਰੋਲ ਅਦਾ ਕਰ ਰਹੇ ਸਨ. ਕੋਲੰਬਸ ਅਤੇ ਵਾਸਕੋਡੀਗਾਮਾ ਦੀਆਂ ਯਾਤਰਾਵਾਂ ਇਸ ਦੀ ਪ੍ਰਤੱਖ ਉਦਾਹਰਨ ਹਨ.

ਉਹ ਆਪਣੇ ਵਿਚਾਰਾਂ ਅੰਦਰ ਭਾਰਤ ਦੀ ਕੌਮ ਸੰਬੰਧੀ ਗੁੰਝਲ ਨੂੰ ਵੀ ਬਿਆਨ ਕਰਦਾ ਹੈ. ਜਿਸ ਨੂੰ ਪ੍ਰੋੜ੍ਹਤਾ ਪ੍ਰਦਾਨ ਕਰ ਹਿਤ ਉਹ ਕੁਝ ਪਰਿਭਾਸ਼ਾਵਾਂ ਵੀ ਦਿੰਦਾ ਹੈ, ਪਰ ਉਸ ਦੀ ਸਮੱਸਿਆ ਇਹ ਹੈ ਕਿ ਉਹ ਪਰਿਭਾਸ਼ਾਵਾਂ ਦਾ ਮਾਤਰ ਇਕ ਹੀ ਹਿੱਸਾ ਬਿਆਨ ਕਰਦਾ ਹੈ. ਜਿਸ ਕਾਰਨ ਉਸ ਦਾ ਸਿਰਜਿਆ ਜਾ ਰਿਹਾ ਪ੍ਰਭਾਵ ਆਪਣੇ ਮੂਲ ਨਾਲੋਂ ਪੂਰੀ ਤਰ੍ਹਾਂ ਉਲਟੇ ਅਰਥ ਦਿੰਦਾ ਪ੍ਰਤੀਤ ਹੁੰਦਾ ਹੈ. ਉਦਾਹਰਨ ਵਜੋਂ ਜਦੋਂ ਉਹ ਅਰਨੈਸਟ ਰੇਨਨ ਦੀ ਗੱਲ ਕਰਦਾ ਹੈ ਤਾਂ ਆਖਦਾ ਹੈ ਕਿ ਕੌਮ ਇਕ ਰੋਜ਼ਾਨਾ ਦਾ ਜਨਮਤ ਹੁੰਦੀ ਹੈ. ਅਰਥਾਤ, ਉਹ ਇਸ ਨੂੰ ਯਾਦਾਂ ਨਾਲ਼ ਜੋੜਦਾ ਹੈ, ਪਰ ਇਸ ਗੱਲ ਨੂੰ ਪਤਾ ਨਹੀਂ ਕਿਉਂ ਛੁਪਾ ਲੈਂਦਾ ਹੈ ਕਿ ਅਰਨੈਸਟ ਰੇਨਨ ਨੇ 1882 ਵਿਚ ਕੌਮ ਦੀ ਜੋ ਪਰਿਭਾਸ਼ਾ ਦਿੱਤੀ ਸੀ, ਉਸ ਮੁਤਾਬਿਕ ਕੌਮ ਦੇ ਅੰਦਰ ਇਕ ਹੀ ਭਾਸ਼ਾ ਬੋਲਣ ਵਾਲੇ ਜਾਂ ਇਕ ਹੀ ਜਾਤੀ ਸਮੂਹ ਦੇ ਲੋਕ ਨਹੀਂ ਆਉਂਦੇ, ਸਗੋਂ ਕੌਮ ਉਸ ਸਮੂਹ ਨੂੰ ਆਖਦੇ ਹਨ, ਜਿਸ ਵਿਚ ਲੋਕਾਂ ਨੇ ਆਪਣੇ ਅਤੀਤ ਦੌਰਾਨ ਵੱਡੇ-ਵੱਡੇ ਕੰਮਾਂ ਨੂੰ ਮਿਲ ਕੇ ਕੀਤਾ ਹੋਵੇ ਤੇ ਉਹ ਇਨ੍ਹਾਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਣਾ ਚਾਹੁੰਦੇ ਹੋਣ. ਰੇਨਨ ਦੀ ਪਰਿਭਾਸ਼ਾ ਵਿਚ ਇਕ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਉਹ ਕੌਮ ਦੇ ਜੀਵਨ ਦਾ ਵਿਕਾਸ ਤਰਕ ’ਤੇ ਆਧਾਰਿਤ ਨਾ ਕਰਦਾ ਹੋਇਆ, ਲਗਾਤਾਰ ਪਰਿਵਰਤਨਸ਼ੀਲ ਹਾਲਾਤਾਂ ਉੱਪਰ ਨਿਰਭਰ ਕਰਦਾ ਹੈ.

ਇਹੀ ਨਹੀਂ, ਆਪਣੇ ਕਥਨਾਂ ਵਿਚ ਪੂਰੀ ਤਰ੍ਹਾਂ ਆਪਹੁਦਰੇਪਣ ਦਾ ਪ੍ਰਗਟਾਵਾ ਕਰਦਿਆਂ ਦੀਦਾਰ ਇਸ ਗੱਲ ਉੱਪਰ ਵੀ ਜ਼ੋਰ ਦਿੰਦਾ ਹੈ ਕਿ ਕੋਈ ਵੀ ਕੌਮ ਸਿਰਫ਼ ਵਿਗਿਆਨਕ ਤੌਰ ’ਤੇ ਡੀ.ਐਨ.ਏ. ਦੀ ਵੱਖਰਤਾ ਸੰਬੰਧੀ ਨੁਕਤਾ-ਨਿਗਾਹ ਤੋਂ ਹੀ ਸਮਝੀ ਜਾ ਸਕਦੀ ਹੈ, ਜਦੋਂਕਿ ਦੁਨੀਆ ਭਰ ਦੇ ਰਾਜਨੀਤਿਕ ਚਿੰਤਕ ਇਸ ਬਾਰੇ ਲਗਪਗ ਇਕ ਮਤ ਹਨ ਕਿ ਕੌਮ ਇਕ ਅਜਿਹਾ ਜਨ-ਸਮੂਹ ਹੁੰਦਾ ਹੈ, ਜਿਹੜਾ ਕਿ ਇਕ ਹੀ ਧਰਤੀ ’ਤੇ ਪੈਦਾ ਹੋਇਆ ਹੁੰਦਾ ਹੈ, ਭਾਵ ਕਿ ਜਿਸ ਦਾ ਇਕ ਖ਼ਾਸ ਭੂਗੋਲਿਕ ਖ਼ੇਤਰ ਹੈ, ਜਿਹੜਾ ਇਕ ਹੀ ਪ੍ਰਕਾਰ ਦੀ ਭਾਸ਼ਾ ਬੋਲਦਾ/ਭਾਸ਼ਾਵਾਂ ਬੋਲਦਾ, ਇਕ ਇਤਿਹਾਸਕ ਤੇ ਸੰਸਕ੍ਰਿਤਿਕ ਪਿੱਠ-ਭੂਮੀ ਰੱਖਦਾ.

ਇਸ ਬਾਰੇ ਵਿਸਥਾਰ ਸਹਿਤ ਲਿਖਦਿਆਂ ਸਟਾਲਿਨ ਆਖਦਾ ਹੈ ਕਿ ਇਕ ਕੌਮ ਇਤਿਹਾਸਕ ਤੌਰ ’ਤੇ ਬਣਿਆ ਲੋਕਾਂ ਦਾ ਸਥਿਰ ਭਾਈਚਾਰਾ ਹੁੰਦੀ ਹੈ, ਜੋ ਕਿ ਸਾਂਝੀ ਭਾਸ਼ਾ, ਸਾਂਝੇ ਇਲਾਕੇ, ਸਾਂਝੇ ਆਰਥਿਕ ਜੀਵਨ ਤੇ ਮਨੋਵਿਗਿਆਨਕ ਬਣਤਰ ਜਿਹੜੀ ਕਿ ਸਾਂਝੇ ਸਭਿਆਚਾਰ ਵਿਚ ਪ੍ਰਗਟ ਹੁੰਦੀ ਹੈ, ਦੇ ਆਧਾਰ ’ਤੇ ਬਣਦੀ ਹੈ, ਪਰ ਦੀਦਾਰ ਅਨੁਸਾਰ ਤਾਂ ਕੋਈ ਜਨ-ਸਮੂਹ ਧਾਰਮਿਕ, ਇਲਾਕਾਈ ਤੇ ਭਾਸ਼ਾਈ ਆਧਾਰ ’ਤੇ ਕੌਮ ਬਣ ਹੀ ਨਹੀਂ ਸਕਦਾ. 

ਕੌਮ ਦੇ ਪ੍ਰਸ਼ਨ ਨਾਲ਼ ਲੈਨਿਨ ਤੇ ਸਟਾਲਿਨ ਦਾ ਕਾਫ਼ੀ ਵਾਹ ਪਿਆ ਸੀ. ਅਜਿਹਾ ਕਿਉਂ ਵਾਪਰਿਆ? ਉਸ ਦਾ ਜ਼ਿਕਰ ਫਿਲਹਾਲ ਆਪਾਂ ਇੱਥੇ ਨਹੀਂ ਕਰਾਂਗੇ, ਪਰ ਲੈਨਿਨ ਨੇ ਕੌਮੀਅਤ ਦਾ ਜਿਹੜਾ ਥੀਸਸ ਸਾਡੇ ਸਾਹਮਣੇ ਲਿਆਂਦਾ ਸੀ, ਉਸ ਦੀ ਰੋਜ਼ਾ ਲਗਜ਼ਮਬਰਗ ਨੇ ਭਰਪੂਰ ਆਲੋਚਨਾ ਕੀਤੀ ਸੀ. ਹਾਲਾਂਕਿ ਲੈਨਿਨ ਖੁਦ ਵੀ ਇਸ ਪ੍ਰਸ਼ਨ ਨਾਲ਼ ਸਹੀ ਤਰ੍ਹਾਂ ਨਜਿੱਠ ਨਹੀਂ ਪਾਏ ਸੀ, ਪਰ ਇਹ ਸਭ ਬੀਤੇ ਦੀਆਂ ਗੱਲਾਂ ਹਨ.

ਜਿਵੇਂਕਿ ਸੈਮੂਅਲ ਹਟਿੰਗਟਨ ਨੇ ਆਖਿਆ ਹੈ ਕਿ ਵਿਸ਼ਵ ਰਾਜਨੀਤੀ ਹੁਣ ਇਕ ਨਵੇਂ ਦੌਰ ਵਿਚ ਪ੍ਰਵੇਸ਼ ਕਰ ਰਹੀ ਹੈ ਤੇ ਇਸ ਪ੍ਰਵੇਸ਼ ਅੰਦਰ ਸਾਨੂੰ ਐਡਵਰਡ ਸਈਦ ਤੋਂ ਸੇਧ ਲੈਂਦਿਆਂ ਪਰਿਭਾਸ਼ਾਵਾਂ ਦੇ ਸੰਘਰਸ਼ ਦਾ ਸਾਹਮਣਾ ਕਰਨਾ ਹੀ ਪੈਣਾ ਹੈ, ਪਰ ਦੀਦਾਰ ਇਸ ਦੌਰ ਵਿਚ ਆਪਣੀ ਵੇਲਾ ਵਿਹਾਅ ਚੁੱਕੀ ਯੂਰਪ ਕੇਂਦਰਿਤ ਕੌਮ ਸੰਬੰਧੀ ਥਿਊਰੀ ਰਾਹੀਂ ਇਸ ਗੱਲ ਨੂੰ ਅਸਮਝਣ ਤੋਂ ਅਸਮਰਥ ਰਹਿੰਦਾ ਹੋਇਆ, ਇਸ ਗੱਲ ਨੂੰ ਉਭਾਰਦਾ ਹੈ ਕਿ ਪੰਜਾਬ ਦੀ ਧਰਤੀ ਤੇ ਇਕ ਧਰਮ ਦੇ ਆਧਾਰ ’ਤੇ (ਸਪਸ਼ਟ ਹੈ ਉਹ ਆਪਣਾ ਨਿਸ਼ਾਨਾ ਸਿੱਖਾਂ ਨੂੰ  ਬਣਾ ਰਿਹਾ ਹੈ) ਇਕ ਕੌਮ ਦੀ ਗੱਲ ਕਰਨ ਦੀ ਕੋਈ ਤੁਕ ਨਹੀਂ ਬਣਦੀ. ਇਸ ਬਾਬਤ ਉਹ ਹੋਰ ਵੀ ਕੁਝ ਗੱਲਾਂ ਕਰਦਾ ਹੈ, ਪਰ ਮੈਂ ਸਮਝਦਾ ਹਾਂ ਕਿ ਉਸ ਦੀਆਂ ਇਹ ਗੱਲਾਂ ਕਿਸੇ ਗੰਭੀਰ ਰਾਜਨੀਤਿਕ ਚਿੰਤਨ ਜਾਂ ਧਰਮ-ਦਰਸ਼ਨ ਦੀ ਡੂੰਘੇਰੀ ਸਮਝ ਵਿਚੋਂ ਨਿਕਲਣ ਦੀ ਥਾਂ ਇਕ ਸਤਹੀ ਜਿਹੀ (ਖਾਸ ਕਰ ਕੇ ਸੀਮਿਤ ਵਿਹਾਰਕ ਦੇਖਣੀ) ਪਕੜ ਵਿਚੋਂ ਆਪਣਾ ਰੂਪ ਧਾਰਨ ਕਰਦੀ ਹੈ.

ਗੁਰਮਤਿ ਦਰਸ਼ਨ ਇਸ ਗੱਲ ਦੀ ਸਪਸ਼ਟ ਸ਼ਾਹਦੀ ਭਰਦਾ ਹੈ ਕਿ ਗੁਰੂ ਬਾਬਾ ਨਾਨਕ ਦੁਆਰਾ ਚਲਾਏ ਗਏ ਮਾਰਗ ਦਾ ਮੁੱਖ ਪਛਾਣ ਚਿੰਨ੍ਹ ਹੀ ਇਹ ਹੈ ਕਿ ਇਹ ਆਪਣੀ ਸਮੁੱਚੀਆਂ ਪੂਰਬਕਾਲੀ ਸੰਕਲਪਨਾਵਾਂ/ਦ੍ਰਿਸ਼ਟੀਆਂ/ਵਿਚਾਰਧਾਰਾਵਾਂ/ਉਥਾਨਕਾਵਾਂ/ਪਿੱਠ-ਭੂਮੀਆਂ ਆਦਿ ਤੋਂ ਪੂਰਨ ਤੋਂ ਵੱਖਰਾ ਤੇ ਮੂਲੋਂ ਹੀ ਮੌਲਿਕਤਾ ਭਰੀ ਵੰਨਗੀ ਦਾ ਧਾਰਨੀ ਹੈ; ਜਿਸ ਦਾ ਆਰੰਭ “ਨ ਹਮ ਹਿੰਦੂ ਨ ਮੁਸਲਮਾਨ” ਤੋਂ ਹੁੰਦਾ ਹੈ. ਇਸ ਦੇ ਨਾਲ਼ ਹੀ ਇਹ ਇਸ ਗੱਲ ਦੀ ਤਸਦੀਕ ਵੀ ਕਰਦਾ ਹੈ:

ਹਮਰਾ ਝਗਰਾ ਰਹਾ ਨ ਕੋਊ।। 
ਪੰਡਿਤ ਮੁਲਾਂ ਛਾਡੇ ਦੋਊ।।

ਇਸ ਲਈ ਪਰਿਭਾਸ਼ਾਵਾਂ ਦੀ ਪੁਨਰ-ਸਥਾਪਨਾ ਦੇ ਦੌਰ ਵਿਚ ਇਨ੍ਹਾਂ ਮਹਾਵਾਕਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ, ਪਰ ਇਸ ਨੂੰ ਸਮਝਣ ਦੀ ਥਾਂ ਦੀਦਾਰ ਸਿੱਖਾਂ ਨੂੰ ਕੇਂਦਰ ਵਿਚ ਰੱਖ ਕੇ ਹੀ, ਇਸ ਇਸ ਗੱਲ ਤੇ ਜ਼ੋਰ ਦਿੰਦਾ ਕਿ ਖੁਦ ਨੂੰ ਸਰਬੋਤਮ ਕੌਮ ਮੰਨਣ ਵਾਲਾ ਵਰਤਾਰਾ ਸੰਸਾਰ ਭਰ ਵਿਚ ਫੈਲਿਆ ਹੋਇਆ ਹੈ, ਪਰ ਮੇਰਾ ਸਵਾਲ ਇਹ ਹੈ ਕਿ ਦੁਨੀਆ ਭਰ ਵਿਚ ਗੌਣ ਮੰਨਣ ਦਾ ਕਿਹੜਾ ਵਰਤਾਰਾ/ਅਮਲ/ਦ੍ਰਿਸ਼ਟੀ/ਸਿਧਾਂਤ ਜਾਂ ਇਤਿਹਾਸ ਹੈ?

ਜੇਕਰ ਕੋਈ ਹੈ ਵੀ ਤਾਂ ਡਾਰਵਿਨ ਨੂੰ ਅਸੀਂ ਕਿੱਥੇ ਰੱਖਾਂਗੇ?

~ਪਰਮਿੰਦਰ ਸਿੰਘ ਸ਼ੌਂਕੀ.

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...