Sunday, June 3, 2018

ਭਾਰਤ ਵਿਚ ਭਾਸ਼ਾਈ ਵੰਡ ਦੀ ਰਾਜਨੀਤੀ


0. ਸਾਰ-ਤੱਤ: ਭਾਰਤ ਦੇ ਰਾਜਨੀਤਕ ਗਠਨ ਵਿੱਚ ਸਿਧਾਂਤਕ ਪੱਧਰ ‘ਤੇ ਭਾਸ਼ਾ ਨੂੰ ਪ੍ਰਮੁੱਖ ਅਧਾਰ ਮੰਨਿਆ ਗਿਆ ਹੈ ਪਰ ਅਮਲੀ ਰੂਪ ਵਿੱਚ ਇੰਜ ਨਹੀਂ ਹੋ ਰਿਹਾ। ਭਾਸ਼ਾ ਦਾ ਸਿੱਖਿਆ ਅਤੇ ਪ੍ਰਸ਼ਾਸਨ ਆਦਿ ਨਾਲ ਸਿੱਧਾ ਸਬੰਧ ਹੋਣ ਕਰਕੇ ਭਾਸ਼ਾ ਬਾਰੇ ਕੀਤੇ ਨਿਰਣਿਆਂ ਦੇ ਡੂਘੇ ਸਿੱਟੇ ਨਿਕਲਦੇ ਹਨ। ਭਾਰਤੀ ਜਨ-ਗਣਨਾ ਵਿਭਾਗ ਵੱਲੋਂ ਭਾਰਤ ਭਾਸ਼ਾਵਾਂ ਦੀ ਵੰਡ ਬੜੀ ਅਣਵਿਗਿਆਨਕ ਅਤੇ ਮੰਦ ਭਾਵਨਾ ਤੋਂ ਪ੍ਰੇਰਿਤ ਰਹੀ ਹੈ। ਇਸ ਪਰਚੇ ਵਿੱਚ ਇਸ ਅਣਵਿਗਿਆਨਕਤਾ ਦੇ ਸਬੂਤ ਪੇਸ਼ ਕੀਤੇ ਗਏ ਹਨ ਅਤੇ ਇਸ ਭਾਸ਼ਾਈ ਵੰਡ ਭਾਸ਼ਾਈ ਅਮਲ ਦੇ ਭਾਰਤ ਲਈ ਮਾੜੇ ਸਿੱਟਿਆਂ ਵੱਲ ਸੰਕੇਤ ਕੀਤ ਗਿਆ ਹੈ।
1, ਭਾਰਤ ਵਿੱਚ ਭਾਸ਼ਾਵਾਂ ਦੀ ਗਿਣਤੀ: 1961 ਦੀ ਜਨ-ਗਣਨਾ ਵਿੱਚ ਭਾਰਤ ਵਿੱਚ 1652 ਨਿਵੇਕਲੀਆਂ ਮਾਤ ਬੋਲੀਆਂ (mother tongues) ਨਿਸਚਤ ਕੀਤੀਆਂ ਗਈਆਂ ਸਨ। 1991 ਦੀ ਜਨ-ਗਣਨਾ ਅਨੁਸਾਰ ਭਾਰਤ ਵਿੱਚ 216 ਮਾਤ ਬੋਲੀਆਂ ਤੇ 114 ਭਾਸ਼ਾਵਾਂ (languages) ਹਨ। ਪਰ 2001 ਦੀ ਜਨ-ਗਣਨਾ ਅਨੁਸਾਰ ਭਾਰਤ ਵਿੱਚ 234 ਮਾਤ ਬੋਲੀਆਂ ਅਤੇ 114 ਭਾਸ਼ਾਵਾਂ ਹਨ। ਮਾਤ ਬੋਲੀ ਅਤੇ ਭਾਸ਼ਾ ਵਿਚਕਾਰ ਵਖਰੇਵੇਂ ਦਾ ਜਨ-ਗਣਨਾ ਵਿਭਾਗ ਦਾ ਅਧਾਰ ਸਪਸ਼ਟ ਨਹੀਂ ਹੈ, ਕਿਉਂਕਿ ਭਾਸ਼ਾ ਵਿਗਿਆਨਕ ਖੇਤਰਾਂ ਵਿੱਚ ਅੰਗਰੇਜ਼ੀ ਦੇ mother tongue ਅਤੇ language ਸ਼ਬਦ ਸਮਾਨਅਰਥੀ ਹਨ। ਜੇ ਇਸ  ਗੱਲ ਨੂੰ  ਇੱਕ ਪਾਸੇ ਵੀ ਰੱਖ ਦਈਏ ਤਾਂ ਜਨ-ਗਣਨਾ ਵਿਭਾਗ ਦੇ ਵੱਖ-ਵੱਖ ਸਾਲਾਂ ਦੇ ਅੰਕੜੇ ਆਪਣੇ ਆਪ ਵਿੱਚ ਸਬੂਤ ਹਨ ਕਿ ਭਾਰਤੀ ਜਨ-ਗਣਨਾ ਵਿਭਾਗ ਭਾਰਤ ਵਿੱਚ ਭਾਸ਼ਾਵਾਂ ਦੀ ਸਥਿਤੀ ਬਾਰੇ ਜਾਂ ਤਾਂ ਸਪਸ਼ਟ ਨਹੀਂ ਹੈ ਤੇ ਜਾਂ ਫਿਰ ਨਿਰਣੇ ਇਮਾਨਦਾਰੀ ਨਾਲ ਨਹੀਂ ਕਰ ਰਿਹਾ। ਮੇਰੀ ਰਾਇ ਹੈ ਕਿ ਪਿਛਲੇਰਾ ਕਾਰਣ ਵੱਧ ਹੈ।
2. ਭਾਸ਼ਾ-ਉਪਭਾਸ਼ਾ ਵੰਡ ਦਾ ਅਧਾਰ: ਭਾਸ਼ਾ-ਉਪਭਾਸ਼ਾ ਵੰਡ ਦਾ ਭਾਸ਼ਾ ਵਿਗਿਆਨਕ ਅਧਾਰ ਆਪਸੀ ਬੋਧ (mutual intelligibility) ਹੈ। ਮਤਲਬ ਇਹ ਕਿ ਜੇ ਦੋ ਬੋਲੀ ਰੂਪਾਂ ਦੇ ਬੁਲਾਰੇ ਬਿਨਾਂ ਕਿਸੇ ਸਿਖਲਾਈ ਦੇ ਇੱਕ-ਦੂਜੇ ਦੇ ਬੋਲੀ ਰੂਪਾਂ ਨੂੰ ਸਮਝ ਸੱਕਦੇ ਹਨ ਤਾਂ ਉਹ ਬੋਲੀ ਰੂਪ ਇੱਕ ਹੀ ਭਾਸ਼ਾ ਦੀਆਂ ਉਪਭਾਸ਼ਾਵਾਂ ਹੁੰਦੇ ਹਨ। ਇਸ ਅਧਾਰ ‘ਤੇ ਪਰਖੀਏ ਤਾਂ ਭਾਰਤੀ ਜਨ-ਗਣਨਾ ਵਿਭਾਗ ਨੇ ਕੁਝ ਭਾਸ਼ਾਵਾਂ ਨੂੰ  ਕਿਸੇ ਦੂਜੀ ਭਾਸ਼ਾ ਦੀਆਂ ਉਪਭਾਸ਼ਾਵਾਂ ਅਤੇ ਕੁਝ ਉਪਭਾਸ਼ਾਵਾਂ ਨੂੰ ਭਾਸ਼ਾਵਾਂ ਐਲਾਨਿਆਂ ਹੋਇਆ ਹੈ। ਹੇਠਾਂ ਵਿਚਾਰੀਆਂ ਜਾ ਰਹੀਆਂ ਮਿਸਾਲਾਂ ਇਸ ਤੱਥ ਦਾ ਸਬੂਤ ਪੇਸ਼ ਕਰਦੀਆਂ ਹਨ।
ਰਾਤ ਦੀ ਬੁੱਕਲੀ ਚ ਸੁੱਤੀ ਦੀ ਕੰਞਕਾ ਦੀ ਅੱਖ ਖੁੱਲੀ
ਕੱਛ-ਕੋਲ ਅਸ਼ਕੇਂ ਕੂਤੈ ਅਤਰੈ ਦੀ ਸ਼ੀਸ਼ੀ ਡੁੱਲੀ
ਕੰਞਕਾ ਨੇ ਮਾਊ ਗੀ ਪੁੱਛੇਆ...
ਮਾਂ, ਏਹ ਕੇਹ ਝੁੱਲੇਆ ਜੇ ਰਾਤ ਉੱਡੀ ਮੈਹਕੀ ।
ਉਪਰਲੀਆਂ ਸਤਰਾਂ ਇੱਕ ਡੋਗਰੀ ਕਵਿਤਾ ਵਿੱਚੋਂ ਹਨ, ਜਿਸ ਨੂੰ ਭਾਰਤੀ ਸਰਕਾਰ ਨੇ ਨਿਵੇਕਲੀ ਭਾਸ਼ਾ ਦਾ ਦਰਜਾ ਦਿੱਤਾ ਹੋਇਆ ਹੈ। ਕੋਈ ਵੀ ਪੰਜਾਬੀ ਭਾਸ਼ੀ ਇਹਨਾਂ ਸਤਰਾਂ ਨੂੰ ਸਹਿਜੇ ਹੀ ਪੰਜਾਬੀ ਦੀ ਕਿਸੇ ਉਪਭਾਸ਼ਾ ਦੀਆਂ ਸਤਰਾਂ ਮੰਨੇਗਾ।
ਇਸ ਅਧਾਰ ‘ਤੇ ਹੁਣ ਕੁਝ ਹੋਰ ਬੋਲੀ ਰੁਪਾਂ ਨੂੰ ਵੇਖਦੇ ਹਾਂ।
ਅਜ ਹਮਾਰਿ ਯਾ ਪ੍ਰਾਚੀਨ ਅਰ ਸਮਿਰਥ ਭਾਸਾ ਹਰਚਣਿ ਚ ਕਿਲੈਕਿ ਹਮ ਅਪੜੀ ਭਾਸਾ ਪ੍ਰਯੋਗ ਨਿ ਕਰਣਾ ਛਾਂ। ਹਮਾਰਿ ਨੈ ਛਿਵਾਂਕ ਈਂ ਭਾਸਾਯੈਂ ਛਵਡਨ ਲਗੀਂ ਚ। ਜੁ ਆਜ ਹਮ ਅਪੜੀ ਭਾਸਾ ਬਚੌਣੌਅ ਪਰਯਾਸ ਨਿ ਕਰਲਾ ਤ ਭੋਲ ਈਂ ਲੁਪਤ ਹਵੇ ਜਾਣ। ਯੇ ਪੇਜਾਅ ਮਾਧਯਮਨ ਗੜ੍ਹਵਲਿ ਭਾਸਾ ਕੁ ਪਰਚਾਰ-ਪਰਸਾਰ ਕਰਲਾ ਅਰ ਯਖ ਅਪੜੀ ਭਾਸਾਮਾ ਬਚਯੌਲਾ। ਜੈ ਭਾਰਤ, ਜੈ ਉੱਤਰਾਖੰਡ, ਜੈ ਗੜ੍ਹਦੇਸ।
ਇਹ ਸਤਰਾਂ ਗੜ੍ਹਵਾਲੀ ਭਾਸ਼ਾ ਵਿੱਚੋਂ ਹਨ, ਜਿਸ ਨੂੰ ਭਾਰਤੀ ਜਨ-ਗਣਨਾ ਵਿਭਾਗ ਨੇ ਹਿੰਦੀ ਦੀ ਉਪਭਾਸ਼ਾ ਐਲਾਨਿਆਂ ਹੋਇਆ ਹੈ। ਪਰ ਕੋਈ ਵੀ ਹਿੰਦੀ ਬੁਲਾਰਾ ਗੜ੍ਹਵਾਲੀ ਨੂੰ ਏਨੀ ਸਫਲਤਾ ਨਾਲ ਨਹੀਂ ਸਮਝ ਸੱਕਦਾ ਜਿੰਨੀ ਸਫਲਤਾ ਨਾਲ ਪੰਜਾਬੀ ਬੁਲਾਰਾ ਡੋਗਰੀ ਨੂੰ ਸਮਝ ਲੈਂਦਾ ਹੈ। ਸੋ ਸਾਫ ਹੈ ਕਿ ਭਾਰਤੀ ਜਨ-ਗਣਨਾ ਵਿਭਾਗ ਭਾਸ਼ਾ-ਉਪਭਾਸ਼ਾ ਦਾ ਨਿਖੇੜਾ ਵਿਗਿਆਨਕ ਅਧਾਰਾਂ ‘ਤੇ ਨਹੀਂ ਕਰ ਰਿਹਾ। ਭਾਰਤੀ ਜਨ-ਗਣਨਾ ਵਿਭਾਗ ਦੇ ਨਿਰਣਿਆਂ ਨੂੰ ਪਰਖਣ ਲਈ ਇੱਕ ਹੋਰ ਮਿਸਾਲ ‘ਤੇ ਝਾਤੀ ਮਾਰਦੇ ਹਾਂ।
ਆਪਾਂ ਨੈ ਭੀ ਆਪਣੀ ਭਾਸ਼ਾ ਰੈ ਮਾਨ-ਸਨਮਾਨ ਵਾਸਤੈ ਲਾਰੈ ਨੀਂ ਰੈਵਣੋ ਹੈ। ਆਜ ਰੋ ਔਖਾਂਣੋਮਾ ਕੈਵਤਾਂ ਮੂੰਡੋ ਭਰੀਜੈ। ਥਾਂ ਖੁਦ ਸਮਝਦਾਰ ਹੌ, ਮਤਲਬ ਬਤਾਵਣ ਰੀ ਕੋਈ ਜਰੂਰਤ ਤੋ ਹੈ ਕੋਨੀ ਪਣ ਇਤੌ ਜਰੂਰ ਬੋਲੂ ਕੈ, ਮਾਂ, ਮਯੜਭੋਮ ਅਰ ਮਯੜਭਾਸਾ ਰੌ ਦਰਜੌ ਸੁਰਗ ਸੂੰ ਈਂ ਉਚੌ ਹੁਵੈ।
ਇਹ ਰਾਜਸਥਾਨੀ ਭਾਸ਼ਾ ਦਾ ਨਮੂਨਾ ਹੈ। ਜੇ ਇਸ ਦੀ ਕਿਸੇ ਭਾਸ਼ਾ ਨਾਲ ਨੇੜਤਾ ਵੇਖਣੀ ਹੋਵੇ ਤਾਂ ਬਿਨਾਂ ਕਿਸੇ ਸ਼ੱਕ ਦੇ ਕਿਹਾ ਜਾ ਸੱਕਦਾ ਹੈ ਕਿ ਇਹ ਟਕਸਾਲੀ ਹਿੰਦੀ ਨਾਲੋਂ ਪੰਜਾਬੀ ਦੇ ਵੱਧ ਨੇੜੇ ਹੈ। ਪਰ ਸਰਕਾਰੀ ਤੌਰ ‘ਤੇ ਰਾਜਸਥਾਨੀ ਨੂੰ ਹਿੰਦੀ ਭਾਸ਼ਾ ਦੀ ਉਪਭਾਸ਼ਾ ਐਲਾਨਿਆ ਗਿਆ ਹੈ। ਜਰੂਰੀ ਹੈ ਕਿ ਰਾਜਸਥਾਨੀ ਨੂੰ  ਵੱਖਰੀ ਭਾਸ਼ਾ ਐਲਾਨਿਆਂ ਜਾਵੇ।
ਇਥੇ ਇਹ ਵੀ ਧਿਆਨਯੋਗ ਹੈ ਕਿ ਭੁਗੌਲਿਕ ਤੌਰ ‘ਤੇ ਗੜ੍ਹਵਾਲੀ ਅਤੇ ਰਾਜਸਥਾਨੀ ਇਲਾਕੇ ਟਕਸਾਲੀ ਹਿੰਦੀ (ਖੜੀ ਬੋਲੀ) ਦੇ ਇਲਾਕੇ ਦੇ ਨਾਲ ਲੱਗਦੇ ਇਲਾਕੇ ਹਨ ਪਰ ਫਿਰ ਵੀ ਇਹਨਾਂ ਵਿਚਕਾਰ ਏਨੀ ਭਾਸ਼ਾਈ ਵਿੱਥ ਹੈ ਕਿ ਇਹ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਹਨ। ਜੋ ਇਲਾਕੇ ਖੜੀ ਬੋਲੀ ਦੇ ਇਲਾਕੇ ਤੋਂ ਗੜ੍ਹਵਾਲੀ ਅਤੇ ਰਾਜਸਥਾਨੀ ਭਾਸ਼ੀ ਇਲਾਕਿਆਂ ਦੇ ਮੁਕਾਬਲੇ ਵਧੇਰੇ ਦੂਰ ਹਨ ਉਹਨਾਂ ਦੀ ਹਿੰਦੀ ਤੋਂ ਭਾਸ਼ਾਈ ਵਿੱਥ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸੱਕਦਾ ਹੈ। ਪਰ ਫਿਰ ਵੀ ਭਾਰਤੀ ਜਨ-ਗਣਨਾ ਵਿਭਾਗ ਨੇ ਅਵਧੀ, ਬਘੇਲੀ, ਭੋਜਪੁਰੀ, ਛੱਤੀਸਗੜ੍ਹੀ, ਮਗਾਹੀ ਅਤੇ ਪਵਾਰੀ ਜਿਹੀਆਂ ਵੱਡੀ ਗਿਣਤੀ ਵਾਲੀਆਂ ਨਿਵੇਕਲੀਆਂ ਭਾਸ਼ਾਵਾਂ ਨੂੰ ਵੀ ਹਿੰਦੀ ਦੀਆਂ ਉਪਭਾਸ਼ਾਵਾਂ ਐਲਾਨਿਆਂ ਹੋਇਆ ਹੈ।
3. ਭਾਸ਼ਾਵਾਂ ਦੀ ਵਾਧਾ ਦਰ: ਇੱਕ ਹੋਰ ਅੰਕੜਾ ਜਿਹੜਾ ਭਾਰਤੀ ਜਨ-ਗਣਨਾ ਵਿਭਾਗ ਦੀ ਉਲਝਾਈ ਤਾਣੀ ਨੂੰ ਸਮਝਣ ਵਿੱਚ ਮਦਦ ਕਰ ਸੱਕਦਾ ਹੈ ਉਹ ਹੈ ਭਾਰਤੀ ਜਨ-ਗਣਨਾ ਵਿਭਾਗ ਦੇ ਅੰਕੜਿਆਂ ਅਨੁਸਾਰ ਵੱਖ-ਵੱਖ ਭਾਸ਼ਾਵਾਂ ਦੀ ਦਹਾਕਾਵਾਰ ਵਾਧਾ ਦਰ। ਹੇਠਲੀਆਂ ਸਾਰਣੀਆਂ ਕੁਝ ਭਾਸ਼ਾਵਾਂ ਦੀ ਭਾਰਤੀ ਜਨ-ਗਣਨਾ ਵਿਭਾਗ ਅਨੁਸਾਰ  ਦਹਾਕਾਵਾਰ ਵਾਧਾ ਦਰ ਦਰਸਾਉਂਦੀਆਂ ਹਨ।
ਸਾਰਣੀ-ਓ: ਅਨੁਸੂਚਿਤ ਭਾਸ਼ਾਵਾਂ ਦੀ ਦਹਾਕਾਵਾਰ ਪ੍ਰਤੀਸ਼ਤ ਵਾਧਾ ਦਰ
ਭਾਸ਼ਾ
1971-81
1981-91
1991-2001
ਕੁੱਲ ਬੁਲਾਰੇ (2001)
ਬੰਗਲਾ
14.25
35.67
19.79
8,33,69,769
ਕੰਨੜ
18.36
27.46
15.79
3,79,24,211
ਕੋਂਕਨੀ
4.09
12.13
41.37
24,89,015
ਮੈਥਿਲੀ
22.71
3.25
56.81
1,21,79,122
ਮਨੀਪੁਰੀ
13.86
40.91
15.47
14,66,705
ਨੇਪਾਲੀ
-4.17
52.62
38.29
28,71,749
ਪੰਜਾਬੀ
39.00
19.21
24.48
2,91,02,477
ਸੰਸਕ੍ਰਿਤ
176.00
714.54
-71.58
14,135
ਤੇਲੁਗੂ
13.11
30.41
12.10
7,40,02,856

ਸਾਰਣੀ- ਅ: ਗੈਰ-ਅਨੁਸੂਚਿਤ ਭਾਸ਼ਾਵਾਂ ਦੀ ਦਹਾਕਾਵਾਰ ਪ੍ਰਤੀਸ਼ਤ ਵਾਧਾ ਦਰ
ਭਾਸ਼ਾ
1971-81
1981-91
1991-2001
ਕੁੱਲ ਬੁਲਾਰੇ (2001)
ਭੀਲੀ/ਭੀਲੋੜੀ
26.30
29.79
71.97
95,82,957
ਅੰਗਰੇਜ਼ੀ
5.66
-11.78
26.79
2,26,449
ਗਾਰੋ
1.50
61.68
31.65
8,89,449
ਗੋਂਡੀ
13.33
11.06
27.72
27,13,790
ਹੋ
4.25
21.18
9.85
10,42,724
ਖੰਡੇਸ਼ੀ
383.05
-19.98
113.13
20,75,258
ਖਾਸੀ
31.28
45.07
23.71
11,28,575
ਕੁਰੁਖ
7.93
6.97
22.77
17,51,489
ਮੁੰਡਾਰੀ
-3.70
15.97
23.22
10,61,352
ਤੁਲੁ
22.34
9.53
10.98
17,22,768
ਉਪਰਲੀਆਂ ਸਾਰਣੀਆਂ ‘ਤੇ ਸਰਸਰੀ ਝਾਤ ਹੀ ਦੱਸ ਦੇਂਦੀ ਹੈ ਕਿ ਇਹਨਾਂ ਵਿੱਚ ਦਰਸਾਈਆਂ ਗਈਆਂ ਬਹੁਤੀਆਂ ਵਾਧਾ ਦਰਾਂ ਅਸਲੀਅਤ ਤੋਂ ਕਿੰਨੀਆਂ ਦੂਰ ਹਨ। ਭਾਰਤ ਦੀ ਅਬਾਦੀ ਦੀ ਦਹਾਕਾਵਾਰ ਵਾਧਾ ਦਰ ਲਗਭਗ 20 ਪ੍ਰਤੀਸ਼ਤ ਪ੍ਰਤੀ ਦਹਾਕਾ ਹੈ। ਕਿਸੇ ਭਾਸ਼ਾ ਦੀ ਇਸ ਤੋਂ ਬਹੁਤੀ ਵੱਧ ਜਾਂ ਘੱਟ ਵਾਧਾ ਦਰ ਅਸਲੀਅਤ ਤੋਂ ਪਰੇ ਹੀ ਹੋਵੇਗੀ। ਸੋ ਸਾਫ ਹੈ ਕਿ ਜਨ-ਗਣਨਾ ਵਿਭਾਗ ਦੇ ਭਾਸ਼ਾਈ ਲੇਖੇ-ਜੋਖੇ ਭਾਰਤ ਦੀ ਅਸਲੀ ਸਥਿਤੀ ਤੋਂ ਬਹੁਤ ਦੂਰ ਹਨ।
4. 8ਵੀਂ ਸੂਚੀ ਦਾ ਅਧਾਰ: ਪਿੱਛੇ ਦਿੱਤੀਆਂ ਸਾਰਣੀਆਂ ਭਾਰਤ ਸਰਕਾਰ ਦੇ ਭਾਰਤੀ ਭਾਸ਼ਾਵਾਂ ਬਾਰੇ ਰਾਜਸੀ ਨਿਰਣਿਆਂ ਦੀ ਸਿਧਾਂਤਹੀਣਤਾ ਨੂੰ ਵੀ ਸਾਹਮਣੇ ਲਿਆਉਂਦੀਆਂ ਹਨ।  2001 ਵਿੱਚ ਭਾਰਤ ਵਿੱਚ ਸਿਰਫ 2,26,449 ਵਿਅਕਤੀਆਂ ਨੇ ਅੰਗਰੇਜ਼ੀ ਨੂੰ ਆਪਣੀ ਮਾਂ ਬੋਲੀ ਲਿਖਾਇਆ ਹੈ। ਪਰ ਅੰਗਰੇਜ਼ੀ ਭਾਰਤ ਦੇ ਹਰ ਖੇਤਰ ਵਿੱਚ ਧੌਂਸ ਜਮਾਈ ਬੈਠੀ ਹੈ। 14,135 ਮਾਂ ਬੋਲੀ ਬੁਲਾਰਿਆਂ ਵਾਲੀ ਸੰਸਕ੍ਰਿਤ ਅਨੁਸੂਚਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ ਪਰ 95,82,957 ਵਾਲੀ ਭੀਲੀ, 27,13,790 ਵਾਲੀ ਗੋਂਡੀ, 20,75,258 ਵਾਲੀ ਖੰਡੇਸ਼ੀ, 17,51,489 ਵਾਲੀ ਕੁਰੁਖ, 10,61,352 ਵਾਲੀ ਮੁੰਡਾਲੀ, 17,22,768 ਵਾਲੀ ਤੁਲੁ ਅਤੇ ਇਵੇਂ ਹੀ ਕਈ ਹੋਰਨਾਂ ਦਾ ਕੋਈ ਵਾਲੀ-ਵਾਰਸ ਨਹੀਂ ਹੈ, ਅਤੇ ਇਹ ਭਾਸ਼ਾਵਾਂ ਦਮ ਤੋੜ ਰਹੀਆਂ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਅੰਗਰੇਜ਼ੀ 8ਵੀਂ ਸੂਚੀ ਵਿੱਚ ਨਾ ਹੋ ਕੇ ਵੀ ਭਾਰਤ ਦੀ ਮਾਲਕ ਬਣੀ ਬੈਠੀ ਹੈ ਪਰ 8ਵੀਂ ਸੂਚੀ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਵੀ ਸੰਥਾਲੀ ਨੂੰ ਕੋਈ ਸਰਕਾਰੀ ਰੁਤਬਾ ਹਾਸਲ ਨਹੀਂ ਹੈ।
5. ਰਾਸ਼ਟਰੀ ਭਾਸ਼ਾ: ਭਾਰਤੀ ਸੰਵਿਧਾਨ 8ਵੀਂ ਸੂਚੀ ਵਿੱਚ ਸ਼ਾਮਲ 22 ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾਵਾਂ ਦਾ ਨਾਂ ਦੇਂਦਾ ਹੈ। ਪਰ ਇਹਨਾਂ 22 ਭਾਸ਼ਾਵਾਂ ਨੂੰ ਹੀ ਰਾਸ਼ਟਰੀ ਭਾਸ਼ਾਵਾਂ ਕਿਉਂ ਮੰਨਿਆ ਜਾਵੇ, ਦੂਜੀਆਂ ਨੂੰ ਕਿਉਂ ਨਹੀਂ! ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਹੀ ਭਾਰਤ ਦੀਆਂ ਰਾਸ਼ਟਰੀ ਭਾਸ਼ਾਵਾਂ ਹਨ। ਹੋਰ ਤਾਂ ਹੋਰ, 22 ਭਾਸ਼ਾਵਾਂ ਨੂੰ ਸੰਵਿਧਾਨਕ ਤੌਰ ‘ਤੇ ਰਾਸ਼ਟਰੀ ਰੁਤਬਾ ਹਾਸਲ ਹੋਣ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਦਾ ਕੋਈ ਨਾ ਕੋਈ ਨੇਤਾ ਹਰ ਚੌਥੇ ਦਿਨ ਸ਼ਰਾਰਤਪੂਰਨ ਢੰਗ ਨਾਲ ਕੇਵਲ ਹਿੰਦੀ ਨੂੰ  ਹੀ ਰਾਸ਼ਟਰੀ ਭਾਸ਼ਾ ਕਹਿੰਦਾ ਰਹਿੰਦਾ ਹੈ। ਇਹ ਖੇਡ ਬੜੀ ਖਤਰਨਾਕ ਹੈ।
6. ਕੁਝ ਭਿਆਨਕ ਸਿੱਟੇ: ਭਾਰਤੀ ਰਾਜਸੀ ਜੀਵਨ ਦੇ ਬਹੁਤ ਸਾਰੇ ਸਵਾਲ ਭਾਸ਼ਾ ਨਾਲ ਜੁੜੇ ਹੋਏ ਹਨ। ਇਸ ਵਿੱਚ ਇੱਕ ਸਵਾਲ ਭਾਰਤ ਦਾ ਰਾਜਸੀ ਗਠਨ ਹੈ। ਜੇ ਕਿਸੇ ਭਾਸ਼ਾ ਨੁੰ ਕੋਈ ਸਰਕਾਰੀ ਦਰਜਾ ਹਾਸਲ ਨਹੀਂ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਰਾਜਸੀ ਸਰਪ੍ਰਸਤੀ ਹਾਸਲ ਨਹੀਂ ਹੋ ਸੱਕਦੀ ਤੇ ਉਹ ਭਾਸ਼ਾ ਭਾਸ਼ਾਈ ਵਰਤੋਂ ਦੇ ਖੇਤਰਾਂ ਤੋਂ ਬਾਹਰ ਹੁੰਦੀ ਜਾਂਦੀ ਹੈ। ਇਸ ਦਾ ਨਤੀਜਾ ਉਸ ਭਾਸ਼ਾ ਦੀ ਨਿਸਚਤ ਰੂਪ ਵਿੱਚ ਸਮਾਪਤੀ ਹੈ। ਇਸੇ ਕਾਰਣ ਭਾਰਤ ਦੀਆਂ 196 ਭਾਸ਼ਾਵਾਂ ਯੂਨੇਸਕੋ ਦੀ ਸਮਾਪਤੀ ਦੇ ਖਤਰੇ ਵਾਲੀ ਸੂਚੀ ਵਿੱਚ ਸ਼ਾਮਲ ਹਨ। ਸਰਕਾਰੀ ਸਰਪ੍ਰਸਤੀ ਕਿਵੇਂ ਭਾਸ਼ਾ ਨੂੰ ਜੀਵਨ ਦੇ ਸੱਕਦੀ ਹੈ ਇਸ ਦੀ ਮਿਸਾਲ ਖਾਸੀ ਭਾਸ਼ਾ ਹੈ ਜੋ ਪਹਿਲਾਂ ਸਮਾਪਤ ਹੋਣ ਦੇ ਕੰਢੇ ਸੀ, ਪਰ ਮਣੀਪੁਰ ਸਰਕਾਰ ਵੱਲੋਂ ਸਕੂਲਾਂ ਵਿੱਚ ਪੜ੍ਹਾਈ ਜਾਣੀ ਅਰੰਭ ਹੋਣ ਤੋਂ ਬਾਅਦ ਯੂਨੈਸਕੋ ਨੇ ਇਸ ਨੂੰ ਸਮਾਪਤੀ ਦੇ ਖਤਰੇ ਵਾਲੀ ਸੂਚੀ ‘ਚੋਂ ਕੱਢ ਲਿਆ ਹੈ।
ਕਿਸੇ ਭਾਸ਼ਾ ਨੁੰ ਭਾਸ਼ਾ ਦਾ ਦਰਜਾ ਨਾ ਦੇਣ ਨਾਲ ਅਤੇ ਉਸ ਦੇ ਭਾਸ਼ਾਈ ਖੇਤਰ ਵਿੱਚ ਕਿਸੇ ਹੋਰ ਭਾਸ਼ਾ ਦੀ ਧੌਂਸ ਨਾਲ ਸਿੱਖਿਆ, ਪ੍ਰਸ਼ਾਸਨ, ਵਿਕਾਸ ਅਤੇ ਸੱਭਿਆਚਾਰ ਆਦਿ ਵਿੱਚ ਵੱਡੇ ਨੁਕਸਾਨ ਹੁੰਦੇ ਹਨ। ਲਗਭਗ ਸਾਰਾ ਭਾਰਤ ਹੀ ਇਹ ਵੱਡੇ ਨੁਕਸਾਨ ਭੁਗਤ ਰਿਹਾ ਹੈ। ਇਹ ਸਥਿਤੀ ਉਹਨਾਂ ਇਲਾਕਿਆਂ ਵਿੱਚ ਵਧੇਰੇ ਭਿਆਨਕ ਹੈ ਜਿਨ੍ਹਾਂ ਇਲਾਕਿਆਂ ਦੀਆਂ ਭਾਸ਼ਾਵਾਂ ਨੂੰ ਸਿੱਖਿਆ ਅਤੇ ਪ੍ਰਸ਼ਾਸਨ ਆਦਿ ਵਿੱਚ ਕੋਈ ਥਾਂ ਹਾਸਲ ਨਹੀਂ ਹੈ। ਮਿਸਾਲ ਲਈ ਉੱਤਰਾਖੰਡ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਰਾਜਸਥਾਨ ਆਦਿ ਵਿੱਚ ਸਿੱਖਿਆ ਅਤੇ ਪ੍ਰਸ਼ਾਸਨ ਵਿੱਚ ਹਿੰਦੀ ਉਥੋਂ ਦੀਆਂ ਮਾਤ ਭਾਸ਼ਾਵਾਂ ਦੀ ਥਾਂ ਮੱਲੀ ਬੈਠੀ ਹੈ। ਕੋਈ ਹੈਰਾਨੀ ਨਹੀਂ ਕਿ ਇਹ ਹੀ ਉਹ ਇਲਾਕੇ ਹਨ ਜੋ ਸਿੱਖਿਆ/ਸਾਖਰਤਾ ਪੱਖੋਂ ਹੀ ਨਹੀਂ ਵਿਕਾਸ ਦੇ ਹਰ ਪੱਖ ਤੋਂ ਭਾਰਤ ਦੇ ਸਭ ਤੋਂ ਪੱਛੜੇ ਇਲਾਕੇ ਹਨ। ਇਵੇਂ ਹੀ ਜੰਮੂ ਅਤੇ ਕਸ਼ਮੀਰ ਵਿੱਚ ਕਸ਼ਮੀਰੀ, ਡੋਗਰੀ, ਅਤੇ ਪੰਜਾਬੀ (ਪੁਣਛੀ) ਉੱਤੇ ਉਰਦੂ ਦੀ ਧੌਂਸ ਨੂੰ ਵੇਖਿਆ ਜਾ ਸੱਕਦਾ ਹੈ। ਅਜਿਹੀ ਸਥਿਤੀ ਭਾਰਤ ਦੇ ਅਨੇਕਾਂ ਇਲਾਕਿਆਂ ਦੀ ਹੈ।
7. ਸਰਕਾਰੀ ਕੰਮ-ਕਾਜ ਦੀ ਭਾਸ਼ਾ: ਭਾਰਤ ਦਾ ਕੋਈ ਵੀ ਪ੍ਰਦੇਸ਼ ਇੱਕ-ਭਾਸ਼ੀ ਪ੍ਰਦੇਸ਼ ਨਹੀਂ ਹੈ। ਪਰ ਫਿਰ ਵੀ ਲਗਭਗ ਹਰ ਪ੍ਰਦੇਸ਼ ਵਿੱਚ ਅੰਗਰੇਜ਼ੀ ਨੂੰ ਛੱਡ ਕੇ ਕੇਵਲ ਇੱਕ ਭਾਸ਼ਾ ਨੂੰ ਹੀ ਸਰਕਾਰੀ ਭਾਸ਼ਾ ਦਾ ਦਰਜਾ ਹਾਸਲ ਹੈ। ਇਹ ਉਸ ਪ੍ਰਦੇਸ਼ ਵਿੱਚ ਰਹਿ ਰਹੀਆਂ ਘੱਟ-ਗਿਣਤੀਆਂ ਨਾਲ ਵੱਡੀ ਵਧੀਕੀ ਹੈ। ਭਾਰਤ ਦੇ ਸੰਵਿਧਾਨ ਦੀਆਂ 347 ਤੇ 350-ਏ ਧਾਰਾਵਾਂ ਸਪਸ਼ਟ ਰੂਪ ਵਿੱਚ ਕਿਸੇ ਪ੍ਰਦੇਸ਼ ਦੀਆਂ ਘੱਟ-ਗਿਣਤੀ ਭਾਸ਼ਾਵਾਂ ਨੂੰ ਸਰਕਾਰੀ ਰੁਤਬਾ ਦਿੱਤੇ ਜਾਣ ਦਾ ਹੱਕ ਦੇਂਦੀਆਂ ਹਨ। ਪਰ ਪ੍ਰਦੇਸ਼ਾਂ ਦੀਆਂ ਸਰਕਾਰਾਂ ਇਸ ਪ੍ਰਤੀ ਬਿਲਕੁਲ ਹੀ ਸੰਜੀਦਾ ਨਹੀਂ ਹਨ। ਇਸ ਦੇ ਨਤੀਜੇ ਵੱਜੋਂ ਸਿੱਖਿਆ ਅਤੇ ਵਿਕਾਸ ਵਿੱਚ ਵੱਡੇ ਨੁਕਸਾਨ ਹੋ ਰਹੇ ਹਨ ਅਤੇ ਵੱਡੀਆਂ ਪ੍ਰਸ਼ਾਸਨੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੜੇ ਪ੍ਰਦੇਸ਼ਾਂ ਦੀ ਤਾਂ ਇਹ ਹਾਲਤ ਹੈ ਕਿ ਸਰਕਾਰੀ ਕੰਮ-ਕਾਜ ਦੀ ਭਾਸ਼ਾ ਪ੍ਰਦੇਸ਼ ਦੇ ਕਿਸੇ ਵਿਅਕਤੀ ਦੀ ਵੀ ਮਾਤ ਭਾਸ਼ਾ ਨਹੀਂ ਹੈ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਦੇ ਸੁਚਾਰੂ ਹੋਣ ਦੀ ਕਲਪਨਾ ਕਰਨਾ ਸ਼ੇਖ ਚਿੱਲੀ ਦੇ ਸੁਪਨਿਆਂ ਤੋਂ ਵੀ ਪਰੇ ਦੀ ਗੱਲ ਹੈ।
8. ਭਾਸ਼ਾ ਦਾ ਸਵਾਲ ਤੇ ਭਾਰਤ ਦੀ ਏਕਤਾ: ਭਾਰਤ ਇੱਕ ਬਹੁਕੌਮੀ ਦੇਸ਼ ਹੈ। ਇਹਨਾਂ ਕੌਮਾਂ ਦੀਆਂ ਆਪਣੀਆਂ-ਆਪਣੀਆਂ ਭਾਸ਼ਾਵਾਂ ਹਨ ਅਤੇ ਆਪਣੇ-ਆਪਣੇ ਸੱਭਿਆਚਾਰ। ਭਾਰਤ ਦੀ ਏਕਤਾ ਭਾਰਤ ਦੀਆਂ ਸਮਾਜੀ, ਭਾਸ਼ਾਈ, ਸੱਭਿਆਚਾਰੀ ਤੇ ਸਿਆਸੀ ਹਕੀਕਤਾਂ ਨੂੰ ਅੱਖੋਂ ਪਰੋਖੇ ਕਰ ਕੇ ਕਾਇਮ ਨਹੀਂ ਰੱਖੀ ਜਾ ਸੱਕਦੀ। ਇਹ ਉਹਨਾਂ ਹਕੀਕਤਾਂ ਨੂੰ ਤਸਲੀਮ ਕਰਕੇ ਤੇ ਉਹਨਾਂ ਦੀ ਨੀਂਹ 'ਤੇ ਢੁੱਕਵਾਂ ਸਿਆਸੀ ਅਤੇ ਪ੍ਰਸ਼ਾਸਨੀ ਢਾਂਚ ਉਸਾਰ ਕੇ ਹੀ ਕਾਇਮ ਰੱਖੀ ਜਾ ਸੱਕਦੀ ਹੈ। ਭਾਰਤ ਵਿਚਲੇ ਰਾਜਨੀਤਕ ਢਾਂਚੇ ਦਾ ਰੂਪ ਜੇ ਭਾਰਤ ਦੇ ਭਾਸ਼ਾਈ ਢਾਂਚੇ ਦਾ ਅਨੁਸਾਰੀ ਨਹੀਂ ਹੁੰਦਾ ਤਾਂ ਰਾਜਨੀਤਕ ਸਥਿਰਤਾ ਕਾਇਮ ਨਹੀਂ ਹੋ ਸਕਦੀ। ਪਰ ਬਹੁਤੇ ਭਾਰਤੀ ਨੀਤੀਕਾਰਾਂ ਦੇ ਮਨ ਵਿੱਚ ਇਹ ਬੈਠਾ ਲੱਗਦਾ ਹੈ ਕਿ ਭਾਸ਼ਾਵਾਂ ਦੇ ਮਾਮਲੇ ਛੇੜਨ ਨਾਲ ਭਾਰਤ ਦੀ ਏਕਤਾ ਨੂੰ ਖਤਰਾ ਹੋਵੇਗਾ। ਇਹ ਇੱਕ ਵਹਿਮ ਹੈ। ਗੱਲ ਬਲਕਿ ਇਸ ਦੇ ਉਲਟ ਹੈ। ਜੇ ਇਹ ਮਾਮਲੇ ਨਾ ਨਜਿੱਠੇ ਗਏ ਤਾਂ ਫਿਰ ਭਾਰਤ ਦੀ ਏਕਤਾ ਨੂੰ ਖਤਰਾ ਜ਼ਰੂਰ ਹੈ। ਏਥੇ ਪਾਕਿਸਤਾਨ ਦੀ ਮਿਸਾਲ ਲਈ ਜਾ ਸੱਕਦੀ ਹੈ। ਪਾਕਿਸਤਾਨ ਵਿੱਚ ਪੰਜਾਬੀ ਖੇਤਰ ਦਾ ਤਾਕਤ ਦੇ ਹਰ ਕੇਂਦਰ ਵਿੱਚ ਹੁਣ ਤੱਕ ਦਬਦਬਾ ਰਿਹਾ ਹੈ। ਪਰ ਫੇਰ ਵੀ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸੇ ਸਕੂਲ ਵਿੱਚ ਪੜ੍ਹਾਉਣੀ ਤਾਂ ਦੂਰ ਦੀ ਗੱਲ, ਪੰਜਾਬ ਅਸੰਬਲੀ ਵਿੱਚ ਵੀ ਇਸ ਦੀ ਵਰਤੋਂ ਤੇ ਮਨਾਹੀ ਹੈ, ਜਦੋਂ ਕਿ ਅਸੰਬਲੀ ਦੇ ਸਾਰੇ ਮੈਂਬਰ ਪੰਜਾਬੀ ਹਨ। ਇਸ ਦਾ ਕਾਰਣ ਪਾਕਿਸਤਾਨੀ ਸਿਆਸੀ ਤੇ ਭਾਸ਼ਾਈ ਨੀਤੀਕਾਰਾਂ ਦੀ ਪੁੱਠੀ ਮੱਤ ਹੈ। ਉਹ ਇਹ ਸੋਚਦੇ ਹਨ ਕਿ ਪੰਜਾਬੀ ਨੂੰ ਹੱਲਾ-ਸ਼ੇਰੀ ਦੇਣ ਨਾਲ ਦੂਜੇ ਸੂਬਿਆਂ ਵਿੱਚ ਆਪਣੀ-ਆਪਣੀ ਭਾਸ਼ਾ ਲਈ ਸਿਆਸੀ ਮੰਗਾਂ ਉੱਠਣਗੀਆਂ। ਨਤੀਜਾ ਇਹ ਹੋ ਰਿਹਾ ਹੈ ਕਿ ਦੂਜੇ ਸੂਬਿਆਂ ਵਾਲੇ ਆਪਣੀਆਂ ਭਾਸ਼ਾਵਾਂ ਦੀ ਕਦਰ ਕਰ ਰਹੇ ਹਨ ਪਰ ਪੰਜਾਬੀ ਭਾਸ਼ਾ ਤੇ ਸਦਾਚਾਰ ਦਾ ਪੰਜਾਬੀਆਂ ਹੱਥੋਂ ਹੀ ਘਾਣ ਹੋ ਰਿਹਾ ਹੈ। ਮਿਸਾਲ ਲਈ, ਪਾਕਿਸਤਾਨ ਵਿੱਚ ਕੋਈ 37 ਹਜ਼ਾਰ ਦੇ ਕਰੀਬ ਸਿੰਧੀ ਭਾਸ਼ਾ ਮਾਧਿਅਮ ਵਾਲੇ ਸਕੂਲ ਹਨ ਤੇ 12 ਹਜ਼ਾਰ ਦੇ ਕਰੀਬ ਪਸ਼ਤੋ ਮਾਧਿਅਮ ਵਾਲੇ। ਪਰ ਪੰਜਾਬੀ ਇੱਕ ਵਿਸ਼ੇ ਵੱਜੋਂ ਵੀ ਇੱਕ ਵੀ ਸਕੂਲ ਵਿੱਚ ਨਹੀਂ ਪੜ੍ਹਾਈ ਜਾ ਰਹੀ। ਪੰਜਾਬ ਅਸੰਬਲੀ ਦੀ ਗੱਲ ਤਾਂ ਉੱਤੇ ਕੀਤੀ ਹੀ ਗਈ ਹੈ। ਪਿਛਲੀਆਂ ਪਾਕਿ ਚੋਣਾਂ ਵਿੱਚ ਵੋਟਾਂ ਲਗਭਗ ਪੂਰੀ ਤਰਾਂ ਕੌਮੀਅਤ ਦੇ ਅਧਾਰ 'ਤੇ ਪਈਆਂ ਨ। ਹਰ ਸੂਬੇ ਵਿੱਚ ਉਸ ਸੂਬੇ ਦੀ ਕੌਮੀਅਤ ਦੀ ਨੁਮਾਇੰਦਗੀ ਕਰਨ ਵਾਲਾ ਦਲ ਹੀ ਜਿੱਤਿਆ ਹੈ। ਪਾਕਿ ਪੰਜਾਬੀਆਂ ਨੇ ਪੰਜਾਬੀ ਭਾਸ਼ਾਂ ਤੇ ਸਦਾਚਾਰ ਦਾ ਘਾਣ ਜ਼ਰੂਰ ਕਰ ਲਿਆ ਹੈ, ਪਰ ਇਸ ਨਾਲ ਪਾਕਿਸਤਾਨ ਦੇ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਵਿੱਚ ਕੌਮੀਅਤ ਦੇ ਅਹਿਸਾਸ ਵਿੱਚ ਵੀ ਕੋਈ ਨਰਮੀ ਨਹੀਂ ਆਈ ਸੋ ਭਾਸ਼ਾ ਦੇ ਮਾਮਲਿਆਂ ਨੂੰ ਨਾ ਛੇੜਨ ਨਾਲ ਪਾਕਿਸਤਾਨ ਵਿੱਚ ਕੌਮੀਅਤਾਂ ਦੀਆਂ ਕੌਮੀ ਭਾਵਨਾਵਾਂ ਵਿੱਚ ਕਮੀ ਨਹੀਂ ਆਈ, ਬਲਕਿ ਇਸ ਨਾਲ ਕੌਮੀਅਤਾਂ ਵਿਚਲੀਆਂ ਦੂਰੀਆਂ ਵਧੀਆਂ ਹੀ ਹਨ। ਇਹ ਤਾਂ ਸਭ ਜਾਣਦੇ ਹੀ ਹਨ ਕਿ ਬੰਗਲਾਦੇਸ਼ ਦੇ ਵੱਖ ਹੋ ਜਾਣ ਦਾ ਵੱਡਾ ਕਾਰਣ ਪਾਕਿਸਤਾਨ ਦੇ ਹਾਕਮਾਂ ਵੱਲੋਂ ਬੰਗਲਾ ਭਾਸ਼ਾ ਨੂੰ ਮਾਨਤਾ ਨਾ ਦੇਣਾ ਸੀ।
ਉਪਰਲੀ ਵਿਚਾਰ-ਚਰਚਾ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਅਜ਼ਾਦੀ ਤੋਂ ਬਾਅਦ ਵੀ ਭਾਰਤੀ ਹਕੂਮਤਾਂ ਨੇ ਭਾਰਤ ਦੇ ਬਹੁਭਾਸ਼ਾਈ, ਬਹੁਸੱਭਿਆਚਾਰਕ ਅਤੇ ਬਹੁਕੌਮੀ ਹੋਣ ਦੀ ਹਕੀਕਤ ਨੂੰ ਭਾਰਤੀ ਰਾਜ ਪ੍ਰਬੰਧ ਅਤੇ ਨੀਤੀਆਂ ਦਾ ਚੰਗੀ ਤਰ੍ਹਾਂ ਅਧਾਰ ਨਹੀਂ ਬਣਾਇਆ। ਇਸ ਅਣਗਹਿਲੀ, ਬਲਕਿ ਮਾੜੀ ਨੀਤੀ ਅਤੇ ਨੀਤ, ਦਾ ਭਾਰਤ ਨੂੰ ਭਾਰੀ ਮੁੱਲ ਸਿੱਖਿਆ, ਗਿਆਨ-ਵਿਗਿਆਨ ਅਤੇ ਅਰਥਚਾਰੇ ਵਿੱਚ ਪੱਛੜੇਪਨ ਅਤੇ ਆਪਣੀਆਂ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੇ ਦੇਸ਼ ਨਿਕਾਲੇ ਦੇ ਰੂਪ ਵਿੱਚ ਦੇਣਾ ਪੈ ਰਿਹਾ ਹੈ। ਲੋੜ ਹੈ ਕਿ ਭਾਰਤੀ ਰਾਜ ਇਸ ਹਕੀਕਤ ਨੂੰ ਪਛਾਣੇ ਅਤੇ  ਭਾਸ਼ਾਈ ਸਵਾਲਾਂ ਨੂੰ ਠੀਕ ਢੰਗ ਨਾਲ ਸਮੇਂ ਸਿਰ ਨਜਿੱਠੇ। ਨਹੀਂ ਤਾਂ, ਜਿਵੇਂ ਮੈ ਆਪਣੇ ਇੱਕ ਪਹਿਲੇ ਲੇਖ ਵਿੱਚ ਵੀ ਲਿਖਿਆ ਸੀ, 'ਸਥਿਤੀਆਂ ਏਨੀਆਂ ਭਿਆਨਕ ਵੀ ਹੋ ਸਕਦੀਆਂ ਹਨ ਜਿੰਨੀਆਂ ਅੱਜ ਕਿਆਸ ਕਰਨਾ ਵੀ ਔਖਾ ਹੈ'।
ਡਾ. ਜੋਗਾ ਸਿੰਘ, ਪੀ.ਐੱਚ.ਡੀ. (ਯੌਰਕ, ਯੂ.ਕੇ.); 
ਕਾਮਨਵੈਲਥ ਸਕਾਰਲਰਸ਼ਿਪ ਪ੍ਰਾਪਤ (1990-93); 
ਪ੍ਰੋਫ਼ੈਸਰ ਅਤੇ ਸਾਬਕਾ ਮੁਖੀ (2001-11), 
ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ; 
ਸਾਬਕਾ ਡਾਇਰੈਕਟਰ, ਸੈਂਟਰ ਫ਼ਾਰ ਡਾਇਸਪੋਰਾ ਸਟੱਡੀਜ
ਪੰਜਾਬੀ, ਯੂਨੀਵਰਸਿਟੀ, ਪਟਿਆਲਾ-147002 (ਪੰਜਾਬ) ਭਾਰਤ; 
ਜੇਬੀ: +91-9915709582; 
*****

Friday, May 18, 2018

ਵਾਨ ਗਾਗ ਦੀ ਸੰਘਰਸ਼ਮਈ ਦਾਸਤਾਨ: ਸੌਰੋ



ਸੰਸਾਰ ਪ੍ਰਸਿੱਧ ਚਿੱਤਰਕਾਰ ਵਿਨਸੈੱਟ ਵਾਨਗਾਗ ਨੇ ਅਨੇਕਾਂ ਚਿੱਤਰਾਂ ਦੀ ਰਚਨਾ ਕੀਤੀ । ਉਸ ਦਾ ਬਣਇਆਂ ਚਿੱਤਰ ਦੁੱਖ (Sorrow) ਆਪਣੇ-ਆਪ ਵਿੱਚ ਵਿਲੱਖਣ ਹੈ। ਪੂਰੀ ਉਮਰ ਵਿੱਚ ਬਦਕਿਸਮਤੀ ਨੇ ਵਾਨਗਾਗ ਦਾ ਖਹਿੜਾ ਨਹੀ ਛੱਡਿਆ । ਅੱਜ ਦੇ ਸਮੇਂ ਵਿੱਚ ਉਸਦੇ ਇਸ ਇਕੱਲੇ ਚਿੱਤਰ ਦੀ ਕੀਮਤ ਹੀ 9੦,੦੦੦ ਬ੍ਰਿਟਿਸ਼ ਪੌਂਡ ਹੈ । ਜਿਹੜੀ ਭਰਾਤੀ ਕਰੰਸੀ ਵਿੱਚ 81 ਲੱਖ ਰੁਪਏ ਦੇ ਕਰੀਬ ਬਣਦੀ ਹੈ । ਪਰੰਤੂ ਉਸਦੇ ਜੀਵਨ ਕਾਲ ਵਿੱਚ ਉਸਦਾ ਇਕ ਵੀ ਚਿੱਤਰ ਨਹੀ ਵਿਕ ਸਕਿਆ ਸੀ ।  ਵਿਨਸੈੱਟ ਹਾਲੈਂਡ ਦੇ ਪ੍ਰਸਿੱਧ ਵਾਨਗਾਗ ਖਾਨਦਾਨ ਨਾਲ ਸਬੰਧ ਰੱਖਦਾ ਸੀ । ਉਸਦੇ ਤਿੰਨ ਚਾਚੇ ਅਤੇ ਭਰਾ ਕਲਾ ਜਗਤ ਵਿੱਚ ਵੱਡੀ ਪਛਾਣ ਰੱਖਦੇ ਸੀ । ਜਦੋਂ ਕਿ ਇਕ ਚਾਚਾ ਉਸ ਸਮੇਂ ਜਰਨਲ ਸੀ । ਪ੍ਰੰਤੂ ਉਸਨੂੰ ਖਾਨਦਾਨ ਦਾ ਨਾਲਾਇਕ ਮੈਂਬਰ ਹੀ ਸਮਝਿਆਂ ਜਾਂਦਾ ਸੀ । ਕਈ ਕਿੱਤਿਆਂ ਵਿੱਚ ਅਸਫਲ ਹੋਣ ਤੋਂ ਬਾਅਦ ਜਦੋਂ ਬੋਰੀਨਾਜ ਦੀਆਂ ਕੋਲਾਂ ਖਾਨਾ ਵਿੱਚ ਉਸ ਨੂੰ ਚਰਚ ਦੇ ਅਧਿਕਾਰੀਆਂ ਨੇ ਦੁਤਕਾਰ ਦਿੱਤਾ ਤਾਂ ਉਹ ਬਹੁਤ ਨਿਰਾਸ਼ ਤੇ ਹਤਾਸ਼ ਹੋ ਗਿਆ । ਇੱਥੇ ਵਿਹਲੇ ਸਮੇਂ ਵਿੱਚ ਸਬੱਬ ਨਾਲ ਉਸਨੇ ਰੇਖਾ ਚਿੱਤਰ ਬਣਾਉਣੇ ਸ਼ੁਰੂ ਕੀਤੇ ਤਾਂ ਉਸਨੂੰ ਇਲਮ ਹੋਇਆ ਕਿ ਉਸਨੂੰ ਆਪਣੀ ਮੰਜਿਲ ਤੱਕ ਜਾਣ ਦਾ ਰਸਤਾ ਮਿਲ ਗਿਆ ਹੈ ।ਚਰਚ ਦੇ ਅਧਿਕਾਰੀ ਪੀਟਰਸਨ ਜੋ ਕਿ ਖੁਦ ਚਿੱਤਰਕਾਰੀ ਦਾ ਸ਼ੌਕੀਨ ਸੀ ਤੋਂ ਉਸਨੂੰ ਕਾਫੀ ਪ੍ਰੇਰਨਾ ਮਿਲੀ । ਮਾਇਕ ਤੰਗੀ ਦੇ ਬਾਵਜੂਦ ਉਹ ਚਿੱਤਰ ਬਣਾਂਉਦਾ ਰਿਹਾ । ਉਹ ਪੂਰੀ ਤਨਦੇਹੀ ਨਾਲ ਆਪਣੇ ਕੰੰਮ ਵਿੱਚ ਜੁੱਟ ਗਿਆ । ਉਹ ਬੋਰੀਨਾਜ ਤੋਂ ਈਟਨ ਆਪਣੇ ਘਰ ਵਾਪਸ ਆ ਕੇ ਵੀ ਚਿੱਤਰ ਬਣਾਉਦਾ ਰਿਹਾ। ਉਸਨੂੰ ਇਹ ਕਰਦਾ  ਦੇਖ ਕੇ ਉਸਦੇ ਪਿਤਾ ਨੁੰ ਬਹੁਤ ਨਿਰਾਸ਼ਾ ਹੋਈ । ਪਰ ਉਸਦਾ ਛੋਟਾ ਭਰਾ ਥੀa ਉਸਨੂੰ ਲਗਾਤਾਰ ਪੈਸੇ ਭੇਜਦਾ ਰਿਹਾ ।

ਈਟਨ ਉਸ ਨਾਲ ਇਕ ਹੋਰ ਘਟਨਾ ਘਟ ਗਈ । ਉਸਦੀ ਮਾਸੀ ਦੀ ਵਿਧਵਾ ਧੀ ਕੇ ਵੀ ਈਟਨ ਆ ਗਈ । ਉਸਦੇ ਸੁਨੇਹ ਭਰੇ ਵਤੀਰੇ ਨੇ ਵਾਨਗਾਗ ਦੇ ਦਿਲ ਵਿੱਚ ਉਸ ਲਈ ਪਿਆਰ ਭਰ ਦਿੱਤਾ । ਉਹ ਉਸਨੂੰ ਆਪਣੇ ਨਾਲ ਚਿੱਤਰ ਬਣਾਂਉਣ ਲਈ ਲੈ ਜਾਂਦਾ । ਉਸਦੇ ਪੁੱਤਰ ਜਾਨ ਉਪੱਰ ਆਪਣਾ ਪਿਆਰ ਲੁਟਾਂਉਦਾ । ਪਰੰਤੂ ਵਾਨਗਾਗ ਦਾ ਪਿਆਰ ਇਕ ਤਰਫਾ ਹੀ ਸੀ । ਕੇ ਸਿਰਫ ਉਸਦੀ ਨਿਰਛਲ ਸ਼ਖਸ਼ੀਅਤ ਨੂੰ ਭੈਣਾਂ ਵਾਲੇ ਵਤੀਰੇ ਨਾਲ ਹੀ ਪਿਆਰਦੀ ਸੀ । ਜਦੋਂ ਵਿਨਸੈਟ ਨੇ ਉਸਦੇ ਸਾਹਮਣੇ ਆਪਣੇ ਪਿਆਰ ਦਾ ਇਜਹਾਰ ਕੀਤਾ ਤਾਂ ਉਹ ਭੋਚੱਕੀ ਰਹਿ ਗਈ । ਉਸ ਨੇ ਵਿਨਸੈੱਟ ਦੇ ਪਿਆਰ ਨੂੰ ਨਾ ਸਿਰਫ ਠੁਕਰਾ ਦਿੱਤਾ ਸਗੋਂ ਈਟਨ ਛੱਡ ਕੇ ਵਾਪਿਸ ਆਪਣੇ ਪਿਤਾ ਕੋਲ ਐਮਸਟਰਡਮ ਚਲੀ ਗਈ । ਜਦੋਂ ਵਾਨਗਾਗ ਉਸਨੂੰ ਮਿਲਣ ਗਿਆ ਤਾਂ ਉਸਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਉਸਦੇ ਪਿਤਾ ਰੈਵਰੈਡ ਸਟਿਰਕਰ ਨੇ ਉਸਨੂੰ ਬੇਇੱਜਤ ਕਰਕੇ ਘਰੋਂ ਕੱਢ ਦਿੱਤਾ ।


 

ਇਸ ਘਟਨਾ ਨੇ ਵਾਨਗਾਗ ਤੇ ਬੜਾ ਡੂੰਘਾ ਅਸਰ ਛੱਡਿਆ । ਉਸਦੀ ਮਾਂ ਅਤੇ ਪਿਤਾ ਨੇ ਵੀ ਬਹੁਤ ਭਾਰੀ ਰੋਸ਼ ਜਤਾਂਉਦੇ ਹੋਏ ਵਾਨਗਾਗ ਨੁੰ ਦੋਸ਼ੀ ਠਹਿਰਾਇਆ ।ਪਰੰਤੂ ਉਸ ਲਈ ਚੰਗੀ ਗੱਲ ਇਹ ਹੋ ਗਈ ਸੀ ਕਿ ਥੌੜੇ ਦਿਨ ਪਹਿਲਾਂ ਉਸਦੀ ਇਕ ਹੋਰ ਮਸ਼ੇਰੀ ਭੈਣ ਜੈਟ ਦੇ ਪਤੀ ਐਨਟੋਨ ਮਾਵ ਨੇ ਉਸਨੂੰ ਸਿਖਲਾਈ ਦੇਣ ਦੀ ਹਾਮੀ ਭਰ ਦਿੱਤੀ ਸੀ , ਜਿਹੜਾ ਉਸ ਸਮੇਂ ਦਾ ਪ੍ਰੁਸਿੱਧ ਚਿੱਤਰਕਾਰ ਸੀ । ਥਿਓ ਵੱਲੋਂ ਭੇਜੇ ਪੈਸਿਆਂ ਨਾਲ ਉਹ ਤੁਰੰਤ ਹੇਗ ਲਈ ਰਵਾਨਾ ਹੋ ਗਿਆ । 

ਹੇਗ ਪਹੁੰਚ ਕਿ ਵਾਨਗਾਗ  ਆਪਣੀ ਮਸੇਰੀ  ਭੈਣ ਜੈਟ ਦੇ ਘਰ ਗਿਆ । ਉੱਥੇ ਉਸਦਾ ਸਵਾਗਤ ਹੋਇਆ ।ਉਸਦਾ ਪਤੀ ਐਨਟੋਨ ਮਾਵ ਮੂਡੀ ਕਿਸਮ ਦਾ ਚਿੱਤਰਕਾਰ ਸੀ । ਉਸਨੇ ਵਾਨਗਾਗ ਦੀ ਮਾਇਕ ਮਦਦ ਕੀਤੀ ਅਤੇ ਨਾਲ ਨਾਲ ਇਕ ਕਿਰਾਏ ਦੇ ਘਰ ਵਿੱਚ ਸਟੂਡੀਓ ਵੀ ਬਣਵਾਇਆ । ਵਾਨਗਾਗ ਉਸ ਕੋਲੋਂ ਚਿੱਤਰਕਾਰੀ ਦੀਆਂ ਬਾਰੀਕੀਆਂ ਵੀ ਸਮਝਣ ਜਾਂਦਾ ਰਿਹਾ । ਥੀਓ ਨੇ ਗੁਪਿਲ ਆਰਟ ਗੈਲਰੀ ਦੇ ਮੈਨੇਜਰ ਤੇਰੇਸਟਿੰਗ ਨੂੰ ਵੀ ਵਾਨਗਾਗ ਦੀ ਮਦਦ ਲਈ ਆਖਿਆ । ਵਾਨਗਾਗ ਕੰਮ ਵਿੱਚ ਜੁੱਟ ਗਿਆ । ਮਾਵ ਮੂਡ ਅਨੁਸਾਰ ਕਦੇ ਕਦੇ ਮਦਦ ਅਤੇ ਕਦੇ ਕਦੇ ਉਸਨੂੰ ਅਣਦੇਖਿਆ ਕਰ ਦਿੰਦਾ ਸੀ । ਤੇਰੇਸਟਿੰਗ ਵੀ ਉਸਦੇ ਸਟੂਡੀਓ ਵਿੱਚ ਚੱਕਰ ਮਾਰਦਾ । ਪਰ ਅਕਸਰ ਉਸਦਾ ਰਵੱਈਆਂ ਤਨਜ਼ੀਆਂ ਹੀ ਰਹਿੰਦਾ । ਹੇਗ ਵਿੱਚ ਵਿਨਸੈਟ ਨੇ ਡੀ ਵਾਕ ਵਰਗੇ ਚਿੱਤਰਕਾਰਾਂ ਨਾਲ ਵੀ ਦੋਸਤੀ ਕਰ ਲਈ ਸੀ । ਉਸਦੇ ਸਟੂਡੀਓ ਵਿੱਚ ਵੀ ਵਾਨਗਾਗ ਅਕਸਰ ਜਾਂਦਾ ਰਹਿੰਦਾ ਸੀ । ਇਸ ਸਮੇ ਦੋਰਾਨ ਹੇਗ ਦੀਆਂ ਗਲੀਆਂ ਵਿੱਚ ਕਲਸਾਨੀਆਂ ਮਾਰੀਆ ਹੁਰਨਿਕ ਨਾਲ ਹੋਈ ਜਿਸਨੂੰ ਸੀਅਨ ਦੇ ਛੋਟੇ ਨਾਮ ਨਾਲ ਬੁਲਾਇਆ ਜਾਂਦਾ ਸੀ । ਭਾਵੇਂ ਪ੍ਰਸਿੱਧ ਲੇਖਕ ਇਰਵਿਨ ਸਟੋਨ ਵਾਨਗਾਗ ਦੀ ਜੀਵਨੀ ਵਾਲੀ ਆਪਣੀ ਕ੍ਰਿਤ 'ਲਸਟ ਫਾਰ ਲਾਈਫ' ਵਿੱਚ ਦੋਵਾਂ ਦੀ ਮੁਲਾਕਾਤ ਇਕ ਰੇਸਤਰਾਂ ਵਿੱਚ ਦਿਖਾਂਉਦਾ ਹੈ । ਪ੍ਰੰਤੂ ਥੀਊ ਨੁੰ ਲਿਖੇ ਆਪਣੇ ਪੱਤਰਾਂ ਵਿੱਚ ਵਾਨਗਾਗ ਵੱਲੋਂ ਪਹਿਲੀ ਮੁਲਾਕਾਤ ਦਾ ਕੋਈ ਜਿਕਰ ਨਹੀ ਹੈ । ਸੀਅਨ ਪੇਸ਼ੇ ਵਜੋਂ ਲਾਂਡਰੀ ਵਿੱਚ ਕੰਮ ਕਰਦੀ ਸੀ ਪ੍ਰੰਤੂ ਉਸਦਾ ਅਸਲ ਪੇਸ਼ਾ ਆਪਣਾ ਜਿਸਮ ਵੇਚਣਾ ਸੀ । 1850 ਈ: ਵਿੱਚ ਪੀਟਰ ਹੁਰਨਿਕ ਦੇ ਘਰ ਜਨਮੀ ਸੀਅਨ ਉਸਦੇ 10 ਬੱਚਿਆਂ ਵਿੱਚੋਂ ਸਭ ਤੋਂ ਵੱਡੀ ਸੀ । ਸ਼ਰਾਬ ਤੇ ਸਿਗਰਟ ਦੀ ਰਸੀਆਂ ਸੀਅਨ ਦਾ ਪੂਰਾ ਪਰਿਵਾਰ ਹੀ ਵੇਸ਼ਵਾ ਬਿਰਤੀ ਨਾਲ ਜੁੜਿਆ ਹੋਇਆ ਸੀ । ਉਸਦੀ ਮਾਂ ਅਤੇ ਭਰਾ ਉਸ ਲਈ ਗਾਹਕ ਲੱਭ ਕੇ ਲਿਆਂਉਦੇ ਸਨ । 1882 ਵਿੱਚ ਜਦੋਂ ਵਾਨਗਾਗ ਨੂੰ ਮਿਲੀ ਤਾਂ ਉਹ ਗਰਭਵਤੀ ਸੀ ।ਪਰੰਤੂ ਉਸਨੂੰ ਬੱਚੇ ਦੇ ਬਾਪ ਦਾ ਪਤਾ ਨਹੀ ਸੀ । ਵਾਨਗਾਗ ਉਸ ਵੱਲ ਖਿੱਚਿਆ ਗਿਆ । ਸੀਅਨ ਨੂੰ ਵੀ ਡਾਕਟਰਾਂ ਨੇ ਸਖਤੀ ਨਾਲ ਜਾਨ ਦਾ ਜੋਖਿਮ ਦੱਸਦੇ ਹੋਏ ਧੰਦਾ ਕਰਨ ਤੋਂ ਮਨਾ ਕੀਤਾ ਹੋਇਆ ਸੀ । ਇਸ ਲਈ ਉਹ ਵੀ ਵਾਨਗਾਗ ਵੱਲ ਆਕਰਸ਼ਿਤ ਹੋ ਗਈ । ਉਹ ਵਾਨਗਾਗ ਦੀ ਮਾਡਲ ਬਣਨ ਲਈ ਉਸਦੇ ਸਟੂਡੀa ਵਿੱਚ ਆਂਉਣ ਲੱਗੀ । ਇਹ ਸਿਲਸਿਲਾ ਪਹਿਲਾਂ ਰਾਤਾਂ ਰੁਕਣ ਤੋਂ ਸ਼ੁਰੂ ਹੋ ਕੇ ਪੱਕੇ ਇਕੱਠੇ ਰਹਿਣ ਤੱਕ ਚਲਾ ਗਿਆ । ਸੀਅਨ ਨੇ ਇਸ ਸਮੇਂ ਦੋਰਾਨ ਆਪਣੇ ਆਪ ਵਿੱਚ ਵਰਣਨ ਯੋਗ ਸੁਧਾਰ ਲਿਆਂਦਾ । ਉਸ ਨੇ ਸ਼ਰਾਬ ਅਤੇ ਵੇਸਵਾ ਵਿਰਤੀ ਤੌਂ ਤੋਬਾ ਕਰ ਲਈ । ਇਕ ਵਾਰ ਤਾਂ ਉਸਨੂੰ ਸੱਚਮੁੱਚ ਵਾਨਗਾਗ ਨਾਲ ਲਗਾਵ ਹੋ ਗਿਆ ਸੀ । ਪਿਆਰ ਤੋਂ ਦੁਤਕਾਰੇ ਵਾਨਗਾਗ ਲਈ ਇਹ ਖੁਸ਼ੀ ਭਰਿਆ ਅਦੁੱਤੀ ਤਜਰਬਾ ਸੀ । ਵਾਨਗਾਗ ਨੇ ਉਸ ਨਾਲ ਵਿਆਹ ਕਰਵਾਉਣ ਦਾ ਮਨ ਬਣਾ ਲਿਆ । 

ਇਕ ਵੇਸਵਾ ਨਾਲ ਰਹਿਣ ਤੇ ਵਾਨਗਾਗ ਦੇ ਸਮਾਜਿਕ ਰੁੱਤਬੇ ਨੂੰ ਜਬਰਦਸਤ ਝਟਕਾ ਲੱਗਿਆ । ਉਸਦੀ ਮਸੇਰੀ ਭੈਣ ਜੈਟ , ਉਸਦੇ ਪਤੀ ਮਾਵ ਅਤੇ ਮੈਨੇਜਰ ਤੇਰੇਸਟਿੰਗ ਨੇ ਇਸਦਾ ਬਹੁਤ ਬੁਰਾ ਮਨਾਇਆ । ਵਾਨਗਾਗ ਦੇ ਵਿਆਹ ਸਬੰਧੀ ਫੈਸਲੇ ਦਾ ਉਸਦੇ ਮਾਤਾ ਪਿਤਾ ਅਤੇ ਭੈਣਾ ਨੇ ਪੁਰਜੋਰ ਵਿਰੋਧ ਕੀਤਾ । ਪਰੰਤੂ ਥੀਓ ਉਸਨੂੰ ਉਸੇ ਤਰਾਂ ਧਨ ਭੇਜਦਾ ਰਿਹਾ । ਇਸ ਸਮੇਂ ਦੋਰਾਨ ਥੀਓ ਉਸਨੂੰ ਮਿਲਣ ਹੇਗ ਵੀ ਆਇਆ ਤੇ ਉਸਨੇ ਸਿਆਣਪ ਨਾਲ ਵਾਨਗਾਗ ਨੂੰ ਆਰਥਿਕ ਤੋਰ ਤੇ ਪੈਰਾ ਸਿਰ ਹੋਣ ਤੱਕ ਵਿਆਹ ਨਾਂ ਕਰਾਉਣ ਲਈ ਮਨਾ ਲਿਆ । ਇਸ ਸਮੇਂ ਦੋਰਾਨ ਵਾਨਗਾਗ ਨੇ ਸੀਅਨ ਦੇ ਕਈ ਚਿੱਤਰ ਬਣਾਏ । ਉਸ ਸਮੇਂ ਨਿਊਡ (ਨੰਗੇ) ਮਾਡਲ ਲੈ ਕੇ ਚਿੱਤਰ ਬਣਾਉਣ ਦੀ ਪਰੰਪਰਾ ਪੂਰੇ ਜ਼ੋਬਨ ਤੇ ਸੀ । ਵਾਨਗਾਗ ਦੇ ਦਿਮਾਗ ਵਿੱਚ ਵੀ ਇਹ ਵਿਚਾਰ ਘੁੰਮ ਰਿਹਾ ਸੀ । ਉਸਨੇ ਸੀਅਨ ਨੂੰ ਲੈ ਕੇ ਇਸੇ ਤਰਾਂ ਦਾ ਇਕ ਚਿੱਤਰ ਬਣਾਉਣ ਦਾ ਵਿਚਾਰ ਬਣਾਇਆ । 

1882 ਦੀ ਬਸੰਤ ਸਮੇਂ ਜਦੋਂ ਉਸਨੂੰ ਚਿੱਤਰ ਬਣਾਂਉਦੇ ਦੋ ਵਰ੍ਹੇ ਹੋ ਚੁੱਕੇ ਸਨ ਤਾਂ ਬਤੌਰ ਮਾਡਲ ਗਰਭਵਤੀ ਸੀਅਨ ਦਾ ਨਿਊਡ ਚਿੱਤਰ ਬਣਾਂਉਣ ਦਾ ਫੈਸਲਾ ਕੀਤਾ । ਇਸ ਲਈ ਉਸਨੇ ਸਫੇਦ ਕਾਗਜ ਉੱਪਰ ਪੈਨਸਲ, ਪੈਨ ਅਤੇ ਸਿਆਹੀ ਨਾਲ ਕਲਾਕ੍ਰਿਤ ਚਿੱਤਰਨ ਦੀ ਤਿਆਰੀ ਕੀਤੀ । ਉਸਨੇ ਉਸਦਾ ਕਈ ਵਾਰ ਚਿੱਤਰ ਬਣਾਇਆ । ਕਈ ਸਕੈੱਚਾਂ ਤੋਂ ਬਾਅਦ ਉਹ ਉਸਦੇ ਸਰੀਰ ਦੀ ਹਰ ਇੱਕ ਰੇਖਾ ਤੋਂ ਜਾਣੂ ਹੋ ਗਿਆ ਸੀ । ਮਿਸ਼ੇਲ ਦਾ ਕਿਹਾ ਇਕ ਵਾਕ ਹਮੇਸ਼ਾ ਉਸਦੇ ਦਿਮਾਗ ਗੂੰਜਦਾ ਰਹਿੰਦਾ ਸੀ, "ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕੋਈ ਔਰਤ ਇਸ ਧਰਤੀ ਤੇ ਇਕੱਲੀ ਰਹਿੰਦੀ ਹੋਵੇ?" ਇਸ ਚਿਤਰ ਲਈ ਉਸਨੇ ਆਪਣੇ ਸਟੂਡੀਓ ਵਿੱਚ ਇਕ ਲੱਕੜੀ ਦੇ ਬਲਾਕ ਉੱਪਰ ਸੀਅਨ ਨੂੰ ਨਿਰਵਸਤਰ ਬਿਠਾਇਆ । ਉਸਨੇ ਲੱਕੜੀ ਦੇ ਬਲਾਕ ਨੂੰ ਦਰੱਖਤ ਦੇ ਕੱਟੇ ਹੋਏ ਮੁੱਢ ਦੇ ਰੂਪ ਵਿੱਚ ਚਿਤਰਿਆ । ਆਸੇ ਪਾਸੇ ਦੇ ਦ੍ਰਿਸ਼ ਵਿੱਚ ਕੁਝ ਦਰੱਖਤ ਤੇ ਪੋਦੇ ਬਣਾਏ । ਜਿਸ ਨਾਲ ਦ੍ਰਿਸ਼ ਕੁਦਰਤੀ ਬਣ ਗਿਆ । ਇਸ ਤੋਂ ਬਾਅਦ ਉਸਨੇ ਸੀਅਨ ਦਾ ਸਕੈੱਚ ਬਣਾਇਆ । ਗੋਡਿਆ ਉੱਪਰ ਰੱਖੇ ਸੁੱਕੇ ਹੱਥ, ਮਨੁੱਖੀ ਕੰਕਾਲ ਵਰਗੀਆਂ ਬਾਹਾਂ ਵਿੱਚ ਲੁਕਿਆ ਹੋਇਆ ਚਿਹਰਾ, ਪਿੱਠ ਤੇ ਵਿਰਲੇ ਖਿਲੱਰੇ ਹੋਏ ਵਾਲ, ਪਸਲੀਆਂ ਨੂੰ ਛੂੰਹਦੀਆਂ ਨਿਰਜੀਵ ਛਾਤੀਆਂ , ਜਮੀਨ ਤੇ ਬੇਢੰਗੇ ਤਰੀਕੇ ਨਾਲ ਰੱਖੇ ਪੈਰ।ਉਸਨੇ ਬਾਰੀਕੀ ਨਾਲ ਸੀਅਨ ਦੇ ਦੁੱਖ ਭਰੇ ਸ਼ਰੀਰ ਨੂੰ ਰੂਹ ਨਾਲ ਚਿਤਰਿਆ। ਉਸਨੇ ਇਸ ਚਿੱਤਰ ਨੂੰ ਨਾਮ ਦਿੱਤਾ 'ਦੁੱਖ' (ਸੋਰਰਾ). ਇਹ ਇਕ ਅਜਿਹੀ ਇਸਤਰੀ ਦਾ ਚਿੱਤਰ ਸੀ ਜਿਸਦਾ ਅੰਦਰਲਾ ਜੀਵਨ ਹਾਲਾਤਾਂ ਅਤੇ ਦੁੱਖਾ ਨੇ ਨਚੋੜ ਕੇ ਉਸਨੂੰ ਜਿਉਂਦੇ ਨਿਰਜੀਵ ਬਣਾ ਦਿੱਤਾ ਹੋਵੇ ।ਗਰੀਬੀ ਅਤੇ ਕਸ਼ਟਾਂ ਤੋਂ ਕਦੇ ਵੀ ਮੁਕੰਮਲ ਨਿਜ਼ਾਤ ਨਹੀਂ ਪ੍ਰਾਪਤ ਹੁੰਦੀ। ਗੁਰਬਤ, ਦੁੱਖ ਅਤੇ ਕਠਿਨਤਾ ਵਿੱਚ ਪਿਸ ਰਹੀ ਮਨੁੱਖਤਾ ਦੇ ਦਰਦ ਦੀ ਇਹ ਚਿਤਰ ਪ੍ਰਤੀਨਿਧਤਾ ਕਰਦਾ ਹੈ। ਵਾਨ ਗਾਗ ਨੇ ਆਪਣੇ ਦਿਲ ਦੇ ਨਜ਼ਰੀਏ ਨਾਲ ਮਨੁੱਖੀ ਦੁਖਾਂਤ ਨੂੰ ਪੇਸ਼ ਕੀਤਾ।ਇਹ ਚਿਤਰ 135 ਸਾਲ ਬਾਅਦ ਵੀ ਅਜੋਕੇ ਹਾਲਾਤਾਂ ਵਿੱਚ ਪੂਰਾ ਢੁਕਵਾਂ ਹੈ।ਉਸਦੇ ਹੇਠਾਂ ਉਸਨੇ ਮਿਸ਼ੇਲ ਦੇ ਸ਼ਬਦਾ ਨੂੰ ਲਿਖਿਆ । ਚਿੱਤਰ ਬਣਾਉਣ ਵਿੱਚ ਉਸਨੂੰ ਪੂਰਾ ਇਕ ਹਫਤਾ ਲੱਗ ਗਿਆ । ਉਸ ਕੋਲ ਸੀਅਨ ਨੂੰ ਦੇਣ ਲਈ ਪੈਸੇ ਵੀ ਨਹੀ ਸਨ । ਸੀਅਨ ਬਿਨਾਂ ਪੈਸਿਆਂ ਤੋਂ ਵੀ ਆਂਉਦੀ ਹੀ ਰਹੀ । ਉਸਨੇ ਆਪਣੇ ਭਰਾ ਨੂੰ ਲਿਖਿਆ ਕਿ ਉਸਨੇ ਦੋ ਵੱਡੀਆਂ ਡਰਾਂਇੰਗਾ ਬਣਾਈਆਂ ਹਨ । ਇਸ ਦੀਆਂ ਉਸਨੇ ਹੋਰ ਵੀ ਦੋ ਕਾਪੀਆਂ ਬਣਵਾਈਆਂ । ਉਸਦੇ ਚਿੱਤਰ ਬਾਰੇ ਲਿਖਿਆ ਕਿ ਮੇਰਾ ਇਸਨੂੰ ਡਰਾਇੰਗ ਵੀ ਬਣਾਉਣਾ ਇਹ ਦੱਸਦਾ ਹੈ ਕਿ ਦੁੱਖ ਤਾਂ ਬਹੁਤ ਛੋਟੀ ਸ਼ੁਰੂਆਤ ਹੈ , ਇਹ ਮੇਰੇ ਦਿਲ ਤੋਂ ਸਿੱਧੀ ਸਕੈੱਚ ਦੇ ਰੂਪ ਵਿੱਚ ਆਈ ਹੈ । 

ਅਕਤੂਬਰ 1882 ਵਿੱਚ ਸੀਅਨ ਨੇ ਇਕ ਪੁੱਤਰ ਨੂੰ ਜਨਮ ਦਿੱਤਾ । ਵਾਨਗਾਗ ਨੇ ਉਸਦੀ ਬਹੁਤ ਸੇਵਾ ਕੀਤੀ । ਪ੍ਰੰਤੂ 1883 ਤੱਕ ਉਹ ਫੇਰ ਆਪਣੇ ਪੁਰਾਣੇ ਚਾਲਿਆਂ ਤੇ ਆ ਗਈ । ਉਸਨੇ ਸ਼ਰਾਬ ਪੀਣੀ ਅਤੇ ਵੇਸਵਾ ਬਿਰਤੀ ਵੱਲ ਫੇਰ ਮੋੜਾ ਪਾ ਲਿਆ । ਵਾਨਗਾਗ ਵੱਲੋਂ ਉਸਦੇ ਵਿਸ਼ਵਾਸ ਤੋੜਨ ਤੇ ਉਸਦਾ ਮੋਹ ਭੰਗ ਹੋ ਗਿਆ । ਉਸਨੇ ਆਪਣੇ ਮਾਂ ਬਾਪ ਕੋਲ ਨੂਨੀਆਂ ਜਾਣ ਦਾ ਫੈਸਲਾ ਕਰ ਲਿਆ । ਇਹ ਸਮਾਂ ਉਸਨੇ ਆਪਣੇ ਜੀਵਨ ਦੇ ਸਭ ਤੋਂ ਸੁਖਦ ਸਮੇਂ ਦੇ ਰੂਪ ਵਿੱਚ ਬਿਤਾਇਆ । ਵਾਨਗਾਗ ਦੇ ਜਾਣ ਤੋਂ ਬਾਅਦ ਸੀਅਨ ਬੱਚਿਆਂ ਤੇ ਜਿੰਦਗੀ ਤੋਂ ਬੇਪਰਵਾਹ ਹੋ ਗਈ । 1904 ਵਿੱਚ 54 ਸਾਲ ਦੀ ਉਮਰ ਵਿੱਚ ਜਿਵੇਂ ਉਹ ਅਕਸਰ ਭਵਿੱਖਬਾਣੀ ਕਰਦੀ ਸੀ ਸੈਂਡਲੇ ਦਰਿਆ ਵਿੱਚ ਆਪਣੇ ਆਪ ਨੂੰ ਡਬੋ ਲਿਆ । ਪਰੰਤੂ ਉਸਦੇ ਅਤੇ ਵਾਨਗਾਗ ਦੇ ਮੇਲ ਨੇ ਕਲਾ ਜਗਤ ਨੂੰ ਦੁੱਖ (ਸੌਰੋ) ਵਰਗੀ ਮਹਾਨ ਕਲਾ ਕਿਰਤ ਦੇ ਦਿੱਤੀ ਸੀ ।            

ਭੁਪਿੰਦਰ ਸਿੰਘ ਮਾਨ
ਮੋ. 94170-81419

Monday, May 14, 2018

ਪੰਜਾਬੀ ਲੋਕ-ਮਨਾਂ ਦੇ ਅਵਚੇਤ ਦਾ ਚਿਤੇਰਾ: ਅਮਰ ਸਿੰਘ ਚਮਕੀਲਾ





ਕਈ ਬੰਦੇ ਕਦੇ ਵੀ ਨਹੀਂ ਮਰਦੇ; ਉਹ ਹਮੇਸ਼ਾ ਲੋਕ-ਮਨਾਂ ਵਿੱਚ ਜਿਊਂਦੇ ਰਹਿੰਦੇ ਹਨ। ਅਨੇਕ ਕਲਾਕਾਰ ਇਸੇ ਸ਼ਰੇਣੀ ਵਿੱਚ ਆਉਂਦੇ ਹਨ ਖ਼ਾਸ ਤੌਰ ਤੇ ਉਹ ਕਲਾਕਾਰ ਜੋ ਲੋਕ-ਮਨਾਂ ਵਿੱਚ ਪਈਆਂ ਬਾਤਾਂ ਨੂੰ ਆਪਣੇ ਸ਼ਬਦਾਂ ਵਿੱਚ ਬੰਨ੍ਹਣ ਦਾ ਹੁਨਰ ਜਾਣਦੇ ਹੋਣ। ਅਮਰ ਸਿੰਘ ਚਮਕੀਲਾ ਕੁਝ ਅਜਿਹੀ ਹੀ ਸ਼ਖ਼ਸੀਅਤ ਦਾ ਮਾਲਕ ਸੀ ਜਿਸਨੂੰ ਕਿ ਸੌਖਿਆਂ ਹੀ ਭੁਲਾਇਆ ਨਹੀਂ ਜਾ ਸਕਦਾ, ਵਿਸਾਰਿਆ ਨਹੀਂ ਜਾ ਸਕਦਾ। ਜਦੋਂ ਵੀ ਪੰਜਾਬੀ ਗਾਇਕੀ ਤੇ ਖ਼ਾਸ ਤੌਰ ਤੇ ਗੀਤਕਾਰੀ ਦੀ ਗੱਲ ਚੱਲੇਗੀ ਤਾਂ ਚਮਕੀਲੇ ਦੀ ਕਥਾ ਛੋਹੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕੇਗਾ। ਉਹ ਦੋਗਾਣਾ ਗਾਇਕੀ ਵਿੱਚ ਇੱਕ ਮੀਲ-ਪੱਥਰ ਸਥਾਪਤ ਕਰ ਕੇ ਗਿਆ ਜਿਹੜਾ ਕਿ ਅੱਜ ਵੀ ਤਰੋਤਾਜ਼ਾ ਹੈ, ਸਮੇਂ ਦਾ ਅੰਤਰਾਲ ਉਸਨੂੰ ਫਿੱਕਾ ਨਹੀਂ ਕਰ ਸਕਿਆ। ਅਜੋਕੇ ਸਮਿਆਂ ਵਿੱਚ ਉਹ ਪਸੰਦ-ਨਾਪਸੰਦ ਦੀ ਹੋਣੀ ਹੰਢਾਉਂਦਾ ਹੋਇਆ ਵੀ ਲੋਕ-ਮਨਾਂ ਵਿੱਚ ਰਚਿਆ-ਮਿਿਚਆ ਪਿਆ ਹੈ। ਤੁਸੀਂ ਉਸਨੂੰ ਅਸ਼ਲੀਲ ਕਹਿ ਕੇ ਰੱਦ ਤਾਂ ਸਕਦੇ ਹੋ ਪਰ ਉਸਦੀ ਹੋਂਦ ਨੂੰ ਨਕਾਰ ਨਹੀਂ ਸਕਦੇ। ਅਨੇਕ ਨਾਕਾਰਾਂ ਤੋਂ ਬਾਅਦ ਵੀ ਉਸਦੀ ਮਕਬੂਲੀਅਤ ਘਟੀ ਨਹੀਂ ਸਗੋਂ ਹੋਰ ਵਧੀ ਹੈ। ਚੜ੍ਹਦੀ ਉਮਰ ਦੇ ਗੱਭਰੂ ਹੋਣ ਜਾਂ ਅਧਖੜ੍ਹ ਉਮਰ ਦੇ ਬੰਦੇ ਤੇ ਜਾਂ ਢਲਦੀ ਉਮਰ ਦੇ ਬੁੱਢੇ-ਠ੍ਹੇਰੇ... ਇਨ੍ਹਾਂ ਚੋਂ ਕੋਈ ਅਜਿਹਾ ਪੰਜਾਬੀ ਨਹੀਂ ਜਿਸ ਨੇ ਕਦੇ ਨਾ ਕਦੇ, ਕਿਸੇ ਨਾ ਕਿਸੇ ਰੂਪ ਵਿੱਚ ਚਮਕੀਲੇ ਨੂੰ ਨਾ ਸੁਣਿਆ ਹੋਵੇ।ਚਮਕੀਲੇ ਦੀ ਕਾਬਲੀਅਤ ਇਸ ਗੱਲ ਵਿੱਚ ਹੈ ਕਿ ਉਸਨੇ ਲੋਕ-ਮਨਾਂ ਦੇ ਅਵਚੇਤ ਚ ਪਈਆਂ ਇੱਛਿਤ-ਅਣਇੱਛਿਤ ਇੱਛਾਵਾਂ, ਲਾਲਸਾਵਾਂ, ਵਾਸ਼ਨਾਵਾਂ ਨੂੰ ਬਿਨਾਂ ਕਿਸੇ ਲੱਗ-ਲਪੇਟ ਦੇ ਆਪਣੇ ਗੀਤਾਂ ਵਿੱਚ ਪਰੋ ਦਿੱਤਾ। ਸ਼ਾਇਦ ਉਸ ਦੀ ਇਸੇ ਬੇਬਾਕੀ ਨੇ ਉਸਨੂੰ ਹਾਸ਼ੀਏ ਵੱਲ ਧੱਕ ਦਿੱਤਾ। ਉਹ ਪਰਿਵਾਰ ਵੱਲੋਂ ਨਕਾਰਿਆ ਪਰ ਪਰਿਵਾਰ ਦੀ ਨਿੱਜੀ ਇਕਾਈ (ਖ਼ਾਸ ਤੌਰ ਤੇ ਮਰਦ) ਵੱਲੋਂ ਸੁਣੀ ਤੇ ਸਲਾਹੀ ਜਾਣ ਵਾਲ਼ੀ ਸ਼ਖ਼ਸੀਅਤ ਹੈ। ਉਸਦੇ ਗੀਤ ਜਿੱਥੇ ਲੋਕ-ਮਨਾਂ ਦੀ ਤਰਜ਼ਮਾਨੀ ਕਰਦੇ ਹਨ ਨਾਲ਼ ਹੀ ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਦੀ ਜੀਵੰਤ ਪੇਸ਼ਕਾਰੀ ਵੀ ਕਰਦੇ ਹਨ। ਉਸਦੇ ਗੀਤ ਅਜਿਹਾ ਸ਼ੀਸ਼ਾ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਦਾ ਮੁਹਾਂਦਰਾ ਸਾਫ਼ ਤੇ ਸਪੱਸ਼ਟ ਦੇਖਿਆ ਜਾ ਸਕਦਾ ਹੈ। ਚਮਕੀਲੇ ਨੇ ਪੰਜਾਬੀਆਂ ਦੇ ਰਹਿਣ-ਸਹਿਣ, ਖਾਣ-ਪੀਣ, ਚੱਜ-ਆਚਾਰ, ਵਰਤ-ਵਿਹਾਰ, ਲੋਕ-ਮੁਹਾਵਰੇ, ਲੋਕ-ਬਾਤਾਂ, ਲੋਕ-ਸਿਆਣਪਾਂ, ਲੋਕ-ਚਰਿੱਤਰਾਂ, ਰਿਸ਼ਤਾ-ਨਾਤਾ ਪ੍ਰਬੰਧ ਆਦਿ ਸਭ ਕਾਸੇ ਨੂੰ ਆਪਣੇ ਕਲੇਵਰ ਵਿੱਚ ਲੈ ਕੇ ਗੀਤ ਲਿਖੇ ਤੇ ਗਾਏ। ਉਸਨੇ ਆਪਣੀ ਠੇਠ ਬੋਲੀ ਵਰਤ ਕੇ ਪੰਜਾਬੀ ਲੋਕ-ਰੰਗਤ ਨੂੰ ਆਪਣੇ ਗੀਤਾਂ ਰਾਹੀਂ ਹੋਰ ਸ਼ਿੰਗਾਰਿਆ। ਰਿਸ਼ਤਾ-ਨਾਤਾ ਪ੍ਰਬੰਧ ਨਾਲ਼ ਸਬੰਧਤ ਸੱਭਿਆਚਾਰ$ਲੋਕਧਾਰਾ ਦਾ ਸ਼ਾਇਦ ਹੀ ਕੋਈ ਪੱਖ ਰਹਿ ਗਿਆ ਹੋਵੇ ਜਿਸਨੂੰ ਚਮਕੀਲੇ ਨੇ ਨਾ ਛੂਹਿਆ ਹੋਵੇ।


            ਦੋਗਾਣਾ ਗਾਇਕੀ ਦੀ ਵਿਸ਼ੇਸ਼ਤਾ ਤਹਿਤ ਜਦੋਂ ਉਹ ਰਿਸ਼ਤਿਆਂ ਦੀ ਗੱਲ ਕਰਦਾ ਹੋਇਆ ਰਿਸ਼ਤਿਆਂ ਦੀ ਜੜੁੱਤ ਨੂੰ ਪੇਸ਼ ਕਰ ਕੇ ਨਿੱਗਰ ਸੰਵਾਦ ਰਚਾਉਂਦਾ ਹੈ। ਉਹ ਜੀਜਾ-ਸਾਲ਼ੀ, ਦਿਉਰ-ਭਰਜਾਈ, ਜੇਠ-ਭਰਜਾਈ, ਪਤੀ-ਪਤਨੀ, ਆਸ਼ਕ-ਮਸ਼ੂਕ ਆਦਿ ਦੇ ਰਿਸ਼ਤਿਆਂ ਵਿੱਚ ਲੁਕੀ ਹੋਈ ਅਵਚੇਤ ਮਾਨਸਿਕਤਾ ਨੂੰ ਸੁਚੇਤ ਰੂਪ ਵਿੱਚ ਫੜਨ ਦਾ ਆਹਰ ਕਰਦਾ ਹੈ। ਜਿਵੇਂ ਕਿ ਜੀਜਾ ਹਮੇਸ਼ਾ ਹੀ ਇਸ ਲੋਕ-ਬਿਆਨ ਸਾਲ਼ੀ ਅੱਧੇ ਘਰ ਵਾਲ਼ੀ ਦਾ ਓਹਲਾ ਲੈ ਕੇ ਇਸ ਨੂੰ ਆਪਣੀ ਸੁਵਿਧਾ ਅਨੁਸਾਰ ਸਾਲ਼ੀ ਅੱਧੀ ਘਰਵਾਲ਼ੀ ਦੇ ਰੂਪ ਵਿੱਚ ਢਾਲ਼ ਕੇ ਆਪਣੀ ਕਾਮੁਕ ਤ੍ਰਿਪਤੀ ਨੂੰ ਪੂਰਨਾ ਲੋਚਦਾ ਹੈ। ਚਮਕੀਲੇ ਨੇ ਜੀਜੇ ਦੇ ਕਿਰਦਾਰ ਦੇ ਅਵਚੇਤ-ਸੁਚੇਤ ਵਿੱਚ ਪਈ ਇਸ ਅਤ੍ਰਿਪਤ ਇੱਛਾ ਨੂੰ ਘੋਖ-ਪੜਤਾਲ ਕੇ ਫੇਰ ਆਪਣੇ ਸ਼ਬਦਾਂ ਦੀ ਜਾਦੂਗਰੀ ਰਾਹੀਂ ਇਸ ਨੂੰ ਗੀਤਾਂ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਉਹ ਜੀਜੇ ਦੀ ਇਸ ਕਾਮੁਕ ਭੁੱਖ ਨੂੰ ਪੇਸ਼ ਕਰਦਾ ਹੋਇਆ ਸਾਲ਼ੀ ਦੇ ਮੂੰਹੋਂ ਕਹਾਉਂਦਾ ਹੈ, ‘ਘਰ ਸਾਲ਼ੀ ਦੇ ਤਿੜਦਾ ਜੀਜਾ, ਠਰਕ ਭੋਰਦਾ ਫਿਰਦਾ ਜੀਜਾ... ਚਸਕਾ ਪੈ ਗਿਆ ਸਾਲ਼ੀ ਦਾ ਜੀਜਾ ਵੇ ਤੈਨੂੰ ਤੇ ਜੀਜਾ, ਜਿਹੜਾ ਕੇ ਹਰ ਹੀਲੇ ਸਾਲ਼ੀ ਨੂੰ ਪ੍ਰਾਪਤ ਕਰਨਾ ਲੋਚਦਾ ਹੈ, ਕਹਿੰਦਾ ਹੈ, ‘ਸਾਢੂ ਤੋਂ ਅੱਖ ਬਚਾ ਕੇ ਨੀ ਗਲ਼ ਲੱਗ ਜਾ ਸਾਲ਼ੀਏ। ਹੁਣ ਜੀਜੇ ਵੱਲੋਂ ਆਪਣੀ ਸਾਲ਼ੀ ਸਾਹਵੇਂ ਆਪਣੀ ਘਰਵਾਲ਼ੀ ਬਾਰੇ ਇਹ ਕਹਿਣਾ ਕਿ ਭੈਣ ਸਾਲ਼ੀਏ ਤੇਰੀ ਨੀ ਹੁਣ ਕੰਡਮ ਹੋਗੀ ਜੀਜੇ ਵੱਲੋਂ ਸਾਲ਼ੀ ਨੂੰ ਪ੍ਰਾਪਤ ਕਰਨ ਦਾ ਗੁੱਝਾ ਨਿਮੰਤਰਣ ਹੀ ਹੈ। ਜੇਕਰ ਜੀਜਾ ਇਸ ਰਿਸ਼ਤੇ ਦੀਆਂ ਖੱੁਲ੍ਹਾਂ ਮਾਣਨ ਦੀ ਹਿੰਮਤ ਕਰਦਾ ਹੈ ਤਾਂ ਚਮਕੀਲਾ ਕੱਲਾ ਠੀਕਰਾ ਜੀਜੇ ਸਿਰ ਨਹੀਂ ਭੰਨਦਾ ਸਗੋਂ ਲੋਕ-ਮੁਹਾਵਰੇ ਅਨੁਸਾਰ ਤਾੜੀ ਇੱਕ ਹੱਥ ਨਾਲ਼ ਨਹੀਂ ਵੱਜਦੀ ਦੇ ਆਧਾਰ ਤੇ ਸਾਲ਼ੀ ਦੀ ਇਸ ਅਤ੍ਰਿਪਤ ਖਾਹਿਸ਼ ਪਿੱਛੇ ਲੁਕੀ ਅਦ੍ਰਿਸ਼ ਖਿੱਚ ਨੂੰ ਵੀ ਭਲੀਭਾਂਤ ਸਮਝਦਾ ਹੈ। ਇਸੇ ਲਈ ਜੀਜਾ-ਸਾਲ਼ੀ ਦੇ ਰਿਸ਼ਤੇ ਵਿੱਚ ਸਾਲ਼ੀ ਦੀ ਮਾਨਸਿਕਤਾ ਨੂੰ ਘੋਖ ਕੇ ਜਦ ਉਹ ਸਾਲ਼ੀ ਦੇ ਮੂੰਹੋਂ ਇਹ ਅਖਵਾਉਂਦਾ ਹੈ ਕਿ ਗੜਵੇ ਵਰਗੀ ਰੰਨ ਵੇ ਜੀਜਾ ਲੱਕ ਮਿਣਲੈ ਤਾਂ ਉਹ ਵਿਰੋਧੀ ਲੰਿਗ ਆਕਰਸ਼ਨ ਦੀ ਥਿਊਰੀ ਪ੍ਰਤੀ ਆਪਣੀ ਸਹਿਮਤੀ ਪ੍ਰਗਟ ਕਰਦਾ ਜਾਪਦਾ ਹੈ।

            ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਰਿਸ਼ਤਾ-ਨਾਤਾ ਪ੍ਰਬੰਧ ਵਿੱਚ ਜੋ ਖੁੱਲ੍ਹਾਂ ਦਿਉਰ ਨੂੰ ਦਿੱਤੀਆਂ ਗਈਆਂ ਹਨ ਉਹ ਜੇਠ ਨੂੰ ਨਹੀਂ ਮਿਲਦੀਆਂ ਹਾਲਾਂਕਿ ਇਹ ਦੋਹੇਂ ਜਾਣੇ ਹੁੰਦੇ ਕੰਤ ਦੇ ਭਰਾ ਹੀ ਹਨ। ਇਸ ਇਕਪਾਸੜ ਸੋਚ ਦਾ ਪ੍ਰਗਟਾਵਾ ਪੰਜਾਬੀ ਲੋਕ-ਗੀਤਾਂ ਵਿੱਚੋਂ ਸਪੱਸ਼ਟ ਝਲਕਦਾ ਹੈ : ਛੜੇ ਜੇਠ ਨੂੰ ਲੱਸੀ ਨ੍ਹੀ ਦੇਣੀ, ਦਿਉਰ ਭਾਵੇਂ ਮੱਝ ਚੁੰਘ ਜੇ

            ਕਿਸੇ ਨਾਰ ਲਈ ਕੰਤ ਤੋਂ ਬਾਅਦ ਜੇ ਕੋਈ ਲਾਡਲਾ ਹੈ ਤਾਂ ਉਹ ਦਿਓਰ ਹੈ। ਪੰਜਾਬੀ ਸੱਭਿਆਚਾਰ ਵਿੱਚ ਵਿਆਹ ਵੇਲ਼ੇ ਲਾੜੇ ਦਾ ਸਰਬਾਲਾ ਉਸ ਦਾ ਛੋਟਾ ਭਰਾ (ਭਾਵ ਲਾੜੀ ਦਾ ਦਿਓਰ) ਹੀ ਬਣਦਾ ਰਿਹਾ ਹੈ। ਇਸ ਤੋਂ ਅਰਥ ਹਨ ਜੇ ਕਿਸੇ ਅਨਹੋਣੀ ਕਰਕੇ ਮੰਗ ਲਾੜੇ ਨੂੰ ਨਾ ਵਿਆਹੀ ਜਾ ਸਕੇ ਤਾਂ ਉਸ ਨੂੰ ਸਰਬਾਲੇ (ਭਾਵ ਲਾੜੀ ਦੇ ਦਿਓਰ) ਨਾਲ਼ ਤੋਰ ਦਿੱਤਾ ਜਾਂਦਾ ਸੀ। ਫਿਰੋਜ਼ਪੁਰ ਜਿਲੇ ਵਿੱਚ ਜੇ ਮੁਕਲਾਵਾ ਲੈ ਆਉਣ ਤੋਂ ਪਹਿਲਾਂ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਪਤੀ ਦਾ ਛੋਟਾ ਭਰਾ ਹੀ ਮੁਕਲਾਵਾ ਲੈ ਕੇ ਆਉਂਦਾ ਸੀ, ਫਿਰ ਉਹੀ ਉਸ ਲਾੜੀ ਦਾ ਕਾਨੂੰਨੀ ਪਤੀ ਮੰਨਿਆ ਜਾਂਦਾ ਸੀ। ਪੰਜਾਬੀ ਸੱਭਿਆਚਾਰ ਦੇ ਸੰਦਰਭ ਵਿੱਚ ਚਮਕੀਲੇ ਨੇ ਦਿਓਰ-ਭਰਜਾਈ ਤੇ ਜੇਠ-ਭਰਜਾਈ ਦੇ ਰਿਸ਼ਤੇ ਵਿਚਲੀ ਕੈਮਿਸਟਰੀ ਨੂੰ ਸਮਝ ਕੇ ਆਪਣੇ ਗੀਤਾਂ ਵਿੱਚ ਚਿਤਰਿਆ ਹੈ। ਜੇ ਦਿਓਰ, ਭਰਜਾਈ ਨੂੰ ਇਹ ਕਹਿੰਦਾ ਹੈ ਕਿ ਬਾਹਾਂ ਵਿੱਚ ਭਾਬੀ ਸੌਂਅ ਜਾ ਨੀ, ਝੱਲੂਗਾ ਦਿਓਰ ਪੱਖੀਆਂ ਤਾਂ ਇਸ ਖਾਤਰਦਾਰੀ ਪਿੱਛੇ ਦਿਓਰ ਦੀਆਂ ਅਨੇਕ ਚਾਹਤਾਂ ਵੀ ਲੁਕੀਆਂ ਹੋਈਆਂ ਹਨ। ਇਨ੍ਹਾਂ ਅਨੇਕ ਚਾਹਤਾਂ ਵਿੱਚ ਇੱਕ ਚਾਹਤ ਭਾਬੀ ਦੀ ਭੈਣ ਨਾਲ਼ ਵਿਆਹ ਕਰਵਾਉਣ ਦੀ ਵੀ ਹੁੰਦੀ ਹੈ। ਦਿਓਰ, ਭਾਬੀ ਦਾ ਮਿੰਣਤ-ਤਰਲਾ ਕਰਦਾ ਕਹਿੰਦਾ ਹੈ ਕਿ ਭਾਬੀਏ ਭੈਣ ਤੇਰੀ ਨਾਲ਼, ਦਿਓਰ ਤੇਰਾ ਕਦ ਖੇਡੂ ਕੰਗਣਾ ਨੀ ਤਾਂ ਭਾਬੀ ਨੂੰ ਵੀ ਪਤਾ ਹੈ ਕਿ ਜਦੋਂ ਲਾਡਲਾ ਦਿਓਰ ਵਿਆਹਿਆ ਗਿਆ ਤਾਂ ਉਸਦੀ ਆਪਣੀ ਸਰਦਾਰੀ ਖੁੱਸ ਜਾਣੀ ਹੈ। ਜਿਹੜਾ ਦਿਓਰ ਅੱਜ ਬੁੱਚੀਆਂ ਭਰਨ ਦੀ ਗੱਲ ਕਰਦਾ ਹੈ ਵਿਆਹ ਪਿੱਛੋਂ ਇਸ ਨੇ ਸਾਰੇ ਮਲਾਹਜੇ ਤੋੜ ਜਾਣੇ ਹਨ। ਉਹ ਦਿਓਰ ਨੂੰ ਟਾਲ਼ਦੀ ਰਹਿੰਦੀ ਹੈ, ਕਦੇ ਇੰਝ ਕਹਿੰਦੀ ਹੈ ਕਿ ਤੇਰੀ ਆਈ ਨਾ ਵਿਆਹ ਦੀ ਅਜੇ ਵਾਰੀ, ਵੇ ਦਿਓਰਾ ਵੇ ਤਬੀਤਾਂ ਵਾਲ਼ਿਆ ਤੇ ਕਦੇ ਉਲਾਂਭਾ ਦਿੰਦੀ ਇਹ ਵੀ ਆਖ ਦਿੰਦੀ ਹੈ, ‘ਹੁਣ ਤੂੰ ਭੈਣ ਮੇਰੀ ਤੇ ਰੱਖੀਂ ਫਿਰਦੈਂ ਅੱਖ ਦਿਓਰਾ ਵੇ ਪਰ ਸੱਚਾਈ ਦਾ ਉਸਨੂੰ ਵੀ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਦਿਓਰ ਦਾ ਵਿਆਹ ਹੋ ਹੀ ਜਾਣਾ ਹੈ। ਭਾਬੀ ਨੂੰ ਕੁਆਰੇ ਦਿਓਰ ਦਾ ਵੱਡਾ ਆਸਰਾ ਹੁੰਦਾ ਹੈ ਖ਼ਾਸ ਤੌਰ ਤੇ ਜਦੋਂ ਕੰਤ ਕਿਤੇ ਦੂਰ ਗਿਆ ਹੋਵੇ ਤਾਂ ਭਰਜਾਈ ਲਈ ਇੱਕੋ ਧਰਵਾਸਾ ਬਚਦਾ ਹੈ ਜਿਸ ਨਾਲ਼ ਉਹ ਆਪਣਾ ਜੀਅ ਫਰੋਲ਼ ਸਕਦੀ ਹੈ, ‘ਕੰਤ ਮੇਰਾ ਦੂਰ ਗਿਆ, ਦਿਓਰਾ ਚੰਨ ਦੀ ਚਾਨਣੀ ਰਾਤ। ਘਰਵਾਲ਼ਾ ਵੀ ਦਿਓਰ-ਭਰਜਾਈ ਦੇ ਰਿਸ਼ਤੇ ਦੀ ਇਸ ਨਜ਼ਾਕਤ ਨੂੰ ਖ਼ੂਬ ਸਮਝਦਾ ਹੈ। ਇਸੇ ਲਈ ਗਾਹੇ-ਬਗਾਹੇ ਉਹ ਆਪਣੀ ਘਰਵਾਲ਼ੀ ਨੂੰ ਸੁਚੇਤ ਕਰਦਾ ਹੋਇਆ ਚਿਤਾਵਨੀ ਦਿੰਦਾ ਰਹਿੰਦਾ ਹੈ, ‘ਤੇਰਾ ਦਿਓਰ ਸਿਰੇ ਦਾ ਵੈਲੀ, ਰੰਨ ਚੁਟਕੀ ਨਾਲ ਟਿਕਾਵੇ ਭਾਵ ਉਹ ਆਪਣੇ ਰਿਸ਼ਤੇ ਦੇ ਰੰਗ ਵਿੱਚ ਭੰਗਣਾ ਨਹੀਂ ਪੈਣ ਦੇਣਾ ਚਾਹੁੰਦਾ।

            ਦੂਜੇ ਪਾਸੇ ਭਰਜਾਈ ਲਈ ਜੇਠ ਵੱਡੀ ਥਾਂ ਲੱਗਦਾ ਹੈ। ਜਦੋਂ ਘਰ ਦਾ ਲਾਣੇਦਾਰ ਬਜ਼ੁਰਗ ਚਲਾਣਾ ਕਰ ਜਾਂਦਾ ਹੈ ਤਾਂ ਲਾਣੇਦਾਰੀ ਜੇਠ ਹੱਥ ਆ ਜਾਣ ਕਾਰਨ ਉਹ ਸਹੁਰੇ ਦੀ ਥਾਂ ਵੀ ਲੈ ਲੈਂਦਾ ਹੈ। ਭਰਜਾਈ ਜੇਠ ਕੋਲ਼ੋਂ ਪਰਦਾ ਕਰਦੀ ਹੈ। ਜੇਠ ਲਈ ਇਹ ਗੱਲ ਸਹਿਣਯੋਗ ਨਹੀਂ ਹੁੰਦੀ ਪਰ ਲੋਕ-ਲੱਜ ਪਾਲ਼ਦਾ ਜੇਠ ਕੌੜਾ ਘੁੱਟ ਭਰਦਾ ਰਹਿੰਦਾ ਹੈ। ਜੇਠ ਦਾ ਸਤਿਕਾਰ ਬਣਿਆ ਰਹੇ ਇਸ ਲਈ ਜੇ ਕਦੇ ਪਰਦਾਦਾਰੀ ਵਿੱਚ ਕੋਤਾਹੀ ਹੋ ਜਾਂਦੀ ਹੈ ਤਾਂ ਭਰਜਾਈ ਕਹਿੰਦੀ ਹੈ, ‘ਭੁੱਲ ਗਈ ਮੈਂ ਘੁੰਡ ਕੱਢਣਾ, ਜੇਠਾ ਵੇ ਮਾਫ਼ ਕਰੀਂ ਪਰ ਜੇਠ ਵਿਚਾਰੇ ਲਈ ਤਾਂ ਭਰਜਾਈ ਦਾ ਐਨਾ ਕੁ ਝਾਕਾ ਹੀ ਸੰਤੁਸ਼ਟੀ ਭਰਿਆ ਹੈ। ਤਾਹੀਓ ਤਾਂ ਉਹ ਕਹਿੰਦਾ ਹੈ ਅਧੀਏ ਦਾ ਨਸ਼ਾ ਚੜ੍ਹ ਗਿਆ ਦਰਸ਼ਨ ਤੇਰੇ ਕਰ ਕੇ ਨੀ। ਪੰਜਾਬੀ ਸੱਭਿਆਚਾਰ ਵਿੱਚ ਜੇਠ ਦੀ ਸਥਿਤੀ ਬੜੀ ਕਸੂਤੀ ਜਿਹੀ ਹੈ, ਜੇ ਕਿਤੇ ਉਹ ਛੜਾ ਰਹਿ ਜਾਵੇ ਤਾਂ ਉਸ ਵਿਚਾਰੇ ਦੀ ਦੁਰਗਤੀ ਬਹੁਤੀ ਹੁੰਦੀ ਹੈ ਕਿਉਂਕਿ ਪੰਜਾਬੀ ਸਮਾਜ ਵਿੱਚ ਵਿਆਹ ਪੱਖੋਂ ਊਣੇ ਰਹਿ ਗਏ ਬੰਦੇ ਨੂੰ ਇੱਜ਼ਤ ਭਰੀਆਂ ਨਜ਼ਰਾਂ ਨਾਲ਼ ਨਹੀਂ ਵੇਖਿਆ ਜਾਂਦਾ। ਨਾਲ਼ ਹੀ ਉਸ ਨੂੰ ਕਬੀਲਦਾਰੀ ਦੀ ਸੂਝ ਤੋਂ ਸੱਖਣਾ ਸਮਝ ਕੇ ਹਰ ਵਾਰ ਦੂਜੈਲੀ ਥਾਂ ਤੇ ਰੱਖਿਆ ਜਾਂਦਾ ਹੈ। ਛੜੇ ਜੇਠ ਦਾ ਆਪਣਾ ਕੋਈ ਟੱਬਰ-ਟੀਰ ਤਾਂ ਹੁੰਦਾ ਨਹੀਂ ਇਸ ਕਰਕੇ ਉਸਨੂੰ ਆਪਣੇ ਵਿਆਹੇ ਹੋਏ ਛੋਟੇ ਭਾਈ ਦੇ ਟੱਬਰ ਵਿੱਚ ਹੀ ਵਸਣਾ ਪੈਂਦਾ ਹੈ। ਘਰ ਦੀ ਮਾਲਕਣ$ਛੋਟੇ ਭਾਈ ਦੀ ਘਰਵਾਲ਼ੀ ਨੂੰ ਉਹ ਹਮੇਸ਼ਾ ਘਰ ਦਾ ਵਾਧੂ ਜੀਅ ਹੀ ਲਗਦਾ ਹੈ। ਕਦੇ-ਕਦਾਈਂ ਜਦੋਂ ਛੜਾ ਜੇਠ, ਭਰਜਾਈ ਕੋਲ਼ੋਂ ਦਿਓਰਾਂ ਵਾਲ਼ੀ ਖੁੱਲ੍ਹ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਭਰਜਾਈ ਨਿਰਦਈ ਹੋ ਕੇ ਇਸ ਕਰਤੂਤ ਦੀ ਸ਼ਿਕਾਇਤ ਆਪਣੇ ਘਰਵਾਲ਼ੇ ਕੋਲ਼ ਕਰ ਦਿੰਦੀ ਹੈ ਜਿਵੇਂ ਉਹ ਤਕਦਾ ਰਿਹਾ ਤੇ ਮੈਂ ਸਿਖਰ ਦੁਪਿਹਰੇ ਨਾਉਂਦੀ ਸੀ। ਘਰਵਾਲਾ ਆਪਣੇ ਵੱਡੇ ਭਾਈ ਨੂੰ ਤਾਂ ਕੁਝ ਕਹਿ ਨਹੀਂ ਸਕਦਾ ਸੋ ਉਸ ਦਾ ਸਾਰਾ ਨਜ਼ਲਾ ਘਰਵਾਲ਼ੀ ਤੇ ਝੜਦਾ ਹੈ। ਉਹ ਘਰਵਾਲ਼ੀ ਨੂੰ ਝਾੜਦਾ ਹੋਇਆ ਕਹਿੰਦਾ ਹੈ, ‘ਜੇ ਤੂੰ ਅਸਲੇ ਦੀ ਹੁੰਦੀ ਨੀ, ਫੜ ਲੈਂਦੀ ਗੰਡਾਸੀ ਖੂੰਢੀ ਨੀ, ਤੇਰੇ ਮਾਰਾਂ ਬੁੱਥੇ ਤੇ ਚਾਂਟੇ ਕਿਉਂ ਅੱਗ ਲਾ ਬੈਠੀ...। ਘਰਵਾਲ਼ਾ ਕਈ ਵਾਰੀ ਆਰਥਿਕਤਾ ਹੱਥੋਂ ਵੀ ਮਜਬੂਰ ਹੁੰਦਾ ਹੈ, ਉਸਨੂੰ ਕਈ ਵਾਰ ਇੰਝ ਵੀ ਆਖਣਾ ਪੈ ਜਾਂਦਾ ਹੈ, ‘ਖੁਸ਼ ਰੱਖਿਆ ਕਰ ਨੀ ਤੂੰ ਨਿਆਣਿਆਂ ਦੇ ਤਾਏ ਨੂੰ ਪਰ ਘਰਵਾਲ਼ੀ ਪਤਨੀ ਧਰਮ ਪਾਲ਼ਦੀ ਹੋਈ ਜੇਠ ਨੂੰ ਬਹੁਤੇ ਅਧਿਕਾਰ ਦੇਣ ਤੋਂ ਇਨਕਾਰੀ ਵੀ ਹੋ ਜਾਂਦੀ ਹੈ, ‘ਚੋਪੜੀਆਂ ਨਾਲ਼ੇ ਦੋ ਦੋ ਦੇਵਾਂ, ਗੱਲਾਂ ਕਰੇ ਅਨੋਖੜੀਆਂ, ਵੇ ਹੁਣ ਜੇਠ ਵੈਰੀਆ, ਨਿੱਤ ਭਾਲ਼ਦੈ ਚੋਪੜੀਆਂ ਭਾਵ ਉਹ ਪਤੀ ਆਖੇ ਲੱਗ ਕੇ ਛੜੇ ਜੇਠ ਨੂੰ ਰੁੱਖੀ-ਸੁੱਖੀ ਤਾਂ ਪੁੱਛ ਸਕਦੀ ਹੈ ਪਰ ਨਿੱਤ ਚੋਪੜੀਆਂ ਅਤੇ ਉਹ ਵੀ ਦੋ ਦੋ ਦੇਣਾ, ਇਹ ਕੰਮ ਉਸਨੂੰ ਨਹੀਂ ਪੁੱਗਦਾ।

            ਜੇ ਜੇਠ ਵਿਆਹਿਆ ਹੋਵੇ ਤਾਂ ਉਸ ਘਰ ਵਿੱਚ ਪੈਦਾ ਹੋਣ ਵਾਲ਼ੀਆਂ ਸਮੱਸਿਆਵਾਂ ਦਾ ਰੂਪ ਵੀ ਵੱਖਰਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਜੇਠ-ਭਰਜਾਈ ਦਾ ਰਿਸ਼ਤਾ ਕਿੰਝ ਵਿਚਰਦਾ ਹੈ, ਚਮਕੀਲੇ ਨੇ ਇਸ ਦਾ ਬਿਆਨ ਵੀ ਬਾਖ਼ੂਬੀ ਕੀਤਾ ਹੈ। ਜਿਵੇਂ ਜਠਾਣੀ ਦੇ ਨਿਆਣਾ-ਨਿੱਕਾ ਉਦੋਂ ਪੈਦਾ ਹੋਵੇ ਜਦੋਂ ਕਿ ਜੇਠ-ਜਠਾਣੀ ਵੀ ਆਸ ਛੱਡ ਬੈਠੇ ਹੋਣ ਤਾਂ ਉਸ ਵੇਲ਼ੇ ਦਰਾਣੀ$ਭਰਜਾਈ ਦਾ ਪ੍ਰਤੀਕਰਮ ਵਰਨਣਯੋਗ ਹੈ। ਜੇਠ ਘਰ ਕਰੁੱਤੇ ਪੈਦਾ ਹੋਇਆ ਬਾਲ ਭਰਜਾਈ ਲਈ ਸਹਿਣਯੋਗ ਨਹੀਂ ਹੁੰਦਾ ਕਿਉਂਕਿ ਇਹ ਨਿਆਣਾ-ਨਿੱਕਾ ਉਸਨੂੰ ਆਪਣੇ ਬੱਚਿਆਂ ਦੇ ਹੱਕਾਂ ਵਿੱਚ ਵਾਢਾ ਧਰਨ ਵਾਲ਼ਾ ਸ਼ਰੀਕ ਹੀ ਨਜ਼ਰੀਂ ਪੈਂਦਾ ਹੈ। ਉਹ ਲੋਕ-ਲੱਜ ਦੀ ਬੰਨ੍ਹੀ ਅਣਮੰਨੇ ਮਨ ਨਾਲ਼ ਜੇਠ ਨੂੰ ਨਿਆਣਾ-ਨਿੱਕਾ ਹੋਣ ਦੀ ਮੁਬਾਰਕਵਾਦ ਤਾਂ ਦਿੰਦੀ ਹੈ ਪਰ ਮਨ ਵਿਚਲੀ ਕੁੜਤਣ, ਵਿਅੰਗ ਬਣ ਕੇ ਉਸ ਦੇ ਬੋਲਾਂ ਚ ਸਮਾ ਜਾਂਦੀ ਹੈ ਜਦੋਂ ਉਹ ਕਹਿੰਦੀ ਹੈ, ‘ਵਧਾਈਆਂ ਜੇਠਾ ਤੈਨੂੰ, ਤੈਂ ਮਸਾਂ ਡੂਮਣਾ ਚੋਇਆ ਇੰਨਾ ਆਖਣ ਨਾਲ਼ ਵੀ ਉਸ ਦਾ ਮਨ ਨਹੀਂ ਭਰਦਾ ਤੇ ਉਹ ਆਪਣੀ ਜਠਾਣੀ ਦੇ ਚਰਿੱਤਰ ਤੇ ਉਗਲ਼ ਧਰਦੀ ਆਖ ਦਿੰਦੀ ਹੈ, ‘ਬੜਾ ਜਠਾਣੀ ਮੇਰੀ ਨੇ ਸਾਧਾਂ ਦਾ ਨੇਰਾ ਢੋਇਆ, ਵਧਾਈਆਂ ਜੇਠਾ ਤੈਨੂੰ ਵੇ ਤੈਂ ਮਸਾਂ ਡੂਮਣਾ ਚੋਇਆ। ਦੂਜੇ ਪਾਸੇ ਜੇਠ ਨੂੰ ਬਾਰੀਂ ਬਰਸੀਂ ਰੂੜੀ ਦੀ ਸੁਣੀ ਜਾਣਾ ਹੀ ਬਹੁਤ ਵੱਡੀ ਪ੍ਰਾਪਤੀ ਜਾਪਦਾ ਹੈ। ਉਹਨੂੰ ਆਪਣੀ ਨਿਉਂ-ਜੜ੍ਹ ਲੱਗੀ ਪ੍ਰਤੀਤ ਹੋਣ ਲਗਦੀ ਹੈ ਤੇ ਜੱਗ ਤੇ ਆਪਣਾ ਸੀਰ ਪਿਆ ਜਾਪਣ ਲੱਗਦਾ ਹੈ ਤਾਂ ਉਹ ਵੀ ਮੋੜਵਾ ਜਵਾਬ ਦਿੰਦਾ ਆਖਦਾ ਹੈ, ‘ਵਿੱਚ ਹੌਂਸਲੇ ਹਰਾ ਹੋ ਗਿਆ ਨੀ, ਬੁੱਢਾ ਖੁੰਢ ਪੁਰਾਣਾ। ਹੁਣ ਉਸ ਵਿੱਚ ਇਹ ਕਹਿਣ ਦਾ ਹੌਸਲਾ ਵੀ ਆ ਜਾਂਦਾ ਹੈ ਕਿ ਅਸੀਂ ਜੋਕਰ ਚਾਹੇ ਗਿਠਮੁਠੀਏ, ਚੁੱਪ ਕਰਜਾ ਰੌਣ ਦੀਏ ਭੈਣੇ ਨੀ, ਤੇਰੀ ਪੁੜੀਪੁੜੀ ਵਿੱਚ ਕਿੱਲ ਠੋਕ ਦਿੱਤਾ ਕੱਚੇ ਮੁਰਦੇ ਖਾਣੀਏ ਡੈਣੇ ਨੀ, ਤੂੰ ਸਾਂਭਲੈ ਆਪਣੇ ਚੌਣੇ ਨੂੰ, ਸਾਡਾ ਪੁੱਤ ਚਮਕੀਲਾ ਸਿਆਣਾ। ਕਈ ਵਾਰ ਜੇਠ-ਭਰਜਾਈ ਵਿੱਚ ਸਨੇਹ ਵੀ ਦੇਖਣ ਨੂੰ ਮਿਲਦਾ ਹੈ ਪਰ ਇਹ ਵਿਕਲੋਤਰਾ ਹੈ। ਜਿਵੇਂ ਚਮਕੀਲੇ ਨੇ ਆਪਣੇ ਇੱਕ ਗੀਤ ਵਿੱਚ ਅਜਿਹੀ ਸਥਿਤੀ ਨੂੰ ਪੇਸ਼ ਕੀਤਾ ਹੈ। ਇਹ ਇਸ ਕਰਕੇ ਵਾਪਰਦਾ ਹੈ ਕਿ ਭਰਜਾਈ ਦਾ ਕੰਤ ਅਜੇ ਨਿਆਣਾ ਹੈ ਤੇ ਉਸਨੂੰ ਤੀਵੀਂ-ਮਰਦ ਦੇ ਰਿਸ਼ਤਿਆਂ ਦੀ ਸੋਝ੍ਹੀ ਨਹੀਂ। ਇਸ ਸਥਿਤੀ ਦਾ ਬਿਆਨ ਇੰਝ ਹੈ, ‘ਵੇ ਜੇਠਾ ਇੱਕ ਗੱਲ ਸੁਣਾਵਾਂ... ਵੇ ਕੰਤ ਨਿਆਣੇ ਨੇ ਮੈਂ ਰੀਠੇ ਖੇਡਣ ਲਾਲੀ। ਅਜਿਹੀ ਸਥਿਤੀ ਵਿੱਚ ਜੇਠ, ਭਰਜਾਈ ਦੇ ਹੱਕ ਦੀ ਧਿਰ ਬਣਦਾ ਉਸਨੂੰ ਧਰਵਾਸਾ ਦਿੰਦਾ ਆਖਦਾ ਹੈ, ‘...ਛੋਟਾ ਵੀਰ ਤਾਂ ਚੰਗਾ ਭਾਬੀਏ, ਪੱਟ ਦਾ ਜਾਂਘੀਆ ਪਾਉਂਦਾ ਨੀ ਗੱਭਰੂ ਹੋ ਲੈਣ ਦੇ...ਸੋ ਅਜਿਹੀ ਸਥਿਤੀ ਵਿੱਚ ਜੇਠ ਵੱਡੇ ਹੋਣ ਦਾ ਫਰਜ਼ ਨਿਭਾਉਂਦਾ ਹੋਇਆ ਆਪਣੀ ਭਰਜਾਈ ਨੂੰ ਧੀਰਜ ਨਾਲ਼ ਵੇਲ਼ਾ ਟਪਾਉਣ ਦੀ ਤਾਕੀਦ ਕਰਦਾ ਹੈ।

            ਇੰਝ ਅਮਰ ਸਿੰਘ ਚਮਕੀਲੇ ਨੇ ਪੰਜਾਬੀ ਰਿਸ਼ਤਿਆਂ ਵਿਚਲੀ ਮਾਨਸਿਕਤਾ ਨੂੰ ਬਹੁਤ ਹੀ ਸੁਲਝੇ ਮਨੋਵਿਿਗਆਨੀ ਵਾਂਗ ਘੋਖਿਆ, ਨਿਰਖਿਆ, ਪਰਖਿਆ ਤੇ ਫੇਰ ਆਪਣੇ ਗੀਤਾਂ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਉਸਨੇ ਪੰਜਾਬੀਆਂ ਦੇ ਅਵਚੇਤ ਵਿੱਚ ਗੂੰਗੀਆਂ ਪਈਆਂ ਚਾਹਤਾਂ ਨੂੰ ਜੀਭ ਦੇ ਦਿੱਤੀ ਸੀ, ਰਿਸ਼ਤਿਆਂ ਦੀ ਰਾਖ ਥੱਲੇ ਦੱਬੀਆਂ ਪਈਆਂ ਅਨੇਕ ਚੰਗਿਆੜੇ ਰੂਪੀ ਵਰਜਿਤ ਗੱਲਾਂ ਨੂੰ ਆਪਣੇ ਗੀਤਾਂ ਦੀ ਤਰੰਗਲੀ ਨਾਲ ਫਰੋਲ਼ਿਆ, ਜਾਣ-ਬੁੱਝ ਕੇ ਅੱਖੋਂ ਓਹਲੇ ਕੀਤੀਆਂ ਗੁਪਤ ਅਤ੍ਰਿਪਤੀਆਂ ਨੂੰ ਬਿਨਾਂ ਕਿਰਕ ਕੀਤਿਆਂ ਨੰਗਾ ਕੀਤਾ ਪਰ ਫੇਰ ਵੀ ਅਸੀਂ ਸਿਰਫ਼ ਉਸ ਨੂੰ ਨਿੰਦ ਕੇ, ਉਸ ਨੂੰ ਰੱਦ ਕੇ, ਉਸ ਨੂੰ ਨਿਗੂਣਾ ਆਖ ਕੇ ਉਸਦੇ ਸੱਭਿਆਚਾਰਕ ਤੇ ਲੋਕਧਾਰਾਈ ਅਧਿਐਨ ਨੂੰ ਬਿਲਕੁਲ ਹੀ ਅੱਖੋਂ ਓਹਲੇ ਨਹੀਂ ਕਰ ਸਕਦੇ। ਮੈਨੂੰ ਇੰਝ ਜਾਪਦਾ ਹੈ ਕਿ ਉਸਦੇ ਕੀਤੇ ਕੰਮ ਦੀ ਭੰਡੀ ਕਰ ਕੇ ਉਸ ਨੂੰ ਬਿਲਕੁਲ ਹਾਸ਼ੀਏ ਤੇ ਨਹੀਂ ਧੱਕਣਾ ਚਾਹੀਦਾ। ਸਾਨੂੰ ਇੱਕ ਵਾਰ ਫੇਰ ਖੁੱਲ੍ਹੇ ਤੇ ਰੌਸ਼ਨ ਦਿਮਾਗ਼ ਨਾਲ਼ ਉਸ ਨੂੰ ਸੁਣਨਾ ਚਾਹੀਦਾ ਹੈ ਤੇ ਉਸ ਦੇ ਨਿੱਠ ਕੇ ਕੀਤੇ ਖੋਜ-ਕਾਰਜ ਦਾ ਮੁੱਲ ਪਾਉਣਾ ਚਾਹੀਦਾ ਹੈ। 



ਸਵਾਮੀ ਸਰਬਜੀਤ

526, ਵਿੱਦਿਆ ਨਗਰ,

ਕਰਹੇੜੀ, ਪਟਿਆਲਾ।

ਮੋH 98884-01328



Friday, April 13, 2018

ਸੰਪਾਦਕੀ: ਅਪ੍ਰੈਲ-ਜੂਨ, 2018



ਮੌਜੂਦਾ ਦੌਰ ਵਿਚ ਸੋਸ਼ਲ ਮੀਡੀਆ ਇੱਕ ਅਜਿਹੇ ਮੰਚ ਵਜੋਂ ਸਾਡੇ ਸਾਹਮਣੇ ਆਇਆ ਹੈ, ਜਿਸ ਨੇ ਸਾਡੇ ਸਮਿਆਂ ਦੀ ਹਰ ਇੱਕ ਧਾਰਾ ਅਤੇ ਪੱਖ ਉੱਪਰ ਅਪਣਾ ਇੱਕ ਅਹਿਮ ਰੋਲ ਨਿਭਾਉਂਦੇ ਹੋਏ, ਉਸ ਨੂੰ ਸਿੱਧੇ/ਅਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਸਾਹਿੱਤ ਇਸ ਦਾ ਅਪਵਾਦ ਨਹੀਂ ਹੈ. ਇਸ ਲਈ ਸਾਡੇ ਵੱਲੋਂ ਸੋਸ਼ਲ ਮੀਡੀਆ ਉੱਪਰ ਕਿਸੇ ਕਿਸਮ ਦੀ ਉੱਠੀ ਸਾਹਿੱਤਿਕ ਚਰਚਾ ਜਾਂ ਬਹਿਸ ਆਦਿ ਨੂੰ ਮਨਫ਼ੀ ਜਾਂ ਘੱਟ ਕਰ ਕੇ ਦੇਖਣਾ, ਸਥਿਤੀਆਂ ਦੀ ਗੰਭੀਰਤਾ ਜਾਂ ਨਾਜ਼ੁਕਤਾ ਤੋਂ ਪਾਸਾ ਵੱਟਣਾ ਹੈ. ਮੈਂ ਸੋਸ਼ਲ ਮੀਡੀਆ ਦਾ ਇੱਕ ਸਰਗਰਮ ਪਾਠਕ ਹਾਂ. ਇਸ ਲਈ ਕਈ ਵਾਰ ਅਜਿਹੀਆਂ ਗੱਲਾਂ ਵੀ ਮੇਰੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਪ੍ਰਤੀ ਗੰਭੀਰਤਾ ਨਾਲ ਸੋਚਣਾ ਸਾਡੇ ਲਈ ਬੇਹੱਦ ਜ਼ਰੂਰੀ ਹੋ ਜਾਂਦਾ ਹੈ. ਸੋਸ਼ਲ ਮੀਡੀਆ ਅੰਦਰ ਵਰਤਿਆ ਗਿਆ ਸ਼ਬਦ 'ਸਾਹਿੱਤਿਕ ਮਾਫ਼ੀਆ' ਉਨ੍ਹਾਂ ਵਿਚੋਂ ਇੱਕ ਹੈ. ਜਿਹੜਾ ਸਾਹਿੱਤਿਕ ਖੇਤਰ ਅਤੇ ਉਸ ਨਾਲ ਜੁੜੇ ਲੋਕਾਂ ਲਈ ਆਪਾ-ਚੀਨਣ ਦੀ ਇੱਕ ਅਹਿਮ ਲੋੜ ਵਜੋਂ ਪ੍ਰਗਟ ਹੁੰਦਾ ਹੈ.

ਇਹ ਸ਼ਬਦ ਕਿਸੀ ਖ਼ਲਾਅ 'ਚੋਂ ਪੈਦਾ ਨਹੀਂ ਹੋਇਆ, ਬਲਕਿ ਇਸ ਪਿੱਛੇ ਸਾਡੇ ਬਹੁਤ ਸਾਰੇ ਸਾਹਿਤਕਾਰਾਂ/ਬੁੱਧੀਜੀਵੀਆਂ ਦੀਆਂ ਗ਼ੈਰ-ਜਿੰਮੇਵਾਰੀਆਂ ਅਤੇ ਨੈਤਿਕ ਕੁਹਜ ਦਾ ਇੱਕ ਭਰਵਾਂ ਇਤਿਹਾਸ ਪਿਆ ਹੈ. ਇਹ ਉਹ ਇਤਿਹਾਸ ਹੈ, ਜਿਹੜਾ ਸਾਡੇ ਸਾਹਿਤਕਾਰਾਂ ਦੇ ਇੱਕ ਹਿੱਸੇ ਨੂੰ ਲੋਕ-ਮਨ ਦੇ ਵੱਡੇ ਹਿੱਸੇ ਨਾਲੋਂ ਤੋੜਨ ਵਿਚ ਆਪਣੀ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ, ਪਰ ਜਿਸ ਦਾ ਸ਼ਾਇਦ ਅਜੇ ਤੱਕ ਸਾਡੇ ਸਾਹਿਤਕਾਰਾਂ ਨੇ ਜ਼ਿਆਦਾ ਨੋਟਿਸ ਨਹੀਂ ਲਿਆ ਹੈ ਅਤੇ ਜਾਂ ਫਿਰ ਉਹ ਇਹ ਭੁੱਲ ਚੁੱਕੇ ਹਨ ਕਿ ਸਾਹਿੱਤਕਾਰੀ ਸਿਰਫ਼ ਸ਼ਬਦੀ ਰਚਨਾਤਮਿਕਤਾ ਦਾ ਪ੍ਰਗਟਾਵਾ ਹੀ ਨਹੀਂ, ਸਗੋਂ ਲੇਖਕ ਦੀ ਅੰਦਰੂਨੀ ਤੇ ਬਾਹਰੀ ਵਿਵਹਾਰਿਕਤਾ ਦਾ ਸੁਮੇਲ ਵੀ ਹੈ.

ਸਾਹਿੱਤਕਾਰ ਹੋਣ ਦਾ ਮਤਲਬ ਸ਼ਾਬਦਿਕ ਬੁਣਤੀਆਂ ਦੇ ਰਾਹੀਂ ਜਨ-ਸਾਧਾਰਨ ਉੱਪਰ ਆਪਣਾ ਬੌਧਿਕ ਦਬਦਬਾ ਕਾਇਮ ਕਰਨਾ ਨਹੀਂ ਹੁੰਦਾ, ਸਗੋਂ ਇਹ ਜਨ-ਸਾਧਾਰਨ ਦੀ ਪੀੜ ਨੂੰ ਮਹਿਸੂਸ ਕਰਦੇ ਹੋਏ, ਉਸ ਦੇ ਹਾਣ ਦਾ ਬਣਦਿਆਂ, ਉਸ ਨੂੰ ਆਪਣੀ ਆਵਾਜ਼ ਦੇਣ ਦਾ ਕਾਰਜ ਹੁੰਦਾ ਹੈ. ਜੇਕਰ ਕੋਈ ਸਾਹਿੱਤਕਾਰ ਆਪਣੀ ਇਸ ਭੂਮਿਕਾ ਵਿਚ ਅਸਫਲ ਰਹਿੰਦਾ ਹੈ, ਫਿਰ ਉਹ ਸਾਹਿੱਤਕਾਰ ਨਹੀਂ, ਮਾਤਰ ਸ਼ਬਦਾਂ ਦੀ ਬੁਣਤੀ ਕਰਨ ਵਾਲਾ ਇੱਕ 'ਸੁਆਰਥੀ' ਕਾਮਾ ਹੈ. ਉਹ ਉਸ ਪੀੜ ਤੋਂ, ਉਸ ਨੈਤਿਕਤਾ ਤੋਂ ਕੋਹਾਂ ਦੂਰ ਵਸਦਾ ਹੈ, ਜਿੱਥੇ ਸਾਹਿੱਤਕਾਰ ਦਾ ਅਸਤਿਤਵ ਪਾਇਆ ਜਾਂਦਾ ਹੈ. ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ, ਅਜਿਹੇ 'ਸਾਹਿਤਕਾਰਾਂ' ਤੋਂ ਆਪਣਾ ਪਿੱਛਾ ਛਡਾਉਂਦੇ ਹੋਏ, ਉਸ ਨੂੰ ਜਨ-ਸਾਧਾਰਨ ਵਿਚ ਨੰਗਾ ਕਰ ਦੇਣ.

ਅਸਲ ਵਿਚ ਸਾਹਿੱਤਕਾਰ/ਬੁੱਧੀਜੀਵੀ ਕੀ ਹੁੰਦਾ ਹੈ, ਇਸ ਦੀ ਉਦਾਹਰਨ ਦਿੰਦਿਆਂ ਨਾਈਜੀਰੀਆ ਦੇ ਨਾਮਵਰ ਬੁੱਧੀਜੀਵੀ ਕੇਨ ਸਾਰੋ ਵੀਵਾ ਨੇ ਆਪਣੀ ਜੇਲ੍ਹ-ਡਾਇਰੀ ਵਿਚ ਅਫ਼ਰੀਕੀ ਦੇਸ਼ਾਂ ਦੇ ਲੇਖਕਾਂ ਦੀ ਭੂਮਿਕਾ ਸਬੰਧੀ ਲਿਖਿਆ ਹੈ ਕਿ, "ਲੇਖਕ ਨੂੰ ਇੱਕ ਸਰਗਰਮ ਬੁੱਧੀਜੀਵੀ ਦੀ ਭੂਮਿਕਾ ਵਿਚ ਹੋਣਾ ਚਾਹੀਦਾ ਹੈ. ਉਸ ਨੂੰ ਜਨ-ਸੰਗਠਨਾਂ ਵਿਚ ਭਾਗ ਲੈਣਾ ਅਤੇ ਜਨਤਾ ਨਾਲ ਸਿੱਧਾ ਸਬੰਧ ਸਥਾਪਿਤ ਕਰਨਾ ਚਾਹੀਦਾ ਹੈ." ਕੇਨ ਨੇ ਆਪਣੇ ਜੀਵਨ ਵਿਚ ਇਸ ਦੀ ਉਦਾਹਰਨ ਵੀ ਪੇਸ਼ ਕੀਤੀ, ਜਦੋਂ ਉਸ ਨੇ ਅਪਣੇ ਇਲਾਕੇ ਦੀ ਜਨਤਾ ਨੂੰ ਬਹੁ-ਰਾਸ਼ਟਰੀ ਤੇਲ ਕੰਪਨੀ 'ਸ਼ੇਲ' ਦੇ ਸ਼ੋਸ਼ਣ ਖ਼ਿਲਾਫ਼ ਲੋਕਾਂ ਨੂੰ ਇਕੱਠਾ ਕਰਨ ਬਦਲੇ ਮਿਲੀ ਸਜਾ ਦੇ ਫਲਸਰੂਪ ਫਾਂਸੀ ਦਾ ਰੱਸਾ ਚੁੰਮਿਆ. ਇਸ ਤੋਂ ਇਲਾਵਾ ਬੈਂਡਾ ਦੀ ਪਰਿਭਾਸ਼ਾ ਮੁਤਾਬਿਕ, "ਸੱਚੇ ਬੁੱਧੀ-ਜੀਵੀਆਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਜਲਾ ਦਿੱਤੇ ਜਾਣ, ਸੂਲੀ 'ਤੇ ਟੰਗ ਦਿੱਤੇ ਜਾਣ ਜਾਂ ਦੇਸ਼ ਨਿਕਾਲਾ ਦੇ ਦਿੱਤੇ ਜਾਣ ਦਾ ਜੋਖ਼ਮ ਉਠਾ ਸਕਣਗੇ।"

ਚੈਕੇਸਲੋਵਾਕੀਆ ਦੇ ਮਹਾਨ ਸਾਹਿਤਕਾਰਾਂ ਵਿਚ ਸ਼ਾਮਿਲ ਈਵਾਨ ਕਲੀਮਾ ਦੀਆਂ ਲਿਖਤਾਂ ਤੇ ਸੰਘਰਸ਼ ਇਸ ਦੀ ਇੱਕ ਵੱਡੀ ਉਦਾਹਰਨ ਹੈ ਕਿ ਸਾਹਿੱਤਕਾਰ ਕੀ ਹੁੰਦਾ ਹੈ, ਤੇ ਉਸ ਨੂੰ ਕਿਸ ਤਰਾਂ ਦਾ ਹੋਣਾ ਚਾਹੀਦਾ ਹੈ? ਜਨ-ਸਾਧਾਰਨ ਪ੍ਰਤੀ ਉਸ ਦੇ ਕੀ ਫ਼ਰਜ਼ ਅਤੇ ਭੂਮਿਕਾਵਾਂ ਹੁੰਦੀਆਂ ਹਨ ਤੇ ਜਾਂ ਫਿਰ ਜਨਤਾ ਦੀਆਂ ਸਾਹਿੱਤਕਾਰ ਪ੍ਰਤੀ ਕੀ-ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ. ਸ਼ਾਇਦ ਇਹ ਸਭ ਸਾਨੂੰ ਚੈੱਕ ਲੋਕਾਂ ਤੋਂ ਸਿੱਖਣ ਦੀ ਲੋੜ ਸੀ, ਪਰ ਅਸੀਂ ਅਜੇ ਤੱਕ ਇਸ ਸਭ ਨੂੰ ਸਿੱਖੇ ਹੀ ਨਹੀਂ ਹਾਂ. ਇਸ ਲਈ ਸਾਡੇ ਸਾਹਿੱਤਕਾਰ ਇੱਕ ਸੀਮਤ ਘੇਰੇ ਵਿਚ ਬੰਦ ਹੋ ਕੇ ਰਹਿ ਚੁੱਕੇ ਹਨ. ਉਨ੍ਹਾਂ ਦਾ ਅਪਣਾ ਧੜਾ ਜਾਂ ਗਰੁੱਪ ਹੈ. ਜਿੱਥੇ ਸਿਰਫ਼ ਉਨ੍ਹਾਂ ਦੇ ਹੀ ਸੋਹਲੇ ਗਾਏ ਜਾਂਦੇ ਹਨ. ਇਸ ਧੜੇ-ਬਾਹਰੀ ਦੁਨੀਆ ਵਿਚ ਉਨ੍ਹਾਂ ਦਾ ਕੋਈ ਅਜਿਹਾ ਅਸਤਿਤਵ ਨਹੀਂ ਦਿਖਾਈ ਦਿੰਦਾ, ਜਿਸ ਉੱਪਰ ਇੱਕ ਪੂਰਾ ਖ਼ਿੱਤਾ ਮਾਣ ਕਰ ਸਕੇ. ਇਹ ਸਾਡੇ ਸਮਿਆਂ ਦੇ, ਸਾਡੇ ਖ਼ਿੱਤੇ ਦੇ ਸਾਹਿਤਕਾਰਾਂ ਦਾ ਸਭ ਤੋਂ ਵੱਡਾ ਦੁਖਾਂਤ ਹੈ. ਜਿਨ੍ਹਾਂ ਨੇ ਅਪਣੇ ਗਰੁੱਪਾਂ ਦੀਆਂ ਸਾਹਿੱਤਿਕ ਸਭਾਵਾਂ/ਸੈਮੀਨਾਰਾਂ/ਸੰਮੇਲਨਾਂ ਆਦਿ ਵਿਚ ਮਿਲ ਰਹੀ ਫੋਕੀ ਵਾਹ-ਵਾਹ ਨੂੰ ਹੀ ਅਪਣੇ ਕਾਰਜ ਦਾ 'ਸਰਬੋਤਮ' ਉਦੇਸ਼ ਸਵੀਕਾਰ ਕੀਤਾ ਹੋਇਆ ਹੈ.

ਇਨ੍ਹਾਂ ਘਟਨਾਕ੍ਰਮਾਂ ਵੱਲ ਦੇਖਦਿਆਂ ਮੇਰੇ ਦਿਮਾਗ਼ ਅੰਦਰ ਅੱਜ ਉਸ ਤਰ੍ਹਾਂ ਦੇ ਖਿਆਲ ਆ ਰਹੇ ਹਨ, ਜਿਸ ਤਰ੍ਹਾਂ ਦੇ ਖ਼ਿਆਲਾਂ ਦਾ ਸਾਹਮਣਾ ਕਿਸੇ ਸਮੇਂ ਵਿਸ਼ਵ ਪ੍ਰਸਿੱਧ ਦਾਰਸ਼ਨਿਕ ਬਰਟ੍ਰੈਂਡ ਰੱਸਲ ਨੂੰ ਕਰਨਾ ਪਿਆ ਸੀ. ਅੱਜ ਮੈਂ ਉਸ ਵਾਂਗ ਹੀ ਸੋਚਦਾ ਹਾਂ (ਹੋ ਸਕਦਾ ਹੈ ਤੁਸੀਂ ਵੀ ਇੰਞ ਹੀ ਸੋਚਦੇ ਹੋਵੋ) ਕਿ ਆਧੁਨਿਕ ਯੁੱਗ ਅੰਦਰ ਬੁੱਧੀਜੀਵੀ/ਸਾਹਿੱਤਕਾਰ ਦੀ ਕੀ ਭੂਮਿਕਾ ਹੈ ਜਾਂ ਕੀ ਇਨ੍ਹਾਂ ਦੀ ਇਹ ਭੂਮਿਕਾ ਫਿੱਕੀ ਪੈ ਚੁੱਕੀ ਹੈ? ਇਹ ਸਵਾਲ ਸਾਡੇ ਸਾਰਿਆਂ ਦੇ ਸਨਮੁੱਖ ਹੀ ਰਹਿਣਾ ਚਾਹੀਦਾ ਹੈ. ਇਸ ਦੇ ਜੁਆਬ ਅਸੀਂ ਤਲਾਸ਼ਣੇ ਹਨ. ਇਹ ਸਾਡੇ ਸਮਿਆਂ ਦੀ ਇੱਕ ਵੱਡੀ ਲੋੜ ਅਤੇ ਪ੍ਰਸ਼ਨ ਹੈ. ਜਿਸ ਦਾ ਸਾਹਮਣਾ ਸਾਨੂੰ ਕਰਨਾ ਹੀ ਪਵੇਗਾ. 


ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ 
ਅਨਹਦ ਈ-ਮੈਗਜ਼ੀਨ

ਸੰਪਾਦਕੀ: ਜਨਵਰੀ-ਮਾਰਚ, 2018

“ਅਨਹਦ” ਦੀ ਸ਼ੁਰੂਆਤ ਉਸ ਮੱਧਮ ਪੈਂਦੀ ਜਾ ਰਹੀ ਲੋਅ ਵਿਚੋਂ ਹੋਈ ਹੈ, ਜਿਸ ਦੀਆਂ ਕੰਨਸੋਆਂ ਖੋਜ ਖੇਤਰ ਅਤੇ ਸਾਹਿੱਤ ਨਾਲ ਜੁੜੇ ਸੱਜਣ ਅਕਸਰ ਮਹਿਸੂਸ ਕਰਦੇ ਰਹਿੰਦੇ ਹਨ।ਇਹ ਉਸ ਵਰਤਾਰੇ ਪ੍ਰਤੀ ਅਪਣਾਈ ਸਿੱਧੀ ਪਹੁੰਚ ਹੈ,ਜਿਸ ਅੰਦਰ ਨਿੱਜੀ ਖ਼ੁਦਗਰਜ਼ੀਆਂ, ਪਹੁੰਚਾਂ, ਸਿਆਸਤਾਂ ਅਤੇ ਤਰਾਸਦੀਆਂ ਭਰੀਆਂ ਪਈਆਂ ਹਨ। ਸਾਹਿੱਤ ਦੇ ਖੇਤਰ ਅੰਦਰ ਪੈਦਾ ਹੋਏ ਲਿਹਾਜ਼ਦਾਰੀ ਦੇ ਦੌਰ ਦੀਆਂ ਸਥਾਪਿਤ ਕੀਤੀਆਂ ਕੁਰਤੀਆਂ ਨੂੰ ਦੂਰ ਕਰਨ, ਉਨ੍ਹਾਂ ਦਾ ਬਦਲ ਲੱਭਣ ਦੀਆਂ ਕੋਸ਼ਿਸ਼ਾਂ ਵਿਚੋਂ ਹੀ “ਅਨਹਦ” ਦਾ ਜਨਮ ਹੋਇਆ ਹੈ।ਸਾਡੀਆਂ ਉਮੀਦਾਂ ਅਤੇ ਨਿਸ਼ਾਨਿਆਂ ਦਾ ਨਿਰਧਾਰਨ ਹੁਣ ਤੁਸੀਂ ਕਰ ਸਕਦੇ ਹੋ। ਮੌਜੂਦਾ ਦੌਰ ਅੰਦਰ ਪਸਰੇ ਉਪਭੋਗਤਾਵਾਦ ਦੁਆਰਾ ਉਤਪੰਨ ਪ੍ਰਵਚਨਾਂ ਖ਼ਿਲਾਫ ਪੈਦਾ ਹੋਣ ਵਾਲੇ ਪ੍ਰਤਿਰੋਧਾਂ ਦੀ ਅਵਾਜ਼ ਨੂੰ ਦਬਾਉਣ/ਫੜਨ ਹਿਤ ਕਾਰਜ਼ਸ਼ੀਲ ਕਾਮਿਆਂ ਵਜੋਂ ਵਿਦਵਾਨ, ਲੇਖਕ ਅਤੇ ਕਲਾਕਾਰ ਆਦਿ ਖ਼ਾਸ ਅਹਿਮੀਅਤ ਰੱਖਦੇ ਹਨ।ਇਨ੍ਹਾਂ ਦੀਆਂ ਸਿਰਜਣਾਵਾਂ ਅਕਸਰ ਸ਼ਖਸ਼ੀਅਤਾਂ ਦੇ ਕੱਦ ਹੇਠ ਅਪਣਾ ਆਲੋਚਨਾਤਮਿਕ ਸਰੂਪ ਸਾਹਮਣੇ ਆਉਣ ਤੋਂ ਰੋਕਣ ਲਈ ਯਤਨਸ਼ੀਲ ਰਹਿੰਦੀਆਂ ਹਨ।ਜਿਸ ਦਾ ਖ਼ਮਿਆਜਾ ਸਮਾਜ ਨੂੰ ਭੁਗਤਨਾ ਪੈਂਦਾ ਹੈ।ਅਜਿਹੀਆਂ ‘ਵੱਡੀਆਂ ਸ਼ਖਸ਼ੀਅਤਾਂ’ ਦੁਆਰਾ ਪੈਦਾ ਸਾਹਿੱਤ ਅਤੇ ਸਾਹਿੱਤ ਦੇ ਵਿਦਿਆਰਥੀ ਸਮਾਜ ਨੂੰ ਲੱਗੇ ਘੁਣ ਹੁੰਦੇ ਹਨ।ਉਸ ਘੁਣ ਨੂੰ ਜੇਕਰ ਥੋੜ੍ਹਾ ਜਿਹਾ ਵੀ ਘੱਟ ਕਰਨ ਵਿਚ “ਅਨਹਦ” ਸਫਲ ਹੁੰਦਾ ਹੈ, ਤਾਂ ਇਹ ਸਾਡੀ ਅਹਿਮ ਪ੍ਰਾਪਤੀ ਹੋਵੇਗੀ। “ਸਮਕਾਲੀ ਸਾਹਿੱਤ ਚਿੰਤਨ ਅੰਦਰ ਮਨਫ਼ੀ ਹੋ ਰਹੇ ਸੰਵਾਦ ਦੀ ਪ੍ਰਤੱਖ ਦ੍ਰਿਸ਼ਟੀ ਕਾਰਨ ਪੈਦਾ ਹੋਏ ਧੂੰਦੁਕਾਰੇ ਨਾਲ ਨਜਿੱਠਣ ਹਿਤ ਕਾਰਜ਼ਸ਼ੀਲ ਸਾਹਿਤੱਕ ਵਿਧੀਆਂ/ਜੁਗਤਾਂ/ਅੰਤਰ-ਅਨੁਸ਼ਾਸ਼ਨਾਂ/ਪੜ੍ਹਤਾਂ ਆਦਿ ਰਾਹੀਂ ਤੁਸੀਂ ਸਾਡੇ ਇਸ ਕਾਰਜ ਵਿਚ ਬਰਾਬਰ ਭਾਈਵਾਲ ਬਣ ਕਿ ਨਾਲ ਤੁਰੋਗੇ, ਅਜਿਹੀਆਂ ਆਸਾਂ ਨਾਲ ਹੀ “ਅਨਹਦ” ਤੁਹਾਡੇ ਸਨਮੁੱਖ ਹੈ।ਇਹ ਤੁਹਾਡਾ ਆਪਣਾ ਮੰਚ ਹੈ, ਤੁਹਾਡੇ ਹਰ ਸੁਝਾਅ ਅਤੇ ਵਿਚਾਰ ਦਾ ਤਹਿ ਦਿਲੋਂ ਸਵਾਗਤ ਹੈ।

ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ 
ਅਨਹਦ ਈ-ਮੈਗਜ਼ੀਨ

Monday, April 9, 2018

ਪੂੰਜੀਵਾਦੀ ਦ੍ਰਿਸ਼ਟੀ ਅਤੇ ਉਤਰ-ਪੂੰਜੀਵਾਦ ਦਾ ਸੰਸਕ੍ਰਿਤਿਕ ਤਰਕ




ਪਿਛਲੇ ਕੁੱਝ ਸਾਲਾਂ ਦੌਰਾਨ ਇੱਕ ਮਹੱਤਵਪੂਰਨ ਪ੍ਰਕ੍ਰਿਆ ਦੇਖਣ ਵਿਚ ਆਈ ਹੈ, ਜਿਸ ਨੂੰ  Inverted Millenarianism ਕਿਹਾ ਜਾ ਸਕਦਾ ਹੈ ਅਤੇ ਜਿਸ ਦੇ ਕਾਰਨ ਚੰਗੇ ਜਾਂ ਬੁਰੇ ਭਵਿੱਖ ਦੇ ਪੂਰਵ-ਅਨੁਮਾਨਾਂ ਨੂੰ, ਕਈ ਚੀਜ਼ਾਂ ਦੀ ਸਮਾਪਤੀ ਦੇ ਨਿਵੇਦਨਾ ਨਾਲ ਉਖਾੜ ਦਿੱਤਾ ਗਿਆ ਹੈ (ਜਿਵੇਂ ਵਿਚਾਰਧਾਰਾ ਦਾ ਅੰਤ, ਕਲਾ ਦਾ ਅੰਤ, ਵਰਗ ਦਾ ਅੰਤ, ਲੈਨਿਨਵਾਦ ਅੰਦਰ 'ਸੰਕਟ' ਅਤੇ ਜਨ ਵਾਦ ਤੇ ਵੈੱਲਫੇਅਰ ਸਟੇਟ ਦਾ ਅੰਤ, ਆਦਿ)। ਇਨ੍ਹਾਂ ਸਾਰਿਆਂ ਨੂੰ ਮਿਲਾ ਕਿ ਹੀ ਸ਼ਾਇਦ ਉਤਰ ਆਧੁਨਿਕਤਾਵਾਦ ਬਣਦਾ ਹੈ। ਇਸ ਦੇ ਅਸਤਿਤਵ ਨੂੰ 1950 ਅਤੇ 1960 ਦੇ ਦਹਾਕੇ ਵਿਚ ਹੋਣ ਵਾਲੀ ਅਤਿਵਾਦੀ ਕਿਸਮ ਦੀ ਟੁੱਟ-ਭੱਜ ਨਾਲ ਜੋੜਿਆ ਜਾਂਦਾ ਹੈ, ਜਿਵੇਂ ਕਿ ਸ਼ਬਦ ਤੋਂ ਹੀ ਸਪਸ਼ਟ ਹੁੰਦਾ ਹੈ, ਇਹ ਟੁੱਟ-ਭੱਜ ਆਧੁਨਿਕਤਾਵਾਦੀ ਅੰਦੋਲਨ ਦੀ ਟੁੱਟ-ਭੱਜ ਨਾਲ ਜੁੜੀ ਹੋਈ ਹੈ, ਜਿਹੜੀ ਉਦੋਂ ਤੱਕ ਕਰੀਬ 100 ਸਾਲ ਪੁਰਾਣੀ ਹੋ ਚੁੱਕੀ ਸੀ। ਇਸ ਲਈ ਚਿੱਤਰਕਾਰੀ ਅੰਦਰ ਅਮੂਰਤ ਅਭਿਵਿਅੰਜਨਾਵਾਦ, ਦਰਸ਼ਨ ਵਿਚ ਅਸਤਿਤਵਵਾਦ, ਨਾਵਲ ਅੰਦਰ ਸਿਖਰ 'ਤੇ ਪਹੁੰਚ ਚੁੱਕੇ ਸੰਰਚਨਾਵਾਦ, ਪ੍ਰਤਿਨਿਧਿਕ ਆਧੁਨਿਕਤਾਵਾਦ ਦੀਆਂ ਫ਼ਿਲਮਾਂ ਅਤੇ ਆਧੁਨਿਕਤਾਵਾਦੀ ਕਵਿਤਾਵਾਂ (Wallace Stevens ਦੀਆਂ ਰਚਨਾਵਾਂ ਜਿਸ ਦੀ ਅਗਵਾਈ ਕਰਦੀਆਂ ਹਨ), ਆਦਿ ਨੂੰ ਆਧੁਨਿਕਤਾਵਾਦ ਦੀ ਸਿਖਰ ਸੀਮਾ ਦੇ ਰੂਪ ਵਿਚ ਦੇਖਿਆ ਜਾਣ ਲੱਗਾ ਅਤੇ ਇਸ ਦੇ ਬਾਅਦ ਉਸ ਨੂੰ ਢਲ਼ਾਣ 'ਤੇ ਆਇਆ ਮੰਨ ਲਿਆ ਗਿਆ। ਇਸ ਉਪਰੰਤ ਜੋ ਆਇਆ, ਉਹ ਤਤਕਾਲ ਵਿਸ਼ਵ-ਵਿਆਪੀ, ਪਰ ਭਰਮ-ਪੂਰਨ ਅਤੇ ਬਹੁਲਤਾਵਾਦੀ ਘੋਸ਼ਿਤ ਕੀਤਾ ਜਾਣ ਲੱਗਾ। ਐਂਡੀ ਵਰਹੋਲ ਦਾ ਟੌਪ ਆਰਟ, ਪਰ ਉਸ ਦੇ ਨਾਲ ਫ਼ੋਟੋ ਯਥਾਰਥਵਾਦ, ਜਾਨ ਕੇਜ ਦੇ 'ਸੰਗੀਤਮਈ ਪਲ ਦੀ ਵਾਪਸੀ', ਪਰ ਉਸ ਦੇ ਨਾਲ-ਨਾਲ ਕਲਾਸੀਕਲ ਅਤੇ ਲੋਕਪ੍ਰਿਯ ਸੰਗੀਤ ਦਾ ਫਿਲ ਗਲਾਸ ਅਤੇ ਟੈਰੀ ਰਾਈਲੇ ਵਿਚ ਸੰਤੁਲਨ, ਪੰਕ ਅਤੇ ਨਿਊ ਵੈੱਬ ਰਾਕ (ਬੀਟਲਸ ਅਤੇ ਸਟੋਨਸ), ਫ਼ਿਲਮ ਵਿਚ ਗੋਦਾਰ, ਉਤਰ ਗੋਦਾਰ ਅਤੇ ਪ੍ਰਯੋਗ-ਧਰਮੀ ਸਿਨੇਮਾ ਅਤੇ ਵੀਡੀਓ, ਪਰ ਉਸ ਦੇ ਨਾਲ-ਨਾਲ ਪੇਸ਼ੇਵਾਰ ਸਿਨੇਮਾ, ਬਰੋਜ ਪਿੰਚ ਜਾਂ ਇਸਮਾਈਲ ਰੀਡ ਅਤੇ ਉਨ੍ਹਾਂ ਦੇ ਨਾਲ-ਨਾਲ ਫ੍ਰੈਂਚ ਨੋਵੋ ਰੋਮਾ, ਝੰਜੋੜ ਦੇਣ ਵਾਲੀ ਸਾਹਿੱਤਿਕ ਆਲੋਚਨਾਵਾਂ, ਜਿਹੜੀਆਂ ਹਰ ਸਮੇਂ ਕਿਸੇ ਨਵੀਂ ਸੁੰਦਰ ਸੰਵੇਦਨਾ ਉੱਪਰ ਆਧਾਰਿਤ ਹੁੰਦੀ ਹੈਇਸ ਸੂਚੀ ਵਿਚ ਅਨੰਤ ਤੱਕ ਵਧਾਇਆ ਜਾ ਸਕਦਾ ਹੈ, ਪਰ ਕੀ ਇਸ ਨੂੰ ਅਸਲ ਵਿਚ ਕੋਈ ਆਧਾਰ ਭੂਤ ਬਦਲਾਅ ਮੰਨਿਆ ਜਾਵੇ ਜਾਂ ਇਹ ਸਿਰਫ਼ ਸਿਖਰ ਤੱਕ ਪਹੁੰਚੇ ਆਧੁਨਿਕਤਾਵਾਦ ਦੇ ਫ਼ੈਸ਼ਨੇਬਲ ਕਿਸਮ ਦੇ ਬਦਲਾਅ ਹੀ ਹਨ?

- ਪਰਮਿੰਦਰ ਸਿੰਘ ਸ਼ੌਂਕੀ ਅਤੇ ਰਾਜਿੰਦਰ ਸਿੰਘ ਦੀ ਜਲਦ ਆ ਰਹੀ ਅਨੁਵਾਦਿਤ ਅਤੇ ਸੰਪਾਦਿਤ ਕਿਤਾਬ "ਪੂੰਜੀਵਾਦੀ ਦ੍ਰਿਸ਼ਟੀ" ਵਿਚੋਂ।


"ਦੁੱਲੇ ਦੀ ਬਾਤ"

ਮੁੱਕ ਜਾਵੇਗਾ ਕੁੱਲੀਆਂ ਤੇ ਮਹਿਲਾਂ ਵਿਚਲਾ ਫ਼ਾਸਲਾ 



ਬਲਵੰਤ ਭਾਟੀਆ ਜੀ ਦਾ ਕਾਵਿ ਸੰਗ੍ਰਹਿ "ਦੁੱਲੇ ਦੀ ਬਾਤ" ਸਚਮੁੱਚ ਵੱਖ-ਵੱਖ ਫੁੱਲਾਂ ਦਾ ਗੁਲਦਸਤਾ ਹੈ। ਅਸਲ ਵਿੱਚ ਇੱਕ ਲੇਖਕ ਲਈ ਸਭ ਤੋਂ ਵੱਡਾ ਸਨਮਾਨ ਲੋਕਾਂ ਦਾ ਪਿਆਰ ਹੁੰਦਾ ਹੈ। ਲੇਖਕ ਨੂੰ ਵਿਕਣ ਤੋਂ ਰੋਕਦਾ ਹੈ ਕਲਮ ਨੂੰ ਤਲਵਾਰ ਬਨਾਉਣ ਦੀ ਗੱਲ ਕਰਦਾ ਹੈ  ਬਲਵੰਤ ਭਾਟੀਆ ਇੱਕ ਚੇਤਨ ਲੇਖਕ ਹਨ। ਇਸ ਕਾਵਿ ਪੁਸਤਕ ਵਿੱਚ ਲੇਖਕ ਹੱਕਾਂ ਲਈ ਲੜਨ ਦਾ ਸੁਨੇਹਾ ਦਿੰਦਾ ਹੈ। ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਦੀ ਪੇਸ਼ਕਾਰੀ ਸਹਿਤ ਪੇਸ਼ ਕਰਦਾ ਹੈ।

          "ਦੁੱਲੇ ਦੀ ਬਾਤ" ਕਾਵਿ -ਪੁਸਤਕ  ਪੜ੍ਹਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਉਸਦੀਆਂ ਕਵਿਤਾਵਾਂ ਪਾਠਕਾਂ ਨਾਲ ਸੰਵਾਦ ਰਚਾਉਣ ਲਈ ਤਤਪਰ ਨੇ.. ਤੇ ਜਿਹੜੀ ਕਵਿਤਾ ਉਂਗਲ ਫੜ੍ਹਕੇ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੋਵੇ, ਅੱਜ ਦੇ ਸਮਿਆਂ  'ਚ ਉਹ ਬਿਹਤਰੀਨ ਕਵਿਤਾ ਹੈ ਬਲਵੰਤ ਭਾਟੀਆ ਜੀ ਬਹੁਤ ਖ਼ੂਬਸੂਰਤੀ  ਨਾਲ ਕਵਿਤਾ ਦਾ ਤਾਣਾ-ਬਾਣਾ ਬੁਣਦਾ ਹੈ ਕਿਉਂਕਿ ਉਸ ਕੋਲ ਸ਼ਬਦਾਂ ਦਾ ਭੰਡਾਰ ਹੈ ਆਪਣੀ ਗੱਲ ਕਹਿਣ ਦਾ ਸਲੀਕਾ ਤੇ ਹਰਫ਼ਾ ਦੀ ਪੇਸ਼ਕਾਰੀ ਦੀ ਜਾਦੂਗਰੀ ਵਿਸ਼ੇਸ਼ ਹਾਸਲ ਹੈ ਉਹ ਕੂੜ ਅਤੇ ਭਰਿਸ਼ਟਾਚਾਰ ਦੇ ਹਨੇਰੇ ਬਦਲਣ ਦੀ ਗੱਲ ਕਰਦਾ ਹੈ ਸਵਾਰਥ ਤਿਆਗ ਕੇ ਸਮਾਜਕ ਹਿੱਤਾਂ ਵਾਸਤੇ ਜੀਉਣ ਦਾ ਸੁਨੇਹਾ ਦਿੰਦਾ ਹੈ ਕਾਵਿ-ਸੰਗ੍ਰਹਿ "ਦੁੱਲੇ ਦੀ ਬਾਤ" ਵਿਚਲੀਆਂ ਸਾਰੀਆਂ ਹੀ ਕਵਿਤਾਵਾਂ  ਪੜਨ ਤੇ ਵਿਚਾਰਨ ਯੋਗ ਹਨ। ਇਨਸਾਨੀ  ਜ਼ਿੰਦਗੀ ਦੇ ਹਰ ਵਿਸ਼ੇ ਨੂੰ ਉਨ੍ਹਾਂ ਬਾ ਖ਼ੂਬੀ ਆਪਣੇ ਹਰਫ਼ਾਂ ਵਿੱਚ ਕਲਮ ਵਧ ਕੀਤਾ ਹੈ।ਭਾਵੇਂ ਉਹ ਕਿਸੇ  ਕਿਰਤੀ ਦੀ ਗੱਲ ਹੋਵੇਂ, ਔਰਤ ਜਾਂ ਫੇਰ ਸਿਆਸਤ ਦੀ ਗੱਲ ਹੋਵੇਂ ਹਰ ਰਚਨਾ ਦੇ ਕਿਰਦਾਰ ਦਾ ਬਾ ਖ਼ੂਬੀ ਚਿਤਰਨ ਕੀਤਾ ਹੈ।

          ਭਵਿੱਖ ਵਿਚ ਉਹਨਾ ਤੋਂ ਸਮਾਜ ਨੂੰ ਸੇਧ ਦੇਣ ਵਾਲੀਆਂ ਹੋਰ ਨਜ਼ਮਾ ਦੀ ਆਸ ਬੱਝਦੀ ਹੈ। ਦੁਆ ਕਰਦੀ ਹਾਂ ਬਲਵੰਤ ਭਾਟੀਆ ਜੀ ਦੀ ਕਲਮ ਨਿਰੰਤਰ ਕਾਰਜਸ਼ੀਲ ਰਹੇ। ਸ਼ਾਲਾ ਇਹ ਵਹਿਣ ਇਸੇ ਤਰਾਂ ਵਹਿੰਦਾ ਰਹੇ। ਅੰਤ ਵਿੱਚ ਸ਼ੁੱਭ-ਕਾਮਨਾਵਾਂ ਦੇ ਨਾਲ ''ਦੁੱਲੇ ਦੀ ਬਾਤ'' ਚੋਂ ਨਜ਼ਰ ਕਰਦੀ ਹਾਂ:


ਉਹ ਪੁੱਛਣੋ ਨਹੀਂ ਹਟਦੇ ਮੇਰੀ ਔਕਾਤ 
ਮੈਂ ਪਾਉਣੋ ਨਹੀਂ ਹਟਦਾ ਦੁੱਲੇ ਦੀ ਬਾਤ।
ਨਿੱਤ ਲਾਹੁੰਦੇ ਨੇ ਧੜ ਨਾਲੋਂ ਸਿਰ ਮੇਰਾ
ਉੱਗ ਆਂਉਦਾ ਹੈ ਮੁੜ ਇਹ ਰਾਤੋ ਰਾਤ।

ਆਖੋ ਜਮਨਾ ਨੂੰ ਐਵੇਂ ਨਾ ਵਹਿਮ ਕਰੇ
ਉਹਦੇ ਕੰਢੇ ਤੇ ਉੱਗਿਆ ਹੈ ਤਾਜ ਮਹਿਲ।
ਇੱਥੇ ਕੱਚਿਆਂ ਦੀ ਯਾਦ ਵੀ ਸਾਂਭੀਦੀ
ਰਤਾ ਪੁੱਛ  ਕੇ ਤਾਂ ਵੇਖੋ ਝਨਾਂ ਦੀ ਜ਼ਾਤ।

ਸਾਡੇ ਹੱਥਾਂ ਚ ਹੁਨਰ ਦੀ ਤਾਕਤ ਹੈ
ਉਹ ਪੁੱਛਦੇ ਨੇ ਸਾਡੀ ਜ਼ਮੀਰ ਦਾ ਮੁੱਲ।
ਅਸੀਂ ਵੇਚਣਾ ਨਹੀਂ ਸਾਡੇ  'ਮੱਥੇ ਦਾ ਸੂਰਜ '
ਭਾਵੇਂ ਗਿਣ ਗਿਣ ਕੇ ਤਾਰੇ ਲੰਘਾਈਏ ਰਾਤ।


ਤੁਸੀਂ ਕਹਿੰਦੇ ਹੋ ਲੋਕਾਂ ਦੀ ਅਣਖ ਮਾਰੀ
ਸਿਰ ਸੁੱਟ ਕੇ ਜੀਵੀ ਜਾਂਦੇ ਨੇ ਜੋ।
ਇਹ ਤਾਂ ਕਬਰਾਂ  ਚੋਂ  ਉੱਠ ਉੱਠ ਗੱਜਣਗੇ
ਰਤਾ ਇਹਨਾਂ ਨੂੰ ਚੇਤੇ ਕਰਾਵੋ ਜਮਾਤ।

ਮੱਥਾ ਬਰਫ, ਬਾਰੂਦ ਤੇ ਪੱਥਰਾਂ ਦੇ ਨਾਲ਼
ਹਾਲੇ ਕੱਲ੍ਹ ਹੀ ਲਾ ਕੇ ਮੁੜਿਆ ਹੈ ਉਹ।
ਉਹਦੀ ਲਾਸ਼ ਇਹ ਚੋਣਾਂ  ਚ ਵੇਚਣਗੇ
ਉਹਨੇ ਚੜ੍ਹਕੇ ਨਹੀਂ ਵੇਖੀ ਹਾਲੇ ਬਰਾਤ।

ਅਰਵਿੰਦਰ  ਸੰਧੂ 
ਸਿਰਸਾ (ਹਰਿਆਣਾ)

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...