Monday, April 13, 2020

ਕੋਰੋਨਾ ਮਹਾਂਮਾਰੀ ਇਕ ਨਵੀਂ ਦੁਨੀਆ ਦਾ ਪ੍ਰਵੇਸ਼ ਦੁਆਰ ਹੈ

        

ਅੰਗਰੇਜ਼ੀ ਚ ਵਾਇਰਲ ਹੋਣਾ ਸ਼ਬਦ ਨੂੰ ਸੁਣਦੇ ਹੀ ਹੁਣ ਕਿਸਨੂੰ ਥੋੜ੍ਹੀ ਕੰਬਣੀ ਨਹੀਂ ਛਿੜ ਜਾਵੇਗੀ ਦਰਵਾਜ਼ੇ ਦੇ ਹੈਂਡਲ, ਗੱਤੇ ਦਾ ਡੱਬਾ ਜਾਂ ਸਬਜ਼ੀ ਦਾ ਥੈਲਾ ਦੇਖਦੇ ਹੀ ਕਿਸਦੀ ਕਲਪਨਾ ਚ ਉਨ੍ਹਾਂ ਅਦ੍ਰਿਸ਼ ਛਿੱਟਿਆਂ ਦੇ ਝੁੰਡ ਸਾਕਾਰ ਨਹੀਂ ਹੋ ਜਾਣਗੇ ਜੋ ਨਾ ਜੀਵਿਤ ਹੀ ਹਨ, ਨਾ ਮ੍ਰਿਤ ਹਨ ਤੇ ਜੋ ਆਪਣੇ ਚਿਪਕ ਕੇ ਚੂਸ ਲੈਣ ਵਾਲੇ ਪੰਜਿਆਂ ਦੇ ਨਾਲ ਸਾਡੇ ਫੇਫੜਿਆਂ ਚ ਕਬਜ਼ਾ ਕਰਨ ਦਾ ਇੰਤਜ਼ਾਰ ਕਰ ਰਹੇ ਹਨ ? ਇੱਕ ਅਜਨਬੀ ਨੂੰ ਚੁੰਮਣਾ, ਬੱਸ ਚ ਘੁਸਣਾ ਜਾਂ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਪਹਿਲਾਂ ਕੌਣ ਭੈਅਭੀਤ ਨਹੀਂ ਹੋ ਜਾਵੇਗਾ ?
ਆਪਣੀ ਰੋਜ਼ਾਨਾ ਦੀਆਂ ਖੁਸ਼ੀਆਂ ਤੋਂ ਪਹਿਲਾਂ ਉਨ੍ਹਾਂ ਦੇ ਜ਼ੋਖਿਮ ਦਾ ਆਂਕਲਣ ਕੌਣ ਨਹੀਂ ਕਰਨ ਲੱਗੇਗਾ ? ਹੁਣ ਸਾਡੇ ਚੋਂ ਕੌਣ ਹੈ ਜੋ ਇੱਕ ਝੋਲਾਛਾਪ ਮਹਾਂਮਾਰੀ-ਵਿਸ਼ੇਸ਼ਕ, ਵਿਸ਼ਾਣੂ-ਵਿਗਿਆਨੀ, ਅੰਕੜਾ-ਵਿਗਿਆਨੀ ਤੇ ਭਵਿੱਖ ਵਕਤਾ ਨਹੀਂ ਬਣ ਚੁੱਕਿਆ ਹੈ ? ਕੌਣ ਵਿਗਿਆਨਕ ਜਾਂ ਡਾਕਟਰ ਮਨ ਹੀ ਮਨ ਚ ਕਿਸੇ ਚਮਤਕਾਰ ਦੇ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਹੈ ? ਕੌਣ ਪੁਜਾਰੀ ਹੈ ਜੋ ਮਨ ਹੀ ਮਨ ਚ ਵਿਗਿਆਨ ਅੱਗੇ ਸਮਰਪਣ ਨਹੀਂ ਕਰ ਚੁੱਕਿਆ ਹੈ ? ਤੇ ਵਿਸ਼ਾਣੂਆਂ ਦੇ ਇਸ ਪ੍ਰਸਾਰ ਦੇ ਦੌਰਾਨ ਵੀ ਕੌਣ ਹੈ ਜੋ ਪੰਛੀਆਂ ਦੇ ਗੀਤਾਂ ਨਾਲ ਭਰ ਚੁੱਕੇ ਸ਼ਹਿਰਾਂ, ਚੌਰਾਹਿਆਂ ਤੇ ਨੱਚ ਰਹੇ ਮੋਰਾਂ ਤੇ ਆਸਮਾਨ ਦੀ ਖ਼ਮੋਸ਼ੀ ਉੱਤੇ ਰੋਮਾਂਚਿਤ ਨਹੀਂ ਹੈ ?
ਦੁਨੀਆਂ ਭਰ ਚ ਕੋਰੋਨਾ ਨਾਲ ਪੀੜ੍ਹਿਤ ਲੋਕਾਂ ਦੀ ਗਿਣਤੀ ਇਸ ਹਫ਼ਤੇ 10 ਲੱਖ ਤੱਕ ਪਹੁੰਚ ਗਈ ਜਿਨ੍ਹਾਂ ਚੋਂ 50 ਹਜ਼ਾਰ ਲੋਕ ਮਰ ਚੁੱਕੇ ਹਨ। ਆਸ਼ੰਕਾਂਵਾਂ ਦੇ ਹਿਸਾਬ ਨਾਲ ਇਹ ਗਿਣਤੀ ਲੱਖਾਂ, ਜਾਂ ਹੋਰ ਵੀ ਜ਼ਿਆਦਾ ਤੱਕ ਜਾਵੇਗੀ। ਇਹ ਵਿਸ਼ਾਣੂ ਖੁਦ ਤਾਂ ਵਪਾਰ ਤੇ ਅੰਤਰਰਾਸ਼ਟਰੀ ਪੂੰਜੀ ਦੇ ਮਾਰਗ ਉੱਤੇ ਮੁਕਤ ਭ੍ਰਮਣ ਕਰਦਾ ਰਿਹਾ ਹੈ ਪਰ ਇਸਦੇ ਦੁਆਰਾ ਲਿਆਂਦੀ ਗਈ ਭਿਆਨਕ ਬਿਮਾਰੀ ਨੇ ਇਨਸਾਨਾਂ ਨੂੰ ਉਨ੍ਹਾਂ ਦੇ ਦੇਸ਼ਾਂ, ਸ਼ਹਿਰਾਂ ਤੇ ਘਰਾਂ ਚ ਬੰਦ ਕਰ ਦਿੱਤਾ ਹੈ। ਪਰੰਤੂ ਪੂੰਜੀ ਦੇ ਪ੍ਰਵਾਹ ਦੇ ਉਲਟ ਇਸ ਵਿਸ਼ਾਣੂ ਨੂੰ ਪ੍ਰਸਾਰ ਤਾਂ ਚਾਹੀਦਾ ਹੈ, ਪਰ ਮੁਨਾਫ਼ਾ ਨਹੀਂ ਚਾਹੀਦਾ, ਤੇ ਇਸ ਲਈ, ਅਣਜਾਣੇ ਚ ਹੀ ਕੁਝ ਹੱਦ ਤੱਕ ਇਸਨੇ ਇਸ ਪ੍ਰਵਾਹ ਦੀ ਦਿਸ਼ਾ ਨੂੰ ਉਲਟ ਕਰ ਦਿੱਤਾ ਹੈ।
ਇਸਨੇ ਪਰਵਾਸ ਨਿਯੰਤਰਣਾਂ, ਬਾਇਓਮੈਟ੍ਰਿਕਸ, ਡਿਜੀਟਲ ਨਿਗਰਾਨੀ ਤੇ ਹੋਰ ਹਰ ਤਰ੍ਹਾਂ ਦੇ ਡਾਟਾ ਵਿਸ਼ਲੇਸ਼ਣ ਕਰਨ ਵਾਲੀਆਂ ਪ੍ਰਣਾਲੀਆਂ ਦਾ ਮਖੌਲ ਉਡਾਇਆ ਹੈ, ਤੇ ਇਸ ਤਰ੍ਹਾਂ ਦੁਨੀਆਂ ਦੇ ਸਭ ਤੋਂ ਅਮੀਰ, ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਨੂੰ, ਜਿੱਥੇ ਪੂੰਜੀਵਾਦ ਦਾ ਇੰਜਣ ਹਿਚਕੋਲੇ ਖਾਂਦਾ ਹੋਇਆ ਰੁਕ ਗਿਆ ਹੈ, ਇਸਨੇ ਭਾਰੀ ਸੱਟ ਮਾਰੀ ਹੈ। ਸ਼ਾਇਦ ਅਸਥਾਈ ਰੂਪ ਚ ਹੀ, ਫਿਰ ਵੀ ਇਸਨੇ ਸਾਨੂੰ ਇਹ ਮੌਕਾ ਦਿੱਤਾ ਹੀ ਹੈ ਕਿ ਅਸੀਂ ਇਨ੍ਹਾਂ ਪੁਰਜਿਆਂ ਦਾ ਨਿਰੀਖਣ ਕਰ ਸਕੀਏ ਤੇ ਫੈਸਲਾ ਕਰ ਸਕੀਏ ਕਿ ਇਸਨੂੰ ਫਿਰ ਤੋਂ ਠੋਕ-ਠਾਕ ਕੇ ਚਲਾਉਣਾ ਹੈ ਜਾਂ ਸਾਨੂੰ ਇਸ ਤੋਂ ਬਿਹਤਰ ਇੰਜਣ ਲੱਭਣ ਦੀ ਜ਼ਰੂਰਤ ਹੈ।
ਇਸ ਮਹਾਂਮਾਰੀ ਦੇ ਪ੍ਰਬੰਧਨ ਚ ਲੱਗੇ ਦਿੱਗਜ ਯੁੱਧ-ਯੁੱਧ ਚੀਖ ਰਹੇ ਹਨ। ਉਹ ਯੁੱਧ ਸ਼ਬਦ ਦੀ ਵਰਤੋਂ ਜੁਮਲੇ ਦੇ ਤੌਰ ਤੇ ਨਹੀਂ, ਬਲਕਿ ਸਚਮੁੱਚ ਦੇ ਯੁੱਧ ਲਈ ਹੀ ਕਰ ਰਹੇ ਹਨ। ਪਰ ਜੇਕਰ ਅਸਲ ਚ ਹੀ ਇਹ ਯੁੱਧ ਹੁੰਦਾ ਤਾਂ ਇਸਦੇ ਲਈ ਅਮਰੀਕਾ ਤੋਂ ਜ਼ਿਆਦਾ ਵਧੀਆ ਤਿਆਰੀ ਕਿਸਦੀ ਹੁੰਦੀ ? ਜੇ ਅਗਲੇ ਮੋਰਚੇ ਤੇ ਲੜ ਰਹੇ ਸਿਪਾਹੀਆਂ ਦੇ ਲਈ ਮਾਸਕਾਂ ਤੇ ਦਸਤਾਨਿਆਂ ਦੀ ਜਗ੍ਹਾਂ ਬੰਦੂਕਾਂ, ਸਮਾਰਟ ਬੰਬਾਂ, ਬੰਕਰਾਂ ਨੂੰ ਤਬਾਹ ਕਰਨ ਵਾਲੇ ਹਥਿਆਰਾਂ, ਪਣਡੁੱਬੀਆਂ, ਲੜਾਕੂ ਜਹਾਜ਼ਾਂ ਤੇ ਪਰਮਾਣੂ ਬੰਬਾਂ ਦੀ ਜ਼ਰੂਰਤ ਹੁੰਦੀ ਤਾਂ ਕੀ ਉਨ੍ਹਾਂ ਦੀ ਘਾਟ ਹੁੰਦੀ ?
ਦੁਨੀਆ ਭਰ ਚ ਸਾਡੇ ਚੋਂ ਕੁਝ ਲੋਕ ਰਾਤ-ਦਰ-ਰਾਤ ਨਿਊਯਾਰਕ ਦੇ ਗਵਰਨਰ ਦੇ ਪ੍ਰੈੱਸ ਬਿਆਨਾਂ ਨੂੰ ਅਜਿਹੀ ਉਤਸੁਕਤਾ ਨਾਲ ਦੇਖਦੇ ਹਨ ਜਿਸਦੀ ਵਿਆਖਿਆ ਕਰਨਾ ਮੁਸ਼ਕਿਲ ਹੈ। ਅਸੀਂ ਅੰਕੜੇ ਦੇਖਦੇ ਹਾਂ ਤੇ ਉਨ੍ਹਾਂ ਅਮਰੀਕੀ ਹਸਪਤਾਲਾਂ ਦੀਆਂ ਕਹਾਣੀਆਂ ਸੁਣ ਰਹੇ ਹਾਂ ਜੋ ਰੋਗੀਆਂ ਨਾਲ ਭਰੇ ਪਏ ਹਨ, ਜਿੱਥੇ ਘੱਟ ਵੇਤਨ ਤੇ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਨਰਸਾਂ ਕੂੜੇਦਾਨਾਂ ਚ ਵਰਤੋਂ ਹੋਣ ਵਾਲੇ ਕੱਪੜਿਆਂ ਤੇ ਪੁਰਾਣੇ ਰੇਨਕੋਟਾਂ ਤੋਂ ਮਾਸਕ ਬਣਾਉਣ ਲਈ ਮਜ਼ਬੂਰ ਹਨ ਤਾਂਕਿ ਹਰ ਤਰ੍ਹਾਂ ਦੇ ਜੋਖ਼ਿਮ ਲੈ ਕੇ ਵੀ ਰੋਗੀਆਂ ਨੂੰ ਕੁਝ ਰਾਹਤ ਦੇ ਸਕਣ, ਜਿੱਥੇ ਸੂਬੇ ਵੈਂਟੀਲੇਟਰਾਂ ਦੀ ਖਰੀਦ ਲਈ ਇੱਕ ਦੂਜੇ ਦੇ ਵਿਰੁੱਧ ਬੋਲੀ ਲਗਾ ਰਹੇ ਹਨ, ਜਿੱਥੇ ਡਾਕਟਰ ਇਸ ਦੁਬਿਧਾ ਚ ਹਨ ਕਿ ਕਿਸ ਰੋਗੀ ਦੀ ਜਾਨ ਬਚਾਈਏ ਤੇ ਕਿਸਨੂੰ ਮਰਨ ਲਈ ਛੱਡ ਦਈਏ। ਤੇ ਫਿਰ ਅਸੀਂ ਸੋਚਣ ਲੱਗਦੇ ਹਾਂ, “ਹੇ ਰੱਬਾਇਹੀ ਅਮਰੀਕਾ ਹੈ!”
ਇਹ ਇੱਕ ਤਤਕਾਲਿਕ, ਯਥਾਰਥਕ ਤੇ ਵਿਸ਼ਾਲ ਤ੍ਰਾਸਦੀ ਹੈ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਹੀ ਹੈ। ਪਰ ਇਹ ਕੋਈ ਨਵੀਂ ਨਹੀਂ ਹੈ। ਇਹ ਉਸੇ ਟ੍ਰੇਨ ਦਾ ਮਲਬਾ ਹੈ ਜੋ ਵਰ੍ਹਿਆਂ ਤੋਂ ਪਟਰੀ ਤੋਂ ਲਹਿ ਚੁੱਕੀ ਹੈ ਤੇ ਘਿਸਰ ਰਹੀ ਹੈ। ਰੋਗੀਆਂ ਨੂੰ ਬਾਹਰ ਸੁੱਟ ਦੇਣ ਵਾਲੀ ਉਹ ਵੀਡਿਓ ਕਲਿੱਪਾਂ ਕਿਸਨੂੰ ਯਾਦ ਨਹੀਂ ਹਨ ਜਿਨ੍ਹਾਂ ਚ ਹਸਪਤਾਲ ਦੇ ਗਾਊਨ ਚ ਹੀ ਰੋਗੀਆਂ ਨੂੰ, ਜਿਨ੍ਹਾਂ ਦੀ ਪਿੱਠ ਤੱਕ ਨੰਗੀ ਸੀ, ਹਸਪਤਾਲਾਂ ਨੇ ਚੁਪਕੇ ਜਿਹੇ ਕੂੜੇ ਦੀ ਤਰ੍ਹਾਂ ਸੜਕਾਂ ਤੇ ਸੁੱਟ ਦਿੱਤਾ ਸੀ। ਘੱਟ ਖੁਸ਼ਕਿਸਮਤ ਅਮਰੀਕੀ ਨਾਗਰਿਕਾਂ ਦੇ ਲਈ ਹਸਪਤਾਲਾਂ ਦੇ ਦਰਵਾਜ਼ੇ ਜ਼ਿਆਦਾਤਰ ਬੰਦ ਹੀ ਰਹੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨੇ ਬਿਮਾਰ ਹਨ, ਜਾਂ ਉਨ੍ਹਾਂ ਨੇ ਕਿੰਨਾ ਦੁਖ ਝੱਲਿਆ ਹੈ।
ਘੱਟੋ-ਘੱਟ ਹੁਣ ਤੱਕ ਫਰਕ ਨਹੀਂ ਪੈਂਦਾ ਰਿਹਾ ਹੈ, ਕਿਉਂਕਿ ਹੁਣ, ਇਸ ਵਿਸ਼ਾਣੂ ਦੇ ਦੌਰ ਚ ਇੱਕ ਗ਼ਰੀਬ ਇਨਸਾਨ ਦੀ ਬਿਮਾਰੀ ਇੱਕ ਅਮੀਰ ਸਮਾਜ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਤੇ ਹਾਲੇ ਵੀ, ਸੀਨੇਟਰ ਬਰਨੀ ਸੈਂਡਰਸ, ਜੋ ਸਾਰਿਆਂ ਲਈ ਸਿਹਤ ਦੇ ਪੱਖ ਚ ਲਗਾਤਾਰ ਅਭਿਆਨ ਚਲਾਉਂਦੇ ਰਹੇ ਹਨ, ਉਨ੍ਹਾਂ ਨੂੰ ਵਾਈਟ੍ਹ ਹਾਊਸ ਦੇ ਲਈ ਉਮੀਦਵਾਰ ਬਣਾਉਣ ਦੇ ਮਾਮਲੇ ਚ ਉਨ੍ਹਾਂ ਦੀ ਆਪਣੀ ਪਾਰਟੀ ਹੀ ਪਰਾਇਆ ਮੰਨ ਰਹੀ ਹੈ।
ਤੇ ਮੇਰੇ ਦੇਸ਼ ਦੀ ਹਾਲਤ ਕੀ ਹੈ ? ਮੇਰਾ ਗ਼ਰੀਬ-ਅਮੀਰ ਦੇਸ਼ ਭਾਰਤ, ਜੋ ਜਾਗੀਰਦਾਰੀ ਤੇ ਧਾਰਮਿਕ ਕੱਟੜਵਾਦ, ਜਾਤੀਵਾਦ ਤੇ ਪੂੰਜੀਵਾਦ ਦੇ ਵਿਚਕਾਰ ਕਿਤੇ ਝੁੱਲ ਰਿਹਾ ਹੈ ਤੇ ਜਿਸ ਉੱਤੇ ਅੱਤ ਦੱਖਣਪੰਥੀ ਹਿੰਦੂ ਰਾਸ਼ਟਰਵਾਦੀਆਂ ਦਾ ਸ਼ਾਸਨ ਹੈ, ਉਸਦੀ ਹਾਲਤ ਕੀ ਹੈ ? ਦਸੰਬਰ ਚ, ਜਦੋਂ ਚੀਨ ਵੂਹਾਨ ਚ ਇਸ ਵਿਸ਼ਾਣੂ ਦੇ ਵਿਸਫੋਟ ਨਾਲ ਜੂਝ ਰਿਹਾ ਸੀ, ਉਸ ਸਮੇਂ ਭਾਰਤ ਸਰਕਾਰ ਆਪਣੇ ਉਨ੍ਹਾਂ ਲੱਖਾਂ ਨਾਗਰਿਕਾਂ ਦੇ ਵਿਆਪਕ ਵਿਦਰੋਹ ਨਾਲ ਨਿਪਟ ਰਹੀ ਸੀ ਜੋ ਉਸਦੇ ਦੁਆਰਾ ਪਿੱਛੇ ਜਿਹੇ ਹੀ ਸੰਸਦ ਚ ਪਾਸ ਕੀਤੇ ਗਏ ਬੇਸ਼ਰਮੀ ਭਰੇ ਭੇਦਭਾਵ ਕਰਨ ਵਾਲੇ ਮੁਸਲਿਮ ਵਿਰੋਧੀ ਨਾਗਰਿਕਤਾ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ।
ਭਾਰਤ ਚ ਕੋਵਿਡ-19 ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਆਇਆ ਸੀ, ਭਾਰਤੀ ਗਣਤੰਤਰ ਦਿਵਸ ਦੀ ਪਰੇਡ ਦੇ ਸਨਮਾਨਯੋਗ ਮੁੱਖ ਮਹਿਮਾਨ, ਅਮੇਜਨ ਦੇ ਵਣ-ਰਾਖਸ਼ਸ ਤੇ ਕੋਵਿਡ ਦੀ ਹੋਂਦ ਨੂੰ ਨਕਾਰਨ ਵਾਲੇ ਜਾਇਰ ਬੋਲਸੋਨਾਰੋ ਦੁਆਰਾ ਦਿੱਲੀ ਛੱਡਣ ਤੋਂ ਕੁਝ ਹੀ ਦਿਨਾਂ ਬਾਅਦ। ਪਰ ਸੱਤਾਧਾਰੀ ਪਾਰਟੀ ਦੀ ਸਮਾਂ-ਸਾਰਣੀ ਚ ਅਜਿਹਾ ਬਹੁਤ ਕੁਝ ਸੀ ਜੋ ਇਸ ਵਿਸ਼ਾਣੂ ਨਾਲ ਨਿਪਟਣ ਤੋਂ ਜ਼ਿਆਦਾ ਜ਼ਰੂਰੀ ਸੀ। ਫਰਵਰੀ ਦੇ ਆਖ਼ਰੀ ਹਫ਼ਤੇ ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰੀ ਯਾਤਰਾ ਤੈਅ ਸੀ। ਉਨ੍ਹਾਂ ਨੂੰ ਗੁਜਰਾਤ ਦੇ ਇੱਕ ਸਟੇਡੀਅਮ ਚ ਇੱਕ ਲੱਖ ਲੋਕਾਂ ਨੂੰ ਜੁਟਾਉਣ ਦਾ ਲਾਲਚ ਦਿੱਤਾ ਗਿਆ। ਇਸ ਸਭ ਚ ਬਹੁਤ ਸਾਰਾ ਧਨ ਤੇ ਸਮਾਂ ਖ਼ਰਾਬ ਹੋਇਆ।
ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵੀ ਸੀ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਜੇ ਆਪਣਾ ਖੇਡ ਨਾ ਖੇਡਦੀ ਤਾਂ ਹਾਰਨਾ ਨਿਸ਼ਚਿਤ ਸੀ, ਅਖ਼ੀਰ ਉਸਨੇ ਖੇਡਿਆ। ਉਸਨੇ ਇੱਕ ਬਿਨ੍ਹਾਂ ਰੋਕ-ਟੋਕ ਵਾਲਾ ਹਿੰਸਕ ਹਿੰਦੂ ਰਾਸ਼ਟਰਵਾਦੀ ਅਭਿਆਨ ਛੇੜ ਦਿੱਤਾ, ਜੋ ਸਰੀਰਕ ਹਿੰਸਾ ਤੇ ਗੱਦਾਰਾਂ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਭਰਿਆ ਸੀ।
ਖੈਰ ਪਾਰਟੀ ਵੈਸੇ ਵੀ ਚੋਣ ਹਾਰ ਗਈ। ਤਾਂ ਫਿਰ ਇਸ ਅਪਮਾਨ ਦੇ ਲਈ ਜਿੰਮੇਵਾਰ ਠਹਿਰਾਏ ਗਏ ਦਿੱਲੀ ਦੇ ਮੁਸਲਮਾਨਾਂ ਦੇ ਲਈ ਇੱਕ ਸਜਾ ਤੈਅ ਕੀਤੀ ਗਈ ਸੀ। ਉੱਤਰ-ਪੂਰਬੀ ਦਿੱਲੀ ਚ ਹਿੰਦੂ ਗੁੰਡਿਆਂ ਦੇ ਹਥਿਆਰਬੰਦ ਗਿਰੋਹਾਂ ਨੇ ਪੁਲਿਸ ਦੀ ਸ਼ਹਿ ਤੇ ਆਪਣੇ ਆਲੇ-ਦੁਆਲੇ ਦੇ ਮੁਸਲਿਮ ਬਹੁਗਿਣਤੀ ਮਜ਼ਦੂਰ-ਵਰਗ ਦੇ ਘਰਾਂ ਉੱਤੇ ਹਮਲਾ ਬੋਲ ਦਿੱਤਾ। ਮਕਾਨਾਂ, ਦੁਕਾਨਾਂ, ਮਸਜ਼ਿਦਾਂ ਤੇ ਸਕੂਲ ਸਾੜ੍ਹ ਦਿੱਤੇ ਗਏ। ਜਿਨ੍ਹਾਂ ਮੁਸਲਮਾਨਾਂ ਨੂੰ ਇਸ ਹਮਲੇ ਦਾ ਸ਼ੱਕ ਸੀ, ਉਨ੍ਹਾਂ ਨੇ ਮੁਕਾਬਲਾ ਕੀਤਾ। 50 ਤੋਂ ਜ਼ਿਆਦਾ ਲੋਕ, ਮੁਸਲਮਾਨ ਤੇ ਕੁਝ ਹਿੰਦੂ ਮਾਰੇ ਗਏ।
ਹਜ਼ਾਰਾਂ ਲੋਕ ਸਥਾਨਕ ਕਬਰਸਤਾਨਾਂ ਚ ਸਥਿਤ ਸ਼ਰਨਾਰਥੀ ਕੈਂਪਾਂ ਚ ਚਲੇ ਗਏ। ਜਿਸ ਸਮੇਂ ਸਰਕਾਰੀ ਅਧਿਕਾਰੀਆਂ ਨੇ ਕੋਵਿਡ-19 ਉੱਤੇ ਆਪਣੀ ਪਹਿਲੀ ਬੈਠਕ ਕੀਤੀ ਤੇ ਜ਼ਿਆਦਾਤਰ ਭਾਰਤੀਆਂ ਨੇ ਜਦੋਂ ਪਹਿਲੀ ਵਾਰ ਹੈਂਡ ਸੈਨੀਟਾਈਜ ਜਿਹੇ ਕਿਸੇ ਚੀਜ਼ ਦੀ ਹੋਂਦ ਬਾਰੇ ਸੁਣਿਆ ਉਦੋਂ ਵੀ ਗੰਦੇ, ਬਦਬੂਦਾਰ ਨਾਲਿਆਂ ਚੋਂ ਵਿਕ੍ਰਿਤ (ਕੱਟੀਆਂ-ਵੱਢੀਆਂ) ਲਾਸ਼ਾਂ ਕੱਢੀਆਂ ਜਾ ਰਹੀਆਂ ਸੀ।
ਮਾਰਚ ਦਾ ਮਹੀਨਾ ਵੀ ਰੁਝੇਵਿਆਂ ਭਰਿਆ ਸੀ। ਸ਼ੁਰੂਆਤੀ ਦੋ ਹਫ਼ਤੇ ਤਾਂ ਮੱਧ ਪ੍ਰਦੇਸ਼ ਚ ਕਾਂਗਰਸ ਦੀ ਸਰਕਾਰ ਡੇਗਣ ਤੇ ਉਸਦੀ ਜਗ੍ਹਾਂ ਭਾਜਪਾ ਦੀ ਸਰਕਾਰ ਬਣਾਉਣ ਚ ਸਮਰਪਿਤ ਕਰ ਦਿੱਤੇ ਗਏ। 11 ਮਾਰਚ ਨੂੰ ਵਿਸ਼ਵ ਸਿਹਤ ਸੰਗਠਨ ਨੇ ਘੋਸ਼ਿਤ ਕੀਤਾ ਕਿ ਕੋਵਿਡ-19 ਇੱਕ ਵਿਸ਼ਵ ਮਹਾਂਮਾਰੀ ਹੈ। ਇਸਦੇ ਦੋ ਦਿਨਾਂ ਬਾਅਦ ਵੀ 13 ਮਾਰਚ ਨੂੰ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਕੋਈ ਐਮਰਜੈਂਸੀ ਸਿਹਤ ਖਤਰਾ ਨਹੀਂ ਹੈ।
ਆਖਿਰਕਾਰ 19 ਮਾਰਚ ਨੂੰ ਭਾਰਤੀ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਜ਼ਿਆਦਾ ਹੋਮਵਰਕ ਨਹੀਂ ਕੀਤਾ ਸੀ। ਉਨ੍ਹਾਂ ਨੇ ਫਰਾਂਸ ਤੇ ਇਟਲੀ ਤੋਂ ਕਾਰਜ ਯੋਜਨਾ ਉਧਾਰ ਲੈ ਲਈ ਸੀ। ਉਨ੍ਹਾਂ ਨੇ ਸਾਨੂੰ ਸੋਸ਼ਲ ਡਿਸਟੈਸਿੰਗ ਦੀ ਜ਼ਰੂਰਤ ਬਾਰੇ ਦੱਸਿਆ (ਜਾਤੀ ਵਿਵਸਥਾ ਦੀ ਇੰਨੀ ਡੂੰਘਾਈ ਤੱਕ ਫਸੇ ਹੋਏ ਇੱਕ ਸਮਾਜ ਦੇ ਲਈ ਇਹ ਸਮਝਣਾ ਕਾਫੀ ਆਸਾਨ ਸੀ), ਤੇ 22 ਮਾਰਚ ਨੂੰ ਇੱਕ ਦਿਨ ਦੇ ਜਨਤਾ ਕਰਫ਼ਿਊ ਦਾ ਸੱਦਾ ਦਿੱਤਾ ਗਿਆ। ਸੰਕਟ ਦੇ ਇਸ ਸਮੇਂ ਚ ਸਰਕਾਰ ਕੀ ਕਰਨ ਜਾ ਰਹੀ ਹੈ ਇਸਦੇ ਬਾਰੇ ਉਨ੍ਹਾਂ ਨੇ ਕੁਝ ਨਹੀਂ ਦੱਸਿਆ। ਪਰ ਉਨ੍ਹਾਂ ਨੇ ਸਿਹਤ ਕਰਮਚਾਰੀਆਂ ਨੂੰ ਸਲਾਮੀ ਦੇਣ ਲਈ ਲੋਕਾਂ ਨੂੰ ਆਪਣੀਆਂ ਬਾਲਕਨੀਆਂ ਚ ਆ ਕੇ ਤਾੜੀਆਂ, ਥਾਲੀਆਂ ਤੇ ਘੰਟੀਆਂ ਵਗੈਰਾ ਵਜਾਉਣ ਦਾ ਸੱਦਾ ਦਿੱਤਾ
ਉਨ੍ਹਾਂ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਭਾਰਤੀ ਸਿਹਤ ਕਰਮਚਾਰੀਆਂ ਤੇ ਹਸਪਤਾਲਾਂ ਦੇ ਲਈ ਜ਼ਰੂਰੀ ਸੁਰੱਖਿਆਤਮਕ ਸਾਜ਼ੋ-ਸਮਾਨ ਤੇ ਸਾਂਹ ਪ੍ਰਣਾਲੀ ਸੰਬੰਧੀ ਸਾਜ਼ੋ-ਸਾਮਾਨ ਬਚਾ ਕੇ ਰੱਖਣ ਦੀ ਜਗ੍ਹਾਂ ਭਾਰਤ ਉਸ ਸਮੇਂ ਵੀ ਇਨ੍ਹਾਂ ਚੀਜਾਂ ਨੂੰ ਵੇਚ ਰਿਹਾ ਸੀ।
ਹੈਰਾਨੀ ਦੀ ਗੱਲ ਨਹੀਂ ਕਿ ਨਰਿੰਦਰ ਮੋਦੀ ਦੇ ਸੱਦੇ ਨੂੰ ਬਹੁਤ ਉਤਸ਼ਾਹ ਦੇ ਨਾਲ ਪੂਰਾ ਕੀਤਾ ਗਿਆ। ਥਾਲੀ ਵਜਾਉਂਦੇ ਹੋਏ, ਜਲੂਸ ਕੱਢੇ ਗਏ, ਸਮੂਹਿਕ ਨ੍ਰਿਤ ਤੇ ਫੇਰੀਆਂ ਕੱਢੀਆਂ ਗਈਆਂ। ਕੋਈ ਸੋਸ਼ਲ ਡਿਸਟੈਸਿੰਗ ਨਹੀਂ। ਬਾਅਦ ਦੇ ਦਿਨਾਂ ਚ ਲੋਕਾਂ ਨੇ ਗੋਹੇ ਨਾਲ ਭਰੀਆਂ ਟੈਂਕੀਆਂ ਚ ਛਾਲ ਮਾਰੀ ਤੇ ਭਾਜਪਾ ਸਮਰਥਕਾਂ ਨੇ ਗਊ ਮੂਤਰ ਪੀਣ ਦੀਆਂ ਪਾਰਟੀਆਂ ਆਯੋਜਿਤ ਕੀਤੀਆਂ। ਕਈ ਮੁਸਲਿਮ ਸੰਗਠਨ ਵੀ ਇਸ ਚ ਪਿੱਛੇ ਨਹੀਂ ਰਹੇ, ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਇਸ ਵਿਸ਼ਾਣੂ ਦਾ ਜਵਾਬ ਹੈ ਸਰਵਸ਼ਕਤੀਮਾਨ ਅੱਲ੍ਹਾ ਤੇ ਉਨ੍ਹਾਂ ਨੇ ਸ਼ਰਧਾਲੂ ਲੋਕਾਂ ਨੂੰ ਵੱਡੀ ਗਿਣਤੀ ਚ ਮਸਜ਼ਿਦਾਂ ਚ ਇਕੱਠਾ ਹੋਣ ਦਾ ਸੱਦਾ ਦਿੱਤਾ। 24 ਮਾਰਚ ਨੂੰ ਰਾਤ 8 ਵਜੇ ਮੋਦੀ ਟੈਲੀਵਿਜਨ ਤੇ ਫਿਰ ਇਹ ਘੋਸ਼ਣਾ ਕਰਨ ਲਈ ਦਿਖਾਈ ਦਿੱਤੇ ਕਿ ਅੱਧੀ ਰਾਤ ਤੋਂ ਪੂਰੇ ਭਾਰਤ ਚ ਲਾਕਡਾਊਨ ਹੋਵੇਗਾ। ਬਾਜ਼ਾਰ ਬੰਦ ਹੋ ਜਾਣਗੇ। ਜਨਤਕ ਤੇ ਨਿੱਜੀ ਸਾਰੇ ਵਾਹਨ ਬੰਦ ਕਰ ਦਿੱਤੇ ਜਾਣਗੇ।
ਉਨ੍ਹਾਂ ਨੇ ਕਿਹਾ ਇਹ ਫੈਸਲਾ ਉਹ ਸਿਰਫ ਇੱਕ ਪ੍ਰਧਾਨ ਮੰਤਰੀ ਦੇ ਰੂਪ ਚ ਨਹੀਂ, ਬਲਕਿ ਸਾਡੇ ਪਰਿਵਾਰ ਦੇ ਬਜੁਰਗ ਦੇ ਰੂਪ ਚ ਲੈ ਰਹੇ ਹਨ। ਰਾਜ ਸਰਕਾਰਾਂ ਤੋਂ ਸਲਾਹ ਲਏ ਬਿਨ੍ਹਾਂ, ਜਿਨ੍ਹਾਂ ਨੇ ਇਸ ਫੈਸਲੇ ਦੇ ਨਤੀਜਿਆਂ ਨਾਲ ਨਿਪਟਣਾ ਸੀ, ਦੂਜਾ ਕੌਣ ਇਹ ਫੈਸਲਾ ਕਰ ਸਕਦਾ ਹੈ ਕਿ 138 ਕਰੋੜ ਲੋਕਾਂ ਨੂੰ, ਬਿਨ੍ਹਾਂ ਕਿਸੇ ਤਿਆਰੀ ਦੇ, ਮਹਿਜ਼ ਚਾਰ ਘੰਟਿਆਂ ਦੇ ਨੋਟਿਸ ਦੇ ਨਾਲ ਲਾਕਡਾਊਨ ਕਰ ਦਿੱਤਾ ਜਾਵੇ। ਉਨ੍ਹਾਂ ਦੇ ਤਰੀਕੇ ਨਿਸ਼ਚਿਤ ਰੂਪ ਨਾਲ ਇਹ ਧਾਰਣਾ ਦਿੰਦੇ ਹਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਾਗਰਿਕਾਂ ਨੂੰ ਵਿਰੋਧੀ ਸ਼ਕਤੀ ਦੇ ਰੂਪ ਚ ਦੇਖਦੇ ਹਨ, ਜਿਨ੍ਹਾਂ ਉੱਤੇ ਘਾਤ ਲਗਾ ਕੇ ਹਮਲਾ ਕਰਨ, ਉਨ੍ਹਾਂ ਨੂੰ ਹੈਰਾਨੀ ਚ ਪਾ ਦੇਣ ਦੀ ਜ਼ਰੂਰਤ ਹੈ, ਪਰ ਕਦੇ ਵੀ ਉਨ੍ਹਾਂ ਨੂੰ ਵਿਸ਼ਵਾਸ ਚ ਲੈਣ ਦੀ ਜ਼ਰੂਰਤ ਨਹੀਂ ਹੈ।
ਲਾਕਡਾਊਨ ਚ ਅਸੀਂ ਸੀ। ਅਨੇਕ ਸਿਹਤ ਪੇਸ਼ੇਵਰਾਂ ਤੇ ਮਹਾਂਮਾਰੀ ਵਿਗਿਆਨੀਆਂ ਨੇ ਇਸ ਕਦਮ ਦੀ ਤਾਰੀਫ ਕੀਤੀ ਹੈ। ਸ਼ਾਇਦ ਉਹ ਸਿਧਾਂਤਕ ਤੌਰ ਤੇ ਠੀਕ ਹਨ। ਪਰ ਨਿਸ਼ਚਿਤ ਰੂਪ ਚ ਉਨ੍ਹਾਂ ਚੋਂ ਕੋਈ ਵੀ ਉਸ ਮਾੜੀ ਯੋਜਨਾ-ਹੀਣਤਾ ਤੇ ਕਿਸੇ ਤਿਆਰੀ ਦੀ ਘਾਟ ਦਾ ਸਮਰਥਨ ਨਹੀਂ ਕਰ ਸਕਦਾ ਜਿਸ ਨੇ ਦੁਨੀਆਂ ਦੇ ਸਭ ਤੋਂ ਵੱਡੇ, ਸਭ ਤੋਂ ਦੰਡਾਤਮਕ ਲਾਕਡਾਊਨ ਨੂੰ ਇਸਦੇ ਮਕਸਦ ਦੇ ਬਿਲਕੁਲ ਖਿਲਾਫ ਬਣਾ ਦਿੱਤਾ।
ਜਿਵੇਂ ਕਿ ਭੈਅਭੀਤ ਦੁਨੀਆ ਨੇ ਦੇਖਿਆ, ਭਾਰਤ ਨੇ ਆਪਣੀ ਸਾਰੀ ਸ਼ਰਮ ਦੇ ਵਿਚਕਾਰ ਆਪਣੀ ਕਰੂਰ, ਸੰਰਚਾਨਤਮਕ, ਸਾਮਾਜਿਕ ਤੇ ਆਰਥਿਕ ਅਸਮਾਨਤਾ ਤੇ ਪੀੜ੍ਹਾ ਦੇ ਪ੍ਰਤੀ ਆਪਣੀ ਬੇਰਹਿਮ ਉਦਾਸੀਨਤਾ ਨੂੰ ਪ੍ਰਗਟ ਕਰ ਦਿੱਤਾ।
ਲਾਕਡਾਊਨ ਨੇ ਇੱਕ ਰਸਾਇਣਿਕ ਪ੍ਰਯੋਗ ਦੀ ਤਰ੍ਹਾਂ ਕੰਮ ਕੀਤਾ ਜਿਸਨੇ ਅਚਾਨਕ ਲੁਕੀਆਂ ਚੀਜਾਂ ਨੂੰ ਰੌਸ਼ਨ ਕਰ ਦਿੱਤਾ। ਜਿਵੇਂ ਹੀ ਦੁਕਾਨਾਂ, ਰੇਸਤਰਾਂ, ਕਾਰਖਾਨੇ ਤੇ ਨਿਰਮਾਣ ਉਦਯੋਗ ਬੰਦ ਹੋਏ, ਜਿਵੇਂ ਹੀ ਧਨੀ ਤੇ ਮੱਧਮ ਵਰਗ ਨੇ ਖੁਦ ਨੂੰ ਸੁਰੱਖਿਅਤ ਕਾਲੋਨੀਆਂ ਚ ਬੰਦ ਕਰ ਲਿਆ, ਸਾਡੇ ਸ਼ਹਿਰਾਂ ਤੇ ਮਹਾਂਨਗਰਾਂ ਨੇ ਆਪਣੇ ਕੰਮਕਾਜੀ ਵਰਗ ਦੇ ਨਾਗਰਿਕਾਂ – ਆਪਣੇ ਪ੍ਰਵਾਸੀ ਮਜ਼ਦੂਰਾਂ – ਨੂੰ ਬਿਲਕੁਲ ਬੇਲੋੜੇ ਉਤਪਾਦ ਦੀ ਤਰ੍ਹਾਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।
ਆਪਣੇ ਕੰਪਨੀ ਮਾਲਿਕਾਂ ਤੇ ਮਕਾਨ ਮਾਲਿਕਾਂ ਦੁਆਰਾ ਬਾਹਰ ਕੱਢੇ ਗਏ ਬਹੁਤ ਸਾਰੇ ਲੋਕ, ਲੱਖਾਂ ਗਰੀਬ, ਭੁੱਖੇ, ਪਿਆਸੇ ਲੋਕ, ਨੌਜਵਾਨ ਤੇ ਬਜ਼ੁਰਗ, ਮਰਦ, ਔਰਤਾਂ, ਬੱਚੇ, ਬੀਮਾਰ ਲੋਕ, ਅੰਨ੍ਹੇ ਲੋਕ, ਅਪਾਹਜ ਲੋਕ, ਜਿਨ੍ਹਾਂ ਕੋਲ ਜਾਣ ਲਈ ਕੋਈ ਠਿਕਾਣਾ ਨਹੀਂ ਸੀ, ਕੋਈ ਜਨਤਕ ਵਾਹਨ ਮੌਜੂਦ ਨਹੀਂ ਸੀ, ਉਨ੍ਹਾਂ ਨੇ ਲੰਬੇ ਰਾਹਾਂ ਤੇ ਆਪਣੇ ਪਿੰਡਾਂ ਵੱਲ ਪੈਦਲ ਹੀ ਚੱਲਣਾ ਸ਼ੁਰੂ ਕਰ ਦਿੱਤਾ। ਉਹ ਸੈਂਕੜੇ ਕਿਲੋਮੀਟਰ ਦੂਰ ਬਦਾਯੂੰ, ਆਗਰਾ, ਆਜ਼ਮਗੜ੍ਹ, ਅਲੀਗੜ੍ਹ, ਲਖਨਊ, ਗੋਰਖਪੁਰ ਦੇ ਲਈ ਕਈ-ਕਈ ਦਿਨਾਂ ਤੱਕ ਚੱਲਦੇ ਰਹੇ। ਕੁਝ ਨੇ ਤਾਂ ਰਾਹ ਚ ਹੀ ਦਮ ਤੋੜ ਦਿੱਤਾ।
ਉਨ੍ਹਾਂ ਨੂੰ ਪਤਾ ਸੀ ਕਿ ਉਹ ਆਪਣੀ ਭੁੱਖਮਰੀ ਦੀ ਗਤੀ ਨੂੰ ਹੌਲੀ ਕਰਨ ਦੀ ਸੰਭਾਵਨਾ ਚ ਆਪਣੇ ਘਰ ਵੱਲ ਜਾ ਰਹੇ ਹਨ। ਉਹ ਇਹ ਵੀ ਜਾਣਦੇ ਸੀ ਕਿ ਸ਼ਾਇਦ ਉਹ ਆਪਣੇ ਨਾਲ ਇਹ ਵਿਸ਼ਾਣੂ ਵੀ ਲੈ ਕੇ ਜਾ ਰਹੇ ਹੋਣ, ਤੇ ਘਰ ਚ ਆਪਣੇ ਪਰਿਵਾਰਾਂ, ਆਪਣੇ ਮਾਤਾ-ਪਿਤਾ ਤੇ ਦਾਦਾ-ਦਾਦੀ ਨੂੰ ਵੀ ਰੋਗਗ੍ਰਸਤ ਕਰ ਦੇਣ, ਫਿਰ ਵੀ, ਉਨ੍ਹਾਂ ਨੂੰ ਰੱਤੀ ਭਰ ਹੀ ਸਹੀ, ਜਾਣੇ-ਪਹਿਚਾਣੇ ਮਾਹੌਲ, ਆਸਰੇ ਤੇ ਇੱਜ਼ਤ ਦੇ ਨਾਲ ਹੀ ਪਿਆਰ ਨਾ ਸਹੀ ਭੋਜਨ ਦੀ ਸਖ਼ਤ ਜ਼ਰੂਰਤ ਸੀ।
ਜਦੋਂ ਉਨ੍ਹਾਂ ਨੇ ਚੱਲਣਾ ਸ਼ੁਰੂ ਕੀਤਾ ਤਾਂ ਕਾਫ਼ੀ ਲੋਕਾਂ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ ਤੇ ਅਪਮਾਨਿਤ ਕੀਤਾ ਕਿਉਂਕਿ ਪੁਲਿਸ ਉੱਤੇ ਕਰਫ਼ਿਊ ਨੂੰ ਸਖਤੀ ਨਾਲ ਲਾਗੂ ਕਰਨ ਦੀ ਜਿੰਮੇਵਾਰੀ ਸੀ। ਨੌਜਵਾਨਾਂ ਨੂੰ ਰਾਜਮਾਰਗਾਂ ਤੇ ਝੁਕਣ ਤੇ ਡੱਡੂ ਦੀ ਤਰ੍ਹਾਂ ਛਾਲ ਮਾਰ ਕੇ ਚੱਲਣ ਲਈ ਮਜ਼ਬੂਰ ਕੀਤਾ ਗਿਆ। ਬਰੇਲੀ ਸ਼ਹਿਰ ਦੇ ਬਾਹਰ ਇੱਕ ਸਮੂਹ ਨੂੰ ਝੁੰਡ ਚ ਬੈਠਾ ਕੇ ਉਨ੍ਹਾਂ ਉੱਤੇ ਕੀਟਨਾਸ਼ਕ ਦਾ ਛਿੜਕਾਅ ਕੀਤਾ ਗਿਆ।
ਕੁਝ ਦਿਨਾਂ ਬਾਅਦ, ਇਸ ਚਿੰਤਾ ਚ ਕਿ ਪਲਾਇਨ ਕਰ ਰਹੇ ਲੋਕ ਪਿੰਡਾਂ ਚ ਵੀ ਵਿਸ਼ਾਣੂ ਫੈਲਾ ਦੇਣਗੇ, ਸਰਕਾਰ ਨੇ ਪੈਦਲ ਚੱਲਣ ਵਾਲਿਆਂ ਲਈ ਵੀ ਸੂਬਿਆਂ ਦੀਆਂ ਸੀਮਾਵਾਂ ਨੂੰ ਸੀਲ ਕਰਵਾ ਦਿੱਤਾ। ਕਈ ਦਿਨਾਂ ਤੋਂ ਪੈਦਲ ਚੱਲ ਰਹੇ ਲੋਕਾਂ ਨੂੰ ਰੋਕ ਕੇ ਵਾਪਿਸ ਉਨ੍ਹਾਂ ਹੀ ਸ਼ਹਿਰਾਂ ਦੇ ਕੈਂਪਾਂ ਚ ਪਰਤਣ ਲਈ ਮਜਬੂਰ ਕਰ ਦਿੱਤਾ ਗਿਆ ਜਿੱਥੋਂ ਤੁਰੰਤ ਹੀ ਉਨ੍ਹਾਂ ਨੂੰ ਨਿਕਲਣ ਲਈ ਮਜਬੂਰ ਕਰ ਦਿੱਤਾ ਗਿਆ ਸੀ।
ਪੁਰਾਣੇ ਲੋਕਾਂ ਲਈ 1947 ਦੀ ਵੰਡ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਜਦੋਂ ਭਾਰਤ ਦੀ ਵੰਡ ਹੋਈ ਸੀ ਤੇ ਪਾਕਿਸਤਾਨ ਦਾ ਜਨਮ ਹੋਇਆ ਸੀ। ਇਸ ਤੁਲਨਾ ਤੋਂ ਇਲਾਵਾ ਇਹ ਹਿਜਰਤ ਵਰਗ-ਵੰਡ ਤੋਂ ਸੰਚਾਲਿਤ ਸੀ, ਧਰਮ ਤੋਂ ਨਹੀਂ। ਇਸ ਸਭ ਦੇ ਬਾਵਜੂਦ ਵੀ ਇਹ ਭਾਰਤ ਦੇ ਸਭ ਤੋਂ ਗਰੀਬ ਲੋਕ ਨਹੀਂ ਸੀ। ਇਹ ਉਹ ਲੋਕ ਸੀ, ਜਿਨ੍ਹਾਂ ਕੋਲ (ਘੱਟੋ-ਘੱਟ ਹੁਣ ਤੱਕ) ਸ਼ਹਿਰਾਂ ਚ ਕੰਮ ਸੀ ਤੇ ਵਾਪਸ ਆਉਣ ਲਈ ਘਰ ਸੀ। ਬੇਰੁਜਗਾਰ ਲੋਕ, ਬੇਘਰ ਲੋਕ ਤੇ ਨਿਰਾਸ਼ ਲੋਕ ਸ਼ਹਿਰਾਂ ਤੇ ਦਿਹਾਤ ਚ ਜਿੱਥੇ ਸੀ ਉੱਥੇ ਹੀ ਟਿਕੇ ਹੋਏ ਸੀ, ਜਿੱਥੇ ਇਸ ਤ੍ਰਾਸਦੀ ਦੇ ਵਾਪਰਨ ਤੋਂ ਕਾਫ਼ੀ ਪਹਿਲਾਂ ਹੀ ਡੂੰਘਾ ਸੰਕਟ ਵਧ ਰਿਹਾ ਸੀ। ਇਨ੍ਹਾਂ ਭਿਆਨਕ ਦਿਨਾਂ ਦੇ ਦੌਰਾਨ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਨਤਕ ਦ੍ਰਿਸ਼ ਤੋਂ ਗਾਇਬ ਰਹੇ।
ਜਦੋਂ ਦਿੱਲੀ ਤੋਂ ਪਲਾਇਨ ਸ਼ੁਰੂ ਹੋਇਆ ਤਾਂ ਮੈਂ ਇੱਕ ਪੱਤ੍ਰਿਕਾ, ਜਿਸਦੇ ਲਈ ਮੈਂ ਅਕਸਰ ਲਿਖਦੀ ਹਾਂ, ਉਸਦੇ ਪ੍ਰੈੱਸ ਪਾਸ ਦੀ ਵਰਤੋਂ ਕਰਕੇ ਮੈਂ ਗਾਜੀਪੁਰ ਗਈ, ਜੋ ਦਿੱਲੀ ਤੇ ਉੱਤਰ-ਪ੍ਰਦੇਸ਼ ਦੀ ਸੀਮਾ ਉੱਤੇ ਹੈ।
ਵਿਸ਼ਾਲ ਜਨ ਸੈਲਾਬ ਸੀ। ਜਿਵੇਂ ਕਿ ਬਾਈਬਲ ਚ ਵਰਣਿਤ ਹੈ। ਜਾਂ ਸ਼ਾਇਦ ਨਹੀਂ, ਕਿਉਂਕਿ ਬਾਈਬਲ ਅਜਿਹੀ ਗਿਣਤੀਆਂ ਨੂੰ ਨਹੀਂ ਜਾਣ ਸਕਦੀ ਸੀ। ਸਰੀਰਕ ਦੂਰੀ ਬਣਾਉਣ ਦੇ ਮਕਸਦ ਨਾਲ ਲਾਗੂ ਕੀਤਾ ਗਿਆ ਲਾਕਡਾਊਨ ਆਪਣੇ ਉਲਟ ਚ ਬਦਲ ਚੁੱਕਿਆ ਸੀ। ਕਲਪਨਾਯੋਗ ਪੈਮਾਨੇ ਦੀ ਸਰੀਰਕ ਨਜ਼ਦੀਕੀ ਸੀ। ਭਾਰਤ ਦੇ ਸ਼ਹਿਰਾਂ ਤੇ ਕਸਬਿਆਂ ਦਾ ਵੀ ਸੱਚ ਇਹੀ ਹੈ। ਮੁੱਖ ਸੜਕਾਂ ਹੋ ਸਕਦਾ ਹੈ ਖਾਲੀ ਹੋਣ ਪਰ ਗਰੀਬ ਲੋਕ ਬਸਤੀਆਂ ਤੇ ਝੁੱਗੀਆਂ ਝੋਪੜੀਆਂ ਦੀਆਂ ਤੰਗ ਕੋਠੜੀਆਂ ਚ ਧੱਕੇ ਪਏ ਹਨ।
ਤੁਰੇ ਜਾ ਰਹੇ ਲੋਕਾਂ ਚੋਂ ਜਿਸ ਨਾਲ ਵੀ ਮੈਂ ਗੱਲ ਕੀਤੀ ਸਾਰੇ ਵਿਸ਼ਾਣੂ ਤੋਂ ਚਿੰਤਤ ਸੀ। ਫਿਰ ਵੀ ਉਨ੍ਹਾਂ ਦੇ ਜੀਵਨ ਉੱਤੇ ਮੰਡਰਾ ਰਹੀ ਬੇਰੁਜਗਾਰੀ, ਭੁੱਖਮਰੀ ਤੇ ਪੁਲਿਸ ਦੀ ਹਿੰਸਾ ਦੀ ਤੁਲਨਾ ਚ ਇਹ ਘੱਟ ਵਾਸਤਵਿਕ ਸੀ, ਤੇ ਘੱਟ ਮੌਜੂਦ ਸੀ। ਉਸ ਦਿਨ ਮੈਂ ਜਿੰਨੇ ਲੋਕਾਂ ਨਾਲ ਗੱਲ ਕੀਤੀ ਸੀ, ਉਨ੍ਹਾਂ ਚ ਮੁਸਲਿਮ ਦਰਜੀਆਂ ਦਾ ਇੱਕ ਸਮੂਹ ਵੀ ਸ਼ਾਮਿਲ ਸੀ, ਜੋ ਕੁਝ ਹਫ਼ਤੇ ਪਹਿਲਾਂ ਹੀ ਮੁਸਲਿਮ ਵਿਰੋਧੀ ਹਮਲਿਆਂ ਤੋਂ ਬਚ ਗਿਆ ਸੀ, ਉਨ੍ਹਾਂ ਚੋਂ ਇੱਕ ਵਿਅਕਤੀ ਦੇ ਸ਼ਬਦਾਂ ਨੇ ਮੈਨੂੰ ਵਿਸ਼ੇਸ਼ ਰੂਪ ਚ ਪਰੇਸ਼ਾਨ ਕਰ ਦਿੱਤਾ। ਉਹ ਰਾਮਜੀਤ ਨਾਮ ਦਾ ਇੱਕ ਲੱਕੜ ਦਾ ਮਿਸਤਰੀ ਸੀ, ਜਿਸਨੇ ਨੇਪਾਲ ਦੀ ਸੀਮਾ ਦੇ ਕੋਲ ਗੋਰਖਪੁਰ ਤੱਕ ਪੈਦਲ ਜਾਣ ਦੀ ਯੋਜਨਾ ਬਣਾਈ ਸੀ।
ਉਸਨੇ ਕਿਹਾ, “ਸ਼ਾਇਦ ਜਦੋਂ ਮੋਦੀ ਜੀ ਨੇ ਅਜਿਹਾ ਕਰਨ ਦਾ ਫੈਸਲਾ ਕੀਤਾ, ਤਾਂ ਕਿਸੇ ਨੇ ਉਨ੍ਹਾਂ ਨੂੰ ਸਾਡੇ ਬਾਰੇ ਦੱਸਿਆ ਨਹੀਂ ਹੋਵੇਗਾ। ਸ਼ਾਇਦ ਉਹ ਸਾਡੇ ਬਾਰੇ ਚ ਨਾ ਜਾਣਦੇ ਹੋਣ 
               “ਸਾਡੇ ਦਾ ਅਰਥ ਹੈ ਲਗਭਗ 46 ਕਰੋੜ ਲੋਕ।
ਇਸ ਸੰਕਟ ਚ ਭਾਰਤ ਦੀਆਂ ਰਾਜ ਸਰਕਾਰਾਂ ਨੇ (ਅਮਰੀਕਾ ਦੀ ਹੀ ਤਰ੍ਹਾਂ) ਵੱਡਾ ਦਿਲ ਤੇ ਸਮਝ ਦਿਖਾਈ ਹੈ। ਟ੍ਰੇਡ ਯੂਨੀਅਨਾਂ, ਨਿੱਜੀ ਤੌਰ ਤੇ ਨਾਗਰਿਕ ਤੇ ਹੋਰ ਸਮੂਹ ਭੋਜਨ ਤੇ ਅਪਾਤਕਾਲੀਨ ਰਾਸ਼ਨ ਵੰਡ ਰਹੇ ਹਨ। ਕੇਂਦਰ ਸਰਕਾਰ ਰਾਹਤ ਦੇ ਲਈ ਉਨ੍ਹਾਂ ਦੀਆਂ ਹਤਾਸ਼ਾ ਭਰੀਆਂ ਅਪੀਲਾਂ ਦਾ ਜਵਾਬ ਦੇਣ ਚ ਅਵੇਸਲੀ ਰਹੀ ਹੈ। ਇਹ ਪਤਾ ਲੱਗਿਆ ਹੈ ਕਿ ਪ੍ਰਧਾਨਮੰਤਰੀ ਦੇ ਰਾਸ਼ਟਰੀ ਰਾਹਤ ਕੋਸ਼ ਚ ਕੋਈ ਨਕਦੀ ਉਪਲਬਧ ਨਹੀਂ ਹੈ। ਇਸਦੀ ਬਜਾਏ, ਸ਼ੁਭਚਿੰਤਕਾਂ ਦਾ ਪੈਸਾ ਕੁਝ ਹੱਦ ਤੱਕ ਰਹੱਸਮਈ ਨਵੇਂ ਪੀਐਮ-ਕੇਅਰ ਫੰਡ ਚ ਪਾਇਆ ਜਾ ਰਿਹਾ ਹੈ। ਮੋਦੀ ਦੇ ਚਿਹਰੇ ਵਾਲੇ ਭੋਜਨ ਦੇ ਪੈਕਟ ਦਿਖਣੇ ਸ਼ੁਰੂ ਹੋ ਗਏ ਹਨ।
ਇਸ ਤੋਂ ਇਲਾਵਾ ਪ੍ਰਧਾਨਮੰਤਰੀ ਨੇ ਆਪਣੀ ਯੋਗ ਨਿਦਰਾ ਦੀਆਂ ਵੀਡਿਓ ਕਲਿੱਪਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਚ ਬਦਲੇ ਰੂਪ ਚ ਊਰਜਾ ਨਾਲ ਭਰਪੂਰ ਮੋਦੀ ਇੱਕ ਸੁਪਨਮਈ ਸਰੀਰ ਦੇ ਨਾਲ ਯੋਗ ਆਸਣ ਕਰਕੇ ਦਿਖਾ ਰਹੇ ਹਨ ਤਾਂਕਿ ਲੋਕ ਸਵੈ-ਇਕੱਲਤਾ ਦੌਰਾਨ ਆਪਣੇ ਤਣਾਅ ਨੂੰ ਘੱਟ ਕਰ ਸਕਣ। ਇਹ ਆਤਮਮੋਹ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਸੰਭਾਵਿਤ ਤੌਰ ਤੇ ਉਨ੍ਹਾਂ ਚ ਇੱਕ ਆਸਣ ਬੇਨਤੀ-ਆਸਣ ਵੀ ਹੋ ਸਕਦਾ ਸੀ ਜਿਸ ਚ ਮੋਦੀ ਫਰਾਂਸ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਕਿ ਸਾਨੂੰ ਉਸ ਤਕਲੀਫਦੇਹ ਰਾਫੇਲ ਲੜਾਕੂ ਜਹਾਜ਼ ਸੌਦੇ ਤੋਂ ਬਾਹਰ ਨਿਕਲਣ ਦੀ ਆਗਿਆ ਦਿੱਤੀ ਜਾਵੇ ਤਾਂਕਿ 78 ਲੱਖ ਯੂਰੋ ਦੀ ਉਸ ਰਕਮ ਨੂੰ ਅਸੀਂ ਅਤਿਅੰਤ ਜ਼ਰੂਰੀ ਅਪਾਤਕਾਲੀਨ ਯੋਜਨਾਵਾਂ ਚ ਵਰਤ ਸਕੀਏ ਜਿਸ ਨਾਲ ਕਈ ਲੱਖ ਭੁੱਖੇ ਲੋਕਾਂ ਦੀ ਮਦਦ ਕੀਤੀ ਜਾ ਸਕੇ। ਨਿਸ਼ਚਿਤ ਰੂਪ ਚ ਫਰਾਂਸ ਇਸਨੂੰ ਸਮਝੇਗਾ।
ਲਾਕਡਾਊਨ ਦੇ ਦੂਜੇ ਹਫ਼ਤੇ ਚ ਪਹੁੰਚਣ ਤੱਕ ਸਪਲਾਈ ਚੇਨਾਂ ਟੁੱਟ ਚੁੱਕੀਆਂ ਹਨ, ਦਵਾਈਆਂ ਤੇ ਜ਼ਰੂਰੀ ਵਸਤੂਆਂ ਦੀ ਪੂਰਤੀ ਕਮਜ਼ੋਰ ਪੈ ਚੁੱਕੀ ਹੈ। ਹਜ਼ਾਰਾਂ ਟਰੱਕ ਡਰਾਇਵਰ ਰਾਜਮਾਰਗਾਂ ਉੱਤੇ ਹੁਣ ਵੀ ਬੇਬਸ ਹੋ ਕੇ ਫਸੇ ਹੋਏ ਹਨ, ਜਿਨ੍ਹਾਂ ਕੋਲ ਨਾ ਖਾਣ ਲਈ ਕੁਝ ਹੈ ਤੇ ਨਾ ਪਾਣੀ ਹੈ। ਕਟਾਈ ਦੇ ਲਈ ਤਿਆਰ ਖੜ੍ਹੀਆਂ ਫਸਲਾਂ ਹੌਲੀ-ਹੌਲੀ ਖਰਾਬ ਹੋਣ ਲੱਗੀਆਂ ਹਨ।
ਆਰਥਿਕ ਸੰਕਟ ਹੈ ਹੀ। ਰਾਜਨੀਤਿਕ ਸੰਕਟ ਵੀ ਜਾਰੀ ਹੈ। ਮੁੱਖਧਾਰਾ ਦੇ ਮੀਡੀਆ ਨੇ ਆਪਣੇ 24/7 ਚੱਲਣ ਵਾਲੇ ਜ਼ਹਿਰੀਲੇ ਮੁਸਲਿਮ ਵਿਰੋਧੀ ਅਭਿਆਨ ਚ ਕੋਵਿਡ ਦੀ ਕਹਾਣੀ ਨੂੰ ਵੀ ਸ਼ਾਮਿਲ ਕਰ ਲਿਆ ਹੈ। ਤਬਲੀਗੀ ਜਮਾਤ ਨਾਮਕ ਇੱਕ ਸੰਗਠਨ, ਜਿਸ ਨੇ ਲਾਕਡਾਊਨ ਦੀ ਘੋਸ਼ਣਾ ਤੋਂ ਪਹਿਲਾਂ ਦਿੱਲੀ ਚ ਇੱਕ ਬੈਠਕ ਆਯੋਜਿਤ ਕੀਤੀ ਸੀ, ਇੱਕ ਸੁਪਰ ਸਪਰੈਡਰ ਬਣਕੇ ਸਾਹਮਣੇ ਆਇਆ ਹੈ। ਇਸਦੀ ਵਰਤੋਂ ਮੁਸਲਮਾਨਾਂ ਨੂੰ ਕਲੰਕਿਤ ਕਰਨ ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਹੈ। ਕੁੱਲ ਮਿਲਾ ਕੇ ਧੁਨ ਅਜਿਹੀ ਹੈ ਜਿਵੇਂ ਕਿ ਮੁਸਲਮਾਨਾਂ ਨੇ ਹੀ ਇਸ ਵਿਸ਼ਾਣੂ ਦੀ ਖੋਜ ਕੀਤੀ ਹੋਵੇ ਤੇ ਇਸਨੂੰ ਜਾਣਬੁੱਝ ਕੇ ਜਿਹਾਦ ਦੇ ਰੂਪ ਚ ਫੈਲਾਇਆ ਹੋਵੇ।
ਹਾਲੇ ਕੋਵਿਡ ਦਾ ਸੰਕਟ ਆਉਣਾ ਬਾਕੀ ਹੈ, ਜਾਂ ਨਹੀਂ, ਅਸੀਂ ਨਹੀਂ ਜਾਣਦੇ। ਜੇਕਰ ਤੇ ਜਦੋਂ ਅਜਿਹਾ ਹੁੰਦਾ ਹੈ, ਤਾਂ ਅਸੀਂ ਸੁਨਿਸ਼ਚਿਤ ਹੋ ਸਕਦੇ ਹਾਂ ਕਿ ਧਰਮ, ਜਾਤ ਤੇ ਵਰਗ ਦੇ ਸਾਰੇ ਪ੍ਰਚੱਲਿਤ ਪੱਖਪਾਤਾਂ ਦੇ ਨਾਲ ਹੀ ਇਸ ਨਾਲ ਨਿਪਟਿਆ ਜਾ ਸਕੇਗਾ।
ਅੱਜ 2 ਅਪ੍ਰੈਲ ਤੱਕ ਭਾਰਤ ਚ ਲਗਭਗ 2000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 58 ਮੌਤਾਂ ਹੋ ਚੁੱਕੀਆਂ ਹਨ। ਖੇਦਜਨਕ ਢੰਗ ਨਾਲ ਬਹੁਤ ਘੱਟ ਟੈਸਟਾਂ ਦੇ ਕਾਰਨ ਇਨ੍ਹਾਂ ਗਿਣਤੀਆਂ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਵਿਸ਼ੇਸ਼ਕਾਂ ਦੀ ਰਾਇ ਚ ਆਪਸ ਚ ਬਹੁਤ ਅੰਤਰ ਹੈ। ਕੁਝ ਲੱਖਾਂ ਮਾਮਲਿਆਂ ਦੀ ਭਵਿੱਖਬਾਣੀ ਕਰਦੇ ਹਨ। ਤਾਂ ਦੂਜਿਆਂ ਨੂੰ ਲੱਗਦਾ ਹੈ ਕਿ ਇਸਦਾ ਅਸਰ ਕਾਫੀ ਘੱਟ ਹੋਵੇਗਾ। ਅਸੀਂ ਇਸ ਸੰਕਟ ਦੇ ਅਸਲੀ ਰੂਪ ਨੂੰ ਕਦੇ ਵੀ ਜਾਣ ਨਹੀਂ ਸਕਾਂਗੇ, ਬੇਸ਼ੱਕ ਅਸੀਂ ਵੀ ਇਸਦੀ ਚਪੇਟ ਚ ਆ ਜਾਈਏ। ਅਸੀਂ ਸਾਰੇ ਜਾਣਦੇ ਹਾਂ ਕਿ ਹਸਪਤਾਲਾਂ ਚ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ।
ਭਾਰਤ ਦੇ ਜਨਤਕ ਹਸਪਤਾਲਾਂ ਤੇ ਕਲੀਨਿਕਾਂ ਚ ਹਰ ਸਾਲ 10 ਲੱਖ ਬੱਚਿਆਂ ਨੂੰ ਡਾਇਰੀਆ, ਕੁਪੋਸ਼ਣ ਤੇ ਹੋਰ ਸਿਹਤ ਸਮੱਸਿਆਵਾਂ ਤੋਂ ਬਚਾਉਣ ਦੀ ਸਮਰੱਥਾ ਨਹੀਂ ਹੈ, ਜਿਸਦੇ ਕਾਰਨ ਉਹ ਮਰ ਜਾਂਦੇ ਹਨ। ਇੱਥੇ ਲੱਖਾਂ ਟੀਬੀ ਦੇ ਮਰੀਜ (ਵਿਸ਼ਵ ਦਾ ਇੱਕ ਚੌਥਾਈ) ਹਨ। ਇੱਥੇ ਭਾਰੀ ਗਿਣਤੀ ਚ ਲੋਕ ਘੱਟ ਖ਼ੂਨ ਤੇ ਕੁਪੋਸ਼ਣ ਤੋਂ ਗ੍ਰਸਤ ਹਨ ਜਿਸਦੇ ਕਾਰਨ ਕੋਈ ਵੀ ਮਾਮੂਲੀ ਬਿਮਾਰੀ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋ ਜਾਂਦੀ ਹੈ। ਜਿਸ ਤਰ੍ਹਾਂ ਦੇ ਵਿਸ਼ਾਣੂ ਸੰਕਟ ਤੋਂ ਅਮਰੀਕਾ ਤੇ ਯੂਰਪ ਜੂਝ ਰਹੇ ਹਨ, ਉਸ ਪੈਮਾਨੇ ਦੇ ਸੰਕਟ ਨੂੰ ਸੰਭਾਲਣ ਦੀ ਸਮਰੱਥਾ ਸਾਡੇ ਜਨਤਕ ਖੇਤਰ ਦੇ ਹਸਪਤਾਲਾਂ ਤੇ ਕਲੀਨਿਕਾਂ ਚ ਨਹੀਂ ਹੈ।
ਹੁਣ ਕਿਉਂਕਿ ਹਸਪਤਾਲ ਕੋਰੋਨਾ ਨਾਲ ਨਿਪਟਣ ਚ ਲਗਾ ਦਿੱਤੇ ਗਏ ਹਨ, ਅਖੀਰ ਇਸ ਸਮੇਂ ਲਗਭਗ ਸਾਰੀਆਂ ਸਿਹਤ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਦਿੱਲੀ ਚ ਏਮਜ਼ ਦਾ ਪ੍ਰਸਿੱਧ ਟ੍ਰਾਮਾ ਸੈਂਟਰ ਬੰਦ ਕਰ ਦਿੱਤਾ ਗਿਆ ਹੈ। ਸੈਂਕੜੇ ਕੈਂਸਰ ਰੋਗੀ, ਜਿਨ੍ਹਾਂ ਨੂੰ ਕੈਂਸਰ ਸ਼ਰਨਾਰਥੀ ਕਿਹਾ ਜਾਂਦਾ ਹੈ, ਤੇ ਜੋ ਉਸ ਵਿਸ਼ਾਲ ਹਸਪਤਾਲ ਦੇ ਬਾਹਰ ਦੀਆਂ ਸੜਕਾਂ ਤੇ ਹੀ ਰਹਿੰਦੇ ਹਨ, ਉਨ੍ਹਾਂ ਨੂੰ ਪਸ਼ੂਆਂ ਦੀ ਤਰ੍ਹਾਂ ਖਦੇੜ ਦਿੱਤਾ ਗਿਆ ਹੈ।
ਲੋਕ ਬੀਮਾਰ ਹੋ ਜਾਣਗੇ ਤੇ ਘਰ ਚ ਹੀ ਮਰ ਜਾਣਗੇ। ਅਸੀਂ ਉਨ੍ਹਾਂ ਦੀਆਂ ਕਹਾਣੀਆਂ ਨੂੰ ਕਦੇ ਵੀ ਜਾਣ ਨਹੀਂ ਸਕਾਂਗੇ। ਹੋ ਸਕਦਾ ਹੈ ਕਿ ਉਹ ਆਂਕੜਿਆਂ ਚ ਕਦੇ ਵੀ ਆ ਹੀ ਨਾ ਸਕਣ। ਅਸੀਂ ਸਿਰਫ ਇਹ ਉਮੀਦ ਕਰ ਸਕਦੇ ਹਾਂ ਕਿ ਇਸ ਵਿਸ਼ਾਣੂ ਨੂੰ ਠੰਢਾ ਮੌਸਮ ਪਸੰਦ ਹੈ, ਅਜਿਹੇ ਅਧਿਐਨ ਸਹੀ ਹੋਣ (ਹਾਲਾਂਕਿ ਦੂਜੇ ਖੋਜਕਰਤਾਵਾਂ ਨੇ ਇਸ ਉੱਤੇ ਸ਼ੱਕ ਪ੍ਰਗਟ ਕੀਤਾ ਹੈ)। ਭਾਰਤੀ ਲੋਕਾਂ ਨੇ ਇਸ ਤੋਂ ਪਹਿਲਾਂ ਕਦੇ ਇੰਨੇ ਤਰਕਹੀਣ ਢੰਗ ਨਾਲ ਤੇ ਇੰਨੀ ਤਿੱਖੀ ਲਾਲਸਾ ਨਾਲ ਭਾਰਤ ਦੇ ਸਾੜ੍ਹ ਦੇਣ ਵਾਲੇ ਤੇ ਪਰੇਸ਼ਾਨ ਕਰ ਦੇਣ ਵਾਲੇ ਗਰਮੀ ਦੇ ਮੌਸਮ ਦਾ ਇੰਤਜ਼ਾਰ ਨਹੀਂ ਕੀਤਾ ਹੈ।
ਸਾਡੇ ਨਾਲ ਇਹ ਕੀ ਵਾਪਰਿਆ ਹੈ ? ਇਹ ਇੱਕ ਵਿਸ਼ਾਣੂ ਹੈ। ਹਾਂ ਹੈ, ਤਾਂ ਫਿਰ। ਇੰਨੀ ਕੁ ਗੱਲ ਚ ਤਾਂ ਕੋਈ ਨੈਤਿਕ ਗਿਆਨ ਨਹੀਂ ਸ਼ਾਮਿਲ ਹੈ। ਪਰ ਨਿਸ਼ਚਿਤ ਰੂਪ ਚ ਇਹ ਵਿਸ਼ਾਣੂ ਤੋਂ ਕੁਝ ਜਿਆਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਨੂੰ ਹੋਸ਼ ਚ ਲਿਆਉਣ ਦਾ ਰੱਬ ਦਾ ਤਰੀਕਾ ਹੈ। ਦੂਜਿਆਂ ਦਾ ਕਹਿਣਾ ਹੈ ਕਿ ਇਹ ਦੁਨੀਆਂ ਉੱਤੇ ਕਬਜ਼ਾ ਕਰਨ ਦੀ ਚੀਨ ਦੀ ਸਾਜਿਸ਼ ਹੈ। ਚਾਹੇ ਜੋ ਹੋਵੇ, ਕੋਰੋਨਾ ਵਿਸ਼ਾਣੂ ਨੇ ਸ਼ਕਤੀਸ਼ਾਲੀ ਨੂੰ ਗੋਡੇ ਟੇਕਣ ਤੇ ਮਜਬੂਰ ਕੀਤਾ ਹੈ ਤੇ ਦੁਨੀਆਂ ਨੂੰ ਇੱਕ ਅਜਿਹੇ ਠਹਿਰਾਅ ਉੱਤੇ ਖੜ੍ਹਾ ਕਰ ਦਿੱਤਾ ਹੈ ਜਿਵੇਂ ਇਸ ਤੋਂ ਪਹਿਲਾਂ ਕੋਈ ਚੀਜ਼ ਨਹੀਂ ਕਰ ਸਕੀ ਸੀ।
ਸਾਡੇ ਦਿਮਾਗ਼ ਹਾਲੇ ਵੀ ਅੱਗੇ-ਪਿੱਛੇ ਦੌੜ ਲਗਾ ਰਹੇ ਹਨ ਤੇ ਆਮ ਸਥਿਤੀ ਚ ਆਉਣ ਲਈ ਇੰਤਜ਼ਾਰ ਕਰ ਰਹੇ ਹਨ, ਤੇ ਭਵਿੱਖ ਨੂੰ ਅਤੀਤ ਦੇ ਨਾਲ ਰਫੂ ਕਰਨ ਦੀ ਕੋਸ਼ਿਸ਼ ਚ ਲੱਗੇ ਹੋਏ ਹਨ ਤੇ ਵਿਚਕਾਰ ਪੈ ਚੁੱਕੀ ਦਰਾਰ ਜਾਂ ਵਿਗਾੜ ਨੂੰ ਮੰਨਣ ਤੋਂ ਇਨਕਾਰੀ ਹੋ ਰਹੇ ਹਨ। ਪਰ ਇਹ ਦਰਾਰ ਤਾਂ ਹੋਂਦ ਰੱਖਦੀ ਹੈ। ਤੇ ਇਸ ਘੋਰ ਹਤਾਸ਼ਾ ਦੇ ਵਿਚਕਾਰ ਇਹ ਸਾਨੂੰ ਇੱਕ ਮੌਕਾ ਮੁਹੱਈਆ ਕਰਵਾਉਂਦੀ ਹੈ ਕਿ ਅਸੀਂ ਆਪਣੇ ਲਈ ਜੋ ਇਹ ਵਿਨਾਸ਼ਕਾਰੀ ਮਸ਼ੀਨ ਬਣਾਈ ਹੈ, ਉਸ ਉੱਤੇ ਪੁਨਰਵਿਚਾਰ ਕਰ ਸਕੀਏ। ਆਮ ਸਥਿਤੀਆਂ ਚ ਵਾਪਸ ਪਰਤਣ ਤੋਂ ਜ਼ਿਆਦਾ ਬੁਰਾ ਹੋਰ ਕੁਝ ਨਹੀਂ ਹੋ ਸਕਦਾ।
ਇਤਿਹਾਸਿਕ ਰੂਪ ਚ, ਵਿਸ਼ਵ ਮਹਾਂਮਾਰੀਆਂ ਨੇ ਇਨਸਾਨਾਂ ਨੂੰ ਹਮੇਸ਼ਾਂ ਅਤੀਤ ਤੋਂ ਟੁੱਟਣ ਤੇ ਆਪਣੇ ਲਈ ਇੱਕ ਬਿਲਕੁਲ ਨਵੀਂ ਦੁਨੀਆਂ ਦੀ ਕਲਪਨਾ ਕਰਨ ਨੂੰ ਮਜਬੂਰ ਕੀਤਾ ਹੈ। ਇਹ ਮਹਾਂਮਾਰੀ ਵੀ ਅਜਿਹੀ ਹੀ ਹੈ। ਇਹ ਇੱਕ ਦੁਨੀਆਂ ਤੇ ਅਗਲੀ ਦੁਨੀਆਂ ਦੇ ਵਿਚਕਾਰ ਦਾ ਮਾਰਗ ਹੈ, ਪ੍ਰਵੇਸ਼-ਦੁਆਰ ਹੈ। ਅਸੀਂ ਚਾਹੀਏ ਤਾਂ ਆਪਣੇ ਪੱਖਪਾਤਾਂ ਤੇ ਨਫ਼ਰਤਾਂ, ਆਪਣੇ ਲੋਭ-ਲਾਲਚ, ਆਪਣੇ ਡਾਟਾ ਬੈਂਕਾਂ ਤੇ ਮ੍ਰਿਤ ਵਿਚਾਰਾਂ, ਆਪਣੀਆਂ ਮ੍ਰਿਤ ਨਦੀਆਂ ਤੇ ਧੂੰਆਂ ਭਰੇ ਆਸਮਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਪਿੱਛੇ-ਪਿੱਛੇ ਘਸੀਟਦੇ ਹੋਏ ਇਨ੍ਹਾਂ ਚ ਪ੍ਰਵੇਸ਼ ਕਰ ਸਕਦੇ ਹਾਂ। ਜਾਂ ਅਸੀਂ ਹਲਕੇ-ਫੁਲਕੇ ਅੰਦਾਜ਼ ਨਾਲ ਬਿਨ੍ਹਾਂ ਅਤੀਤ ਦਾ ਕੋਈ ਬੋਝ ਢੋਏ ਇੱਕ ਨਵੀਂ ਦੁਨੀਆਂ ਦੀ ਕਲਪਨਾ ਤੇ ਉਸਦੇ ਲਈ ਸੰਘਰਸ਼ ਦੀ ਤਿਆਰੀ ਕਰ ਸਕਦੇ ਹਾਂ।     

 ਅਰੁੰਧਤੀ ਰਾਏ     
ਅਨੁਵਾਦ: ਹਰਜੋਤ
ਸੰਪਰਕ: 9876922503

Tuesday, April 7, 2020

ਕੋਰੋਨਾ ਵਾਇਰਸ ਤੋਂ ਬਾਅਦ ਦੁਨੀਆ





ਦੁਨੀਆ ਭਰ ਦੇ ਇਨਸਾਨਾਂ ਅੱਗੇ ਇੱਕ ਵੱਡਾ ਸੰਕਟ ਹੈ. ਸਾਡੀ ਪੀੜ੍ਹੀ ਦਾ ਸ਼ਾਇਦ ਇਹ ਸਭ ਤੋਂ ਵੱਡਾ ਸੰਕਟ ਹੈ. ਆਉਣ ਵਾਲੇ ਕੁਝ ਹਫ਼ਤਿਆਂ ਚ ਲੋਕ ਤੇ ਸਰਕਾਰਾਂ ਜੋ ਫ਼ੈਸਲੇ ਕਰਨਗੀਆਂ, ਉਨ੍ਹਾਂ ਦੇ ਅਸਰ ਨਾਲ ਦੁਨੀਆ ਦਾ ਹੁਲੀਆ ਆਉਣ ਵਾਲੇ ਸਾਲਾਂ ਚ ਬਦਲ ਜਾਵੇਗਾ. ਇਹ ਬਦਲਾਅ ਕੇਵਲ ਸਿਹਤ ਸੇਵਾਵਾਂ ਚ ਹੀ ਨਹੀਂ ਬਲਕਿ ਅਰਥ-ਵਿਵਸਥਾ, ਰਾਜਨੀਤੀ ਤੇ ਸੱਭਿਆਚਾਰ ਚ ਵੀ ਹੋਣਗੇ. ਸਾਨੂੰ ਤੇਜ਼ੀ ਨਾਲ ਨਿਰਣਾਇਕ ਫੈਸਲੇ ਕਰਨੇ ਪੈਣਗੇ. ਸਾਨੂੰ ਆਪਣੇ ਫ਼ੈਸਲਿਆਂ ਦੇ ਲੰਬੇ ਸਮੇਂ ਤੱਕ ਰਹਿਣ ਵਾਲੇ ਨਤੀਜਿਆਂ ਦੇ ਬਾਰੇ ਵੀ ਸੁਚੇਤ ਰਹਿਣਾ ਪਵੇਗਾ. ਜਦੋਂ ਅਸੀਂ ਵਿਕਲਪਾਂ ਦੇ ਬਾਰੇ ਸੋਚ ਰਹੇ ਹਾਂ ਤਾਂ ਸਾਨੂੰ ਖੁਦ ਤੋਂ ਸਵਾਲ ਪੁੱਛਣਾ ਹੋਵੇਗਾ, ਕੇਵਲ ਇਹੀ ਸਵਾਲ ਨਹੀਂ ਕਿ ਅਸੀਂ ਇਸ ਸੰਕਟ ਤੋਂ ਕਿਵੇਂ ਉਭਰਾਂਗੇ, ਬਲਕਿ ਇਹ ਸਵਾਲ ਵੀ ਕਿ ਇਸ ਤੂਫ਼ਾਨ ਦੇ ਗੁਜ਼ਰ ਜਾਣ ਤੋਂ ਬਾਅਦ ਅਸੀਂ ਕਿਹੋ ਜਿਹੀ ਦੁਨੀਆ ਚ ਰਹਾਂਗੇ. ਤੂਫ਼ਾਨ ਗੁਜ਼ਰ ਜਾਵੇਗਾ, ਜ਼ਰੂਰ ਗੁਜ਼ਰ ਜਾਵੇਗਾ, ਮਨੁੱਖ ਜਾਤੀ ਜਿਉਂਦੀ ਰਹੇਗੀ, ਸਾਡੇ ਚੋਂ ਜ਼ਿਆਦਾਤਰ ਜ਼ਿਉਂਦੇ ਬਚ ਜਾਣਗੇ ਪਰ ਅਸੀਂ ਇੱਕ ਬਦਲੀ ਹੋਈ ਦੁਨੀਆ ਚ ਰਹਿ ਰਹੇ ਹੋਵਾਂਗੇ.
ਐਮਰਜੈਂਸੀ ਚ ਚੁੱਕੇ ਗਏ ਬਹੁਤ ਸਾਰੇ ਕਦਮ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ. ਇਹ ਐਮਰਜੈਂਸੀ ਦੀ ਫ਼ਿਤਰਤ ਹੈ, ਉਹ ਇਤਿਹਾਸਿਕ ਪ੍ਰਕਿਰਿਆਵਾਂ ਨੂੰ ਫ਼ਾਸਟ ਫਾਰਵਰਡ ਕਰ ਦਿੰਦੀ ਹੈ. ਅਜਿਹੇ ਫ਼ੈਸਲੇ ਜਿਨ੍ਹਾਂ ਉੱਤੇ ਆਮ ਤੌਰ ਤੇ ਵਰ੍ਹਿਆਂ ਤੱਕ ਵਿਚਾਰ-ਚਰਚਾ ਚੱਲਦੀ ਹੈ, ਐਮਰਜੈਂਸੀ ਚ ਉਹ ਫ਼ੈਸਲੇ ਕੁਝ ਘੰਟਿਆਂ ਚ ਹੋ ਜਾਂਦੇ ਹਨ. ਅਪੂਰਨ ਤੇ ਖ਼ਤਰਨਾਕ ਤਕਨਾਲੋਜੀ ਨੂੰ ਵੀ ਕੰਮ ਤੇ ਲਗਾ ਦਿੱਤਾ ਜਾਂਦਾ ਹੈ, ਕਿਉਂਕਿ ਕੁਝ ਨਾ ਕਰਨ ਦੇ ਖ਼ਤਰੇ ਕਿਤੇ ਜ਼ਿਆਦਾ ਵੱਡੇ ਹੋ ਸਕਦੇ ਹਨ. ਪੂਰੇ ਦੇਸ਼ ਦੇ ਨਾਗਰਿਕ ਵਿਸ਼ਾਲ ਸਮਾਜਿਕ ਪ੍ਰਯੋਗਾਂ ਦੇ ਚੂਹਿਆਂ ਚ ਤਬਦੀਲ ਹੋ ਜਾਂਦੇ ਹਨ. ਮਿਸਾਲ ਵਜੋਂ, ਕੀ ਹੋਵੇਗਾ ਜਦੋਂ ਸਾਰੇ ਲੋਕ ਘਰਾਂ ਤੋਂ ਹੀ ਕੰਮ ਕਰਨਗੇ ਤੇ ਕੇਵਲ ਦੂਰ ਤੋਂ ਹੀ ਸੰਵਾਦ ਕਰਨਗੇ? ਕੀ ਹੋਵੇਗਾ ਜਦੋਂ ਸਾਰੀਆਂ ਸਿੱਖਿਆ ਸੰਸਥਾਵਾਂ ਆਨਲਾਈਨ ਹੋ ਜਾਣਗੀਆਂ? ਆਮ ਦਿਨਾਂ ਚ ਸਰਕਾਰਾਂ, ਵਪਾਰ ਤੇ ਸੰਸਥਾਵਾਂ ਅਜਿਹੇ ਪ੍ਰਯੋਗਾਂ ਲਈ ਤਿਆਰ ਨਹੀਂ ਹੋਣਗੀਆਂ, ਪਰ ਇਹ ਆਮ ਸਮਾਂ ਨਹੀਂ ਹੈ. ਸੰਕਟ ਦੇ ਇਸ ਸਮੇਂ ਚ ਅਸੀਂ ਦੋ ਬਹੁਤ ਅਹਿਮ ਫ਼ੈਸਲੇ ਕਰਨੇ ਹਨ. ਪਹਿਲਾ ਤਾਂ ਅਸੀਂ ਸਰਵ-ਅਧਿਕਾਰਵਾਦੀ ਨਿਗਰਾਨੀ ਵਿਵਸਥਾ ਤੇ ਨਾਗਰਿਕ ਸਸ਼ਕਤੀਕਰਨ ਚੋਂ ਇੱਕ ਨੂੰ ਚੁਣਨਾ ਹੈ. ਦੂਜੀ ਚੋਣ ਅਸੀਂ ਰਾਸ਼ਟਰਵਾਦੀ ਵਖਰੇਵਾਂ ਤੇ ਵਿਸ਼ਵ ਇੱਕਜੁੱਟਤਾ ਦੇ ਵਿਚਕਾਰ ਕਰਨੀ ਹੈ.
ਮਹਾਂਮਾਰੀ ਨੂੰ ਰੋਕਣ ਲਈ ਪੂਰੀ ਆਬਾਦੀ ਨੂੰ ਤੈਅ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਹੁੰਦਾ ਹੈ. ਇਸ ਨੂੰ ਹਾਸਿਲ ਕਰਨ ਦੇ ਦੋ ਮੁੱਖ ਤਰੀਕੇ ਹਨ. ਪਹਿਲਾ ਤਰੀਕਾ ਇਹ ਹੈ ਕਿ ਸਰਕਾਰ ਲੋਕਾਂ ਦੀ ਨਿਗਰਾਨੀ ਕਰੇ ਤੇ ਜੋ ਲੋਕ ਨਿਯਮ ਤੋੜਨ ਉਨ੍ਹਾਂ ਨੂੰ ਦੰਡ ਦੇਵੇ. ਅੱਜ ਦੀ ਤਾਰੀਖ਼ ਚ ਮਨੁੱਖਤਾ ਦੇ ਇਤਿਹਾਸ ਚ ਤਕਨਾਲੋਜੀ ਨੇ ਇਸ ਨੂੰ ਪਹਿਲੀ ਵਾਰ ਸੰਭਵ ਬਣਾ ਦਿੱਤਾ ਹੈ ਕਿ ਹਰ ਨਾਗਰਿਕ ਦੀ ਹਰ ਸਮੇਂ ਨਿਗਰਾਨੀ ਕੀਤੀ ਜਾ ਸਕੇ. 50 ਸਾਲ ਪਹਿਲਾਂ ਰੂਸੀ ਖੁਫ਼ੀਆ ਏਜੰਸੀ ਕੇ.ਜੀ.ਬੀ. 24 ਕਰੋੜ ਸੋਵੀਅਤ ਨਾਗਰਿਕਾਂ ਦੀ 24 ਘੰਟੇ ਨਿਗਰਾਨੀ ਨਹੀਂ ਕਰ ਪਾਉਂਦੀ ਸੀ. ਕੇ.ਜੀ.ਬੀ. ਇਨਸਾਨੀ ਏਜੰਟਾਂ ਤੇ ਵਿਸ਼ਲੇਸ਼ਕਾਂ ਉੱਤੇ ਨਿਰਭਰ ਸੀ ਤੇ ਹਰ ਵਿਅਕਤੀ ਦੇ ਪਿੱਛੇ ਇੱਕ ਏਜੰਟ ਲਗਾਉਣਾ ਸੰਭਵ ਨਹੀਂ ਸੀ. ਹੁਣ ਇਨਸਾਨੀ ਜਾਸੂਸ ਦੀ ਜ਼ਰੂਰਤ ਨਹੀਂ, ਹਰ ਜਗ੍ਹਾ ਮੌਜੂਦ ਸਰਵ-ਵਿਆਪੀ ਸੈਂਸਰਾਂ ਤੇ ਪ੍ਰਤੀਕ-ਗਣਿਤ (ਐਲਗੋਰਿਥਮ) ਉੱਤੇ ਸਰਕਾਰਾਂ ਨਿਰਭਰ ਕਰ ਸਕਦੀਆਂ ਹਨ.
ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਬਹੁਤ ਸਾਰੀਆਂ ਸਰਕਾਰਾਂ ਨੇ ਨਿਗਰਾਨੀ ਦੇ ਨਵੇਂ ਉਪਕਰਣ ਤੇ ਵਿਵਸਥਾਵਾਂ ਲਾਗੂ ਕਰ ਦਿੱਤੀਆਂ ਹਨ. ਇਸ ਚ ਸਭ ਤੋਂ ਖਾਸ ਮਾਮਲਾ ਚੀਨ ਦਾ ਹੈ. ਲੋਕਾਂ ਦੇ ਸਮਾਰਟ ਫ਼ੋਨ ਨੂੰ ਡੂੰਘਾਈ ਨਾਲ ਮੋਨੀਟਰ ਕਰ ਕੇ, ਲੱਖਾਂ ਕੈਮਰਿਆਂ ਦੇ ਰਾਹੀਂ, ਚਿਹਰੇ ਪਹਿਚਾਨਣ ਵਾਲੀ ਤਕਨਾਲੋਜੀ ਦੀ ਵਰਤੋਂ ਕਰਕੇ, ਲੋਕਾਂ ਦੇ ਸਰੀਰ ਦਾ ਤਾਪਮਾਨ ਲੈ ਕੇ, ਬਿਮਾਰ ਲੋਕਾਂ ਦੀ ਰਿਪੋਰਟਿੰਗ ਨੂੰ ਸਖਤ ਬਣਾ ਕੇ ਸੰਦੇਹਜਨਕ ਲੋਕਾਂ ਦੀ ਪਹਿਚਾਣ ਕੀਤੀ ਗਈ. ਇਹੀ ਨਹੀਂ, ਉਨ੍ਹਾਂ ਦੇ ਆਉਣ-ਜਾਣ ਨੂੰ ਟਰੈਕ ਕੀਤਾ ਗਿਆ ਤਾਂਕਿ ਪਤਾ ਲੱਗ ਸਕੇ ਕਿ ਉਹ ਕਿਹੜੇ ਲੋਕਾਂ ਨਾਲ ਮਿਲੇ-ਜੁਲੇ ਹਨ. ਅਜਿਹੇ ਮੋਬਾਇਲ ਐਪ ਵੀ ਹਨ, ਜੋ ਰੋਗ-ਗ੍ਰਸਤ ਹੋਣ ਦੀ ਆਸ਼ੰਕਾ ਵਾਲੇ ਲੋਕਾਂ ਦੀ ਪਹਿਚਾਣ ਕਰ ਕੇ ਨਾਗਰਿਕਾਂ ਨੂੰ ਖ਼ਬਰਦਾਰ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਤੋਂ ਦੂਰ ਰਹੋ.
ਅਜਿਹੀ ਤਕਨਾਲੋਜੀ ਚੀਨ ਤੱਕ ਹੀ ਸੀਮਿਤ ਨਹੀਂ ਹੈ. ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕੋਰੋਨਾ ਰੋਗਗ੍ਰਸਤ ਵਿਅਕਤੀਆਂ ਨੂੰ ਟਰੈਕ (ਚਿੰਨ੍ਹਤ) ਕਰਨ ਲਈ ਉਸ ਤਕਨੀਕ ਨੂੰ ਲਗਾਉਣ ਦਾ ਆਦੇਸ਼ ਦਿੱਤਾ ਹੈ, ਜਿਸ ਨੂੰ ਹੁਣ ਤੱਕ ਕੇਵਲ ਅੱਤਵਾਦ ਦੇ ਵਿਰੁੱਧ ਵਰਤਿਆ ਜਾ ਰਿਹਾ ਸੀ. ਜਦੋਂ ਸੰਸਦੀ ਕਮੇਟੀ ਨੇ ਇਸ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਤਾਂ ਨੇਤਨਯਾਹੂ ਨੇ ਇਸ ਨੂੰ ਐਮਰਜੈਂਸੀ ਤਾਕਤ ਦੇ ਨਾਲ ਇੱਕ ਤਰ੍ਹਾਂ ਠੋਕਰ ਮਾਰ ਕੇ ਪਰ੍ਹਾਂ ਕਰ ਦਿੱਤਾ.  
ਤੁਸੀਂ ਕਹਿ ਸਕਦੇ ਹੋ ਕਿ ਇਸ ਚ ਨਵਾਂ ਕੁਝ ਵੀ ਨਹੀਂ ਹੈ. ਪਿਛਲੇ ਕੁਝ ਸਾਲਾਂ ਚ ਸਰਕਾਰਾਂ ਤੇ ਵੱਡੀਆਂ ਕੰਪਨੀਆਂ ਲੋਕਾਂ ਨੂੰ ਚਿੰਨ੍ਹਤ ਕਰਨ, ਨਿਗਰਾਨੀ ਕਰਨ ਤੇ ਆਪਣੇ ਹਿਤਾਂ ਮੁਤਾਬਿਕ ਵਰਤਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੀਆਂ ਰਹੀਆਂ ਹਨ. ਪਰ ਜੇ ਅਸੀਂ ਸੁਚੇਤ ਨਾ ਹੋਏ ਤਾਂ ਇਹ ਮਹਾਂਮਾਰੀ ਸਰਕਾਰੀ ਨਿਗਰਾਨੀ ਦੇ ਮਾਮਲੇ ਚ ਇੱਕ ਮੀਲ-ਪੱਥਰ ਸਾਬਿਤ ਹੋਵੇਗੀ. ਉਨ੍ਹਾਂ ਦੇਸ਼ਾਂ ਚ ਅਜਿਹੀ ਵਿਆਪਕ ਨਿਗਰਾਨੀ ਵਿਵਸਥਾ ਨੂੰ ਲਾਗੂ ਕਰਨਾ ਸੌਖਾ ਹੋ ਜਾਵੇਗਾ ਜੋ ਹੁਣ ਤੱਕ ਇਸ ਤੋਂ ਇਨਕਾਰ ਕਰਦੇ ਰਹੇ ਹਨ. ਇਹੀ ਨਹੀਂ, ਇਹ ਓਵਰ ਦ ਸਕਿਨਨਿਗਰਾਨੀ ਦੀ ਜਗ੍ਹਾ ਅੰਡਰ ਦ ਸਕਿਨ ਨਿਗਰਾਨੀ ਚ ਬਦਲ ਜਾਵੇਗਾ.
ਹੁਣ ਤੱਕ ਤਾਂ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਉਂਗਲੀ ਸਮਾਰਟ ਫ਼ੋਨ ਤੋਂ ਇੱਕ ਲਿੰਕ ਉੱਤੇ ਕਲਿੱਕ ਕਰਦੀ ਹੈ ਤਾਂ ਸਰਕਾਰ ਜਾਨਣਾ ਚਾਹੁੰਦੀ ਹੈ ਕਿ ਤੁਸੀਂ ਕੀ ਦੇਖ-ਪੜ੍ਹ ਰਹੇ ਹੋ, ਪਰ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੰਟਰਨੈੱਟ ਦਾ ਫੋਕਸ ਬਦਲ ਜਾਵੇਗਾ. ਹੁਣ ਸਰਕਾਰ ਤੁਹਾਡੀ ਉਂਗਲੀ ਦਾ ਤਾਪਮਾਨ ਤੇ ਚਮੜੀ ਦੇ ਥੱਲੇ ਦਾ ਬਲੱਡ ਪ੍ਰੈਸ਼ਰ ਵੀ ਜਾਨਣ ਲੱਗੇਗੀ.
ਨਿਗਰਾਨੀ ਦੇ ਮਾਮਲੇ ਚ ਦਿੱਕਤ ਇਹੀ ਹੈ ਕਿ ਸਾਡੇ ਚੋਂ ਕੋਈ ਪੱਕੇ ਤੌਰ ’ਤੇ ਨਹੀਂ ਜਾਣਦਾ ਕਿ ਸਾਡੇ ਉੱਪਰ ਕਿਸ ਤਰ੍ਹਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਸਾਲਾਂ ਚ ਉਸ ਦਾ ਰੂਪ ਕੀ ਹੋਵੇਗਾ. ਨਿਗਰਾਨੀ ਤਕਨਾਲੋਜੀ ਤੂਫ਼ਾਨੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ. 10 ਸਾਲ ਪਹਿਲਾਂ ਤੱਕ ਜਿਹੋ ਜਿਹੀ ਵਿਗਿਆਨ-ਫਿਕਸ਼ਨ ਪ੍ਰਤੀਤ ਹੁੰਦੀ ਸੀ, ਉਹ ਅੱਜ ਪੁਰਾਣੀ ਖ਼ਬਰ ਹੈ. ਸੋਚਣ ਦੀ ਸੁਵਿਧਾ ਲਈ ਮੰਨ ਲਓ ਕਿ ਕੋਈ ਸਰਕਾਰ ਆਪਣੇ ਨਾਗਰਿਕਾਂ ਨੂੰ ਕਹੇ ਕਿ ਸਾਰੇ ਲੋਕਾਂ ਨੂੰ ਇੱਕ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਣਾ ਜ਼ਰੂਰੀ ਹੋਵੇਗਾ, ਜੋ ਸਰੀਰ ਦਾ ਤਾਪਮਾਨ ਤੇ ਦਿਲ ਦੀ ਧੜਕਨ ਨੂੰ 24 ਘੰਟੇ ਮੋਨੀਟਰ ਕਰਦਾ ਰਹੇਗਾ. ਬ੍ਰੈਸਲੇਟ ਤੋਂ ਮਿਲਣ ਵਾਲਾ ਡਾਟਾ ਸਰਕਾਰੀ ਐਲਗੋਰਿਥਮ ਚ ਜਾਂਦਾ ਰਹੇਗਾ ਤੇ ਉਸ ਦਾ ਵਿਸ਼ਲੇਸ਼ਣ ਹੁੰਦਾ ਰਹੇਗਾ. ਤੁਹਾਨੂੰ ਪਤਾ ਲੱਗੇ ਕਿ ਤੁਸੀਂ ਬਿਮਾਰ ਹੋਂ, ਇਸ ਤੋਂ ਪਹਿਲਾਂ ਸਰਕਾਰ ਨੂੰ ਪਤਾ ਹੋਵੇਗਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਹੈ. ਸਿਸਟਮ ਨੂੰ ਇਹ ਵੀ ਪਤਾ ਹੋਵੇਗਾ ਕਿ ਤੁਸੀਂ ਕਿੱਥੇ-ਕਿੱਥੇ ਗਏ, ਕਿਸ-ਕਿਸ ਨੂੰ ਮਿਲੇ, ਇਸ ਤਰ੍ਹਾਂ ਛੂਤ ਦੇ ਰੋਗ ਦੀ ਲੜੀ ਨੂੰ ਛੋਟਾ ਕੀਤਾ ਜਾ ਸਕੇਗਾ ਜਾਂ ਕਈ ਵਾਰ ਤੋੜਿਆ ਜਾ ਸਕੇਗਾ. ਇਸ ਤਰ੍ਹਾਂ ਦਾ ਸਿਸਟਮ ਕਿਸੇ ਮਹਾਂਮਾਰੀ ਨੂੰ ਕੁਝ ਹੀ ਦਿਨਾਂ ਚ ਖਤਮ ਕਰ ਸਕਦਾ ਹੈ, ਸੁਣਨ ਚ ਬਹੁਤ ਚੰਗਾ ਲੱਗਦਾ ਹੈ, ਹੈ ਨਾ?
ਹੁਣ ਇਸ ਦੇ ਖ਼ਤਰੇ ਨੂੰ ਸਮਝੋ, ਇਹ ਇੱਕ ਖੌਫ਼ਨਾਕ ਨਿਗਰਾਨੀ ਰਾਜ ਦੀ ਸ਼ੁਰੂਆਤ ਕਰੇਗਾ. ਮਿਸਾਲ ਵਜੋਂ, ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਮੈਂ ਫ਼ਾਕਸ ਨਿਊਜ਼ ਦੀ ਜਗ੍ਹਾ ਸੀਐਨਐਨ ਦੇ ਲਿੰਕ ਤੇ ਕਲਿੱਕ ਕੀਤਾ ਹੈ ਤਾਂ ਤੁਸੀਂ ਮੇਰੇ ਰਾਜਨੀਤਿਕ ਵਿਚਾਰਾਂ ਤੇ ਇੱਥੋਂ ਤੱਕ ਕਿ ਕੁਝ ਹੱਦ ਤੱਕ ਮੇਰੇ ਵਿਅਕਤਿਤਵ (ਸ਼ਖ਼ਸੀਅਤ) ਨੂੰ ਸਮਝ ਸਕੋਗੇ, ਪਰ ਜੇਕਰ ਤੁਸੀਂ ਇੱਕ ਵੀਡਿਓ ਕਲਿੱਪ ਦੇਖਣ ਦੇ ਦੌਰਾਨ ਮੇਰੇ ਸਰੀਰ ਦੇ ਤਾਪਮਾਨ, ਬਲੱਡ ਪ੍ਰੈਸ਼ਰ ਤੇ ਹਾਰਟ ਰੇਟ ਨੂੰ ਮੋਨੀਟਰ ਕਰ ਰਹੇ ਹੋ ਤਾਂ ਤੁਸੀਂ ਜਾਣ ਸਕਦੇ ਹੋ ਕਿ ਮੈਨੂੰ ਕਿਹੜੀਆਂ ਗੱਲਾਂ ਉੱਤੇ ਗੁੱਸਾ, ਹਾਸਾ ਜਾਂ ਰੋਣਾ ਆਉਂਦਾ ਹੈ.
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁੱਸਾ, ਖੁਸ਼ੀ, ਅਕੇਵਾਂ ਤੇ ਪਿਆਰ ਇੱਕ ਜੈਵਿਕ ਪ੍ਰਕਿਰਿਆ ਹੈ, ਬਿਲਕੁਲ ਬੁਖ਼ਾਰ ਤੇ ਖੰਘ ਦੀ ਤਰ੍ਹਾਂ. ਜੋ ਤਕਨਾਲੋਜੀ ਖੰਘ ਦਾ ਪਤਾ ਲਗਾ ਸਕਦੀ ਹੈ, ਉਹ ਹਾਸਿਆਂ ਦਾ ਵੀ ਪਤਾ ਲਗਾ ਸਕਦੀ ਹੈ. ਜੇਕਰ ਸਰਕਾਰਾਂ ਤੇ ਵੱਡੀਆਂ ਕੰਪਨੀਆਂ ਨੂੰ ਵੱਡੇ ਪੈਮਾਨੇ ਤੇ ਸਾਡਾ ਡਾਟਾ ਜੁਟਾਉਣ ਦੀ ਆਜ਼ਾਦੀ ਮਿਲ ਜਾਵੇਗੀ ਤਾਂ ਉਹ ਸਾਡੇ ਬਾਰੇ ਸਾਡੇ ਤੋਂ ਬਿਹਤਰ ਜਾਣਨ ਲੱਗਣਗੇ. ਉਹ ਸਾਡੀਆਂ ਭਾਵਨਾਵਾਂ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਸਕਣਗੇ, ਇਹੀ ਨਹੀਂ, ਉਹ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ੍ਹ ਵੀ ਕਰ ਸਕਣਗੇ, ਉਹ ਜੋ ਚਾਹਣਗੇ ਸਾਨੂੰ ਵੇਚ ਸਕਣਗੇ– ਚਾਹੇ ਉਹ ਇੱਕ ਉਤਪਾਦ ਹੋਵੇ ਜਾਂ ਕੋਈ ਸਿਆਸਤਦਾਨ. ਬਾਇਓਮ੍ਰੈਟਿਕ ਨਿਗਰਾਨੀ ਤੋਂ ਬਾਅਦ ਕੈਮਬ੍ਰਿਜ ਐਨਾਲਿਟਿਕਾ ਪਾਸ਼ਾਣ ਯੁੱਗ ਦੀ ਤਾਕਨੋਲੋਜੀ ਲੱਗਣ ਲੱਗੇਗੀ. ਕਲਪਨਾ ਕਰੋ, ਉੱਤਰ ਕੋਰੀਆ ਚ 2030 ਤੱਕ ਹਰ ਨਾਗਰਿਕ ਨੂੰ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਾ ਦਿੱਤਾ ਗਿਆ ਹੈ. ਮਹਾਨ ਲੀਡਰ ਦਾ ਭਾਸ਼ਣ ਸੁਣਨ ਤੋਂ ਬਾਅਦ ਜਿਨ੍ਹਾਂ ਦਾ ਬ੍ਰੈਸਲੇਟ ਦੱਸੇਗਾ ਕਿ ਉਨ੍ਹਾਂ ਨੂੰ ਗੁੱਸਾ ਆ ਰਿਹਾ ਸੀ, ਉਨ੍ਹਾਂ ਦਾ ਤਾਂ ਹੋ ਗਿਆ ਕੰਮ ਤਮਾਮ.
ਤੁਸੀਂ ਕਹਿ ਸਕਦੇ ਹੋ ਕਿ ਬਾਇਓਮੈਟ੍ਰਿਕ ਨਿਗਰਾਨੀ ਐਮਰਜੈਂਸੀ ਦੇ ਨਾਲ ਨਿਪਟਣ ਦੀ ਇੱਕ ਅਸਥਾਈ ਵਿਵਸਥਾ ਹੋਵੇਗੀ. ਜਦੋਂ ਐਮਰਜੈਂਸੀ ਖਤਮ ਹੋ ਜਾਵੇਗੀ ਤਾਂ ਇਸ ਨੂੰ ਹਟਾ ਦਿੱਤਾ ਜਾਵੇਗਾ, ਪਰ ਅਸਥਾਈ ਵਿਵਸਥਾਵਾਂ ਦੀ ਇੱਕ ਗੰਦੀ ਆਦਤ ਹੁੰਦੀ ਹੈ ਕਿ ਉਹ ਐਮਰਜੈਂਸੀ ਤੋਂ ਬਾਅਦ ਵੀ ਬਣੀਆਂ ਰਹਿੰਦੀਆਂ ਹਨ, ਵੈਸੇ ਵੀ ਨਵੀਂ ਐਮਰਜੈਂਸੀ ਦਾ ਖ਼ਤਰਾ ਬਣਿਆ ਰਹਿੰਦਾ ਹੈ. ਮਿਸਾਲ ਦੇ ਤੌਰ ’ਤੇ ਮੇਰੇ ਆਪਣੇ ਦੇਸ਼ ਇਜ਼ਰਾਈਲ ਚ 1948 ਚ ਆਜ਼ਾਦੀ ਦੀ ਲੜਾਈ ਦੇ ਦੌਰਾਨ ਐਮਰਜੈਂਸੀ ਲਗਾਈ ਗਈ ਸੀ, ਜਿਸ ਦੇ ਤਹਿਤ ਬਹੁਤ ਸਾਰੀਆਂ ਅਸਥਾਈ ਵਿਵਸਥਾਵਾਂ ਕੀਤੀਆਂ ਗਈਆਂ ਸੀ, ਪ੍ਰੈੱਸ ਸੈਂਸਰਸ਼ਿੱਪ ਤੋਂ ਲੈ ਕੇ ਪੁਡਿੰਗ ਬਣਾਉਣ ਲਈ ਲੋਕਾਂ ਦੀ ਜ਼ਮੀਨ ਜ਼ਬਤ ਕਰਨ ਨੂੰ ਸਹੀ ਠਹਿਰਾਇਆ ਗਿਆ ਸੀ. ਜੀ, ਪੁਡਿੰਗ ਬਣਾਉਣ ਲਈ, ਮੈਂ ਮਜ਼ਾਕ ਨਹੀਂ ਕਰ ਰਿਹਾ. ਆਜ਼ਾਦੀ ਦੀ ਲੜਾਈ ਕਦੋਂ ਦੀ ਜਿੱਤੀ ਜਾ ਚੁੱਕੀ ਹੈ, ਪਰ ਇਜ਼ਰਾਈਲ ਨੇ ਕਦੇ ਨਹੀਂ ਕਿਹਾ ਕਿ ਐਮਰਜੈਂਸੀ ਖਤਮ ਹੋ ਗਈ ਹੈ. 1948 ਦੇ ਅਨੇਕ ਅਸਥਾਈ ਕਦਮ ਹੁਣ ਤੱਕ ਲਾਗੂ ਹਨ, ਉਨ੍ਹਾਂ ਨੂੰ ਹਟਾਇਆ ਨਹੀਂ ਗਿਆ. ਸ਼ੁਕਰ ਹੈ ਕਿ 2011 ਚ ਪੁਡਿੰਗ ਬਣਾਉਣ ਲਈ ਜ਼ਮੀਨ ਖੋਹਣ ਦਾ ਸਰਕਾਰੀ ਹੁਕਮ ਖਤਮ ਕੀਤਾ ਗਿਆ.
ਜਦੋਂ ਕੋਰੋਨਾ ਵਾਇਰਸ ਦੀ ਲਾਗ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਤਾਂ ਵੀ ਡਾਟਾ ਦੀਆਂ ਭੁੱਖੀਆਂ ਸਰਕਾਰਾਂ ਬਾਇਓਮੈਟ੍ਰਿਕ ਨਿਗਰਾਨੀ ਨੂੰ ਹਟਾਉਣ ਤੋਂ ਇਨਕਾਰ ਕਰ ਸਕਦੀਆਂ ਹਨ, ਸਰਕਾਰਾਂ ਦੀ ਦਲੀਲ ਹੋ ਸਕਦੀ ਹੈ ਕਿ ਕੋਰੋਨਾ ਵਾਇਰਸ ਦਾ ਦੂਸਰਾ ਦੌਰ ਆ ਸਕਦਾ ਹੈ, ਜਾਂ ਅਫਰੀਕਾ ਚ ਇਬੋਲਾ ਦੁਬਾਰਾ ਫੈਲ ਰਿਹਾ ਹੈ, ਜਾਂ ਕੁਝ ਹੋਰ... ਤੁਸੀਂ ਸਮਝ ਸਕਦੇ ਹੋ. ਸਾਡੀ ਨਿੱਜਤਾ ਨੂੰ ਲੈ ਕੇ ਇੱਕ ਬਹੁਤ ਜ਼ੋਰਦਾਰ ਲੜਾਈ ਪਿਛਲੇ ਕੁਝ ਸਾਲਾਂ ਤੋਂ ਛਿੜੀ ਹੋਈ ਹੈ. ਕੋਰੋਨਾ ਵਾਇਰਸ ਦਾ ਸੰਕਟ ਇਸ ਲੜਾਈ ਦਾ ਨਿਰਣਾਇਕ ਮੋੜ ਹੋ ਸਕਦਾ ਹੈ. ਜਦੋਂ ਲੋਕਾਂ ਨੂੰ ਨਿੱਜਤਾ ਤੇ ਸਿਹਤ ਚੋਂ ਇੱਕ ਨੂੰ ਚੁਣਨਾ ਪਿਆ ਤਾਂ ਜ਼ਾਹਿਰ ਹੈ ਕਿ ਉਹ ਸਿਹਤ ਨੂੰ ਚੁਣਨਗੇ.
ਦਰਅਸਲ, ਲੋਕਾਂ ਨੂੰ ਸਿਹਤ ਤੇ ਨਿੱਜਤਾ ਚੋਂ ਇੱਕ ਨੂੰ ਚੁਣਨ ਲਈ ਕਹਿਣਾ ਹੀ ਸਮੱਸਿਆ ਦੀ ਜੜ੍ਹ ਹੈ ਕਿਉਂਕਿ ਇਹ ਸਹੀ ਨਹੀਂ ਹੈ. ਅਸੀਂ ਨਿੱਜਤਾ ਤੇ ਸਿਹਤ ਦੋਵਾਂ ਨੂੰ ਇਕੱਠੇ ਪ੍ਰਾਪਤ ਕਰ ਸਕਦੇ ਹਾਂ ਤੇ ਕਰਨਾ ਵੀ ਚਾਹੀਦਾ ਹੈ. ਅਸੀਂ ਸਰਵ-ਅਧਿਕਾਰ ਨਿਗਰਾਨੀ ਵਿਵਸਥਾ ਨੂੰ ਲਾਗੂ ਕਰਕੇ ਨਹੀਂ, ਬਲਕਿ ਨਾਗਰਿਕਾਂ ਦੇ ਸਸ਼ਕਤੀਕਰਣ ਦੇ ਜ਼ਰੀਏ ਕੋਰੋਨਾ ਵਾਇਰਸ ਦਾ ਫੈਲਣਾ ਰੋਕ ਸਕਦੇ ਹਾਂ. ਪਿਛਲੇ ਕੁਝ ਹਫ਼ਤਿਆਂ ਚ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਦੇ ਮਾਮਲੇ ਚ ਦੱਖਣੀ ਕੋਰੀਆ, ਤਾਇਵਾਨ ਤੇ ਸਿੰਗਾਪੁਰ ਨੇ ਚੰਗੀਆਂ ਮਿਸਾਲਾਂ ਪੇਸ਼ ਕੀਤੀਆਂ ਹਨ. ਇਨ੍ਹਾਂ ਦੇਸ਼ਾਂ ਨੇ ਕੁਝ ਟ੍ਰੈਕਿੰਗ ਐਪਲੀਕੇਸ਼ਨਾਂ ਦੀ ਵਰਤੋਂ ਤਾਂ ਕੀਤੀ ਹੈ ਪਰ ਉਨ੍ਹਾਂ ਨੇ ਵਿਆਪਕ ਪੈਮਾਨੇ ਤੇ ਟੈਸਟ ਕਰਵਾਏ ਹਨ, ਇਮਾਨਦਾਰੀ ਨਾਲ ਜਾਣਕਾਰੀ ਦਿੱਤੀ ਹੈ, ਜਾਣਕਾਰ ਜਨਤਾ ਦੇ ਇੱਛੁਕ ਸਹਿਯੋਗ ਉੱਤੇ ਨਿਰਭਰ ਕਰ ਰਹੇ ਹਨ.
ਕੇਂਦਰਿਤ ਨਿਗਰਾਨੀ, ਤੇ ਸਖ਼ਤ ਸਜ਼ਾ ਇੱਕ ਉਪਯੋਗੀ ਦਿਸ਼ਾ-ਨਿਰਦੇਸ਼ ਨੂੰ ਲਾਗੂ ਕਰਾਉਣ ਲਈ ਜ਼ਰੂਰੀ ਨਹੀਂ ਹੈ. ਜਦੋਂ ਲੋਕਾਂ ਨੂੰ ਵਿਗਿਆਨਿਕ ਤੱਥ ਦੱਸੇ ਜਾਂਦੇ ਹਨ, ਜਦੋਂ ਲੋਕ ਯਕੀਨ ਕਰਦੇ ਹਨ ਕਿ ਅਧਿਕਾਰੀ ਸੱਚ ਬੋਲ ਰਹੇ ਹਨ, ਤਾਂ ਆਪਣੇ-ਆਪ ਸਹੀ ਕਦਮ ਚੁੱਕਦੇ ਹਨ, ਬਿੱਗ ਬ੍ਰਦਰ ਦੀਆਂ ਘੂਰਦੀਆਂ ਨਜ਼ਰਾਂ ਦੀ ਜ਼ਰੂਰਤ ਨਹੀਂ ਹੁੰਦੀ. ਸਵੈ-ਪ੍ਰੇਰਿਤ ਤੇ ਜਾਣਕਾਰ ਜਨਤਾ ਜ਼ਿਆਦਾ ਪ੍ਰਭਾਵਸ਼ਾਲੀ ਤੇ ਤਾਕਤਵਰ ਹੁੰਦੀ ਹੈ, ਨਾ ਕਿ ਪੁਲਿਸ ਦੇ ਜ਼ੋਰ ਨਾਲ ਦੱਬੀ ਜਾ ਰਹੀ ਉਦਾਸੀਨ ਜਨਤਾ ਜਾਂ ਅਣਜਾਣ ਜਨਤਾ.  
ਮਿਸਾਲ ਵਜੋਂ, ਸਾਬਣ ਨਾਲ ਹੱਥ ਧੋਣਾ. ਇਹ ਮਨੁੱਖ ਦੇ ਸਾਫ਼-ਸਫ਼ਾਈ ਦੇ ਇਤਿਹਾਸ ਦੀ ਇੱਕ ਵੱਡੀ ਤਰੱਕੀ ਹੈ. ਇਹ ਸਾਧਾਰਣ ਕੰਮ ਹਰ ਸਾਲ ਲੱਖਾਂ ਜਾਨਾਂ ਬਚਾਉਂਦਾ ਹੈ, ਹੁਣ ਤਾਂ ਅਸੀਂ ਇਸਨੂੰ ਆਮ ਗੱਲ ਮੰਨਦੇ ਹਾਂ ਪਰ 19ਵੀਂ ਸਦੀ ਦੇ ਵਿਗਿਆਨਿਕਾਂ ਨੇ ਸਾਬਣ ਨਾਲ ਹੱਥ ਧੋਣ ਦੀ ਮਹੱਤਤਾ ਨੂੰ ਠੀਕ ਤਰੀਕੇ ਨਾਲ ਸਮਝਿਆ, ਉਸ ਤੋਂ ਪਹਿਲਾਂ ਇੱਕ ਡਾਕਟਰ ਤੇ ਨਰਸ ਵੀ ਇੱਕ ਆਪਰੇਸ਼ਨ ਤੋਂ ਬਾਅਦ, ਦੂਜਾ ਆਪਰੇਸ਼ਨ ਕਰਦੇ ਸੀ, ਬਿਨ੍ਹਾਂ ਹੱਥ ਧੋਏ. ਅੱਜ ਅਰਬਾਂ ਲੋਕ ਰੋਜ਼ ਸਾਬਣ ਨਾਲ ਹੱਥ ਧੋਂਦੇ ਹਨ, ਇਸ ਲਈ ਨਹੀਂ ਕਿ ਉਨ੍ਹਾਂ ਨੂੰ ਪੁਲਿਸ ਦਾ ਡਰ ਹੈ, ਬਲਕਿ ਉਹ ਤੱਥਾਂ ਨੂੰ ਸਮਝਦੇ ਹਨ. ਮੈਂ ਬੈਕਟੀਰੀਆ ਤੇ ਵਾਇਰਸ ਬਾਰੇ ਸੁਣਿਆ ਹੈ ਇਸ ਲਈ ਮੈਂ ਸਾਬਣ ਨਾਲ ਹੱਥ ਧੋਂਦਾ ਹਾਂ, ਮੈਂ ਜਾਣਦਾ ਹਾਂ ਕਿ ਸਾਬਣ ਉਨ੍ਹਾਂ ਬੀਮਰ ਕਰਨ ਵਾਲੇ ਜੀਵਾਣੂਆਂ ਤੇ ਵਿਸ਼ਾਣੂਆਂ ਨੂੰ ਖਤਮ ਕਰ ਦਿੰਦਾ ਹੈ.
ਲੋਕ ਗੱਲ ਮੰਨਣ ਤੇ ਸਹਿਯੋਗ ਕਰਨ ਇਸਦੇ ਲਈ ਵਿਸ਼ਵਾਸ ਬਹੁਤ ਜ਼ਰੂਰੀ ਹੈ. ਲੋਕਾਂ ਦਾ ਵਿਗਿਆਨ ਚ ਵਿਸ਼ਵਾਸ ਹੋਣਾ ਚਾਹੀਦਾ ਹੈ, ਸਰਕਾਰੀ ਅਧਿਕਾਰੀਆਂ ਚ ਵਿਸ਼ਵਾਸ ਹੋਣਾ ਚਾਹੀਦਾ ਹੈ, ਤੇ ਮੀਡੀਆ ਚ ਵਿਸ਼ਵਾਸ ਹੋਣਾ ਚਾਹੀਦਾ ਹੈ. ਪਿਛਲੇ ਕੁਝ ਸਾਲਾਂ ਚ ਗ਼ੈਰ-ਜ਼ਿੰਮੇਵਾਰ ਲੀਡਰਾਂ ਨੇ ਜਾਣ-ਬੁੱਝ ਕੇ ਵਿਗਿਆਨ, ਸਰਕਾਰੀ ਸੰਸਥਾਵਾਂ ਤੇ ਮੀਡੀਆ ਤੋਂ ਜਨਤਾ ਦਾ ਵਿਸ਼ਵਾਸ ਡੇਗਿਆ ਹੈ. ਇਹ ਗ਼ੈਰ-ਜ਼ਿੰਮੇਵਾਰ ਲੀਡਰ ਤਾਨਾਸ਼ਾਹੀ ਦਾ ਰਾਹ ਅਪਨਾਉਣ ਵੱਲ ਪ੍ਰੇਰਿਤ ਹੋ ਸਕਦੇ ਹਨ, ਉਨ੍ਹਾਂ ਦੀ ਦਲੀਲ ਹੋਵੇਗੀ ਕਿ ਜਨਤਾ ਸਹੀ ਕੰਮ ਕਰੇਗੀ ਇਸਦਾ ਯਕੀਨ ਨਹੀਂ ਕੀਤਾ ਜਾ ਸਕਦਾ.
ਆਮ ਤੌਰ ’ਤੇ ਜੋ ਵਿਸ਼ਵਾਸ ਵਰ੍ਹਿਆਂ ਤੋਂ ਟੁੱਟਿਆ ਹੈ ਉਹ ਰਾਤੋ-ਰਾਤ ਕਾਇਮ ਨਹੀਂ ਹੁੰਦਾ, ਪਰ ਇਹ ਆਮ ਸਮਾਂ ਨਹੀਂ ਹੈ. ਸੰਕਟ ਦੇ ਸਮੇਂ ਦਿਮਾਗ਼ ਬਹੁਤ ਜਲਦੀ ਬਦਲ ਜਾਂਦਾ ਹੈ. ਤੁਹਾਡਾ ਆਪਣੇ ਭਾਈ-ਭੈਣਾਂ ਨਾਲ ਬੁਰੀ ਤਰ੍ਹਾਂ ਝਗੜਾ ਹੁੰਦਾ ਹੈ, ਪਰ ਸੰਕਟ ਦੇ ਸਮੇਂ ਤੁਸੀਂ ਅਚਾਨਕ ਮਹਿਸੂਸ ਕਰਦੇ ਹੋ ਕਿ ਦੋਵਾਂ ਦੇ ਵਿਚਕਾਰ ਕਿੰਨਾ ਮੋਹ ਤੇ ਵਿਸ਼ਵਾਸ ਹੈ, ਤੁਸੀਂ ਇੱਕ-ਦੂਜੇ ਦੀ ਮਦਦ ਲਈ ਤਿਆਰ ਹੋ ਜਾਂਦੇ ਹੋ. ਇੱਕ ਨਿਗਰਾਨੀ ਰਾਜ ਬਣਾਉਣ ਦੀ ਜਗ੍ਹਾ, ਵਿਗਿਆਨ, ਸਰਕਾਰੀ ਸੰਸਥਾਨਾਂ ਤੇ ਮੀਡੀਆ ਚ ਜਨਤਾ ਦੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਕੰਮ ਹੋਣਾ ਚਾਹੀਦਾ ਹੈ. ਸਾਨੂੰ ਨਵੀਂ ਤਕਨੋਲੋਜੀ ਦੀ ਪੱਕੇ ਤੌਰ ਤੇ ਵਰਤੋਂ ਕਰਨੀ ਚਾਹੀਦੀ ਹੈ ਪਰ ਇਨ੍ਹਾਂ ਨਾਲ ਨਾਗਰਿਕਾਂ ਨੂੰ ਤਾਕਤ ਮਿਲਣੀ ਚਾਹੀਦੀ ਹੈ. ਮੈਂ ਆਪਣੇ ਸਰੀਰ ਦਾ ਤਾਪ ਤੇ ਬਲੱਡ ਪ੍ਰੈਸ਼ਰ ਮਾਪਣ ਦੇ ਹੱਕ ਚ ਹਾਂ, ਪਰ ਉਸ ਡਾਟਾ ਦੀ ਵਰਤੋਂ ਸਰਕਾਰ ਨੂੰ ਸਰਵ-ਸ਼ਕਤੀਮਾਨ ਬਣਾਉਣ ਲਈ ਹੋਵੇ, ਇਸਦੇ ਪੱਖ ਚ ਨਹੀਂ ਹਾਂ. ਡਾਟਾ ਦੀ ਵਰਤੋਂ ਮੈਂ ਜਾਣਕਾਰ ਨਿੱਜੀ ਫ਼ੈਸਲਿਆਂ ਲਈ ਕਰਾਂ, ਤੇ ਸਰਕਾਰ ਨੂੰ ਉਨ੍ਹਾਂ ਫ਼ੈਸਲਿਆਂ ਲਈ ਜ਼ਿੰਮੇਵਾਰ ਠਹਿਰਾ ਸਕਾਂ.
ਜੇਕਰ ਮੈਂ ਆਪਣੀ ਸਿਹਤ ਦੀ 24 ਘੰਟੇ ਨਿਗਰਾਨੀ ਕਰਾਂਗਾ ਤਾਂ ਮੈਂ ਸਮਝ ਪਾਵਾਂਗਾ ਕਿ ਕਦੋਂ ਮੈਂ ਦੂਜਿਆਂ ਲਈ ਖ਼ਤਰਾ ਬਣ ਗਿਆ ਹਾਂ, ਤੇ ਠੀਕ ਹੋਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿਹੜੀਆਂ ਆਦਤਾਂ ਸਿਹਤ ਲਈ ਅਪਨਾਉਣੀਆਂ ਚਾਹੀਦੀਆਂ ਹਨ. ਜੇਕਰ ਕੋਰੋਨਾ ਵਾਇਰਸ ਦੇ ਫੈਲਾਅ ਦੇ ਬਾਰੇ ਮੈਂ ਵਿਸ਼ਵਾਸਯੋਗ ਆਂਕੜਿਆਂ ਨੂੰ ਪ੍ਰਾਪਤ ਕਰ ਸਕਾਂਗਾ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ ਸਕਾਂਗਾ ਤਾਂ ਮੈਂ ਫ਼ੈਸਲੇ ਕਰ ਸਕਾਂਗਾ ਕਿ ਸਰਕਾਰ ਸੱਚ ਬੋਲ ਰਹੀ ਹੈ ਜਾਂ ਨਹੀਂ, ਤੇ ਮਹਾਂਮਾਰੀ ਨਾਲ ਨਿਪਟਣ ਲਈ ਸਹੀ ਤਰੀਕੇ ਵਰਤ ਰਹੀ ਹੈ ਜਾਂ ਨਹੀਂ. ਜਦੋਂ ਵੀ ਅਸੀਂ ਨਿਗਰਾਨੀ ਵਿਵਸਥਾ ਦੀ ਗੱਲ ਕਰਦੇ ਹਾਂ ਤਾਂ ਯਾਦ ਰੱਖੋ ਕਿ ਉਸੇ ਤਕਨਾਲੋਜੀ ਨਾਲ ਸਰਕਾਰ ਦੀ ਵੀ ਨਿਗਰਾਨੀ ਹੋ ਸਕਦੀ ਹੈ, ਜਿਸਦੇ ਨਾਲ ਜਨਤਾ ਦੀ ਹੁੰਦੀ ਹੈ.
ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਗਰਿਕਾਂ ਦੇ ਅਧਿਕਾਰਾਂ ਤੇ ਕਰਤੱਵਾਂ ਦਾ ਵੱਡਾ ਇਮਤਿਹਾਨ ਹੈ. ਆਉਣ ਵਾਲੇ ਦਿਨਾਂ ਚ ਸਾਨੂੰ ਸਾਰਿਆਂ ਨੂੰ ਵਿਗਿਆਨਿਕ ਡਾਟਾ ਤੇ ਸਿਹਤ ਵਿਸ਼ੇਸ਼ਕਾਂ ਉੱਤੇ ਯਕੀਨ ਕਰਨਾ ਚਾਹੀਦਾ ਹੈ, ਨਾ ਕਿ ਬੇਬੁਨਿਆਦ ਕਹਾਣੀਆਂ ਤੇ ਆਪਣਾ ਉੱਲੂ ਸਿੱਧਾ ਕਰਨ ਚ ਲੱਗੇ ਲੀਡਰਾਂ ਦੀ ਗੱਲਾਂ ਉੱਤੇ. ਜੇ ਅਸੀਂ ਸਹੀ ਫ਼ੈਸਲੇ ਨਾ ਕੀਤੇ ਤਾਂ ਅਸੀਂ ਆਪਣੀਆਂ ਸਭ ਤੋਂ ਕੀਮਤੀ ਆਜ਼ਾਦੀਆਂ ਖੋ ਦੇਵਾਂਗੇ, ਅਸੀਂ ਇਹ ਮੰਨ ਲਵਾਂਗੇ ਕਿ ਆਪਣੀ ਸਿਹਤ ਦੀ ਰੱਖਿਆ ਕਰਨ ਲਈ ਇਹੀ ਸਹੀ ਫ਼ੈਸਲਾ ਹੈ.
ਹੁਣ ਦੂਜੀ ਅਹਿਮ ਚੋਣ, ਜੋ ਸਾਨੂੰ ਰਾਸ਼ਟਰਵਾਦੀ ਵਖਰੇਵਾਂ ਤੇ ਵਿਸ਼ਵ ਇੱਕਜੁੱਟਤਾ ਦੇ ਵਿਚਕਾਰ ਕਰਨੀ ਹੈ. ਇਹ ਮਹਾਂਮਾਰੀ ਤੇ ਉਸਦਾ ਅਰਥ-ਵਿਵਸਥਾਵਾਂ ਉੱਤੇ ਅਸਰ ਇੱਕ ਵਿਸ਼ਵ ਸੰਕਟ ਹੈ. ਇਹ ਸੰਕਟ ਵਿਸ਼ਵ ਸਹਿਯੋਗ ਨਾਲ ਹੀ ਮਿਟਾਇਆ ਜਾ ਸਕੇਗਾ. ਸਭ ਤੋਂ ਪਹਿਲਾਂ ਇੱਕ ਵਾਇਰਸ ਨਾਲ ਨਿਪਟਣ ਲਈ ਦੁਨੀਆ ਭਰ ਦੇ ਦੇਸ਼ਾਂ ਨੂੰ ਸੂਚਨਾ ਦਾ ਆਦਾਨ-ਪ੍ਰਦਾਨ ਕਰਨਾ ਹੋਵੇਗਾ. ਇਹ ਗੱਲ ਇਨਸਾਨਾਂ ਦੀ ਵਾਇਰਸ ਵਿਰੁੱਧ ਲੜਾਈ ਚ ਇੱਕ ਵੱਡਾ ਫਾਇਦਾ ਸਾਬਿਤ ਹੋਵੇਗੀ. ਅਮਰੀਕਾ ਦਾ ਕੋਰੋਨਾ ਵਾਇਰਸ ਤੇ ਚੀਨ ਦਾ ਕੋਰੋਨਾ ਵਾਇਰਸ ਇਸ ਗੱਲ ਉੱਤੇ ਸੋਚ-ਵਿਚਾਰ ਨਹੀਂ ਕਰ ਸਕਦੇ ਕਿ ਲੋਕਾਂ ਦੇ ਸਰੀਰਾਂ ਚ ਕਿਵੇਂ ਵੜਿਆ ਜਾਵੇ. ਪਰ ਚੀਨ ਅਮਰੀਕਾ ਨੂੰ ਕੁਝ ਉਪਯੋਗੀ ਗੱਲਾਂ ਦੱਸ ਸਕਦਾ ਹੈ, ਇਟਲੀ ਦੇ ਮਿਲਾਨ ਦਾ ਡਾਕਟਰ ਸਵੇਰੇ ਜੋ ਜਾਣਕਾਰੀ ਪ੍ਰਾਪਤ ਕਰਦਾ ਹੈ, ਉਹ ਸ਼ਾਮ ਤੱਕ ਤਹਿਰਾਨ ਦੇ ਲੋਕਾਂ ਦੀ ਜਾਨ ਬਚਾ ਸਕਦੀ ਹੈ. ਕਈ ਨੀਤੀਆਂ ਨੂੰ ਲੈ ਕੇ ਜੇ ਬ੍ਰਿਟੇਨ ਦੀ ਸਰਕਾਰ ਸ਼ਸ਼ੋਪੰਜ ਚ ਹੈ ਤਾਂ ਉਹ ਕੋਰੀਆ ਦੀ ਸਰਕਾਰ ਨਾਲ ਗੱਲ ਕਰ ਸਕਦੀ ਹੈ ਜੋ ਕਰੀਬ ਇੱਕ ਮਹੀਨਾ ਪਹਿਲਾਂ ਅਜਿਹੇ ਹੀ ਦੌਰ ਤੋਂ ਗੁਜ਼ਰੇ ਹਨ. ਪਰ ਅਜਿਹਾ ਹੋਣ ਲਈ ਵਿਸ਼ਵ ਭਾਈਚਾਰਾ ਤੇ ਇੱਕਜੁਟਤਾ ਦੀ ਭਾਵਨਾ ਹੋਣਾ ਚਾਹੀਦੀ ਹੈ.
ਦੇਸ਼ਾਂ ਨੂੰ ਖੁਲ੍ਹ ਕੇ ਜਾਣਕਾਰੀਆਂ ਦਾ ਲੈਣ-ਦੇਣ ਕਰਨਾ ਹੋਵੇਗਾ, ਨਿਮਰਤਾ ਨਾਲ ਸਲਾਹ ਮੰਗਣੀ ਹੋਵੇਗੀ ਤੇ ਜੋ ਕੁਝ ਦੂਜੇ ਦੇਣਗੇ ਉਸ ਉੱਤੇ ਯਕੀਨ ਲਾਇਕ ਮਾਹੌਲ ਬਣਾਉਣਾ ਹੋਵੇਗਾ. ਮੈਡੀਕਲ ਕਿਟ ਦੇ ਉਤਪਾਦਨ ਤੇ ਵੰਡ ਲਈ ਵਿਸ਼ਵ ਪੱਧਰ ਉੱਤੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ. ਆਪਣੇ ਦੇਸ਼ ਚ ਹੀ ਉਤਪਾਦਨ ਕਰਨ, ਤੇ ਉਪਕਰਣਾਂ ਨੂੰ ਜਮ੍ਹਾਂ ਕਰਨ ਦੀ ਕੋਸ਼ਿਸ਼ ਨਾਲੋਂ ਤਾਲਮੇਲ ਨਾਲ ਕੀਤੀ ਗਈ ਵਿਸ਼ਵ ਕੋਸ਼ਿਸ਼ ਜ਼ਿਆਦਾ ਕਾਰਗਰ ਹੋਵੇਗੀ. ਜਿਵੇਂ ਕਿ ਲੜਾਈਆਂ ਦੇ ਸਮੇਂ ਦੁਨੀਆ ਦੇ ਦੇਸ਼ ਆਪਣੇ ਉਦਯੋਗਾਂ ਦਾ ਰਾਸ਼ਟਰੀਕਰਣ ਕਰ ਦਿੰਦੇ ਹਨ, ਉਸੇ ਤਰ੍ਹਾਂ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੇ ਦੌਰਾਨ ਜ਼ਰੂਰੀ ਚੀਜ਼ਾਂ ਦੇ ਉਤਪਾਦਨ ਨੂੰ ਸਾਨੂੰ ਰਾਸ਼ਟਰੀ ਦੀ ਜਗ੍ਹਾ, ਮਨੁੱਖੀ ਬਣਾਉਣਾ ਚਾਹੀਦਾ ਹੈ. ਇੱਕ ਅਮੀਰ ਦੇਸ਼ ਜਿੱਥੇ ਕੋਰੋਨਾ ਵਾਇਰਸ ਮਾਮਲੇ ਘੱਟ ਹਨ, ਉਸਨੂੰ ਅਜਿਹੇ ਦੇਸ਼ਾਂ ਚ ਉਪਕਰਣ ਭੇਜਣੇ ਚਾਹੀਦੇ ਹਨ ਜਿੱਥੇ ਵਾਇਰਸ ਦੇ ਮਾਮਲੇ ਜ਼ਿਆਦਾ ਹਨ. ਅਜਿਹੀ ਹੀ ਕੋਸ਼ਿਸ਼ ਡਾਕਟਰਾਂ ਦੀ ਤੈਨਾਤੀ ਦੇ ਮਾਮਲੇ ਚ ਵੀ ਹੋਣੀ ਚਾਹੀਦੀ ਹੈ.
ਅਰਥ-ਵਿਵਸਥਾਵਾਂ ਨੂੰ ਸੰਭਾਲਣ ਲਈ ਵੀ ਇੱਕ ਵਿਸ਼ਵ ਨੀਤੀ ਬਣਨੀ ਚਾਹੀਦੀ ਹੈ, ਹਰ ਦੇਸ਼ ਆਪਣੇ ਹਿਸਾਬ ਨਾਲ ਚੱਲੇਗਾ ਤਾਂ ਸੰਕਟ ਹੋਰ ਵੀ ਡੂੰਘਾ ਹੁੰਦਾ ਜਾਵੇਗਾ. ਇਸੇ ਤਰ੍ਹਾਂ ਯਾਤਰਾਵਾਂ ਉੱਤੇ ਇੱਕ ਸਹਿਮਤੀ ਬਣਨੀ ਚਾਹੀਦੀ ਹੈ, ਲੰਬੇ ਸਮੇਂ ਤੱਕ ਯਾਤਰਾ ਉੱਤੇ ਪੂਰੀ ਤਰ੍ਹਾਂ ਰੋਕ ਨਾਲ ਬਹੁਤ ਨੁਕਸਾਨ ਹੋਵੇਗਾ, ਕੋਰੋਨਾ ਦੇ ਵਿਰੁੱਧ ਲੜਾਈ ਵੀ ਕਮਜ਼ੋਰ ਹੋਵੇਗੀ ਕਿਉਂਕਿ ਵਿਗਿਆਨਿਕਾਂ, ਡਾਕਟਰਾਂ, ਪੱਤਰਕਾਰਾਂ, ਸਿਆਸਤਦਾਨਾਂ ਤੇ ਵਪਾਰੀ ਲੋਕਾਂ ਨੂੰ ਵੀ ਦੁਨੀਆ ਦੇ ਇੱਕ ਖੂੰਜੇ ਤੋਂ ਦੂਜੇ ਖੂੰਜੇ ਚ ਜਾਣਾ ਹੋਵੇਗਾ. ਪ੍ਰੀ-ਸਕਰੀਨਿੰਗ ਦੇ ਨਾਲ ਯਾਤਰਾਵਾਂ ਨੂੰ ਸ਼ੁਰੂ ਕਰਨ ਤੇ ਸਹਿਮਤੀ ਬਣਾਈ ਜਾ ਸਕਦੀ ਹੈ.
ਪਰ ਅਫ਼ਸੋਸ ਕਿ ਇਨ੍ਹਾਂ ਚੋਂ ਕੁਝ ਵੀ ਨਹੀਂ ਹੋ ਰਿਹਾ ਹੈ, ਦੁਨੀਆ ਭਰ ਦੀਆਂ ਸਰਕਾਰਾਂ ਇੱਕ ਸਾਮੂਹਿਕ ਅਧਰੰਗ ਜਿਹੀ ਹਾਲਤ ਚ ਹਨ. ਦੁਨੀਆ ਦੇ ਸਭ ਤੋਂ ਅਮੀਰ ਸੱਤ ਦੇਸ਼ਾਂ ਦੇ ਲੀਡਰਾਂ ਦੀ ਬੈਠਕ ਹੁਣ ਜਾ ਕੇ ਪਿਛਲੇ ਹਫ਼ਤੇ ਟੈਲੀ-ਕਾਨਫ੍ਰੈਂਸਿੰਗ ਨਾਲ ਹੋਈ ਹੈ ਜਿਸ ਚ ਅਜਿਹੀ ਕੋਈ ਯੋਜਨਾ ਸਾਹਮਣੇ ਨਹੀਂ ਰੱਖੀ ਗਈ ਜਿਸ ਚ ਦੁਨੀਆ ਦੇ ਦੇਸ਼ ਇੱਕਜੁਟ ਹੋ ਕੇ ਕੋਰੋਨਾ ਨਾਲ ਲੜ ਸਕਣ.
2008 ਦੇ ਆਰਥਿਕ ਸੰਕਟ ਤੇ 2014 ਚ ਇਬੋਲਾ ਫੈਲਣ ਤੇ ਅਮਰੀਕਾ ਨੇ ਗਲੋਬਲ ਲੀਡਰ ਦੀ ਭੂਮਿਕਾ ਨਿਭਾਈ ਸੀ, ਪਰ ਇਸ ਵਾਰ ਅਮਰੀਕੀ ਪ੍ਰਸ਼ਾਸਨ ਨੇ ਇਹ ਕੰਮ ਟਾਲ ਦਿੱਤਾ ਹੈ, ਅਜਿਹਾ ਲੱਗ ਰਿਹਾ ਹੈ ਕਿ ਮਨੁੱਖਤਾ ਦੇ ਭਵਿੱਖ ਤੋਂ ਵੱਧ ਚਿੰਤਾ ਗ੍ਰੇਟਨੇਸ ਆਫ਼ ਅਮੇਰਿਕਾ ਦੀ ਹੈ. ਮੌਜੂਦਾ ਲੀਡਰਸ਼ਿਪ ਨੇ ਆਪਣੇ ਸਭ ਤੋਂ ਕਰੀਬੀ ਸਾਂਝੀਦਾਰਾਂ ਨੂੰ ਵੀ ਛੱਡ ਦਿੱਤਾ ਹੈ. ਯੂਰਪੀ ਸੰਘ ਦੇ ਨਾਲ ਕੋਈ ਸਹਿਯੋਗ ਨਹੀਂ ਹੋ ਰਿਹਾ. ਅਮਰੀਕਾ ਦਾ ਜਰਮਨ ਨਾਲ ਇੱਕ ਸਕੈਂਡਲ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਅਮਰੀਕਾ ਦੁਆਰਾ ਜਰਮਨ ਦੀ ਇੱਕ ਫਰਮਾ ਕੰਪਨੀ ਨੂੰ, ਜੋ ਕੋਵਿਡ-19 ਦਾ ਵੈਕਸੀਨ ਬਣਾ ਰਹੀ ਹੈ, ਰਿਸ਼ਵਤ ਪੇਸ਼ਕਸ਼ ਕੀਤੀ ਗਈ ਤਾਂ ਜੋ ਇਹ ਵੈਕਸੀਨ ਸਿਰਫ ਅਮਰੀਕਾ ਦੇ ਲੋਕਾਂ ਲਈ ਖਰੀਦੀ ਜਾ ਸਕੇ.
ਅਸੀਂ ਚੁਣਨਾ ਹੈ ਕਿ ਅਸੀਂ ਵਿਸ਼ਟ ਇੱਕਜੁਟਤਾ ਵੱਲ ਜਾਵਾਂਗੇ ਜਾਂ ਰਾਸ਼ਟਰਵਾਦੀ ਵਖਰੇਵੇਂ ਦੇ ਵੱਲ. ਜੇ ਅਸੀਂ ਰਾਸ਼ਟਰਵਾਦੀ ਵਖਰੇਵਾਂ ਚੁਣਾਂਗੇ, ਤਾਂ ਇਹ ਸੰਕਟ ਵੱਧ ਨੁਕਸਾਨ ਕਰਕੇ ਦੇਰ ਨਾਲ ਟਲੇਗਾ, ਤੇ ਭਵਿੱਖ ਚ ਵੀ ਅਜਿਹੇ ਸੰਕਟ ਆਉਂਦੇ ਰਹਿਣਗੇ. ਪਰ ਜੇ ਅਸੀਂ ਵਿਸ਼ਵ ਇੱਕਜੁਟਤਾ ਨੂੰ ਚੁਣਦੇ ਹਾਂ ਤਾਂ ਇਹ ਕੋਰੋਨਾ ਦੇ ਵਿਰੁੱਧ ਸਾਡੀ ਵੱਡੀ ਜਿੱਤ ਤਾਂ ਹੋਵੇਗੀ ਹੀ, ਨਾਲ ਹੀ ਅਸੀਂ ਭਵਿੱਖ ਦੇ ਸੰਕਟਾਂ ਨਾਲ ਨਿਪਟਣ ਲਈ ਮਜ਼ਬੂਤ ਹੋਵਾਂਗੇ, ਅਜਿਹੇ ਸੰਕਟ ਜੋ 21ਵੀਂ ਸਦੀ ਚ ਧਰਤੀ ਤੋਂ ਮਨੁੱਖ-ਜਾਤੀ ਦੀ ਹੋਂਦ ਹੀ ਮਿਟਾ ਸਕਦੇ ਹਨ.

ਯੁਵਾਲ ਨੋਵਾ ਹਰਾਰੀ

ਅਨੁਵਾਦ: ਹਰਜੋਤ
ਸੰਪਰਕ: 90413-50826

***



Thursday, March 26, 2020

ਕੋਰੋਨਾ ਵਾਈਰਸ, ਸਮਕਾਲੀ ਰਾਜਨੀਤੀ ਤੇ ਹਰਾਰੀ ਚਿੰਤਨ



ਕਰੋਨਾ ਵਾਈਰਸ ਨੂੰ ਲੈ ਕੇ ਦੁਨੀਆ ਭਰ ਵਿਚ ਬੜੀਆਂ ਗੱਲਾਂ ਹੋ ਰਹੀਆਂ ਹਨ. ਏਨੀਆਂ ਗੱਲਾਂ ਕਿ ਆਮ ਬੰਦੇ ਲਈ ਇਹ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ ਇਨ੍ਹਾਂ ਵਿਚੋਂ ਕਿਹੜੀ ਸਹੀ ਤੇ ਕਿਹੜੀ ਗ਼ਲਤ ਹੈ. ਉਦਾਹਰਨ ਵਜੋਂ ਹਰ ਦੇਸ਼ ਦੀ ਸਰਕਾਰ ਇਸ ਗੱਲ ਨੂੰ ਜ਼ੋਰ-ਸ਼ੋਰ ਨਾਲ਼ ਪ੍ਰਚਾਰ ਰਹੀ ਏ ਕਿ ਇਸ ਵਾਈਰਸ ਤੋਂ ਬਚਣ ਹਿਤ ਲੋਕਾਂ ਨੂੰ ਘਰਾਂ ਅੰਦਰ ਡੱਕ ਦੇਣਾ ਜ਼ਰੂਰੀ ਹੈ. ਭਾਰਤ ਇਸ ਦਾ ਪ੍ਰਤੱਖ ਪ੍ਰਮਾਣ ਹੈ. ਅਸੀਂ ਇਕ ਕੈਦ ਭੋਗ ਰਹੇ ਹਾਂ. ਹਾਲਾਂਕਿ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਰਨਾ ਸਾਡੇ ਲਈ ਬੇਹੱਦ ਜ਼ਰੂਰੀ ਹੈ, ਪਰ ਦੁਨੀਆ ਦੇ ਨਾਮਵਰ ਚਿੰਤਕਾਂ ਵਿਚ ਸ਼ਾਮਿਲ ਸਾਡੇ ਸਮਿਆਂ ਦੇ ਅਦਭੁਤ ਵਿਚਾਰਕ ਯੁਵਾਲ ਨੋਆਹ ਹਰਾਰੀ ਦਾ ਆਖਣਾ ਹੈ ਕਿ, “ਜੇਕਰ ਤੁਸੀਂ ਸੋਚਦੇ ਹੋ ਕਿ ਖ਼ੁਦ ਨੂੰ ਸਾਰਿਆਂ ਤੋਂ ਦੂਰ ਰੱਖ ਕੇ ਤੁਸੀਂ ਇਸ ਮਹਾਂਮਾਰੀ ਤੋਂ ਬਚ ਸਕਦੇ ਹੋ ਤਾਂ ਇਹ ਤੁਹਾਡੀ ਵੱਡੀ ਭੁੱਲ ਹੈ. ਇਸ ਦਾ ਕਾਰਨ ਦੱਸਦੇ ਹੋਏ ਉਹ ਆਖਦੇ ਨੇ ਕਿ 14ਵੀਂ ਸਦੀ ਵਿਚ, ਜਦੋਂ ਨਾ ਰੇਲ-ਗੱਡੀਆਂ ਸਨ ਤੇ ਨਾ ਹੀ ਹਵਾਈ-ਜ਼ਹਾਜ, ਉਸ ਵਕਤ ਏਸ਼ੀਆ ਤੋਂ ਸ਼ੁਰੂ ਹੋਈ ਪਲੇਗ ਪੂਰੇ ਯੂਰਪ ਤੱਕ ਫ਼ੈਲ ਗਈ ਤੇ ਇਸ ਨੇ ਕਰੀਬ 7 ਕਰੋੜ ਲੋਕਾਂ ਦੀ ਜਾਨ ਲੈ ਲਈ ਸੀ. ਇਤਿਹਾਸ ਦੇ ਵਿਦਿਆਰਥੀ ਜਾਣਦੇ ਹਨ ਕਿ ਇਸ ਭਿਆਨਕ ਸਮੱਸਿਆ ਨੂੰ ਅੱਜ ਵੀ ਦੁਨੀਆ ਭਰ ਵਿਚ ‘ਬਲੈਕ ਡੈੱਥ’ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ. ਇਸ ਲਈ ਹਰਾਰੀ ਦਾ ਮੰਨਣਾ ਹੈ ਕਿ ਜੁਕਰ 1330-1350 ਵਿਚ ਇਹ ਸਥਿਤੀ ਸੀ ਤਾਂ ਅੱਜ 21ਵੀਂ ਸਦੀ ਦੀ ਭੂਮੰਡਲੀਕ੍ਰਿਤ ਦੁਨੀਆ ਵਿਚ ਇਹ ਭੁੱਲ ਹੀ ਜਾਣਾ ਚਾਹੀਦਾ ਹੈ ਕਿ ਤੁਸੀਂ ਸਾਰਿਆਂ ਤੋਂ ਦੂਰ ਜਾਂ ਵੱਖ ਰਹਿ ਕੇ ਇਸ ਮਹਾਂਮਾਰੀ ਤੋਂ ਬਚ ਸਕਦੇ ਹੋ.

ਹਰਾਰੀ ਇਹ ਵੀ ਆਖਦਾ ਹੈ ਕਿ, “ਵਾਸਤਵ ਵਿਚ ਜਰੂਰਤ ਇਸ ਦੇ ਠੀਕ ਉਲਟ ਹੈ. ਸਾਨੂੰ ਬੰਦ ਨਹੀਂ ਸਗੋਂ ਵੱਧ ਤੋਂ ਵੱਧ ਖੁੱਲ੍ਹਣ ਦੀ ਲੋੜ ਹੈ. ਮਨੁੱਖਤਾ ਨੂੰ ਖ਼ੁਦ ਨੂੰ ਆਪਣੇ-ਆਪ ਨੂੰ ਇਕ ਜਾਤੀ ਮੰਨਦੇ ਹੋਏ, ਇਸ ਸਮੱਸਿਆ ਦਾ ਮਿਲ ਕੇ ਹੱਲ ਲੱਭਣਾ ਹੋਵੇਗਾ. ਇਕ-ਦੂਜੇ ਨਾਲ ਲਗਾਤਾਰ ਸੰਵਾਦ ਕਰਨਾ ਹੋਵੇਗਾ. ਫਿਰ ਹੀ ਇਸ ਦਾ ਟਾਕਰਾ ਕੀਤਾ ਜਾ ਸਕਦਾ ਹੈ. ਹਾਲਾਂਕਿ ਉਹ ਇਹ ਵੀ ਆਖਦੇ ਨੇ ਕਿ ਇਸ ਮੌਕੇ ਸਰਕਾਰਾਂ ਨੂੰ ਇਕ ਵੱਡੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ, ਪਰ ਨਾਲ਼ ਹੀ ਨਾਲ਼ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਇਸ ਗੱਲ ’ਤੇ ਯਕੀਨ ਨਹੀਂ ਕਰ ਸਕਦੇ ਕਿ ਸਰਕਾਰਾਂ ਏਦਾਂ ਕਰਨਗੀਆਂ. ਉਨ੍ਹਾਂ ਮੁਤਾਬਿਕ ਕੋਈ ਵੀ ਇਸ ’ਤੇ ਵਿਸ਼ਵਾਸ਼ ਨਹੀਂ ਕਰ ਸਕਦਾ. ਇਸ ਲਈ ਇਹ ਸਮਾਂ ਰਾਜਨੀਤੀ ਦੀ ਅਗਨੀ-ਪ੍ਰੀਖਿਆ ਦਾ ਹੈ, ਪਰ ਇਸ ਮੌਕੇ ਰਾਜਨੀਤੀ ਕੀ ਕਰ ਰਹੀ ਹੈ? ਉਸ ਬਾਬਤ ਲਿਖਦਿਆਂ ਹਰਾਰੀ ਨੇ ਆਪਣੇ ਲੇਖ ‘ਕੋਰੋਨਾ ਵਾਇਰਸ ਤੋਂ ਬਾਅਦ ਦੁਨੀਆ’ (ਅਨਹਦ ਦੇ ਆਉਣ ਵਾਲੇ ਅਪ੍ਰੈਲ-ਜੂਨ ਅੰਕ ਵਿਚ ਤੁਸੀਂ ਇਸ ਲੇਖ ਨੂੰ ਪੂਰਾ ਪੜ੍ਹ ਸਕਦੇ ਹੋ) ਅੰਦਰ ਕਿਹਾ ਹੈ ਕਿ, “ਮਹਾਂਮਾਰੀ ਨੂੰ ਰੋਕਣ ਲਈ ਪੂਰੀ ਆਬਾਦੀ ਨੂੰ ਤੈਅ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਹੁੰਦਾ ਹੈ. ਇਸ ਨੂੰ ਹਾਸਿਲ ਕਰਨ ਦੇ ਦੋ ਮੁੱਖ ਤਰੀਕੇ ਹਨ. ਪਹਿਲਾ ਤਰੀਕਾ ਇਹ ਹੈ ਕਿ ਸਰਕਾਰ ਲੋਕਾਂ ਦੀ ਨਿਗਰਾਨੀ ਕਰੇ ਤੇ ਜੋ ਲੋਕ ਨਿਯਮ ਤੋੜਨ ਉਨ੍ਹਾਂ ਨੂੰ ਦੰਡ ਦੇਵੇ. ਅੱਜ ਦੀ ਤਾਰੀਖ਼ ’ਚ ਮਨੁੱਖਤਾ ਦੇ ਇਤਿਹਾਸ ’ਚ ਤਕਨਾਲੋਜੀ ਨੇ ਇਸ ਨੂੰ ਪਹਿਲੀ ਵਾਰ ਸੰਭਵ ਬਣਾ ਦਿੱਤਾ ਹੈ ਕਿ ਹਰ ਨਾਗਰਿਕ ਦੀ ਹਰ ਸਮੇਂ ਨਿਗਰਾਨੀ ਕੀਤੀ ਜਾ ਸਕੇ. 50 ਸਾਲ ਪਹਿਲਾਂ ਰੂਸੀ ਖੁਫ਼ੀਆ ਏਜੰਸੀ ਕੇ.ਜੀ.ਬੀ. 24 ਕਰੋੜ ਸੋਵੀਅਤ ਨਾਗਰਿਕਾਂ ਦੀ 24 ਘੰਟੇ ਨਿਗਰਾਨੀ ਨਹੀਂ ਕਰ ਪਾਉਂਦੀ ਸੀ. ਕੇ.ਜੀ.ਬੀ. ਇਨਸਾਨੀ ਏਜੰਟਾਂ ਤੇ ਵਿਸ਼ਲੇਸ਼ਕਾਂ ਉੱਤੇ ਨਿਰਭਰ ਸੀ ਤੇ ਹਰ ਵਿਅਕਤੀ ਦੇ ਪਿੱਛੇ ਇੱਕ ਏਜੰਟ ਲਗਾਉਣਾ ਸੰਭਵ ਨਹੀਂ ਸੀ. ਹੁਣ ਇਨਸਾਨੀ ਜਾਸੂਸ ਦੀ ਜ਼ਰੂਰਤ ਨਹੀਂ, ਹਰ ਜਗ੍ਹਾ ਮੌਜੂਦ ਸਰਵ-ਵਿਆਪੀ ਸੈਂਸਰਾਂ ਤੇ ਪ੍ਰਤੀਕ-ਗਣਿਤ (ਐਲਗੋਰਿਥਮ) ਉੱਤੇ ਸਰਕਾਰਾਂ ਨਿਰਭਰ ਕਰ ਸਕਦੀਆਂ ਹਨ.

ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਬਹੁਤ ਸਾਰੀਆਂ ਸਰਕਾਰਾਂ ਨੇ ਨਿਗਰਾਨੀ ਦੇ ਨਵੇਂ ਉਪਕਰਣ ਤੇ ਵਿਵਸਥਾਵਾਂ ਲਾਗੂ ਕਰ ਦਿੱਤੀਆਂ ਹਨ. ਇਸ ’ਚ ਸਭ ਤੋਂ ਖਾਸ ਮਾਮਲਾ ਚੀਨ ਦਾ ਹੈ. ਲੋਕਾਂ ਦੇ ਸਮਾਰਟ ਫ਼ੋਨ ਨੂੰ ਡੂੰਘਾਈ ਨਾਲ ਮੋਨੀਟਰ ਕਰ ਕੇ, ਲੱਖਾਂ ਕੈਮਰਿਆਂ ਦੇ ਰਾਹੀਂ, ਚਿਹਰੇ ਪਹਿਚਾਨਣ ਵਾਲੀ ਤਕਨਾਲੋਜੀ ਦੀ ਵਰਤੋਂ ਕਰਕੇ, ਲੋਕਾਂ ਦੇ ਸਰੀਰ ਦਾ ਤਾਪਮਾਨ ਲੈ ਕੇ, ਬਿਮਾਰ ਲੋਕਾਂ ਦੀ ਰਿਪੋਰਟਿੰਗ ਨੂੰ ਸਖਤ ਬਣਾ ਕੇ ਸੰਦੇਹਜਨਕ ਲੋਕਾਂ ਦੀ ਪਹਿਚਾਣ ਕੀਤੀ ਗਈ. ਇਹੀ ਨਹੀਂ, ਉਨ੍ਹਾਂ ਦੇ ਆਉਣ-ਜਾਣ ਨੂੰ ਟਰੈਕ ਕੀਤਾ ਗਿਆ ਤਾਂਕਿ ਪਤਾ ਲੱਗ ਸਕੇ ਕਿ ਉਹ ਕਿਹੜੇ ਲੋਕਾਂ ਨਾਲ ਮਿਲੇ-ਜੁਲੇ ਹਨ. ਅਜਿਹੇ ਮੋਬਾਇਲ ਐਪ ਵੀ ਹਨ, ਜੋ ਰੋਗ-ਗ੍ਰਸਤ ਹੋਣ ਦੀ ਆਸ਼ੰਕਾ ਵਾਲੇ ਲੋਕਾਂ ਦੀ ਪਹਿਚਾਣ ਕਰ ਕੇ ਨਾਗਰਿਕਾਂ ਨੂੰ ਖ਼ਬਰਦਾਰ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਤੋਂ ਦੂਰ ਰਹੋ.

ਹਰਾਰੀ ਕਰੋਨਾ ਵਾਈਰਸ ਦੀ ਇਸ ਸਮੱਸਿਆ ਨੂੰ ਸਰਕਾਰਾਂ ਲਈ ਇਕ ਮੌਕੇ ਦੇ ਰੂਪ ਵਿਚ ਦੇਖਦੇ ਹਨ. ਇਸ ਲਈ ਆਪਣੇ ਉਕਤ ਲੇਖ ਅੰਦਰ ਉਨ੍ਹਾਂ ਨੇ ਬਾਇਓਮੈਟ੍ਰਿਕ ਨਿਗਰਾਨੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ, "ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੰਟਰਨੈੱਟ ਦਾ ਫੋਕਸ ਬਦਲ ਜਾਵੇਗਾ. ਹੁਣ ਸਰਕਾਰ ਤੁਹਾਡੀ ਉਂਗਲੀ ਦਾ ਤਾਪਮਾਨ ਤੇ ਚਮੜੀ ਦੇ ਥੱਲੇ ਦਾ ਬਲੱਡ ਪ੍ਰੈਸ਼ਰ ਵੀ ਜਾਨਣ ਲੱਗੇਗੀ. ਨਿਗਰਾਨੀ ਦੇ ਮਾਮਲੇ ’ਚ ਦਿੱਕਤ ਇਹੀ ਹੈ ਕਿ ਸਾਡੇ ’ਚੋਂ ਕੋਈ ਪੱਕੇ ਤੌਰ ’ਤੇ ਨਹੀਂ ਜਾਣਦਾ ਕਿ ਸਾਡੇ ਉੱਪਰ ਕਿਸ ਤਰ੍ਹਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਸਾਲਾਂ ’ਚ ਉਸ ਦਾ ਰੂਪ ਕੀ ਹੋਵੇਗਾ. ਨਿਗਰਾਨੀ ਤਕਨਾਲੋਜੀ ਤੂਫ਼ਾਨੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ. 10 ਸਾਲ ਪਹਿਲਾਂ ਤੱਕ ਜਿਹੋ ਜਿਹੀ ਵਿਗਿਆਨ-ਫਿਕਸ਼ਨ ਪ੍ਰਤੀਤ ਹੁੰਦੀ ਸੀ, ਉਹ ਅੱਜ ਪੁਰਾਣੀ ਖ਼ਬਰ ਹੈ. ਸੋਚਣ ਦੀ ਸੁਵਿਧਾ ਲਈ ਮੰਨ ਲਓ ਕਿ ਕੋਈ ਸਰਕਾਰ ਆਪਣੇ ਨਾਗਰਿਕਾਂ ਨੂੰ ਕਹੇ ਕਿ ਸਾਰੇ ਲੋਕਾਂ ਨੂੰ ਇੱਕ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਣਾ ਜ਼ਰੂਰੀ ਹੋਵੇਗਾ, ਜੋ ਸਰੀਰ ਦਾ ਤਾਪਮਾਨ ਤੇ ਦਿਲ ਦੀ ਧੜਕਨ ਨੂੰ 24 ਘੰਟੇ ਮੋਨੀਟਰ ਕਰਦਾ ਰਹੇਗਾ. ਬ੍ਰੈਸਲੇਟ ਤੋਂ ਮਿਲਣ ਵਾਲਾ ਡਾਟਾ ਸਰਕਾਰੀ ਐਲਗੋਰਿਥਮ ’ਚ ਜਾਂਦਾ ਰਹੇਗਾ ਤੇ ਉਸ ਦਾ ਵਿਸ਼ਲੇਸ਼ਣ ਹੁੰਦਾ ਰਹੇਗਾ. ਤੁਹਾਨੂੰ ਪਤਾ ਲੱਗੇ ਕਿ ਤੁਸੀਂ ਬਿਮਾਰ ਹੋਂ, ਇਸ ਤੋਂ ਪਹਿਲਾਂ ਸਰਕਾਰ ਨੂੰ ਪਤਾ ਹੋਵੇਗਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਹੈ. ਸਿਸਟਮ ਨੂੰ ਇਹ ਵੀ ਪਤਾ ਹੋਵੇਗਾ ਕਿ ਤੁਸੀਂ ਕਿੱਥੇ-ਕਿੱਥੇ ਗਏ, ਕਿਸ-ਕਿਸ ਨੂੰ ਮਿਲੇ, ਇਸ ਤਰ੍ਹਾਂ ਛੂਤ ਦੇ ਰੋਗ ਦੀ ਲੜੀ ਨੂੰ ਛੋਟਾ ਕੀਤਾ ਜਾ ਸਕੇਗਾ ਜਾਂ ਕਈ ਵਾਰ ਤੋੜਿਆ ਜਾ ਸਕੇਗਾ. ਇਸ ਤਰ੍ਹਾਂ ਦਾ ਸਿਸਟਮ ਕਿਸੇ ਮਹਾਂਮਾਰੀ ਨੂੰ ਕੁਝ ਹੀ ਦਿਨਾਂ ’ਚ ਖਤਮ ਕਰ ਸਕਦਾ ਹੈ, ਸੁਣਨ ’ਚ ਬਹੁਤ ਚੰਗਾ ਲੱਗਦਾ ਹੈ, ਹੈ ਨਾ?

ਹੁਣ ਇਸ ਦੇ ਖ਼ਤਰੇ ਨੂੰ ਸਮਝੋ, ਇਹ ਇੱਕ ਖੌਫ਼ਨਾਕ ਨਿਗਰਾਨੀ ਰਾਜ ਦੀ ਸ਼ੁਰੂਆਤ ਕਰੇਗਾ. ਮਿਸਾਲ ਵਜੋਂ, ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਮੈਂ ਫ਼ਾਕਸ ਨਿਊਜ਼ ਦੀ ਜਗ੍ਹਾ ਸੀਐਨਐਨ ਦੇ ਲਿੰਕ ’ਤੇ ਕਲਿੱਕ ਕੀਤਾ ਹੈ ਤਾਂ ਤੁਸੀਂ ਮੇਰੇ ਰਾਜਨੀਤਿਕ ਵਿਚਾਰਾਂ ਤੇ ਇੱਥੋਂ ਤੱਕ ਕਿ ਕੁਝ ਹੱਦ ਤੱਕ ਮੇਰੇ ਵਿਅਕਤਿਤਵ (ਸ਼ਖ਼ਸੀਅਤ) ਨੂੰ ਸਮਝ ਸਕੋਗੇ, ਪਰ ਜੇਕਰ ਤੁਸੀਂ ਇੱਕ ਵੀਡਿਓ ਕਲਿੱਪ ਦੇਖਣ ਦੇ ਦੌਰਾਨ ਮੇਰੇ ਸਰੀਰ ਦੇ ਤਾਪਮਾਨ, ਬਲੱਡ ਪ੍ਰੈਸ਼ਰ ਤੇ ਹਾਰਟ ਰੇਟ ਨੂੰ ਮੋਨੀਟਰ ਕਰ ਰਹੇ ਹੋ ਤਾਂ ਤੁਸੀਂ ਜਾਣ ਸਕਦੇ ਹੋ ਕਿ ਮੈਨੂੰ ਕਿਹੜੀਆਂ ਗੱਲਾਂ ਉੱਤੇ ਗੁੱਸਾ, ਹਾਸਾ ਜਾਂ ਰੋਣਾ ਆਉਂਦਾ ਹੈ.

ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁੱਸਾ, ਖੁਸ਼ੀ, ਅਕੇਵਾਂ ਤੇ ਪਿਆਰ ਇੱਕ ਜੈਵਿਕ ਪ੍ਰਕਿਰਿਆ ਹੈ, ਬਿਲਕੁਲ ਬੁਖ਼ਾਰ ਤੇ ਖੰਘ ਦੀ ਤਰ੍ਹਾਂ. ਜੋ ਤਕਨਾਲੋਜੀ ਖੰਘ ਦਾ ਪਤਾ ਲਗਾ ਸਕਦੀ ਹੈ, ਉਹ ਹਾਸਿਆਂ ਦਾ ਵੀ ਪਤਾ ਲਗਾ ਸਕਦੀ ਹੈ. ਜੇਕਰ ਸਰਕਾਰਾਂ ਤੇ ਵੱਡੀਆਂ ਕੰਪਨੀਆਂ ਨੂੰ ਵੱਡੇ ਪੈਮਾਨੇ ’ਤੇ ਸਾਡਾ ਡਾਟਾ ਜੁਟਾਉਣ ਦੀ ਆਜ਼ਾਦੀ ਮਿਲ ਜਾਵੇਗੀ ਤਾਂ ਉਹ ਸਾਡੇ ਬਾਰੇ ਸਾਡੇ ਤੋਂ ਬਿਹਤਰ ਜਾਣਨ ਲੱਗਣਗੇ. ਉਹ ਸਾਡੀਆਂ ਭਾਵਨਾਵਾਂ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਸਕਣਗੇ, ਇਹੀ ਨਹੀਂ, ਉਹ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ੍ਹ ਵੀ ਕਰ ਸਕਣਗੇ, ਉਹ ਜੋ ਚਾਹਣਗੇ ਸਾਨੂੰ ਵੇਚ ਸਕਣਗੇ– ਚਾਹੇ ਉਹ ਇੱਕ ਉਤਪਾਦ ਹੋਵੇ ਜਾਂ ਕੋਈ ਸਿਆਸਤਦਾਨ. ਬਾਇਓਮ੍ਰੈਟਿਕ ਨਿਗਰਾਨੀ ਤੋਂ ਬਾਅਦ ਕੈਮਬ੍ਰਿਜ ਐਨਾਲਿਟਿਕਾ ਪਾਸ਼ਾਣ ਯੁੱਗ ਦੀ ਤਾਕਨੋਲੋਜੀ ਲੱਗਣ ਲੱਗੇਗੀ. ਕਲਪਨਾ ਕਰੋ, ਉੱਤਰ ਕੋਰੀਆ ’ਚ 2030 ਤੱਕ ਹਰ ਨਾਗਰਿਕ ਨੂੰ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਨਾ ਦਿੱਤਾ ਗਿਆ ਹੈ. ਮਹਾਨ ਲੀਡਰ ਦਾ ਭਾਸ਼ਣ ਸੁਣਨ ਤੋਂ ਬਾਅਦ ਜਿਨ੍ਹਾਂ ਦਾ ਬ੍ਰੈਸਲੇਟ ਦੱਸੇਗਾ ਕਿ ਉਨ੍ਹਾਂ ਨੂੰ ਗੁੱਸਾ ਆ ਰਿਹਾ ਸੀ, ਉਨ੍ਹਾਂ ਦਾ ਤਾਂ ਹੋ ਗਿਆ ਕੰਮ ਤਮਾਮ. ਇਨ੍ਹਾਂ ਸਾਰੀਆਂ ਹਾਲਾਤਾਂ ਵਿਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਕੋਰੋਨਾ ਦੀ ਸਮੱਸਿਆ ਦੇ ਨਾਲ਼-ਨਾਲ਼ ਅਸੀਂ ਰਾਜਨੀਤਕ ਢਾਂਚੇ ਦੀਆਂ ਸਮੱਸਿਆਵਾਂ ਨਾਲ਼ ਵੀ ਨਜਿੱਠਣਾ ਹੈ.

ਕੋਰੋਨਾ ਤੋਂ ਬਾਅਦ ਬਚ ਜਾਣ ਵਾਲੇ ਮਨੁੱਖਾਂ ਸਾਹਮਣੇ ਇਹ ਇਕ ਵੱਡੀ ਚੁਨੌਤੀ ਹੋਵੇਗੀ ਕਿ ਹੁਣ ਅਸੀਂ ਕਿਵੇਂ ਜਿਊਣਾ ਹੈ.


ਪਰਮਿੰਦਰ ਸਿੰਘ ਸ਼ੌਂਕੀ
ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ


Thursday, March 19, 2020

ਇੱਕੀਵੀਂ ਸਦੀ ਵਿਚ ਧਰਮ ਅਤੇ ਵਿਗਿਆਨ ਦਾ ਸੰਵਾਦੀ ਪ੍ਰਸੰਗ




ਇਤਿਹਾਸਿਕ ਰੂਪ ਵਿਚ ਅਸੀਂ ਜਾਣਦੇ ਹਾਂ ਕਿ ਜਿਉਂ ਹੀ ਵਿਗਿਆਨ ਨੇ ਯਥਾਰਥ ਦੀ ਧਾਰਮਿਕ, ਗੁਣਾਤਮਿਕ ਤੇ ਰਹੱਸਾਤਮਿਕ ਪਰਿਭਾਸ਼ਾ ਨੂੰ ਪਰਿ-ਮਾਪਕ, ਗਣਿਤੀ ਤੇ ਸੈਕੂਲਰ ਮਾਡਲ ਨਾਲ਼ ਬਦਲਿਆ ਤਾਂ ਧਰਮ ਤੇ ਵਿਗਿਆਨ ਇਕ-ਦੂਸਰੇ ਪ੍ਰਤੀ ਲਗਭਗ ਯੁੱਧ ਦੀ ਸਥਿਤੀ ਵਿਚ ਆ ਖੜ੍ਹੇ ਹੋਏ. ਇਨ੍ਹਾਂ ਦੋਵਾਂ ਦੀ ਇਸ ਸੰਘਰਸ਼ਸ਼ੀਲ ਭੂਮਿਕਾ ਨੇ ਨਾ ਸਿਰਫ਼ ਮਾਨਵੀ ਚੇਤਨਾ ਦੀ ਮਾਨਵਵਾਦੀ ਪਹੁੰਚ ਉੱਪਰ ਸਵਾਲੀਆ ਚਿੰਨ੍ਹ ਲਗਾਇਆ, ਸਗੋਂ ਇਸ ਲੜਾਈ ਸਦਕਾ ਮਨੁੱਖ ਇਸ ਪ੍ਰਸ਼ਨ ਦੇ ਸਨਮੁੱਖ ਵੀ ਹੋਇਆ ਕਿ ਮਾਨਵੀ ਉੱਥਾਨ ਦੀ ਵਾਸਤਵਿਕ ਹੋਂਦ ਦੇ ਮੱਦੇ-ਨਜ਼ਰ ਇਨ੍ਹਾਂ ਦੋਵਾਂ ਅਨੁਸ਼ਾਸਨਾਂ ਵਿਚੋਂ ਕਿਸ ਅਨੁਸ਼ਾਸਨ ਦਾ ਅਨੁਸਰਣ ਕੀਤਾ ਜਾਵੇ? ਧਰਮ ਤੇ ਵਿਗਿਆਨ ਦੀ ਇਸ ਆਪਸੀ ਜੱਦੋ-ਜਹਿਦ ਨੇ ਹਾਲਾਂਕਿ 20ਵੀਂ ਸਦੀ ਦੌਰਾਨ ਇਕ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਈ, ਪਰ ਆਪਣੇ ਅੰਤਲੇ ਸਮਿਆਂ ਦੌਰਾਨ ਇਸ ਸਦੀ ਦੀ ਇਕ ਵੱਡੀ ਘਟਨਾ ਪਾਲ ਜਾਨਸਨ ਮੁਤਾਬਿਕ ਇਹ ਵਾਪਰੀ ਕਿ ਨੀਟਸ਼ੇ ਦੁਆਰਾ ਸਾਹਮਣੇ ਲਿਆਂਦੀ ਗਈ “ਰੱਬ ਦੀ ਮੌਤ” ਵਾਲੀ  ਖ਼ਬਰ ਗ਼ਲਤ ਸਿੱਧ ਹੋ ਗਈ. ਜਿਸ ਸਦਕਾ ਵਿਗਿਆਨ ਤੇ ਧਰਮ ਦੇ ਖੇਤਰ ਵਿਚ ਇਨ੍ਹਾਂ ਵਿਰੋਧੀ ਮੰਨੀਆਂ ਜਾਣ ਵਾਲੀਆਂ ਗਿਆਨਾਤਮਿਕ ਅਨੁਸ਼ਾਸ਼ਨਾਂ ਨੂੰ ਇਕ ਨਵੇਂ ਨਜ਼ਰੀਏ ਤੋਂ ਵਾਚਿਆ ਜਾਣ ਲੱਗਾ.
ਇਸ ਨਵੇਂ ਬਦਲਾਅ ਦਾ ਮੁੱਢ ਕੁਆਂਟਮ ਭੌਤਿਕੀ, ਸਾਪੇਖਤਾ ਸਿਧਾਂਤ, ਸਮਾਨਾਂਤਰ ਬ੍ਰਹਿਮੰਡ, ਸਟੈਡੀ ਥਿਊਰੀ, ਵਰਮਹੋਲ, ਸਟਰਿੰਗ ਥਿਊਰੀ ਅਤੇ ਨਵੇਂ ਗ੍ਰਹਿਆਂ ਆਦਿ ਦੀ ਪ੍ਰਾਪਤੀ ਸਦਕਾ ਮਜ਼ਬੂਤੀ ਸਹਿਤ ਸਾਹਮਣੇ ਆਇਆ. ਜਿਸ ਦੀ ਅਥਾਹਤਾ ਨੂੰ ਵੇਖਦਿਆਂ ਮਹਾਨ ਵਿਗਿਆਨੀ ਮੈਕਸ ਪਲਾਂਕ ਨੇ ਵਿਗਿਆਨ ਦੀ ਸੀਮਾ ਸਵੀਕਾਰਦਿਆਂ ਆਖਿਆ ਕਿ ਵਿਗਿਆਨ ਸ਼੍ਰਿਸਟੀ ਦੇ ਅੰਤਿਮ ਰਹੱਸ ਦਾ ਹੱਲ ਨਹੀਂ ਕਰ ਸਕਦਾ, ਕਿਉਂਕਿ ਆਖਰੀ ਵਿਸ਼ਲੇਸ਼ਣ ਵਿਚ ਅਸੀਂ ਉਸ ਰਹੱਸ ਦਾ ਹੀ ਅੰਸ਼ ਹਾਂ, ਜਿਸ ਦਾ ਅਸੀਂ ਹੱਲ ਕਰਨਾ ਚਾਹੁੰਦੇ ਹਾਂ. ਇਸ ਸੰਬੰਧੀ ਮੈਕਸ ਪਲਾਂਕ ਨੇ ਬ੍ਰਹਿਮੰਡੀ ਅਸਤਿਤਵ ਨਾਲ਼ ਸੰਬੰਧਿਤ ਚੇਤਨਾ ਨੂੰ “ਆਦਿ-ਬਿੰਦੂ” ਸਵੀਕਾਰਦੇ ਹੋਏ, ਪਦਾਰਥ ਤੇ ਚੇਤਨਾ ਦਰਮਿਆਨ ਚੱਲਦ ਰਹੇ ਸੰਘਰਸ਼ ਨੂੰ ਵੀ ਇਕ ਠੋਸ ਦਿਸ਼ਾ ਪ੍ਰਦਾਨ ਕੀਤੀ, ਜਿਸ ਨੇ ਵਿਗਿਆਨ ਦੀਆਂ ਸੀਮਾਵਾਂ ਨੂੰ ਸਪਸ਼ਟਤਾ ਸਹਿਤ ਉਜਾਗਰ ਕੀਤਾ. ਇਹ ਉਹ ਕਾਲ ਸੀ ਜਿਸ ਦੌਰਾਨ ਨਾਮਵਾਰ ਸਾਇੰਸਦਾਨ ਹੇਜਨਬਰਗ ਨੂੰ ਆਪਣੀ ਕਿਤਾਬ “Physics and Philosophyਵਿਚ ਲਿਖਣਾ ਪਿਆ ਸੀ ਕਿ ਆਧੁਨਿਕ ਭੌਤਿਕੀ ਦੇ ਨਵੀਨਤਮ ਵਿਕਾਸ ਪ੍ਰਤੀ ਤੀਬਰ ਪ੍ਰਤਿਕਿਰਿਆ ਨੂੰ ਇਸ ਅਰਥ ਵਿਚ ਸਮਝਿਆ ਜਾ ਸਕਦਾ ਹੈ ਕਿ ਭੌਤਿਕੀ ਦੀ ਨੀਂਹ ਹਿੱਲਣ ਲੱਗੀ ਤੇ ਇਸ ਨੇ ਇਸ ਸ਼ੱਕਾਂ ਨੂੰ ਜਨਮ ਦਿੱਤਾ ਕਿ ਕਿਧਰੇ ਵਿਗਿਆਨ ਆਪਣਾ ਆਧਾਰ ਹੀ ਨਾ ਖੋਹ ਦੇਵੇ. ਅਜਿਹੀਆਂ ਗੱਲਾਂ ਸਿਰਫ਼ ਹੇਜਨਬਬਰਗ ਹੀ ਨਹੀਂ, ਸਗੋਂ ਅਲਬਰਟ ਆਈਨਸਟਾਈਨ ਦੁਆਰਾ ਵੀ ਕੀਤੀਆਂ ਜਾ ਰਹੀਆਂ ਸਨ. ਆਪਣੇ ਇਕ ਖ਼ਤ ਵਿਚ ਅਲਬਰਟ ਆਈਨਸਟਾਈਨ ਨੇ ਲਿਖਿਆ ਸੀ ਕਿ ਹਰ ਇਕ ਮਨੁੱਖ, ਜਿਹੜਾ ਵਿਗਿਆਨ ਦੀ ਜਗਿਆਸਾ ਅੰਦਰ ਗੰਭੀਰਤਾ ਸਹਿਤ ਮਸਰੂਫ਼ ਹੈ, ਇਸ ਗੱਲ ਨੂੰ ਸਵੀਕਾਰ ਕਰਨ ਲੱਗਦਾ ਹੈ ਕਿ ਸ਼੍ਰਿਸਟੀ ਦੇ ਸੰਚਾਲਨ ਨਿਯਮਾਂ ਅੰਦਰ ਇਕ ਆਤਮਾ ਕਾਰਜਸ਼ੀਲ ਹੈ, ਜਿਹੜੀ ਮਨੁੱਖ ਤੋਂ ਸ਼੍ਰੇਸ਼ਠ ਹੈ. ਇਸ ਤਰ੍ਹਾਂ ਵਿਗਿਆਨ ਦੀ ਜਿਗਿਆਸਾ ਮਨੁੱਖ ਨੂੰ ਇਕ ਵਿਸ਼ੇਸ਼ ਅਨੁਭੂਤੀ ਵੱਲ ਲੈ ਜਾਂਦੀ ਹੈ, ਜਿਹੜੀ ਨਿਸ਼ਚਿਤ ਹੀ ਉਸ ਵਿਅਕਤੀ ਦੀ ਧਾਰਮਿਕਤਾ ਤੋਂ ਬਿਲਕੁਲ ਵੱਖਰੀ ਹੈ, ਜਿਹੜੀ ਮੂਰਖ਼ਤਾ ਉੱਪਰ ਆਧਾਰਿਤ ਹੈ.
ਇਸ ਲਈ ਜਿਸ ਸਮੇਂ ਮਨੁੱਖ ਇਸ ‘ਮੂਰਖ਼ਤਾ’ ਦਾ ਤਿਆਗ ਕਰਦੇ ਹੋਏ ‘ਧਰਮ’ ਦੇ ਮੂਲ ਖ਼ਾਸੇ ਨਾਲ਼ ਜੁੜਦਾ ਹੈ ਤਾਂ ਉਸ ਦਾ ਚੇਤਨਾਗਤ ਪਾਸਾਰ ਇਕ ਨਵੀਂ ਭੂਮਿਕਾ ਦੇ ਸਨਮੁੱਖ ਹੁੰਦਾ ਹੈ. ਜਿਸ ਵਿਚ ਵਿਗਿਆਨ ਤੇ ਧਰਮ ਦਾ ਜੰਗਨੁਮਾ ਮਾਹੌਲ ਮਾਨਵੀ ਚੇਤਨਾ ਦੇ ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਲਈ ਸ਼ਾਂਤੀ ਤੇ ਸਹਿਯੋਗ ਦੀ ਉਸਾਰੀ ਕਰਨ ਹਿਤ ਰੁਚਿਤ ਹੁੰਦਾ ਹੈ. ਵਿਗਿਆਨ ਤੇ ਧਰਮ ਦੇ ਇਸ ਸਹਿਯੋਗ ਸੰਬੰਧੀ ਮਹਾਨ ਭੌਤਿਕ-ਸ਼ਾਸਤਰੀ ਰੋਜਰ ਪੇਨਰੋਜ਼ ਨੇ ਆਪਣੀਆਂ ਕਿਤਾਬਾਂ “The Emperor's New Mind: Concerning Computers, Minds and the Laws of Physics” ਅਤੇ “Shadows of the Mind: A Search for the Missing Science of Consciousness” ਦੇ ਸੰਦਰਭ ਵਿਚ ਆਪਣੀ ਇਕ ਮੁਲਾਕਾਤ ਦੌਰਾਨ ਆਖਿਆ ਸੀ ਕਿ ਵਿਗਿਆਨ ਅਤੇ ਧਰਮ ਅੰਦਰ ਟਕਰਾਅ ਨੂੰ ਵਿਭਿੰਨ ਧਾਰਮਿਕ ਦ੍ਰਿਸ਼ਟੀਆਂ ਦਰਮਿਆਨ ਟਕਰਾਅ ਦੇ ਵਿਸਤਾਰ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ. ਸਾਨੂੰ ਇਹ ਗੱਲ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਨਵੇਂ ਗਿਆਨ ਅੰਦਰ ਵਿਕਾਸ ਧਾਰਮਿਕ ਵਿਸ਼ਵਾਸ਼ਾਂ ਦੇ ਦੁਹਰਾਅ ਨੂੰ ਲਾਜ਼ਮੀ ਬਣਾ ਦਿੰਦਾ ਹੈ. ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ ਕਿ ਮੈਂ ਕੋਈ ਧਾਰਮਿਕ ਵਿਅਕਤੀ ਨਹੀਂ, ਕਿਉਂਕਿ ਮੈਂ ਕਿਸੇ ਪੰਥ ਦਾ ਅਨੁਆਈ ਨਹੀਂ ਹਾਂ, ਪਰ ਫਿਰ ਵੀ ਵਿਭਿੰਨ ਧਰਮਾਂ ਦੁਆਰਾ ਉਠਾਏ ਗਏ ਪ੍ਰਸ਼ਨ ਮਨੁੱਖ ਦੇ ਅਸਤਿਤਵ ਲਈ ਸਾਰ-ਤੱਤ ਦਾ ਮਹੱਤਵ ਰੱਖਦੇ ਹਨ. ਹਾਲਾਂਕਿ ਵਿਗਿਆਨ ਨੇ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਵਿਚ ਅਜੇ ਤੱਕ ਕੋਈ ਮਹੱਤਵਪੂਰਨ ਉੱਨਤੀ ਨਹੀਂ ਕੀਤੀ ਤਾਂ ਵੀ ਮੈਂ ਸੋਚਦਾ ਹਾਂ ਕਿ ਵਿਗਿਆਨ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਤਲਾਸ਼ ਕਰਨ ਲਈ ਆਪਣੇ ਧੁਰਿਆਂ ਨੂੰ ਵਿਸਤ੍ਰਿਤ ਕਰਨਾ ਪਵੇਗਾ. ਹੁਣ ਸਥਿਤੀ ਇਹ ਹੈ ਕਿ 20ਵੀਂ ਸਦੀ ਦਾ ਅੰਤ ਹੋਣ ਤੋਂ ਪਹਿਲਾਂ ਹੀ ਇਕ ਵਾਰ ਫਿਰ ਸੰਸਾਰ ਅੰਦਰ “New Age” (ਨਵਯੁੱਗ) ਦੀ ਚਰਚਾ ਸ਼ੁਰੂ ਹੋ ਗਈ ਹੈ, ਜਿਸ ਨੂੰ “The Age of Acevarian” ਅਰਥਾਤ ‘ਪਾਵਨ ਯੁੱਗ’ ਦਾ ਨਾਮ ਦਿੱਤਾ ਗਿਆ ਹੈ.
ਆਪਣੀ ਬੇਹੱਦ ਮਸ਼ਹੂਰ ਕਿਤਾਬ “The Tao of Physics” ਅੰਦਰ ਫ੍ਰਿਤਜਾਫ਼ ਕਾਪਰਾ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਹੈ ਕਿ ਪਾਵਨ-ਯੁੱਗ ਸ਼ੁਰੂ ਹੋ ਚੁੱਕਾ ਹੈ ਜਾਂ ਹੋਣ ਵਾਲਾ ਹੈ, ਕਿਉਂਕਿ ਹਰੇਕ ਅਜਿਹਾ ਯੁੱਗ 2000 ਸਾਲ ਤੱਕ ਚੱਲਦਾ ਹੈ ਤਾਂ ਸਾਡਾ ਭਾਵ ਇਹ ਹੈ ਕਿ ਜਲਦੀ ਹੀ ਇਕ ਅਜਿਹਾ ਨਵਯੁੱਗ ਇਕ ਬ੍ਰਹਿਮੰਡੀ ਰਵੱਈਏ ਨਾਲ਼ ਪ੍ਰਗਟ ਹੋਣ ਵਾਲਾ ਹੈ. ਆਪਣੀ ਇਸੇ ਲਿਖ਼ਤ ਅੰਦਰ ਕਾਪਰਾ ਆਖਦਾ ਹੈ ਕਿ ਜਦੋਂ ਮੈਂ ਆਧੁਨਿਕ ਭੌਤਿਕ-ਸ਼ਾਸਤਰ ਅਤੇ ਪੂਰਬ ਦੇ ਰਹੱਸਵਾਦ ਦਾ ਤੁਲਨਾਤਮਿਕ ਅਧਿਐਨ ਕੀਤਾ ਤਾਂ ਮੈਨੂੰ ਸੂਫ਼ੀਆਂ ਦੇ ਬ੍ਰਹਮ ਗਿਆਨ ਤੇ ਭੌਤਿਕਤਾ ਦੇ ਅੰਦਰੂਨੀ ਤੱਤਾਂ ਦਰਮਿਆਨ ਇਕ ਵੱਡੀ ਸਮਾਨਤਾ ਮਿਲੀ. ਇਕ ਦੀ ਤਲਾਸ਼ ਅੰਤਸ ਦਾ ਸੰਸਾਰ ਹੈ ਤੇ ਦੂਜੇ ਦੀ ਬਾਹਰੀ ਜਗਤ, ਪਰ ਇਹ ਸਮਾਨਾਂਤਰ ਸੰਸਾਰ ਆਖ਼ਿਰ ਇਕ ਹੀ ਪਰਮਸੱਤਾ ਵਿਚ ਵਿਲੀਨ ਹੋ ਜਾਂਦੇ ਹਨ. ਉਹ ਲਿਖਦਾ ਹੈ: In fact, spirituality, or the human spirit, could defined as the mode of consciousness in which we feel connected to the cosmos as a whole. This makes it evident that ecological awareness is spiritual in its deepest essence. And it is then no surprise that the new vision of reality emerging from modern physics, which is a holistic and ecological vision, is in harmony with the visions of spiritual traditions. ਕਾਪਰਾ ਦਾ ਇਹ ਵਿਚਾਰ ਵਿਗਿਆਨ ਤੇ ਧਰਮ ਦੀ ਪ੍ਰਸੰਗਿਕਤਾ ਨੂੰ ਸਮਝਣ ਵਿਚ ਅਹਿਮ ਰੋਲ ਅਦਾ ਕਰਦਾ ਹੈ.
20ਵੀਂ ਸਦੀ ਦੌਰਾਨ ਪੈਦਾ ਹੋਈਆਂ ਵਿਗਿਆਨ ਤੇ ਧਰਮ ਦੀਆ ਇਨ੍ਹਾਂ ਧਾਰਨਾਵਾਂ ਦੀ ਬਦੌਲਤ ਹੀ ਪ੍ਰਸਿੱਧ ਵਿਚਾਰਕ ਕਾਰਲ ਸਾਗਾਨ ਦੀ ਇਹ ਮਾਨਤਾ ਸਾਹਮਣੇ ਆਉਂਦੀ ਹੈ ਕਿ ਹੁਣ ਜ਼ਮਾਨਾ ਬਦਲ ਗਿਆ ਹੈ. ਇਸ ਲਈ ਮਜ਼ਹਬ ਹੁਣ ਇਸ ਹਕੀਕਤ ਨੂੰ ਸਵੀਕਾਰ ਕਰਨ ਵਿਚ ਕੋਈ ਸੰਕੋਚ ਨਹੀਂ ਦਿਖਾਉਂਦਾ ਕਿ ਧਰਤੀ ਸੂਰਜ ਦੁਆਲ਼ੇ ਘੁੰਮਦੀ ਹੈ, ਪਰ ਉਸ ਨੇ ਮਹੱਤਵਪੂਰਨ ਗੱਲ ਇਹ ਕਹੀ ਕਿ ਵਿਗਿਆਨ ਧਰਮ ਨੂੰ ਕਦੀ ਵੀ ਮਿਥਿਆ-ਦਰਸ਼ਨ ਤੋਂ ਮੁਕਤ ਕਰਾ ਸਕਦਾ ਹੈ ਤੇ ਧਰਮ ਵਿਗਿਆਨ ਨੂੰ ਸਵੈ-ਨਿਰਮਿਤ ਪ੍ਰਤੀਮਾਓ ਦੇ ਮੋਹਜਾਲ ਤੇ ਮਿਥਿਆ ਪਰਮ ਨਿਸ਼ਚਿਤਤਾਵਾਂ ਦੇ ‘ਅਹੰਕਾਰ’ ਤੋਂ ਵੱਖ ਕਰ ਸਕਦਾ ਹੈ. ਦੋਵੇਂ ਮਿਲ ਕੇ ਇਕ-ਦੂਜੇ ਨੂੰ ਵਿਆਪਕ ਜਗਤ- ਇਕ ਅਜਿਹੇ ਸੰਸਾਰ ਅੰਦਰ; ਜਿਸ ਵਿਚ ਦੋਵੇਂ ਪ੍ਰਗਤੀ ਕਰ ਸਕਦੇ ਹਨ, ਸ਼ਾਮਲ ਕਰ ਸਕਦਾ ਹੈ. ਇਹ ਇਕ ਅਜਿਹੇ ਪੁਲ਼ ਦਾ ਨਿਰਮਾਣ ਕਰ ਸਕਦੇ ਹਨ, ਜਿਹੜਾ ਦੋਵਾਂ ਦਰਮਿਆਨ ਪਈ ਹੋਈ ਦਰਾੜ ਨੂੰ ਭਰ ਸਕਦਾ ਹੈ. ਗੁਰੂ ਨਾਨਕ ਬਾਣੀ ਅਜਿਹੇ ਪੁਲ਼ ਦਾ ਹੀ ਨਿਰਮਾਣ ਕਰਦੀ ਹੋਈ ਸਾਹਮਣੇ ਆਉਂਦੀ ਹੈ:


ਪਰਮਿੰਦਰ ਸਿੰਘ ਸ਼ੌਂਕੀ 

ਮੁੱਖ ਸੰਪਾਦਕ
ਅਨਹਦ ਈ-ਮੈਗਜ਼ੀਨ

Saturday, March 14, 2020

ਕੌਮ ਕੀ ਹੈ?




ਕੌਮ ਕੀ ਹੈ? 
ਜਾਂ ਇਹ ਸ਼ਬਦ ਕਿਸੇ ਸਮੂਹ ਲਈ ਵਰਤਣਾ ਕਿੱਥੋਂ ਤੱਕ ਸਹੀ ਹੈ?

ਹਾਲਾਂਕਿ ਇਹ ਪ੍ਰਸ਼ਨ ਇਕ ਵਿਸਤ੍ਰਿਤ ਚਰਚਾ ਦੀ ਮੰਗ ਕਰਦਾ ਹੈ, ਪਰ ਫਿਲਹਾਲ ਅਸੀਂ ਇਸ ਦੇ ਇਕ ਸੰਖੇਪ ਰੂਪ ਦੀ ਹੀ ਚਰਚਾ ਕਰਾਂਗੇ.

ਪਿੱਛੇ ਜਿਹੇ ਦੀਦਾਰ ਸਿੰਘ ਨੇ ਇਸ ਵਿਸ਼ੇ ਬਾਬਤ ਲਿਖਦਿਆਂ ਆਖਿਆ ਸੀ ਕਿ ਕੌਮ-ਪ੍ਰਸਤੀ ਦੀ ਭਾਵਨਾ ਯੂਰਪ ਵਿਚ 17ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿਚ ਪੈਦਾ ਹੋਈ, ਹਾਲਾਂਕਿ ਉਸ ਦਾ ਇਹ ਕਥਨ ਇਤਿਹਾਸਕ ਰੂਪ ਵਿਚ ਪੂਰੀ ਤਰ੍ਹਾਂ ਗ਼ਲਤ ਹੈ, ਕਿਉਂਕਿ 17ਵੀਂ ਸਦੀ ਦੇ ਅੰਤ ਦੀ ਥਾਂ 16ਵੀਂ ਸਦੀ ਵਿਚ ਹੀ ਮੈਕਿਆਵੇਲੀ ਨੇ ਆਪਣੇ ਵਿਚਾਰਾਂ ਰਾਹੀਂ ਇਟਲੀ ਵਾਸੀਆਂ ਵਿਚ ਕੌਮੀਅਤ ਦੀ ਭਾਵਨਾ ਦਾ ਪ੍ਰਸਾਰ ਕੀਤਾ ਸੀ, ਭਾਵੇਂ ਕਿ ਇਹ ਭਾਵਨਾ ਸਭ ਤੋਂ ਪਹਿਲਾਂ ਇੰਗਲੈਂਡ ਵਿਚ ਪੈਦਾ ਹੋਈ ਸੀ, ਜਿਸ ਤੋਂ ਬਾਅਦ ਇਸ ਨੂੰ ਫਰਾਂਸ ਨੇ ਅਪਣਾਇਆ. ਇਸ ਕਾਲ ਦੌਰਾਨ ਹੀ ਇਹ ਸਪੇਨ, ਪੁਰਤਗਾਲ, ਡੈਨਮਾਰਕ ਤੇ ਸਵੀਡਨ ਜਿਹੇ ਦੇਸ਼ਾਂ ਅੰਦਰ ਫੈਲੀ. ਇਸ ਤੋਂ ਪਹਿਲਾਂ ਯੂਰਪ ਦੀਆਂ ਪ੍ਰਾਚੀਨ ਰਾਜ ਵਿਵਸਥਾਵਾਂ ਵਿਚ ਕੌਮੀਅਤਾਂ ਦੇ ਅਧਿਕਾਰਾਂ ਉੱਪਰ ਨਾ ਤਾਂ ਲੋਕ ਜ਼ੋਰ ਹੀ ਦਿੰਦੇ ਸਨ ਤੇ ਨਾ ਹੀ ਸਰਕਾਰਾਂ ਉਨ੍ਹਾਂ ਨੂੰ ਸਵੀਕਾਰ ਕਰਦੀਆਂ ਸਨ.

ਆਪਣੇ ਉਕਤ ਕਥਨ ਤੋਂ ਬਾਅਦ ਉਹ ਰਾਜਨੀਤਿਕ ਤੌਰ ’ਤੇ ਸਹੀ ਨਾ ਸਵੀਕਾਰੇ ਜਾਣ ਵਾਲੇ ਵਰਤਾਰੇ ਦੀ ਗੱਲ ਕਰਦਾ ਹੈ. ਉਸ ਮੁਤਾਬਿਕ ਕੌਮ-ਪ੍ਰਸਤੀ ਦੀ ਭਾਵਨਾ ਕਾਰਨ ਹੀ ਵੱਖਰੀ ਤਰ੍ਹਾਂ ਦੇ ਸੰਮੋਹਨ ਨਾਲ਼ ਜਾਤੀ, ਭਾਸ਼ਾ, ਨਸਲ, ਭੂਗੋਲ, ਧਰਮ ਆਦਿ ਲੋਕ-ਸਮੂਹ ਆਪਸ ਵਿਚ ਜੁੜੇ ਤੇ ਇਨ੍ਹਾਂ ਨੇ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਆਪਣੇ ਕਲਾਵੇ ਵਿਚ ਲਿਆ. ਉਸ ਦੇ ਇਸ ਕਥਨ ਅੰਦਰ ਜਿਸ ਇਕ ਵੱਡੀ ਘਾਟ ਦੀ ਕਮੀ ਰੜਕ ਰਹੀ ਹੈ, ਉਹ ਉਸ ਦੀ ਸੰਸਾਰ ਰਾਜਨੀਤੀ, ਖਾਸ ਕਰ ਕੇ ਮੱਧਕਾਲ ਦੀ ਸੰਸਾਰ ਰਾਜਨੀਤੀ ਸੰਬੰਧੀ ਅਗਿਆਨਤਾ ਨੂੰ ਪ੍ਰਗਟ ਕਰਦੀ ਹੈ. ਮੱਧਕਾਲ ਦੌਰਾਨ ਜਿਸ ਵਰਤਾਰੇ ਨੂੰ ਉਹ ਜਾਤੀ, ਭਾਸ਼ਾ ਆਦਿ ਨਾਲ਼ ਜੋੜਦਾ ਹੈ, ਉਸ ਭਾਵਨਾ ਦੀ ਥਾਂ ਯੂਰਪ ਵਿਚ ਸਾਮਰਾਜੀ ਭਾਵਨਾ ਜ਼ਿਆਦਾ ਪ੍ਰਬਲ ਸੀ. ਇਸ ਭਾਵਨਾ ਵਿਚ ਆਰਥਿਕ ਹਿਤ ਉਪਰੋਕਤ ਤੱਤਾਂ ਤੋਂ ਕਿਤੇ ਵਧੇਰੇ ਅਹਿਮ ਰੋਲ ਅਦਾ ਕਰ ਰਹੇ ਸਨ. ਕੋਲੰਬਸ ਅਤੇ ਵਾਸਕੋਡੀਗਾਮਾ ਦੀਆਂ ਯਾਤਰਾਵਾਂ ਇਸ ਦੀ ਪ੍ਰਤੱਖ ਉਦਾਹਰਨ ਹਨ.

ਉਹ ਆਪਣੇ ਵਿਚਾਰਾਂ ਅੰਦਰ ਭਾਰਤ ਦੀ ਕੌਮ ਸੰਬੰਧੀ ਗੁੰਝਲ ਨੂੰ ਵੀ ਬਿਆਨ ਕਰਦਾ ਹੈ. ਜਿਸ ਨੂੰ ਪ੍ਰੋੜ੍ਹਤਾ ਪ੍ਰਦਾਨ ਕਰ ਹਿਤ ਉਹ ਕੁਝ ਪਰਿਭਾਸ਼ਾਵਾਂ ਵੀ ਦਿੰਦਾ ਹੈ, ਪਰ ਉਸ ਦੀ ਸਮੱਸਿਆ ਇਹ ਹੈ ਕਿ ਉਹ ਪਰਿਭਾਸ਼ਾਵਾਂ ਦਾ ਮਾਤਰ ਇਕ ਹੀ ਹਿੱਸਾ ਬਿਆਨ ਕਰਦਾ ਹੈ. ਜਿਸ ਕਾਰਨ ਉਸ ਦਾ ਸਿਰਜਿਆ ਜਾ ਰਿਹਾ ਪ੍ਰਭਾਵ ਆਪਣੇ ਮੂਲ ਨਾਲੋਂ ਪੂਰੀ ਤਰ੍ਹਾਂ ਉਲਟੇ ਅਰਥ ਦਿੰਦਾ ਪ੍ਰਤੀਤ ਹੁੰਦਾ ਹੈ. ਉਦਾਹਰਨ ਵਜੋਂ ਜਦੋਂ ਉਹ ਅਰਨੈਸਟ ਰੇਨਨ ਦੀ ਗੱਲ ਕਰਦਾ ਹੈ ਤਾਂ ਆਖਦਾ ਹੈ ਕਿ ਕੌਮ ਇਕ ਰੋਜ਼ਾਨਾ ਦਾ ਜਨਮਤ ਹੁੰਦੀ ਹੈ. ਅਰਥਾਤ, ਉਹ ਇਸ ਨੂੰ ਯਾਦਾਂ ਨਾਲ਼ ਜੋੜਦਾ ਹੈ, ਪਰ ਇਸ ਗੱਲ ਨੂੰ ਪਤਾ ਨਹੀਂ ਕਿਉਂ ਛੁਪਾ ਲੈਂਦਾ ਹੈ ਕਿ ਅਰਨੈਸਟ ਰੇਨਨ ਨੇ 1882 ਵਿਚ ਕੌਮ ਦੀ ਜੋ ਪਰਿਭਾਸ਼ਾ ਦਿੱਤੀ ਸੀ, ਉਸ ਮੁਤਾਬਿਕ ਕੌਮ ਦੇ ਅੰਦਰ ਇਕ ਹੀ ਭਾਸ਼ਾ ਬੋਲਣ ਵਾਲੇ ਜਾਂ ਇਕ ਹੀ ਜਾਤੀ ਸਮੂਹ ਦੇ ਲੋਕ ਨਹੀਂ ਆਉਂਦੇ, ਸਗੋਂ ਕੌਮ ਉਸ ਸਮੂਹ ਨੂੰ ਆਖਦੇ ਹਨ, ਜਿਸ ਵਿਚ ਲੋਕਾਂ ਨੇ ਆਪਣੇ ਅਤੀਤ ਦੌਰਾਨ ਵੱਡੇ-ਵੱਡੇ ਕੰਮਾਂ ਨੂੰ ਮਿਲ ਕੇ ਕੀਤਾ ਹੋਵੇ ਤੇ ਉਹ ਇਨ੍ਹਾਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਣਾ ਚਾਹੁੰਦੇ ਹੋਣ. ਰੇਨਨ ਦੀ ਪਰਿਭਾਸ਼ਾ ਵਿਚ ਇਕ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਉਹ ਕੌਮ ਦੇ ਜੀਵਨ ਦਾ ਵਿਕਾਸ ਤਰਕ ’ਤੇ ਆਧਾਰਿਤ ਨਾ ਕਰਦਾ ਹੋਇਆ, ਲਗਾਤਾਰ ਪਰਿਵਰਤਨਸ਼ੀਲ ਹਾਲਾਤਾਂ ਉੱਪਰ ਨਿਰਭਰ ਕਰਦਾ ਹੈ.

ਇਹੀ ਨਹੀਂ, ਆਪਣੇ ਕਥਨਾਂ ਵਿਚ ਪੂਰੀ ਤਰ੍ਹਾਂ ਆਪਹੁਦਰੇਪਣ ਦਾ ਪ੍ਰਗਟਾਵਾ ਕਰਦਿਆਂ ਦੀਦਾਰ ਇਸ ਗੱਲ ਉੱਪਰ ਵੀ ਜ਼ੋਰ ਦਿੰਦਾ ਹੈ ਕਿ ਕੋਈ ਵੀ ਕੌਮ ਸਿਰਫ਼ ਵਿਗਿਆਨਕ ਤੌਰ ’ਤੇ ਡੀ.ਐਨ.ਏ. ਦੀ ਵੱਖਰਤਾ ਸੰਬੰਧੀ ਨੁਕਤਾ-ਨਿਗਾਹ ਤੋਂ ਹੀ ਸਮਝੀ ਜਾ ਸਕਦੀ ਹੈ, ਜਦੋਂਕਿ ਦੁਨੀਆ ਭਰ ਦੇ ਰਾਜਨੀਤਿਕ ਚਿੰਤਕ ਇਸ ਬਾਰੇ ਲਗਪਗ ਇਕ ਮਤ ਹਨ ਕਿ ਕੌਮ ਇਕ ਅਜਿਹਾ ਜਨ-ਸਮੂਹ ਹੁੰਦਾ ਹੈ, ਜਿਹੜਾ ਕਿ ਇਕ ਹੀ ਧਰਤੀ ’ਤੇ ਪੈਦਾ ਹੋਇਆ ਹੁੰਦਾ ਹੈ, ਭਾਵ ਕਿ ਜਿਸ ਦਾ ਇਕ ਖ਼ਾਸ ਭੂਗੋਲਿਕ ਖ਼ੇਤਰ ਹੈ, ਜਿਹੜਾ ਇਕ ਹੀ ਪ੍ਰਕਾਰ ਦੀ ਭਾਸ਼ਾ ਬੋਲਦਾ/ਭਾਸ਼ਾਵਾਂ ਬੋਲਦਾ, ਇਕ ਇਤਿਹਾਸਕ ਤੇ ਸੰਸਕ੍ਰਿਤਿਕ ਪਿੱਠ-ਭੂਮੀ ਰੱਖਦਾ.

ਇਸ ਬਾਰੇ ਵਿਸਥਾਰ ਸਹਿਤ ਲਿਖਦਿਆਂ ਸਟਾਲਿਨ ਆਖਦਾ ਹੈ ਕਿ ਇਕ ਕੌਮ ਇਤਿਹਾਸਕ ਤੌਰ ’ਤੇ ਬਣਿਆ ਲੋਕਾਂ ਦਾ ਸਥਿਰ ਭਾਈਚਾਰਾ ਹੁੰਦੀ ਹੈ, ਜੋ ਕਿ ਸਾਂਝੀ ਭਾਸ਼ਾ, ਸਾਂਝੇ ਇਲਾਕੇ, ਸਾਂਝੇ ਆਰਥਿਕ ਜੀਵਨ ਤੇ ਮਨੋਵਿਗਿਆਨਕ ਬਣਤਰ ਜਿਹੜੀ ਕਿ ਸਾਂਝੇ ਸਭਿਆਚਾਰ ਵਿਚ ਪ੍ਰਗਟ ਹੁੰਦੀ ਹੈ, ਦੇ ਆਧਾਰ ’ਤੇ ਬਣਦੀ ਹੈ, ਪਰ ਦੀਦਾਰ ਅਨੁਸਾਰ ਤਾਂ ਕੋਈ ਜਨ-ਸਮੂਹ ਧਾਰਮਿਕ, ਇਲਾਕਾਈ ਤੇ ਭਾਸ਼ਾਈ ਆਧਾਰ ’ਤੇ ਕੌਮ ਬਣ ਹੀ ਨਹੀਂ ਸਕਦਾ. 

ਕੌਮ ਦੇ ਪ੍ਰਸ਼ਨ ਨਾਲ਼ ਲੈਨਿਨ ਤੇ ਸਟਾਲਿਨ ਦਾ ਕਾਫ਼ੀ ਵਾਹ ਪਿਆ ਸੀ. ਅਜਿਹਾ ਕਿਉਂ ਵਾਪਰਿਆ? ਉਸ ਦਾ ਜ਼ਿਕਰ ਫਿਲਹਾਲ ਆਪਾਂ ਇੱਥੇ ਨਹੀਂ ਕਰਾਂਗੇ, ਪਰ ਲੈਨਿਨ ਨੇ ਕੌਮੀਅਤ ਦਾ ਜਿਹੜਾ ਥੀਸਸ ਸਾਡੇ ਸਾਹਮਣੇ ਲਿਆਂਦਾ ਸੀ, ਉਸ ਦੀ ਰੋਜ਼ਾ ਲਗਜ਼ਮਬਰਗ ਨੇ ਭਰਪੂਰ ਆਲੋਚਨਾ ਕੀਤੀ ਸੀ. ਹਾਲਾਂਕਿ ਲੈਨਿਨ ਖੁਦ ਵੀ ਇਸ ਪ੍ਰਸ਼ਨ ਨਾਲ਼ ਸਹੀ ਤਰ੍ਹਾਂ ਨਜਿੱਠ ਨਹੀਂ ਪਾਏ ਸੀ, ਪਰ ਇਹ ਸਭ ਬੀਤੇ ਦੀਆਂ ਗੱਲਾਂ ਹਨ.

ਜਿਵੇਂਕਿ ਸੈਮੂਅਲ ਹਟਿੰਗਟਨ ਨੇ ਆਖਿਆ ਹੈ ਕਿ ਵਿਸ਼ਵ ਰਾਜਨੀਤੀ ਹੁਣ ਇਕ ਨਵੇਂ ਦੌਰ ਵਿਚ ਪ੍ਰਵੇਸ਼ ਕਰ ਰਹੀ ਹੈ ਤੇ ਇਸ ਪ੍ਰਵੇਸ਼ ਅੰਦਰ ਸਾਨੂੰ ਐਡਵਰਡ ਸਈਦ ਤੋਂ ਸੇਧ ਲੈਂਦਿਆਂ ਪਰਿਭਾਸ਼ਾਵਾਂ ਦੇ ਸੰਘਰਸ਼ ਦਾ ਸਾਹਮਣਾ ਕਰਨਾ ਹੀ ਪੈਣਾ ਹੈ, ਪਰ ਦੀਦਾਰ ਇਸ ਦੌਰ ਵਿਚ ਆਪਣੀ ਵੇਲਾ ਵਿਹਾਅ ਚੁੱਕੀ ਯੂਰਪ ਕੇਂਦਰਿਤ ਕੌਮ ਸੰਬੰਧੀ ਥਿਊਰੀ ਰਾਹੀਂ ਇਸ ਗੱਲ ਨੂੰ ਅਸਮਝਣ ਤੋਂ ਅਸਮਰਥ ਰਹਿੰਦਾ ਹੋਇਆ, ਇਸ ਗੱਲ ਨੂੰ ਉਭਾਰਦਾ ਹੈ ਕਿ ਪੰਜਾਬ ਦੀ ਧਰਤੀ ਤੇ ਇਕ ਧਰਮ ਦੇ ਆਧਾਰ ’ਤੇ (ਸਪਸ਼ਟ ਹੈ ਉਹ ਆਪਣਾ ਨਿਸ਼ਾਨਾ ਸਿੱਖਾਂ ਨੂੰ  ਬਣਾ ਰਿਹਾ ਹੈ) ਇਕ ਕੌਮ ਦੀ ਗੱਲ ਕਰਨ ਦੀ ਕੋਈ ਤੁਕ ਨਹੀਂ ਬਣਦੀ. ਇਸ ਬਾਬਤ ਉਹ ਹੋਰ ਵੀ ਕੁਝ ਗੱਲਾਂ ਕਰਦਾ ਹੈ, ਪਰ ਮੈਂ ਸਮਝਦਾ ਹਾਂ ਕਿ ਉਸ ਦੀਆਂ ਇਹ ਗੱਲਾਂ ਕਿਸੇ ਗੰਭੀਰ ਰਾਜਨੀਤਿਕ ਚਿੰਤਨ ਜਾਂ ਧਰਮ-ਦਰਸ਼ਨ ਦੀ ਡੂੰਘੇਰੀ ਸਮਝ ਵਿਚੋਂ ਨਿਕਲਣ ਦੀ ਥਾਂ ਇਕ ਸਤਹੀ ਜਿਹੀ (ਖਾਸ ਕਰ ਕੇ ਸੀਮਿਤ ਵਿਹਾਰਕ ਦੇਖਣੀ) ਪਕੜ ਵਿਚੋਂ ਆਪਣਾ ਰੂਪ ਧਾਰਨ ਕਰਦੀ ਹੈ.

ਗੁਰਮਤਿ ਦਰਸ਼ਨ ਇਸ ਗੱਲ ਦੀ ਸਪਸ਼ਟ ਸ਼ਾਹਦੀ ਭਰਦਾ ਹੈ ਕਿ ਗੁਰੂ ਬਾਬਾ ਨਾਨਕ ਦੁਆਰਾ ਚਲਾਏ ਗਏ ਮਾਰਗ ਦਾ ਮੁੱਖ ਪਛਾਣ ਚਿੰਨ੍ਹ ਹੀ ਇਹ ਹੈ ਕਿ ਇਹ ਆਪਣੀ ਸਮੁੱਚੀਆਂ ਪੂਰਬਕਾਲੀ ਸੰਕਲਪਨਾਵਾਂ/ਦ੍ਰਿਸ਼ਟੀਆਂ/ਵਿਚਾਰਧਾਰਾਵਾਂ/ਉਥਾਨਕਾਵਾਂ/ਪਿੱਠ-ਭੂਮੀਆਂ ਆਦਿ ਤੋਂ ਪੂਰਨ ਤੋਂ ਵੱਖਰਾ ਤੇ ਮੂਲੋਂ ਹੀ ਮੌਲਿਕਤਾ ਭਰੀ ਵੰਨਗੀ ਦਾ ਧਾਰਨੀ ਹੈ; ਜਿਸ ਦਾ ਆਰੰਭ “ਨ ਹਮ ਹਿੰਦੂ ਨ ਮੁਸਲਮਾਨ” ਤੋਂ ਹੁੰਦਾ ਹੈ. ਇਸ ਦੇ ਨਾਲ਼ ਹੀ ਇਹ ਇਸ ਗੱਲ ਦੀ ਤਸਦੀਕ ਵੀ ਕਰਦਾ ਹੈ:

ਹਮਰਾ ਝਗਰਾ ਰਹਾ ਨ ਕੋਊ।। 
ਪੰਡਿਤ ਮੁਲਾਂ ਛਾਡੇ ਦੋਊ।।

ਇਸ ਲਈ ਪਰਿਭਾਸ਼ਾਵਾਂ ਦੀ ਪੁਨਰ-ਸਥਾਪਨਾ ਦੇ ਦੌਰ ਵਿਚ ਇਨ੍ਹਾਂ ਮਹਾਵਾਕਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ, ਪਰ ਇਸ ਨੂੰ ਸਮਝਣ ਦੀ ਥਾਂ ਦੀਦਾਰ ਸਿੱਖਾਂ ਨੂੰ ਕੇਂਦਰ ਵਿਚ ਰੱਖ ਕੇ ਹੀ, ਇਸ ਇਸ ਗੱਲ ਤੇ ਜ਼ੋਰ ਦਿੰਦਾ ਕਿ ਖੁਦ ਨੂੰ ਸਰਬੋਤਮ ਕੌਮ ਮੰਨਣ ਵਾਲਾ ਵਰਤਾਰਾ ਸੰਸਾਰ ਭਰ ਵਿਚ ਫੈਲਿਆ ਹੋਇਆ ਹੈ, ਪਰ ਮੇਰਾ ਸਵਾਲ ਇਹ ਹੈ ਕਿ ਦੁਨੀਆ ਭਰ ਵਿਚ ਗੌਣ ਮੰਨਣ ਦਾ ਕਿਹੜਾ ਵਰਤਾਰਾ/ਅਮਲ/ਦ੍ਰਿਸ਼ਟੀ/ਸਿਧਾਂਤ ਜਾਂ ਇਤਿਹਾਸ ਹੈ?

ਜੇਕਰ ਕੋਈ ਹੈ ਵੀ ਤਾਂ ਡਾਰਵਿਨ ਨੂੰ ਅਸੀਂ ਕਿੱਥੇ ਰੱਖਾਂਗੇ?

~ਪਰਮਿੰਦਰ ਸਿੰਘ ਸ਼ੌਂਕੀ.

ਆਡਰੇ ਟਰੂਚਸ਼ਕੇ ਦੀ ਇਤਿਹਾਸਕਾਰੀ ਬਨਾਮ ਹਿੰਦੂਤਵੀ ਸੰਗਠਨ

  ਹਿੰਦੂ ਰਾਸ਼ਟਰਵਾਦ ਇੱਕ ਰਾਜਨੀਤਕ ਵਿਚਾਰਧਾਰਾ ਹੈ ਜੋ ਹਿੰਦੂ ਸਰਵਉੱਚਤਾ ਦੀ ਵਕਾਲਤ ਕਰਦੀ ਹੈ ਅਤੇ ਦੂਜੇ ਭਾਰਤੀ ਧਾਰਮਿਕ ਸਮੂਹਾਂ ਦੇ ਮੈਂਬਰਾਂ ਨੂੰ ਭਾਰਤੀ ਸਮਾਜ ਵਿੱਚ ਬਰ...