ਕਰੋਨਾ ਵਾਈਰਸ ਨੂੰ ਲੈ ਕੇ ਦੁਨੀਆ ਭਰ ਵਿਚ
ਬੜੀਆਂ ਗੱਲਾਂ ਹੋ ਰਹੀਆਂ ਹਨ. ਏਨੀਆਂ ਗੱਲਾਂ ਕਿ ਆਮ ਬੰਦੇ ਲਈ ਇਹ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ
ਇਨ੍ਹਾਂ ਵਿਚੋਂ ਕਿਹੜੀ ਸਹੀ ਤੇ ਕਿਹੜੀ ਗ਼ਲਤ ਹੈ. ਉਦਾਹਰਨ ਵਜੋਂ ਹਰ ਦੇਸ਼ ਦੀ ਸਰਕਾਰ ਇਸ ਗੱਲ ਨੂੰ
ਜ਼ੋਰ-ਸ਼ੋਰ ਨਾਲ਼ ਪ੍ਰਚਾਰ ਰਹੀ ਏ ਕਿ ਇਸ ਵਾਈਰਸ ਤੋਂ ਬਚਣ ਹਿਤ ਲੋਕਾਂ ਨੂੰ ਘਰਾਂ ਅੰਦਰ ਡੱਕ ਦੇਣਾ
ਜ਼ਰੂਰੀ ਹੈ. ਭਾਰਤ ਇਸ ਦਾ ਪ੍ਰਤੱਖ ਪ੍ਰਮਾਣ ਹੈ. ਅਸੀਂ ਇਕ ਕੈਦ ਭੋਗ ਰਹੇ ਹਾਂ. ਹਾਲਾਂਕਿ ਦਾਅਵਾ
ਇਹ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਰਨਾ ਸਾਡੇ ਲਈ ਬੇਹੱਦ ਜ਼ਰੂਰੀ ਹੈ, ਪਰ ਦੁਨੀਆ ਦੇ ਨਾਮਵਰ
ਚਿੰਤਕਾਂ ਵਿਚ ਸ਼ਾਮਿਲ ਸਾਡੇ ਸਮਿਆਂ ਦੇ ਅਦਭੁਤ ਵਿਚਾਰਕ ਯੁਵਾਲ ਨੋਆਹ ਹਰਾਰੀ ਦਾ ਆਖਣਾ ਹੈ ਕਿ,
“ਜੇਕਰ ਤੁਸੀਂ ਸੋਚਦੇ ਹੋ ਕਿ ਖ਼ੁਦ ਨੂੰ ਸਾਰਿਆਂ ਤੋਂ ਦੂਰ ਰੱਖ ਕੇ ਤੁਸੀਂ ਇਸ ਮਹਾਂਮਾਰੀ ਤੋਂ ਬਚ
ਸਕਦੇ ਹੋ ਤਾਂ ਇਹ ਤੁਹਾਡੀ ਵੱਡੀ ਭੁੱਲ ਹੈ. ਇਸ ਦਾ ਕਾਰਨ ਦੱਸਦੇ ਹੋਏ ਉਹ ਆਖਦੇ ਨੇ ਕਿ 14ਵੀਂ
ਸਦੀ ਵਿਚ, ਜਦੋਂ ਨਾ ਰੇਲ-ਗੱਡੀਆਂ ਸਨ ਤੇ ਨਾ ਹੀ ਹਵਾਈ-ਜ਼ਹਾਜ, ਉਸ ਵਕਤ ਏਸ਼ੀਆ ਤੋਂ ਸ਼ੁਰੂ ਹੋਈ
ਪਲੇਗ ਪੂਰੇ ਯੂਰਪ ਤੱਕ ਫ਼ੈਲ ਗਈ ਤੇ ਇਸ ਨੇ ਕਰੀਬ 7 ਕਰੋੜ ਲੋਕਾਂ ਦੀ ਜਾਨ ਲੈ ਲਈ ਸੀ. ਇਤਿਹਾਸ ਦੇ
ਵਿਦਿਆਰਥੀ ਜਾਣਦੇ ਹਨ ਕਿ ਇਸ ਭਿਆਨਕ ਸਮੱਸਿਆ ਨੂੰ ਅੱਜ ਵੀ ਦੁਨੀਆ ਭਰ ਵਿਚ ‘ਬਲੈਕ ਡੈੱਥ’ ਦੇ ਨਾਮ
ਨਾਲ਼ ਜਾਣਿਆ ਜਾਂਦਾ ਹੈ. ਇਸ ਲਈ ਹਰਾਰੀ ਦਾ ਮੰਨਣਾ ਹੈ ਕਿ ਜੁਕਰ 1330-1350 ਵਿਚ ਇਹ ਸਥਿਤੀ ਸੀ
ਤਾਂ ਅੱਜ 21ਵੀਂ ਸਦੀ ਦੀ ਭੂਮੰਡਲੀਕ੍ਰਿਤ ਦੁਨੀਆ ਵਿਚ ਇਹ ਭੁੱਲ ਹੀ ਜਾਣਾ ਚਾਹੀਦਾ ਹੈ ਕਿ ਤੁਸੀਂ
ਸਾਰਿਆਂ ਤੋਂ ਦੂਰ ਜਾਂ ਵੱਖ ਰਹਿ ਕੇ ਇਸ ਮਹਾਂਮਾਰੀ ਤੋਂ ਬਚ ਸਕਦੇ ਹੋ.
ਹਰਾਰੀ ਇਹ ਵੀ ਆਖਦਾ ਹੈ ਕਿ, “ਵਾਸਤਵ ਵਿਚ
ਜਰੂਰਤ ਇਸ ਦੇ ਠੀਕ ਉਲਟ ਹੈ. ਸਾਨੂੰ ਬੰਦ ਨਹੀਂ ਸਗੋਂ ਵੱਧ ਤੋਂ ਵੱਧ ਖੁੱਲ੍ਹਣ ਦੀ ਲੋੜ ਹੈ.
ਮਨੁੱਖਤਾ ਨੂੰ ਖ਼ੁਦ ਨੂੰ ਆਪਣੇ-ਆਪ ਨੂੰ ਇਕ ਜਾਤੀ ਮੰਨਦੇ ਹੋਏ, ਇਸ ਸਮੱਸਿਆ ਦਾ ਮਿਲ ਕੇ ਹੱਲ
ਲੱਭਣਾ ਹੋਵੇਗਾ. ਇਕ-ਦੂਜੇ ਨਾਲ ਲਗਾਤਾਰ ਸੰਵਾਦ ਕਰਨਾ ਹੋਵੇਗਾ. ਫਿਰ ਹੀ ਇਸ ਦਾ ਟਾਕਰਾ ਕੀਤਾ ਜਾ
ਸਕਦਾ ਹੈ. ਹਾਲਾਂਕਿ ਉਹ ਇਹ ਵੀ ਆਖਦੇ ਨੇ ਕਿ ਇਸ ਮੌਕੇ ਸਰਕਾਰਾਂ ਨੂੰ ਇਕ ਵੱਡੀ ਜ਼ਿੰਮੇਵਾਰੀ
ਨਿਭਾਉਣੀ ਪਵੇਗੀ, ਪਰ ਨਾਲ਼ ਹੀ ਨਾਲ਼ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਇਸ ਗੱਲ ’ਤੇ ਯਕੀਨ
ਨਹੀਂ ਕਰ ਸਕਦੇ ਕਿ ਸਰਕਾਰਾਂ ਏਦਾਂ ਕਰਨਗੀਆਂ. ਉਨ੍ਹਾਂ ਮੁਤਾਬਿਕ ਕੋਈ ਵੀ ਇਸ ’ਤੇ ਵਿਸ਼ਵਾਸ਼ ਨਹੀਂ
ਕਰ ਸਕਦਾ. ਇਸ ਲਈ ਇਹ ਸਮਾਂ ਰਾਜਨੀਤੀ ਦੀ ਅਗਨੀ-ਪ੍ਰੀਖਿਆ ਦਾ ਹੈ, ਪਰ ਇਸ ਮੌਕੇ ਰਾਜਨੀਤੀ ਕੀ ਕਰ
ਰਹੀ ਹੈ? ਉਸ ਬਾਬਤ ਲਿਖਦਿਆਂ ਹਰਾਰੀ ਨੇ ਆਪਣੇ ਲੇਖ ‘ਕੋਰੋਨਾ ਵਾਇਰਸ ਤੋਂ ਬਾਅਦ ਦੁਨੀਆ’ (ਅਨਹਦ
ਦੇ ਆਉਣ ਵਾਲੇ ਅਪ੍ਰੈਲ-ਜੂਨ ਅੰਕ ਵਿਚ ਤੁਸੀਂ ਇਸ ਲੇਖ ਨੂੰ ਪੂਰਾ ਪੜ੍ਹ ਸਕਦੇ ਹੋ) ਅੰਦਰ ਕਿਹਾ ਹੈ
ਕਿ, “ਮਹਾਂਮਾਰੀ ਨੂੰ ਰੋਕਣ ਲਈ ਪੂਰੀ ਆਬਾਦੀ ਨੂੰ ਤੈਅ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ
ਹੁੰਦਾ ਹੈ. ਇਸ ਨੂੰ ਹਾਸਿਲ ਕਰਨ ਦੇ ਦੋ ਮੁੱਖ ਤਰੀਕੇ ਹਨ. ਪਹਿਲਾ ਤਰੀਕਾ ਇਹ ਹੈ ਕਿ ਸਰਕਾਰ
ਲੋਕਾਂ ਦੀ ਨਿਗਰਾਨੀ ਕਰੇ ਤੇ ਜੋ ਲੋਕ ਨਿਯਮ ਤੋੜਨ ਉਨ੍ਹਾਂ ਨੂੰ ਦੰਡ ਦੇਵੇ. ਅੱਜ ਦੀ
ਤਾਰੀਖ਼ ’ਚ ਮਨੁੱਖਤਾ ਦੇ ਇਤਿਹਾਸ ’ਚ ਤਕਨਾਲੋਜੀ ਨੇ ਇਸ ਨੂੰ ਪਹਿਲੀ ਵਾਰ ਸੰਭਵ ਬਣਾ
ਦਿੱਤਾ ਹੈ ਕਿ ਹਰ ਨਾਗਰਿਕ ਦੀ ਹਰ ਸਮੇਂ ਨਿਗਰਾਨੀ ਕੀਤੀ ਜਾ ਸਕੇ. 50 ਸਾਲ ਪਹਿਲਾਂ ਰੂਸੀ ਖੁਫ਼ੀਆ
ਏਜੰਸੀ ਕੇ.ਜੀ.ਬੀ. 24 ਕਰੋੜ ਸੋਵੀਅਤ ਨਾਗਰਿਕਾਂ ਦੀ 24 ਘੰਟੇ ਨਿਗਰਾਨੀ ਨਹੀਂ ਕਰ ਪਾਉਂਦੀ ਸੀ.
ਕੇ.ਜੀ.ਬੀ. ਇਨਸਾਨੀ ਏਜੰਟਾਂ ਤੇ ਵਿਸ਼ਲੇਸ਼ਕਾਂ ਉੱਤੇ ਨਿਰਭਰ ਸੀ ਤੇ ਹਰ ਵਿਅਕਤੀ ਦੇ ਪਿੱਛੇ ਇੱਕ
ਏਜੰਟ ਲਗਾਉਣਾ ਸੰਭਵ ਨਹੀਂ ਸੀ. ਹੁਣ ਇਨਸਾਨੀ ਜਾਸੂਸ ਦੀ ਜ਼ਰੂਰਤ ਨਹੀਂ, ਹਰ ਜਗ੍ਹਾ ਮੌਜੂਦ
ਸਰਵ-ਵਿਆਪੀ ਸੈਂਸਰਾਂ ਤੇ ਪ੍ਰਤੀਕ-ਗਣਿਤ (ਐਲਗੋਰਿਥਮ) ਉੱਤੇ ਸਰਕਾਰਾਂ ਨਿਰਭਰ ਕਰ ਸਕਦੀਆਂ ਹਨ.
ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਬਹੁਤ
ਸਾਰੀਆਂ ਸਰਕਾਰਾਂ ਨੇ ਨਿਗਰਾਨੀ ਦੇ ਨਵੇਂ ਉਪਕਰਣ ਤੇ ਵਿਵਸਥਾਵਾਂ ਲਾਗੂ ਕਰ ਦਿੱਤੀਆਂ ਹਨ.
ਇਸ ’ਚ ਸਭ ਤੋਂ ਖਾਸ ਮਾਮਲਾ ਚੀਨ ਦਾ ਹੈ. ਲੋਕਾਂ ਦੇ ਸਮਾਰਟ ਫ਼ੋਨ ਨੂੰ ਡੂੰਘਾਈ ਨਾਲ ਮੋਨੀਟਰ
ਕਰ ਕੇ, ਲੱਖਾਂ ਕੈਮਰਿਆਂ ਦੇ ਰਾਹੀਂ, ਚਿਹਰੇ ਪਹਿਚਾਨਣ ਵਾਲੀ ਤਕਨਾਲੋਜੀ ਦੀ ਵਰਤੋਂ ਕਰਕੇ, ਲੋਕਾਂ
ਦੇ ਸਰੀਰ ਦਾ ਤਾਪਮਾਨ ਲੈ ਕੇ, ਬਿਮਾਰ ਲੋਕਾਂ ਦੀ ਰਿਪੋਰਟਿੰਗ ਨੂੰ ਸਖਤ ਬਣਾ ਕੇ ਸੰਦੇਹਜਨਕ ਲੋਕਾਂ
ਦੀ ਪਹਿਚਾਣ ਕੀਤੀ ਗਈ. ਇਹੀ ਨਹੀਂ, ਉਨ੍ਹਾਂ ਦੇ ਆਉਣ-ਜਾਣ ਨੂੰ ਟਰੈਕ ਕੀਤਾ ਗਿਆ ਤਾਂਕਿ ਪਤਾ ਲੱਗ
ਸਕੇ ਕਿ ਉਹ ਕਿਹੜੇ ਲੋਕਾਂ ਨਾਲ ਮਿਲੇ-ਜੁਲੇ ਹਨ. ਅਜਿਹੇ ਮੋਬਾਇਲ ਐਪ ਵੀ ਹਨ, ਜੋ ਰੋਗ-ਗ੍ਰਸਤ ਹੋਣ
ਦੀ ਆਸ਼ੰਕਾ ਵਾਲੇ ਲੋਕਾਂ ਦੀ ਪਹਿਚਾਣ ਕਰ ਕੇ ਨਾਗਰਿਕਾਂ ਨੂੰ ਖ਼ਬਰਦਾਰ ਕਰਦੇ ਰਹਿੰਦੇ ਹਨ ਕਿ
ਉਨ੍ਹਾਂ ਤੋਂ ਦੂਰ ਰਹੋ.
ਹਰਾਰੀ ਕਰੋਨਾ ਵਾਈਰਸ ਦੀ ਇਸ ਸਮੱਸਿਆ ਨੂੰ
ਸਰਕਾਰਾਂ ਲਈ ਇਕ ਮੌਕੇ ਦੇ ਰੂਪ ਵਿਚ ਦੇਖਦੇ ਹਨ. ਇਸ ਲਈ ਆਪਣੇ ਉਕਤ ਲੇਖ ਅੰਦਰ ਉਨ੍ਹਾਂ ਨੇ
ਬਾਇਓਮੈਟ੍ਰਿਕ ਨਿਗਰਾਨੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ, "ਕੋਰੋਨਾ ਵਾਇਰਸ ਤੋਂ ਬਾਅਦ ਹੁਣ
ਇੰਟਰਨੈੱਟ ਦਾ ਫੋਕਸ ਬਦਲ ਜਾਵੇਗਾ. ਹੁਣ ਸਰਕਾਰ ਤੁਹਾਡੀ ਉਂਗਲੀ ਦਾ ਤਾਪਮਾਨ ਤੇ ਚਮੜੀ ਦੇ ਥੱਲੇ
ਦਾ ਬਲੱਡ ਪ੍ਰੈਸ਼ਰ ਵੀ ਜਾਨਣ ਲੱਗੇਗੀ. ਨਿਗਰਾਨੀ ਦੇ ਮਾਮਲੇ ’ਚ ਦਿੱਕਤ ਇਹੀ ਹੈ ਕਿ
ਸਾਡੇ ’ਚੋਂ ਕੋਈ ਪੱਕੇ ਤੌਰ ’ਤੇ ਨਹੀਂ ਜਾਣਦਾ ਕਿ ਸਾਡੇ ਉੱਪਰ ਕਿਸ ਤਰ੍ਹਾਂ ਦੀ ਨਿਗਰਾਨੀ
ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਸਾਲਾਂ ’ਚ ਉਸ ਦਾ ਰੂਪ ਕੀ ਹੋਵੇਗਾ. ਨਿਗਰਾਨੀ ਤਕਨਾਲੋਜੀ
ਤੂਫ਼ਾਨੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ. 10 ਸਾਲ ਪਹਿਲਾਂ ਤੱਕ ਜਿਹੋ ਜਿਹੀ ਵਿਗਿਆਨ-ਫਿਕਸ਼ਨ ਪ੍ਰਤੀਤ
ਹੁੰਦੀ ਸੀ, ਉਹ ਅੱਜ ਪੁਰਾਣੀ ਖ਼ਬਰ ਹੈ. ਸੋਚਣ ਦੀ ਸੁਵਿਧਾ ਲਈ ਮੰਨ ਲਓ ਕਿ ਕੋਈ ਸਰਕਾਰ ਆਪਣੇ
ਨਾਗਰਿਕਾਂ ਨੂੰ ਕਹੇ ਕਿ ਸਾਰੇ ਲੋਕਾਂ ਨੂੰ ਇੱਕ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਣਾ ਜ਼ਰੂਰੀ
ਹੋਵੇਗਾ, ਜੋ ਸਰੀਰ ਦਾ ਤਾਪਮਾਨ ਤੇ ਦਿਲ ਦੀ ਧੜਕਨ ਨੂੰ 24 ਘੰਟੇ ਮੋਨੀਟਰ ਕਰਦਾ ਰਹੇਗਾ.
ਬ੍ਰੈਸਲੇਟ ਤੋਂ ਮਿਲਣ ਵਾਲਾ ਡਾਟਾ ਸਰਕਾਰੀ ਐਲਗੋਰਿਥਮ ’ਚ ਜਾਂਦਾ ਰਹੇਗਾ ਤੇ ਉਸ ਦਾ
ਵਿਸ਼ਲੇਸ਼ਣ ਹੁੰਦਾ ਰਹੇਗਾ. ਤੁਹਾਨੂੰ ਪਤਾ ਲੱਗੇ ਕਿ ਤੁਸੀਂ ਬਿਮਾਰ ਹੋਂ, ਇਸ ਤੋਂ ਪਹਿਲਾਂ ਸਰਕਾਰ
ਨੂੰ ਪਤਾ ਹੋਵੇਗਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਹੈ. ਸਿਸਟਮ ਨੂੰ ਇਹ ਵੀ ਪਤਾ ਹੋਵੇਗਾ ਕਿ ਤੁਸੀਂ
ਕਿੱਥੇ-ਕਿੱਥੇ ਗਏ, ਕਿਸ-ਕਿਸ ਨੂੰ ਮਿਲੇ, ਇਸ ਤਰ੍ਹਾਂ ਛੂਤ ਦੇ ਰੋਗ ਦੀ ਲੜੀ ਨੂੰ ਛੋਟਾ ਕੀਤਾ ਜਾ
ਸਕੇਗਾ ਜਾਂ ਕਈ ਵਾਰ ਤੋੜਿਆ ਜਾ ਸਕੇਗਾ. ਇਸ ਤਰ੍ਹਾਂ ਦਾ ਸਿਸਟਮ ਕਿਸੇ ਮਹਾਂਮਾਰੀ ਨੂੰ ਕੁਝ ਹੀ
ਦਿਨਾਂ ’ਚ ਖਤਮ ਕਰ ਸਕਦਾ ਹੈ, ਸੁਣਨ ’ਚ ਬਹੁਤ ਚੰਗਾ ਲੱਗਦਾ ਹੈ, ਹੈ ਨਾ?
ਹੁਣ ਇਸ ਦੇ ਖ਼ਤਰੇ ਨੂੰ ਸਮਝੋ, ਇਹ ਇੱਕ
ਖੌਫ਼ਨਾਕ ਨਿਗਰਾਨੀ ਰਾਜ ਦੀ ਸ਼ੁਰੂਆਤ ਕਰੇਗਾ. ਮਿਸਾਲ ਵਜੋਂ, ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਮੈਂ
ਫ਼ਾਕਸ ਨਿਊਜ਼ ਦੀ ਜਗ੍ਹਾ ਸੀਐਨਐਨ ਦੇ ਲਿੰਕ ’ਤੇ ਕਲਿੱਕ ਕੀਤਾ ਹੈ ਤਾਂ ਤੁਸੀਂ ਮੇਰੇ
ਰਾਜਨੀਤਿਕ ਵਿਚਾਰਾਂ ਤੇ ਇੱਥੋਂ ਤੱਕ ਕਿ ਕੁਝ ਹੱਦ ਤੱਕ ਮੇਰੇ ਵਿਅਕਤਿਤਵ (ਸ਼ਖ਼ਸੀਅਤ) ਨੂੰ ਸਮਝ
ਸਕੋਗੇ, ਪਰ ਜੇਕਰ ਤੁਸੀਂ ਇੱਕ ਵੀਡਿਓ ਕਲਿੱਪ ਦੇਖਣ ਦੇ ਦੌਰਾਨ ਮੇਰੇ ਸਰੀਰ ਦੇ ਤਾਪਮਾਨ, ਬਲੱਡ
ਪ੍ਰੈਸ਼ਰ ਤੇ ਹਾਰਟ ਰੇਟ ਨੂੰ ਮੋਨੀਟਰ ਕਰ ਰਹੇ ਹੋ ਤਾਂ ਤੁਸੀਂ ਜਾਣ ਸਕਦੇ ਹੋ ਕਿ ਮੈਨੂੰ ਕਿਹੜੀਆਂ
ਗੱਲਾਂ ਉੱਤੇ ਗੁੱਸਾ, ਹਾਸਾ ਜਾਂ ਰੋਣਾ ਆਉਂਦਾ ਹੈ.
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁੱਸਾ,
ਖੁਸ਼ੀ, ਅਕੇਵਾਂ ਤੇ ਪਿਆਰ ਇੱਕ ਜੈਵਿਕ ਪ੍ਰਕਿਰਿਆ ਹੈ, ਬਿਲਕੁਲ ਬੁਖ਼ਾਰ ਤੇ ਖੰਘ ਦੀ ਤਰ੍ਹਾਂ. ਜੋ
ਤਕਨਾਲੋਜੀ ਖੰਘ ਦਾ ਪਤਾ ਲਗਾ ਸਕਦੀ ਹੈ, ਉਹ ਹਾਸਿਆਂ ਦਾ ਵੀ ਪਤਾ ਲਗਾ ਸਕਦੀ ਹੈ. ਜੇਕਰ ਸਰਕਾਰਾਂ
ਤੇ ਵੱਡੀਆਂ ਕੰਪਨੀਆਂ ਨੂੰ ਵੱਡੇ ਪੈਮਾਨੇ ’ਤੇ ਸਾਡਾ ਡਾਟਾ ਜੁਟਾਉਣ ਦੀ ਆਜ਼ਾਦੀ ਮਿਲ ਜਾਵੇਗੀ
ਤਾਂ ਉਹ ਸਾਡੇ ਬਾਰੇ ਸਾਡੇ ਤੋਂ ਬਿਹਤਰ ਜਾਣਨ ਲੱਗਣਗੇ. ਉਹ ਸਾਡੀਆਂ ਭਾਵਨਾਵਾਂ ਦਾ ਅੰਦਾਜ਼ਾ
ਪਹਿਲਾਂ ਹੀ ਲਗਾ ਸਕਣਗੇ, ਇਹੀ ਨਹੀਂ, ਉਹ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ੍ਹ ਵੀ ਕਰ ਸਕਣਗੇ, ਉਹ
ਜੋ ਚਾਹਣਗੇ ਸਾਨੂੰ ਵੇਚ ਸਕਣਗੇ– ਚਾਹੇ ਉਹ ਇੱਕ ਉਤਪਾਦ ਹੋਵੇ ਜਾਂ ਕੋਈ ਸਿਆਸਤਦਾਨ. ਬਾਇਓਮ੍ਰੈਟਿਕ
ਨਿਗਰਾਨੀ ਤੋਂ ਬਾਅਦ ਕੈਮਬ੍ਰਿਜ ਐਨਾਲਿਟਿਕਾ ਪਾਸ਼ਾਣ ਯੁੱਗ ਦੀ ਤਾਕਨੋਲੋਜੀ ਲੱਗਣ ਲੱਗੇਗੀ. ਕਲਪਨਾ
ਕਰੋ, ਉੱਤਰ ਕੋਰੀਆ ’ਚ 2030 ਤੱਕ ਹਰ ਨਾਗਰਿਕ ਨੂੰ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਾ ਦਿੱਤਾ
ਗਿਆ ਹੈ. ਮਹਾਨ ਲੀਡਰ ਦਾ ਭਾਸ਼ਣ ਸੁਣਨ ਤੋਂ ਬਾਅਦ ਜਿਨ੍ਹਾਂ ਦਾ ਬ੍ਰੈਸਲੇਟ ਦੱਸੇਗਾ ਕਿ ਉਨ੍ਹਾਂ
ਨੂੰ ਗੁੱਸਾ ਆ ਰਿਹਾ ਸੀ, ਉਨ੍ਹਾਂ ਦਾ ਤਾਂ ਹੋ ਗਿਆ ਕੰਮ ਤਮਾਮ. ਇਨ੍ਹਾਂ ਸਾਰੀਆਂ ਹਾਲਾਤਾਂ
ਵਿਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਕੋਰੋਨਾ ਦੀ ਸਮੱਸਿਆ ਦੇ ਨਾਲ਼-ਨਾਲ਼ ਅਸੀਂ ਰਾਜਨੀਤਕ ਢਾਂਚੇ ਦੀਆਂ
ਸਮੱਸਿਆਵਾਂ ਨਾਲ਼ ਵੀ ਨਜਿੱਠਣਾ ਹੈ.
ਕੋਰੋਨਾ ਤੋਂ ਬਾਅਦ ਬਚ ਜਾਣ ਵਾਲੇ ਮਨੁੱਖਾਂ
ਸਾਹਮਣੇ ਇਹ ਇਕ ਵੱਡੀ ਚੁਨੌਤੀ ਹੋਵੇਗੀ ਕਿ ਹੁਣ ਅਸੀਂ ਕਿਵੇਂ ਜਿਊਣਾ ਹੈ.
ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ
ਮਤਲਬ ਅੱਗੇ ਖੂਹ ਤੇ ਪਿੱਛੇ ਖਾੲੀ ਵਾਲੀ ਗੱਲ ਹੈ।
ReplyDeleteਜੇ ੲੈਂਦਾਂ ਹੁੰਦਾ ਹੈ ਤਾਂ ਸਾਹ ਤਾਂ ਅਾਪਣੇ ਹੋਣਗੇ ਤੇ ਕੰਟ੍ਰੋਲ ਕਰਣ ਵਾਲਾ ਕੋੲੀ ਹੋਰ ।
ਅਹਿਜੀਆਂ ਗੱਲਾਂ ਪ੍ਰਤੀ ਹੁਣੇ ਤੋਂ ਸਾਵਧਾਨ ਹੋਣ ਦੀ ਲੋੜ ਹੈ, ਨਹੀਂ ਤਾਂ ਫਿਰ ਨਤੀਜੇ ਭਿਆਨਕ ਹੋਣਗੇ। ਹਰਾਰੀ ਅਨੁਸਾਰ ਹਰ ਮਨੁੱਖ ਇਸ ਮੁਸੀਬਤ ਤੋਂ ਬਚਣ ਤੋਂ ਬਾਅਦ ਇੱਕ ਰਾਜਨੀਤਕ ਮੁਸ਼ਕਿਲ ਵਿੱਚ ਫਸ ਜਾਵੇਗਾ ਜੋ ਕਿ ਇੱਕ ਆਪਣੇ ਆਪ ਵਿਚ ਇਕ ਚਿੰਤਾ ਦਾ ਵਿਸ਼ਾ ਹੈ। ਖੈਰ ਹੁਣੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ReplyDelete