Tuesday, March 27, 2018

ਉਦਾਰਵਾਦੀ ਮਾਨਤਾਵਾਂ ਨੂੰ ਪ੍ਰਸਤੁਤ ਕਰਨ ਵਾਲਾ ਚਿੰਤਕ: ਜਾਨ ਰਾਲਸ


ਉਦਾਰਵਾਦੀ ਮਾਨਤਾਵਾਂ ਨੂੰ ਪ੍ਰਸਤੁਤ ਕਰਨ ਵਾਲੇ ਵਿਦਵਾਨਾਂ ਅੰਦਰ ਜਾਨ ਰਾਲਸ ਦਾ ਨਾਮ ਮੂਹਰਲੀਆਂ ਸਫ਼ਾਂ ਅੰਦਰ ਆਉਂਦਾ ਹੈ। ਇਸ ਪ੍ਰਸਿੱਧ ਅਮਰੀਕੀ ਦਾਰਸ਼ਨਿਕ ਅਤੇ ਰਾਜਨੀਤਿਕ ਸਿਧਾਂਤ ਸ਼ਾਸਤਰੀ ਦਾ ਜਨਮ ਮੈਰੀਲੈਂਡ ਪ੍ਰਾਂਤ ਦੇ ਬਾਲਟੀਮੋਰ ਨਗਰ ਅੰਦਰ ਸੰਨ 1921 ਵਿਚ ਹੋਇਆ। ਜਾਨ ਨੇ ਸਾਲ 1950 ਵਿਚ ਪ੍ਰਿੰਸਟਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਅਤੇ ਸੰਨ 1950 ਤੋਂ ਲੈ ਕਿ 1960 ਈਸਵੀ ਤੱਕ ਕਾਨੈਰਲ ਯੂਨੀਵਰਸਿਟੀ ਅੰਦਰ ਅਧਿਆਪਨ ਦਾ ਕਾਰਜ ਕੀਤਾ। ਸਾਲ 1962 ਵਿਚ ਉਹ ਪ੍ਰੋਫ਼ਸਰ ਬਣ ਕਿ ਹਾਰਵਰਡ ਯੂਨੀਵਰਸਿਟੀ ਨਾਲ ਜੁੜੇ  40 ਸਾਲ ਤੱਕ ਉਨ੍ਹਾਂ ਨੇ ਉੱਥੇ ਅਧਿਆਪਨ ਕੀਤਾ। ਉਨ੍ਹਾਂ ਨੂੰ ਸਾਲ 1971 ਵਿਚ ਪ੍ਰਕਾਸ਼ਿਤ ਆਪਣੀ ਰਚਨਾ "A Theory of Justice" ਰਾਹੀਂ ਵਿਸ਼ੇਸ਼ ਪਹਿਚਾਣ ਮਿਲੀ। ਇਸ ਪੁਸਤਕ ਅੰਦਰ ਉਸ ਨੇ ਆਪਣੇ ਨਿਆਂ ਸਿਧਾਂਤ ਨੂੰ ਇੱਕ ਵਿਵਸਥਿਤ ਰੂਪ ਵਿਚ ਪੇਸ਼ ਕੀਤਾ ਸੀ।  ਜਾਨ ਰਾਲਸ ਦੁਆਰਾ ਪ੍ਰਸਤੁਤ ਦਸ ਵਿਖਿਆਨ ਵੀ ਕਾਫ਼ੀ ਚਰਚਿਤ ਹੋਏ, ਜਿਹੜੇ ਕਿ ਬਾਅਦ ਵਿਚ ਸੰਨ 1982 ਦੌਰਾਨ "The Ten Lectures on Human Values" ਦੇ ਨਾਮ ਹੇਠ ਪ੍ਰਕਾਸ਼ਿਤ ਹੋਏ। ਸਾਲ 1999 ਵਿਚ ਰਾਲਸ ਦੇ ਪੱਤਰਾਂ ਦਾ ਅਤੇ ਸੰਨ 2000 ਵਿਚ ਉਸ ਦੇ ਨੈਤਿਕ ਦਰਸ਼ਨ ਦੇ ਇਤਿਹਾਸ ਉੱਪਰ ਵਿਖਿਆਨ ਦਾ ਪ੍ਰਕਾਸ਼ਨ ਹੋਇਆ।

         ਰਾਲਸ ਨੇ ਆਪਣੇ ਚਿੰਤਨ ਦੇ ਆਰੰਭ ਵਿਚ ਨਾ ਕੇਵਲ ਉਪਯੋਗਤਾਵਾਦ ਨੂੰ ਅਤਾਰਕਿਕ ਮੰਨਿਆ,  ਸਗੋਂ ਇਸ ਦੇ ਬਦਲ ਵਜੋਂ ਪੇਸ਼ ਬਹੁਲਵਾਦ (ਜਿਸ ਨੂੰ ਰਾਲਸ ਨੇ Intellectualism ਕਿਹਾ ਹੈ) ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਫਲ ਸਵੀਕਾਰਿਆ ਹੈ। ਸਮਾਜਿਕ  ਸਮਝੌਤੇ ਦੇ ਸਿਧਾਂਤ ਅਤੇ ਮਨੁੱਖੀ ਵਿਵੇਕ ਨੂੰ ਮਹੱਤਵ ਦਿੰਦੇ ਹੋਏ, ਰਾਲਸ ਨੇ ਸਮਾਜਿਕ ਨਿਆਂ ਦੇ ਸਿਧਾਂਤ ਨੂੰ ਸਪਸ਼ਟ ਕੀਤਾ, ਨਾਲ ਹੀ ਨਿਆਂ ਦੀ ਅਭਿਵਿਅਕਤੀ ਦੇ ਲਈ ਨਿਸ਼ਚਿਤ ਜਰੂਰਤੀ ਪ੍ਰਸਥਿਤੀਆਂ ਦਾ ਹੋਣਾ ਵੀ ਲਾਜ਼ਮੀ ਦੱਸਿਆ। ਇਨ੍ਹਾਂ ਪ੍ਰਸਥਿਤੀਆਂ ਨੂੰ ਉਸ ਨੇ ਮੂਲ ਸੰਰਚਨਾ ਦਾ ਨਾਮ ਦਿੱਤਾ। ਭਾਵੇਂ ਕਿ ਰਾਲਸ ਨੇ ਸਮਾਨਤਾ ਅਤੇ ਨੈਤਿਕਤਾ ਨੂੰ ਜੋੜਦੇ ਹੋਏ ਉਦਾਰਵਾਦ ਨੂੰ ਇੱਕ ਨਵੀਂ ਦਿਸ਼ਾ ਦਿੱਤੀ, ਪਰ ਮਾਰਕਸਵਾਦੀਆਂ ਅਤੇ ਉਦਾਰਵਾਦੀਆਂ ਦੁਆਰਾ ਉਨ੍ਹਾਂ ਦੀ ਭਰਪੂਰ ਆਲੋਚਨਾ ਹੁੰਦੀ ਰਹੀ। ਖੱਬੇ-ਪੱਖੀਆਂ ਵਿਚ ਮੈਕਫਰਸਨ ਨੇ ਉਨ੍ਹਾਂ ਨੂੰ 'ਉਦਾਰ ਲੋਕਤੰਤਰਿਕ ਪੂੰਜੀਵਾਦੀ ਕਲਿਆਣਕਾਰੀ ਰਾਜ' ਦਾ ਬੁਲਾਰਾ ਦੱਸਿਆ, ਜਦੋਂ ਕਿ ਉਦਾਰਵਾਦੀਆਂ 'ਚ ਨਾਜ਼ਿਕ ਨੇ ਉਨ੍ਹਾਂ ਦੀ ਆਲੋਚਨਾ ਵਿਚ ਕਿਹਾ ਕਿ ਸਮਾਜਿਕ ਨਿਆਂ ਦੇ ਨਾਲ-ਨਾਲ ਵਿਅਕਤੀਗਤ ਅਧਿਕਾਰਾਂ ਦੀ ਮਾਨਤਾ ਮੇਲ ਨਹੀਂ ਖਾਂਦੀ। ਸਮੁਦਾਇਕ ਆਲੋਚਕਾਂ ਅਨੁਸਾਰ ਉਦਾਰ ਸਮਾਜਵਾਦੀ ਖ਼ੁਦ ਨੂੰ ਵਿਅਕਤੀਵਾਦੀ ਮਾਨਤਾਵਾਂ ਤੋਂ ਵੱਖ ਨਹੀਂ ਕਰ ਪਾਏ, ਪਰ ਵਿਚਾਰਕ ਰੂਪ ਵਿਚ ਸਮਰੱਥ ਰਾਲਸ ਨੇ ਕਾਂਟਵਾਦੀ ਮਾਨਤਾ ਨੂੰ ਸਵੀਕਾਰ ਕਰ ਕੇ ਉਦਾਰਵਾਦੀ ਚਿੰਤਨ ਨੂੰ ਇੱਕ ਨਵਾਂ ਮੁਕਾਮ ਦਿੱਤਾ।

         ਜਾਨ ਰਾਲਸ ਨੇ ਸਮਾਜਿਕ ਸਮਝੌਤਾ ਸਿਧਾਂਤ ਦੇ ਇੱਕ ਰੂਪ ਦੇ ਆਧਾਰ 'ਤੇ ਉਦਾਰਵਾਦੀ ਵਿਅਕਤੀਵਾਦ ਨੂੰ ਪੁਨਰ-ਵੰਡ ਅਤੇ ਸਮਾਜਿਕ ਨਿਆਂ ਦੇ ਨਾਲ ਜੋੜਨ ਦਾ ਯਤਨ ਕੀਤਾ। ਆਪਣੇ ਨਿਆਂ ਦੇ ਸਿਧਾਂਤ ਦਾ ਖ਼ੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਦੀ ਸੁਤੰਤਰਤਾ ਹੋਰਨਾਂ ਸਾਰੇ ਵਿਅਕਤੀਆਂ ਦੀ ਸੁਤੰਤਰਤਾ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ।  ਸਮਾਜਿਕ ਅਸਮਾਨਤਾ ਉਸ ਸਮੇਂ ਹੀ ਹੋਣੀ ਚਾਹੀਦੀ ਹੈ, ਜਦੋਂ ਇਸ ਦੇ ਆਧਾਰ 'ਤੇ ਗ਼ਰੀਬ ਲੋਕਾਂ ਦਾ ਹਿਤ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਲੋਕ ਆਪਣੀ ਯੋਗਤਾ ਅਤੇ ਹੁਨਰ ਤੋਂ ਅਣਜਾਣ ਹੁੰਦੇ ਹਨ, ਇਸ ਲਈ ਉਹ ਅਸਮਾਨ ਸਮਾਜ ਦੇ ਸਥਾਨ 'ਤੇ ਸਮਾਨ ਸਮਾਜ ਵਿਚ ਰਹਿਣਾ ਚਾਹੁੰਦੇ ਹਨ।



ਜਾਨ ਰਾਲਸ ਦੀਆਂ ਪ੍ਰਮੁੱਖ ਰਚਨਾਵਾਂ:

1.         A Theory of Justice (1971)
2.         Political Liberalism (1993)
3.         The Law of Peoples (1999)
4.         Lectures on the History of Moral Philosophy (2000)


*ਪਰਮਿੰਦਰ ਸਿੰਘ ਸ਼ੌਂਕੀ ਦੁਆਰਾ ਅਨੁਵਾਦ ਕੀਤੀ ਗਈ ਅਤੇ ਜਲਦ ਹੀ ਪ੍ਕਾਸ਼ਿਤ ਹੋ ਰਹੀ ਕਿਤਾਬ "ਅਰਾਜਕਤਾ, ਰਾਜ ਅਤੇ ਯੂਟੋਪੀਆ" ਵਿਚੋਂ।

Monday, March 12, 2018

ਕਿਤਾਬ-ਚਰਚਾ: ਲਹੂ ਰੰਗੀ ਮਹਿੰਦੀ


ਪੁਸਤਕ “ਲਹੂ ਰੰਗੀ ਮਹਿੰਦੀ”
ਲੇਖਕ ਸੁਰਿੰਦਰ ਸੈਣੀ
ਸਫ਼ੇ 112, ਮੁੱਲ 150/-
ਪ੍ਰਕਾਸ਼ਕ “ਪ੍ਰੀਤ ਪਬਲੀਕੇਸ਼ਨ ਨਾਭਾ
ਸੰਪਰਕ: 9855100712

ਪੁਸਤਕ “ਲਹੂ ਰੰਗੀ ਮਹਿੰਦੀ” ਲੇਖਕ ਸੁਰਿੰਦਰ ਸੈਣੀ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ।ਭਾਵੇਂ ਉਹ ਇਸ ਤੋਂ ਪਹਿਲਾ “ਚੰਨਾ ਦੂਰ ਦਿਆਂ” “ਅੱਥਰੀ ਪੀੜ” “ਮਿੱਤਰ ਪਿਆਰੇ ਨੂੰ” ”ਮੇਰਾ ਰੱਬ” ਨਾਮਕ ਚਾਰ ਕਾਵਿ ਪੁਸਤਕਾੰ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਜਿੱਥੇ ਉਨ੍ਹਾੰ ਕਾਵਿ ਖੇਤਰ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ।ਉੱਥੇ ਕਹਾਣੀ ਖੇਤਰ ਵਿੱਚ ਵੀ ਉਹ ਇਸ ਪੁਸਤਕ ਰਾਹੀਂ ਸ਼ਿਰਕਤ ਕਰਨ ਜਾ ਰਹੇ ਹਨ।ਹਰਫ਼ਾਂ ਨਾਲ ਖੇਡਣਾ ਤਾੰ ਉਂਨਾਂ ਦੀ ਕਲਮ ਪਹਿਲਾ ਹੀ ਬਾ-ਖ਼ੂਬੀ ਜਾਣਦੀ ਹੈ ਅਤੇ ਉਂਨਾਂ ਇਸ ਕਹਾਣੀ ਸੰਗ੍ਰਹਿ ਵਿੱਚ ਪਾਤਰਾਂ ਨਾਲ ਪੂਰਾ-ਪੂਰਾ ਇਨਸਾਫ ਵੀ ਕੀਤਾ ਹੈ।ਹਰ ਕਹਾਣੀ ਦੀ ਬਣਤਰ ਤੋਂ ਲੈ ਹਰ ਪਾਤਰ ਦੇ ਕਿਰਦਾਰ ਨੂੰ ਪੂਰਨ ਨਿਭਾਇਆ ਹੈ ।ਪਾਠਕ ਹਰ ਕਹਾਣੀ ਦੇ ਨਾਲ-ਨਾਲ ਜਿਉੰਦਾ ਹੈ ਅਤੇ ਹਰ ਦ੍ਰਿਸ਼ ਅੱਖਾੰ ਸਾਵੇ ਫਲਮਾਕਣ ਦੀ ਤਰ੍ਹਾੰ ਵਿਚਰਦਾ ਹੈ,ਜੋ ਕਿ ਲੇਖਕ ਦੀ ਲਿਖਣ ਪਰਪੱਕਤਾ ਨੂੰ ਪੇਸ਼ ਕਰਦਾ ਹੈ ।
ਪੁਸਤਕ ਵਿੱਚ 16 ਕਹਾਣੀਆਂ ਸ਼ਮਾਲ ਕੀਤੀਆੰ ਗਈਆਂ ਹਨ,ਜੋ ਕਿ ਅੱਜ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਜ਼ਿੰਦਗੀ ਸੰਘਰਸ਼ ਅਤੇ ਮਨੋਦਸ਼ਾ ਦਰਦਨਾਕ ਹਾਲਾਤ ਨੂੰ ਪੇਸ਼ ਕਰਦੀਆਂ ਹਨ। ਲੇਖਕ ਨੇ ਆਪਣੇ ਇਰਧ ਗਿਰਧ ਜੋ ਅੱਜ ਦੇ ਸਮੇਂ ਵਿੱਚ ਔਰਤ  ਨਾਲ ਸਮਾਜ ਵਿੱਚ ਵਾਪਰ ਰਿਹਾ ਹੈ,ਉਸ ਨੂੰ ਆਪਣੇ ਪਾਤਰਾਂ ਵਿੱਚ ਘੜਨ ਦੀ ਕੋਸ਼ਿਸ਼ ਕੀਤੀ ਹੈ ।ਜਿਸ ਵਿੱਚ ਉਹ ਸਫ਼ਲ ਵੀ ਹੋਏ ਹਨ।ਪੁਸਤਕ ਵਿਚਲੀ ਕਹਾਣੀ ਭੂਆ ਤਾਰੋ ਇਕ ਔਰਤ ਦੀ ਕਹਾਣੀ ਹੈ ਕਿਵੇਂ ਇਕ ਗਰੀਬ ਮਾਪਿਆ ਦੀ ਪੜ੍ਹੀ ਲਿਖੀ ਲਾਡਲੀ ਧੀ ਇਕ ਨੌਕਰੀ ਪੇਸ਼ਾ ਮੁੰਡੇ ਨਾਲ ਵਿਆਹੀ ਗਈ ਅਤੇ ਉਸ ਮੁੰਡੇ ਨੇ ਕਦਰ ਨਾ ਪਾਈ ਤੇ ਕਿਸੇ ਹੋਰ ਔਰਤ ਪਿੱਛੇ ਲੱਗ ਉਸ ਨੂੰ ਤਲਾਕ ਦੇ ਗਿਆ ਜਦੋਂ ਕਿ ਉਹ ਮਾਂ ਬਣ ਚੁੱਕੀ ਸੀ ਅਤੇ ਫੇਰ ਉਸਨੇ ਪੁੱਤਰ ਨੂੰ ਮਹਿਨਤ ਮੁਸਕਤ ਕਰ ਪੜ੍ਹਾਇਆ ਨੌਕਰੀ ਲੱਗੇ ਪੁੱਤਰ ਦੀ ਬਦਲੀ ਦੂਰ ਹੋ ਗਈ ਅਤੇ ਉਹ ਫੇਰ ਵਿਚਾਰੀ ਇੱਕਲੀ ਰਹਿ ਗਏ ਤੇ ਆਖਰੀ ਸਮੇਂ ਮੂੰਹ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ।ਇਸੇ ਤਰਾਂ ਕਹਾਣੀ ਪਰਛਾਵਾਂ, ਅੰਦਰਲੀ ਕੁੜੀ,ਵਲਾਇਤ,ਰੂਹਾੰ ਦੇ ਸੌਦੇ ਵੱਖ ਵੱਖ ਵਿਸ਼ਿਆਂ ਤੇ ਔਰਤ ਦੀ ਪੀੜਾ ਤੇ ਮਨੋਦਸ਼ਾ ਨੂੰ ਪੇਸ਼ ਕਰਦੀਆਂ ਹਨ ।ਪੁਸਤਕ ਦੀ ਅਗਲੇਰੀ ਕਹਾਣੀ ਰੱਖੋ ਦਾਈ ਇਕ ਬਜ਼ੁਰਗ ਔਰਤ ਦੀ ਕਹਾਣੀ ਹੈ,ਜੋ ਆਪਣੀ ਜਵਾਨ ਵਿਆਹੀ ਬਰੀ ਧੀ ਨੂੰ ਪਤੀ ਵੱਲੋਂ ਤੰਗ ਕੀਤੀ ਜਾਣ ਕਾਰਨ ਜਹਾਨੋ ਤੁਰ ਜਾਣ ਤੇ ਕਿਵੇਂ ਮੁਸ਼ਕਲਾਂ ਨਾਲ ਆਪਣੇ ਦੋਹਤੇ ਦੋਹਤੀ ਨੂੰ ਪਾਲ ਦੀ ਹੈ ।ਕਹਾਣੀ ਇੰਤਜ਼ਾਰ ਇਕ ਮਾਂ ਧੀ ਦੀ ਕਹਾਣੀ ਹੈ,ਜਿਸ ਵਿੱਚ ਕਾੰਤਾ ਨਾਮਕ ਕੁੜੀ ਆਪਣੇ ਪ੍ਰੇਮੀ ਦੀ ਉਡੀਕ ਵਿੱਚ ਮੌਤ ਦੇ ਮੂੰਹ ਤੱਕ ਪਹੁੰਚ ਜਾਂਦੀ ਹੈ,ਜੋ ਉਸਨੂੰ ਵਿਆਹ ਦਾ ਵਾਅਦਾ ਕਰ ਪ੍ਰਦੇਸ਼ ਪੜ੍ਹਨ ਚਲਾ ਜਾਂਦਾ ਹੈ ਅਤੇ ਜਦੋਂ ਪਰਤਦਾ ਹੈ ਤਾੰ ਉਹ ਜਹਾਨ ਤੋਂ ਕੂਚ ਕਰ ਚੁੱਕੀ ਹੁੰਦੀ ਹੈ।ਇਵੇਂ ਕਹਾਣੀ ਤੇਰਾ ਮੇਰਾ ਕੀ ਰਿਸ਼ਤਾ, ਰੱਬ ਇਕ ਧੀ ਦੇ ਦਿੰਦਾ,ਔਰਤ ਦੀ ਵੇਦਨਾ ਪੀੜਾ ਅਤੇ ਸਬਰ ਨੂੰ ਪੇਸ਼ ਕਰਦੀਆਂ ਹਨ।ਤ੍ਰਿਸ਼ਨਾ ਕਹਾਣੀ ਇਕ ਨਸ਼ੇਈ ਪੁੱਤ ਦੀ ਦਾਸਤਾਨ ਹੈ,ਜੋ ਨਸ਼ੇ ਦੀ ਲੱਤ ਕਾਰਨ ਕਿਵੇਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ ਕਹਾਣੀ ਰੂਹਾੰ ਦੇ ਫੇਰੇ ਭਿੰਦਰ ਨਾਮਕ ਉਸ ਕੁੜੀ ਦੀ ਕਹਾਣੀ ਹੈ,ਜਿਸ ਨੂੰ ਮੰਡਾ ਵਿਖਾ ਤੇ ਹੋਰ ਦਿੱਤਾ ਜਾਂਦਾ ਹੈ,ਤੇ ਵਿਆਹ ਵੱਡੇ ਭਰਾ ਨਾਲ ਦਿੱਤੀ ਜੋ ਕਿ ਸਧਾਰਨ ਹੁੰਦਾ ਹੈ ਅਤੇ ਉਸ ਪੜ੍ਹੀ ਲਿਖੀ ਕੁੜੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।ਕਰਮਜਲੀ ਮੈਡਮ ਸਤਿੰਦਰ ਦੀ ਕਹਾਣੀ ਹੈ ਜੋ ਕਿ ਇਕ ਹੋਸਟਲ ਦੀ ਵਾਰਡਨ ਹੈ ਅਤੇ ਬਹੁਤ ਸਖ਼ਤ ਸੁਭਾਅ ਦੀ ਹੈ।ਪਰ ਅੰਦਰ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੀ ਗਹਿਰੀ ਪੀੜਾ ਸਾਂਭੀ ਬੈਠੀ ਹੁੰਦੀ ਹੈ,ਆਖਿਰ ਉਸਦਾ ਮਿਲਾਪ ਹੁੰਦਾ ਹੈ। ਦਿਲਾੰ ਦੀ ਸਾਂਝ, ਮਿਡ-ਡੇ- ਮੀਲ ਗ਼ਰੀਬੀ ਲਾਚਾਰੀ ਦੀਆੰ ਉਹ ਕਹਾਣੀਆਂ ਹਨ,ਜੋ ਸਮਾਜ ਦੀਆੰ ਸਤਾਈਆੰ ਔਰਤਾੰ ਦੀ ਜ਼ਿੰਦਗੀ ਬਿਆਨ ਕਰਦੀਆਂ ਹਨ। ਕਹਾਣੀ ਨਵੀਂ ਸਵੇਰ ਲੇਖਕ ਦੀ ਆਪਣੀ ਨਿੱਜੀ ਕਹਾਣੀ ਹੈ,ਜੋ ਕਿ ਉਂਨਾਂ ਆਪਣੇ ਵਿੱਛੜੇ ਜੀਵਨ ਸਾਥੀ ਨੂੰ ਯਾਦ ਕਰਦਿਆ ਆਪਣੀ ਜ਼ਿੰਦਗੀ ਦੀ ਪੀੜਾ ਨੂੰ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ।ਆਖਰੀ ਕਹਾਣੀ ਹੈ,ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ਲਹੂ ਰੰਗੀ ਮਹਿੰਦੀ ਜਿਸ ਵਿੱਚ ਲੇਖਕ ਨੇ ਆਪਣੇ ਪੁਸਤਕ ਲਿਖਣ ਵੇਲੇ ਦੇ ਤਜਰਬੇ ਅਤੇ ਜ਼ਿੰਦਗੀ ਦੀਆੰ ਕੌੜੀਆੰ ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ ਕੁੱਲ ਮਿਲਾਕੇ ਹਰ ਕਹਾਣੀ ਦਾ ਵੱਖਰਾ ਰੰਗ ਹੈ ਪੁਸਤਕ ਪੜ੍ਹਦਿਆ ਕੀਤੇ ਵੀ ਠਹਿਰਾਓ ਮਹਿਸੂਸ ਨਹੀਂ ਹੁੰਦਾ ਸੋ ਕੁੱਲ ਮਿਲਾਕੇ ਪੁਸਤਕ ਪੜ੍ਹਨ ਯੋਗ ਹੈ ।

                                ਸੁਰਿੰਦਰਜੀਤ ਚੌਹਾਨ
                                   9814101312

ਬਘੇਲ ਸਿੰਘ ਧਾਲੀਵਾਲ ਦੀ ਕਾਵਿ-ਰਚਨਾ 'ਅਹਿਸਾਸ' ਨੂੰ ਪੜ੍ਹਦਿਆਂ...


ਬਰਨਾਲੇ ਦੀ ਸਾਹਿਤਕ ਲਹਿਰ ਵਿੱਚ ਪਲਿਆ ਅਤੇ ਸੱਚੀ-ਸੁੱਚੀ ਪੱਤਰਕਾਰੀ ਵਿੱਚੋਂ ਉਭਰਿਆ ਬਘੇਲ ਸਿੰਘ ਧਾਲੀਵਾਲ ਇੱਕ ਚੇਤਨ ਕਵੀ ਹੈ।ਬਘੇਲ ਸਿੰਘ ਧਾਲੀਵਾਲ ਦੀ 'ਅਹਿਸਾਸ' ਪਲੇਠੀ ਕਾਵਿ-ਰਚਨਾ ਹੈ।  ਬਘੇਲ ਸਿੰਘ ਧਾਲੀਵਾਲ ਜੀ ਨੂੰ ਅਕਸਰ ਹੀ , ਰੇਡੀਓ, ਅਖਬਾਰਾਂ ਅਤੇ ਫੇਸਬੁੱਕ ਰਾਹੀਂ ਪੜ੍ਹਨ, ਸੁਣਨ ਦਾ ਸਬੱਬ ਬਣਦਾ ਰਿਹਾ ਹੈ।  ਉਸ ਨੇ ਆਪਣੀਆਂ ਨਜ਼ਮਾਂ ਰਾਹੀਂ ਆਪਣੀ ਖ਼ਾਸ ਪਛਾਣ ਬਣਾ ਲਈ ਹੈ। ਬਘੇਲ ਸਿੰਘ ਧਾਲੀਵਾਲ ਇਕ ਸੰਵੇਦਨਸ਼ੀਲ ਸ਼ਖਸ਼ੀਅਤ ਹੈ ਤੇ ਉਸਨੇ ਆਪਣੀ ਸੰਵੇਦਨਾ ਨੂੰ ਕਵਿਤਾ ਰਾਹੀਂ ਬੜੀ ਖੂਬਸੂਰਤੀ ਨਾਲ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਵਿਚ ਉਸਦੀਆ ਕਵਿਤਾਵਾਂ ਸਮਾਜਿਕ ਸਰੋਕਾਰਾਂ,ਸੱਚੀ ਸੱੁਚੀ  ਪਿਆਰ ਮੁਹੱਬਤ,ਮਨੁੱਖੀ ਫਿਤਰਤ, ਲੋਕ ਗੀਤ, ਪਿਆਰ ਤੋਂ ਪਰਮਾਤਮਾ ਤੱਕ ,ਮੈਂ ਸੀ ਘੁੱਗ ਵਸਦਾ ਪੰਜਾਬ ,ਵਿਰਾਸਤ ਮਰਦ ਪ੍ਰਧਾਨ ਸਮਾਜ ਦੀ ,ਕਿਸਾਨ ਦੀ ਅਸਲੀਅਤ ,ਪੰਜਾਬ ਦੀ ਆਵਾਜ਼ ,ਲ਼ੋਕਤੰਤਰ ਪ੍ਰਣਾਲੀ ਅਤੇ ਖਾਲਸਾ ਪੰਥ,ਕੌਮੀ ਪਰਵਾਨੇ ,ਨਦੀਆਂ ਨਹਿਰਾਂ ਅਤੇ ਦਰਿਆਵਾਂ ਦੀਆਂ ਲਹਿਰਾਂ ਦੇ ਵਹਿਣ ਵਿਚ ਰੰਗੀਆਂ ਹੋਈਆਂ ਹਨ।

          ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ । ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਦੀ ਪੇਸ਼ਕਾਰੀ ਸਾਹਿਤ ਪੇਸ਼ ਕਰਦਾ ਹੈ ਲੇਖਕ ਦਾ ਕੰਮ ਸਮਾਜ ਵਿਚ ਫੈਲੇ ਮਾੜੇ ਵਰਤਾਰਿਆ ਨੂੰ ਉਜਾਗਰ ਕਰਨਾ ਅਤੇ ਉਹਨਾ ਤੇ ਤਿੱਖਾ ਵਿਅੰਗ ਜਾਂ ਤਿੱਖਾ ਰੋਸ ਕਰਨਾ ਵੀ ਹੁੰਦਾ ਹੈ। ਕਵੀ ਕੇਵਲ ਬਾਹਰੀ ਅੱਖਾਂ ਨਾਲ ਹੀ ਨਹੀਂ ਦੇਖਦਾ ਤੇ ਦਿਮਾਗ ਨਾਲ ਹੀ ਨਹੀਂ  ਸੋਚਦਾ ,ਬਲਕਿ ਉਹ ਤਾਂ ਮਨ ਦੀਆਂ ਅੱਖਾਂ ਨਾਲ  ਵੀ ਨੀਝ ਲਾ ਕੇ ਹਰ ਸ਼ੈਅ ਨੂੰ ਵੱਖਰੇ ਨਜ਼ਰੀਏ ਨਾਲ ਦੇਖਦਾ ਹੈ। ਬਘੇਲ ਸਿੰਘ ਧਾਲੀਵਾਲ ਨੂੰ ਆਪਣੇ ਪਿਤਾ ਜੀ ਵੱਲੋਂ ਵਿਰਾਸਤ ਵਿੱਚ  ਇਮਾਨਦਾਰੀ ਦੀ ਗੁਤ੍ਹਤੀ ਮਿਲੀ ਹੈ, ਜਿਹੜੀ ਉਹਨਾਂ ਦੀਆਂ ਲਿਖਤਾਂ ਚੋ ਪ੍ਰਤੱਖ ਝਲਕਦੀ ਹੈ। ਬਘੇਲ ਸਿੰਘ ਧਾਲੀਵਾਲ ਤਾਂ ਸੱਚੇ  ਪਿਆਰ ਦੀ ਤੁਲਨਾ ਭਗਤੀ ਦੇ ਬਰਾਬਰ  ਕਰਦਾ ਹੈ  ਸਾਰੇ  ਹੀ ਧਰਮ ਪਿਆਰ ਮੁਹੱਬਤ ਦਾ ਸੁਨੇਹਾ ਦਿੰਦੇ ਹਨ।

ਪਿਆਰ ਦਾ ਮਤਲਬ 
ਮਹਿਜ ਵਾਸ਼ਨਾ ਨਹੀਂ 
ਇਹ ਤਾਂ ਰੁਹਾਨੀਅਤ ਦੇ ਨੇੜੇ 
ਜਾਣ  ਦਾ ਔਖਾ ਮਾਰਗ ਹੈ 
ਝੱਲੀਏ 
ਪਿਆਰ ਸੂਰਤਾਂ ਦਾ ਨਹੀਂ 
ਸੀਰਤਾਂ ਦਾ ਹੁੰਦੇ 
ਸਰੀਰਾਂ ਦਾ ਨਹੀਂ 
ਰੂਹਾਂ ਦਾ ਹੁੰਦੇ 
ਇਸ ਰਾਹ ਤੇ ਚੱਲਣ  ਵਾਲੇ ਤਾਂ 
ਆਪਣੇ ਪਿਆਰਿਆਂ ਚੋਂ ਵੀ
 ਰੱਬ ਨੂੰ ਪਾ ਲੈਂਦੇ ਨੇ 
ਦੇਖੀ ਇਸ  ਪਿਆਰ ਦੇ
ਅਰਥ ਬਿਗਾੜ ਨਾਂ ਦੇਵੀਂ  ਮੇਰੀ ਦੋਸਤ 
ਇਹ ਗੁਸਤਾਖੀ ਨਾ ਕਰੀਂ ।
ਝੱਲੀਏ।
ਕਦੇ ਆਪਣੇ ਅੰਦਰਲੀ ਵਾਸ਼ਨਾ ਤੇ ਨਫ਼ਰਤ ਨੂੰ 
ਮਾਰ ਕੇ ਤਾਂ ਦੇਖ
ਪਿਆਰ ਤੋਂ ਪਰਮਾਤਮਾ ਤੱਕ 
ਮਹਿਸੂਸ ਕਰਕੇ ਤਾਂ ਦੇਖ.

ਮੈਂ ਬਘੇਲ ਸਿੰਘ ਧਾਲੀਵਾਲ ਨੂੰ  ਇਸ ਪੁਸਤਕ ਦੀ ਸੰਪੂਰਨਤਾ  ਤੇ ਵਧਾਈ ਦਿੰਦੀ ਹੋਈ, ਉਸ ਤੋਂ ਅਜਿਹੀਆਂ ਚੰਗੀਆਂ ਤੇ ਨਿੱਗਰ ਰਚਨਾਵਾਂ ਦੀ ਆਸ ਕਰਦੀ ਹਾਂ ਅਤੇ ਦੁਆਵਾਂ ਦੇ ਨਾਲ-ਨਾਲ ਕੁੱਝ ਕਾਵਿ -ਸਤਰਾਂ  'ਅਹਿਸਾਸ'  'ਚੋਂ ਆਪ ਜੀ ਦੀ ਦੀ ਨਜ਼ਰ ਕਰਦੀ ਹਾਂ 

ਮੈਨੂੰ ਹਰ ਪਲ ਰਹਿੰਦਾ ਅਹਿਸਾਸ 
ਤੇਰੇ ਨਾਲ ਕੀਤੇ ਇੱਕ ਇੱਕ ਇਕਰਾਰ ਦਾ
ਤਾਹੀਓਂ ਤਾਂ ਇਹ ਲਿਖਤਾਂ ਦੀ ਪੂੰਜੀ 
ਤੇਰੇ ਨਾਮ ਕਰ ਦਿੱਤੀ ਮੈਂ

ਅਰਵਿੰਦਰ ਕੌਰ ਸੰਧੂ 
ਸਿਰਸਾ ਹਰਿਆਣਾ

Wednesday, March 7, 2018

ਸਮਕਾਲੀ ਸੰਦਰਭਾਂ ਅੰਦਰ ਔਰਤ ਦਿਵਸ ਦੀ ਪ੍ਰਾਸੰਗਿਕਤਾ




ਮਾਨਵੀ ਸਮਾਜ ਅੰਦਰ ਔਰਤ ਨਾਲ ਹੋਣ ਵਾਲੇ ਵਿਤਕਰੇ ਦੀ ਸ਼ੁਰੂਆਤ ਔਰਤ ਅਤੇ ਮਰਦ ਦੀ ਹੋਈ ਪੱਖਪਾਤੀ ਵੰਡ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਇਨਸਾਨੀ ਨਸਲ ਅੰਦਰ ਪੈਦਾ ਹੋਈ ਇਹ ਵੰਡ ਨਾਰੀ ਵਾਦੀ ਚਿੰਤਕਾਂ ਦੇ ਨਾਲ-ਨਾਲ ਮਾਨਵਵਾਦੀਆਂ ਅਨੁਸਾਰ ਵੀ ਪੂਰੀ ਤਰ੍ਹਾਂ ਗ਼ਲਤ ਅਤੇ ਕੁਦਰਤ ਵਿਰੋਧੀ ਹੈ, ਕਿਉਂਕਿ ਲਿੰਗ ਦੇ ਆਧਾਰ ਉੱਪਰ ਕੀਤੀ ਗਈ ਇਹ ਵੰਡ ਕਿਸੇ ਵੀ ਤਰ੍ਹਾਂ ਤਰਕ-ਪੂਰਨ ਅਤੇ ਵਾਜਬ ਨਹੀਂ ਠਹਿਰਾਈ ਜਾ ਸਕਦੀ। ਕੁਦਰਤ ਨੇ ਸਿਰਫ਼ ਮਨੁੱਖ ਦੀ ਸਿਰਜਣਾ ਕੀਤੀ ਹੈ। ਉਸ ਨੂੰ ਔਰਤਮਰਦ ਦੇ ਆਧਾਰ 'ਤੇ ਵੰਡ ਕੇ ਮਰਦ ਨੂੰ ਔਰਤ ਦੀ ਬਜਾਏ ਜ਼ਿਆਦਾ ਅਹਿਮੀਅਤ ਦੇਣਾ ਸਿਰਫ਼ ਮਨੁੱਖੀ ਸਮਾਜ ਅੰਦਰ ਮਰਦ ਦੀ ਸੌੜੀ ਅਤੇ ਈਰਖਾਲੂ ਸੋਚ ਤੋ ਇਲਾਵਾ ਹੋਰ ਕੁੱਝ ਵੀ ਨਹੀਂ ਹੈ। ਧਰਮ ਗ੍ਰੰਥਾਂ ਦੀ ਗਵਾਹੀ ਅਨੁਸਾਰ ਭਾਵੇਂ ਬਹੁ-ਗਿਣਤੀ ਮਰਦ ਪ੍ਰਧਾਨ ਸਮਾਜ ਇਹ ਦਾਅਵਾ ਕਰਦਾ ਹੈ ਕਿ ਰੱਬ ਜਾਂ ਕੁਦਰਤ ਵੱਲੋਂ ਮਰਦ ਦੀ ਸਿਰਜਣਾ ਔਰਤ ਤੋਂ ਪਹਿਲਾਂ ਕੀਤੀ ਗਈ ਸੀ ਪਰ ਇਹਨਾਂ ਮਿਥਿਹਾਸਿਕ ਗੱਲਾਂ ਦੀ ਕੁਦਰਤ ਦੇ ਨਿਯਮਾਂ ਅੰਦਰ ਕੋਈ ਪ੍ਰਾਸੰਗਿਕਤਾ ਨਹੀਂ ਹੈ ਅਤੇ ਨਾ ਹੀ ਧਰਮ ਦੀ ਮੂਲ ਭਾਵਨਾ ਅਨੁਸਾਰ ਅਜਿਹੀਆਂ ਗੱਲਾਂ ਨੂੰ ਕਿਸੇ ਵੀ ਤਰ੍ਹਾਂ ਸਹੀ ਸਵੀਕਾਰ ਕੀਤਾ ਜਾ ਸਕਦਾ ਹੈ। ਧਰਮ ਗ੍ਰੰਥਾਂ ਦੀਆਂ ਅਜਿਹੀਆਂ ਵਾਰਤਾਵਾਂ ਦੀ ਸਹਾਇਤਾ ਨਾਲ ਹੀ ਮਰਦ ਵੱਲੋਂ ਹਜ਼ਾਰਾਂ ਸਾਲਾਂ ਤੋਂ ਔਰਤ ਦਾ ਦਮਨ ਕੀਤਾ ਜਾ ਰਿਹਾ ਹੈ। ਜਿਸ ਦੇ ਪ੍ਰਤਿਰੋਧ ਫਲਸਰੂਪ ਹੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਵਰਗੇ ਦਿਨ ਮਨਾਉਣ ਦੀ ਸ਼ੁਰੂਆਤ ਹੋਈ ਸੀ।
              ਇਸ ਦਿਨ ਦੀ ਆਰੰਭਤਾ ਸੰਯੁਕਤ ਰਾਸ਼ਟਰ ਸੰਘ ਵੱਲੋਂ ਭਾਵੇਂ 1975 ਈਸਵੀ ਵਿਚ ਕੀਤੀ ਗਈ ਸੀ ਪਰ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਕੁੱਝ ਸੰਸਥਾਵਾਂ ਅਤੇ ਨਾਰੀਆਂ ਵੱਲੋਂ ਇਸ ਸਬੰਧੀ ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਦੌਰਾਨ ਹੀ ਲਹਿਰਾਂ ਆਰੰਭ ਕਰ ਦਿੱਤੀਆਂ ਗਈਆਂ ਸਨ। ਜਿਨ੍ਹਾਂ ਦੀ ਵਜ੍ਹਾ ਕਾਰਨ ਔਰਤ ਦਿਵਸ ਵੱਖ-ਵੱਖ  ਦਿਨਾਂ ਦੌਰਾਨ ਮਨਾਇਆ ਜਾਣ ਲੱਗਾ। ਇਸ ਦਿਨ ਦੀ ਸ਼ੁਰੂਆਤੀ ਆਰੰਭਤਾ ਦਾ ਜ਼ਿਕਰ ਸਭ ਤੋਂ ਪਹਿਲਾਂ ਸਾਨੂੰ  8 ਮਾਰਚ 1857 ਈਸਵੀ ਨੂੰ ਹੋਇਆ ਮਿਲਦਾ ਹੈ, ਜਦੋਂ ਨਿਊਯਾਰਕ ਵਿਖੇ ਬੁਣਕਰ ਔਰਤਾਂ ਵੱਲੋਂ ਇੱਕ 'ਖ਼ਾਲੀ ਪਤੀਲਾ ਜਲੂਸ' ਦਾ ਆਯੋਜਨ ਕੀਤਾ ਗਿਆ ਅਤੇ ਕੱਪੜਾ ਮਿੱਲਾਂ ਵਿਚ ਪ੍ਰਾਪਤ ਅਤਿ ਤਰਸਯੋਗ ਹਾਲਤਾਂ ਵਿਚ ਸੁਧਾਰਾਂ ਦੀ ਮੰਗ ਕੀਤੀ ਗਈ। ਇਸ ਉਪਰੰਤ 17 ਅਗਸਤ 1907 ਈਸਵੀ ਨੂੰ ਕਮਿਊਨਿਸਟ ਆਗੂ ਕਲਾਰਾ ਜੈਟਕਿਨ ਨੇ ਔਰਤਾਂ ਦੀ ਅੰਤਰ-ਰਾਸ਼ਟਰੀ ਕਾਨਫ਼ਰੰਸ ਬੁਲਾਉਣ ਦਾ ਐਲਾਨ ਕੀਤਾ। ਜਿਸ ਵਿਚ ਵਿਸ਼ਵ ਦੇ ਵੱਖੋਵੱਖਰੇ ਭਾਗਾਂ ਤੋਂ ਕਰੀਬ 58 ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਔਰਤਾਂ ਦੇ ਵੋਟ ਅਧਿਕਾਰ ਸੰਬੰਧੀ ਇੱਕ ਪ੍ਰਸਤਾਵ ਨੂੰ ਮਨਜ਼ੂਰ ਕੀਤਾ। ਸੰਨ 1910 ਨੂੰ ਕੋਪਨਹੈਗਨ ਵਿਚ ਹੋਣ ਵਾਲੀ ਔਰਤਾਂ ਦੀ ਦੂਸਰੀ ਇੰਟਰਨੈਸ਼ਨਲ ਤੋਂ ਪਹਿਲਾਂ ਇੱਕ ਵੱਖਰੀ ਅੰਤਰਰਾਸ਼ਟਰੀ ਕਾਨਫ਼ਰੰਸ ਕੀਤੀ ਗਈ। ਜਿਸ ਵਿਚ ਸੋਸ਼ਲ ਡੈਮੋਕਰੈਟਿਕ ਪਾਰਟੀ ਜਰਮਨੀ ਦੀ ਆਗੂ ਲੂਈਸ ਜ਼ੇਟਜ਼ ਨੇ ਇੱਕ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਸੀ। ਜਿਸ ਦਾ ਮਹਿਲਾ ਆਗੂ ਕਲਾਰਾ ਜੈਟਕਿਨ ਦੁਆਰਾ ਭਰਪੂਰ ਸਮਰਥਨ ਕੀਤਾ ਗਿਆ। ਇਸ ਕਾਨਫ਼ਰੰਸ ਵਿਚ 17 ਦੇਸ਼ਾਂ ਦੀਆਂ 100 ਦੇ ਕਰੀਬ ਮਹਿਲਾਵਾਂ ਨੇ ਹਿੱਸਾ ਲਿਆ ਸੀ ਪਰ ਔਰਤ ਦਿਵਸ ਨੂੰ ਲੈ ਕੇ ਕੋਈ ਨਿਸ਼ਚਿਤ ਤਾਰੀਖ਼ ਨਿਰਧਾਰਿਤ ਨਹੀਂ ਸੀ ਕੀਤੀ ਗਈ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਮਹਿਲਾ ਦਿਵਸ 18 ਮਾਰਚ 1911 ਈਸਵੀ ਨੂੰ ਉਸ ਸਮੇਂ ਮਨਾਇਆ ਗਿਆ ਜਦੋਂ ਪੂਰੇ ਯੂਰਪੀ ਮਹਾਂਦੀਪ ਵਿਚ ਇੱਕ ਲੱਖ ਦੇ ਕਰੀਬ ਔਰਤਾਂ ਨੇ ਆਪਣੇ ਹੱਕਾਂ ਨੂੰ ਲੈ ਕੇ ਮੁਜ਼ਾਹਰੇ ਕੀਤੇ ਸਨ। ਵਿਸ਼ਵ ਦੇ ਹੋਰਨਾਂ ਮੁਲਕਾਂ ਤੋਂ ਇਲਾਵਾ ਰੂਸ ਵਿਚ ਫਰਵਰੀ 1913 ਈਸਵੀ ਨੂੰ ਆਖ਼ਰੀ ਐਤਵਾਰ ਵਾਲੇ ਦਿਨ ਅਪਣਾ ਪਹਿਲਾ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਨੂੰ ਬਾਅਦ ਵਿਚ ਬਦਲ ਕੇ 8 ਮਾਰਚ ਵਾਲੇ ਦਿਨ ਕਰ ਦਿੱਤਾ ਗਿਆ, ਜੋ ਕੇ ਇੱਕ ਸਰਬ ਪ੍ਰਵਾਨਿਤ ਤਾਰੀਖ਼ ਬਣ ਗਈ ਤੇ ਪੂਰੇ ਵਿਸ਼ਵ ਭਰ ਵਿਚ ਇਸ ਤਾਰੀਖ਼ ਨੂੰ ਹੀ ਇਹ ਦਿਹਾੜਾ ਮਨਾਇਆ ਜਾਣ ਲੱਗਾ।
              ਹਰ ਸਾਲ ਮਹਿਲਾ ਦਿਵਸ ਸਮੇਤ ਅਨੇਕਾਂ ਜਾਗਰੂਕਤਾ ਭਰਪੂਰ ਪ੍ਰੋਗਰਾਮਾਂ ਦੇ ਬਾਵਜੂਦ ਵੀ ਵਿਸ਼ਵ ਦੇ ਵੱਡੇ ਭਾਗ ਵਿਚ ਔਰਤਾਂ ਦੀ ਹਾਲਤ ਬਹੁਤ ਤਰਸਯੋਗ ਹੈ। ਸੰਯੁਕਤ ਰਾਸ਼ਟਰ ਸੰਘ ਅਤੇ ਯੂਨੀਸੈੱਫ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਕਰਵਾਏ ਗਏ ਸਰਵੇਖਣਾਂ ਅਨੁਸਾਰ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਵਿਚ ਔਰਤਾਂ ਨਾਲ ਸੰਬੰਧਿਤ ਅਪਰਾਧਾਂ ਦਾ ਅੰਕੜਾ ਕਾਫ਼ੀ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਜਿਨ੍ਹਾਂ ਵਿਚ ਬਲਾਤਕਾਰ, ਘਰੇਲੂ ਹਿੰਸਾ, ਵੇਸ਼ਵਾਗਮਨ, ਭਰੂਣ-ਹੱਤਿਆ ਆਦਿ  ਵਰਗੀਆਂ ਗੈਰ-ਮਨੁੱਖੀ ਕਿਰਿਆਵਾਂ ਸ਼ਾਮਿਲ ਹਨ। ਇਹਨਾਂ ਮਾਮਲਿਆਂ ਵਿਚ ਭਾਰਤ ਔਰਤ ਨਾਲ ਸੰਬੰਧਿਤ ਅਪਰਾਧਾਂ ਦੇ ਮਾਮਲੇ ਵਿਚ ਆਪਣੇ ਗੁਆਂਢੀ ਅਤੇ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਦੇ ਮਾਮਲੇ ਵਿਚ ਕਾਫ਼ੀ ਅੱਗੇ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਨੁਸਾਰ ਦੇਸ਼ ਵਿਚ ਹਰ ਸਾਲ ਕਰੀਬ 50 ਲੱਖ ਕੁੜੀਆਂ ਭਰੂਣਹੱਤਿਆ ਕਾਰਨ ਜਨਮ ਤੋਂ ਪਹਿਲਾਂ ਹੀ ਮਾਰ ਦਿੱਤੀਆਂ ਜਾਂਦੀਆਂ ਹਨ। ਜਿਸ ਕਾਰਨ ਦੇਸ਼ ਅੰਦਰ 6 ਸਾਲ ਤੋਂ ਘੱਟ ਉਮਰ ਦਾ ਲਿੰਗ-ਅਨੁਪਾਤ ਮਹਿਜ਼ 914 ਦੇ ਆਸਪਾਸ ਰਹਿਣ ਲੱਗਾ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਭਾਰਤ ਵਿਚ ਲਿੰਗ-ਅਨੁਪਾਤ ਦਾ ਅੰਕੜਾ ਸਿਰਫ਼ 940 ਹੈ। ਭਾਵੇਂ ਕਿ ਬੀਤੇ 20 ਸਾਲਾਂ ਦੌਰਾਨ ਇਹ ਅਨੁਪਾਤਕ ਅੰਕੜਾ ਸਰਬੋਤਮ ਹੈ ਪਰ ਜਦੋਂ ਇਸ ਦੀ ਤੁਲਨਾ ਅਸੀਂ ਆਪਣੇ ਗੁਆਂਢੀ ਦੇਸ਼ਾਂ ਨਾਲ ਕਰਦੇ ਹਾਂ ਤਾਂ ਇਹ ਕਾਫ਼ੀ ਦੁਖਦਾਈ ਪ੍ਰਤੀਤ ਹੁੰਦਾ ਹੈ। ਭਾਰਤ ਦੇ  ਗੁਆਂਢੀ ਦੇਸ਼ ਨੇਪਾਲ ਵਿਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ 1041 ਮਹਿਲਾਵਾਂ ਹਨ ਜਦੋਂਕਿ ਇੰਡੋਨੇਸ਼ੀਆ ਵਿਚ 1000 ਪੁਰਸ਼ਾਂ ਤੇ 1004, ਚੀਨ ਵਿਚ 1000 ਪੁਰਸ਼ਾਂ ਦੇ ਮੁਕਾਬਲੇ 944 ਅਤੇ ਪਾਕਿਸਤਾਨ ਵਿਚ ਇਹ ਅੰਕੜਾ 1000 ਪੁਰਸ਼ਾਂ ਦੇ ਮੁਕਾਬਲੇ 938 ਮਹਿਲਾਵਾਂ ਦਾ ਹੈ। ਵਰਲਡ ਫੈਕਟ ਬੁੱਕ ਅਨੁਸਾਰ ਜ਼ਿਆਦਾਤਰ ਵਿਕਸਿਤ ਦੇਸ਼ਾਂ ਵਿਚ ਮਹਿਲਾਵਾਂ ਦੀ ਗਿਣਤੀ ਪੁਰਸ਼ਾਂ ਤੋਂ ਅਧਿਕ ਪਾਈ ਗਈ ਹੈ। ਵਿਸ਼ਵ ਭਰ ਵਿਚ ਔਸਤ 1000 ਪੁਰਸ਼ਾਂ ਦੇ ਮੁਕਾਬਲੇ 990 ਔਰਤਾਂ ਹਨ। ਬਰਾਜ਼ੀਲ, ਰੂਸ, ਅਮਰੀਕਾ, ਜਾਪਾਨ, ਨਾਈਜੀਰੀਆ, ਫਰਾਂਸ, ਵੀਅਤਨਾਮ ਅਤੇ ਇਜ਼ਰਾਇਲ ਆਦਿ ਦੇਸ਼ਾਂ ਵਿਚ ਸਾਨੂੰ ਮਰਦ ਦੇ ਮੁਕਾਬਲੇ ਇਸਤਰੀ ਲਿੰਗ ਅਨੁਪਾਤ ਜ਼ਿਆਦਾ ਪ੍ਰਾਪਤ ਹੁੰਦਾ ਹੈ।
              ਭਾਰਤ ਦੀ ਗਿਣਤੀ ਵਿਸ਼ਵ ਦੇ ਪ੍ਰਮੁੱਖ ਧਾਰਮਿਕ ਦੇਸ਼ਾਂ ਵਿਚ ਹੁੰਦੀ ਹੈ। ਧਾਰਮਿਕ ਸੰਤਾਂਮਹਾਂਪੁਰਸ਼ਾਂ ਨੇ ਵੀ ਔਰਤ ਦੀ ਅਹਿਮੀਅਤ ਨੂੰ ਸਵੀਕਾਰਦਿਆਂ ਉਸ ਦੀ ਮਹੱਤਤਾ ਸੰਬੰਧੀ ਆਪਣੇ ਵਿਚਾਰ ਸਾਡੇ ਸਨਮੁੱਖ ਰੱਖੇ ਹਨ ਪਰ ਅਫ਼ਸੋਸ ਮਈ ਗੱਲ ਇਹ ਹੈ ਕਿ ਅਸੀਂ ਉਨ੍ਹਾਂ ਵਿਚਾਰਾਂ ਨੂੰ ਜੀਵਨ ਵਿਚ ਲਾਗੂ ਨਹੀਂ ਕਰ ਸਕੇ, ਸ਼ਾਇਦ ਇਸੇ ਵਜ੍ਹਾ ਕਾਰਨ ਦੇਸ਼ ਵਿਚ ਪ੍ਰਾਪਤ ਵੱਖਵੱਖ ਧਰਮਾਂ ਦੇ ਲੋਕਾਂ ਅੰਦਰ ਔਰਤ ਨਾਲ ਸੰਬੰਧਿਤ ਅਪਰਾਧਾਂ ਬਾਬਤ ਪਾਇਆ ਜਾਣ ਵਾਲਾ ਅੰਕੜਾ ਵੀ ਕਾਫ਼ੀ ਤਰਸਯੋਗ ਹੈ। ਭਾਰਤ ਵਿਚ ਪ੍ਰਾਪਤ ਪ੍ਰਮੁੱਖ ਧਾਰਮਿਕ ਸਮੁਦਾਇਆਂ ਵਿਚ ਈਸਾਈ ਧਰਮ ਦੇ ਅਨੁਆਈਆਂ ਦਾ ਲਿੰਗ-ਅਨੁਪਾਤ ਸਭ ਤੋਂ ਵਧੇਰੇ ਹੈ, ਜਦੋਂ ਕਿ ਦੂਜੇ ਨੰਬਰ 'ਤੇ ਮੁਸਲਮਾਨ ਅਤੇ ਤੀਸਰੇ ਦਰਜੇ 'ਤੇ ਹਿੰਦੂ ਹਨ। ਬੱਚਿਆਂ ਦਾ ਲਿੰਗ ਅਨੁਪਾਤ ਈਸਾਈਆਂ ਵਿਚ ਪ੍ਰਤੀ 1000 ਦੇ ਮੁਕਾਬਲੇ 964 ਹੈ। ਮੁਸਲਮਾਨਾਂ ਅੰਦਰ ਪ੍ਰਾਪਤ ਇਹ ਅੰਕੜਾ ਉਨ੍ਹਾਂ ਦੀ ਸਥਿਤੀ ਰਾਸ਼ਟਰੀ ਔਸਤ ਤੋਂ ਥੋੜ੍ਹੀ ਬਿਹਤਰ ਬਣਾ ਦਿੰਦਾ ਹੈ। ਪਿਛਲੀ ਜਨਗਣਨਾ ਅਨੁਸਾਰ ਮੁਸਲਮਾਨਾਂ ਵਿਚ 1000 ਪੁਰਸ਼ਾਂ ਦੇ ਮੁਕਾਬਲੇ 950 ਮਹਿਲਾਵਾਂ ਹਨ, ਜਦੋਂ ਕਿ ਸਿੱਖਾਂ ਵਿਚ ਇਹ ਅੰਕੜਾ ਸਭ ਤੋ ਘੱਟ ਅਰਥਾਤ 786 ਹੈ। ਸਿੱਖ ਧਰਮ ਤੋਂ ਇਲਾਵਾ ਜੈਨੀਆਂ ਵਿਚ ਇਹ ਅਨੁਪਾਤ 870ਦਾ ਹੈ। ਦੇਸ਼ ਦੀ 80.5% ਆਬਾਦੀ ਹਿੰਦੂਆਂ ਦੀ ਹੈ ਅਤੇ ਇੱਥੇ ਇਹ ਅਨੁਪਾਤ 925 ਹੈ। ਇਹ ਸਭ ਸਪਸ਼ਟ ਕਰਦਾ ਹੈ ਕਿ ਦੇਸ਼ ਵਿਚ ਲਿੰਗ ਅਨੁਪਾਤ ਰਾਸ਼ਟਰੀ ਔਸਤ ਤੋਂ ਘੱਟ ਹੈ ਪਾਇਆ ਜਾਂਦਾ ਹੈ।
ਔਰਤ ਨਾਲ ਹੋ ਰਹੇ ਅਪਰਾਧਾਂ ਦੇ ਮਾਮਲੇ ਵਿਚ ਵੀ ਭਾਰਤ ਮੋਹਰੀ ਦੇਸ਼ਾਂ ਵਿਚ ਸ਼ੁਮਾਰ ਹੁੰਦਾ ਹੈ। ਇੱਥੇ ਸੰਨ 2011 ਦੇ ਅੰਕੜਿਆਂ ਅਨੁਸਾਰ ਔਰਤਾਂ ਨਾਲ 2.28 ਲੱਖ ਤੋਂ ਵੀ ਜ਼ਿਆਦਾ ਅਪਰਾਧ ਹੋਏ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਮਹਿਲਾਵਾਂ ਵਿਰੁੱਧ ਅਪਰਾਧਾਂ ਵਿਚ ਬੀਤੇ ਇੱਕ ਸਾਲ ਦੌਰਾਨ ਕਰੀਬ 7.1% ਦਾ ਵਾਧਾ ਹੋਇਆ। ਦੇਸ਼ ਭਰ ਵਿਚ ਸੰਨ 2011 ਦੌਰਾਨ 24206 ਦੇ ਲਗਭਗ ਬਲਾਤਕਾਰ ਦੇ ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਸਾਨੂੰ 51503 ਮਾਮਲੇ ਛੇੜਛਾੜ ਅਤੇ ਯੌਨ-ਉਤਪੀੜਣ ਆਦਿ ਦੇ ਵੀ ਪ੍ਰਾਪਤ ਹੁੰਦੇ ਹਨ। ਮਹਿਲਾਵਾਂ ਦੇ ਅਗਵਾ ਕੇਸਾਂ ਦੀ ਗਿਣਤੀ 35565 ਹਜ਼ਾਰ ਦੇ ਕਰੀਬ ਦਰਜ਼ ਕੀਤੀ ਗਈ ਹੈ। ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ ਸੀ.ਬੀ.ਆਈ. ਦੁਆਰਾ ਸੰਨ 2009 ਦੌਰਾਨ ਪੇਸ਼ ਕੀਤੀ ਗਈ ਆਪਣੀ ਇੱਕ ਰਿਪੋਰਟ ਅਨੁਸਾਰ ਦੇਸ਼ ਵਿਚੋਂ ਕਰੀਬ 30 ਲੱਖ ਲੜਕੀਆਂ ਦੀ ਤਸਕਰੀ ਕੀਤੀ ਗਈ ਸੀ। ਜਿਨ੍ਹਾਂ ਦੀ 90 ਫ਼ੀਸਦੀ ਗਿਣਤੀ ਦੇਹ ਵਪਾਰ ਵਰਗੇ ਕਿੱਤਿਆਂ ਅੰਦਰ ਧੱਕ ਦਿੱਤੀ ਗਈ ਸੀ। ਨੈਸ਼ਨਲ ਕ੍ਰਾਈਮ ਬਿਊਰੋ ਦਾ ਆਖਣਾ ਹੈ ਕਿ ਸੰਨ 1971 ਤੋਂ ਲੈ ਕਿ 2012 ਈਸਵੀ ਤੱਕ ਔਰਤ ਨਾਲ ਹੋਏ ਬਲਾਤਕਾਰਾਂ ਦੀ ਗਿਣਤੀ ਵਿਚ 880 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ। ਜਿਸ ਦੀ ਬਦੌਲਤ ਹੀ ਭਾਰਤ ਅੰਦਰ 56 ਫ਼ੀਸਦੀ ਔਰਤਾਂ ਸਕੂਲ ਜਾਂ ਕਾਲਜ ਵਿਚ ਉਚੇਰੀ ਸਿੱਖਿਆ ਪ੍ਰਾਪਤੀ ਲਈ ਪਹੁੰਚਣ ਤੋਂ ਡਰਨ ਲੱਗੀਆਂ ਹਨ। ਇਸ ਸਭ ਤੋਂ ਇਲਾਵਾ ਦਾਜ ਪ੍ਰਥਾ ਦੇ ਕਾਰਨ ਵੀ ਭਾਰਤ ਅੰਦਰ ਕੁਰਬਾਨ ਹੋਣ ਵਾਲੀਆਂ ਔਰਤਾਂ ਦੀ ਸਾਲਾਨਾ ਦਰ 9000 ਦੇ ਕਰੀਬ ਜਾ ਪਹੁੰਚੀ ਹੈ। ਐਮਨੇਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਿਕ 40 ਫ਼ੀਸਦੀ ਭਾਰਤੀ ਔਰਤਾਂ ਆਪਣੇ ਪਤੀ ਦੁਆਰਾ ਕੀਤੀ ਜਾਂਦੀ ਕੁੱਟਮਾਰ ਦਾ ਲਗਾਤਾਰ ਸ਼ਿਕਾਰ ਹੋ ਰਹੀਆਂ ਹਨ। ਇੱਥੇ ਇਹ ਵੀ ਦੱਸਣਾ ਮੁਨਾਸਬ ਰਹੇਗਾ ਕਿ ਇਹ ਅੰਕੜਾ ਉਨ੍ਹਾਂ ਹਾਲਤਾਂ ਵਿਚ ਹੈ ਜਦੋਂ ਘਰੇਲੂ ਹਿੰਸਾ ਦੇ 50 ਕੇਸਾਂ ਵਿਚੋਂ ਸਿਰਫ਼ ਇੱਕ ਕੇਸ ਹੀ ਪੁਲਿਸ ਪਾਸ ਆਪਣੀ ਪਹੁੰਚ ਕਰਦਾ ਹੈ। ਇਸ ਲਈ ਇਹ ਸਾਰੇ ਅੰਕੜੇ ਭਾਵੇਂ ਕਿ ਗਿਣਾਤਮਿਕ ਪੱਧਰ 'ਤੇ ਇੱਧਰ ਉੱਧਰ ਹੋ ਸਕਦੇ ਹਨ ਪਰ ਇਸ ਤੱਥ ਤੋਂ ਕਿਤੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ ਕਿ ਔਰਤਾਂ ਨਾਲ ਸਬੰਧਿਤ ਅਪਰਾਧਾਂ ਦੀ ਗਿਣਤੀ ਇਹਨਾਂ ਸਰਕਾਰੀ ਅੰਕੜਿਆਂ ਦੀ ਯਥਾਰਥਿਕਤਾ ਤੋਂ ਕਿਤੇ ਜ਼ਿਆਦਾ ਵਧੇਰੇ ਹੁੰਦੀ ਹੈ। ਇਸ ਸਮੁੱਚੇ ਪ੍ਰਸੰਗ ਵਿਚ ਸਾਡੇ ਲਈ ਇਹ ਸਮਝਣਾ ਬਿਲਕੁਲ ਵੀ ਮੁਸ਼ਕਿਲ ਨਹੀਂ ਹੋ ਸਕਦਾ ਕੇ ਮਾਨਵੀ ਸਭਿਅਤਾ ਦੇ ਇਸ ਕਥਿਤ 'ਵਿਕਸਿਤ ਦੌਰ' ਅੰਦਰ ਔਰਤ ਦੀ ਹੋਂਦ ਕਿੱਥੇ 'ਕੁ ਖੜੀ ਹੈ।
                ਇਸ ਸਮੁੱਚੇ ਵਰਤਾਰੇ ਦੇ ਸੰਦਰਭ ਵਿਚ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਅਸਲ ਵਿਚ ਔਰਤ ਦੀ ਇਸ ਦਸ਼ਾ ਵਿਚ ਕਿਤੇ ਨਾ ਕਿਤੇ ਉਹ ਖ਼ੁਦ ਵੀ ਘੱਟ ਗੁਨਾਹਗਾਰ ਨਹੀਂ ਹੈ। ਮਰਦ ਸਿਰਜਿਤ ਸਭਿਆਚਾਰ ਅਨੁਸਾਰੀ ਹੋਣ ਕਾਰਨ ਔਰਤ ਨੇ ਖ਼ੁਦ ਨੂੰ ਮਰਦ ਦੀ ਦਾਸੀ ਪ੍ਰਵਾਨ ਕਰ ਰੱਖਿਆ ਹੈ ਅਤੇ ਅਪਣਾ ਭਵਿੱਖ ਸਿਰਫ਼ ਤੇ ਸਿਰਫ਼ ਮਰਦ ਦੀ ਰਹਿਨੁਮਾਈ ਵਿਚ ਹੀ ਸੁਰੱਖਿਅਤ ਸਮਝਿਆ ਹੈ। ਔਰਤ ਨੇ ਮਰਦ ਦੁਆਰਾ ਆਪਣੇ ਆਲ਼ੇ-ਦੁਆਲੇ ਬੁਣੇ ਗਏ ਇਸ ਜਾਲ ਨੂੰ ਮਜ਼ਬੂਤ ਕਰਨ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਪਣਾ ਸਾਰਾ ਜੀਵਨ ਜਿਵੇਂ ਕੇ ਉਸ ਨੂੰ ਜਨਮ ਤੋਂ ਹੀ ਸਿਖਾਇਆ ਜਾਂਦਾ ਹੈ,  ਮਰਦ ਦੀ ਸੇਵਾ ਵਿਚ ਗੁਜ਼ਾਰ ਕਿ ਹੀ ਉਹ ਆਪਣੀ ਖ਼ੁਸ਼ੀ ਪ੍ਰਾਪਤ ਕਰਨਾ ਚਾਹੁੰਦੀ ਹੈ। ਇੱਥੇ ਇਹ ਵੀ ਸਪਸ਼ਟ ਕਰਨ ਯੋਗ ਗੱਲ ਹੈ ਕਿ ਇਸ ਦਾ ਭਾਵ ਇਹ ਨਹੀਂ ਕੇ ਮਰਦ ਪੂਰੀ ਤਰ੍ਹਾਂ ਗ਼ਲਤ ਜਾਂ ਨਫ਼ਰਤ ਕਰਨ ਯੋਗ ਪ੍ਰਾਣੀ ਹੈ। ਸਾਡੇ ਕਹਿਣ ਦਾ ਭਾਵ ਸਿਰਫ਼ ਇਹ ਹੈ ਕਿ ਔਰਤ ਵੱਲੋਂ ਆਪਣੇ-ਆਪ ਦੀ ਪਛਾਣ ਕਰਨਾ ਸਮੇਂ ਦੀ ਇੱਕ ਜ਼ਰੂਰੀ ਮੰਗ ਹੈ। ਕੁਦਰਤ ਨੇ ਇਨਸਾਨ ਨੂੰ ਬਰਾਬਰ ਦੇ ਪੈਦਾ ਕੀਤਾ ਹੈ। ਇਸ ਲਈ ਔਰਤ ਵੱਲੋਂ ਖ਼ੁਦ ਨੂੰ ਮਰਦ ਦੇ ਬਰਾਬਰ ਮਹਿਸੂਸ ਕਰਨਾ ਅਤਿ ਜ਼ਰੂਰੀ ਹੈ ਕਿਉਂਕਿ ਮਰਦ ਦੀ ਸੇਵਾ ਕਰਨਾ ਜਾਂ ਇਸ ਅਨੁਸਾਰੀ ਹੋ ਕਿ ਹੀ ਅਪਣਾ ਜੀਵਨ ਬਤੀਤ ਕਰਨ ਵਾਲਾ ਫ਼ਲਸਫ਼ਾ ਮਰਦ ਪ੍ਰਧਾਨ ਸਮਾਜ ਵੱਲੋਂ ਸਿਰਫ਼ ਔਰਤ ਨੂੰ ਲਿਤਾੜਨ ਹਿਤ ਹੀ ਹੋਂਦ ਵਿਚ ਲਿਆਂਦਾ ਗਿਆ ਹੈ। ਔਰਤ ਜਦੋਂ ਇਸ ਫ਼ਲਸਫ਼ੇ ਅਨੁਸਾਰੀ ਹੋ ਕਿ ਅਪਣਾ ਜੀਵਨ ਬਤੀਤ ਕਰਦੀ ਹੈ, ਅਸਲ ਸਮੱਸਿਆ ਉਸੇ ਵਕਤ ਸ਼ੁਰੂ ਹੁੰਦੀ ਹੈ। ਜਿਸ ਤੋਂ ਬਚਣ ਲਈ ਔਰਤ ਨੂੰ ਆਪਣੀ ਹੋਂਦ ਅਤੇ ਅਪਣਾ ਮੂਲ ਪਛਾਣਨਾ ਪਵੇਗਾ। ਇਸ ਪਹਿਚਾਣ ਤੋਂ ਬਾਅਦ ਹੀ ਔਰਤ ਆਪਣੇ ਪ੍ਰਤੀ ਹੋ ਰਹੇ ਅਪਰਾਧਾਂ ਦੀ ਗਿਣਤੀ 'ਤੇ ਲਗਾਮ ਲਗਾ ਸਕਣ ਵਿਚ ਕਾਮਯਾਬ ਹੋ ਸਕਦੀ ਹੈ। 'ਨਜ਼ਰ ਤੇਰੀ ਗੰਦੀ ਤੇ ਪਰਦਾ ਮੈਂ ਕਰਾਂ' ਵਰਗੇ ਸਲੋਗਨ ਉਸ ਦੀ ਇਸ ਸਮਾਜ ਅੰਦਰ ਸਥਿਤੀ ਸੁਧਾਰਨ ਵਿਚ ਜ਼ਿਆਦਾ ਲਾਭਕਾਰੀ ਨਹੀਂ ਹੋ ਸਕਦੇ ।

ਪਰਮਿੰਦਰ ਸਿੰਘ ਸ਼ੌਂਕੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ।


Saturday, February 17, 2018

ਅਰਨੈਸਟੋ ਕਾਰਦੇਨਾਲ ਦੀਆਂ ਚੋਣਵੀਆਂ ਕਵਿਤਾਵਾਂ







ਵਿਸ਼ਵ ਭਰ ਦੇ ਮਹਾਨ ਕਵੀਆਂ ਵਿਚ ਸ਼ੁਮਾਰ ਕੀਤੇ ਜਾਣ ਵਾਲੇ ਅਰਨੈਸਟੋ ਕਾਰਦੇਨਾਲ ਦਾ ਜਨਮ ਸੰਨ 1925 ਵਿਚ ਨਿਕਾਰਾਗੁਆ ਵਿਖੇ ਹੋਇਆ। ਉਸ ਨੇ ਚਾਰ ਸਾਲ ਦੀ ਉਮਰ ਵਿਚ ਹੀ ਕਵਿਤਾ ਲਿਖਣੀ ਆਰੰਭ ਕਰ ਦਿੱਤੀ ਸੀ, ਜਿਹੜੀ ਕਿ ਇੱਕ ਹੈਰਤ-ਅੰਗੇਜ਼ ਘਟਨਾ ਜਾਪਦੀ ਹੈ। ਜਵਾਨੀ ਦੇ ਦਿਨਾਂ ਦੌਰਾਨ ਉਸ ਨੇ ਕ੍ਰਾਂਤੀਕਾਰੀ ਅੰਦੋਲਨਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ, ਪਰ 26 ਸਾਲ ਦੀ ਉਮਰ ਵਿਚ ਅਰਨੈਸਟੋ ਦੇ ਜੀਵਨ ਵਿਚ ਇੱਕ ਭਾਰੀ ਬਦਲਾਅ ਉਸ ਸਮੇਂ ਆਇਆ, ਜਦੋਂ ਉਹ ਅਮਰੀਕਾ ਦੇ ਟ੍ਰੈਪਿਸਟ ਮੱਠ ਵਿਚ ਧਰਮ-ਦੀਖਿਆ ਲਈ ਗਏ ਅਤੇ ਅਮਰੀਕੀ ਪਾਦਰੀ-ਕਵੀ ਥਾਮਸ ਮੇਟ੍ਰਨ ਦੇ ਸੰਪਰਕ ਵਿਚ ਆਏ। ਇਸ ਉਪਰੰਤ ਕਾਰਦੇਨਾਲ ਨੇ ਥਾਮਸ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਇਹ ਇਸ ਗੁਰੂ-ਚੇਲਾ ਪ੍ਰਭਾਵ ਦਾ ਨਤੀਜਾ ਹੀ ਸੀ ਕਿ ਅਸੀਂ ਕਾਰਦੇਨਾਲ ਅੰਦਰ ਮਾਰਕਸਵਾਦ ਅਤੇ ਇਸਾਈਅਤ ਦੋਵਾਂ ਲਈ ਬਰਾਬਰ ਪਿਆਰ ਅਤੇ ਪ੍ਰਤੀਬੱਧਤਾ ਨੂੰ ਵੇਖਦੇ ਹਾਂ।

         ਕਾਰਦੇਨਾਲ ਦੀ ਕਵਿਤਾ ਜਾਤੀ-ਪਰੰਪਰਾ ਦੇ ਨਾਲ-ਨਾਲ ਪ੍ਰੇਮ ਅਤੇ ਬਗ਼ਾਵਤ ਦਾ ਕਲਾਤਮਿਕ ਸੌਂਦਰਯ ਪ੍ਰਸਤੁਤ ਕਰਦੀ ਹੈ। ਆਪਣੇ ਇਨ੍ਹਾਂ ਹੀ ਸਰੋਕਾਰਾਂ ਦੀ ਸਪਸ਼ਟਤਾ 'ਤੇ ਚੱਲਦਿਆਂ ਕਾਰਦੇਨਾਲ ਨੂੰ ਯਥਾਸਥਿਤੀਵਾਦੀ ਕੈਥੋਲਿਕ ਤੰਤਰ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਇਸ ਸਭ ਦੇ ਬਾਵਜੂਦ, ਉਨ੍ਹਾਂ ਦੇ ਤੇਵਰ ਅਤੇ ਸੁਰ ਹਮੇਸ਼ਾ ਬਰਕਰਾਰ ਰਹੀ। ਇਹੀ ਕਾਰਨ ਹੈ ਕਿ ਕਾਰਦੇਨਾਲ ਰੂਬੇਨ ਦਾਰੀਓ, ਪਾਬਲੋ ਨੇਰੁਦਾ ਅਤੇ ਸੇਸਰ ਵਾਇੱਖੋ ਦੇ ਬਾਅਦ ਲੈਟਿਨ ਅਮਰੀਕੀ ਗਲੋਬ ਦੇ ਇੱਕ ਵੱਡੇ ਕਵੀ ਵਜੋਂ ਸਾਡੇ ਸਾਹਮਣੇ ਆਉਂਦੇ ਹਨ।

         ਅਰਨੈਸਟੋ ਕਾਰਦੇਨਾਲ ਨੇ ਆਪਣੀਆਂ ਹੋਰਨਾਂ ਸਿਰਜਣਾਵਾਂ ਦੇ ਨਾਲ-ਨਾਲ "…ਪਰ ਤੂੰ ਨਹੀਂ ਬਚੇਂਗੀ ਮੇਰੇ ਛੰਦਾਂ ਤੋਂ…ਕੈਤੁਲਸ"  ਦੇ ਨਾਮ ਹੇਠ 50 ਨਿੱਕੀਆਂ-ਨਿੱਕੀਆਂ ਕਵਿਤਾਵਾਂ ਦੀ ਸਿਰਜਣਾ ਵੀ ਕੀਤੀ ਸੀ, ਜਿਨ੍ਹਾਂ ਵਿਚੋਂ ਅਸੀਂ ਪੰਜ ਕਵਿਤਾਵਾਂ ਦਾ ਅਨੁਵਾਦ ਪਾਠਕਾਂ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ:

1


ਇਹੀ ਹੋਵੇਗਾ ਮੇਰਾ ਬਦਲਾ
ਇੱਕ ਦਿਨ ਤੇਰੇ ਹੱਥਾਂ ਵਿਚ ਹੋਵੇਗੀ

ਇੱਕ ਮਸ਼ਹੂਰ ਕਵੀ ਦੀ ਕਵਿਤਾ ਦੀ ਕਿਤਾਬ
ਅਤੇ ਤੂੰ ਪੜੇਂ੍ਹਗੀ ਉਨ੍ਹਾਂ ਪੰਕਤੀਆਂ ਨੂੰ ਜਿਹੜੀਆਂ ਕਵੀ ਨੇ
ਲਿਖੀਆਂ ਸੀ ਤੇਰੇ ਲਈ
ਅਤੇ ਤੂੰ ਕਦੀ ਜਾਣ ਹੀ ਨਹੀਂ ਪਾਏਂਗੀ ਇਹ ਗੱਲ।




2



ਉਨ੍ਹਾਂ ਨੇ ਮੈਨੂੰ ਦੱਸਿਆ 
ਤੂੰ ਕਿਸੇ ਹੋਰ ਨਾਲ ਪਿਆਰ ਕਰਦੀ ਏਂ

ਇਹ ਸੁਣ ਕਿ ਮੈਂ ਚਲਾ ਗਿਆ ਆਪਣੇ ਕਮਰੇ ਅੰਦਰ
ਅਤੇ ਮੈਂ ਲਿਖਿਆ ਸਰਕਾਰ ਦੇ ਖ਼ਿਲਾਫ਼ ਉਹ ਲੇਖ
ਜਿਸ ਨੇ ਮੈਨੂੰ ਜੇਲ੍ਹ ਦੀ ਹਵਾ ਖੁਆਈ।



3



ਤੂੰ ਜਿਸ ਨੂੰ ਮਾਣ ਏ ਮੇਰੀਆਂ ਕਵਿਤਾਵਾਂ 'ਤੇ
ਇਸ ਲਈ ਨਹੀਂ ਕਿ ਉਨ੍ਹਾਂ ਨੂੰ ਮੈਂ ਲਿਖਿਆ

ਸਗੋਂ ਇਸ ਲਈ ਕਿ ਉਹ ਲਿਖੀਆਂ ਗਈਆਂ ਤੇਰੀ ਪ੍ਰੇਰਨਾ ਨਾਲ
ਹਾਲਾਂਕਿ ਉਹ ਲਿਖੀਆਂ ਤੇਰੇ ਵਿਰੁੱਧ ਗਈਆਂ ਸੀ।



ਤੂੰ ਪ੍ਰੇਰਿਤ ਕਰ ਸਕਦੀ ਸੀ ਬਿਹਤਰ ਕਵਿਤਾ।

ਤੂੰ ਪ੍ਰੇਰਿਤ ਕਰ ਸਕਦੀ ਸੀ ਬਿਹਤਰ ਕਵਿਤਾ।



4



ਮੈਂ ਵੰਡੇ ਨੇ ਭੂਮੀਗਤ ਪਰਚੇ
ਸੜਕ ਦੇ ਵਿਚਕਾਰ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਉਂਦੇ ਹੋਏ

ਬੰਦੂਕਧਾਰੀਆਂ ਸਿਪਾਹੀਆਂ ਦੀ ਪ੍ਰਵਾਹ ਨਾ ਕਰਦੇ ਹੋਏ
ਮੈਂ ਸ਼ਾਮਿਲ ਹੋਇਆ ਵਿਦਰੋਹ ਵਿਚ
ਪਰ ਜਦ ਗੁਜ਼ਰਦਾ ਹਾਂ ਤੇਰੇ ਘਰ ਸਾਹਮਣਿਓਂ
ਪੀਲ਼ਾ ਪੈ ਜਾਂਦਾ ਹਾਂ
ਮੈਨੂੰ ਹਿਲਾ ਸੁੱਟਦੀ ਏ ਤੇਰੀ ਇੱਕ ਹੀ ਨਿਗਾਹ।





5


ਇੱਕ ਵੀ ਲਾਇਨ ਦੇ ਕਾਬਿਲ ਨਹੀਂ ਏਂ ਤੂੰ।


ਵੇਰਵਾ ਅਤੇ ਅਨੁਵਾਦ

ਪਰਮਿੰਦਰ ਸਿੰਘ ਸ਼ੌਂਕੀ

Monday, February 12, 2018

ਚੰਦਨ ਨੇਗੀ ਦੀਆਂ ਕਹਾਣੀਆਂ ਵਿਚ ਡੁੱਗਰ ਆਂਚਲਿਕਤਾ

ਪੰਜਾਬੀ ਗਲਪ ਸਾਹਿੱਤ ਦੇ ਖੇਤਰ ਵਿਚ ਚੰਦਨ ਨੇਗੀ ਦਾ ਸਥਾਨ ਅਤੇ ਨਾਮ ਜਾਣਿਆ ਪਛਾਣਿਆ ਵੀ ਹੈ ਅਤੇ ਆਦਰਯੋਗ ਵੀ। ਉਸ ਨੇ ਪੰਜਾਬੀ ਸਾਹਿੱਤ ਨੂੰ ਆਪਣੀਆਂ ਕਹਾਣੀਆਂ ਅਤੇ ਨਾਵਲਾਂ ਨਾਲ ਗਿਣਾਤਮਿਕ ਅਤੇ ਗੁਣਾਤਮਿਕ ਦੋਨਾਂ ਪੱਖਾਂ ਤੋਂ ਅਮੀਰ ਬਣਾਇਆ ਹੈ। ਉਸ ਦੇ ਨਵੇਂ ਕਹਾਣੀ ਸੰਗ੍ਰਹਿ 'ਹਰਖ ਸੋਗ' ਜੋ 2004 ਵਿਚ ਪ੍ਰਕਾਸ਼ਿਤ ਹੋਇਆ ਨਾਲ ਇੱਕ ਸਥਾਪਿਤ ਲੇਖਕਾਂ ਵਜੋਂ ਉੱਭਰੀ। ਕਹਾਣੀ ਦੇ ਖੇਤਰ ਵਿਚ ਉਸ ਨੇ ਲਗਭਗ ਗਿਆਰਾਂ ਦੇ ਕਰੀਬ ਕਹਾਣੀ ਸੰਗ੍ਰਹਿ ਪੰਜਾਬੀ ਸਾਹਿੱਤ ਦੀ ਝੋਲੀ ਪਾਏ ਹਨ। ਇਸ ਤੋਂ ਬਿਨਾਂ ਉਸ ਨੇ ਪੰਜਾਬੀ ਨਾਵਲ ਅਤੇ ਅਨੁਵਾਦਕ ਪੁਸਤਕਾਂ ਨਾਲ ਪੰਜਾਬੀ ਸਾਹਿੱਤ ਨੂੰ ਅਮੀਰ ਬਣਾਇਆ ਹੈ। ਉਸ ਦੀ ਕਹਾਣੀ ਕਲਾ ਦੀ ਵੱਡੀ ਖ਼ੂਬੀ ਇਹ ਹੈ ਕਿ ਉਸ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚੋਂ ਪ੍ਰਾਪਤ ਕੀਤੇ ਨਿੱਜੀ ਅਨੁਭਵਾਂ ਨੂੰ ਆਪਣੇ ਸੁਹਜਮਈ ਅਤੇ ਕਲਾਮਈ ਬਿੰਬਾਂ ਅਤੇ ਪ੍ਰਤੀਕਾਂ ਵਿਚ ਅਜਿਹੀ ਸ਼ੈਲੀ ਰਾਹੀ ਵਿਉਂਤਿਆ ਕਿ ਉਸ ਦੀ ਪੰਜਾਬੀ ਕਹਾਣੀ ਦੇ ਖੇਤਰ ਵਿਚ ਇੱਕ ਵਿਲੱਖਣ, ਵੱਖਰੀ ਅਤੇ ਬਹੁਮੁੱਲੀ ਪਛਾਣ ਸਥਾਪਤ ਹੋ ਗਈ ਹੈ।
          ਚੰਦਨ ਨੇਗੀ ਦੀਆਂ ਕਹਾਣੀਆਂ ਦਾ ਸੰਦੇਸ਼ ਸਮਾਜਿਕ ਬੁਰਾਈਆਂ ਅਤੇ ਔਰਤ ਦੀ ਮੰਦਹਾਲੀ ਹਾਲਤ ਨੂੰ ਪਛਾਣਨਾ ਅਤੇ ਇਹਨਾਂ ਦਾ ਹੱਲ ਲੱਭਣ ਉੱਪਰ ਜੋਰ ਹੈ। ਉਸ ਦੀਆਂ ਵਧੇਰੇ ਕਹਾਣੀਆਂ ਉਸ ਦੇ ਜੀਵਨ ਵਿਚਲੀਆਂ ਯਾਦਾਂ ਤੇ ਜ਼ਿੰਦਗੀ ਵਿਚੋਂ ਪ੍ਰਾਪਤ ਹੋਏ ਨਿੱਜੀ ਅਨੁਭਵਾਂ ਦਾ ਹੀ ਵਿਸਥਾਰ ਹਨ। ਇਸ ਗੁਣ ਕਰ ਕੇ ਚੰਦਨ ਨੇਗੀ ਦਾ ਪੰਜਾਬੀ ਕਹਾਣੀਕਾਰਾਂ ਅਤੇ ਸਾਹਿਤਕਾਰਾਂ ਵਿਚ ਇੱਕ ਵਿਸ਼ੇਸ਼ ਅਤੇ ਵਿਲੱਖਣ ਸਥਾਨ ਹੈ। ਚੰਦਨ ਨੇਗੀ ਦੀਆਂ ਕਹਾਣੀਆਂ ਦਾ ਮੁੱਖ ਖੇਤਰ ਜੰਮੂ-ਕਸ਼ਮੀਰ ਹੈ। ਇਸ ਕਰ ਕੇ ਉਸ ਨੇ ਆਪਣੇ ਨਿੱਜੀ ਅਨੁਭਵਾਂ ਉੱਪਰ ਉੱਥੋਂ ਦੀ ਭੂਗੋਲਿਕ ਸਥਿਤੀ, ਧਾਰਮਿਕ ਵਿਸ਼ਵਾਸ, ਉੱਥੋਂ  ਦੇ ਲੋਕਾਂ ਦੀ ਸਮਾਜਕ, ਆਰਥਿਕ ਸਥਿਤੀ, ਔਰਤ ਪ੍ਰਤੀ ਸਮਾਜ ਦਾ ਵਤੀਰਾ, ਵਹਿਮ-ਭਰਮ, ਰਸਮ-ਰਿਵਾਜ਼,ਦੇਸ਼ ਵੰਡ ਦਾ ਅਸਰ, ਬਦਲ ਰਹੀ ਸਥਿਤੀ ਵਿਚ ਪੁਰਾਣੇ ਜੀਵਨ ਦੀ ਥਾਂ ਨਵੀਆਂ ਕੀਮਤਾਂ ਦਾ ਅਸਰ ਆਦਿ ਜੀਵਨ ਦੇ ਸਾਰੇ ਪੱਖਾਂ ਦਾ ਆਪਣੀ ਸਿਰਜਣ ਪ੍ਰਕਿਰਿਆ ਵਿਚ ਚਿਤਰਨ ਕੀਤਾ ਹੈ। ਚੰਦਨ ਨੇਗੀ ਦੀਆਂ ਕਹਾਣੀਆਂ ਵਿਚੋਂ ਜੰਮੂ-ਕਸ਼ਮੀਰ ਦੇ ਡੁੱਗਰ ਜਨ-ਜੀਵਨ ਦੀ ਤਸਵੀਰ ਪ੍ਰਤੱਖ ਰੂਪ ਵਿਚ ਉਜਾਗਰ ਹੁੰਦੀ ਹੈ। ਉਸ ਨੇ ਆਪਣੇ ਕਹਾਣੀ ਸੰਗ੍ਰਹਿ 'ਬਾਰਿ ਪਰਾਇ* ਦੇ ਮੁੱਖ ਬੰਦ ਵਿਚ ਕਿਹਾ ਹੈ ਕਿ:
ਮੈਂ ਡੋਗਰੀ ਜਨ-ਜੀਵਨ, ਸਭਿਆਚਾਰ, ਲੋਕ-ਧਾਰਾ, ਰਸਮ-ਰਿਵਾਜ, ਬੋਲੀ ਨੂੰ ਜੰਮੂ-ਕਸ਼ਮੀਰ ਦੀ ਸਥਾਨਕ ਰੰਗਤ ਨਾਲ ਚਿੱਤਰ ਕੇ ਸਮਾਜਕ, ਧਾਰਮਿਕ, ਕਲਾਤਮਿਕ ਸਮਗਰੀ ਨੂੰ ਪੇਸ਼ ਕੀਤਾ ਹੈ।1
          ਇਸ ਤਰ੍ਹਾਂ ਚੰਦਨ ਨੇਗੀ ਦੀਆਂ ਕਹਾਣੀਆਂ ਵਿਚ ਡੁੱਗਰ ਆਂਚਲਿਕਤਾ ਭਰਪੂਰ ਰੂਪ ਵਿਚ ਪੇਸ਼ ਹੋਈ ਹੋਈ ਮਿਲਦੀ ਹੈ। ਜੰਮੂ-ਕਸ਼ਮੀਰ ਦੇ ਹਰ ਕੋਨੇ ਵਿਚੋਂ  ਪੰਜਾਬੀ ਭਾਸ਼ਾ ਦੀ ਮਹਿਕ ਆਉਂਦੀ ਹੈ ਅਤੇ ਪੰਜਾਬੀ ਭਾਸ਼ਾ ਦੇ ਕਈ ਵੱਖ-ਵੱਖ ਸਥਾਨਿਕ ਰੂਪ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿਚੋਂ ਪੁਣਛੀ, ਮੀਰਾਪੁਰ, ਮੁਜਫ਼ਰਾਬਾਦ, ਡੋਗਰੀ ਤੇ ਗੋਜਰੀ ਆਦਿ ਇਲਾਕੇ ਹਨ ਜਿਨ੍ਹਾਂ ਵਿਚੋਂ ਡੁੱਗਰ ਆਂਚਲਿਕਤਾ ਦੀ ਖ਼ੁਸ਼ਬੂ ਆਉਂਦੀ ਹੈ ਜੋ ਆਪਣੇ ਆਪ ਕਹਾਣੀਆਂ ਵਿਚ ਝਲਕਾਰਾ ਮਾਰਦੀ ਹੈ।ਇਹਨਾਂ ਸਭ ਦਾ ਵਰਣਨ ਪ੍ਰਤੱਖ ਰੂਪ ਵਿਚ ਚੰਦਨ ਨੇਗੀ ਦੀਆਂ ਕਹਾਣੀਆਂ ਵਿਚੋਂ ਮਿਲਦਾ ਹੈ। ਭਾਸ਼ਾਈ ਵੱਖਰਤਾ ਉਸ ਦੀਆਂ ਕਹਾਣੀਆਂ ਦੀ ਇੱਕ ਹੋਰ ਵਿਸ਼ੇਸ਼ਤਾ ਰਹੀ ਹੈ। ਉਦਾਹਰਨ ਦੇ ਤੌਰ ਤੇ 'ਦਸਤਕ* ਕਹਾਣੀ ਵਿਚ ਕ੍ਰਿਸ਼ਨਾ ਭੈਣ ਦੀ ਵਾਰਤਾਲਾਪ ਵਿਚ ਉਪਭਾਸ਼ਾਈ ਸ਼ਬਦ ਆਪਣੇ ਆਪ ਝਲਕਦੇ ਹਨ, ਜਿਹੜੇ ਇਸ ਖੇਤਰ ਨੂੰ ਡੁੱਗਰ ਜਨ-ਜੀਵਨ ਦੇ ਵਸਨੀਕ ਹੋਣ ਦਾ ਪਤਾ ਦੱਸਦੇ ਹਨ ਜਿਵੇਂ ਕਿ:
ਇੱਥੇ ਘੇਹੋ ਜੇਹੇ ਘ੍ਹਾਰ ਨ........ਡਬੇ ਡਬੇ ਬਣਵੇ.....
          .......ਸਾਡੇ ਤਾਂ ਸੋਹਣੇ ਖੁੱਲ੍ਹੇ ਘ੍ਹਾਰ.........ਖੁੱਲ੍ਹੇ ਦਾਲਾਨ............ਵੱਡੇ
          ਵੇਹੜੇ ਨ ........2
          ਅਜਿਹੀਆਂ ਕਹਾਣੀਆਂ ਵਿਚ ਉਪਭਾਸ਼ਾਈ ਖੇਤਰ ਨਾਲ ਸੰਬੰਧਿਤ ਭਾਸ਼ਾ ਵਰਤ ਕੇ ਚੰਦਨ ਨੇਗੀ ਨੇ ਆਪਣੀਆਂ ਕਹਾਣੀਆਂ ਨੂੰ ਡੁੱਗਰ ਖੇਤਰ ਨਾਲ ਸੰਬੰਧਿਤ ਹੋਣ ਦਾ ਸਬੂਤ ਦਿੱਤਾ ਹੈ। ਕਹਾਣੀ ਵਿਚਲੀ ਵਿਸ਼ੇਸ਼ ਸਮਾਜਕ, ਸਭਿਆਚਾਰਕ ਸਥਿਤੀ ਉਸ ਨੂੰ ਬਾਕੀ ਖੇਤਰਾਂ ਨਾਲੋਂ ਵੱਖਰਾ ਨਿਸ਼ਚਿਤ ਕਰਦੀ ਹੈ। ਕਹਾਣੀ ਵਿਚ ਬਿਆਨ ਕੀਤੀ ਭੂਗੋਲਿਕ ਸਥਿਤੀ ਨਾਲ ਸੰਬੰਧਿਤ ਵੇਰਵੇ ਤੋਂ ਪਾਠਕ ਵਰਗ ਨੂੰ ਸੰਪੂਰਨ ਆਲੇ ਦੁਆਲੇ ਦੀ ਜਾਣਕਾਰੀ ਸਹਿਜੇ ਹੀ ਹੋ ਜਾਂਦੀ ਹੈ। ਚੰਦਨ ਨੇਗੀ ਨੇ ਆਪਣੀਆਂ ਕਹਾਣੀਆਂ ਵਿਚ ਸਥਾਨਿਕ ਸਭਿਆਚਾਰਕ ਦ੍ਰਿਸ਼ਾਂ ਨੂੰ ਕੇਂਦਰੀ ਵਿਸ਼ੇ ਜਿਨ੍ਹਾਂ ਹੀ ਮਹੱਤਵਪੂਰਨ ਸਥਾਨ ਦਿੱਤਾ ਹੈ। ਚੰਦਨ ਨੇਗੀ ਵਾਤਾਵਰਨ ਦ੍ਰਿਸ਼ਟੀ ਤੇ ਸਥਾਨਿਕ ਰੰਗਾਂ ਨੂੰ ਧਿਆਨ ਵਿਚ ਰੱਖ ਕੇ ਕਹਾਣੀ ਦੀ ਵਿਉਂਤਬੰਦੀ ਕਰਦੀ ਹੈ। ਉਦਾਹਰਨ ਵਜੋਂ 'ਸਿੱਲ੍ਹ* ਕਹਾਣੀ ਦਾ ਆਰੰਭ ਵੀ ਵਾਤਾਵਰਣੀ ਦ੍ਰਿਸ਼ਾਂ ਨੂੰ ਵਾਰ-ਵਾਰ ਉਘਾੜਦਾ ਹੈ। ਜਿਨ੍ਹਾਂ ਦ੍ਰਿਸ਼ਾਂ ਨੂੰ ਚੰਦਨ ਨੇਗੀ ਨੇ ਡੁੱਗਰ ਖੇਤਰ ਵਿਚ ਵਿਚਰਨ ਕਰ ਕੇ ਆਪਣੇ ਨਿੱਜੀ ਅਨੁਭਵਾਂ ਦੇ ਆਧਾਰ ਤੇ ਵਾਤਾਵਰਣੀ ਦ੍ਰਿਸ਼ਾਂ ਰਾਹੀਂ ਆਪਣੀਆਂ ਕਹਾਣੀਆਂ ਵਿਚ ਪ੍ਰਗਟਾਇਆ ਹੈ।
          ਕਈ ਦਿਨਾਂ ਦੀ ਝੜੀ ਲੱਗੀ ਹੋਈ ਹੈ। ਕਦੀ ਕਿਣ-ਮਿਣ ਕਿਣ-ਮਿਣ ਅਤੇ ਕਦੀ ਰੁਣ-ਝੁਣ। ਸ਼ਰ-ਸ਼ਰ ਕਰਦੇ ਪਾਣੀ ਦਾ ਸ਼ੋਰ ਜਾਂ ਕਹਾਣੀਆਂ ਦਾ ਸੁਖਾਵਾਂ ਮਧੁਰ ਸੰਗੀਤ, ਕਾਲੇ ਘਨਘੋਰ ਬੱਦਲਾਂ ਦੀ ਚਾਦਰ ਨਾ ਕਿੱਧਰੋਂ ਘਸਦੀ ਹੈ ਨਾ ਫਟਦੀ ਹੈ। ਸੂਰਜ ਦੀ ਕੋਈ ਵੀ ਕਿਰਨ ਧਰਤੀ ਉੱਤੇ ਝਾਤ ਨਹੀਂ ਮਾਰਦੀ।3
          ਚੰਦਨ ਨੇਗੀ ਨੇ ਆਪਣੀ ਕਹਾਣੀ ਕਲਾ ਦਾ ਆਰੰਭ ਵੀ ਜੰਮੂ ਖੇਤਰ ਵਿਚ ਹੀ ਕੀਤਾ ਹੈ ਜਿਸ ਕਾਰਨ ਉਸ ਦੀਆਂ ਕਹਾਣੀਆਂ ਵਿਚੋਂ ਸਥਾਨਿਕ ਰੰਗ ਵਧੇਰੇ ਤੀਖਣ ਹੈ। ਚੰਦਨ ਨੇਗੀ ਦੀਆਂ ਬਹੁਤੀਆਂ ਕਹਾਣੀਆਂ ਵਿਚ ਡੁੱਗਰ ਸਭਿਆਚਾਰ, ਧਾਰਮਿਕ ਜਨ-ਜੀਵਨ ਦਾ ਵਰਣਨ ਵੀ ਮਿਲਦਾ ਹੈ ਕਿ ਕਿਸ ਤਰ੍ਹਾਂ ਲੋਕ ਸਵੇਰ ਨੂੰ ਮੰਦਰਾਂ ਵਿਚ ਆਰਤੀ ਕਰਦੇ ਹਨ। ਚੰਦਨ ਨੇਗੀ ਡੁੱਗਰ ਜਨ-ਜੀਵਨ ਦੀ ਅਜਿਹੀ ਧਾਰਮਿਕ ਬਿਰਤੀ ਨੂੰ ਆਪਣੀਆਂ ਕਹਾਣੀਆਂ ਵਿਚ ਬੜੇ ਸਹਿਜਤਾ ਨਾਲ ਬਿਆਨ ਕਰਦੀ ਹੈ, ਜਿਸ ਤੋਂ ਪਾਠਕ ਵਰਗ ਨੂੰ ਅਜਿਹੇ ਡੁੱਗਰ ਜਨ-ਜੀਵਨ ਦੀ ਧਾਰਮਿਕ ਬਿਰਤੀ ਦਾ ਸਹਿਜੇ ਗਿਆਨ ਹੋ ਜਾਂਦਾ ਹੈ। ਚੰਦਨ ਨੇਗੀ ਆਪਣੀ ਕਹਾਣੀ ਦੇ ਜਨਮ ਬਾਰੇ ਕਹਿੰਦੀ ਹੈ ਕਿ :
ਮੇਰੀ ਕਹਾਣੀ ਦਾ ਜਨਮ ਤਵੀ ਦੇ ਕੰਢੇ, ਉੱਚੀਆਂ ਪਹਾੜੀਆਂ, ਟਿੱਲਿਆਂ ਦੇ ਵੱਸਦੇ ਮੰਦਰਾਂ ਦੇ ਸ਼ਹਿਰ ਜੰਮੂ ਵਿਚ ਹੋਇਆ ਹੈ।4
          ਇਸ ਪ੍ਰਕਾਰ ਚੰਦਨ ਨੇਗੀ ਨੇ ਆਪਣੀਆਂ ਕਹਾਣੀਆਂ ਵਿਚ ਜੰਮੂ-ਖੇਤਰ ਦੇ ਡੁੱਗਰ ਜਨ-ਜੀਵਨ ਦੀ ਤਸਵੀਰ ਨੂੰ ਚਿਤਰਿਆ ਹੈ। ਉਸ ਨੇ ਕਈ ਥਾਵਾਂ ਤੇ ਸਥਾਨਿਕ ਪੱਧਰ ਤੇ ਰੁਮਾਂਟਿਕਤਾ ਦਾ ਸਹਾਰਾ ਵੀ ਲਿਆ ਹੈ। ਉਸ ਨੇ ਇਸ ਇਲਾਕੇ ਦੇ ਸਧਾਰਨ ਪਾਤਰਾਂ ਦੇ ਨਾਲ-ਨਾਲ ਉਚੇਰੀ ਮਾਨਸਿਕਤਾ ਵਾਲੇ ਪਾਤਰਾਂ ਨੂੰ ਵੀ ਚਿੱਤਰ ਕੇ ਰਵਾਇਤੀ ਅਤੇ ਆਧੁਨਿਕ ਕਦਰਾਂ-ਕੀਮਤਾਂ ਵਾਲੇ ਚੋਣਵੇਂ ਵਸਤੂ-ਜਗਤ ਨੂੰ ਸਥਾਨਿਕ ਬੋਲੀ ਵਿਚ ਪੇਸ਼ ਕਰਦਿਆਂ ਡੁੱਗਰ ਦੇ ਧਾਰਮਿਕ ਬਿਰਤੀ ਵਾਲੇ ਜਨ-ਜੀਵਨ ਨੂੰ ਬਾਖ਼ੂਬੀ ਪੇਸ਼ ਕੀਤਾ ਹੈ।
          ਅਜੋਕੇ ਭਾਰਤੀ ਲੋਕ ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਅਤੇ ਇਸ ਦੀਆਂ ਉਪਭਾਸ਼ਾਵਾਂ ਬੋਲਦੇ ਹਨ। ਡੁੱਗਰ ਖੇਤਰ ਵੀ ਇੱਕ ਬਹੁ ਭਾਸ਼ਾਈ ਇਲਾਕਾ ਹੈ, ਜਿਸ ਕਾਰਨ ਹਰ ਸਮਾਜ ਦੀ ਭਾਸ਼ਾ ਤੇ ਸਭਿਆਚਾਰ ਵਿਚ ਥੋੜ੍ਹਾ ਬਹੁਤਾ ਅੰਤਰ ਵੀ ਹੈ। ਚੰਦਨ ਨੇਗੀ ਨੇ ਇਸ ਰਲਗੱਡ ਭਾਸ਼ਾ, ਲੋਕ-ਧਾਰਾ, ਸਮਾਜਿਕ ਜੀਵਨ ਤੇ ਸਭਿਆਚਾਰਾਂ ਨੂੰ ਆਪਣੀਆਂ ਕਹਾਣੀਆਂ ਵਿਚ ਬਾਖ਼ੂਬੀ ਦ੍ਰਿਸ਼ਮਾਨ ਕੀਤਾ ਹੈ। ਉਦਾਹਰਨ ਦੇ ਤੌਰ 'ਸਗਲਿ ਸੰਗਿ' ਕਹਾਣੀ ਵਿਚ ਚੰਦਨ ਨੇਗੀ ਨੇ ਡੁੱਗਰ ਦੇ ਪੇਂਡੂ ਜਨ-ਜੀਵਨ ਦੇ ਪਛੜੇਵੇਂ ਅੰਧ-ਵਿਸ਼ਵਾਸ਼ਾਂ ਨੂੰ ਠੋਸ ਰੂਪ ਵਿਚ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਕਹਾਣੀ 'ਪਲੰਦੇ' ਵਿਚੋਂ ਚੰਦਨ ਨੇਗੀ ਨੇ ਮੋਤੀਆ ਦੀ ਸੱਸ ਦੇ ਅਜਿਹੇ ਅੰਧ ਵਿਸ਼ਵਾਸੀ ਵਿਵਹਾਰਿਕ ਰੂਪ ਨੂੰ ਪੇਸ਼ ਕੀਤਾ ਹੈ। ਮੋਤੀਆ ਦੀ ਸੱਸ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਕੋਸਦੀ ਹੈ ਕਿ ਹਰ ਸਾਲ ਕੁੜੀ ਹੀ ਕਿਉਂ ਜਨਮ ਲੈਂਦੀ ਹੈ ਮੁੰਡਾ ਕਿਉਂ ਨਹੀਂ ਜਨਮ ਲੈਂਦਾ ਜਿਸ ਕਰ ਕੇ ਮੋਤੀਆ ਦੀ ਸੱਸ ਘਰ ਦਾ ਵਾਰਿਸ ਲੈਣ ਲਈ ਜਾਦੂ ਟੂਣਿਆਂ, ਧਾਗੇ ਤਵੀਤਾਂ ਆਦਿ ਦੇ ਉਹੜ-ਪੋਹੜ ਵੀ ਕਰਦੀ ਹੈ, ਜਿਸ ਸਥਿਤੀਮਈ ਦ੍ਰਿਸ਼ ਨੂੰ ਚੰਦਨ ਨੇਗੀ ਨੇ ਆਪਣੀ ਕਹਾਣੀ ਵਿਚ ਚਿਤਰਿਆ ਹੈ ਕਿ:
ਮੋਤੀਆ ਦੀ ਸੱਸ ਨੇ ਪੀਰ-ਫ਼ਕੀਰ, ਡਾਕਟਰ, ਨਰਸਾਂ,
ਦਾਈਆਂ, ਧਾਗੇ ਤਵੀਤ, ਝਾੜੇ ਫੂਕੇ ਕੋਈ ਵੀ ਤਾਂ ਦਰ
ਨੀਂ ਸੀ ਛੱਡਿਆ।5
ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਚੰਦਨ ਨੇਗੀ ਦੀਆਂ ਕਹਾਣੀਆਂ ਵਿਚ ਡੁੱਗਰ ਰਸਮ-ਰਿਵਾਜ, ਵਹਿਮ-ਭਰਮ, ਸਮਾਜਕ ਸਭਿਆਚਾਰਕ, ਧਾਰਮਿਕ ਜਨ-ਜੀਵਨ ਹੂਬਹੂ ਦਿਖਾਈ ਦਿੰਦਾ ਹੈ, ਜਿਨ੍ਹਾਂ ਨੂੰ ਚੰਦਨ ਨੇਗੀ ਨੇ ਆਪਣੀਆਂ ਕਹਾਣੀਆਂ ਵੱਖ-ਵੱਖ ਦ੍ਰਿਸ਼ਾਂ, ਵਾਰਤਾਲਾਪ, ਵਾਤਾਵਰਨ, ਘਟਨਾਵਾਂ, ਖੇਤਰੀ ਬੋਲੀ ਆਦਿ ਨੂੰ ਡੁੱਗਰ ਖੇਤਰ ਦੇ ਮਾਹੌਲ ਅਨੁਕੂਲ ਢਾਲ ਕੇ ਪ੍ਰਗਟਾਇਆ ਹੈ, ਜਿਸ ਤੋਂ ਉਸ ਦੀਆਂ ਕਹਾਣੀਆਂ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਆਪਣੇ ਆਪ ਪ੍ਰਗਟ ਹੁੰਦੀ ਹੈ।

ਹਵਾਲੇ ਤੇ ਟਿੱਪਣੀਆਂ
1. ਨੇਗੀ ਚੰਦਨ, ਬਾਰਿ ਪਰਾਇ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 1986, ਪੰਨਾ-13.
2. ਉਹੀ, ਚੋਣਵੀਂਆਂ ਕਹਾਣੀਆਂ, ਜੈੱਮ ਪ੍ਰਿੰਟਰਜ਼, ਜਲੰਧਰ, 1995, ਪੰਨਾ-113.
3. ਉਹੀ, ਹਰਖ ਸੋਗ, ਰਚਨਾ ਪਬਲਿਸ਼ਰਜ਼, ਦਿੱਲੀ, 2004, ਪੰਨਾ-26.
4. ਉਹੀ, ਚਿਤੁ ਗੁਪਤ, ਨਿਊ ਏਜ਼ ਬੁੱਕ ਸੈਂਟਰ, ਅੰਮ੍ਰਿਤਸਰ, 1978, ਪੰਨਾ-105.
5. ਉਹੀ, ਹਰਖ ਸੋਗ, ਰਚਨਾ ਪਬਲਿਸ਼ਰਜ਼, ਦਿੱਲੀ, 2004, ਪੰਨਾ-77.

ਡਾ. ਮੇਜਰ ਸਿੰਘ
ਅਸਿਸਟੈਂਟ ਪ੍ਰੋਫ਼ੈਸਰ
ਦੇਸ਼-ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ
ਸੰਪਰਕ: 97790-06299

ਮਾਰਕਸਵਾਦੀ ਚਿੰਤਨ-ਸ਼੍ਰੇਣੀ ਦੀ ਪਛਾਣ


                             ਮਾਰਕਸਵਾਦੀ ਚਿੰਤਨ-ਸ਼੍ਰੇਣੀ-ਸੰਘਰਸ਼ ਦੀ ਪਛਾਣ

                                                                                                                           ਡਾ. ਹਰਜੀਤ ਸਿੰਘ

it is not the consciousness of men that determines their being, 
but, on the contrary their social being that 
determines their consciousness. 
K. Marx and F. Engels

ਮਨੁੱਖੀ-ਹੋਂਦ ਦਾ ਮੂਲ ਆਧਾਰ ਉਤਪਾਦਨ ਤੇ ਪੁਨਰ-ਉਤਪਾਦਨ ਦੀ ਪ੍ਰਕਿਰਿਆ ਉੱਤੇ ਨਿਰਭਰ ਕਰਦਾ ਹੈ,ਜਿਹੜਾ ਮਨੁੱਖ ਨੂੰ ਪ੍ਰਕਿਰਤੀ ਦੀਆਂ ਸ਼ੈਆਂ (objects) ਨਾਲ ਸੰਦਾਂ (means) ਤੇ ਕਿਰਤ (labor) ਦੇ ਸੁਮੇਲ ਦੁਆਰਾ (ਉਤਪਾਦਨ ਸ਼ਕਤੀਆਂਉਤਪਾਦਨ ਪ੍ਰਕਿਰਿਆ ਵਿਚ ਕਾਰਜਸ਼ੀਲ ਹੋਣ ਲਈ ਮਜ਼ਬੂਰ ਕਰਦਾ ਹੈ। ਇਸ ਸੰਦਰਭ ਵਿਚ ਮਨੁੱਖ ਪ੍ਰਕਿਰਤੀ ਦੇ ਮੁਕਾਬਲਤਨ ਆਪਣੀ ਵਿਅਕਤੀਗਤ ਸ਼ਕਤੀ ਦੀਆਂ ਸੀਮਾਵਾਂ ਨੂੰ ਸੰਭਾਵਨਾਵਾਂ ਵਿਚ ਤਬਦੀਲ ਕਰਨ ਲਈ ਬਾਹਰਮੁੱਖੀ ਨਿਯਮਾਂ ਅਧੀਨ ਨਿਸ਼ਚਿਤ ਸਮੂਹਿਕ ਸੰਬੰਧਾਂ ਵਿਚ ਬੱਝਦਾ ਹੈ। ਇਨ੍ਹਾਂ ਸੰਬੰਧਾਂ ਦੀ ਪ੍ਰਵਿਰਤੀ ਮੂਲ ਰੂਪ ਵਿਚ ਅੱਗੋਂ ਉਤਪਾਦਨ ਦੀਆਂ ਸ਼ੈਆਂ ਤੇ ਸੰਦਾਂ (ਉਤਪਾਦਨ ਦੇ ਸਾਧਨਾਂਦੀ ਮਲਕੀਅਤ 'ਤੇ ਨਿਰਭਰ ਕਰਦੀ ਹੋਈ ਪ੍ਰਚਲਿਤ ਉਤਪਾਦਨ-ਢੰਗਾਂ ਅਧੀਨ ਕਾਰਜਸ਼ੀਲ ਮਨੁੱਖੀ ਗੁੱਟਾਂ ਜਾਂ ਦਾਇਰਆਂ ਦੀ ਪ੍ਰਧਾਨ ਜਾਂ ਪ੍ਰਾਧੀਨ ਸਥਿਤੀ ਨਿਰਧਾਰਿਤ ਕਰਦੀ ਹੈ। ਇਸ ਅਧੀਨ ਭਾਰੂ ਗੁੱਟ ਜਾਂ ਦਾਇਰੇ(ਬੁਨਿਆਦੀ ਰੂਪ ਵਿਚ ਸ਼ੋਸ਼ਕ-ਸ਼੍ਰੇਣੀਆਂਆਪਣੀ ਹੋਂਦ ਦੇ ਆਰੰਭ ਤੋਂ ਸਮਕਾਲ ਤੱਕ ਕਿਸੇ ਨਾ ਕਿਸੇ ਰੂਪ ਵਿਚ ਉਤਪਾਦਨ ਦੀ ਪ੍ਰਕਿਰਿਆ ਤੋਂ ਬਾਹਰ ਰਹਿਕੇ ਵੀ ਉਪਜ ਦੇ ਵਧੇਰੇ ਹਿੱਸੇ 'ਤੇ ਕਾਬਜ਼ ਹੁੰਦੇ ਆਏ ਹਨ ਅਤੇ ਪ੍ਰਾਧੀਨ ਗੁੱਟਾਂ ਜਾਂ ਦਾਇਰਆਂ (ਬੁਨਿਆਦੀ ਰੂਪ ਵਿਚ ਸ਼ੋਸ਼ਿਤ-ਸ਼੍ਰੇਣੀਦਾ ਸ਼ੋਸ਼ਣ ਕਰਦੇ ਰਹੇ ਹਨ। ਇਸ ਸ਼ੋਸ਼ਣ ਦਾ ਅੰਤ ਸਦਾ ਸੰਬੰਧਿਤ ਸਮਾਜ ਦੀਆਂ ਸ਼ੋਸ਼ਿਤ-ਸ਼੍ਰੇਣੀਆਂ ਦੀ ਸ਼ੋਸ਼ਕ-ਸ਼ੇਣੀਆਂ ਵਿਰੁੱਧ ਵਿਕਸਤ ਹੋਈ ਚੇਤਨਾ ਤੇ ਯਤਨਾਂ ਦੁਆਰਾ ਵਿਕਾਸਮੁੱਖੀ-ਪਰਿਵਰਤਨ ਨੂੰ ਵਿਹਾਰਿਕ ਰੂਪ ਦੇ ਕੇ ਕੀਤਾ ਗਿਆ ਹੈ। ਇਸ ਆਧਾਰ 'ਤੇ ਹੁਣ ਤੱਕ ਦੇ ਮਨੁੱਖੀ-ਸਮਾਜ ਦੇ ਇਤਿਹਾਸ ਵਿਚਮੁੱਢਲੀ-ਸਮਾਜਵਾਦੀ (ਸ਼੍ਰੇਣੀ-ਰਹਿਤ ਵਿਵਸਥਾ), ਗੁਲਾਮਦਾਰੀਸਾਮੰਤਵਾਦੀ,ਪੂੰਜੀਵਾਦੀ ਤੇ ਕਮਿਉਨਿਜ਼ਮ (ਮਾਰਕਸ ਦੀ ਭਵਿੱਖਬਾਣੀ ਅਨੁਸਾਰਵਰਗੀਆਂ ਸਮਾਜਿਕ-ਆਰਥਿਕ ਵਿਵਸਥਾਵਾਂ ਵਿਕਸਤ ਹੋਈਆਂ ਹਨ। ਜਿਸ ਕਾਰਨ ਹੁਣ ਤੱਕ ਦਾ ਵਿਦਮਾਨ ਸਮੁੱਚਾ ਮਨੁੱਖੀ-ਸਮਾਜ ਦਾ ਇਤਿਹਾਸ ਇਨ੍ਹਾਂ ਵਿਰੋਧੀ ਸ਼੍ਰੇਣੀਆਂ ਵਿਚਲੇ ਸੰਘਰਸ਼ ਦੇ ਸਿੱਟੇ ਵਜੋਂ ਹੀ ਹੋਂਦ ਗ੍ਰਹਿਣ ਕਰਦਾ ਆਇਆ ਹੈ। ਇਸ ਲਈ ਹੀ ਮਾਰਕਸਵਾਦੀ ਫ਼ਲਸਫ਼ਾ ਵਿਰੋਧੀ ਹਿੱਤਾਂ ਤੇ ਅਕਾਂਖਿਆਵਾਂ ਵਾਲੀਆਂ ਸ਼੍ਰੇਣੀਆਂ ਵਿਚਲੇ ਵਿਰੋਧ ਨੂੰ ਸ਼੍ਰੇਣੀਗਤ-ਸਮਾਜ ਦੀ ਪ੍ਰਮੁੱਖ ਸੰਚਾਲਕ ਸ਼ਕਤੀ ਸਵੀਕਾਰ ਕਰਦਾ ਹੈ। ਕਾਰਲ ਮਾਰਕਸ ਅਨੁਸਾਰ :
ਆਜ਼ਾਦ ਸ਼ਹਿਰੀ ਅਤੇ ਗੁਲਾਮਰਾਠ ਅਤੇ ਸਾਧਾਰਨ ਮਨੁੱਖਜਾਗੀਰਦਾਰ ਅਤੇ ਖ਼ੇਤ-ਗੁਲਾਮਗਿਲਡ-ਮਾਲਕ ਅਤੇ ਕਾਰੀਗਰਮਤਲਬ ਇਹ ਕਿ ਦੁਬਾਉਣ ਵਾਲਾ ਅਤੇ ਦਬਾਇਆ ਹੋਇਆਇਕ ਦੂਜੇ ਦੇ ਲਗਾਤਾਰ ਵਿਰੁੱਧ ਖੜੇ ਹੁੰਦੇ ਸਨਨਿਰੰਤਰਕਦੀ ਪ੍ਰਤਖਕਦੀ ਪ੍ਰੋਖ ਲੜਾਈ ਵਿਚ ਜੁਟੇ ਰਹਿੰਦੇ ਸਨ,ਅਜਿਹੀ ਲੜਾਈ ਜਿਹੜੀ ਹਰ ਵਾਰ ਜਾਂ ਤਾਂ ਸਮੁੱਚੇ ਤੌਰ ਉੱਤੇ ਸਮਾਜ ਦੀ ਇਨਕਲਾਬੀ ਮੁੜ-ਬਣਤਰ ਵਿਚਜਾਂ ਲੜਾਈ-ਜੁਟੀਆਂ ਸ਼੍ਰੇਣੀਆਂ ਦੀ ਸਾਂਝੀ ਬਰਾਬਰੀ ਵਿਚ ਜਾ ਮੁਕਦੀ ਸੀ।1
ਇਹ ਵਿਰੋਧੀ ਹਿੱਤਾਂ ਵਾਲੀਆਂ ਸ਼੍ਰੇਣੀਆਂ ਵਿਚਲਾ ਸੰਘਰਸ਼ ਸਮਾਜ ਦੀ ਆਧਾਰ ਸੰਰਚਨਾ ਵਿਚ ਕਾਰਜਸ਼ੀਲ ਰਹਿੰਦਾ ਹੈ ਅਤੇ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਸਮਾਜ ਦੀ ਪਰ-ਉਸਾਰ ਸੰਰਚਨਾ ਦੇ ਵਿਭਿੰਨ ਵਿਚਾਰਧਾਰਕ ਰੂਪਾਂ ਦੁਆਰਾ ਵੀ ਪ੍ਰਤੀਬਿੰਬਤ ਹੁੰਦਾ ਹੈ। ਇਸ ਅਧੀਨ ਸਾਧਨ-ਸੰਪੰਨ ਸ਼੍ਰੇਣੀਆਂ ਸਮਾਜਕ-ਆਧਾਰ ਵਿਚਲੇ ਵਿਰੋਧਾਂ ਨੂੰ ਲੁਪਤ ਕਰਨ ਲਈ ਸਾਧਨ-ਵਿਪੰਨ ਸ਼੍ਰੇਣੀਆਂ ਦੀ ਚਿੰਤਨਚੇਤਨਾ ਤੇ ਸੰਵੇਦਨਾ ਨੂੰ ਸੰਸਕ੍ਰਿਤਕ-ਕੰਡੀਸ਼ਨਿੰਗ ਦੁਆਰਾ ਇਸ ਪ੍ਰਕਾਰ ਰੂਪਾਂਤਰਿਤ ਕਰਨ ਦਾ ਯਤਨ ਕਰਦੀਆਂ ਹਨ ਕਿ ਉਨ੍ਹਾਂ ਦਾ ਸਮੁੱਚਾ ਚਿੰਤਨਚੇਤਨਾ ਤੇ ਸੰਵੇਦਨਾ ਸਾਧਨ-ਸੰਪੰਨ ਸ਼੍ਰੇਣੀਆਂ ਦੇ ਹਿੱਤਾਂ ਤੇ ਇਛਾਵਾਂ ਦੇ ਹੀ ਅਨੁਕੂਲ ਹੋਵੇ। ਅਜਿਹੀ ਪ੍ਰਕਿਰਿਆ ਵਿਚੋਂ ਲੰਘੀਆਂ ਸਾਧਨ-ਵਿਪੰਨ ਸ਼੍ਰੇਣੀਆਂ ਆਪਣੇ ਅਨੁਭਵ ਨੂੰ ਕੇਵਲ ਉਸੇ ਰੂਪ ਵਿਚ ਪਹਿਚਾਣਦੀਆਂ ਹਨ ਜਿਸ ਰੂਪ ਵਿਚ ਇਹ ਸਾਧਨ-ਸੰਪੰਨ ਸ਼੍ਰੇਣੀਆਂ ਨੂੰ ਸਵੀਕਾਰ ਹੁੰਦਾ ਹੈ। ਅਜਿਹਾ ਕਰਨ ਲਈ ਸਾਧਨ-ਸੰਪੰਨ ਸ਼੍ਰੇਣੀਆਂ ਪ੍ਰਚਾਰ ਦੇ ਵਿਭਿੰਨ ਸਾਧਨਾਂ ਜਿਵੇਂ ਸਿੱਖਿਆ-ਸੰਸਥਾਵਾਂਧਾਰਮਿਕ-ਸੰਸਥਾਵਾਂਨਿਆਂ-ਸੰਸਥਾਵਾਂਸਾਹਿਤਕ-ਕਿਰਤਾਂ ਤੇ ਹੋਰ ਪ੍ਰਚਾਰਕ ਸੰਸਥਾਵਾਂ ਦੇ ਮਾਧਿਅਮ ਦੁਆਰਾ ਸਾਧਨ-ਵਿਪੰਨ ਸ਼੍ਰੇਣੀਆਂ ਦੀ ਚੇਤਨਾ ਦਾ ਇਸ ਪ੍ਰਕਾਰ ਰੂਪਾਂਤ੍ਰਣ ਕਰਦੀਆਂ ਹਨ ਕਿ ਉਨ੍ਹਾਂ ਵਿਚੋਂ ਕਈਆਂ ਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੀ ਚੇਤਨਾ ਸਾਧਨ-ਸੰਪੰਨ ਸ਼੍ਰੇਣੀਆਂ ਦੀ ਵਿਚਾਰਧਾਰਾ ਦੇ ਅਨੁਕੂਲ ਬਣ ਗਈ ਹੈ। ਇਹ ਸਥਿਤੀ ਉਦੋਂ ਤੱਕ ਮੌਜੂਦ ਰਹਿੰਦੀ ਹੈ ''ਜਦ ਤੱਕ ਤਤਕਾਲੀਨ ਉਤਪਾਦਨ ਸੰਬੰਧਾਂ ਤੇ ਉਤਪਾਦਨ ਸ਼ਕਤੀਆਂ ਵਿਚ ਕੋਈ ਤੀਬਰ ਅੰਤਰ-ਵਿਰੋਧ ਨਹੀਂ ਉਭਰਦਾ ਤਦ ਤੱਕ ਪ੍ਰਭੁਤਾ-ਸੰਪੰਨ ਵਰਗ ਦੀ ਵਿਚਾਰਧਾਰਾ ਤਰਕਸੰਗਤਸੁਭਾਵਿਕ ਅਤੇ ਪੂਰਨ ਵਿਗਿਆਨਿਕ ਲਗਦੀ ਹੈ। ਪ੍ਰੰਤੂ ਜਦ ਇਕ ਬਿੰਦੂ 'ਤੇ ਆਕੇ ਇਹ ਨਿਰੰਤਰਣ ਸਮਾਜਿਕ ਤੇ ਭੌਤਿਕ ਉਤਪਾਦਨ ਸ਼ਕਤੀਆਂ ਉੱਤੇ ਬੰਧਨ ਬਣ ਜਾਂਦਾ ਹੈ ਤਾਂ ਕਿਸੇ ਹੋਰ ਵਰਗ ਦੀ ਵਿਚਾਰਧਾਰਾ ਉਤਪਾਦਨ ਸ਼ਕਤੀਆਂ ਦੇ ਅਨੁਕੂਲ ਹੋਣ ਕਰਕੇ ਵਧੇਰੇ ਸਹੀ ਤੇ ਤਾਰਕਿਕ ਪ੍ਰਤੀਤ ਹੋਣ ਲੱਗਦੀ ਹੈ। ਇਸ ਪ੍ਰਕਾਰ ਇਤਿਹਾਸਕ ਵਿਕਾਸ ਦੇ ਹਰੇਕ ਪੜਾਅ 'ਤੇ ਟੱਕਰ ਵਾਸਤਵਿਕ ਵਿਚ ਦੋ ਵਿਰੋਧੀ ਵਰਗ ਦ੍ਰਿਸ਼ਟੀਕੋਣਾਂ ਵਿਚ ਹੁੰਦੀ ਹੈ ਜਿਸ ਵਿਚ ਇਕ ਵਧੇਰੇ ਸਹੀ ਤੇ ਦੂਜਾ ਘੱਟ। ਸਾਹਿਤਕਾਰ ਦੇ ਸਾਹਮਣੇ ਵਿਕਲਪ ਇਹ ਦੋ ਵਰਗਗਤ ਦ੍ਰਿਸ਼ਟੀਕੋਣਾਂ ਵਿਚੋਂ ਇਕ ਨੂੰ ਚੁਣਨਾ ਹੁੰਦਾ ਹੈ।''2 ਇਸ ਤਰ੍ਹਾਂ ਸ਼੍ਰੇਣੀਗਤ-ਸਮਾਜ ਵਿਚ ਸਾਧਨ-ਸੰਪੰਨ ਤੇ ਸਾਧਨ-ਵਿਪੰਨ ਸ਼੍ਰੇਣੀਆਂ ਵਿਚਲਾ ਸੰਘਰਸ਼ ਸਮਾਜ ਦੀ ਆਧਾਰ-ਸੰਰਚਨਾ ਵਿਚ ਕਾਰਜਸ਼ੀਲ ਤਾਂ ਰਹਿੰਦਾ ਹੀ ਹੈ ਅਤੇ ਨਾਲ ਹੀ ਸਮਾਜ ਦੀ ਪਰ-ਉਸਾਰ ਸੰਰਚਨਾਜਿਸ ਵਿਚ ਸਾਹਿਤ ਵਰਗੇ ਅਨੇਕਾਂ ਅੰਗਾ ਸ਼ਮੂਲੀਅਤ ਕਰਦੇ ਹਨਵਿਚ ਵੀ ਜਟਿਲ ਰੂਪ ਵਿਚ ਪ੍ਰਗਟ ਹੁੰਦਾ ਹੈਜਿਸ ਨੂੰ ਪਹਿਚਾਨ ਦਾ ਕਾਰਜ ਮਾਰਕਸਵਾਦੀ ਸਾਹਿਤ-ਆਲੋਚਨਾ ਦੇ ਪ੍ਰਮੁੱਖ ਪ੍ਰਯੋਜਨਾ ਵਿਚੋਂ ਇਕ (ਇਕਮਾਤਰ ਨਹੀਂਹੈ।
ਮਾਰਕਸਵਾਦੀ ਪੰਜਾਬੀ ਸਾਹਿਤ-ਆਲੋਚਨਾ ਦੇ ਖੇਤਰ ਅਧੀਨ ਇਸ ਪ੍ਰਯੋਜਨ ਦੀ ਭੂਮਿਕਾ ਤੇ ਭੂਮੀ ਸਿਰਜਨ ਵਾਲਿਆਂ ਵਿਚ ਕੇਸਰ ਸਿੰਘ ਕੇਸਰ ਦਾ ਨਾਂ ਵਿਸ਼ੇਸ਼ ਅਰਥਾਂ ਦਾ ਧਾਰਨੀ ਹੈਜਿਸ ਦੀ ਸਾਹਿਤ-ਆਲੋਚਨਾ ਬਹੁ-ਵਿਧਾਈ ਰੁਖ਼ ਅਖ਼ਤਿਆਰ ਕਰਦੀ ਹੋਈ ਆਪਣੇ ਅਧਿਐਨ-ਖੇਤਰ ਨੂੰ ਮਾਰਕਸਵਾਦੀ ਸਾਹਿਤ ਅਧਿਐਨ-ਮਾਡਲ ਉੱਤੇ ਆਸ਼ਰਿਤ ਕਰਦੀ ਪੰਜਾਬੀ ਕਵਿਤਾਨਾਟਕਖੋਜਆਲੋਚਨਾ ਤੇ ਗਲਪ ਤੱਕ ਪਸਾਰਦੀ ਹੈ। ਉਸ ਦੇ ਇਨ੍ਹਾਂ ਪਾਸਾਰਾਂ ਨੂੰ ਉਸ ਦੇ ਮੌਲਿਕ ਆਲੋਚਨਾਤਮਿਕ-ਪਾਠਾਂ ਸਾਹਿਤ-ਖੋਜ ਅਤੇ ਸਾਹਿਤ-ਆਲੋਚਨਾ (1984, 2002), ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ (1987, 2005) ਤੇ ਵਰਗ ਸੰਘਰਸ਼ ਅਤੇ ਗਲਪ ਸਾਹਿਤ (1992) ਅਤੇ ਸੰਪਾਦਿਤ-ਪਾਠਾਂ ਗ਼ਦਰ ਲਹਿਰ ਦੀ ਕਵਿਤਾ (1995), ਡਾ਼ ਹਰਿਭਜਨ ਸਿੰਘ ਅਭਿਨੰਦਨ ਗ੍ਰੰਥ (1994) ਤੇ ਡਾ਼ ਅਤਰ ਸਿੰਘ ਅਭਿਨੰਦਨ ਗ੍ਰੰਥ (1995) ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਇਨ੍ਹਾਂ ਆਲੋਚਨਾਤਮਿਕ ਪਾਠਾਂ ਦੇ ਅੰਤਰਗਤ ਸਾਹਿਤ-ਸਿਰਜਨਾਪ੍ਰਵਿਰਤੀ-ਚਿੰਤਨਪੰਜਾਬੀ ਖੋਜ ਦੇ ਮੁੱਲਾਂਕਣ,ਆਲੋਚਨਾ ਪ੍ਰਣਾਲੀਆਂ ਦੇ ਸਿਧਾਂਤਕ-ਢਾਂਚੇ ਤੇ ਉਨ੍ਹਾਂ ਦੀ ਵਿਚਾਰਧਾਰਕ ਪਹੁੰਚ ਆਦਿ ਬਾਰੇ ਉਸ ਦਾ ਮਹੀਨ ਤੇ ਸਪੱਸ਼ਟ ਅਧਿਐਨ ਦ੍ਰਿਸ਼ਟੀਗੋਚਰ ਹੁੰਦਾ ਹੈਜਿਹੜਾ ਸਾਹਿਤ-ਸਿਰਜਨਾ ਦੀਆਂ ਪਰਤਾਂ ਨੂੰ ਪਾਠ ਤੇ ਪ੍ਰਸੰਗ ਦੇ ਦਵੰਦਾਤਮਿਕ ਨੂੰ ਵੇਖਣ ਵਾਲੀ ਤਰਕਸੰਗਤ ਤੇ ਸੰਪੂਰਨ ਆਲੋਚਨਾ-ਵਿਧੀ ਦੁਆਰਾ ਅਗ੍ਰਭੂਮਿਤ ਕਰਦਾ ਖ਼ੁਦ ਵੀ ਅਨੇਕਾਂ ਪਾਸਾਰ ਗ੍ਰਹਿਣ ਕਰਦਾ ਹੈ। ਇਸ ਦਾ ਇਕ ਮਹੱਤਵਪੂਰਨ ਪਾਸਾਰ ਕੇਸਰ ਸਿੰਘ ਕੇਸਰ ਦੇ ਆਲੋਚਨਾਤਮਿਕ-ਪਾਠ 'ਕੇਸਰ ਸਿੰਘ ਕੇਸਰ ਗਲਪ-ਚਿੰਤਨ'ਦੇ ਰੂਪ ਵਿਚੋਂ ਵੀ ਵੇਖਿਆ ਜਾ ਸਕਦਾ ਹੈ (ਜਿਸ ਦਾ ਅਧਿਐਨ ਕਰਨਾ ਇਸ ਮਜ਼ਮੂਨ ਦਾ ਮੂਲ ਸਰੋਕਾਰ ਹੈ), ਜਿਹੜਾ ਕੇਸਰ ਸਿੰਘ ਕੇਸਰ ਦੇ ਪੂਰਵਲੇ ਪੰਜਾਬੀ ਗਲਪੀ-ਵਿਧਾ ਦੇ ਅਧਿਐਨ ਉੱਤੇ ਅਧਾਰਿਤ ਆਲੋਚਨਾਤਮਿਕ-ਪਾਠ 'ਵਰਗ ਸੰਘਰਸ਼ ਅਤੇ ਗਲਪ ਸਾਹਿਤਦਾ ਹੀ ਵਿਸਤ੍ਰਰਿਤ ਰੂਪ ਹੈ। ਜਿਸ ਅਧੀਨ ਕੇਸਰ ਗਲਪ-ਆਲੋਚਨਾ ਮਕਾਨਕੀ ਮਾਰਕਸਵਾਦੀ ਚਿੰਤਕਾਂ ਵਾਂਗ ਉਪਰੋਕਤ ਸ਼੍ਰੇਣੀ-ਸੰਘਰਸ਼ ਦੇ ਸੰਕਲਪ ਨੂੰ ਆਰੋਪਿਤ ਕਰਨ ਦੀ ਬਜਾਇ ਇਸ ਨੂੰ ਭਾਰਤੀ/ਪੰਜਾਬੀ ਸਮਾਜਿਕ-ਆਰਥਿਕ ਵਿਵਸਥਾ ਦੇ ਅਨੁਕੂਲ ਕਰਕੇ ਆਲੋਚਨਾਤਮਿਕ ਤੇ ਸਿਰਜਨਾਤਮਿਕ ਢੰਗ ਨਾਲ ਗਲਪੀ-ਬਿੰਬ ਵਿਚੋਂ ਉਭਾਰਨ ਦਾ ਯਤਨ ਕਰਦੀ ਹੈ ਅਤੇ ਸ਼੍ਰੇਣੀ-ਸੰਘਰਸ਼ ਦੀ ਪਹਿਚਾਣ ਨੂੰ ਮੱਧਮ-ਧੁਨੀ ਵਿਚ ਆਪਣੀ ਆਲੋਚਨਾਤਮਿਕ-ਪਹੁੰਚ ਦੀ ਮੂਲ ਸੁਰ ਬਣਾਉਂਦੀ ਹੋਈ ਗਲਪੀ-ਬਿੰਬ ਨੂੰ ਸਮਝਦੀ ਹੀ ਨਹੀਂ ਬਲਕਿ ਸਮਝਣਯੋਗ ਵੀ ਬਣਾਉਂਦੀ ਹੈ।
ਕੇਸਰ ਸਿੰਘ ਕੇਸਰ ਦੀ ਇਹ ਗਲਪ-ਆਲੋਚਨਾ ਉਪਰੋਕਤ ਸ਼੍ਰੇਣੀ-ਸੰਘਰਸ਼ ਤੇ ਸ਼੍ਰੇਣੀ-ਸੰਘਰਸ਼ ਦੀ ਚੇਤਨਾ ਨੂੰ ਹੀ ਆਪਣੀ ਆਲੋਚਨਾਤਮਿਕ-ਪਹੁੰਚ ਦਾ ਅਧਾਰਿਤ ਤੇ ਪਾਸਾਰ ਬਿੰਦੂ ਗ੍ਰਹਿਣ ਕਰਦੀ ਹੈ। ਇਸ ਕੇਂਦਰੀ-ਬਿੰਦੂ ਉੱਤੇ ਖਲੋਕੇ ਹੀ ਕੇਸਰ ਗਲਪ-ਆਲੋਚਨਾ ਪੂਰਵਵਰਤੀ ਪੰਜਾਬੀ ਮਾਰਕਸਵਾਦੀ ਗਲਪ-ਆਲੋਚਨਾ ਦੀ ਵਿਧੀਮੂਲਕ-ਪਰਿਪੇਖ ਤੇ ਸਮਾਨਵਰਤੀ ਰੂਪਵਾਦੀ-ਸੰਰਚਨਾਵਾਦੀ ਪੰਜਾਬੀ ਗਲਪ-ਆਲੋਚਨਾ ਦੀ ਵਿਚਾਰਮੂਲਕ-ਪਰਿਪੇਖ ਉੱਤੇ ਪ੍ਰਸ਼ਨ ਚਿੰਨ੍ਹ ਲਗਾਕੇ ਸੰਬਾਦ ਦੇ ਸੰਬੰਧਾਂ ਵਿਚ ਬੱਝਦੀ ਹੈ। ਇਸ ਸੰਬਾਦ ਤੋਂ ਅੱਗੇ ਕੇਸਰ ਗਲਪ-ਆਲੋਚਨਾ ਦੀ ਆਲੋਚਨਾਤਮਿਕ ਪਹੁੰਚ 'ਵਿਹਾਰਮੁੱਖਰੁਖ ਅਖ਼ਤਿਆਰ ਕਰਦੀ ਹੋਈ ਅਧਿਆਪਨ ਸ਼ੈਲੀ ਦੇ ਅੰਤਰਗਤ ਸੰਕਲਪਾਂ ਦੇ ਸੂਖ਼ਮ ਨਿਖੇੜਿਆਂ ਵੱਲ ਰੁਚਿਤ ਹੁੰਦੀ ਹੈ ਅਤੇ ਗਲਪੀ-ਬਿੰਬ ਦਾ ਮੁੱਲਾਂਕਣ ਸ਼੍ਰੇਣੀ-ਸੰਘਰਸ਼ ਦੇ ਨੁਕਤੇ ਦੇ ਆਧਾਰ 'ਤੇ ਕਰਦੀ ਹੋਈ ਵਿਕਾਸਮੂਲਕ ਭਵਿੱਖਮੁੱਖੀ-ਪਰਿਵਰਤਨ ਦੀ ਤਰਕਸੰਗਤਾਂ ਤੇ ਨਿਆਇਸ਼ੀਲਤਾ ਵਿਚ ਵਿਸ਼ਵਾਸ ਦ੍ਰਿੜ ਕਰਦੀ ਹੈ। ਪ੍ਰੰਤੂ ਇਥੇ ਧਿਆਨਯੋਗ ਨੁਕਤਾ ਇਹ ਹੈ ਕਿ ਕੇਸਰ ਗਲਪ-ਆਲੋਚਨਾ ਵਿਦਮਾਨ-ਵਾਸਤਵਿਕਤਾ ਅਧੀਨ ਵਿਕਾਸਮੂਲਕ ਭਵਿੱਖਮੁੱਖੀ-ਪਰਿਵਰਤਨ ਦੀਆਂ ਸੰਭਾਵਨਾਂ ਅਤੇ ਪ੍ਰਾਧੀਨ ਵਿਅਕਤੀਆਂ ਦੇ ਪ੍ਰਧਾਨ ਸ਼੍ਰੇਣੀ ਅਧੀਨ ਮਤਾਧੀਨ ਬਣਕੇ ਕਾਰਜਸ਼ੀਲ ਰਹਿਣ ਦੀਆਂ ਸੀਮਾਵਾਂ ਤੇ ਸਮੱਸਿਆਵਾਂ ਦੀ ਸਥਿਤੀ ਤੋਂ ਪੂਰਨ ਭਾਂਤ ਸੁਚੇਤ ਹੈਜਿਹੜੀਆਂ ਕਿਸੇ ਪ੍ਰਕਾਰ ਦੇ ਮਨੁੱਖ-ਹਿਤੈਸ਼ੀ ਭਵਿੱਖਮੁੱਖੀ-ਪਰਿਵਰਤਨ ਨੂੰ ਟਾਲਦੀਆਂ ਰਹਿੰਦੀਆਂ ਹਨ। ਕੇਸਰ ਗਲਪ-ਆਲੋਚਨਾ ਦੀ ਵਸਤੂਗਤ-ਸਥਿਤੀਆਂ ਪ੍ਰਤੀ ਇਹ ਵਸਤੂਭਾਵੀ ਸੁਚੇਤ-ਪਹੁੰਚ ਨਿਰਸੰਦੇਹ ਵਿਚਾਰਧਾਰਕ ਸਪੱਸ਼ਟਤਾ ਤੇ ਪ੍ਰਪੱਕਤਾ ਦਾ ਹੀ ਇਕ ਪ੍ਰਮਾਣ ਹੈ। ਇਸ ਪ੍ਰਸੰਗ ਵਿਚ ਕੇਸਰ ਗਲਪ-ਆਲੋਚਨਾ ਕਰਮਜੀਤ ਸਿੰਘ ਕੁੱਸਾ ਦੇ ਨਾਵਲਰੋਹੀ ਬੀਆਬਾਨ’ ਦਾ ਵਿਸ਼ਲੇਸ਼ਣ ਕਰਦੀ ਵਿਚਾਰ ਪ੍ਰਗਟਾਉਂਦੀ ਹੈ :
(ਦੁਖਾਂਤ ਉਦੋਂ ਵਾਪਰਦਾ ਹੈਜਦੋਂ ਸੰਵੇਦਨਸ਼ੀਲ ਵਿਅਕਤੀ ਅਜਿਹੇ ਬੁਨਿਆਦੀ ਸੰਕਟ ਵਾਪਰਦੇ ਹਨ ਜਿਨ੍ਹਾਂ ਦਾ ਹੱਕ ਉਨ੍ਹਾਂ ਵਿਅਕਤੀਗਤ ਪਹੁੰਚ ਤੋਂ ਦੂਰ ਸਮਾਜਕ-ਸਭਿਆਚਾਰਕ ਤੇ ਰਾਜਨੀਤਿਕ ਤਬਦੀਲੀਆਂ ਵਿਚ ਪਿਆ ਹੁੰਦਾ ਹੈ ਪਰ ਸਥਿਤੀ ਦੇ ਰਾਜਨੀਤਿਕ ਦਵੰਦ ਆਜਿਹੇ ਇਨਕਲਾਬਾਂ ਦੇ ਵਾਪਰਨ ਨੂੰ ਲੰਮੇ ਸਮੇਂ ਤੱਕ ਟਾਲੀ ਰੱਖਦੇ ਹਨ।3
ਇਸ ਪ੍ਰਕਾਰ ਕੇਸਰ ਗਲਪ-ਆਲੋਚਨਾ ਲਈ ''ਵਰਗ-ਸੰਘਰਸ਼ ਕੇਵਲ ਆਰਥਿਕ ਜਾਂ ਰਾਜਨੀਤਿਕ ਖੇਤਰਾਂ ਦੀ ਹੀ ਵਸਤ ਨਹੀਂਇਹ ਮਨੁੱਖੀ ਸਭਿਆਚਾਰ ਦੇ ਹਰੇਕ ਮੁਹਾਜ਼ ਵਿਚ ਮੌਜੂਦ ਹੈ। ਇਸ ਤੋਂ ਵੀ ਅੱਗੇ ਉਹ ਇਸ ਸੰਘਰਸ਼ ਨੂੰ ਸ਼ੋਸ਼ਿਤ ਪਰ ਇਨਕਲਾਬੀ ਮਿਹਨਤਕਸ਼ ਵਰਗ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੋਇਆ ਉਸ ਦੀ 'ਭਵਿੱਖ ਵਿਚ ਜਿੱਤਵਿਚ ਵਿਸ਼ਵਾਸ ਬਿਠਾਉਂਦਾ ਹੈ।''4 ਇਸ ਸ਼੍ਰੇਣੀ-ਸੰਘਰਸ਼ ਦੀ ਪਹਿਚਾਣ ਲਈ ਕੇਸਰ ਗਲਪ-ਆਲੋਚਨਾ ਗਲਪੀ-ਬਿੰਬ ਦਾ ਅਧਿਐਨ-ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਉਸਦੀ ਪ੍ਰਸੰਗ ਨਾਲ ਜੋੜਕੇ ਵਿਆਖਿਆ ਵੀ ਕਰਦੀ ਹੈ ਅਤੇ ਅਜਿਹਾ ਕਰਦੇ ਸਮੇਂ ਇਸ ਆਲੋਚਨਾ ਦਾ ਰੁਖ਼ ਅਮੁਮਨ ਪਾਠ ਤੋਂ ਪ੍ਰਸੰਗ ਵੱਲ ਆਰੰਭ ਹੁੰਦਾ ਹੋਇਆ ਵਿਸ਼ਲੇਸ਼ਣ ਦੌਰਾਨ ਪਾਠ ਤੋਂ ਪ੍ਰਸੰਗ ਤੇ ਪ੍ਰਸੰਗ ਤੋਂ ਪਾਠ ਵੱਲ ਵਾਰ-ਵਾਰ ਜਾਂਦੀ ਤੇ ਪਰਤਦੀ ਹੈ। ਆਪਣੀ ਇਸ ਦਿਸ਼ਾ ਨੂੰ ਨਿਰਧਾਰਿਤ ਕਰਨ ਸਮੇਂ ਕੇਸਰ ਗਲਪ-ਆਲੋਚਨਾ ਵਿਸ਼ੇਸ਼ ਗਲਪੀ-ਸਿਰਜਨਾ ਦੇ ਅਧਿਐਨ-ਵਿਸ਼ਲੇਸ਼ਣ ਲਈ ਰਚਨਾਕਾਰ ਦੀਆਂ ਪੂਰਵਵਲੀਆਂ ਗਲਪੀ-ਸਿਰਜਨਾ ਦਾ ਸਹਾਰਾ ਵੀ ਲੈਂਦੀ ਹੈ ਅਤੇ ਕਈ ਵਾਰ ਉਸ ਨੂੰ ਸਮੁੱਚੀ ਪੰਜਾਬੀ ਗਲਪ-ਸਾਹਿਤ ਪੰਰਪਰਾ ਵਿਚ ਰੱਖਕੇ ਵੇਖਦੀ ਹੋਈ ਸੰਬੰਧਿਤ ਗਲਪੀ-ਸਿਰਜਨਾ ਦੇ ਅੰਤਰ-ਪਾਠੀ ਸੰਬੰਧਾਂ ਨੂੰ ਵੀ ਉਜਾਗਰ ਕਰਦੀ ਹੈ ਅਤੇ ਸ਼੍ਰੇਣੀ-ਚੇਤਨਾ ਨੂੰ ਨਿਸ਼ਚਿਤ ਕਰਨ ਲਈ ਸੇਖੋਂ-ਆਲੋਚਨਾ ਵਾਂਗ ਰਚਨਾਕਾਰ ਦੇ ਜੀਵਨੀਮੂਲਕ ਵੇਰਵਿਆਂ ਦਾ ਸਹਾਰਾ ਲੈਣ ਦੀ ਵਿਧੀ ਨੂੰ ਅਪਣਾਉਂਦੀ ਹੈਜਿਸ ਦੇ ਅੰਤਰਗਤ ਇਹ ਆਲੋਚਨਾ ਰਚਨਾ-ਦ੍ਰਿਸ਼ਟੀਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ ਦੇ ਅੰਤਰ-ਸੰਬੰਧਾਂ ਤੇ ਅੰਤਰ-ਦਵੰਦਾਂ ਨੂੰ ਵੇਖਦੀ ਹੋਈ ਗਲਪੀ-ਸਿਰਜਨਾ ਦੀ ਵਿਆਖਿਆਵਿਸ਼ਲੇਸ਼ਣ ਤੇ ਮੁੱਲਾਂਕਣ ਕਰਨ ਵੱਲ ਅਗ੍ਰਸਰ ਹੁੰਦੀ ਹੈ।
ਕੋਈ ਸਾਹਿਤਕਾਰ ਇਸ ਦਵੰਦ ਦੇ ਸਾਰੇ ਪੱਖਾਂ ਨੂੰ ਕਿੰਨੀ ਭਰਪੂਰਤਾ ਤੇ ਕਿੰਨੇ ਠੀਕ ਇਤਿਹਾਸਕ ਪਰਿਪੇਖ ਵਿਚ ਗ੍ਰਹਿਣ ਕਰਦਾ ਹੈਇਹ ਗੱਲ ਉਸ ਦੀ ਜੀਵਨ-ਦ੍ਰਿਸ਼ਟੀਜੀਵਨ-ਅਨੁਭਵ ਤੇ ਸਾਹਿਤਕ ਯੋਗਦਾ ਉੱਤੇ ਨਿਰਭਰ ਹੁੰਦੀ ਹੈ ਤੇ ਇਸ ਦੇ ਆਧਾਰ 'ਤੇ ਹੀ ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਲੇਖਾ-ਜੋਖਾ ਕੀਤਾ ਜਾ ਸਕਦਾ ਹੈ।5
ਇਸ ਤਰ੍ਹਾਂ ਕੇਸਰ ਗਲਪ-ਆਲੋਚਨਾ ਗਲਪੀ-ਬਿੰਬ ਦੀ ਵਿਆਖਿਆ ਅਤੇ ਰਚਨਾਕਾਰ ਦੇ ਜੀਵਨਮੂਲਕ ਵੇਰਵਿਆਂ ਉੱਤੇ ਆਸ਼ਰਿਤ ਹੋ ਕੇ ਰਚਨਾਕਾਰ ਦੀ ਸ਼੍ਰੇਣਿਕ-ਸਥਿਤੀ ਦਾ ਨਿਰਣਾ ਕਰਦੀ ਹੈ। ਪ੍ਰੰਤੂ ਧਿਆਨਯੋਗ ਇਹ ਹੈ ਕਿ ਜੀਵਨੀਮੂਲਕ-ਵੇਰਵਿਆਂ ਉੱਤੇ ਅਧਾਰਿਤ ਇਹ ਵਿਧੀ ਜਿਥੇ ਪ੍ਰਤੱਖ ਸੰਭਾਵਨਾ ਤੇ ਸਾਰਥਿਕਤਾ ਮੌਜੂਦ ਭਰਪੂਰ ਨਜ਼ਰੀ ਪੈਂਦੀ ਹੈਉੱਥੇ ਪ੍ਰੋਖ ਰੂਪ ਵਿਚ ਇਸ ਵਿਧੀਆਂ ਦੀਆਂ ਅਨੇਕਾਂ ਸੀਮਾਵਾਂ ਤੇ ਸਮੱਸਿਆਵਾਂ ਵੀ ਹੋਂਦ ਰੱਖਦੀਆਂ ਹਨ। ਕਿਉਂਕਿ ਕਈ ਵਾਰ ਰਚਨਾਕਾਰ ਆਪਣੇ ਜੀਵਨ ਦੇ ਅੰਤਰਗਤ ਸੁਚੇਤ ਰੂਪ ਵਿਚ ਕਿਸੇ ਵਿਚਾਰਧਾਰਕ ਪ੍ਰਤਿਬੱਧਤਾ ਦੇ ਲੜ ਲੱਗਿਆ ਹੋਇਆ ਵੀ ਆਪਣੀ ਕਲਾਤਮਿਕ ਸੀਮਾਵਾਂ ਦੇ ਕਾਰਨ ਵੱਸ ਅਚੇਤ ਹੀ ਗਲਪੀ-ਬਿੰਬ ਦੀ ਅਧੀਨ ਵਿਪਰੀਤ ਧੁਨੀ ਪ੍ਰਸਤੁਤ ਕਰ ਜਾਂਦਾ ਹੈ ਅਤੇ ਆਪਣੀ ਵਿਚਾਰਧਾਰਕ ਪ੍ਰਤਿਬੱਧਤਾ ਤੋਂ ਸੁਚੇਤ ਹੁੰਦਾ ਹੋਇਆ ਵੀ ਉਸ ਨੂੰ ਜ਼ੁਬਾਨ ਨਹੀਂ ਦੇ ਪਾਉਂਦਾ (ਜਿਵੇਂ ਪੰਜਾਬੀ ਦਾ ਨਾਲਵਕਾਰ ਜਸੰਵਤ ਸਿੰਘ ਕੰਵਲ) ਇਸ ਪ੍ਰਸੰਗ ਵਿਚ ਕੇਸਰ ਗਲਪ-ਆਲੋਚਨਾ ਜਿਥੇ ਇਕ-ਪਾਸੇ ਸੇਖੋਂ-ਆਲੋਚਨਾ ਦੀ ਇਸ ਉਪਰੋਕਤ ਵਿਧੀ ਨੂੰ ਅਪਣਾਉਣ ਕਾਰਨ ਸਾਂਝੇ ਧਰਾਤਲ ਉੱਤੇ ਵਿਚਰਦੀ ਹੈਉਥੇ ਇਹ ਆਲੋਚਨਾ ਇਸ ਵਿਧੀ ਨੂੰ ਲਾਗੂ ਕਰਨ ਵਿਚ ਨਿਖੜੀ ਦ੍ਰਿਸ਼ਟੀਗੋਚਰ ਹੁੰਦੀ ਹੈਜਿਸ ਅਧੀਨ ਇਹ ਗਲਪ-ਆਲੋਚਨਾ ਜ਼ਿਆਦਾਤਰ ਰਚਨਾ-ਦ੍ਰਿਸ਼ਟੀਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ ਦੇ ਪਰਸਪਰ ਸੰਬੰਧਾਂ ਦਾ ਮੁਤੱਲਿਆ ਕਰਦੀ ਹੋਈ ਤਰਕਸੰਗਤ ਤੇ ਵਿਵੇਕਸ਼ੀਲ ਢੰਗ ਨਾਲ ਪੰਜਾਬੀ ਦੇ ਵਿਸ਼ੇਸ਼ ਨਾਵਲਕਾਰਾਂ (ਜਿਵੇਂ ਨਾਨਕ ਸਿੰਘਸੁਰਿੰਦਰ ਸਿੰਘ ਨਰੂਲਾਜਸਵੰਤ ਸਿੰਘ ਕੰਵਲਸੰਤ ਸਿੰਘ ਸੇਖੋਂ,ਕਰਮਜੀਤ ਕੁੱਸਾ ਆਦਿਦੀਆਂ ਸਿਰਜਨਾਵਾਂ ਦਾ ਸਟੀਕ ਤੇ ਸੰਤੁਲਿਤ ਮੁੱਲਾਂਕਣ ਕਰਨ ਦੇ ਸਮਰੱਥ ਬਣਦੀ ਹੈ।ਕੇਸਰ ਗਲਪ-ਆਲੋਚਨਾ ਦੀ ਇਹ ਸਮਰੱਥਾ ਇਸ ਆਲੋਚਨਾ ਦੀ ਉਸ ਦ੍ਰਿਸ਼ਟੀ ਤੇ ਵਿਧੀ ਉੱਤੇ ਆਸ਼ਰਿਤ ਹੈਜਿਸ ਅਧੀਨ ਇਹ ਆਲੋਚਨਾ ਗਲਪੀ-ਪਾਠ ਦੇ ਯਥਾਰਥ ਨੂੰ ਪ੍ਰਸੰਗ ਵਿਚਲੀ ਵਾਸਵਿਕਤਾ ਨਾਲ ਅੰਤਰ-ਸੰਬੰਧਿਤ ਕਰਦੀ ਹੋਈ ਪਾਠ ਦੇ ਲੁਪਤ ਅਰਥਾਂ ਨੂੰ ਉਜਾਗਰ ਕਰਨ ਵੱਲ ਅਗ੍ਰਸਰ ਹੁੰਦੀ ਹੈ  ਅਜਿਹਾ ਕਰਦੇ ਸਮੇਂ ਇਹ ਆਲੋਚਨਾ ਆਪਣੀ ਵਿਚਾਰਧਰਕ ਸਪੱਸ਼ਟਤਾ ਕਾਰਨ ਸਥਾਪਤ ਨਾਲੋਂ ਵੱਖਰੇ ਵਿਚਾਰ ਤੇ ਵਿਸ਼ਲੇਸ਼ਣ ਕਰਨ ਵੱਲ ਰੁਚਿਤ ਨਹੀਂ ਹੁੰਦੀ ਸਗੋਂ ਸਥਾਪਿਤ ਦੇ ਬਿੰਬ ਨੂੰ ਵਿਖੰਡਤ ਕਰਕੇ ਉਸਦੇ ਮੁੱਲਾਂ ਦੇ ਮੂਲ ਤੱਕ ਪਹੁੰਚਣ ਲਈ ਯਤਨਸ਼ੀਲ ਰਹਿੰਦੀ ਹੈਜਿਵੇਂ ਕੇਸਰ ਗਲਪ-ਆਲੋਚਨਾ ਸੁਰਿੰਦਰ ਸਿੰਘ ਨਰੂਲਾ ਦੇ ਨਾਵਲ ਬਾਰੇ ਵਿਸ਼ਲੇਸ਼ਣ ਕਰਦੀ ਹੋਈ ਇਹ ਮੱਤ ਦਿੰਦੀ ਹੈ :
ਆਮ ਤੌਰ 'ਤੇ ਨਰੂਲੇ ਨੂੰ ਯਥਾਰਥਵਾਦੀ ਪੰਜਾਬੀ ਨਾਵਲ ਦਾ ਮੋਢੀ ਕਿਹਾ ਜਾਂਦਾ ਹੈ ਪਰ ਉਹ ਦਾ ਇਹ ਨਾਵਲ ਸਧਾਰਨ ਦ੍ਰਿਸ਼ਟੀ ਤੋਂ ਪੰਜਾਬੀ ਦੇ ਨਿਮਨ ਕੋਟੀ ਦੇ ਨਾਵਲਾਂ ਵਿਚ ਆਉਂਦਾ ਹੈ। ਉਹ 'ਯੂਟੋਪੀਅਈ ਸਮਾਜਵਾਦਦੀ ਸਿਰਜਨ ਦੀ ਧੁਨ ਵਿਚ ਭਾਰਤੀ ਦੀ ਆਜ਼ਾਦੀ ਤੋਂ ਬਾਅਦ ਸਰਕਾਰੀ ਸੁਧਾਰਵਾਦੀ ਨਾਹਰਿਆਂ ਦੀ ਹਮਾਇਤ ਵਿਚ ਜਾ ਖੜ੍ਹਦਾ ਹੈ। ਪਰ ਨਾਇਕ ਦੇ ਕਿਰਦਾਰ ਨੂੰ ਯਥਾਰਥਕ ਰੂਪ ਵਿਚ ਪੇਸ਼ ਕਰਕੇ ਤੇ ਕਾਮਿਆਂ ਦੇ ਆਗੂਆਂ ਨੂੰ ਜੇਲ ਵਿਚ ਦਿਖਾ ਕੇ ਉਹ ਇਸ ਸੁਧਾਰਵਾਦ ਦਿੱਖ ਨੂੰ ਅੰਦਰੋਂ ਸੱਕੀ ਵੀ ਬਣਾਉਂਦਾ ਹੈ। ਸੁਮੱਚੇ ਰੂਪ ਵਿਚ ਇਸ ਨੂੰ ਯਥਾਰਥ ਦਾ ਨਹੀਂ ਸੁਪਨੇ ਦਾ ਨਾਵਲ ਹੀ ਕਿਹਾ ਜਾ ਸਕਦਾ ਹੈ।6
ਉਪਰੋਕਤ ਸੰਦਰਭ ਇਸ ਆਲੋਚਨਾ ਦੀ ਮੌਲਿਕਤਾ ਦਾ ਪ੍ਰਮਾਣ ਅਤੇ ਵਿਕਾਸਮਈ ਹੋਣ ਦੀ ਪਹਿਚਾਣ ਹੈ। ਜਿਸ ਪਹਿਚਾਣ ਨੂੰ ਕੇਸਰ ਗਲਪ-ਆਲੋਚਨਾ ਦੀ ਸੰਬਾਦ ਪ੍ਰਵਿਰਤੀ ਵਿਚੋਂ ਵੀ ਤਲਾਸ਼ਿਆ ਜਾ ਸਕਦਾ ਹੈਜਿਸ ਅਧੀਨ ਇਹ ਆਲੋਚਨਾ ਪੰਜਾਬੀ ਗਲਪੀ-ਸਿਰਜਨਾਵਾਂ ਬਾਰੇ ਮੌਜੂਦ ਪੰਜਾਬੀ ਗਲਪ-ਆਲੋਚਕਾਂ (ਜੋਗਿੰਦਰ ਸਿੰਘ ਰਾਹੀ ਤੇ ਨਰਿੰਜਨ ਤਸਨੀਮਦੀਆਂ ਪੂਰਵਲੀਆਂ ਧਾਰਨਾਵਾਂ ਨਾਲ ਸੰਬਾਦ ਦਾ ਰਿਸ਼ਤਾ ਕਾਇਮ ਕਰਦੀ ਇਨ੍ਹਾਂ ਧਾਰਨਾਵਾਂ ਨੂੰ ਦਰੁਸਤ ਕਰਨ ਲਈ ਵੀ ਯਤਨਸ਼ੀਲ ਰਹਿੰਦੀ ਹੈ। ਉਸ ਦਾ ਇਹ ਸੰਬਾਦ ਕੇਵਲ ਪੰਜਾਬੀ ਗਲਪ ਨਾਲ ਸੰਬੰਧਿਤ ਪਰ-ਆਲੋਚਕਾਂ ਦੀਆਂ ਧਾਰਨਾਵਾਂ ਨਾਲ ਹੀ ਨਹੀਂ ਰਹਿੰਦਾ ਸਗੋਂ ਇਨ੍ਹਾਂ ਆਲੋਚਕਾਂ ਦੀਆਂ ਅਧਿਐਨ-ਪ੍ਰਣਾਲੀਆਂ ਜਾਂ ਅਧਿਐਨ-ਵਿਧੀਆਂ ਨੂੰ ਵੀ ਆਪਣੇ ਕਲੇਵਰ ਵਿਚ ਲੈਂਦਾ ਹੈ। ਇਸ ਧਰਾਤਲ ਉੱਤੇ ਇਹ ਆਲੋਚਨਾ ਰੂਪ-ਕੇਂਦਰਿਤ ਤੇ ਆਦਰਸ਼ਵਾਦੀ ਆਲੋਚਨਾ ਪੱਧਤੀਆਂ ਦੀਆਂ ਪਹੁੰਚ-ਵਿਧੀਆਂ ਦੀਆਂ ਕਮਜ਼ੋਰੀਆਂ ਤੇ ਇਨ੍ਹਾਂ ਦੀਆਂ ਵਿਚਾਰਧਾਰਕ ਵਿਸੰਗਤੀਆਂ ਦੀ ਭੂਮੀ ਤੇ ਭੂਮਿਕਾ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਇਹ ਕੇਸਰ ਗਲਪ-ਆਲੋਚਨਾ ਦੀ ਵਿਚਾਰਧਾਰਕ ਪ੍ਰਤਿਬੱਧਤਾ ਦਾ ਪ੍ਰਮਾਣ ਹੈਜਿਸ ਦੇ ਅੰਤਰਗਤ ਪ੍ਰਗਟਾਅ ਦੀ ਸਪੱਸ਼ਟਤਾ ਦਾ ਗੁਣ ਇਸ ਆਲੋਚਨਾ ਦੀ ਅਧਿਆਪਨੀ-ਸ਼ੈਲੀ ਨੇ ਆਪਣੇ ਵਿਚ ਸਮੋਇਆ ਹੈ।
          ਕੇਸਰ ਗਲਪ-ਆਲੋਚਨਾ ਦਾ ਅਗਲੇਰਾ ਪਛਾਣ ਚਿੰਨ੍ਹ ਉਸਦੇ ਗਲਪ-ਸ਼ਾਸਤਰ ਦੇ ਨਿਰਮਾਣ ਵਿਚ ਲੁਪਤ ਹੈ ਜਿਸ ਦਾ ਨਿਰਮਾਣ ਇਹ ਆਲੋਚਨਾ ਪ੍ਰੋਢ ਸਮਾਜ-ਸ਼ਾਸਤਰੀ ਤੇ ਸੁਹਜ-ਸ਼ਾਸਤਰੀ ਜਿਵੇਂ ਮਿਸ਼ੈਲ ਜਿਰਾਫ਼ਾ,ਜਾਰਜ ਲੁਕਾਚਰੈਲਫ਼ ਫਾਕਸਐਡਵਿਨ ਮਿਉਰ ਤੇ ਲੁਇਸ ਗੋਲਡਮਾਨ ਆਦਿ ਦੇ ਸਿਧਾਂਤਕ ਸੁਹਜ ਤੇ ਸਮਾਜ-ਸ਼ਾਸਤਰੀ ਮਾਡਲਾਂ ਉੱਤੇ ਅਧਾਰਿਤ ਹੈ। ਇਨ੍ਹਾਂ ਸਾਹਿਤ-ਚਿੰਤਕਾਂ ਪਾਸੋਂ ਇਹ ਗਲਪ-ਆਲੋਚਨਾ ਗਲਪੀ-ਸਿਰਜਨਾ ਦੀ ਹੋਂਦ-ਵਿਧੀ ਨਾਲ ਸੰਬੰਧਿਤ ‘ਸਮੁੱਚਤਾ’ ਅਤੇ ‘ਪ੍ਰਤੀਨਿਧਤਾ’7 ਵਰਗੇ ਸੰਕਲਪਾਂ ਨੂੰ ਗ੍ਰਹਿਣ ਕਰਦੀ ਹੈ। ਇਨ੍ਹਾਂ ਵਿਚ ਸਮੁੱਚਤਾ ਤੋਂ ਇਸ ਆਲੋਚਨਾ ਦਾ ਭਾਵ ਸਥਿਤੀਆਂ ਜਾਂ ਪਾਤਰਾਂ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਕ੍ਰਮ-ਬੱਧ ਵਿਵਰਣ ਤੋਂ ਨਹੀਂਸਗੋਂ ਇਸ ਦਾ ਭਾਵ ਨਾਵਲ ਵਿਚ ਪੇਸ਼ ਮਨੁੱਖੀ ਸ਼ਖ਼ਸੀਅਤ ਦੇ ਬੌਧਿਕਭਾਵੁਕ ਤੇ ਅਮਲ ਦੇ ਤਿੰਨੋੱ ਪੱਖਾਂ ਨੂੰ ਉਜਾਗਰ ਕਰਨ ਤੋਂ ਹੈ। ਇਸ ਸਮੁੱਚੇ ਜੀਵਨ-ਬਿੰਬ ਨੂੰ ਉਘਾੜਨ ਲਈ ਕੇਸਰ ਗਲਪ-ਆਲੋਚਨਾ ਰਚਨਾਕਾਰ ਤੋਂ ਗਲਪੀ-ਸਿਰਜਨਾ ਨੂੰ ਅਖੰਡਿਤ ਤੇ ਵਿਆਪਕ ਵਾਸਤਵਿਕ-ਜੀਵਨ ਵਿਚੋਂ ਚੋਣ ਦੇ ਸਿਧਾਂਤ 'ਤੇ ਅਧਾਰਿਤ ਇਕ ਪ੍ਰਤੀਨਿਧ ਜੀਵਨ-ਸਥਿਤੀ ਉਭਾਰਨ ਦੀ ਮੰਗ ਕਰਦੀ ਹੈ। ਕੇਸਰ ਗਲਪ-ਆਲੋਚਨਾ ਦੁਆਰਾ ਪ੍ਰਸਤੁਤ ਹੋਏ ਪ੍ਰਤੀਨਿਧ ਬਿੰਬ ਤੇ ਮੂਲ-ਵਰਤਾਰੇ ਦੇ ਸੰਬੰਧਾਂ ਨੂੰ ਦਵੰਦਾਤਮਿਕ-ਪਦਾਰਥਵਾਦ ਦੇ 'ਆਮ ਤੇ ਵਿਸ਼ੇਸ਼' (general and particular) ਦੇ ਦਾਰਸ਼ਨਿਕ ਪ੍ਰਵਰਗ ਦੇ ਸਮਾਨਾਂਤਰ ਰੱਖਕੇ ਹੋਰ ਗਹਿਰਾਈ ਨਾਲ ਸਮਝ ਸਕਦੇ ਹਾਂਜਿਵੇਂ ਆਮਵਿਸ਼ੇਸ਼ ਦੁਆਰਾ ਪ੍ਰਗਟ ਹੁੰਦਾ ਹੈ ਅਤੇ ਵਿਸ਼ੇਸ਼ਆਮ ਦੀ ਪ੍ਰਤਿਨਿਧਤਾ ਕਰਦਾ ਹੈਉਸੇ ਤਰ੍ਹਾਂ ਪ੍ਰਤੀਨਿਧ ਬਿੰਬ ਮੂਲ ਵਰਤਾਰੇ ਵਿਚੋਂ ਪੈਦਾ ਹੋ ਕੇ ਵੀ ਵਿਸ਼ੇਸ਼ ਹੁੰਦਾ ਹੈ ਅਤੇ ਮੂਲ ਵਰਤਾਰੇ ਦੀ ਹੀ ਪ੍ਰਤਿਨਿਧਤਾ ਕਰਦਾ ਹੈ। ਇਸ ਪ੍ਰਕਾਰ ਪ੍ਰਤੀਨਿਧ ਬਿੰਬ ਮੂਲ-ਵਰਤਾਰੇ ਨਾਲ ਵਰਗੇਵੇੱ ਤੇ ਵਖਰੇਵੇਂ (ਰਚਨਾਕਾਰ ਦੀ ਸਿਰਜਨ ਸ਼ਕਤੀ ਦੇ ਸਹਾਰੇਦੇ ਸੰਬੰਧਾਂ ਵਿਚ ਬੱਝਿਆ ਹੋਇਆ ਮੂਲ-ਵਰਤਾਰੇ ਦੇ ਵਿਸ਼ੇਸ਼ ਗੁਣ ਆਪਣੇ ਵਿਚ ਸਮੋਈ ਰੱਖਦਾ ਹੈ। ਜਿਸ ਬਾਰੇ ਬੋਰਿਸ ਸ਼ਚਕੋਵ (Boris Sochkov) ਦਾ ਕਹਿਣਾ ਹੈ ਕਿ ''ਨਿੱਕੇ ਦੁਖਾਂਤਾਂ ਦੇ ਪਾਤਰ ਕੇਵਲ ਆਪਣੇ ਜੁਗ ਦੀਆਂ ਪੁਸ਼ਾਕਾਂ ਹੀ ਨਹੀਂ ਪਹਿਨਦੇਉਹ ਆਪਣੇ-ਆਪਣੇ ਜੁਗ ਦੀਆਂ ਬਹੁਤ ਸਾਰੀਆਂ ਮਨੋਵਿਗਿਆਨਕ ਵਿਸ਼ੇਸ਼ਤਾਵਾਂ ਵੀ ਰੱਖਦੇ ਹਨ। ਉਹਨਾਂ ਦਾ ਇਸ ਹੱਦ ਤੱਕ ਸਾਧਾਰਨੀਕਰਨ ਅਤੇ ਯਥਾਰਥਵਾਦੀ ਢੰਗ ਨਾਲ ਪ੍ਰਕਾਰੀਕਰਨ ਕੀਤਾ ਗਿਆ ਹੈ (ਕਿਇਹ ਇਤਿਹਾਸਕ ਤੱਥ ਦੀਆਂ ਸੀਮਾਵਾਂ ਬੰਦਸ਼ਾਂ ਤੋਂ ਪਾਰ ਚਲੇ ਜਾਂਦੇ ਹਨ।''8
          ਇਸ ਪ੍ਰਸੰਗ ਵਿਚ ਕੇਸਰ ਗਲਪ-ਆਲੋਚਨਾ ਉਪਰੋਕਤ ਮਾਰਕਸਵਾਦੀ-ਚਿੰਤਕਾਂ ਦੇ ਸੁਮੱਚਤਾ ਤੇ ਪ੍ਰਤੀਨਿਧਤਾ ਦੇ ਸੰਕਲਪਾਂ ਨੂੰ ਹੀ ਯਥਾਰਥਕ ਗਲਪ-ਬਿੰਬ ਸਿਰਜਨ ਦਾ ਆਧਾਰ-ਤੱਤ ਕਿਆਸ ਕਰਦੀ ਹੈਪ੍ਰੰਤੂ ਕੇਸਰ ਗਲਪ-ਆਲੋਚਨਾ ਦੀ ਪ੍ਰਾਪਤੀ ਇਨ੍ਹਾਂ ਸਾਹਿਤਕ-ਮਾਡਲਾਂ ਨੂੰ ਫ਼ੈਸ਼ਨ-ਪ੍ਰਸਤੀ ਦੇ ਪ੍ਰਭਾਵ ਅਧੀਨ ਗ੍ਰਹਿਣ ਕਰਨ ਦੀ ਬਜਾਇ ਇਨ੍ਹਾਂ ਮਾਡਲਾਂ ਦੇ ਮੁੱਲਾਂ ਨੂੰ ਹੂ-ਬੁ-ਹੂ ਗ੍ਰਹਿਣ ਕਰਨ ਦੀ ਥਾਂ ਇਨ੍ਹਾਂ ਮਾਡਲਾਂ ਨੂੰ ਪੰਜਾਬੀ ਸਾਹਿਤ ਦੀ ਪਰੰਪਰਾ ਤੇ ਪਸਾਰਾਂ ਦੇ ਅਨੁਰੂਪ ਢਾਲਕੇ ਨਵ-ਸਿਰਜਨ ਜਾਂ ਪ੍ਰਸੰਗਿਕ ਕਰਨ ਦਾ ਕਾਰਜ ਕਰਨ ਵਿਚ ਅਤੇ ਇਨ੍ਹਾਂ ਮਾਡਲਾਂ ਦੇ ਮੂਲ ਦੀ ਤਲਾਸ਼ ਕਰਕੇ ਧਾਰਨ ਕਰਨ ਵਿਚ ਨਿਹਿਤ ਹੈ। ਜਿਵੇਂ ਜਾਰਜ ਲੁਕਾਚ ਤੇ ਰੈਲਫ ਫ਼ਾਕਸ ਦੀਆਂ ਧਾਰਨਾਵਾਂ ਨੂੰ ਮਾਰਕਸ ਤੇ ਏਂਗਲਜ਼ ਨਾਲ ਸੰਬਧਿਤ ਕਰਦੀ ਇਸ ਆਲੋਚਨਾ ਦਾ ਮੱਤ ਹੈ :
ਯਥਾਰਥਵਾਦੀ ਨਾਵਲੀ ਦੇ ਸੌਂਦਰਯ-ਸ਼ਾਸਤਰ ਦੀ ਉਸਾਰੀ ਵਿਚ ਹੰਗੇਰੀਅਨ ਚਿੰਤਨ ਲੁਕਾਚ ਅਤੇ ਇਕ ਅੰਗਰੇਜ਼ ਆਲੋਚਕ ਰੈਲਫ ਫਾਕਸ ਦਾ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਦੋਹਾਂ ਦਾ ਵਿਚਾਰ ਹੈ ਕਿ ਨਾਵਲ ਸੰਪੂਰਨ ਮਾਨਵ (the whole) ਦੀ ਅਭਿਵਿਅਕਤੀ ਹੈ ਅਤੇ 'ਸੰਪੂਰਨ ਮਾਨਵਦੀ ਅਭਿਵਿਅਕਤੀ 'ਪੂਰੇ ਸਮਾਜਦੇ ਸੰਦਰਭ ਵਿਚ ਹੀ ਹੋ ਸਕਦੀ ਹੈ।(ਇਹਲੁਕਾਚ ਤੇ ਫਾਕਸ ਦੇ ਗਲਪ-ਸ਼ਾਸਤਰ ਦਾ ਸਿਧਾਂਤਕ ਆਧਾਰ ਮੋਟੇ ਤੌਰ 'ਤੇਮਾਰਕਸ-ਏੱਗਲਜ਼ ਦੀਆਂ ਕੁਝ ਟਿੱਪਣੀਆਂ(observation) ਹਨ।9
ਇਸ ਪ੍ਰਕਾਰ ਇਹ ਗਲਪ-ਆਲੋਚਨਾ ਇਨ੍ਹਾਂ ਸੰਕਲਪਾਂ ਦੀ ਮੂਲ ਪ੍ਰਕਿਰਤੀ ਦੇ ਅਨੁਕੂਲ ਹੀ ਇਨ੍ਹਾਂ ਦੀਆਂ ਨਵੀਨ ਸੰਭਾਵਨਾਵਾਂ ਨੂੰ ਉਜਾਗਰ ਕਰਦੀ ਹੈ ਅਤੇ ਇਨ੍ਹਾਂ ਵਿਚ ਵਧੇਰੇ ਸਪੱਸ਼ਟਤਾ ਤੇ ਮੌਲਿਕਤਾ ਦਾ ਸੰਚਾਰ ਕਰਦੀ ਹੋਈ ਇਨ੍ਹਾਂ ਦੇ ਮੂਲ ਸੁਭਾਅ ਨੂੰ ਕਾਇਮ ਰੱਖਦੀ ਆਪਣੀ ਆਲੋਚਨਾਤਮਿਕ-ਪਹੁੰਚ ਦਾ ਵਿਕਾਸ ਕਰਦੀ ਹੈ।
ਇਸ ਤੋਂ ਇਲਾਵਾ ਕੇਸਰ ਗਲਪ-ਆਲੋਚਨਾ ਦੀ ਇਕ ਵਿਸ਼ੇਸ਼ਤਾ ਗਲਪੀ-ਸਿਰਜਨਾ ਦੀ ਹੋਂਦ-ਵਿਧੀ ਬਾਰੇ ਵਿਚਾਰ ਕਰਨ ਵਿਚ ਵੀ ਲੁਪਤ ਹੈਜਿਸ ਦੇ ਅੰਤਰਗਤ ਇਹ ਗਲਪ-ਆਲੋਚਨਾ ਗਲਪ-ਸਿਰਜਨਾ ਦੀ ਹੋਂਦ ਨੂੰ ਸਮਾਜ-ਸਾਖੇਪ ਸਿਰਜਨਾ ਕਿਆਸ ਕਰਦੀ ਹੋਈ ਰਚਨਾਕਾਰ ਦੀ ਸਵੈ-ਅਭਿਵਿਅਕਤੀ ਤੇ ਸਮਾਜਿਕ-ਸੱਚ ਦੇ ਦਵੰਦਾਤਮਿਕ ਸੰਬੰਧਾਂ ਉੱਤੇ ਅਧਾਰਿਤ ਉਪਯੋਗਿਕਤਾ-ਮੂਲਕ ਕਿਰਤ ਸਵੀਕਾਰਦੀ ਹੈ। ਅਜਿਹਾ ਕਰਦੇ ਸਮੇਂ ਕੇਸਰ ਗਲਪ-ਆਲੋਚਨਾ ਆਪਣੀ ਸੰਤੁਲਿਤ ਸਿਧਾਂਤਕ ਸੂਝ ਦੁਆਰਾ ਇਸ ਨੁਕਤੇ ਤੋਂ ਵੀ ਸੁਚੇਤ ਹੈ ਕਿ ਵਿਚਾਰਕ ਤੱਤਾਂ ਨਾਲ ਲਬਰੇਜ਼ ਤੇ ਸੁਹਜਾਤਮਿਕ ਤੱਤਾਂ ਤੋਂ ਨਿਰਲੇਪ ਕੋਈ ਗਲਪੀ-ਸਿਰਜਨਾ ਨਿਰੋਲ ਪ੍ਰਚਾਰ ਦਾ ਦਰਜਾ ਪ੍ਰਾਪਤ ਕਰ ਜਾਂਦੀ ਹੈ। ਇਸ ਪ੍ਰਕਾਰ ਦੀ ਸਿਰਜਨਾ ਕੇਸਰ ਗਲਪ-ਆਲੋਚਨਾ ਲਈ ਕਿਸੇ ਵੀ ਪੱਧਰ 'ਤੇ ਸਾਹਿਤਕ-ਕਿਰਤ ਦਾ ਦਰਜਾ ਨਹੀਂ ਰੱਖਦੀਸਗੋਂ ਇਸ ਗਲਪ-ਆਲੋਚਨਾ ਲਈ ਪ੍ਰਮਾਣਿਕ ਗਲਪ-ਸਿਰਜਨਾ ਸੋਚ ਤੇ ਸੁਹਜ ਦੀ ਸੰਯੁਕਤੀ ਪੇਸ਼ ਕਰਦੀ ਹੈਇਸ ਸੰਯੁਕਤੀ ਦਾ ਨਿਬਾਹ ਕਰਨਾ ਰਚਨਾਕਾਰ ਦੀ ਮਰਜ਼ੀ ਉੱਤੇ ਅਧਾਰਿਤ ਨਹੀਂ ਸਗੋਂ ਇਹ ਗਲਪ-ਸਿਰਜਨਾ ਦੀ ਹੋਂਦ-ਵਿਧੀ ਦੀ ਮਜ਼ਬੂਰੀ ਦਾ ਪਰਿਣਾਮ ਹੈ।
ਯਥਾਰਥਵਾਦੀ ਸਾਹਿਤਕ ਕਿਰਤ ਦੀ ਰਚਨਾ ਪ੍ਰਕਿਰਿਆ ਦਾ ਮੁੱਖ ਆਧਾਰ ਪੂਰਵ-ਪ੍ਰਾਪਤ ਸ਼ਿਲਪ-ਗਿਆਨ ਨਹੀਂ ਹੁੰਦਾਸਗੋਂ ਜੀਵਨ-ਯਥਾਰਥ ਦਾ ਉਹ ਪੈਟਰਨ ਹੁੰਦਾ ਹੈ ਜਿਸ ਨੂੰ ਸਾਹਿਤਕਾਰ ਨੇ ਆਪ ਖੋਜਿਆ ਤੇ ਅਨੁਭਵਿਆ ਹੁੰਦਾ ਹੈ। ਉਹ ਨਾ ਤਾਂ ਪੂਰਵ-ਪ੍ਰਾਪਤ ਸ਼ਿਲਪ-ਗਿਆਨ ਨੂੰ ਪ੍ਰਾਪਤ ਯਥਾਰਥ ਉੱਤੇ ਠੋਸਦਾ ਹੈ ਤੇ ਨਾ ਹੀ ਆਪਣੇ ਅਨੁਭਵ ਕੀਤੇ ਯਥਾਰਥ ਨੂੰ ਆਪ ਮੁਹਾਰੇ ਕਲਾ-ਕਿਰਤ ਵਿਚ ਰੂਪਾਂਤਿਰਤ ਹੋ ਜਾਣ ਦੀ ਖੁੱਲ੍ਹ ਦਿੰਦਾ ਹੈ। ਉਹ ਕਿਸੇ ਅੰਤਮ ਮਨੋਰਥ ਨੂੰ ਮੁੱਖ ਰੱਖ ਕੇਪੂਰਵ ਪ੍ਰਾਪਤ ਸ਼ਿਲਪ-ਔਜ਼ਾਰਾ ਨਾਲ ਰਚਨਾ-ਪ੍ਰਕਿਰਿਆ ਵਿਚ ਬੁਝਦਾ ਹੈਪਰ ਇਸ ਪ੍ਰਕਿਰਿਆ ਦੇ ਦੌਰਾਨ ਅਨੁਭਵ ਠੀਕ ਯਥਾਰਥ ਦੀ ਕੱਚੀ ਸਮੱਗਰੀ ਦਾ ਤਕਾਜ਼ਾ ਉਸ ਨੂੰ ਆਪਣੇ ਆਰੰਭਕ ਮਨੋਰਥ ਅਤੇ ਸ਼ਿਲਪ-ਗਿਆਨ ਵਿਚ ਤਬਦੀਲੀ ਕਰਨ ਲਈ ਮਜ਼ਬੂਰ ਕਰਦਾ ਹੈ।10
ਪ੍ਰੰਤੂ ਇਸ ਪ੍ਰਸੰਗ ਵਿਚ ਕਈ ਵਾਰ ਕੇਸਰ ਗਲਪ-ਆਲੋਚਨਾ ਗਲਪੀ-ਰਚਨਾ ਦੇ ਸਮਾਜਿਕ ਤੇ ਸੁਹਜਾਤਮਿਕ ਪਹਿਲੂਆਂ ਦਾ ਵਿਸ਼ਲੇਸ਼ਣ ਕਰਦੀ ਹੋਈ ਤੱਤਵਾਦੀ-ਆਲੋਚਨਾ ਦੇ ਅਰਥ-ਖੇਤਰ ਵਿਚ ਪ੍ਰਵੇਸ਼ ਕਰ ਜਾਂਦੀ ਹੈਜਿਸ ਅਧੀਨ ਇਹ ਗਲਪ-ਆਲੋਚਨਾ ਗਲਪੀ-ਸਿਰਜਨਾ ਨੂੰ 'ਕੱਥ ਤੇ ਵੱਥਦੇ ਮੋਟੇ ਜਿਹੇ ਰੂਪ ਵਿਚ ਵਿਭਾਜਤ ਕਰਦੀ ਗਲਪੀ-ਸਿਰਜਨਾ ਨੂੰ ਪਾਤਰ-ਚਿੱਤਰਣਰਚਨਾ-ਵਸਤੂਭਾਸ਼ਾ-ਸ਼ੈਲੀ ਤੇ ਸਾਹਿਤਕ-ਯੋਗਦਾਨ ਵਰਗੇ ਸਿਰਲੇਖਾਂ ਅਧੀਨ ਵਿਚਾਰਨ ਲਈ ਕਾਰਜਸ਼ੀਲ ਹੋ ਜਾਂਦੀ ਹੈ। ਵਿਸ਼ਲੇਸ਼ਣ ਤੇ ਮੁੱਲਾਂਕਣ ਦੀ ਇਸ ਪ੍ਰਕਾਰ ਦੀ ਵਿਧੀ ਨਿਰਸੰਦੇਹ ਗਲਪੀ-ਸਿਰਜਨਾ ਦੇ ਸੰਪੂਰਨ ਅਧਿਐਨ ਨੂੰ ਦਰਕਿਨਾਰ ਕਰਨ ਦੀ ਵਿਸੰਗਤੀਆਂ ਨਾਲ ਭਰਪੂਰ ਹੈ। ਇਸ ਦੇ ਨਾਲ ਹੀ ਕੇਸਰ ਗਲਪ-ਆਲੋਚਨਾ ਵਿਕੋਲਿਤਰੇ ਰੂਪ ਵਿਚ ਰਚਨਾਕਾਰ ਦੀ ਜੀਵਨ-ਦ੍ਰਿਸ਼ਟੀ ਤੇ ਰਚਨਾ-ਦ੍ਰਿਸ਼ਟੀ ਦੇ ਅੰਤਰ-ਸੰਬੰਧਾਂ ਤੇ ਅੰਤਰ-ਦਵੰਦਾਂ ਨੂੰ ਵਿਚਾਰਦੀ ਹੋਈ ਕੋਈ ਵਾਰ ਗਲਪੀ-ਪਾਠ ਦੀ ਸਤੱਹੀ-ਸੰਰਚਨਾ ਤੱਕ ਹੀ ਸੀਮਿਤ ਹੋ ਜਾਂਦੀਰਚਨਾਕਾਰ ਦੀਆਂ ਸਮੁੱਚੀਆਂ ਸਿਰਜਨਾਵਾਂ ਦਾ ਠੀਕ ਮੁਤੱਲਿਆ ਕਰਨ ਤੋਂ ਅਵੇਸਲੀ ਵੀ ਰਹਿ ਜਾਂਦੀ ਹੈ। ਇਸ ਪ੍ਰਕਾਰ ਦੀ ਇਕ ਉਦਾਹਰਨ ਕੇਸਰ ਗਲਪ-ਆਲੋਚਨਾ ਦੁਆਰਾ ਸੁਜਾਨ ਸਿੰਘ ਦੀ ਕਹਾਣੀ-ਸਿਰਜਨਾ ਦੇ ਅਧਿਐਨ-ਵਿਸ਼ਲੇਸ਼ਣ ਵਿਚੋਂ ਦ੍ਰਿਸ਼ਟੀਗੋਚਰ ਹੁੰਦੀ ਹੈਜਿਸ ਅਧੀਨ ਕੇਸਰ ਗਲਪ-ਆਲੋਚਨਾ ਸੁਜਾਨ ਸਿੰਘ ਦੇ ਜੀਵਨਪਰਕ-ਵੇਰਵਿਆਂ ਨਾਲ ਉਸਦੀ ਦੀ ਜੀਵਨ-ਦ੍ਰਿਸ਼ਟੀ ਦਾ ਨਿਰਧਾਰਨ ਕਰਦੀ ਹੋਈ ਅੱਗੋਂ ਰਚਨਾ-ਦ੍ਰਿਸ਼ਟੀ ਨੂੰ ਉਲੀਕਣ ਦੇ ਯਤਨ ਅਧੀਨ ਵਿਸ਼ਲੇਸ਼ਣ ਕਰਦੀ ਹੈ ਅਤੇ ਸੁਜਾਨ ਸਿੰਘ ਨੂੰ ਯਥਾਰਥਵਾਦੀ ਅਤੇ ਇਤਿਹਾਸਕ ਅਨਿਵਾਰਤਾ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ ਕਿਆਸ ਕਰਦੀ ਹੈ। ਇਥੇ ਕੇਸਰ ਗਲਪ-ਆਲੋਚਨਾ ਦੀ ਸਮੱਸਿਆ ਸੁਜਾਨ ਸਿੰਘ ਦੀ ਕਹਾਣੀ-ਸਿਰਜਨਾ ਵਿਚੋਂ ਉਭਰਦੇ ਸਮਾਜਵਾਦੀ ਗਲਪੀ-ਬਿੰਬ ਦੀ ਉਪਭਾਵੁਕਤਾ ਨੂੰ ਅਣਗੋਲਿਆਂ ਕਰਨ ਵਿਚ ਨਜ਼ਰੀ ਪੈਂਦੀ ਹੈ। ਜਿਸ ਅਧੀਨ ਇਹ ਗਲਪ-ਆਲੋਚਨਾ ਸੁਜਾਨ ਸਿੰਘ ਦੀਆਂ ਜੀਵਨ-ਸਥਿਤੀਆਂ ਦੇ ਪ੍ਰਭਾਵ ਅਧੀਨ ਉਸਦੇ ਵਿਅਕਤਿਤਵ ਵਿਚ ਪ੍ਰਵੇਸ਼ ਪਾਉੱਦੀ ਉਪਭਾਵੁਕਤਾ ਅਤੇ ਉਪਭਾਵੁਕਤਾ ਅਧਾਰਿਤ ਰਚਨਾ-ਦ੍ਰਿਸ਼ਟੀ (ਵਿਕੋਲਿਤਰੇ ਰੂਪ ਵਿਚਕਾਰਨ ਉਸਦੇ ਗਲਪੀ-ਬਿੰਬ ਦੀ ਅਣਯਥਾਰਥਕਤਾ,ਸਤਹੀ-ਪੱਧਰ ਤੇ ਪੂਰਬ-ਆਗ੍ਰਹੀ (prejudice) ਦ੍ਰਿਸ਼ਟੀ ਦੀ ਹੋਂਦ ਪ੍ਰਕਿਰਿਆ ਨੂੰ ਪ੍ਰੋਖੇ ਕਰਦੀ ਹੈ। ਜਿਸ ਕਾਰਨ ਸੁਜਾਨ ਸਿੰਘ ਦੀ ਕਹਾਣੀ-ਸਿਰਜਨਾ ਵਿਚੋਂ ਸਮਾਜਵਾਦ ਦਾ ਵਿਗਿਆਨਿਕ ਤੇ ਬੌਧਿਕ ਸਰੂਪ ਉਜਾਗਰ ਹੋਣ ਦੀ ਬਜਾਇ ਉਪਭਾਵੁਕਤਾ ਨਾਲ ਸੰਮਲਿਤ ਸਰੂਪ ਹੀ ਉਭਰਦਾ ਹੈ।
ਪ੍ਰੰਤੂ ਇਸ ਦੇ ਬਾਵਜੂਦ ਵੀ ਕੇਸਰ ਗਲਪ-ਆਲੋਚਨਾ ਦੀ ਪ੍ਰਮੁੱਖ ਪ੍ਰਾਪਤੀ ਪੰਜਾਬੀ ਗਲਪ-ਸਾਹਿਤ ਨੂੰ ਸਮਾਜਸਿਆਸਤ ਤੇ ਸਭਿਆਚਾਰ ਨਾਲ ਸੰਬੰਧਿਤ ਕਰਕੇ ਇਸ ਨੂੰ ਭਾਰਤੀ/ਪੰਜਾਬੀ ਜਮਾਤੀ-ਖਾਸੇ ਅਨੁਸਾਰ ਸਮਝਣ ਦੇ ਯਤਨ ਅਤੇ ਪਾਠਕ ਨੂੰ ਇਤਿਹਾਸਕ ਤੇ ਵਿਚਾਰਧਾਰਕ ਸੁਚੇਤਨਾ ਪ੍ਰਦਾਨ ਕਰਦੀ ਹੋਈ ਵਿਕਾਸਮਈ ਭਵਿੱਖਮੁੱਖੀ ਪਰਿਵਰਤਨ ਨੂੰ ਦ੍ਰਿੜ ਕਰਵਾਉਣ ਵਿਚ ਨਿਹਿਤ ਹੈ। ਇਸ ਅਧੀਨ ਇਹ ਗਲਪ-ਆਲੋਚਨਾ ਪਹਿਲੀ ਪੀੜ੍ਹੀ ਦੀ ਮਾਰਕਸਵਾਦੀ ਪੰਜਾਬੀ ਗਲਪ-ਆਲੋਚਨਾ ਦੀਆਂ ਸੀਮਾਵਾਂ ਤੇ ਸਮੱਸਿਆਵਾਂ ਤੋਂ ਸੁਚੇਤ ਪਾਠ ਤੇ ਪ੍ਰਸੰਗ ਦੇ ਦਵੰਦਾਤਮਿਕ ਸੰਬੰਧਾਂ ਨੂੰ ਵੇਖਣ ਵਾਲੀ ਪ੍ਰਮਾਣਿਕ ਵਿਧੀ ਨੂੰ ਅੰਤਰ-ਅਨੁਸ਼ਾਸਨੀ ਤੇ ਤੁਲਾਨਾਤਮਿਕ ਪਹੁੰਚ ਨਾਲ ਅਖ਼ਤਿਆਰ ਵੇਖਦੀ ਅਤੇ ਅਧਿਆਪਨੀ-ਸ਼ੈਲੀ ਦੁਆਰਾ ਵਿਗਿਆਨਿਕ ਤੇ ਆਲੋਚਨਾਤਮਿਕ ਸੰਕਲਪਾਂ ਨੂੰ ਸਾਹਿਤ ਤੇ ਸਮਾਜਿਕ ਸੰਦਰਭ ਵਿਚ ਸਪੱਸ਼ਟ ਕਰਦੀ ਹੈ। ਨਿਰਸੰਦੇਹਕੇਸਰ ਗਲਪ-ਆਲੋਚਨਾ ਪੰਜਾਬੀ ਦੇ ਆਲੋਚਨਾਤਮਿਕ ਅਨੁਸ਼ਾਨਸਨ ਦਾ ਇਕ ਨਿਵੇਕਲਾ ਤੇ ਵਿਲੱਖਣ ਪਸਾਰ ਤੇ ਪ੍ਰਾਪਤੀ ਹੈ।

ਹਵਾਲੇ ਤੇ ਟਿੱਪਣੀਆਂ 
1. ਮਾਰਕਸ ਏਂਗਲਜ਼ਕਮਿਊਨਿਸਟ ਪਾਰਟੀ ਦਾ ਮੈਨੀਫ਼ੈਸਟੋਪੰਨਾ-29
2. ਓਮ ਪ੍ਰਕਾਸ਼ ਗਰੇਵਾਲ'ਸਾਹਿਤ ਔਰ ਵਿਚਾਰਧਾਰਾ', ਮਾਰਕਸਵਾਦੀ ਸੌਂਦਰਯ ਸ਼ਾਸਤਰਸੰਪਾ਼ ਕਮਲਾ ਪ੍ਰਸਾਦਮੈਨੇਜਰ     ਪਾਂਡੇਗਿਆਨ ਰੰਜਨਪੰਨਾ-28-29
3. ਜਸਬੀਰ ਕੇਸਰ (ਸੰਪਾ਼),  ਕੇਸਰ ਸਿੰਘ ਕੇਸਰ ਗਲਪ ਚਿੰਤਨਪੰਨਾ-80
4. ਟੀ. ਆਰ. ਵਿਨੋਦਪੰਜਾਬੀ ਆਲੋਚਨਾ ਸ਼ਾਸਤਰਪੰਨਾ-53
5. ਕੇਸਰ ਸਿੰਘ ਕੇਸਰਗਲਪ ਚਿੰਤਨਪੰਨਾ-142
6. ਉਹੀ, ਪੰਨਾ-49
7. ਗਲਪ-ਰਚਨਾ ਵਿਚ ਟਾਈਪ-ਸਿਰਜਨ ਦਾ ਉਹੀ ਮਹੱਤਵ ਹੈ ਜੋ ਕਵਿਤਾ ਵਿਚ ਮੈਟਾਫਰ (ਜਾਂ ਰੂਪਕ)ਸਿਰਜਨ ਦਾ ਹੈ,     'ਟਾਈਪਜਾਂ 'ਨਮੂਨਾਇਕ ਲਘੂ-ਬ੍ਰਹਿਮੰਡ ਹੁੰਦਾ ਹੈ ਜਿਸ ਵਿਚੋਂ ਵਿਰਾਟ ਬ੍ਰਹਿਮੰਡ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਕ   ਪਰਿਸਥਿਤੀ ਤੇ ਇਕੱਲਾ ਪਾਤਰ ਹੀ ਨਹੀਂਪੂਰੇ ਦਾ ਪੂਰਾ ਨਾਵਲ ਹੀ ਇਕ'ਟਾਈਪਜਾਂ ਇਕ 'ਨਮੂਨਾਹੋ ਨਿਬੜਦਾ      ਹੈ।  ਕੇਸਰ ਸਿੰਘ ਕੇਸਰਗਲਪ ਚਿੰਤਨਪੰਨਾ-23
8. ਬੋਰਿਸ ਸ਼ਚਕੋਵਯਥਾਰਥਵਾਦ ਦਾ ਇਤਿਹਾਸਪੰਨਾ-96
9. ਕੇਸਰ ਸਿੰਘ ਕੇਸਰਗਲਪ ਚਿੰਤਨਪੰਨਾ-22
10. ਉਹੀਪੰਨਾ-20

                                                                                                                           

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...